ਕਾਲਿਆਂ ਵਾਲੇ ਖੂਹ ਦੇ ਸ਼ਹੀਦਾਂ ਨੂੰ ਲੈ ਕੇ ਛਿੜਿਆ ਵਿਵਾਦ

ਚੰਡੀਗੜ੍ਹ: ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਦਾਅਵਾ ਕੀਤਾ ਕਿ ਕਾਲਿਆਂ ਵਾਲੇ ਖੂਹ ਦੇ ਸ਼ਹੀਦ ਸਿੱਖਾਂ ਦੇ ਪੰਜਾਬੀਆਂ ਦੇ ਖ਼ਿਲਾਫ਼ ਭੁਗਤੇ ਸਨ। ਇਤਿਹਾਸਕਾਰਾਂ ਦੇ ਇਸ ਬਾਰੇ ਦਿੱਤੇ ਮਤ ਤੋਂ ਬਾਅਦ ਇਹ ਮਾਮਲਾ ਨਵੇਂ ਵਿਵਾਦ ਵਿਚ ਘਿਰ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਇਤਿਹਾਸਕ ਪੱਖ ਤੋਂ ਜਾਂਚ ਹੋਣੀ ਚਾਹੀਦੀ ਹੈ।
ਇਤਿਹਾਸਕ ਕਾਲਿਆਂ ਵਾਲੇ ਖੂਹ ਵਿਚੋਂ 1857 ਦੇ ਗਦਰ ਨਾਲ ਸਬੰਧਤ ਭਾਰਤੀ ਫ਼ੌਜੀਆਂ ਦੀਆਂ ਅਸਥੀਆਂ ਮਿਲਣ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਸਥੀਆਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਨ ਤੇ ਇਥੇ ਯਾਦਗਾਰ ਬਣਾਉਣ ਦਾ ਭਰੋਸਾ ਦਿੱਤਾ ਗਿਆ ਤਾਂ ਕੁਝ ਸਿੱਖ ਜਥੇਬੰਦੀਆਂ ਨੇ ਇਨ੍ਹਾਂ ਸ਼ਹੀਦਾਂ ਨੂੰ ਸ਼ਹੀਦ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਨ੍ਹਾਂ ਪੂਰਬੀ ਫ਼ੌਜੀਆਂ ਨੇ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ‘ਤੇ ਹਮਲਾ ਕੀਤਾ ਸੀ ਤੇ ਉਸ ਵੇਲੇ ਬੀਬੀਆਂ ਨੂੰ ਬੇਪੱਤ ਵੀ ਕੀਤਾ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਇਤਿਹਾਸਕ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਪੂਰਬੀ ਫ਼ੌਜੀਆਂ ਦਾ ਜੰਗੇ ਆਜ਼ਾਦੀ ਤੇ ਸਿੱਖ ਰਾਜ ਸਮੇਂ ਕੀ ਰੋਲ ਸੀ। ਇਸ ਬਾਰੇ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਯਾਦਗਾਰ ਬਣਾਉਣ ਤੇ ਅਗਲੀ ਕਾਰਵਾਈ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਦੌਰਾਨ ਦਲ ਖ਼ਾਲਸਾ ਦੇ ਸਕੱਤਰ ਸਰਬਜੀਤ ਸਿੰਘ ਘੁਮਾਣ ਨੇ ਕਿਹਾ ਹੈ ਕਿ ਅਜਨਾਲੇ ਵਿਖੇ ਮਿਲੀਆਂ ਅਸਥੀਆਂ ਜਿਨ੍ਹਾਂ ਫ਼ੌਜੀਆਂ ਦੀਆਂ ਸਨ, ਉਹ ਪੰਜਾਬ ਤੇ ਸਿੱਖਾਂ ਵਿਰੁੱਧ ਭੁਗਤੇ ਸਨ ਤੇ ਉਹ ਸਿੱਖਾਂ ਦੇ ਮਾਣ ਤੇ ਅਣਖ ਨੂੰ ਰੋਲਣ ਲਈ ਜ਼ਿੰਮੇਵਾਰ ਸਨ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਯਾਦਗਾਰ ਬਣਾਉਣ ਦੇ ਫ਼ੈਸਲੇ ਨੂੰ ਗਲਤ ਤੇ ਗੈਰ-ਸਿਧਾਂਤਕ ਕਰਾਰ ਦਿੰਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪ੍ਰਭਾਵ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਯਾਦਗਾਰ ਨਾ ਬਣਾਉਣ ਬਾਰੇ ਹਦਾਇਤ ਕਰਨ। ਉਨ੍ਹਾਂ ਕਿਹਾ ਕਿ ਡਾæ ਕ੍ਰਿਪਾਲ ਸਿੰਘ ਹਿਸਟੋਰੀਅਨ ਤੇ ਪ੍ਰਸਿੱਧ ਇਤਿਹਾਸਕਾਰ ਡਾæ ਗੁਰਦਰਸ਼ਨ ਸਿੰਘ ਢਿੱਲੋਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਫ਼ੌਜੀ ਪੂਰਬੀਏ ਸਨ ਤੇ ਇਨ੍ਹਾਂ ਫ਼ੌਜੀਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਖ਼ਤਮ ਕਰਵਾਇਆ ਸੀ ਤੇ ਪੰਜਾਬ ਵਿਚ ਉਜਾੜਾ ਕੀਤਾ ਸੀ।
ਇਹ ਅੰਗਰੇਜ਼ੀ ਸੈਨਾ ਦੇ ਨਾਲ 1845 ਵਿਚ ਹਮਲਾਵਰ ਬਣ ਕੇ ਆਏ ਸਨ ਤੇ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ, ਅਲੀਵਾਲ, ਲੁਧਿਆਣਾ, ਸਭਰਾਓਂ, ਮੁਲਤਾਨ, ਰਾਮਨਗਰ, ਚੇਲੀਆਂਵਾਲਾ ਤੇ ਗੁਜਰਾਤ ਦੀਆਂ ਐਂਗਲੋ-ਸਿੱਖ ਜੰਗਾਂ ਮੌਕੇ ਸਿੱਖਾਂ ਵਿਰੁਧ ਲੜੇ ਸਨ। ਉਨ੍ਹਾਂ ਕਿਹਾ ਕਿ ਇਤਿਹਾਸਕ ਵੇਰਵੇ ਦੱਸਦੇ ਹਨ ਕਿ ਸਿੱਖ ਰਾਜ ਖ਼ਤਮ ਹੋਣ ਮਗਰੋਂ ਇਨ੍ਹਾਂ ਹਿੰਦੋਸਤਾਨੀ ਫ਼ੌਜੀਆਂ ਨੇ ਪੰਜਾਬ ਵਿਚ ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਤੇ ਸਿੱਖਾਂ ਉਤੇ ਬੇਦਰਦੀ ਨਾਲ ਜ਼ੁਲਮ ਕੀਤੇ ਸਨ। ਉਨ੍ਹਾਂ ਪੰਜਾਬ ਸਰਕਾਰ ਦੇ ਫ਼ੈਸਲੇ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਖ਼ਿਲਾਫ਼ ਰਹੇ ਹੋਣ, ਉਨ੍ਹਾਂ ਦੀਆਂ ਯਾਦਗਾਰਾਂ ਪੰਜਾਬ ਦੇ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਨਾਲ ਨਹੀਂ ਬਣਨੀਆਂ ਚਾਹੀਦੀਆਂ।
_________________________________________
ਸ਼ਹੀਦਾਂ ਬਾਰੇ ਵਿਵਾਦ ਸੌੜੀ ਸਿਆਸਤ ਕਰਾਰ
