ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਦੌਰਾਨ ਗੁਰਦਿਆਲ ਸਿੰਘ ਬੱਲ ਦੇ ਲੇਖ ਦੇ ਪ੍ਰਤੀਕਰਮ ਵਿਚ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਅਸੀਂ ਛਾਪੇ ਸਨ। ਇਨ੍ਹਾਂ ਦੇ ਜੁਆਬ ਵਿਚ ਗੁਰਦਿਆਲ ਸਿੰਘ ਬੱਲ ਦਾ ਇਕ ਲੰਮਾ ਲੇਖ ਅਸੀਂ ਪਿਛਲੇ ਅੰਕਾਂ ਵਿਚ ਛਾਪ ਚੁਕੇ ਹਾਂ। ਲਿਓਨ ਤ੍ਰਾਤਸਕੀ ਦੇ ਵਿਚਾਰਾਂ ਤੋਂ ਤੁਰੀ ਇਸ ਬਹਿਸ ਨੇ ਵਿਸ਼ਵ ਭਰ ਦੀਆਂ ਬਹੁਤ ਸਾਰੀਆਂ ਲੋਕ ਲਹਿਰਾਂ ਅਤੇ ਵਿਚਾਰਧਾਰਾਵਾਂ ਨੂੰ ਕਲਾਵੇ ਵਿਚ ਲਿਆ ਹੈ, ਪੰਜਾਬ ਅਤੇ ਸਿੱਖ ਪ੍ਰਸੰਗ ਵਿਚ ਵੀ ਕੁਝ ਗੰਭੀਰ ਟਿੱਪਣੀਆਂ ਹੋਈਆਂ ਹਨ। ਇਸੇ ਬਹਿਸ ਨੂੰ ਅੱਗੇ ਤੋਰਦਿਆਂ ਪ੍ਰਭਸ਼ਰਨਦੀਪ ਸਿੰਘ ਨੇ ਆਪਣੇ ਵਿਚਾਰ ਹਥਲੇ ਲੇਖ ਵਿਚ ਪ੍ਰਗਟਾਏ ਹਨ। ਵਿਚਾਰਵਾਨਾਂ ਨੂੰ ਸਾਡੀ ਬੇਨਤੀ ਹੈ ਕਿ ਇਸ ਬਹਿਸ ਦੌਰਾਨ ਨਿਜੀ ਦੋਸ਼ਾਂ ਤੋਂ ਪੂਰਨ ਪਰਹੇਜ਼ ਕੀਤਾ ਜਾਵੇ ਅਤੇ ਆਪਣੇ ਵਿਚਾਰਾਂ ਨੂੰ ਸ਼ਾਇਸਤਗੀ ਦੇ ਘੇਰੇ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਇਕ ਵਾਰ ਫਿਰ ਸਪਸ਼ਟ ਕਰ ਦਈਏ, ਲੇਖਕ ਦੇ ਵਿਚਾਰਾਂ ਨਾਲ ਅਦਾਰਾ ਪੰਜਾਬ ਟਾਈਮਜ਼ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। -ਸੰਪਾਦਕ
ਪ੍ਰਭਸ਼ਰਨਦੀਪ ਸਿੰਘ
ਆਕਸਫੋਰਡ ਯੂਨੀਵਰਸਿਟੀ
ਪੰਜਾਬ ਟਾਈਮਜ਼ ਵਿਚ ਤ੍ਰਾਤਸਕੀ ਬਾਰੇ ਚਲ ਰਹੀ ਵਿਚਾਰ-ਚਰਚਾ ਦੌਰਾਨ ਮੇਰੇ ਇਕ ਪ੍ਰਤੀਕਰਮ ਦੇ ਜਵਾਬ ਵਿਚ ਗੁਰਦਿਆਲ ਬੱਲ ਦਾ ਲੰਮਾ ਲੇਖ ਛਪਿਆ ਜਿਸ ਵਿਚ ਉਨ੍ਹਾਂ ਨੇ ਮੇਰੇ ਪ੍ਰਤੀਕਰਮ ਦੀ ਥਾਂ ਤਿੰਨ ਸਾਲ ਪਹਿਲਾਂ ਛਪੇ ਮੇਰੇ ਇੱਕ ਹੋਰ ਲੇਖ ‘ਤੇ ਟਿੱਪਣੀ ਕਰਨੀ ਜ਼ਿਆਦਾ ਮੁਨਾਸਬ ਸਮਝੀ। ਇਸ ਦਾ ਤਰਕ ਕੀ ਹੈ ਇਹ ਤਾਂ ਉਹ ਹੀ ਬਿਹਤਰ ਜਾਣਦੇ ਹੋਣਗੇ। ਮੈਂ ਆਪਣੇ ਲੇਖ ਵਿਚ ਉਨ੍ਹਾਂ ਦੀ ਲਿਖਣ ਸ਼ੈਲੀ ਬਾਰੇ ਟਿੱਪਣੀ ਕੀਤੀ ਸੀ, ਜਿਸ ਦਾ ਤੱਤਸਾਰ ਇਹ ਸੀ ਕਿ ਬੱਲ ਸਾਹਿਬ ਸਬੰਧਤ ਵਿਸ਼ੇ ‘ਤੇ ਧਿਆਨ ਸੇਧ ਕੇ ਕੋਈ ਸੰਗਠਿਤ ਦਲੀਲ ਵਿਕਸਿਤ ਨਹੀਂ ਕਰਦੇ। ਉਨ੍ਹਾਂ ਨੇ ਉਹਦੇ ਬਾਰੇ ਗੱਲ ਕਰਨ ਦੀ ਬਜਾਏ ਨਵੇਂ ਲੇਖ ਵਿਚ ਉਹੀ ਕੰਮ ਫਿਰ ਸ਼ੁਰੂ ਕਰ ਲਿਆ। ਪਹਿਲੇ ਲੇਖ ਵਿਚ ਨਾਂਵਾਂ ਦੀ ਗਿਣਤੀ ‘ਤੇ ਜ਼ੋਰ ਸੀ, ਪਰ ਇਹਦੇ ਵਿਚ ਥਾਂਵਾਂ ਦੀ ਗਿਣਤੀ ‘ਤੇ ਹੈ।
ਆਪਣੇ ਪਹਿਲੇ ਲੇਖ ਵਿਚ ਮੇਰੀ ਅਕਾਲੀ ਦਲ ਅਤੇ ਸਿੰਘ ਸਭਾ ਬਾਰੇ ਵਿਚਾਰ ਦਾ ਤੱਤਸਾਰ ਸੀ ਕਿ ਸਿਆਸੀ ਤੇ ਸਮਾਜਿਕ ਵਰਤਾਰਿਆਂ ਅੰਦਰਲੇ ਸੰਕਟ ਦੀ ਨਿਸ਼ਾਨਦੇਹੀ ਕਰਨ ਲਈ ਉਸ ਪਿੱਛੇ ਕੰਮ ਕਰਦੇ ਬਿਰਤਾਂਤ ਬਾਰੇ ਸਹੀ ਸਮਝ ਹੋਣੀ ਜ਼ਰੂਰੀ ਹੈ। ਅੰਗਰੇਜ਼ਾਂ ਨਾਲ ਆਏ ਬਸਤੀਵਾਦੀ ਬਿਰਤਾਂਤ ਨੇ ਸਿੰਘ ਸਭਾ, ਤੇ ਫਿਰ ਅਕਾਲੀ ਦਲ ਦਾ ਰਾਹ ਨਿਸਚਿਤ ਕੀਤਾ। ਅਕਾਲੀ ਦਲ ਦੀਆਂ ਅਜੋਕੀਆਂ ਸਮੱਸਿਆਵਾਂ ਦੀਆਂ ਜੜਾਂ ਇਸੇ ਆਧੁਨਿਕਤਾਵਾਦੀ ਬਿਰਤਾਂਤ ਵਿਚ ਪਈਆਂ ਹਨ। ਬਸਤੀਵਾਦੀਆਂ ਦੇ ਠੋਸੇ ਇਸੇ ਬਿਰਤਾਂਤ ਨੂੰ ਅੰਤਮ ਜਾਂ ਕਾਇਨਾਤੀ ਮੰਨਣ ਦਾ ਕੋਈ ਆਧਾਰ ਨਹੀਂ ਬਣਦਾ। ਇਸ ਬਾਰੇ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਹੈ। ਦੂਜੇ ਸ਼ਬਦਾਂ ਵਿਚ ਭਾਰਤ ਵਰਗੇ ਆਧੁਨਿਕ ਤਰਜ਼ ‘ਤੇ ਉਸਰੇ ਕੌਮੀ ਰਾਜ ਦੇ ਜਮਹੂਰੀ ਅਮਲ ਵਿਚ ਸਿੱਖਾਂ ਵਰਗੀਆਂ ਘੱਟ ਗਿਣਤੀਆਂ ਦੀ ਕੋਈ ਨੁਮਾਇੰਦਗੀ ਨਹੀਂ ਹੋ ਸਕਦੀ। ਇਸ ਜਮਹੂਰੀ ਅਮਲ ਵਿਚ ਵੱਡੇ ਨੁਕਸ ਹਨ। ਇਸ ਅਮਲ ਨੇ ਘੱਟਗਿਣਤੀਆਂ ਨੂੰ ਸਦਾ ਹੀ ਬਹੁਗਿਣਤੀ ਦੇ ਮੁਥਾਜ ਬਣਾਈ ਰੱਖਣਾ ਹੈ। ਇਸ ਲਈ ਇਸ ਜਮਹੂਰੀ ਅਮਲ ਦੇ ਨਾਲ-ਨਾਲ, ਇਸ ਵਿਚ ਹਿੱਸਾ ਲੈਣ ਵਾਲੀਆਂ ਅਕਾਲੀ ਦਲ ਵਰਗੀਆਂ ਸਿਆਸੀ ਪਾਰਟੀਆਂ ਦੀ ਬਣਤਰ ਬਾਰੇ ਵੀ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਹੈ। ਅਕਾਲੀ ਦਲ ਵੱਲੋਂ ਭਾਰਤੀ ਜਮਹੂਰੀਅਤ ਨੂੰ ਬਿਨਾਂ ਕਿਸੇ ਹੀਲ-ਹੁੱਜਤ ਦੇ ਪ੍ਰਵਾਨ ਕਰਨ ਸਦਕਾ ਸਿੱਖ ਇੱਕ ਅੰਨ੍ਹੇ ਕਾਲ-ਚੱਕਰ ਵਿਚ ਘੁੰਮ ਰਹੇ ਹਨ। ਅਕਾਲੀ ਦਲ ‘ਤੇ ਕਾਬਜ਼ ਕੁਝ ਕੁ ਅਮੀਰ ਘਰਾਣਿਆਂ ਦੀ ਖੁਸ਼ਹਾਲੀ ਵਧ ਰਹੀ ਹੈ, ਬਾਕੀ ਸਾਰੇ ਸਿੱਖ ਤਾਂ ਲਗਾਤਾਰ ਬਰਬਾਦੀ ਦੇ ਮੂੰਹ ਧੱਕੇ ਜਾ ਰਹੇ ਹਨ। ਆਰਥਿਕ ਤਬਾਹੀ ਤੋਂ ਲੈ ਕੇ ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ, ਅੰਨ੍ਹੀ ਨਸ਼ੇਖੋਰੀ, ਸ਼ਾਇਰੀ, ਸੰਗੀਤ ਤੇ ਗਿਆਨ ਦੇ ਸੱਭਿਆਚਾਰ ਦੀ ਤਬਾਹੀ ਆਦਿ ਕਿਸੇ ਪੱਖ ਤੋਂ ਵੇਖ ਲਓ, ਕੋਈ ਆਸ ਨਹੀਂ, ਹਨੇਰਾ ਹੀ ਨਜ਼ਰ ਆ ਰਿਹਾ ਹੈ।
ਤ੍ਰਾਤਸਕੀ ਜਾਂ ਸੋਵੀਅਤ ਯੂਨੀਅਨ ਦਾ ਦੁਖਾਂਤ ਮੇਰਾ ਪਹਿਲਾ ਸਰੋਕਾਰ ਨਹੀਂ। ਮੇਰਾ ਪਹਿਲਾ ਸਰੋਕਾਰ ਸਿੱਖਾਂ ਤੇ ਪੰਜਾਬ ਦੀ ਹੋਣੀ ਹੈ। ਮੇਰੀ ਸਮਝ ਇਹੀ ਹੈ ਕਿ ਸਿੱਖਾਂ ਨੂੰ ਭਾਰਤੀ ਜਮਹੂਰੀਅਤ ਦੇ ਅੰਨ੍ਹੇ ਕਾਲ-ਚੱਕਰ ‘ਚੋਂ ਬਾਹਰ ਨਿੱਕਲਣਾ ਚਾਹੀਦਾ ਹੈ। ਆਪਣੀ ਸਿਆਸਤ ਕਿਸੇ ਵੱਖਰੀ ਤੇ ਬਾਗੀਆਨਾ ਤਰਜ਼ ‘ਤੇ ਨਵੇਂ ਸਿਰੇ ਤੋਂ ਚਿਤਵਣ ਦੀ ਲੋੜ ਹੈ। ਇਸੇ ਸੰਦਰਭ ਵਿਚ ਮੈਂ ਅਕਾਲੀ ਦਲ ਦੀਆਂ ਬੁਨਿਆਦਾਂ ਅਤੇ ਇਸ ਦੇ ਰਾਹ ‘ਤੇ ਸੁਆਲ ਖੜ੍ਹੇ ਕੀਤੇ ਸਨ।
