ਅੰਮ੍ਰਿਤਸਰ: ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਨੇੜਤਾ ਵਧਾਉਣ ਲਈ ਸੂਬਾ ਪੱਧਰ ‘ਤੇ ਉਪਰਾਲਾ ਕੀਤਾ ਹੈ ਜਿਸ ਨੂੰ ਸ਼ੁਭ ਸ਼ਗਨ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜਿਹਾ ਉਪਰਾਲਾ ਕੀਤਾ ਸੀ। ਅਸਲ ਵਿਚ ਪਾਕਿਸਤਾਨ ਨਾਲ ਚੰਗੇ-ਮਾੜੇ ਸਬੰਧਾਂ ਦਾ ਸਿੱਧਾ ਅਸਰ ਪੰਜਾਬ ‘ਤੇ ਪੈਂਦਾ ਹੈ। ਇਸ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਗੁਆਂਢੀ ਮੁਲਕ ਨਾਲ ਵਪਾਰਕ ਸੰਬਧ ਵਧਾਉਣ ਲਈ ਕਾਫੀ ਸਰਗਮ ਹਨ।
ਇਸੇ ਸਿਲਸਿਲੇ ‘ਚ ਉਹ ਪਿਛਲੇ ਦਿਨੀਂ ਪਾਕਿਸਤਾਨ ਦੇ ਪੰਜ ਦਿਨਾਂ ਦੇ ਦੌਰੇ ‘ਤੇ ਗਏ ਸਨ। ਇਸ ਦੌਰੇ ਤੋਂ ਪਰਤ ਕੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਸਰਹੱਦ ‘ਤੇ ਖਿੱਚੀ ਰੈਡਕਲਿਫ਼ ਲਾਈਨ ਦੇ ਆਰ-ਪਾਰ ਵੰਡੇ ਚੜ੍ਹਦੇ ਪੰਜਾਬ (ਭਾਰਤ) ਤੇ ਲਹਿੰਦੇ ਪੰਜਾਬ (ਪਾਕਿਸਤਾਨ) ਦੀਆਂ ਸਰਕਾਰਾਂ ਵਿਚਾਲੇ ਆਪਸੀ ਭਾਈਚਾਰਕ ਸਾਂਝ ਹੋਰ ਪਕੇਰੀ ਕਰਨ ਲਈ ‘ਪੰਜਾਬ ਕੱਪ’ ਦੇ ਨਾਂ ‘ਤੇ ਸਾਂਝੇ ਖੇਡ ਮੁਕਾਬਲੇ ਕਰਾਉਣ, ਵਪਾਰ ਨੂੰ ਉਤਸ਼ਾਹਤ ਕਰਨ ਲਈ ਸਾਂਝੀ ਕਮੇਟੀ ਬਣਾਉਣ ਤੇ ਸਰਹੱਦ ਦੇ ਆਰ-ਪਾਰ ਸਾਂਝਾ ਸਨਅਤੀ ਜ਼ੋਨ ਉਸਾਰਨ ਦੇ ਫੈਸਲੇ ‘ਤੇ ਸਹਿਮਤੀ ਹੋ ਗਈ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਹੈ ਕਿ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਨੂੰ ਨਾਸ਼ਤੇ ‘ਤੇ ਸੱਦਿਆ ਸੀ। ਇਸ ਮੌਕੇ ਦੁਵੱਲੀ ਗੱਲਬਾਤ ਦੌਰਾਨ ਦੋਵੇਂ ਪੰਜਾਬਾਂ ਵਿਚ ਭਾਈਚਾਰਕ ਸਾਂਝ ਵਧਾਉਣ ਲਈ ਦੁਵੱਲੇ ਵਪਾਰ ਨੂੰ ਉਤਸ਼ਾਹਿਤ ਕਰਨ, ਸਾਂਝੇ ਖੇਡ ਮੁਕਾਬਲੇ ਕਰਾਉਣ, ਸੱਭਿਆਚਾਰਕ ਵਟਾਂਦਰਾ ਕਰਨ ਤੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਸਹਿਮਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰ ਦੋ ਸਾਲ ਬਾਅਦ ਪੰਜਾਬ ਕੱਪ ਦੇ ਨਾਂ ‘ਤੇ ਸਾਂਝੇ ਖੇਡ ਮੁਕਾਬਲੇ ਕਰਵਾਏ ਜਾਣਗੇ।
ਇਨ੍ਹਾਂ ਮੁਕਾਬਲਿਆਂ ਵਿਚ ਦੋਵਾਂ ਪੰਜਾਬਾਂ ਦੀਆਂ ਟੀਮਾਂ ਵਿਚਾਲੇ ਕ੍ਰਿਕਟ, ਕਬੱਡੀ, ਰੱਸਾਕਸ਼ੀ, ਹਾਕੀ ਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਖੇਡ ਮੁਕਾਬਲੇ ਅਗਲੇ ਵਰ੍ਹੇ ਤੋਂ ਆਰੰਭ ਹੋਣਗੇ ਤੇ ਪਹਿਲਾ ਪੰਜਾਬ ਕੱਪ ਚੜ੍ਹਦੇ ਪੰਜਾਬ ਵਿਚ ਹੋਵੇਗਾ। ਇਸੇ ਤਰ੍ਹਾਂ ਵਪਾਰ ਨੂੰ ਹੁਲਾਰਾ ਦੇਣ ਲਈ ਇਕ ਸਾਂਝੀ ਵਪਾਰਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਾਂਝੀ ਕਮੇਟੀ ਵਿਚ ਦੋਵੇਂ ਪਾਸਿਆਂ ਦੇ 10-10 ਮੈਂਬਰ ਹੋਣਗੇ ਤੇ ਕਮੇਟੀ ਦੀਆਂ ਮੀਟਿੰਗਾਂ ਬਦਲ-ਬਦਲ ਕੇ ਲਾਹੌਰ ਤੇ ਅੰਮ੍ਰਿਤਸਰ ਵਿਖੇ ਹੋਣਗੀਆਂ।
ਇਸ ਬਾਰੇ ਕੇਂਦਰ ਸਰਕਾਰ ਕੋਲੋਂ ਵੀ ਪ੍ਰਵਾਨਗੀ ਲਈ ਜਾਵੇਗੀ ਤਾਂ ਜੋ ਕੇਂਦਰ ਪੱਧਰ ‘ਤੇ ਇਸ ਸਾਂਝੀ ਵਪਾਰਕ ਕਮੇਟੀ ਨੂੰ ਮਾਨਤਾ ਮਿਲ ਸਕੇ। ਕਮੇਟੀ ਵੱਲੋਂ ਦੋਵੇਂ ਪਾਸੇ ਕੇਂਦਰ ਸਰਕਾਰਾਂ ਨੂੰ ਵਪਾਰ ਨੂੰ ਉਤਸ਼ਾਹਤ ਕਰਨ ਲਈ ਸਿਫਾਰਸ਼ਾਂ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਦੋਵੇਂ ਪੰਜਾਬਾਂ ਦੀਆਂ ਸਰਕਾਰਾਂ ਨੇ ਸਰਹੱਦ ‘ਤੇ ਸਾਂਝਾ ਸਨਅਤੀ ਜ਼ੋਨ ਉਸਾਰਨ ਦੀ ਯੋਜਨਾ ‘ਤੇ ਵੀ ਸਹਿਮਤੀ ਕੀਤੀ ਹੈ। ਇਹ ਸਾਂਝਾ ਸਨਅਤੀ ਜ਼ੋਨ ਸਰਹੱਦ ਦੇ ਦੋਵੇਂ ਪਾਸੇ ਦੋ ਤੋਂ ਤਿੰਨ ਹਜ਼ਾਰ ਏਕੜ ਵਿਚ ਫੈਲਿਆ ਹੋਵੇਗਾ ਜਿਥੇ ਲੱਗਣ ਵਾਲੀਆਂ ਸਨਅਤਾਂ ਦੀ ਪੈਦਾਵਾਰ ਨੂੰ ਸਥਾਨਕ ਵਸਤਾਂ (ਲੋਕਲ ਪ੍ਰਾਡਕਟ) ਦਾ ਨਾਂ ਦਿੱਤਾ ਜਾਵੇਗਾ ਤੇ ਇਸ ਉਪਰ ਟੈਕਸ ਦੀ ਛੋਟ ਹੋਵੇਗੀ।
