ਖਬਰਾਂ ਵਿਚ ਰਹਿਣ ਦਾ ਖ਼ਬਤ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਦਾਨ ਪੁੰਨ ਦਾ ਭਲਾ ਕੰਮ ਕਰਨ ਵਾਲਿਆਂ ਲਈ ਜਿਨ੍ਹਾਂ ਸਮਿਆਂ ਵਿਚ ਇਹ ਨਸੀਹਤ-ਨੁਮਾ ਸੁਝਾਅ ਹੋਂਦ ਵਿਚ ਆਇਆ ਹੋਵੇਗਾ ਕਿ ਜਦ ਸੱਜਾ ਹੱਥ ਦਾਨ ਕਰੇ ਤਾਂ ਖੱਬੇ ਨੂੰ ਪਤਾ ਨਾ ਲੱਗੇ, ਉਦੋਂ ਹਾਲੇ ਅਖਬਾਰਾਂ ਛਪਣੀਆਂ ਸ਼ੁਰੂ ਨਹੀਂ ਹੋਈਆਂ ਹੋਣੀਆਂ। ਇਹ ਕਥਨ ਘੜਨ ਵਾਲੇ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਅੱਗੇ ਐਸਾ ‘ਘੋਰ ਅਖਬਾਰੀ ਯੁੱਗ’ ਆਉਣ ਵਾਲਾ ਹੈ ਜਿਸ ਵਿਚ ਸੱਜੇ ਹੱਥ ਵੱਲੋਂ ਕੀਤੇ ਗਏ ਦਾਨ ਪੁੰਨ ਦੀ ਮੁਕੰਮਲ ਜਾਣਕਾਰੀ ਨਿਰੀ ਖੱਬੇ ਹੱਥ ਨੂੰ ਹੀ ਨਹੀਂ ਹੋਵੇਗੀ, ਸਗੋਂ ਉਸ ਦਾ ਢੰਡੋਰਾ ਪੂਰੀ ਦੁਨੀਆਂ ਵਿਚ ਪਿੱਟ ਹੋਇਆ ਕਰੇਗਾ। ਅਖਬਾਰੀ ਯੁੱਗ ਦੇ ਬੋਲ ਬਾਲੇ ਨੇ ‘ਗੁਪਤ ਦਾਨ ਮਹਾਂ ਕਲਿਆਣ’ ਵਾਲੇ ਮੁਹਾਵਰੇ ਦਾ ਪੂਰੀ ਤਰ੍ਹਾਂ ਕਲਿਆਣ ਕਰ ਕੇ ਰੱਖ ਦਿੱਤਾ ਹੈ। ਹੁਣ ਇਸ ਨੇਕ ਮੁਹਾਵਰੇ ਦਾ ਸਰੂਪ ਇੰਜ ਦਾ ਹੋ ਗਿਆ ਹੈ,
ਐਲਾਨੀਆ ਦਾਨ! ਸਾਡਾ ਗੂੰਜੇ ਨਾਮ! ਦਫਾ ਕਰੋ ਕਲਿਆਣ!
ਦਾਨੀ ਸੱਜਣ ਜੀ ਸਕੂਲ ਵਿਚ ਕਿਤਿਉਂ ਸਸਤਾ ਜਿਹਾ ਪੱਖਾ ਲੈ ਕੇ ਲਗਵਾਉਂਦੇ ਨੇ ਇਕ, ਪਰ ਉਨ੍ਹਾਂ ਦੀ ਅਖਬਾਰਾਂ ਵਿਚ ਸਨਮਾਨਿਤ ਹੁੰਦਿਆਂ ਦੀ ਛਪੀ ਫੋਟੋ ਥੱਲੇ ਲਿਖਿਆ ਹੁੰਦਾ ਹੈ, “ਮਹਾਨ ਦਾਨੀ ਪਾਖਰ ਸਿੰਘ ਨੇ ‘ਪੱਖਿਆਂ’ ਦੀ ਸੇਵਾ ਕਰਵਾਈ।” ਮਿਹਰਵਾਨ ਪੱਤਰਕਾਰ ਦੀ ਮਿਹਰ ਸਦਕਾ ਪੱਖਾ ਇਕ ਬਚਨ ਤੋਂ ਬਹੁ ਬਚਨ ਬਣ ਜਾਂਦਾ ਹੈ।
ਇਸ਼ਤਿਹਾਰਾਤ ਕੇ ਇਸ ਦੌਰ ਮੇਂ,
ਜੀਨਾ ਹੈ ਅਗਰ।
ਖੁਦ ਕੋ ਹਰ ਰੋਜ਼,
ਕਿਸੀ ਤਾਜ਼ਾ ਖ਼ਬਰ ਮੇਂ ਰਖਨਾ।
ਆਪਣੇ ਆਪ ਨੂੰ ‘ਤਾਜ਼ਾ ਖਬਰ’ ਵਿਚ ਰੱਖਣ ਦਾ ਭੁਸ ਅੱਜ ਮਹਾਂ ਮਾਰੀ ਬਣ ਚੁੱਕਾ ਹੈ। ਜੇ ਮਨੁੱਖਤਾ ਦਾ ਭਲਾ ਕਰ ਕੇ ਅਖਬਾਰਾਂ ਵਿਚ ਆਪਣੀ ਚਰਚਾ ਕਰਾਉਣ ਜਾਂ ਨਾਮ ਛਪਾਉਣ ਤੱਕ ਹੀ ਗੱਲ ਸੀਮਤ ਰਹਿੰਦੀ ਤਾਂ ਵੀ ਕੋਈ ਹਰਜ ਨਹੀਂ ਸੀ! ਚਲੋ, ਇਸੇ ਬਹਾਨੇ ਲੋਕਾਈ ਦਾ ਭਲਾ ਹੁੰਦਾ ਰਹਿੰਦਾ; ਲੇਕਿਨ ਹੁਣ ਤਾਂ ਇਸ ਭੁੱਖ ਨੇ ਵਿਕਰਾਲ ਰੂਪ ਧਾਰ ਲਿਆ ਹੈ। ‘ਬਦਨਾਮ ਗਰ ਹੋਂਗੇ ਤੋਂ ਕਿਆ ਨਾਮ ਨਾ ਹੋਗਾ?’ ਵਾਲਾ ਅਖਾਣ, ਅਖਬਾਰੀ ਚਰਚਾ ਰਾਹੀਂ ਪ੍ਰਸਿੱਧੀ ਖੱਟਣ ਦਾ ਬੇ-ਹਯਾ ਸਾਧਨ ਬਣ ਚੁੱਕਾ ਹੈ।
ਕਹਿੰਦੇ ਨੇ, ਬਾਜ਼ਾਰ ਵਿਚੋਂ ਲੰਘ ਰਹੇ ਕਿਸੇ ਭਲੇ ਪੁਰਖ ਨੇ ਦੇਖਿਆ ਕਿ ਚੰਗਾ ਭਲਾ ਦਿਸਦਾ ਬੰਦਾ ਜੁੱਤੀ ਫੜ ਕੇ ਆਪਣੇ ਹੀ ਸਿਰ ਵਿਚ ਮਾਰ ਰਿਹਾ ਹੈ। ਕੁਝ ਤਮਾਸ਼ਬੀਨ ਹੱਸ ਰਹੇ ਸਨ ਪਰ ਉਸ ਨੂੰ ਹਟਾਉਣ ਦਾ ਯਤਨ ਕੋਈ ਨਹੀਂ ਸੀ ਕਰ ਰਿਹਾ। ਇਕ ਨੇਕ ਬੰਦੇ ਨੇ ਸੋਚਿਆ ਕਿ ਇਹ ਕੋਈ ਪਾਗਲ ਹੋਵੇਗਾ। ਇਹ ਵਿਚਾਰ ਕੇ ਉਹ ਅੱਗੇ ਚਲਾ ਗਿਆ।