ਗੁਰਦਿਆਲ ਬੱਲ ਨੇ ਮੇਰੇ ਇਨ੍ਹਾਂ ਵਿਚਾਰਾਂ ਨਾਲ ਅਸਹਿਮਤੀ ਪ੍ਰਗਟਾਈ ਹੈ ਜੋ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਮੇਰੇ ਆਧੁਨਿਕਤਾਵਾਦ ਦੇ ਵਿਸ਼ਲੇਸ਼ਣ ਨੂੰ ਸਿੱਧਾ ਉਤਰ-ਬਸਤੀਵਾਦੀ ਬਿਰਤਾਂਤ ਨਾਲ ਜੋੜਦਿਆਂ ਅਸਹਿਮਤੀ ਦਾ ਆਧਾਰ ਇਹ ਦਿੱਤਾ ਕਿ ਉਹ ਇਸ ਬਿਰਤਾਂਤ ਦੇ ਮੋਢੀਆਂ ਮਿਸ਼ੇਲ ਫੂਕੋਅ ਤੇ ਐਡਵਰਡ ਸਈਦ ਨਾਲ ਹੀ ਸਹਿਮਤ ਨਹੀਂ, ਪਰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਫੂਕੋਅ ਤੇ ਸਈਦ ਨਾਲ ਮੇਰੀ ਵੀ ਕੋਈ ਸਹਿਮਤੀ ਨਹੀਂ। ਉਸ ਦੀ ਵਜ੍ਹਾ ਫੂਕੋਅ ਦੇ ਚਿੰਤਨ ਦਾ ਮਾਰਕਸਵਾਦੀ ਅਤੇ ਸਈਦ ਦੇ ਚਿੰਤਨ ਦਾ ਮਨੁੱਖਵਾਦੀ ਆਧਾਰ ਹੈ। ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਉਤਰ-ਬਸਤੀਵਾਦੀ ਬਿਰਤਾਂਤ ਦਾ ਕੋਈ ਇੱਕ ਮੂੰਹ-ਮੁਹਾਂਦਰਾ ਨਹੀਂ, ਇਸ ਦੀ ਕੋਈ ਇੱਕ ਸਾਂਝੀ ਪਰਿਭਾਸ਼ਾ ਨਹੀਂ ਬਣਾਈ ਜਾ ਸਕਦੀ। ਇਸ ਦੇ ਅੰਦਰ ਹੀ ਕਈ ਕਿਸਮ ਦੀਆਂ ਧਾਰਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ‘ਚੋਂ ਕਈ ਇੱਕ ਦੂਜੀ ਦੇ ਐਨ ਉਲਟ ਵੀ ਹਨ। ਸਭ ਨੂੰ ਇੱਕੋ ਰੱਸੇ ਬੰਨ੍ਹ ਕੇ ਇਸ ਸਬੰਧੀ ਕੋਈ ਸੰਤੁਲਿਤ ਸਮਝ ਵਿਕਸਿਤ ਨਹੀਂ ਕੀਤੀ ਜਾ ਸਕਦੀ। ਬਸਤੀਵਾਦੀ ਬਿਰਤਾਂਤ ਦੀ ਅਜਾਰੇਦਾਰੀ ਨੂੰ ਚੁਣੌਤੀ ਦੇਣਾ, ਉਸ ਦੇ ਘੇਰੇ ‘ਚੋਂ ਬਾਹਰ ਹੋ ਨਵੇਂ ਰਾਹ ਤਲਾਸ਼ਣੇ, ਸਫਰ ਦਾ ਸ਼ੁਰੂਆਤੀ ਬਿੰਦੂ ਹੈ, ਆਪਣੇ-ਆਪ ਵਿਚ ਪੂਰਾ ਸਫਰ ਨਹੀਂ। ਇਸ ਨੁਕਤੇ ਤੋਂ ਹਰ ਵਿਦਿਆਰਥੀ ਜਾਂ ਚਿੰਤਕ ਆਪਣੀ ਵੱਖਰੀ ਦਿਸ਼ਾ ਅਖਤਿਆਰ ਕਰ ਸਕਦਾ ਹੈ। ਉਤਰ-ਬਸਤੀਵਾਦੀ ਬਿਰਤਾਂਤ ਵਿਚ ਵੀ ਇਹੀ ਹੋਇਆ ਹੈ। ਮੇਰਾ ਹੱਥਲਾ ਖੋਜ ਕਾਰਜ ਵੀ ਇਸੇ ਦੀਆਂ ਪ੍ਰਮੁੱਖ ਧਾਰਾਵਾਂ ਦੀ ਸਮੀਖਿਆ ਵੱਲ ਸੇਧਤ ਹੈ। ਇਸ ਲਈ ਮੇਰੇ ਕੰਮ ਨੂੰ ਉਤਰ-ਬਸਤੀਵਾਦੀ-ਵਿਰੋਧੀ ਪਹੁੰਚ ਦਾ ਨਾਂ ਦੇਣਾ ਵੀ ਕੁਥਾਂ ਨਹੀਂ ਹੋਵੇਗਾ।
ਫਿਰ ਵੀ ਬੱਲ ਦੇ ਫੂਕੋਅ ਤੇ ਸਈਦ ਨਾਲ ਆਪਣੇ ਵਿਚਾਰਧਾਰਕ ਵਖਰੇਵੇਂ ਸਪੱਸ਼ਟ ਕਰਨ ਦੀ ਸ਼ਲਾਘਾ ਕਰਨੀ ਬਣਦੀ ਹੈ। ਪਰ ਫੂਕੋਅ ਤੇ ਸਈਦ ਬਾਰੇ ਕੋਈ ਨਿੱਗਰ ਤਰਕ ਉਹ ਪੇਸ਼ ਨਹੀਂ ਕਰ ਸਕੇ। ਫੂਕੋਅ ਬਾਰੇ ਗੱਲ ਸ਼ੁਰੂ ਕਰਦਿਆਂ ਬੱਲ ਨੇ ਉਸ ਦੀ ਇਰਾਨੀ ਇਨਕਲਾਬ ਬਾਰੇ ਹਾਂ-ਪੱਖੀ ਪਹੁੰਚ ਅਤੇ ਜਪਾਨ ਯਾਤਰਾ ਦੇ ਵੇਰਵੇ ਨਾਲ ਇਹ ਸਾਹਮਣੇ ਲਿਆਂਦਾ ਕਿ ਫੂਕੋਅ ਪੱਛਮ ਦੇ ਜਾਗ੍ਰਿਤੀ ਕਾਲ ਦੇ ਫਲਸਫੇ ‘ਚੋਂ ਪੈਦਾ ਹੋਏ ਸੰਕਟ ਤੋਂ ਬਾਅਦ ਇਸ ਦਾ ਹੱਲ ਜਾਂ ਬਦਲ ਪੂਰਬ ਵਿਚ ਭਾਲ ਰਿਹਾ ਸੀ। ਉਨ੍ਹਾਂ ਮੁਤਾਬਕ ਇਹ ਪਹੁੰਚ ਗਲਤ ਹੈ ਅਤੇ ਇਸ ਦੀ ਵਜ੍ਹਾ ਫੂਕੋਅ ਨੂੰ ਨੀਤਸ਼ੇ ਤੇ ਜਾਰਜ ਬਤਾਈ ਦੀ ਠੀਕ ਸਮਝ ਨਾ ਹੋਣਾ ਹੈ। ਇਹ ਕਹਿ ਕੇ ਬੱਲ ਸਾਹਿਬ ਨੇ ਫੂਕੋਅ ਵਰਗੇ ਸਿਰਕੱਢ ਫਿਲਾਸਫਰ ਉਤੇ ਦੋਸ਼ ਤਾਂ ਕਾਫੀ ਸੰਗੀਨ ਲਾਇਆ, ਪਰ ਇਸ ਨੂੰ ਸਥਾਪਤ ਨਹੀਂ ਕਰ ਸਕੇ। ਨਾ ਫੂਕੋਅ ਦੇ ਫਲਸਫੇ ਬਾਰੇ ਕੋਈ ਸਪੱਸ਼ਟ ਸਮਝ ਪੇਸ਼ ਕੀਤੀ ਹੈ, ਨਾ ਹੀ ਉਸ ਨਾਲ ਅਸਹਿਮਤੀ ਦਾ ਕੋਈ ਤਰਕਸੰਗਤ ਆਧਾਰ ਦੱਸਿਆ ਹੈ। ਫੂਕੋਅ ਦੇ ਚਿੰਤਨ ਬਾਰੇ ਆਮ ਪ੍ਰਚੱਲਤ ਧਾਰਨਾ ਪੇਸ਼ ਕਰਨ ਤੋਂ ਬਾਅਦ ਉਸਦੇ ਜੀਵਨ ਦੀਆਂ ਘਟਨਾਵਾਂ ਦੇ ਵਿੱਕੋਲਿਤਰੇ ਵੇਰਵੇ ਪੇਸ਼ ਕਰ ਦਿੱਤੇ ਜੋ ਉਸਦੇ ਫਲਸਫੇ ਨੂੰ ਸਮਝਣ ਲਈ ਕਾਫੀ ਨਹੀਂ ਹਨ। ਇਸ ਤਰ੍ਹਾਂ ਦੀ ਫਤਵੇਬਾਜ਼ੀ ਕਿਸੇ ਦੀ ਆਪਣੀ ਤਸੱਲੀ ਲਈ ਤਾਂ ਸ਼ਾਇਦ ਠੀਕ ਹੋਵੇ ਪਰ ਪਾਠਕ ਸਾਹਮਣੇ ਕੋਈ ਸਪੱਸ਼ਟ ਤਸਵੀਰ ਪੇਸ਼ ਨਹੀਂ ਕਰਦੀ। ਇਸ ਲਈ ਅਸੀਂ ਫੂਕੋਅ ਦੇ ਚਿੰਤਨ ਦੇ ਇੱਕ ਸਪੱਸ਼ਟ ਵੇਰਵੇ ਨਾਲ ਬੱਲ ਦੀ ਦਲੀਲ ਦੀ ਸਾਰਥਕਤਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਫੂਕੋਅ ਦਾ ਚਿੰਤਨ ਤਾਕਤ, ਗਿਆਨ ਤੇ ਬਿਰਤਾਂਤ ਨਾਲ ਸਰੋਕਾਰਾਂ ਵਿਚੋਂ ਉਭਰਦਾ ਹੈ। ਇਸ ਸਬੰਧ ਵਿਚ ਉਹ ਸਮਾਜਕ ਢਾਂਚਿਆਂ, ਸੰਸਥਾਵਾਂ, ਤੇ ਵਿਅਕਤੀਆਂ ਦੇ ਨਾਤਿਆਂ ਅੰਦਰਲੀਆਂ ਪਰਤਾਂ ਅਤੇ ਵੇਗਾਂ ਦੀ ਪੁਣਛਾਣ ਕਰਦਾ ਹੈ। ਫੂਕੋਅ ਸਪੱਸ਼ਟ ਕਰਦਾ ਹੈ ਕਿ ਤਾਕਤ ਦੇ ਢਾਂਚਿਆਂ ਦਾ ਗਿਆਨ ਨਾਲ ਕੀ ਸਬੰਧ ਹੈ, ਗਿਆਨ ਤਾਕਤ ਦਾ ਰੂਪ ਹੋ ਕਿਹੋ ਜਿਹੀ ਭੁਮਿਕਾ ਨਿਭਾਉਂਦਾ ਹੈ ਅਤੇ ਇਹ ਸਾਰਾ ਅਮਲ ਵਿਅਕਤੀ ਦੀ ਹੋਣੀ ਨੂੰ ਕਿਵੇਂ ਨਿਸਚਿਤ ਕਰਦਾ ਹੈ, ਉਸ ਦੀ ਅੰਤਰਮੁਖਤਾ ਨੂੰ ਕਿਵੇਂ ਘੜਦਾ ਹੈ? ਉਹ ਇਸ ਅਮਲ ਵਿਚ ਵਿਅਕਤੀ ਨੂੰ ਕਿਸੇ ਅਲਹਿਦਗੀ ਵਿਚ ਰੱਖ ਕੇ ਨਹੀਂ ਵੇਖਦਾ, ਵਡੇਰੇ ਸਮਾਜਕ ਅਮਲ ਦੇ ਸੰਦਰਭ ਵਿਚ ਹੀ ਵੇਖਦਾ ਹੈ। ਅਜਿਹਾ ਕਰਦਿਆਂ ਫੂਕੋਅ ਆਧੁਨਿਕ ਰੱਈਅਤ ਦਾ ਪਿਛੋਕੜ ਇਸ ਦੇ ਇਤਿਹਾਸਕ ਤੇ ਸੱਭਿਆਚਾਰਕ ਅਸਲੀਅਤ ਹੋਣ ਵਿਚ ਤਲਾਸ਼ਦਾ ਹੈ। ਜਾਗ੍ਰਤੀ ਫਲਸਫੇ ਵਿਚ ਪਾਗਲਪਣ ਤੇ ਤਰਕ ਦਾ ਫਰਕ ਉਭਰ ਕੇ ਸਾਹਮਣੇ ਆਉਣਾ ਫੂਕੋਅ ਲਈ ਅਹਿਮ ਇਤਿਹਾਸਕ ਘਟਨਾ ਹੈ ਜਿਸ ਵਿਚੋਂ ਆਧੁਨਿਕ ਤਰਕ ਤੇ ਇਸ ਨਾਲ ਜੁੜੇ ਆਧੁਨਿਕ ਵਿਗਿਆਨ ਦੀ ਮਨੁੱਖੀ ਅਨੁਭਵ ‘ਤੇ ਸਰਦਾਰੀ ਸਥਾਪਤ ਹੋਈ। ਮਨੁੱਖ ਦੇ ਅੰਤਰਮਨ ਦੀ ਇਸ ਖਾਸ ਕਿਸਮ ਦੀ ਘਾੜਤ ਨੂੰ ਫੂਕੋਅ ਆਪਣੇ ਚਿੰਤਨ ਦਾ ਵਿਸ਼ਾ ਬਣਾਉਂਦਿਆਂ ਦੱਸਦਾ ਹੈ ਕਿ ਆਧੁਨਿਕ ਤਰਕਵਾਦ ਦੀ ਬੇਕਿਰਕ ਹਿੰਸਾ ਨੇ ਮਨੁੱਖੀ ਆਪੇ ਵਿਚੋਂ ਕੀ-ਕੀ ਅਤੇ ਕਿਵੇਂ-ਕਿਵੇਂ ਤਬਾਹ ਕੀਤਾ? ਇਸ ਨੇ ਕਿਵੇਂ ਬੰਦੇ ਨੂੰ ਕੈਦੀ ਬਣਾਇਆ? ਜੇਲ੍ਹ ਦੀ ਉਤਪਤੀ ਕਿੱਥੋਂ ਹੋਈ? ਜੇਲ੍ਹ ਦਾ ਢਾਂਚਾ ਤਾਕਤ ਦੇ ਢਾਂਚਿਆਂ ਨੂੰ ਕਿਵੇਂ ਰੂਪਮਾਨ ਕਰਦਾ ਹੈ?