ਅਜਨਾਲਾ: ਗੁਰਦੁਆਰਾ ਸ਼ਹੀਦਗੰਜ ਪ੍ਰਬੰਧਕੀ ਕਮੇਟੀ ਦੇ ਮੁਖੀ ਅਮਰਜੀਤ ਸਿੰਘ ਸਰਕਾਰੀਆ ਨੇ ਕਿਹਾ ਕਿ ਸ਼ਹੀਦਾਂ ਤੇ ਉਨ੍ਹਾਂ ਦੀ ਸ਼ਹਾਦਤ ‘ਤੇ ਸਵਾਲੀਆ ਚਿੰਨ੍ਹ ਲਾਉਣਾ ਸੌੜੀ ਸਿਆਸਤ ਹੈ ਤੇ ਇਹ ਸਿਆਸਤ ਲੋਕਾਂ ਵਿਚ ਵੰਡ ਪਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਨਿਕਾਂ ਨੇ ਆਪਣੀ ਡਿਊਟੀ ਦੌਰਾਨ ਸਿੱਖਾਂ ਵਿਰੁਧ ਜੰਗ ਲੜੀ ਸੀ ਨਾ ਕਿ ਨਿੱਜੀ ਤੌਰ ‘ਤੇ। ਲੋਕ ਇਨ੍ਹਾਂ ਦੀ ਸ਼ਹਾਦਤ ਨੂੰ ਹਮੇਸ਼ਾਂ ਯਾਦ ਰੱਖਣਗੇ ਕਿਉਂਕਿ ਉਨ੍ਹਾਂ ਬਰਤਾਨੀਆ ਸਰਕਾਰ ਖ਼ਿਲਾਫ਼ ਹੀ ਬਗ਼ਾਵਤ ਦਾ ਬਿਗਲ ਵਜਾਇਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਯਾਦਗਾਰ ਬਣਾਉਣ ਦਾ ਵਿਰੋਧ ਕਰ ਰਹੇ ਹਨ, ਉਹ ਸ਼ਾਇਦ ਭੁੱਲ ਗਏ ਹਨ ਕਿ ਸਿੱਖਾਂ ਨੇ ਵੀ ਬਰਤਾਨਵੀ ਫ਼ੌਜ ਦੇ ਝੰਡੇ ਹੇਠ ਪਹਿਲੀ ਤੇ ਦੂਜੀ ਵਿਸ਼ਵ ਜੰਗ ਲੜੀ ਸੀ।
______________________________________________
ਤੱਥਾਂ ਦੀ ਘੋਖ ਮਗਰੋਂ ਹੀ ਉਸਾਰੀ ਜਾਵੇਗੀ ਯਾਦਗਾਰ
ਅਜਨਾਲਾ: ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਗ੍ਰਹਿ ਤੇ ਸਭਿਆਚਾਰਕ ਮਾਮਲੇ ਵਿਭਾਗ ਐਸ਼ਐਸ਼ ਚੰਨੀ ਨੇ ਕਾਲਿਆਂ ਵਾਲੇ ਖੂਹ ਵਿਚੋਂ 1857 ਦੌਰਾਨ ਅੰਗਰੇਜ਼ਾਂ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ 282 ਭਾਰਤੀ ਸੈਨਿਕਾਂ ਦੀਆਂ ਅਸਥੀਆਂ ਵੇਖਣ ਤੋਂ ਬਾਅਦ ਕਿਹਾ ਕਿ ਇਤਿਹਾਸਕਾਰਾਂ ਤੇ ਹੋਰ ਪੱਖਾਂ ਦਾ ਅਧਿਐਨ ਕਰਕੇ ਹੀ ਕਾਲਿਆਂ ਵਾਲੇ ਖੂਹ ਵਿਚੋਂ ਨਿਕਲੀਆਂ ਸੈਨਿਕਾਂ ਦੀਆਂ ਅਸਥੀਆਂ ਤੇ ਹੋਰ ਵਸਤੂਆਂ ਬਾਰੇ ਇਥੇ ਕੋਈ ਯਾਦਗਾਰ ਤਾਮੀਰ ਕਰਨ ਬਾਰੇ ਪੰਜਾਬ ਸਰਕਾਰ ਫੈਸਲਾ ਲਵੇਗੀ। ਸ਼ ਚੰਨੀ ਨੇ ਕਿਹਾ ਕਿ ਹੁਣ ਤਕ ਇਹ ਘਟਨਾ ਅਣਪਛਾਤੀ ਹੀ ਸੀ ਪਰ ਹੁਣ ਸਥਾਨਕ ਕਮੇਟੀ ਤੇ ਇਤਿਹਾਸਕਾਰ ਤੇ ਖੋਜਕਾਰ ਸੁਰਿੰਦਰ ਕੋਛੜ ਨੇ ਲੋਕਾਂ ਦੇ ਸਹਿਯੋਗ ਨਾਲ ਕਾਲਿਆਂ ਵਾਲੇ ਖੂਹ ਵਿਚੋਂ 1857 ਦੀ ਲੜਾਈ ਨਾਲ ਸਬੰਧਤ 282 ਸੈਨਿਕਾਂ ਦੀਆਂ ਅਸਥੀਆਂ ਕੱਢ ਕੇ ਇਸ ਘਟਨਾ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇਸ ਘਟਨਾ ਬਾਰੇ ਛਿੜੇ ਵਾਦ-ਵਿਵਾਦ ਤੇ ਤੱਥਾਂ ਦੀ ਜਾਂਚ ਵਿਚ ਜੁਟੀ ਹੈ ਤੇ ਸਾਰੇ ਪਹਿਲੂਆਂ ਨੂੰ ਘੋਖਣ ਮਗਰੋਂ ਹੀ ਸਬੰਧਤ ਵਿਸ਼ੇ ‘ਤੇ ਯੋਗ ਫੈਸਲਾ ਲਿਆ ਜਾਵੇਗਾ।

Be the first to comment

Leave a Reply

Your email address will not be published.