ਸਿੱਧੂ ਤੇ ਬੀਰਮੀ ਕਾਂਗਰਸ ਦਾ ‘ਹੱਥ’ ਛੱਡ ‘ਤੱਕੜੀ’ ਵਿਚ ਬੈਠੇ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਦੋਹਾਂ ਆਗੂਆਂ ਵੱਲੋਂ ਕੀਤੀ ਗਈ ਦਲਬਦਲੀ ਨੇ ਕਾਂਗਰਸ ਨੂੰ ਮਾਲਵਾ ਖੇਤਰ ਵਿਚ ਹਿਲਾ ਕੇ ਰੱਖ ਦਿੱਤਾ ਹੈ। ਸ਼ ਸਿੱਧੂ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਵੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਭੇਜ ਦਿੱਤਾ ਹੈ ਜਿਨ੍ਹਾਂ ਇਸ ਨੂੰ ਪ੍ਰਵਾਨ ਕਰਦਿਆਂ ਤਲਵੰਡੀ ਸਾਬੋ ਹਲਕੇ ਦੀ ਸੀਟ ਖਾਲੀ ਐਲਾਨ ਦਿੱਤੀ ਹੈ।
ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਹਲਕੇ ਤੋਂ 2012 ਦੀਆਂ ਚੋਣਾਂ ਦੌਰਾਨ ਲਗਾਤਾਰ ਤੀਜੀ ਵਾਰੀ ਕਾਂਗਰਸ ਦੀ ਟਿਕਟ ਤੋਂ ਜਿੱਤੇ ਸਨ। ਸ੍ਰੀ ਬੀਰਮੀ ਵੀ ਲੁਧਿਆਣਾ ਦਿਹਾਤੀ ਹਲਕੇ ਤੋਂ ਦੋ ਵਾਰ ਕਾਂਗਰਸ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਕਾਂਗਰਸ ਸਰਕਾਰਾਂ ਵਿਚ ਮੰਤਰੀ ਰਹੇ। ਸ਼੍ਰ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼ਾਮਲ ਹੋਏ ਸ਼ ਸਿੱਧੂ ਤੇ ਬੀਰਮੀ ਨੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਦੋਸ਼ ਲਾਇਆ ਕਿ ਕਾਂਗਰਸ ਵਿਚ ਵਰਕਰਾਂ ਦੀ ਇੱਛਾ ਮੁਤਾਬਕ ਨਹੀਂ ਬਲਕਿ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਲਈ ਫ਼ੈਸਲੇ ਲਏ ਜਾਂਦੇ ਹਨ।
ਉਨ੍ਹਾਂ ਸਪੱਸ਼ਟ ਕਿਹਾ ਕਿ ਕਾਂਗਰਸ ਵੱਲੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਲਈ ਬਠਿੰਡਾ ਲੋਕ ਸਭਾ ਹਲਕੇ ਦੀ ਸੀਟ ਛੱਡਣੀ ਬਹੁਤ ਮੰਦਭਾਗਾ ਫ਼ੈਸਲਾ ਹੈ ਜਿਸ ਨਾਲ ਪਾਰਟੀ ਵਰਕਰਾਂ ਦਾ ਮਨੋਬਲ ਡਿੱਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੂਬਾਈ ਆਗੂਆਂ ਤੇ ਕੇਂਦਰੀ ਲੀਡਰਸ਼ਿਪ ਨੂੰ ਹਨੇਰੇ ਵਿਚ ਰੱਖ ਕੇ ਪੀæਪੀæਪੀ ਨਾਲ ਚੋਣ ਸਮਝੌਤੇ ਦਾ ਫ਼ੈਸਲਾ ਲਿਆ ਹੈ। ਸ਼ ਸਿੱਧੂ ਨੇ ਕਿਹਾ ਕਿ ਸੂਬਾ ਪ੍ਰਧਾਨ ਵੱਲੋਂ ਹਰ ਇਕ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ। ਜਦੋਂ ਬੇਭਰੋਸਗੀ ਦਾ ਆਲਮ ਹੋਵੇ ਤਾਂ ਪਾਰਟੀ ਵਿਚ ਰਹਿਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਧੜਿਆਂ ਵਿਚ ਵੰਡੀ ਪਾਰਟੀ ਵਿਚ ਹੁਣ ਹਰ ਕੋਈ ਪ੍ਰਧਾਨ ਬਣਿਆ ਫਿਰਦਾ ਹੈ। ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੀ ਪਿਤਰੀ ਪਾਰਟੀ ਵਿਚ ਪਰਤੇ ਹਨ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਆਸ਼ੀਰਵਾਦ ਨਾਲ ਹੀ ਉਨ੍ਹਾਂ ਸਿਆਸਤ ਸ਼ੁਰੂ ਕੀਤੀ ਸੀ ਤੇ ਪਹਿਲੀ ਚੋਣ ਲੜੀ ਸੀ।