ਇੱਥੇ ਫੂਕੋਅ ਇੱਕ ਖਾਸ ਕਿਸਮ ਦੀ ਜੇਲ੍ਹ ਦੇ ਢਾਂਚੇ ਦੇ ਹਵਾਲੇ ਨਾਲ ਗੱਲ ਕਰਦਾ ਹੈ। ਇਸ ਜੇਲ੍ਹ ਨੂੰ ਪੈਨੌਪਟੀਕੌਨ ਕਿਹਾ ਜਾਂਦਾ ਹੈ ਤੇ ਇਸ ਦੀ ਰੂਪ-ਰੇਖਾ ਅੰਗਰੇਜ਼ ਫਿਲਾਸਫਰ ਜੈਰਮੀ ਬੈਂਥਮ ਨੇ ਅਠਾਰ੍ਹਵੀਂ ਸਦੀ ਵਿਚ ਤਿਆਰ ਕੀਤੀ ਸੀ। ਜੇਲ੍ਹ ਇੱਕ ਗੋਲਾਕਾਰ ਇਮਾਰਤ ਵਜੋਂ ਉਸਾਰੀ ਜਾਂਦੀ ਹੈ ਜਿਸ ਦੇ ਵਿਚਾਲ਼ੇ ਨਿਗਰਾਨੀ ਰੱਖਣ ਵਾਲ਼ਾ ਉਚਾ ਮੀਨਾਰ ਹੁੰਦਾ ਹੈ। ਜੇਲ੍ਹ ਦਾ ਢਾਂਚਾ ਇਸ ਹਿਸਾਬ ਨਾਲ ਵਿਉਂਤਿਆ ਜਾਂਦਾ ਹੈ ਕਿ ਮੀਨਾਰ ‘ਤੇ ਤਇਨਾਤ ਸਿਰਫ ਇੱਕ ਪਹਿਰੇਦਾਰ ਹੀ ਜੇਲ੍ਹ ਦੀ ਹਰ ਕੋਠੜੀ ਵਿਚਲੇ ਕੈਦੀਆਂ ‘ਤੇ ਨਿਗ੍ਹਾ ਰੱਖਣ ਦੀ ਸਥਿਤੀ ਵਿਚ ਹੁੰਦਾ ਹੈ, ਪਰ ਕੋਈ ਵੀ ਕੈਦੀ ਪਹਿਰੇਦਾਰ ਨੂੰ ਨਹੀਂ ਦੇਖ ਸਕਦਾ। ਕੈਦੀ ਹਰ ਪਲ ਨਿਗ੍ਹਾ ਹੇਠ ਹੁੰਦਾ ਹੈ ਤੇ ਉਸ ਨੂੰ ਕਦੇ ਵੀ ਇਹ ਪਤਾ ਨਹੀਂ ਹੁੰਦਾ ਕਿ ਉਸ ਨੂੰ ਕੋਈ ਵੇਖ ਰਿਹਾ ਹੈ ਜਾਂ ਨਹੀਂ। ਅਜਿਹੀ ਅਨਿਸ਼ਚਤਤਾ ਕੈਦੀਆਂ ਦੇ ਮਨ ਵਿਚ ਭੈਅ ਪੈਦਾ ਕਰਦੀ ਹੈ ਜੋ ਉਨ੍ਹਾਂ ਨੂੰ ਪੱਕੇ ਤੌਰ ‘ਤੇ ਸੱਤਾ ਅੱਗੇ ਝੁਕਾ ਦਿੰਦਾ ਹੈ। ਬੈਂਥਮ ਨੇ ਇਹ ਖਾਕਾ ਇੱਕ ਮਨੁੱਖੀ ਮਨ ਦੀ ਦੂਜੇ ਉਤੇ ਸਰਦਾਰੀ ਸਥਾਪਤ ਕਰਨ ਦੇ ਮਨਸ਼ੇ ਤਹਿਤ ਹੀ ਵਿਉਂਤਿਆ ਸੀ।
ਫੂਕੋਅ ਆਪਣੀ ਕਿਤਾਬ Ḕਜ਼ਾਬਤਾ ਅਤੇ ਸਜ਼ਾḔ ਵਿਚ ਜੇਲ੍ਹ ਦੇ ਇਸ ਢਾਂਚੇ ਨੂੰ ਸੱਤਾ ਦੇ ਆਧੁਨਿਕ ਢਾਂਚਿਆਂ ਦੀ ਬਣਤਰ ਦੀ ਵਿਆਖਿਆ ਲਈ ਦ੍ਰਿਸ਼ਟਾਂਤ ਵਜੋਂ ਵਰਤਦਾ ਹੈ। ਫੂਕੋਅ ਅਨੁਸਾਰ ਅਜਿਹੀ ਜੇਲ੍ਹ ਉਸ ਸਮਾਜਿਕ ਢਾਂਚੇ ਨੂੰ ਰੂਪਮਾਨ ਕਰਦੀ ਹੈ ਜਿਸ ਤਹਿਤ ਦੇਹੀ ਸੱਤਾ ਤੇ ਗਿਆਨ ਦਾ ਪਹਿਲਾ ਧਰਾਤਲ ਹੈ। ਪਰ ਦੇਹੀ ਨੂੰ ਜ਼ਾਬਤੇ ਵਿਚ ਲਿਆਉਣ ਦਾ ਅਮਲ ਅਸਲ ਵਿਚ ਰੂਹ ‘ਤੇ ਅਜਾਰੇਦਾਰੀ ਜਮਾਉਣ ਦੇ ਮਨਸ਼ੇ ਦਾ ਪਹਿਲਾ ਕਦਮ ਹੈ। ਬੰਦੇ ਦੀ ਦੇਹੀ ਨੂੰ ਸਮਾਜਿਕ ਢਾਂਚੇ ਤੇ ਗਿਆਨ ਰਾਹੀਂ ਕਾਰਜਸ਼ੀਲ ਹੁੰਦੀ ਸੱਤਾ ਦਾ ਕੈਦੀ ਬਣਾ ਕੇ ਸਿਧਾਉਣ ਦਾ ਅਮਲ, ਅਸਲ ਵਿਚ ਉਸਦੇ ਅੰਤਰਮਨ ਨੂੰ ਖਾਸ ਸਾਂਚੇ ਵਿਚ ਢਾਲਣ ਦਾ ਅਮਲ ਹੈ: ਸਾਂਚਾ ਜੋ ਕਿ ਜਾਗ੍ਰਤੀ ਫਲਸਫੇ ਦੀ ਤਰਕਵਾਦੀ ਪਹੁੰਚ ਦੀ ਪੈਦਾਇਸ਼ ਹੈ। ਸੱਤਾ ਦੇ ਅਦਿੱਖ ਮੁਨਾਰੇ ਬੰਦੇ ਨੂੰ ਨਿਰੰਤਰ ਨਿਗ੍ਹਾ ਹੇਠ ਰੱਖਦੇ ਹਨ, ਤੇ ਉਸ ਦੀ ਸੋਚਣੀ ਨੂੰ ਐਧਰ-ਓਧਰ ਨਹੀਂ ਹਿੱਲਣ ਦਿੰਦੇ, ਕਿਸੇ ਨੂੰ ਦੋਸ਼ ਦੇਣ ਦੀ ਸਥਿਤੀ ਵਿਚ ਨਹੀਂ ਰਹਿਣ ਦਿੰਦੇ। ਸੱਤਾ ਲਗਾਤਾਰ ਆਪਣਾ ਪ੍ਰਕੋਪ ਬਣਾਈ ਰੱਖਦੀ ਹੈ ਤੇ ਕਦੇ ਵੀ ਇਸ ਦੀ ਜ਼ਿੰਮੇਵਾਰੀ ਕਬੂਲ ਨਹੀਂ ਕਰਦੀ। ਜ਼ਿੰਦਗੀ Ḕਤੇ ਅਜਿਹਾ ਕਾਬੂ ਰੱਖਣ ਲਈ ਫੂਕੋਅ ਮੁਤਾਬਕ ਸੱਤਾ ਗਿਆਨ ‘ਤੇ ਨਿਰਭਰ ਵੀ ਕਰਦੀ ਹੈ ਤੇ ਗਿਆਨ ਪੈਦਾ ਵੀ ਕਰਦੀ ਹੈ। ਜਦੋਂ ਤੱਕ ਗਿਆਨ ਸੱਤਾ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੁੰਦਾ ਉਦੋਂ ਤੱਕ ਸੱਤਾ ਨੂੰ ਚੁਣੌਤੀ ਦੇਣ ਦਾ ਕੋਈ ਸਾਧਨ ਨਹੀਂ। ਮਨੁੱਖੀ ਦੇਹੀ ਦੀ ਆਜ਼ਾਦੀ ਬਗੈਰ ਅੰਤਰਮਨ ਜਾਂ ਗਿਆਨ ਦੀ ਆਜ਼ਾਦੀ ਨਹੀਂ ਚਿਤਵੀ ਜਾ ਸਕਦੀ।
