ਨਰੇਂਦਰ ਮੋਦੀ ਦੇ ਰਾਹ ਵਿਚ ਆਪਣਿਆਂ ਦੇ ਅੜਿੱਕੇ

ਨਵੀਂ ਦਿੱਲੀ: ਭਾਜਪਾ ਵੱਲੋਂ ਐਲਾਨੇ ਗਏ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੂੰ ਪਾਰਟੀ ਦੇ ਅੰਦਰੂਨੀ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਬੀਤੇ ਦਿਨ ਖੁੱਲ੍ਹ ਕੇ ਮੁਜ਼ਾਹਰਾ ਹੋਇਆ। ਅਸਲ ਵਿਚ ਸ੍ਰੀ ਮੋਦੀ ਨੂੰ ਵਾਰਾਨਸੀ ਤੋਂ ਲੋਕ ਸਭਾ ਚੋਣ ਲਈ ਲੜਾਉਣ ਦੇ ਸਵਾਲ ‘ਤੇ ਭਾਜਪਾ ਵਿਚ ਤਿੱਖੇ ਮਤਭੇਦ ਪੈਦਾ ਹੋ ਗਏ ਤੇ ਸੀਨੀਅਰ ਆਗੂ ਸੁਸ਼ਮਾ ਸਵਰਾਜ ਤੇ ਮੁਰਲੀ ਮਨੋਹਰ ਜੋਸ਼ੀ ਪਾਰਟੀ ਦੀ ਮੀਟਿੰਗ ਛੱਡ ਕੇ ਚਲੇ ਗਏ।
ਸੂਤਰਾਂ ਮੁਤਾਬਕ ਸ੍ਰੀ ਮੋਦੀ ਨੂੰ ਵਾਰਾਨਸੀ ਤੋਂ ਉਮੀਦਵਾਰ ਬਣਾਉਣ ਬਾਰੇ ਰਿਪੋਰਟਾਂ ਦੇ ਮੱਦੇਨਜ਼ਰ ਉਥੋਂ ਮੌਜੂਦਾ ਐਮæਪੀæ ਮੁਰਲੀ ਮਨੋਹਰ ਜੋਸ਼ੀ ਨੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਕੋਲ ਸਖ਼ਤ ਸਵਾਲ ਉਠਾਏ। ਉਨ੍ਹਾਂ ਜਾਣਨਾ ਚਾਹਿਆ ਕਿ ਪਾਰਟੀ ਵੱਲੋਂ ਇਨ੍ਹਾਂ ਅਟਕਲਾਂ ਬਾਰੇ ਸਪਸ਼ਟ ਕਿਉਂ ਨਹੀਂ ਕੀਤਾ ਗਿਆ। ਸੁਸ਼ਮਾ ਸਵਰਾਜ ਨੇ ਸਵਾਲ ਉਠਾਇਆ ਕਿ ਜੇ ਵਾਕਈ ‘ਮੋਦੀ ਦੀ ਲਹਿਰ’ ਚੱਲ ਰਹੀ ਹੈ ਤਾਂ ਸੀਨੀਅਰ ਪਾਰਟੀ ਆਗੂਆਂ ਦੀਆਂ ਸੀਟਾਂ ਉਨ੍ਹਾਂ ਤੋਂ ਪੁੱਛੇ ਬਗ਼ੈਰ ਕਿਉਂ ਬਦਲੀਆਂ ਜਾ ਰਹੀਆਂ ਹਨ।
ਹਾਲਾਂਕਿ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਸੀ ਕਿ ਉਹ ਪਾਰਟੀ ਦੀ ਅਹਿਮ ਮੀਟਿੰਗ ਲਈ ਭੁਪਾਲ ਜਾ ਰਹੇ ਹਨ ਪਰ ਕੌਮਾਂਤਰੀ ਮਹਿਲਾ ਦਿਵਸ ‘ਤੇ ਵਿਸ਼ੇਸ਼ ‘ਚਾਏ ਪੇ ਚਰਚਾ’ ਪ੍ਰੋਗਰਾਮ ਦੌਰਾਨ ਪਾਰਟੀ ਦੀ ਸਭ ਤੋਂ ਮੋਹਰੀ ਮਹਿਲਾ ਆਗੂ ਦੀ ਗ਼ੈਰਹਾਜ਼ਰੀ ਸਭ ਨੂੰ ਰੜਕੀ ਕਿਉਂਕਿ ਇਸ ਮੌਕੇ ਸ੍ਰੀ ਮੋਦੀ ਵੀ ਪੁੱਜੇ ਹੋਏ ਸਨ। ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਤੇ ਸ੍ਰੀ ਜੋਸ਼ੀ ਤੇ ਬਜ਼ੁਰਗ ਆਗੂ ਐਲ਼ਕੇæ ਅਡਵਾਨੀ ਨੇ ਪਹਿਲਾਂ ਸ੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਦੇ ਉਮੀਦਵਾਰ ਵਜੋਂ ਉਭਾਰਨ ਦਾ ਵੀ ਵਿਰੋਧ ਕੀਤਾ ਸੀ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਅੰਦਰ ਮੋਦੀ ਦਾ ਵਿਰੋਧ ਦਬ ਗਿਆ ਸੀ ਪਰ ਹੁਣ ਜਿਵੇਂ ਸ੍ਰੀ ਮੋਦੀ ਵੱਲੋਂ ਇਕੱਲੇ ਚੋਣ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ, ਉਸ ਤੋਂ ਇਹ ਪ੍ਰਭਾਵ ਜਾ ਰਿਹਾ ਸੀ ਕਿ ਪਾਰਟੀ ਦੇ ਬਾਕੀ ਸੀਨੀਅਰ ਆਗੂਆਂ ਦੀ ਬਹੁਤੀ ਪੁੱਛ-ਪ੍ਰਤੀਤ ਨਹੀਂ ਰਹੀ।
ਉਂਝ ਬਾਅਦ ਵਿਚ ਸੀਨੀਅਰ ਆਗੂ ਐਮæਐਮæ ਜੋਸ਼ੀ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਲਿਆ ਗਿਆ ਹਰ ਫੈਸਲਾ ਅਨੁਸ਼ਾਸਨਬੱਧ ਸੈਨਿਕ ਵਾਂਗ ਸਵੀਕਾਰ ਕਰਨਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਫੈਸਲੇ ਨਾਲ ਨਾ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਮਾਣ-ਸਨਮਾਨ ‘ਤੇ ਕੋਈ ਹਰਫ਼ ਆਏਗਾ ਤੇ ਨਾ ਪਾਰਟੀ ਦੇ ਜਿੱਤਣ ਦੇ ਸੌਦਿਆਂ ‘ਤੇ ਮਾੜਾ ਅਸਰ ਪਏਗਾ। ਪਿਛਲੀ ਵਾਰ ਵਾਰਾਨਸੀ ਤੋਂ ਚੋਣ ਜਿੱਤਣ ਵਾਲੇ ਐਮæਐਮæ ਜੋਸ਼ੀ ਨੇ ਮੋਦੀ ਤੇ ਆਪਣੇ ਸਮਰਥਕਾਂ ਵਿਚ ਹਲਕੇ ਵਿਚ ਚੱਲ ਰਹੀ ਪੋਸਟਰ ਜੰਗ ਨੂੰ ਮੀਡੀਆ ਦੀ ਘੜੀ ਹੋਈ ਕਰਾਰ ਦਿੱਤਾ।

Be the first to comment

Leave a Reply

Your email address will not be published.