ਉਨ੍ਹਾਂ ਆਖਿਆ ਕਿ ਇਸ ਸਾਂਝੇ ਸੁਝਾਅ ਨੂੰ ਅਮਲ ਵਿਚ ਲਿਆਉਣ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ ਭੇਜੀ ਜਾਵੇਗੀ। ਇਸੇ ਤਰ੍ਹਾਂ ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ ਪਾਕਿਸਤਾਨ ਦੀ ਫੈਡਰਲ ਸਰਕਾਰ ਨੂੰ ਸੁਝਾਅ ਭੇਜਿਆ ਜਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਾਂਝੇ ਸਨਅਤੀ ਜਾਂ ਵਪਾਰਕ ਜ਼ੋਨ ਕਈ ਦੇਸ਼ਾਂ ਵਿਚ ਬਣੇ ਹੋਏ ਹਨ। ਇਸ ਨਾਲ ਵਪਾਰ ਤੇ ਸਨਅਤ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ਾਂ ਵਿਚ ਆਪਸੀ ਆਵਾਜਾਈ ਨੂੰ ਵਧਾਉਣ ਲਈ ਜਿਥੇ ਵੀਜ਼ਾ ਸ਼ਰਤਾਂ ਨੂੰ ਸੁਖਾਲਾ ਕਰਨ ਦੀ ਵੀ ਲੋੜ ਹੈ, ਉਥੇ ਅੰਮ੍ਰਿਤਸਰ ਤੇ ਲਾਹੌਰ ਵਿਖੇ ਵੀਜ਼ਾ ਕੇਂਦਰ ਸਥਾਪਤ ਕਰਨ ਦੀ ਲੋੜ ਹੈ।
ਉਨ੍ਹਾਂ ਇਹ ਮਾਮਲਾ ਵੀ ਸ੍ਰੀ ਸ਼ਾਹਬਾਜ਼ ਸ਼ਰੀਫ ਅੱਗੇ ਰੱਖਿਆ ਤੇ ਉਨ੍ਹਾਂ ਵੀ ਇਸ ਸੁਝਾਅ ‘ਤੇ ਹਾਮੀ ਭਰੀ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਖੇ 15 ਦਸੰਬਰ ਨੂੰ ਹੋ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿਚ ਸ਼ਿਰਕਤ ਕਰਨ ਲਈ ਉਨ੍ਹਾਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਉਣ ਦਾ ਸੱਦਾ ਦਿੱਤਾ ਹੈ ਤੇ ਉਨ੍ਹਾਂ ਇਹ ਸੱਦਾ ਕਬੂਲ ਕੀਤਾ ਹੈ। ਉਨ੍ਹਾਂ ਦੇ ਨਾਲ ਸਨਅਤਕਾਰਾਂ, ਵਪਾਰੀਆਂ ਤੇ ਹੋਰ ਪਤਵੰਤਿਆਂ ਦਾ ਇਕ ਉਚ ਪੱਧਰੀ ਵਫਦ ਵੀ ਆਵੇਗਾ।