ਜਾਗ੍ਰਤੀ ਫਲਸਫੇ ਦੇ ਦੌਰ ਨਾਲ ਪੱਛਮੀ ਜਗਤ ਵਿਚ ਪੈਦਾ ਹੋਏ ਇਸ ਵਰਤਾਰੇ ਨੂੰ ਫੂਕੋਅ ਪੱਛਮ ਦੇ ਧੁਰ ਅੰਦਰ ਤੱਕ ਲਹਿ ਗਿਆ ਪ੍ਰਤੀਤ ਕਰਦਾ ਹੈ। ਉਸ ਅਨੁਸਾਰ ਪੱਛਮ ਵਿਚ ਇਸਨੇ ਦੇਹੀ ‘ਤੇ ਕਬਜ਼ਾ ਕਰਨ ਤੋਂ ਬਾਅਦ ਉਸ ਨੂੰ ਆਪਣਾ ਰੂਪ ਹੀ ਦੇ ਲਿਆ ਹੈ। ਇਹੀ ਵਜ੍ਹਾ ਹੈ ਕਿ ਫੂਕੋਅ ਪੂਰਬੀ ਜਗਤ ਵਿਚ ਵਿੱਦਮਾਨ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗਾਂ ਨੂੰ ਮਨੁੱਖੀ ਦੇਹੀ ਤੇ ਫਿਰ ਰੂਹ ਤੇ ਅੰਤ ਨੂੰ ਸਮਾਜਿਕ ਤਾਣੇ ਬਾਣੇ ਦੀ ਕਾਇਆਕਲਪ ਦੀ ਸੰਭਾਵਨਾ ਵਜੋਂ ਵੇਖਦਾ ਹੈ।
ਮੈਨੂੰ ਨਹੀਂ ਲੱਗਦਾ ਫੂਕੋਅ ਦੀ ਜ਼ਿੰਦਗੀ ਨਾਲ ਅਜਿਹੀ ਦਿਆਨਤਦਾਰੀ ਪ੍ਰਤੀ ਖਫਾ ਹੋਣ ਦੀ ਕੋਈ ਲੋੜ ਹੈ। ਪਰ ਮਨੁੱਖੀ ਚੇਤਨਾ ਦੇ ਜਿਹੜੇ ਧਰਾਤਲ ਆਧੁਨਿਕ ਤਰਕਵਾਦ ਦੇ ਸਾਂਚੇ ਵਿਚ ਢਲ਼ ਚੁੱਕੇ ਹਨ, ਉਨ੍ਹਾਂ ਲਈ ਇਉਂ ਤੜਫ ਉਠਣਾ ਸੁਭਾਵਕ ਹੈ। ਬੱਲ ਨੇ ਫੂਕੋਅ ਬਾਰੇ ਕੁਛ ਮਸ਼ਹੂਰ ਜਿਹੀਆਂ ਗੱਲਾਂ ਜ਼ਰੂਰ ਸਾਂਝੀਆਂ ਕੀਤੀਆਂ ਹਨ, ਜੋ ਆਪਣੇ-ਆਪ ਵਿਚ ਫੂਕੋਅ ਦੇ ਚਿੰਤਨ ਦੀ ਵਿਆਖਿਆ ਲਈ ਕਿਸੇ ਵੀ ਤਰ੍ਹਾਂ ਕਾਫੀ ਨਹੀਂ। ਉਹ ਫੂਕੋਅ ਦੇ ਜਾਗ੍ਰਤੀ ਫਲਸਫੇ ਪ੍ਰਤੀ ਨਜ਼ਰੀਏ ਦਾ ਆਪਣੇ ਨੁਕਤਾ ਨਿਗਾਹ ਤੋਂ ਕੋਈ ਵਿਸ਼ਲੇਸ਼ਣ ਪੇਸ਼ ਕਰਦੇ ਤਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ ਪਰ ਉਨ੍ਹਾਂ ਨੇ ਫੂਕੋਅ ਨੂੰ ਖਾਹ-ਮਖਾਹ ਵਿਚ ਲਿਆ ਕੇ ਲੇਖ ਦੇ ਆਕਾਰ ਤੇ ਪਸਾਰ ਵਿਚ ਹੀ ਵਾਧਾ ਕੀਤਾ ਹੈ। ਇਹ ਨਹੀਂ ਦੱਸਿਆ ਕਿ ਫੂਕੋਅ ਦਾ ਚਿੰਤਨ ਸਈਦ ਅਤੇ ਉਤਰ-ਬਸਤੀਵਾਦੀ ਬਿਰਤਾਂਤ ਦਾ ਆਧਾਰ ਕਿਵੇਂ ਬਣਦਾ ਹੈ? ਫੂਕੋਅ ਤੇ ਸਈਦ ਦੇ ਚਿੰਤਨ ਦੀਆਂ ਇੱਕ ਦੂਜੇ ਨਾਲ ਸਮਾਨਤਾਵਾਂ ਤੇ ਵੱਖਰੇਵਿਆਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। ਇਹ ਵੀ ਨਹੀਂ ਦੱਸਿਆ ਕਿ ਫੂਕੋਅ ਨੀਤਸ਼ੇ ਅਤੇ ਬਤਾਈ ਤੋਂ ਗਲਤ ਢੰਗ ਨਾਲ ਕਿਵੇਂ ਪ੍ਰਭਾਵਿਤ ਸੀ। ਨੀਤਸ਼ੇ ਅਤੇ ਬਤਾਈ ਨੂੰ ਸਮਝਣ ਦਾ ਠੀਕ ਢੰਗ ਕਿਹੜਾ ਹੈ? ਮੈਨੂੰ ਇਹ ਕੋਈ ਬਹੁਤੀ ਸਿਹਤਮੰਦ ਪਹੁੰਚ ਨਹੀਂ ਲੱਗਦੀ। ਠੀਕ ਹੈ ਕਿ ਕਿਸੇ ਵੀ ਪਾਠਕ ਦਾ ਹੱਕ ਹੈ ਕਿ ਉਹ ਵੱਡੇ ਤੋਂ ਵੱਡੇ ਚਿੰਤਕਾਂ ਨੂੰ ਵੀ ਆਲੋਚਨਾਤਮਕ ਦ੍ਰਿਸ਼ਟੀ ਤੋਂ ਪੜ੍ਹੇ ਤੇ ਆਪਣਾ ਆਜ਼ਾਦ ਨਜ਼ਰੀਆ ਵਿਕਸਿਤ ਕਰਨ ਦੀ ਤਾਂਘ ਰੱਖੇ, ਪਰ ਕਿਸੇ ਚਿੰਤਕ ਦੇ ਫਲਸਫੇ ਨਾਲ ਚੰਗੀ ਤਰਾਂ ਵਾਬਸਤਾ ਹੋਏ ਬਗੈਰ, ਉਸਦੇ ਜੀਵਨ ਵਿਚੋਂ ਕੁੱਝ ਕੁ ਟੋਟਕੇ ਸੁਣਾ ਕੇ ਉਸ ਬਾਰੇ ਫੈਸਲੇ ਸੁਣਾਈ ਜਾਣੇ ਕੋਈ ਬਹੁਤੀ ਚੰਗੀ ਗੱਲ ਨਹੀਂ।
ਐਡਵਰਡ ਸਈਦ ਬਾਰੇ ਬੱਲ ਨੂੰ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਉਹ ਸੁਕਰਾਤ ਵਾਂਗ ਜ਼ਹਿਰ ਪੀ ਸੱਚ ‘ਤੇ ਖੜ੍ਹਨ ਵਾਲ਼ਾ ਚਿੰਤਕ ਸੀ ਪਰ ਉਸ ਦੀ ਪੂਰਬਵਾਦ ਦੀ ਸਮੀਖਿਆ ਤੇ ਭਾਰੂ ਉਸ ਦਾ ਮਨੁੱਖਵਾਦ ਦੇਕਾਰਤੀ ਦਵੈਤ ਦੇ ਘੇਰੇ ਵਿਚ ਸੀਮਤ ਕਰ ਉਸਨੂੰ ਪੂਰਬਵਾਦ ਦੀ ਝੋਲ਼ੀ ਵਿਚ ਹੀ ਲਿਆ ਸਿੱਟਦਾ ਹੈ।
ਬੱਲ ਸਾਹਿਬ ਦਾ ਅਗਲਾ ਨਿਸ਼ਾਨਾ ਜਰਮਨ ਫਿਲਾਸਫਰ ਹਾਈਡਿਗਰ ਬਣਦਾ ਹੈ ਜਿਸ ਦਾ ਜ਼ਿਕਰ ਕਰਕੇ ਸਾਰੇ ਦੇ ਸਾਰੇ ਉਤਰਸੰਰਚਨਾਵਾਦੀ ਫਿਲਾਸਫਰਾਂ ਨੂੰ ਉਹ ਰੱਦ ਕਰੀ ਜਾ ਰਹੇ ਹਨ ਜਦੋਂ ਕਿ ਅਸਲ ਵਿਚ ਇਹ ਫਿਲਾਸਫਰ ਹਾਈਡਿਗਰ ਦੇ ਉਲ਼ਟ ਖੜ੍ਹੇ ਹਨ। ਬਲ ਨੇ ਹਾਈਡਿਗਰ ਨੂੰ ਖਾਹਮਖਾਹ ਹੀ ਦੈਰਿਦਾ ਦਾ ਉਸਤਾਦ ਗਰਦਾਨ ਦਿੱਤਾ ਹੈ। ਦੈਰਿਦਾ ਦੀ ਕਿਤਾਬ Ḕਆਫ ਸਪਿਰਿਟ:ਹਾਈਡਿਗਰ ਐਂਡ ਦਾ ਕੁਅਸ਼ਚਨḔ ਇਹ ਦਰਸਾਉਣ ਲਈ ਕਾਫੀ ਹੈ ਕਿ ਦੈਰਿਦਾ ਹਾਈਡਿਗਰ ਤੋਂ ਕਿੰਨਾ ਕੁ ਪ੍ਰਭਾਵਿਤ ਸੀ?