ਜੀਤ ਮਹਿੰਦਰ ਸਿੰਘ ਸਿੱਧੂ 1997 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਤਲਵੰਡੀ ਸਾਬੋ ਤੋਂ ਲੜੇ ਸਨ ਪਰ ਉਹ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ ਤੋਂ ਹਾਰ ਗਏ ਸਨ। ਇਸ ਤੋਂ ਬਾਅਦ 2002 ਵਿਚ ਜਦੋਂ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਨਾ ਦਿੱਤੀ ਤਾਂ ਉਹ ਬਾਗ਼ੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਰੇ ਤੇ ਆਜ਼ਾਦ ਵਿਧਾਇਕ ਵਜੋਂ ਚੋਣ ਜਿੱਤੇ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਵਿਚੋਂ ਮੰਨਿਆ ਜਾਂਦਾ ਸੀ। ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਹੀ ਸ਼ ਸਿੱਧੂ ਕਾਂਗਰਸ ਵਿਚ ਸ਼ਾਮਲ ਹੋਏ ਤੇ 2007 ਤੇ 2012 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ‘ਤੇ ਜਿੱਤੇ। ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਆਉਣ ਨਾਲ ਪਾਰਟੀ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਨੂੰ ਰਾਜਸੀ ਲਾਭ ਮਿਲੇਗਾ। ਜ਼ਿਕਰਯੋਗ ਹੈ ਕਿ ਸਾਲ 2009 ਦੀਆਂ ਚੋਣਾਂ ਦੌਰਾਨ ਤਲਵੰਡੀ ਸਾਬੋ ਖੇਤਰ ਵਿਚ ਹੀ ਬਿਕਰਮ ਸਿੰਘ ਮਜੀਠੀਆ ਤੇ ਜੀਤ ਮਹਿੰਦਰ ਸਿੰਘ ਸਿੱਧੂ ਦਰਮਿਆਨ ਸਿੱਧਾ ਟਕਰਾਅ ਹੋਣ ਕਾਰਨ ਦੋਹਾਂ ‘ਤੇ ਇਰਾਦਾ ਕਤਲ ਦਾ ਮਾਮਲਾ ਵੀ ਦਰਜ ਹੋ ਗਿਆ ਸੀ।
______________________________________
ਅਕਾਲੀ ਦਲ ਵੱਲੋਂ ਸਾਰੇ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ 13 ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਕੰਮ ਨਿਬੇੜ ਲਿਆ ਹੈ। ਅਕਾਲੀ ਦਲ ਨੇ ਫਿਰੋਜ਼ਪੁਰ ਤੇ ਫਰੀਦਕੋਟ ਤੋਂ ਪਹਿਲਾਂ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਹਨ ਜਦੋਂ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਦੀਪਿੰਦਰ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਫਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ ਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਮੁੜ ਕਿਸਮਤ ਅਜ਼ਮਾਉਣ ਦਾ ਮੌਕਾ ਦਿੱਤਾ ਗਿਆ ਹੈ। ਅਕਾਲੀ ਦਲ ਵੱਲੋਂ ਸੱਤ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ।
_____________________________________
ਕਾਂਗਰਸ ਵਿਚ ਨਿਰਾਸ਼ਾ ਦਾ ਆਲਮ
ਚੰਡੀਗੜ੍ਹ: ਦੋ ਸੀਨੀਅਰ ਆਗੂਆਂ ਵੱਲੋਂ ਅਕਾਲੀ ਦਲ ਦਾ ਪੱਲਾ ਫੜਨ ਨਾਲ ਕਾਂਗਰਸੀ ਵਰਕਰਾਂ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਰਾਸ਼ਾ ਦਾ ਆਲਮ ਛਾ ਗਿਆ ਹੈ। ਤਲਵੰਡੀ ਸਾਬੋ ਤੋਂ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਸੀਨੀਅਰ ਕਾਂਗਰਸ ਆਗੂ ਮਲਕੀਤ ਸਿੰਘ ਬੀਰਮੀ ਦੇ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੋਰ ਕਈ ਕਾਂਗਰਸ ਆਗੂ ਵੀ ‘ਹੱਥ’ ਤੋਂ ਖਹਿੜਾ ਛੁਡਾਉਣ ਦੀ ਤਾਕ ਵਿਚ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੱਤਾ ਤੋਂ ਲੰਮੇ ਸਮੇਂ ਤੱਕ ਬਾਹਰ ਰਹਿਣ ਨਾਲ ਸੱਤਾਧਾਰੀ ਧਿਰ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਭਰਮਾਉਣ ਵਿਚ ਕਾਮਯਾਬ ਹੋ ਜਾਂਦੀ ਹੈ। ਪੰਜਾਬ ਵਿਚ ਕਾਂਗਰਸ ਦੇ ਟੁੱਟਣ ਪਿੱਛੇ ਇਕ ਹੋਰ ਕਾਰਨ ਗੁੱਟਬਾਜ਼ੀ ਹੈ। ਪਾਰਟੀ ਹਾਈ ਕਮਾਂਡ ਧੜੇਬੰਦੀ ਨੂੰ ਖਤਮ ਕਰ ਲਈ ਕੋਈ ਉਪਰਾਲੇ ਨਹੀਂ ਕਰ ਰਹੀ। ਸਿੱਧੂ ਦੇ ਪਾਰਟੀ ਛੱਡਣ ਬਾਰੇ ਬਟਾਲਾ ਤੋਂ ਕਾਂਗਰਸ ਵਿਧਾਇਕ ਅਸ਼ਵਨੀ ਸੇਖੜੀ ਨੇ ਕਿਹਾ ਕਿ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਖਤਮ ਕਰਨ ਲਈ ਵਿਰੋਧੀਆਂ ਤੋਂ ਸੁਪਾਰੀ ਲਈ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ ਸਿੱਧੂ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਸਨ ਤੇ ਪਾਰਟੀ ਅਹੁਦੇਦਾਰਾਂ ਦੀ ਸੂਚੀ ਵਿਚ ਆਪਣਿਆਂ ਦੇ ਨਾਂਅ ਪਵਾਉਣ ਲਈ ਉਨ੍ਹਾਂ ਸ਼ ਬਾਜਵਾ ਤੋਂ ਗਲਤ ਫੈਸਲੇ ਕਰਵਾਏ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦਾ ਜੀਤ ਮਹਿੰਦਰ ਸਿੰਘ ਨਾਲ ਕੁਝ ਸਾਲਾਂ ਤੋਂ ਕੋਈ ਰਾਬਤਾ ਨਹੀਂ ਸੀ। ਉਹ ਪਾਰਟੀ ਢਾਂਚੇ ਵਿਚ ਸ਼ ਸਿੱਧੂ ਨੂੰ ਥਾਂ ਨਹੀਂ ਦਿਵਾ ਸਕੇ ਸਨ। ਇਸ ਲਈ ਉਹ ਨਾਰਾਜ਼ ਹੋ ਗਏ ਸਨ। ਕੈਪਟਨ ਨੇ ਸਾਰੇ ਕਾਂਗਰਸੀਆਂ ਨੂੰ ਅਕਾਲੀ ਦਲ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਦੀ ਗੱਲ ਸੁਣ ਕੇ ਉਨ੍ਹਾਂ ਦੀਆਂ ਤਕਲੀਫਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।

Be the first to comment

Leave a Reply

Your email address will not be published.