ਸਿੱਖ ਰਾਜ ਖਿਲਾਫ ਲੜੇ ਸੀ ਕਾਲਿਆਂ ਵਾਲੇ ਖੂਹ ਦੇ ‘ਸ਼ਹੀਦ’

ਚੰਡੀਗੜ੍ਹ: ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਖੇ ‘ਕਾਲਿਆਂ ਵਾਲੇ ਖੂਹ’ ਵਿਚੋਂ ਮਿਲੀਆਂ ਸੈਂਕੜੇ ਅਸਥੀਆਂ ਤੇ ਹੋਰ ਸਾਮਾਨ ਨੂੰ ਲੈ ਕੇ ਉਘੇ ਇਤਿਹਾਸਕਾਰਾਂ ਕ੍ਰਿਪਾਲ ਸਿੰਘ ਹਿਸਟੋਰੀਅਨ, ਡਾ: ਗੁਰਦਰਸ਼ਨ ਸਿੰਘ ਢਿੱਲੋਂ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਡਾ: ਬੀਰਇੰਦਰਾ ਕੌਰ ਤੇ ਹੋਰ ਇਤਿਹਾਸਕਾਰਾਂ ਨੇ ਇਤਿਹਾਸਕ ਤੱਥਾਂ ਨੂੰ ਆਧਾਰ ਬਣਾਉਂਦਿਆਂ ਨਵੇਂ ਖੁਲਾਸੇ ਕੀਤੇ ਹਨ। ਸ: ਕ੍ਰਿਪਾਲ ਸਿੰਘ ਹਿਸਟੋਰੀਅਨ ਨੇ ਜਿਥੇ ਇਨ੍ਹਾਂ ਅਸਥੀਆਂ ਨੂੰ ਉਨ੍ਹਾਂ ਪੂਰਬੀ ਲੋਕਾਂ ਨਾਲ ਸਬੰਧਤ ਦੱਸਿਆ ਜਿਹੜੇ ਬ੍ਰਿਟਿਸ਼ ਫ਼ੌਜ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਖ਼ਿਲਾਫ਼ ਲੜੇ ਸਨ ਤੇ ਸਿੱਖਾਂ ਦਾ ਉਜਾੜਾ ਕੀਤਾ ਸੀ, ਉੱਥੇ ਉੱਘੇ ਇਤਿਹਾਸਕਾਰ ਡਾ: ਗੁਰਦਰਸ਼ਨ ਸਿੰਘ ਢਿੱਲੋਂ ਤੇ ਹੋਰ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਕਾਹਲੀ ਵਿਚ ਯਾਦਗਾਰ ਬਣਾਉਣ ਦੀ ਥਾਂ ਪਹਿਲਾਂ ਇਸ ਗੱਲ ‘ਤੇ ਉੱਚ ਪੱਧਰੀ ਖੋਜ ਕੀਤੇ ਜਾਣ ਦੀ ਲੋੜ ਹੈ ਕਿ ਇਹ ਵਿਅਕਤੀ ਅਸਲ ਵਿਚ ਕੌਣ ਸਨ ਤੇ ਇਨ੍ਹਾਂ ਨੂੰ ਮਾਰਨ ਵਾਲੇ ਕੌਣ ਸਨ।
ਇਤਿਹਾਸਕਾਰਾਂ ਨੇ ਇਕਸੁਰਤਾ ਨਾਲ ਕਿਹਾ ਕਿ ਜਦੋਂ ਇਸ ਤਰ੍ਹਾਂ ਅਸਥੀਆਂ ਮਿਲਦੀਆਂ ਹਨ ਤਾਂ ਸਭ ਤੋਂ ਪਹਿਲਾਂ ਮੁੱਖ ਭੂਮਿਕਾ ਪੁਰਾਤੱਤਵ ਵਿਭਾਗ ਨੇ ਨਿਭਾਉਣੀ ਹੁੰਦੀ ਹੈ ਪਰ ਇਸ ਮਾਮਲੇ ਵਿਚ ਹਵਾਈ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸ: ਕ੍ਰਿਪਾਲ ਸਿੰਘ ਹਿਸਟੋਰੀਅਨ ਨੇ ਕਿਹਾ ਕਿ ‘ਕਾਲਿਆਂ ਵਾਲਾ ਖੂਹ’ ਵਿਚ ‘ਕਾਲਾ’ ਸ਼ਬਦ ਉਸ ਵੇਲੇ ਪੂਰਬੀਏ ਫੌਜੀਆਂ ਲਈ ਵਰਤਿਆ ਗਿਆ ਸੀ ਜਿਹੜੇ ਕਿ 1857 ਤੋਂ 10 ਸਾਲ ਪਹਿਲਾਂ ਬ੍ਰਿਟਿਸ਼ ਫ਼ੌਜ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫ਼ੌਜ ਖ਼ਿਲਾਫ਼ ਲੜਦੇ ਰਹੇ ਸਨ ਤੇ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਦਾ ਉਜਾੜਾ ਕੀਤਾ ਤੇ ਸਿੱਖ ਬੀਬੀਆਂ ਦੀ ਇੱਜ਼ਤ ਰੋਲੀ ਸੀ।
ਇਤਿਹਾਸ ਦੇ ਵਰਕੇ ਫਰੋਲਦਿਆਂ ਸ: ਹਿਸਟੋਰੀਅਨ ਨੇ ਕਿਹਾ ਕਿ ਅਸਲ ਵਿਚ ਜਿਨ੍ਹਾਂ ਦੀਆਂ ਅਸਥੀਆਂ ਖੂਹ ਵਿਚੋਂ ਮਿਲੀਆਂ ਹਨ, ਇਹ ਲਾਹੌਰ ਵਿਚ ਬ੍ਰਿਟਿਸ਼ ਫੌਜ ਵਿਚ ਸ਼ਾਮਲ ਸਨ, ਪਰ ਚਰਬੀ ਵਾਲੇ ਕਾਰਤੂਸਾਂ ਨੂੰ ਲੈ ਕੇ ਇਹ ਬ੍ਰਿਟਿਸ਼ ਫ਼ੌਜ ਤੋਂ ਬਾਗੀ ਹੋ ਗਏ ਸਨ। ਹਿਸਟੋਰੀਅਨ ਅਨੁਸਾਰ ਇਨ੍ਹਾਂ ਬਾਗੀ ਪੂਰਬੀਆਂ ਦਾ ਆਜ਼ਾਦੀ ਦੀ ਲੜਾਈ ਨਾਲ ਕੋਈ ਸਰੋਕਾਰ ਨਹੀਂ ਸੀ ਤੇ ਨਾ ਹੀ 1857 ਦਾ ਵਿਦਰੋਹ ‘ਆਜ਼ਾਦੀ ਦੀ ਪਹਿਲੀ ਲੜਾਈ’ ਸੀ। ਹਿਸਟੋਰੀਅਨ ਅਨੁਸਾਰ ਲਾਹੌਰ ਤੋਂ ਚੱਲ ਕੇ ਜਦੋਂ ਇਹ ਪੂਰਬੀਏ ਫੌਜੀ ਅਜਨਾਲਾ ਨੇੜੇ ਪਹੁੰਚੇ ਤਾਂ ਇੱਥੇ ਉਨ੍ਹਾਂ ਦਾ ਟਾਕਰਾ ਬ੍ਰਿਟਿਸ਼ ਫੌਜ ਨਾਲ ਹੋਇਆ ਸੀ ਜਿੱਥੇ ਇਹ ਅੰਗਰੇਜ਼ਾਂ ਹੱਥੋਂ ਮਾਰੇ ਗਏ ਸਨ।
ਹਿਸਟੋਰੀਅਨ ਅਨੁਸਾਰ ਇਨ੍ਹਾਂ ਪੂਰਬੀਆਂ ਵਿਚ ਇਕ ਵੀ ਸਿੱਖ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫੌਜੀਆਂ ਨੂੰ ਸ਼ਹੀਦ ਆਖੇ ਜਾਣ ‘ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਸਿੱਖ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਦੇਖੀਏ ਤਾਂ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬਣਾਉਣਾ ਉੱਚਿਤ ਨਹੀਂ, ਸਰਕਾਰ ਚਾਹੇ ਤਾਂ ਉਨ੍ਹਾਂ ਦੀ ਯਾਦ ਵਿਚ ਯਾਦਗਾਰ ਬਣਾ ਸਕਦੀ ਹੈ। ਹਿਸਟੋਰੀਅਨ ਨੇ ਕਿਹਾ ਕਿ ਐਂਗਲੋ ਸਿੱਖ ਯੁੱਧ ਵਿਚ ਜਦੋਂ ਹਰੀ ਸਿੰਘ ਨਲੂਆ ਦਾ ਪੁੱਤਰ ਅਰਜਨ ਸਿੰਘ ਖਾਲਸਾ ਫੌਜ ਵੱਲੋਂ ਗੁਜਰਾਤ ਜਾ ਕੇ ਅੰਗਰੇਜ਼ ਫੌਜ ਨਾਲ ਲੜਦਿਆਂ ਸ਼ਹੀਦ ਹੋਇਆ, ਉਸ ਵੇਲੇ ਪੂਰਬੀਏ ਅੰਗਰੇਜ਼ਾਂ ਦੇ ਨਾਲ ਸਨ। ਉਨ੍ਹਾਂ ਕਿਹਾ ਕਿ 1857 ਦੇ ਵਿਦਰੋਹ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿਣਾ ਵੀ ਬਿਲਕੁਲ ਗ਼ਲਤ ਹੈ, ਬਲਕਿ ਆਜ਼ਾਦੀ ਦੀ ਪਹਿਲੀ ਲੜਾਈ ‘ਸਭਰਾਉਂ ਦਾ ਯੁੱਧ’ ਸੀ ਜੋ ਇਤਿਹਾਸਕਾਰਾਂ ਅਨੁਸਾਰ ਵਿਸ਼ਵ ਦੀਆਂ 10 ਵੱਡੀਆਂ ਗਹਿਗੱਚ ਲੜਾਈਆਂ ਵਿਚ ਸ਼ਾਮਲ ਹੈ ਜਿਸ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਬ੍ਰਿਟਿਸ਼ ਫੌਜ ‘ਤੇ ਚੜ੍ਹਾਈ ਕੀਤੀ ਸੀ ਤੇ ਉਹ ਅਰਦਾਸ ਕਰ ਕੇ ਗਿਆ ਸੀ ਕਿ ਉਹ ਅੰਗ੍ਰੇਜ਼ਾਂ ਨੂੰ ਪੰਜਾਬ ਵਿਚ ਨਹੀਂ ਵੜਨ ਦੇਵੇਗਾ।
ਹਿਸਟੋਰੀਅਨ ਅਨੁਸਾਰ 1857 ਵਿਚ ਅੰਗਰੇਜ਼ਾਂ ਖ਼ਿਲਾਫ਼ ਇਕੱਤਰ ਹੋਏ ਉਹ ਲੋਕ ਸਨ ਜਿਨ੍ਹਾਂ ਦੀਆਂ ਰਿਆਸਤਾਂ ਲਾਰਡ ਡਲਹੌਜ਼ੀ ਨੇ ਖੋਹ ਲਈਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਗਦਰ ਸ਼ੁਰੂ ਹੋਇਆ ਤਾਂ ਝਾਂਸੀ ਦੀ ਰਾਣੀ ਆਪਣੀ ਨਿੱਜੀ ਮੰਗ ਨੂੰ ਲੈ ਕੇ ਕਈ ਮਹੀਨੇ ਗਦਰ ਤੋਂ ਅਲੱਗ ਰਹੀ ਪਰ ਜਦੋਂ ਅੰਗਰੇਜ਼ਾਂ ਨੇ ਰਾਣੀ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਗਦਰ ਵਿਚ ਸ਼ਾਮਲ ਹੋਈ ਸੀ। ਹਿਸਟੋਰੀਅਨ ਅਨੁਸਾਰ 1857 ਦਾ ਵਿਦਰੋਹ ਕਈ ਵਿਅਕਤੀਆਂ ਵੱਲੋਂ ਆਪਣੇ ਨਿੱਜੀ ਮੁਫ਼ਾਦਾਂ ਨੂੰ ਲੈ ਕੇ ਕੀਤਾ ਗਿਆ ਸੀ। ਉੱਘੇ ਇਤਿਹਾਸਕਾਰ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਯਾਦਗਾਰ ਬਣਾਉਣ ਤੋਂ ਪਹਿਲਾਂ ਭਾਰਤੀ ਪੁਰਾਤੱਤਵ ਵਿਭਾਗ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਇਹ ਵਿਭਾਗ ਹੀ ਰਾਸ਼ਟਰੀ ਪੁਰਾਤੱਤਵ ਖ਼ਜ਼ਾਨੇ ਵਿਚ ਮੌਜੂਦ ਦਸਤਾਵੇਜ਼ਾਂ ਨੂੰ ਵਾਚਦਿਆਂ ਉਪਰੋਕਤ ਅਸਥੀਆਂ ਬਾਰੇ ਕੋਈ ਨਿਰਣਾ ਦੇ ਸਕਦਾ ਹੈ।

Be the first to comment

Leave a Reply

Your email address will not be published.