ਹਾਈਡਿਗਰ ਵੱਲੋਂ ਪੱਛਮ ਦੇ ਸੰਕਟ ਦੀ ਨਿਸ਼ਾਨਦੇਹੀ ਅਫਲਾਤੂਨ ਤੋਂ ਲੈ ਕੇ ਹੁਣ ਤੱਕ ਦੇ ਮੈਟਾਫਿਜ਼ਕਿਸ ਦੇ ਇਤਿਹਾਸ ਵਿਚ ਵੇਖਣ ‘ਤੇ ਵੀ ਬੱਲ ਨੂੰ ਇਤਰਾਜ਼ ਹੈ। ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਹਾਈਡਿਗਰ ਵਰਗਾ ਫਿਲਾਸਫਰ ਸੰਕਟ ਦੀ ਨਿਸ਼ਾਨਦੇਹੀ ਕਿਸ ਪੱਧਰ ‘ਤੇ ਕਰਦਾ ਹੈ? ਉਹ ਸੰਕਟ ਦੀ ਇਸ ਨਿਸ਼ਾਨਦੇਹੀ Ḕਤੇ ਤਾਂ ਇਤਰਾਜ਼ ਕਰਦੇ ਹਨ, ਪਰ ਨੀਤਸ਼ੇ ਅਤੇ ਦਾਸਤੋਵਸਕੀ ਦੇ ਗੁਣ ਗਾਉਂਦੇ ਨਹੀਂ ਥੱਕਦੇ। ਬੱਲ ਸਾਹਿਬ ਨੇ ਹਾਈਡਿਗਰ ਦੀ ਜੀਵਨੀ ਵਿਚੋਂ ਕੁੱਝ ਵੇਰਵੇ ਸਾਂਝੇ ਕਰ ਕੇ ਉਸਦੇ ਸਾਰੇ ਚਿੰਤਨ ਨੂੰ ਵੀ ਉਵੇਂ ਹੀ ਸਮੇਟ ਕੇ ਰੱਖ ਦਿੱਤਾ। ਫਿਰ ਵੀ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੱਛਮੀ ਫਲਸਫੇ ਵਿਚ ਫਾਸ਼ੀ ਅਤੇ ਨਸਲਵਾਦੀ ਧਿਰਾਂ ਦਾ ਬੋਲਬਾਲਾ ਰਿਹਾ ਹੈ। ਇਹ ਗੱਲ ਮੰਨਣ ‘ਤੇ ਇਤਰਾਜ਼ ਬੱਲ ਨੇ ਜਤਾਇਆ ਹੈ। ਇੱਕ ਪਾਸੇ ਤਾਂ ਉਨ੍ਹਾਂ ਨੂੰ ਉਤਰ-ਬਸਤੀਵਾਦੀਆਂ ਵੱਲੋਂ ਪੱਛਮ ਦੀ ਕੋਈ ਵੀ ਸਮੀਖਿਆ ਕਰਨ ‘ਤੇ, ਪੱਛਮ ਦੇ ਸਾਮਰਾਜੀ ਬਿਰਤਾਂਤ ਦੀ ਬਾਰੀਕੀ ਵਿਚ ਨਿਸ਼ਾਨਦੇਹੀ ਕਰਨ ‘ਤੇ ਇਤਰਾਜ਼ ਹੈ, ਦੂਜੇ ਪਾਸੇ ਉਹ ਪੱਛਮੀ ਫਿਲਾਸਫਰਾਂ ਦੀਆਂ ਫਾਸ਼ੀ ਰੁਚੀਆਂ ਦੇ ਵੇਰਵੇ ਸਾਂਝੇ ਕਰੀ ਜਾ ਰਹੇ ਹਨ! ਇੱਥੇ ਸਮਝਣ ਵਾਲ਼ੀ ਗੱਲ ਇਹ ਹੈ ਕਿ ਬਹੁਤ ਸਾਰੇ ਪੱਛਮੀ ਫਿਲਾਸਫਰ ਹਨ ਜੋ ਨਸਲਵਾਦ ਵਰਗੇ ਸੰਗੀਨ ਗੁਨਾਹ ਤੋਂ ਮੁਕਤ ਨਹੀਂ, ਪਰ ਉਨ੍ਹਾਂ ਦੀ ਫਲਸਫਾਨਾ ਦੇਣ ਨੂੰ ਛੁਟਿਆਇਆ ਨਹੀਂ ਜਾ ਸਕਦਾ।
ਪਰ ਬੱਲ ਦਾ ਮਸਲਾ ਹੈ ਕਿ ਉਨ੍ਹਾਂ ਨੂੰ ਕਾਲ਼ੇ ‘ਤੇ ਚਿੱਟੇ ਤੋਂ ਬਿਨਾਂ ਹੋਰ ਕੁਛ ਨਜ਼ਰ ਹੀ ਨਹੀਂ ਆਉਂਦਾ। ਜ਼ਿੰਦਗੀ ਦੀ ਖੂਬਸੂਰਤੀ ਇਸ ਦੀ ਵੰਨਸੁਵੰਨਤਾ ਵਿਚ ਹੈ, ਇਸ ਅੰਦਰਲੀਆਂ ਕਦੇ ਨਾ ਮੁੱਕਣ ਵਾਲ਼ੀਆਂ ਵਿਰੋਧਤਾਈਆਂ ਵਿਚ ਹੈ। ਜੀਵਨ ਦੇ ਇਸ ਹੁਸੀਨ ਤੱਤ ਦੀ ਸਿਫਤ-ਸਲਾਹ ਕਰਨ ਲਈ ਬੱਲ ਸਾਹਿਬ ਨੂੰ ਫਤਵੇਬਾਜ਼ੀ ਦੀ ਆਦਤ ‘ਤੇ ਕਾਬੂ ਪਾਉਣ ਦੀ ਲੋੜ ਹੈ, ਕ੍ਰੋਧ ਤੇ ਨਿਰਾਸ਼ਾ ਤੋਂ ਬਚਣ ਦੀ ਲੋੜ ਹੈ। ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਸਿਰਫ ਕਾਲ਼ਾ ਜਾਂ ਸਿਰਫ ਚਿੱਟਾ ਕੁੱਝ ਨਹੀਂ ਹੁੰਦਾ। ਪਰ ਦੁਨੀਆਂ ਦੇ ਬਹੁਰੰਗੀ ਖਾਸੇ ਪ੍ਰਤੀ ਅਪਣੱਤ ਦੀ ਭਾਵਨਾ ਪੈਦਾ ਕਰਨ ਦੀ ਥਾਂ ਉਹ ਐਸ ਜਾਂ ਔਸ ਟੀਸੀ ‘ਤੇ ਖੜ੍ਹ ਕੇ ਹੀ ਵੇਖਦੇ ਹਨ। ਜਿਵੇਂ ਪਹਿਲਾਂ ਜਾਗ੍ਰਤੀ ਫਲਸਫੇ ਪ੍ਰਤੀ ਆਲੋਚਨਾਤਮਕ ਨਜ਼ਰੀਆ ਰੱਖਣ ਵਾਲੇ ਫਿਲਾਸਫਰਾਂ ਨੂੰ ਫਾਸ਼ੀਵਾਦ ਦੇ ਖਾਤੇ ਪਾ ਅਪ੍ਰਸੰਗਿਕ ਕਰਾਰ ਦੇ ਦਿੱਤਾ, ਤੇ ਬਾਅਦ ਵਿਚ ਗੈਰ-ਪੱਛਮੀਆਂ ਵੱਲੋਂ ਕੀਤੀ ਜਾਗ੍ਰਤੀ ਫਲਸਫੇ ਦੀ ਸਮੀਖਿਆ ਦੇ ਆਧਾਰ ‘ਤੇ ਪੱਛਮ ਦੀ ਖੁੱਲ੍ਹੀ ਸਿਫਤ-ਸਲਾਹ ਸ਼ੁਰੂ ਕਰ ਦਿੱਤੀ।
ਬੱਲ ਦੇ ਜਾਗ੍ਰਤੀ ਫਲਸਫੇ ਨੂੰ ਸਹੀ ਠਹਿਰਾਉਣ ਦੇ ਜਜ਼ਬੇ ਅਤੇ ਇਸ ਦੇ ਹੱਕ ਵਿਚ ਦਲੀਲਾਂ ਦਾ ਮਿਆਰ ਵੀ ਵੇਖਣ ਵਾਲ਼ਾ ਹੈ। ਉਹ ਦੁਨੀਆਂ ਦੇ ਹੋਰ ਖਿੱਤਿਆਂ ਦੀਆਂ ਸਮੱਸਿਆਵਾਂ ਦੇ ਹਵਾਲੇ ਦੇ ਦੇ ਆਖ ਰਹੇ ਹਨ ਕਿ ਕੀ ਇਨ੍ਹਾਂ ਮੁਲਕਾਂ ਵਿਚਲੀਆਂ ਸਮੱਸਿਆਵਾਂ ਛੋਟੀਆਂ ਸਨ? ਉਥੇ ਕਿਹੜੀ ਐਨਲਾeਟਿਨਮੈਂਟ ਸੀ? ਉਨ੍ਹਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਕਿਸੇ ਨੇ ਨਹੀਂ ਕਿਹਾ ਕਿ ਜਾਗ੍ਰਤੀ ਜਾਂ ਐਨਲਾeਟਿਨਮੈਂਟ ਦੁਨੀਆਂ ਦੀ ਇੱਕੋ ਇੱਕ ਸਮੱਸਿਆ ਹੈ, ਨਾ ਹੀ ਕੋਈ ਇਹ ਆਖ ਰਿਹਾ ਹੈ ਕਿ ਪੱਛਮੀ ਜਗਤ ਤੋਂ ਬਾਹਰ ਕੋਈ ਸਮੱਸਿਆ ਹੈ ਹੀ ਨਹੀਂ। ਮੈਂ ਤਾਂ ਸਗੋਂ ਕਹਿ ਰਿਹਾਂ ਹਾਂ ਕਿ ਹਿੰਦੁਸਤਾਨ ਵਿਚ ਘੱਟ ਗਿਣਤੀਆਂ ‘ਤੇ ਢਹਿ ਰਿਹਾ ਕਹਿਰ ਹਿੰਸਾ ਦੀਆਂ ਸਭ ਤੋਂ ਕੋਝੀਆਂ ਮਿਸਾਲਾਂ ਵਿਚੋਂ ਇੱਕ ਹੈ।
ਦੂਜੇ ਪੱਖ ਤੋਂ ਵੇਖਿਆਂ, ਬੱਲ ਨੂੰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚਲੀਆਂ ਸਮੱਸਿਆਵਾਂ ਪੱਛਮੀ ਜਗਤ ‘ਚੋਂ ਪੈਦਾ ਹੋਏ ਸੰਕਟਾਂ ਨੂੰ ਜਾਇਜ਼ ਠਹਿਰਾਉਣ ਦਾ ਸਬੱਬ ਨਹੀਂ ਬਣ ਸਕਦੀਆਂ। ਇਸ ਤਰ੍ਹਾਂ ਦੀ ਪੈਂਤੜੇਬਾਜ਼ੀ ਦੀ ਬਜਾਏ ਉਹ ਕੋਈ ਦਲੀਲ ਪੇਸ਼ ਕਰਦੇ ਤਾਂ ਬਿਹਤਰ ਸੀ। ਪੱਛਮ ਪ੍ਰਤੀ ਕਿਸੇ ਵੀ ਆਲੋਚਨਾਤਮਕ ਪਹੁੰਚ ਨੂੰ ਯਭਲੀ ਆਦਿਕ ਗਰਦਾਨ ਦੇਣਾ ਕਿਸੇ ਮਸਲੇ ਦਾ ਹੱਲ ਨਹੀਂ, ਬੱਲ ਦੀ ਪਹੁੰਚ ਦੇ ਸੰਕਟ ਦਾ ਸਬੂਤ ਹੈ। ਮਸਲਾ ਅਸਲ ਵਿਚ ਇਹ ਹੈ ਕਿ ਦੁਨੀਆਂ ਦੇ ਬਹੁਤੇ ਹਿੱਸਿਆਂ ‘ਤੇ ਪੱਛਮੀ ਤਾਕਤਾਂ ਦਾ ਗ਼ਲਬਾ ਹੈ ਜਿਸ ਸਦਕਾ ਲੋਕਾਂ ਦੀਆਂ ਜ਼ਿੰਦਗੀਆਂ ਹਰ ਨਵੇਂ ਦਿਨ, ਨਵੇਂ ਤਰੀਕਿਆਂ ਨਾਲ ਦੁਸ਼ਵਾਰ ਹੋ ਰਹੀਆਂ ਹਨ। ਪੱਛਮ ਦੀ ਅਜਾਰੇਦਾਰੀ ਵਾਲ਼ੇ ਬਿਰਤਾਂਤ ਦਾ ਆਧਾਰ ਜਾਗ੍ਰਤੀ ਕਾਲ਼ ਦੇ ਫਲਸਫੇ ਵਿਚ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਇਸ ਫਲਸਫੇ ਪ੍ਰਤੀ ਆਲੋਚਨਾਤਮਕ ਪਹੁੰਚ ਅਪਨਾਉਣ ਦੀ ਲੋੜ ਹੈ ਜਿਸ ਲਈ ਉਤਰਆਧੁਨਕਿਤਾਵਾਦੀ ਤੇ ਉਤਰਸੰਰਚਨਾਵਾਦੀ ਫਲਸਫੇ ਮੱਦਦਗਾਰ ਸਾਬਤ ਹੁੰਦੇ ਹਨ। ਇਨ੍ਹਾਂ ਨੂੰ ਇੱਕ ਨਜ਼ਰੀਏ ਦੀ ਬਜਾਏ ਇੱਕ ਸ਼ੁਰੂਆਤੀ ਨੁਕਤੇ ਦੇ ਤੌਰ ‘ਤੇ ਅਪਨਾਇਆ ਜਾ ਸਕਦਾ ਹੈ। ਜੇ ਬੱਲ ਸਾਹਿਬ ਇਨ੍ਹਾਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਤਾਂ ਇਹ ਉਨ੍ਹਾਂ ਦਾ ਹੱਕ ਹੈ, ਪਰ ਉਹ ਆਪਣੇ ਨਜ਼ਰੀਏ ਦੇ ਹੱਕ ਵਿਚ ਕੋਈ ਤਰਕਸੰਗਤ ਦਲੀਲ ਜਰੂਰ ਪੇਸ਼ ਕਰਨ। ਖਾਹਮਖਾਹ ਦਾ ਖਿਲ੍ਹਾਰਾ ਨਾ ਕਿਸੇ ਨੁਕਤੇ ਨੂੰ ਸਪੱਸ਼ਟ ਕਰਦਾ ਹੈ, ਨਾ ਹੀ ਕਿਸੇ ਨੁਕਤਾਨਿਗਾਹ ਨੂੰ ਰੱਦ ਕਰਦਾ ਹੈ।