ਸ਼ ਬਾਦਲ ਨੇ ਦੋਵਾਂ ਪੰਜਾਬਾਂ ਦੀਆਂ ਵਿਧਾਨ ਸਭਾ ਦੇ ਮੈਂਬਰਾਂ ਵਿਚਾਲੇ ਕ੍ਰਿਕਟ ਮੈਚ ਤੇ ਰੱਸਾਕਸ਼ੀ ਮੁਕਾਬਲੇ ਕਰਾਉਣ ਦਾ ਵੀ ਸੁਝਾਅ ਦਿੱਤਾ ਹੈ ਜਿਸ ‘ਤੇ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਰਾਣਾ ਇਕਬਾਲ ਮੁਹੰਮਦ ਨੇ ਸਹਿਮਤੀ ਦਿੱਤੀ ਹੈ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਖੁੱਲ੍ਹਾ ਲਾਂਘਾ ਦੇਣ ਦਾ ਮਾਮਲਾ ਵੀ ਰੱਖਿਆ ਹੈ। ਇਸ ਤੋਂ ਇਲਾਵਾ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਸਰਬਜੀਤ ਦੀ ਰਿਹਾਈ ਸਮੇਤ ਹੋਰ ਅਜਿਹੇ ਕੈਦੀਆਂ ਜਿਨ੍ਹਾਂ ਦੀਆਂ ਸਜ਼ਾਵਾਂ ਖ਼ਤਮ ਹੋ ਚੁੱਕੀਆਂ ਹਨ, ਦੀ ਰਿਹਾਈ ਲਈ ਵੀ ਆਖਿਆ ਹੈ।
ਇਸੇ ਤਰ੍ਹਾਂ ਧਾਰਮਿਕ ਤੇ ਮੈਡੀਕਲ ਸੇਵਾਵਾਂ ਦੇ ਖੇਤਰ ਵਿਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ, ਕਲਾਕਾਰਾਂ ਨੂੰ ਆਉਣ-ਜਾਣ ਲਈ ਖੁੱਲ੍ਹੇ ਵੀਜ਼ੇ ਦੇਣ, ਦੋਵਾਂ ਪੰਜਾਬਾਂ ਦੇ ਨੌਜਵਾਨਾਂ ਦੀ ਆਵਾਜਾਈ ਨੂੰ ਵਧਾਉਣ ਲਈ ਆਖਿਆ ਹੈ। ਸ਼ ਬਾਦਲ ਨੇ ਦੱਸਿਆ ਕਿ ਇਸ ਗੱਲਬਾਤ ਦੌਰਾਨ ਸ੍ਰੀ ਸ਼ਰੀਫ ਨੇ ਹਾਂਪੱਖੀ ਹੁੰਗਾਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਲੋਕ ਤੇ ਖਾਸ ਕਰਕੇ ਪੰਜਾਬੀ ਆਪਸ ਵਿਚ ਮਿਲਵਰਤਣ ਨੂੰ ਵਧਾਉਣ ਦੇ ਇੱਛੁਕ ਹਨ।
ਉਨ੍ਹਾਂ ਨੇ ਅਟਾਰੀ ਵਾਹਗਾ ਸਰਹੱਦ ਵਾਂਗ ਫਿਰੋਜ਼ਪੁਰ ਖੇਤਰ ਵਿਚ ਹੁਸੈਨੀਵਾਲਾ ਸਰਹੱਦ ਤੇ ਫਾਜ਼ਿਲਕਾ ਵਿਖੇ ਸੁਲੇਮਾਨ ਕੀ ਸਰਹੱਦ ਨੂੰ ਖੋਲ੍ਹਣ ਲਈ ਵੀ ਮੰਗ ਰੱਖੀ ਹੈ। ਉਨ੍ਹਾਂ ਨੇ ਲਾਹੌਰ ਵਿਖੇ ਇਕ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਣ ਲਈ ਵੀ ਅਪੀਲ ਕੀਤੀ ਹੈ।
Leave a Reply