ਯੂਰਪ ਵਿਚ ਹੋਈਆਂ ਈਸਾਈਆਂ ਦੀਆਂ ਆਪਸੀ ਜੰਗਾਂ ਨੂੰ ਬੱਲ ਸਾਹਿਬ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹਰ ਵਿਅਕਤੀ ਸਿਰ ਮੜ੍ਹ ਦਿੰਦੇ ਹਨ। ਉਹ ਜ਼ਰਾ ਦੱਸਣ ਕਿ ਵੀਹਵੀਂ ਸਦੀ ਵਿਚ ਹੋਈਆਂ ਦੋ ਸੰਸਾਰ ਜੰਗਾਂ ਕੀਹਦੇ ਖਾਤੇ ਪੈਂਦੀਆਂ ਹਨ? ਕੀ ਦੁਨੀਆਂ ਭਰ ਦੇ ਸੈਕੂਲਰ ਲੋਕਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ? ਕੀ ਸੈਕੂਲਰਵਾਦ ਦੀ ਹਾਮੀ ਭਰਨ ਵਾਲੇ ਕਿਸੇ ਵੀ ਵਿਅਕਤੀ ਦਾ ਮੂੰਹ ਇਨ੍ਹਾਂ ਦੋ ਭਿਆਨਕ ਜੰਗਾਂ ਦੇ ਆਧਾਰ ‘ਤੇ ਬੰਦ ਕੀਤਾ ਜਾਣਾ ਜਾਇਜ਼ ਹੈ? ਕੀ ਸਟਾਲਿਨ ਹੱਥੋਂ ਮਾਰੇ ਗਏ ਲੱਖਾਂ-ਕਰੋੜਾਂ ਲੋਕਾਂ ਦੇ ਹਵਾਲੇ ਨਾਲ ਮਾਰਕਸਵਾਦ ਦੀ ਹਾਮੀ ਭਰਨ ਵਾਲ਼ੇ ਕਿਸੇ ਵੀ ਸ਼ਖਸ ਨੂੰ ਦੋਸ਼ੀ ਕਰਾਰ ਦੇਣਾ ਠੀਕ ਹੈ? ਦੁਨੀਆਂ ਵਿਚ ਸਭ ਤੋਂ ਵੱਡੇ ਨਰਸੰਘਾਰ ਲਈ ਈਸਾਈ ਜਾਂ ਸੈਕੂਲਰ ਧਿਰਾਂ ਜ਼ਿੰਮੇਵਾਰ ਹਨ। ਸੈਕੂਲਰਵਾਦ ਇਸਾਈਆਤ ਦਾ ਹੀ ਵੱਖਰਾ ਰੂਪ ਹੈ। ਇਹ ਸੱਚਾਈ ਤਸਲੀਮ ਕਰਨ ਦੀ ਲੋੜ ਹੈ ਕਿ ਧਰਤੀ ‘ਤੇ ਜਿਹੜਾ ਕਹਿਰ ਪੱਛਮੀ ਜਗਤ ਨੇ ਵਰਤਾਇਆ ਉਸ ਦੀ ਭਿਆਨਕਤਾ ਦੀ ਕੋਈ ਹੱਦ ਨਹੀਂ। ਪਰ ਮੈਂ ਇਸ ਨੂੰ ਪੱਛਮ ਤੱਕ ਮਹਿਦੂਦ ਨਹੀਂ ਕਰ ਰਿਹਾ। ਇਹ ਸਪੱਸ਼ਟ ਹੈ ਕਿ ਸ਼ੰਕਰ ਦੀ ਅਗਵਾਈ ਵਿਚ ਹੋਇਆ ਬੋਧੀਆਂ ਦਾ ਕਤਲੇਆਮ ਕਿਸੇ ਵੀ ਤਰ੍ਹਾਂ ਘੱਟ ਭਿਆਨਕ ਨਹੀਂ। ਹਿੰਦੁਸਤਾਨ ਦੇ ਆਲ਼ੇ ਦੁਆਲ਼ੇ ਸਾਰੇ ਮੁਲਕਾਂ ਵਿਚ ਬੋਧੀ ਵੱਡੀ ਗਿਣਤੀ ਵਿਚ ਮੌਜੂਦ ਹਨ, ਪਰ ਜਿੱਥੇ ਬੁੱਧ ਮੱਤ ਪੈਦਾ ਹੋਇਆ ਉਥੋਂ ਉਸ ਦਾ ਅਸਲੋਂ ਹੀ ਸਫਾਇਆ ਹੋ ਜਾਣਾ, ਦੱਸ ਪਾਉਂਦਾ ਹੈ ਕਿ ਨਸਲਕੁਸ਼ੀ ਕਿੰਨੇ ਵੱਡੇ ਪੈਮਾਨੇ ‘ਤੇ ਹੋਈ ਹੋਵੇਗੀ।
ਪਰ ਬੋਧੀਆਂ ਜਾਂ ਸਿੱਖਾਂ ਦੀ ਨਸਲਕੁਸ਼ੀ ਲਈ ਹਾਅ ਦਾ ਨਾਅਰਾ ਮਾਰਨ ਦੀ ਥਾਂ ਕਿਸੇ ਹੋਰ ਮੁਲਕ ਦੀ ਕਤਲੋਗਾਰਤ ‘ਤੇ ਅੱਥਰੂ ਕੇਰਨੇ ਸੌਖੇ ਹਨ, ਖਾਸ ਕਰਕੇ ਉਦੋਂ ਜਦੋਂ ਬੰਦਾ ਉਸ ਨਸਲਕੁਸ਼ੀ ਲਈ ਜ਼ਿੰਮੇਵਾਰ ਧਿਰ ਬਾਰੇ ਇੱਕ ਲਫਜ਼ ਵੀ ਨਾ ਬੋਲੇ।
ਬੱਲ ਸਾਹਿਬ ਆਰਮੀਨੀਆਈ ਨਸਲਕੁਸ਼ੀ ਦਾ ਵਾਰ-ਵਾਰ ਜ਼ਿਕਰ ਕਰਦੇ ਹਨ ਜਿਸ ਲਈ Ḕਯੰਗ ਟਰਕḔ ਜ਼ਿੰਮੇਵਾਰ ਸਨ। Ḕਯੰਗ ਟਰਕḔ ਆਪਣੇ ਆਪ ਨੂੰ ਪ੍ਰਗਤੀਵਾਦੀ ਕਹਾਉਣ ਵਾਲ਼ੇ ਯੂਨੀਵਰਸਿਟੀਆਂ ਦੇ ਨੌਜਵਾਨਾਂ ਦੀ ਧਿਰ ਸੀ ਜਿਹੜੀ 1908 ਦੇ ḔਇਨਕਲਾਬḔ ਤੋਂ ਬਾਅਦ ਸੱਤਾ ਵਿਚ ਆਈ। ਉਹ ਇਸ ਦੁਖਾਂਤਕ ਕਤਲੋਗਾਰਤ ਤੇ ਰੋਸ ਤਾਂ ਜਤਾ ਰਹੇ ਹਨ, ਪਰ ਇਸ ਲਈ ਜ਼ਿੰਮੇਵਾਰ ਕਿਸ ਨੂੰ ਠਹਿਰਾ ਰਹੇ ਹਨ? ਮਾਸੂਮਾਂ ਦੀ ਕਾਤਲ ਜਾਬਰ ਧਿਰ ਨੂੰ ਜ਼ਿੰਮੇਵਾਰ ਠਹਿਰਾਏ ਬਗੈਰ ਅਜਿਹੇ ਜ਼ੁਲਮ ‘ਤੇ ਰੁਦਨ ਕਰਨ ਦਾ ਕੀ ਅਰਥ ਹੈ?
ਬੱਲ ਦੀ ਆਤਮਾ ‘ਤੇ ਇਹ ਕਹਿੰਦਿਆਂ ਕੋਈ ਬੋਝ ਨਹੀਂ ਪੈਂਦਾ ਕਿ ‘ਘੱਟੋ-ਘੱਟ ਭਾਰਤ ਦੇਸ਼ ਅੰਦਰ ਇਨਾ ਤਾਂ ਹੈ ਹੀ ਕਿ ਸੱਜਣ ਕੁਮਾਰ ਵਰਗੇ ਰਾਖਸ਼ ਪਿਛਲੇ 30 ਵਰ੍ਹਿਆਂ ਤੋਂ ਦੋਸ਼ੀਆਂ ਵਾਲੇ ਕਟਹਿਰੇ ਵਿਚ ਦੁਬਕੇ ਖੜ੍ਹੇ ਹਨ।Ḕ ਮਨੁੱਖਤਾ ਦੇ ਦਰਦ ਵਿਚ ਹਰਦਮ ਅੱਥਰੂ ਕੇਰਨ ਦਾ ਦਾਅਵਾ ਕਰਨ ਵਾਲ਼ੇ ਬੱਲ ਨੂੰ ਕੀ ਕੋਈ ਮਾੜਾ-ਮੋਟਾ ਅਹਿਸਾਸ ਹੈ ਕਿ ਅਜਿਹਾ ਕਹਿ ਕੇ ਉਹ ਕੀ ਕਰ ਰਹੇ ਹਨ? ਦਿੱਲੀ ਦੀ ਨਸਲਕੁਸ਼ੀ ਤੋਂ ਪੀੜਤ ਸਿੱਖਾਂ ਨੂੰ ਐਨਾ ਕੋਝਾ ਮਖੌਲ ਕਰਨ ਪਿੱਛੇ ਉਨ੍ਹਾਂ ਦੀ ਕੀ ਮਜਬੂਰੀ ਹੈ? ਜੇ ਕਮਾਲ ਪਾਸ਼ਾ ਅਤਿ ਦਰਜੇ ਦਾ ਬੇਕਿਰਕ ਬੰਦਾ ਸੀ ਤਾਂ ਕੀ ਇਸ ਨਾਲ ਦਿੱਲੀ ਵਿਚ ਸਿੱਖਾਂ ‘ਤੇ ਹੋਏ ਜ਼ੁਲਮ ਦੀ ਭਿਆਨਕਤਾ ਘਟ ਜਾਂਦੀ ਹੈ? ਸਿੱਖਾਂ ਦੇ ਮਸਲੇ ‘ਤੇ ਆ ਕੇ ਸਾਰੀਆਂ ਮਨੁੱਖੀ ਕਦਰਾਂ ਕੀਮਤਾਂ ਭੁੱਲ਼ ਹੀ ਕਿਉਂ ਜਾਂਦੀਆਂ ਹਨ? ਬੱਲ ਜ਼ਰਾ ਸਮਝਾਉਣ ਦੀ ਖੇਚਲ ਤਾਂ ਕਰੇ ਕਿ ਜੋ ਕੁੱਝ ਸਿੱਖਾਂ ਨਾਲ ਹੋਇਆ ਉਸ ਨੂੰ ਘੱਟ ਜ਼ੁਲਮ ਕਿਵੇਂ ਕਿਹਾ ਜਾ ਸਕਦਾ ਹੈ? ਕੀ ਇਹ ਸਾਬਤ ਕਰਨ ਦੀ ਲੋੜ ਹੈ ਕਿ ਸਿੱਖਾਂ ਨੇ ਅਜਿਹਾ ਕੋਈ ਗੁਨਾਹ ਨਹੀਂ ਸੀ ਕੀਤਾ ਜਿਸ ਸਦਕਾ ਉਨ੍ਹਾਂ ਦੀ ਅਜਿਹੀ ਭਿਅੰਕਰ ਨਸਲਕੁਸ਼ੀ ਨੂੰ ਜਾਇਜ਼ ਜਾਂ ਘੱਟ ਭਿਅੰਕਰ ਕਿਹਾ ਜਾ ਸਕੇ? ਕੀ ਇਹ ਦੱਸਣ ਦੀ ਲੋੜ ਹੈ ਕਿ ਸਿੱਖਾਂ ਨੇ ਹਿੰਦੁਸਤਾਨੀਆਂ ਦਾ ਭਲਾ ਹੀ ਕੀਤਾ ਸੀ, ਉਨ੍ਹਾਂ ਦੇ ਹਿੰਦੁਸਤਾਨੀਆਂ ਸਿਰ ਅਹਿਸਾਨ ਹੀ ਅਹਿਸਾਨ ਸਨ? ਕੀ ਬੱਲ ਲਈ ਹਿੰਦੂਤਵੀਆਂ ਵੱਲੋਂ ਸਿੱਖਾਂ ਦਾ ਹੁਣ ਤੱਕ ਕੀਤਾ ਵਢਾਂਗਾ ਕਾਫੀ ਨਹੀਂ? ਕੀ ਉਹ ਸਿੱਖਾਂ ਦੀ ਆਰਮੀਨੀਆਈ ਲੋਕਾਂ ਵਰਗੀ ਨਸਲਕੁਸ਼ੀ ਤੋਂ ਬਾਅਦ ਹੀ ਸਿੱਖਾਂ ਦੇ ਹੱਕ ਵਿਚ ਬੋਲਣ ਨੂੰ ਜਾਇਜ਼ ਸਮਝਦੇ ਹਨ?
ਗੁਰਦਿਆਲ ਬੱਲ ਦੇ Ḕਗਲਤ ਜਾਂ ਸਹੀḔ ਨੂੰ ਮਾਪਣ ਦੇ ਪੈਮਾਨੇ ਵੇਖਣ ਵਾਲ਼ੇ ਹੀ ਹਨ। ਇਸ ਦੀ ਇੱਕ ਮਿਸਾਲ ਉਨ੍ਹਾਂ ਦੀਆਂ ਫਰੈਂਜ਼ ਫੈਨਾਨ ਅਤੇ ਅਲਜੀਰੀਅਨ ਖਾਨਾਜੰਗੀ ਬਾਰੇ ਟਿੱਪਣੀਆਂ ਹਨ। ਬੱਲ ਦਾ ਕਹਿਣਾ ਹੈ ਕਿ ਫੈਨਾਨ ‘ਦੱਬੀ ਕੁਚਲੀ ਲੋਕਾਈ ਦੀ ਆਪਮੁਹਾਰੀ ਹਿੰਸਾ ਦੀਆਂ ਸਿਰਜਣਾਤਮਕ ਸੰਭਾਵਨਾਵਾਂ ਨੂੰ ਆਪਣੀ ਕਲਮ ਦੀ ਪੂਰੀ ਤਾਕਤ ਨਾਲ ਰੁਮਾਂਟੀਸਾਇਜ਼ ਕਰਦਾ ਹੈ।Ḕ ਇਹ ਫੈਨਾਨ ਦੀ ਲਿਖਤ ਦੀ ਬਹੁਤ ਹੀ ਸਿੱਧੜ ਜਿਹੀ ਪੜ੍ਹਤ ਹੀ ਨਹੀਂ, ਉਸ ਦੀ ਗੱਲ ਨੂੰ ਸੰਦਰਭ ਵਿਚੋਂ ਬਾਹਰ ਕੱਢ ਕੇ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਹੈ। ਫੈਨਾਨ ਬਸਤੀਵਾਦੀ ਹਿੰਸਾ ਦੀਆਂ ਸੂਖਮ ਤੰਦਾਂ ਨੂੰ ਉਨ੍ਹਾਂ ਦੇ ਧੁਰ ਅੰਦਰ ਤੱਕ ਜਾ ਕੇ ਫੜਦਾ ਹੈ ਤੇ ਇਸ ਹਿੰਸਾ ਦੇ ਘਾਤਕਪੁਣੇ ਦੇ ਸਭ ਪਰਦੇ ਚਾਕ ਕਰ ਇਸ ਅੰਦਰਲ਼ੀ ਜ਼ਾਲਮਾਨਾ ਬਿਰਤੀ ਨੂੰ ਬੇਨਕਾਬ ਕਰਦਾ ਹੈ। ਉਹ ਇਸ ਹਿੰਸਾ ਪ੍ਰਤੀ ਮੋੜਵੇਂ ਵਾਰ ਦੀ ਰੂਪ-ਰੇਖਾ ਇਸ ਦੇ ਖਾਸ ਸੰਦਰਭ ਵਿਚ ਹੀ ਪੇਸ਼ ਕਰਦਾ ਹੈ ਤੇ ਦੱਸਦਾ ਹੈ ਕਿ ਉਨ੍ਹਾਂ ਖਾਸ ਹਾਲਾਤ ਵਿਚ ਬਸਤੀਵਾਦੀ ਜ਼ੁਲਮ ਦੀ ਨਪੀੜੀ ਧਿਰ ਕੋਲ਼ ਬਹੁਤੀ ਚੋਣ ਨਹੀਂ ਹੁੰਦੀ। ਜੇ ਜੰਗਜੂ ਰਾਹ ਇੱਕੋ-ਇੱਕ ਚੋਣ ਹੈ ਤਾਂ ਇਹ ਅਪਨਾਉਣਾ ਪੈਣਾ ਹੈ, ਤੇ ਇਸ ਨੂੰ ਪੂਰੀ ਸ਼ਾਨ ਨਾਲ ਅਪਨਾਉਣਾ ਹੀ ਸਹੀ ਤਰੀਕਾ ਹੈ। ਪਰ ਬੱਲ ਜੀ ਇਹਨੂੰ ਇਉਂ ਪੇਸ਼ ਕਰ ਰਹੇ ਹਨ ਜਿਵੇਂ ਹਿੰਸਾ ਉਨ੍ਹਾਂ ਲੋਕਾਂ ਦਾ ਵਿਹਲੇ ਵੇਲ਼ੇ ਦਾ ਸ਼ੁਗਲ ਹੋਵੇ, ਲਿਤਾੜੀ ਧਿਰ ਦੀਆਂ ਜ਼ਮੀਨੀ ਹਕੀਕਤਾਂ ਵੱਲ ਕੋਈ ਤਵੱਜੋ ਹੀ ਨਹੀਂ ਦੇ ਰਹੇ।
1991 ਤੋਂ 1998 ਦਰਮਿਆਨ ਹੋਈ ਅਲ਼ਜੀਰੀਅਨ ਖਾਨਾਜੰਗੀ ਬਾਰੇ ਬੱਲ ਦਾ ਕਹਿਣਾ ਹੈ, ‘ਸਾਲ 1991 ਤੋਂ 1998 ਤੱਕ ਅਲਜੀਰੀਆ ਅੰਦਰ ਸਿਰੇ ਦੀ ਭਿਆਨਕ ਖਾਨਾਜੰਗੀ ਸ਼ੁਰੂ ਹੋ ਜਾਂਦੀ ਹੈ।Ḕ ਉਨ੍ਹਾਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਖਾਨਾਜੰਗੀ ਆਪਮੁਹਾਰੇ ਫੁੱਟਿਆ ਕੋਈ ਲਾਵਾ ਹੋਵੇ। ਪਰ ਜੇ ਇਸ ਦੇ ਇਤਿਹਾਸਕ ਵੇਰਵਿਆਂ ‘ਤੇ ਨਿਗ੍ਹਾ ਮਾਰੀਏ ਤਾਂ ਗੱਲ ਕੁਛ ਹੋਰ ਹੀ ਨਿਕਲਦੀ ਹੈ। ਹੋਇਆ ਇਹ ਕਿ ਦਸੰਬਰ 1991 ਦੀਆਂ ਚੋਣਾਂ ਦੌਰਾਨ ਇਸਲਾਮੀ ਧਿਰਾਂ ਚੋਣਾਂ ਜਿੱਤਣ ਵੱਲ ਵਧ ਰਹੀਆਂ ਸਨ। ਨੈਸ਼ਨਲ ਲਿਬਰੇਸ਼ਨ ਫਰੰਟ ਵਾਲ਼ਿਆਂ ਨੇ ਇਸਲਾਮੀ ਧਿਰਾਂ ਦੀ ਜਿੱਤ ਤੋਂ ਘਬਰਾਉਂਦਿਆਂ ਪਹਿਲੇ ਦੌਰ ਤੋਂ ਬਾਅਦ ਚੋਣਾਂ ਮੁਲਤਵੀ ਕਰ ਦਿੱਤੀਆਂ। ਇਸ ਦੇ ਨਾਲ ਹੀ ਫੌਜ ਸੱਤਾ ਤੇ ਕਾਬਜ਼ ਹੋ ਗਈ। ਇਸਲਾਮੀ ਧਿਰਾਂ ਨੇ ਗੁਰੀਲਾ ਜੰਗ ਛੇੜ ਦਿੱਤੀ ਅਤੇ ਫੌਜ ਨੇ ਜਮਹੂਰੀਅਤ ਬਹਾਲ ਕਰਨ ਦੀ ਬਜਾਏ ਇਸ ਨੂੰ ਬੇਕਿਰਕੀ ਨਾਲ ਕੁਚਲਣ ਦਾ ਰਾਹ ਫੜ ਲਿਆ। ਇਹ ਬੇਮੁਹਾਰੀ ਹਿੰਸਾ ਇਕ ਬਦਕਿਸਮਤ ਵਰਤਾਰਾ ਹੈ, ਪਰ ਇੱਥੇ ਵੀ ਜਮਹੂਰੀ ਅਮਲ ਵਿਚ ਸੈਕੂਲਰ ਧਿਰ ਵਿਘਨ ਪਾਉਂਦੀ ਹੈ। ਫਰੈਂਜ਼ ਫੈਨਾਨ ਨੂੰ ਅਜਿਹੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਣਾ ਤਾਂ ਇਉਂ ਹੈ ਜਿਵੇਂ ਸੰਤਾਲੀ ਦੀ ਵੰਡ ਵੇਲ਼ੇ ਹੋਈ ਹਿੰਸਾ ਲਈ ਕੋਈ ਗਦਰੀ ਬਾਬਿਆਂ ਨੂੰ ਜ਼ਿੰਮੇਵਾਰ ਠਹਿਰਾਏ।
ਇੱਕ ਵਾਰ ਸਾਰੀ ਗੱਲ ‘ਤੇ ਮੁੜ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਕਿ ਬੱਲ ਦੇ ਇਸ ਲੇਖ ਵਿਚ ਅਸਲ ਵਿਚ ਹੋਇਆ ਕੀ? ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਅਕਾਲੀ ਦਲ ਦੀਆਂ ਆਧੁਨਕਿਤਾਵਾਦੀ ਬੁਨਿਆਦਾਂ ਦੇ ਵਿਸ਼ਲੇਸ਼ਣ ਤਰਕਸੰਗਤ ਨਹੀਂ ਕਿਉਂਕਿ ਉਹ ਉਤਰ-ਬਸਤੀਵਾਦੀ ਬਿਰਤਾਂਤ ਨਾਲ ਸਹਿਮਤੀ ਨਹੀਂ ਰੱਖਦੇ। ਉੁਹ ਉਤਰ-ਬਸਤੀਵਾਦੀ ਬਿਰਤਾਂਤ ਨਾਲ ਸਹਿਮਤੀ ਇਸ ਲਈ ਨਹੀਂ ਰੱਖਦੇ ਕਿ ਉਹ ਇਸਦਾ ਆਧਾਰ ਮੁਹੱਈਆ ਕਰਾਉਣ ਵਾਲ਼ੇ ਫਿਲਾਸਫਰਾਂ ਫੂਕੋਅ ਅਤੇ ਸਈਦ ਨਾਲ ਹੀ ਸਹਿਮਤ ਨਹੀਂ। ਨਾ ਬੱਲ ਨੇ ਇਹ ਸਪੱਸ਼ਟ ਕੀਤਾ ਕਿ ਮੈਂ ਮਹਿਜ਼ ਆਧੁਨਿਕਤਾਵਾਦ ਦੀ ਸਮੀਖਿਆ ਕਰਨ ਨਾਲ ਉਤਰ-ਬਸਤੀਵਾਦੀ ਕਿਵੇਂ ਹੋ ਗਿਆ? ਨਾ ਇਹ ਦੱਸਿਆ ਕਿ ਫੂਕੋਅ ਅਤੇ ਸਈਦ ਦਾ ਫਲਸਫਾ ਹੈ ਕੀ ਤੇ ਬੱਲ ਦੀ ਉਸ ਨਾਲ ਅਸਹਿਮਤੀ ਦਾ ਆਧਾਰ ਕੀ ਹੈ? ਬੱਸ ਬਹੁਤ ਸਾਰੀਆਂ ਗੱਲਾਂ ਦਾ ਲੰਮਾ ਚੌੜਾ ਖਿਲ੍ਹਾਰਾ ਪਾ ਲਿਆ। ਇਸ ਸਾਰੇ Ḕਚੋਂ ਕੀ ਸੁਨੇਹਾ ਕੱਢੀਏ ਕਿ ਦੁਨੀਆਂ ਦੇ ਸਾਹਿਤ, ਫਲਸਫੇ, ਤੇ ਸਿਆਸਤ ਦਾ ਲੰਮਾ-ਚੌੜਾ ਗਿਆਨ ਰੱਖਣ ਵਾਲ਼ਾ ਇੱਕ ਬੰਦਾ ਗੁਰਦਿਆਲ ਬੱਲ ਕਹਿੰਦਾ ਹੈ ਕਿ ਸਿੱਖਾਂ ਵੱਲੋਂ ਆਪਣੇ ਬੀਤੇ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨਾ ਜਾਇਜ਼ ਨਹੀਂ? ਸਿੱਖਾਂ ਦੇ ਧਾਰਮਿਕ, ਸੱਭਿਆਚਾਰਕ, ਸਿਆਸੀ, ਤੇ ਸਮਾਜਕ ਸਰੋਕਾਰਾਂ ਦੀ ਸਿਰਫ ਇਸ ਲਈ ਕੋਈ ਤੁਕ ਨਹੀਂ ਬਣਦੀ ਕਿ ਇਸ ਨੂੰ ਬੱਲ ਨੇ ਵਿਚਾਰਧਾਰਕ ਸੁਪਨਸਾਜ਼ੀ ਗਰਦਾਨ ਦਿੱਤਾ? ਵੇਖਣ ਵਾਲ਼ੀ ਗੱਲ ਹੈ ਕਿ ਬੱਲ ਸਿੱਖ ਸਰੋਕਾਰਾਂ ਨੂੰ ਉਨ੍ਹਾਂ ਫਲਸਫਿਆਂ ਦੇ ਆਧਾਰ ‘ਤੇ ਵਿਚਾਰਧਾਰਕ ਸੁਪਨਸਾਜ਼ੀ ਕਹਿ ਕੇ ਛੁਟਿਆ ਰਿਹਾ ਹੈ ਜਿਨ੍ਹਾਂ ਦੀ ਸ਼ਾਇਦ ਉਹਨੂੰ ਆਪ ਨੂੰ ਕੋਈ ਸਮਝ ਨਹੀਂ। ਬੱਲ ਵਰਗੇ ਬੰਦੇ ਸਿਰਫ ਸਿੱਖਾਂ ਅਤੇ ਪੰਜਾਬ ਦੇ ਹਿੱਤਾਂ ਨਾਲ ਬੇਗਾਨਗੀ ਹੀ ਨਹੀਂ ਪਾਲ਼ ਰਹੇ, ਸਗੋਂ ਸਾਨੂੰ ਜ਼ਲਾਲਤ ਭਰੀ ਤਬਾਹੀ ਦੇ ਮੂੰਹ ਧੱਕਣ ਵਾਲ਼ੀ ਹਿੰਦੁਸਤਾਨੀ ਸਥਾਪਤੀ ਦੇ ਹੱਕ ਵਿਚ ਵੀ ਭੁਗਤ ਰਹੇ ਹਨ।
ਮੈਂ ਕਹਿ ਰਿਹਾ ਹਾਂ ਕਿ ਹਿੰਦੁਸਤਾਨ ਵਿਚ ਸਿੱਖਾਂ ਨੂੰ ਆਰਮੀਨੀਆ ਵਰਗੀ ਨਸਲਕੁਸ਼ੀ ਦੇ ਮੂੰਹ ਧੱਕਣ ਦੇ ਮਨਸੂਬੇ ਹੋ ਰਹੇ ਹਨ। ਸਿੱਖਾਂ ਦੀ ਇਹ ਲੋੜ ਹੈ ਕਿ ਉਹ ਛੇਤੀ ਤੋਂ ਛੇਤੀ ਇਸ ਬਾਰੇ ਚੇਤੰਨ ਹੋਣ ਤੇ ਆਪਣੇ ਬਚਾਅ ਦੇ ਸਾਧਨ ਤਿਆਰ ਕਰਨ। ਮਜ਼ਲੂਮ ਬਣਕੇ ਅਸੀਂ ਆਪਣਾ ਬਚਾਅ ਨਹੀਂ ਕਰ ਸਕਦੇ। ਜਿਹੜੇ ਇਹ ਕਹਿੰਦੇ ਹਨ ਕਿ ਅਜਿਹਾ ਖਦਸ਼ਾ ਜ਼ਾਹਰ ਕਰਨਾ ਵੀ ਗੁਨਾਹ ਹੈ, ਅਸਲ ਵਿਚ ਅਜਿਹੀ ਨਸਲਕੁਸ਼ੀ ਲਈ ਰਾਹ ਪੱਧਰਾ ਕਰ ਰਹੇ ਹਨ। ਬੱਲ ਹੁਰੀ ਸਿੱਖਾਂ ਦੇ ਸਰੋਕਾਰਾਂ ਨੂੰ ਇਸ ਆਧਾਰ ਤੇ ਨਿਗੂਣਾ ਆਖਦੇ ਹਨ ਕਿ ਉਹ ਮਾਰਕਸਵਾਦੀ ਹਨ, ਸੈਕੂਲਰ ਹਨ, ਤੇ ਸਿੱਖਾਂ ਦੇ ਮਸਲੇ ਧਰਮ ਆਧਾਰਤ ਹਨ। ਉਨ੍ਹਾਂ ਮੁਤਾਬਕ ਧਰਮ ਦੇ ਮੁਕਾਬਲੇ ਸੈਕੂਲਰ ਪਹੁੰਚ ਵਾਲ਼ਾ ਮਾਰਕਸਵਾਦ ਉਤਮ ਰਾਹ ਹੈ। ਪਰ ਸਵਾਲ ਹੈ ਕਿ ਬੱਲ ਨੂੰ ਧਰਮ, ਸੈਕੂਲਰਵਾਦ, ਜਾਂ ਮਾਰਕਸਵਾਦ ਦੀ ਕਿੰਨੀ ਕੁ ਸਮਝ ਹੈ? ਜੇ ਹੈ ਤਾਂ ਉਸਨੇ ਇਹ ਸਮਝ ਸਾਂਝੀ ਕਿਉਂ ਨਹੀਂ ਕੀਤੀ? ਜੇ ਨਹੀਂ, ਤਾਂ ਇਹ ਬੰਦੇ ਸਿੱਖਾਂ ਨਾਲ ਵਿਰੋਧ ਪਾਲ਼ ਕੇ ਸਿੱਧ ਕੀ ਕਰਨਾ ਚਾਹੁੰਦੇ ਹਨ? ਕਿਉਂ ਇਨ੍ਹਾਂ ਨੂੰ ਭਾਰਤੀ ਹਕੂਮਤ ਤੋਂ ਦੋ ਕਦਮ ਅਗਾਂਹ ਹੋ ਕੇ ਸਿੱਖਾਂ ਦਾ ਵਿਰੋਧ ਕਰਨ ਦੀ ਲੱਲੀ ਲੱਗੀ ਰਹਿੰਦੀ ਹੈ? ਕਿਹੜੇ ਮਾਨਸਕ ਦਬਾਅ ਇਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੇ ਹਨ?
ਗੁਰਦਿਆਲ ਬੱਲ ਨੇ ਆਪਣੇ ਲੇਖ ਦੇ ਸ਼ੁਰੂ ਵਿਚ ਇਹ ਪ੍ਰਭਾਵ ਦਿੱਤਾ ਹੈ ਕਿ ਉਨ੍ਹਾਂ ਦੀ ਵਿਚਾਰਅਧੀਨ ਮੁੱਦਿਆਂ ਦੀ ਜੜ ਫੜ੍ਹ ਕੇ ਗੰਭੀਰ ਫਲਸਫਾਨਾ ਸੰਵਾਦ ਰਚਾਉਣ ਵਿਚ ਦਿਲਚਸਪੀ ਹੈ ਪਰ ਲੇਖ ਪੜ੍ਹਨ ਤੋਂ ਬਾਅਦ ਅਜਿਹਾ ਕੋਈ ਪ੍ਰਭਾਵ ਨਹੀਂ ਮਿਲਦਾ। ਉਨ੍ਹਾਂ ਨੇ ਕਿਸੇ ਵੀ ਫਿਲਾਸਫਰ ਦੇ ਚਿੰਤਨ ਦਾ ਵਿਸ਼ਲੇਸ਼ਣ ਪੇਸ਼ ਨਹੀਂ ਕੀਤਾ। ਫਿਲਾਸਫਰਾਂ ਬਾਰੇ ਪ੍ਰਚਲਿਤ ਧਾਰਨਾਵਾਂ ਵਰਤ ਕੇ, ਉਨ੍ਹਾਂ ਦੀਆਂ ਜੀਵਨੀਆਂ ‘ਚੋਂ ਟੋਟਕੇ ਸੁਣਾ ਕੇ, ਡੰਗ ਟਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕਰਨਾ ਸੰਵਾਦ ਪ੍ਰਤੀ ਸੰਜੀਦਗੀ ਦੀ ਦੱਸ ਨਹੀਂ ਪਾਉਂਦਾ, ਸਗੋਂ ਇਹੀ ਦਰਸਾਉਂਦਾ ਹੈ ਕਿ ਬੱਲ ਕਿਸੇ ਵੀ ਹੀਲੇ ਆਪਣੀ ਗੱਲ ਸਹੀ ਸਿੱਧ ਕਰਨ ਲਈ ਬਜ਼ਿੱਦ ਹੈ, ਭਾਵੇਂ ਇਸ ਲਈ ਬਹੁਤ ਸਾਰੇ ਵਿਸ਼ਿਆਂ ਬਾਰੇ ਤਰਦੀ-ਤਰਦੀ ਜਾਣਕਾਰੀ ਉਲ਼ੱਦ ਕੇ ਪਾਠਕਾਂ ਨੂੰ ਭੰਬਲਭੂਸੇ ਵਿਚ ਹੀ ਪਾਉਣਾ ਪਵੇ। ਇਹ ਮੁੱਦੇ ਮਹਿਜ਼ ਵਿਚਾਰ-ਚਰਚਾ ਦਾ ਸ਼ੁਗਲ ਪੂਰਾ ਕਰਨ ਲਈ ਹਾਸਲ ਮਸਲੇ ਨਹੀਂ। ਇਹ ਲੋਕਾਂ ਦੀ ਹੋਣੀ ਨਾਲ਼, ਉਨ੍ਹਾਂ ਦੇ ਭਵਿੱਖ ਨਾਲ ਜੁੜੇ ਹੋਏ ਸੁਆਲ ਹਨ। ਇਨ੍ਹਾਂ ਸੁਆਲਾਂ ਪ੍ਰਤੀ ਸਾਡੀ ਵੱਖ-ਵੱਖ ਰਾਇ ਹੋ ਸਕਦੀ ਹੈ, ਸਾਨੂੰ ਆਪੋ-ਆਪਣੀ ਰਾਇ ਸਾਂਝੀ ਕਰਨ ਦਾ ਹੱਕ ਵੀ ਹੈ, ਪਰ ਇਨ੍ਹਾਂ ਸੁਆਲਾਂ ਨਾਲ ਖਿਲਵਾੜ ਕਰਨਾ ਜਾਇਜ਼ ਨਹੀਂ ਹੈ। ਸੱਤਾ ਦੇ ਦਮਨਕਾਰੀ ਢਾਂਚੇ ਲੋਕਾਂ ਦਾ ਘਾਣ ਕਰ ਰਹੇ ਹਨ, ਉਨ੍ਹਾਂ ਦੀ ਜ਼ਿੰਦਗੀ ਦੇ ਅਰਥ ਬਦਲ ਰਹੇ ਹਨ, ਤੇ ਉਨ੍ਹਾਂ ਦੇ ਮਨਅੰਤਰ ‘ਤੇ ਕਾਬਜ਼ ਹੋ ਉਸ ਨੂੰ ਆਪਣੇ ਹਿਸਾਬ ਨਾਲ ਢਾਲ਼ ਰਹੇ ਹਨ। ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਕਰਨਯੋਗ ਨਹੀਂ। ਸੰਵਾਦ ਜ਼ਰੂਰੀ ਹੈ, ਪਰ ਇਸ ਪ੍ਰਤੀ ਦਿਆਨਤਦਾਰ ਹੋ ਕੇ ਨਿੱਤਰਨ ਲਈ ਕਾਫੀ ਕੁੱਝ ਲੋੜੀਦਾ ਹੈ। ਇਸ ਸਬੰਧ ਵਿਚ ਪ੍ਰਸੰਗਿਕ ਇਤਿਹਾਸ, ਫਲਸਫੇ ਤੇ ਸਾਹਿਤ ਆਦਿ ਦੇ ਦੀਰਘ ਅਧਿਐਨ ਦੀ ਲੋੜ ਹੈ। ਪਰ ਇਸ ਤੋਂ ਵੀ ਪਹਿਲਾਂ ਸੱਤਾ ਦੇ ਖੂਨੀ ਨੇਤਰਾਂ ਵਿਚ ਸਿੱਧਾ ਝਾਕ ਸਕਣ ਵਾਲ਼ੀ ਅਡੋਲ, ਸ਼ਾਂਤ ਅਤੇ ਨਿਰਮਲ ਅੱਖ ਹੋਣੀ ਜ਼ਰੂਰੀ ਹੈ।

Leave a Reply