ਜਦ ਉਹ ਬੰਦਾ ਅੱਧੇ ਕੁ ਘੰਟੇ ਬਾਅਦ ਵਾਪਸ ਉਥੇ ਪਹੁੰਚਿਆ ਤਾਂ ਸਿਰ ‘ਚ ਜੁੱਤੀਆਂ ਮਾਰਨ ਵਾਲਾ ਵਾਹੋ-ਦਾਹੀ ਉਸੇ ਕੰਮ ‘ਤੇ ਡਟਿਆ ਹੋਇਆ ਸੀ। ਨੇਕ ਬੰਦੇ ਨੂੰ ਤਰਸ ਆ ਗਿਆ। ਉਸ ਨੇ ਅੱਗੇ ਵਧ ਕੇ ਹੱਥੋਂ ਜੁੱਤੀ ਖੋਹਣ ਦਾ ਯਤਨ ਕੀਤਾ ਅਤੇ ਪੁੱਛਿਆ, ਭਲਿਆ ਮਾਣਸਾ! ਲਗਾਤਾਰ ਜੁੱਤੀਆਂ ਦੀ ਸੱਟ ਨਾਲ ਤੇਰਾ ਸਿਰ ਲਾਲ ਹੋਇਆ ਪਿਐ, ਇਹ ਪਾਗਲਪੁਣਾ ਕਿਉਂ ਕਰ ਰਿਹੈਂ।
ਆਪਣੇ ਆਪ ਨੂੰ ਜੁੱਤੀਆਂ ਨਾਲ ਭੰਨ ਰਿਹਾ ਬੰਦਾ, ਪਲ ਦੀ ਪਲ ਰੁਕ ਕੇ ਪੁੱਛਣ ਲੱਗਾ, “ਤੁਸੀਂ ਕੋਈ ਪੱਤਰਕਾਰ ਹੋ?” ਨੇਕ ਬੰਦੇ ਦੇ ਮੂੰਹੋਂ ‘ਨਹੀਂ’ ਦਾ ਜਵਾਬ ਸੁਣ ਕੇ ਆਪਣੇ ਸਿਰ ਵਿਚ ਉਸੇ ਰਫ਼ਤਾਰ ਨਾਲ ਜੁੱਤੀਆਂ ਮਾਰਦਾ ਉਹ ਬੰਦਾ ਬੋਲਿਆ, “ਫਿਰ ਜਾਉ! ਤੁਹਾਡਾ ਇਥੇ ਕੀ ਕੰਮ? ਮੈਂ ਤਾਂ ਕਿਸੇ ਪੱਤਰਕਾਰ ਨੂੰ ਉਡੀਕ ਰਿਹਾਂ, ਕੋਈ ਨਾ ਕੋਈ ਆਵੇਗਾ ਹੀ! ਇਸ ‘ਅਸਾਨ ਜਿਹੇ’ ਕੰਮ ਬਦਲੇ ਮੇਰੀ ਫੋਟੋ ਅਖਬਾਰਾਂ ਵਿਚ ਛਪੇਗੀ, ਮੁਫ਼ਤੋ ਮੁਫ਼ਤੀ।”
ਪੰਜਾਬ ਦੇ ਕਿਸੇ ਸ਼ਹਿਰ ਦਾ ਪੱਤਰਕਾਰ ਆਪਣੇ ਦਫ਼ਤਰ ਬੈਠਾ ਸੀ। ਘੰਟੀ ਵੱਜੀ ‘ਤੇ ਉਸ ਨੇ ਫੋਨ ਚੁੱਕਿਆ। ‘ਸਤਿ ਸ੍ਰੀ ਅਕਾਲ’ ਦਾ ਜਵਾਬ ਦੇ ਕੇ ਉਹ ਫੋਨ ‘ਤੇ ਗੱਲਾਂ ਕਰਨ ਲੱਗਾ, “ਨਹੀਂ ਨਹੀਂ ਗਿੱਲ ਸਾਹਿਬ, ਸ਼ੁਕਰੀਆ ਕਰ ਕੇ ਸ਼ਰਮਿੰਦਾ ਨਾ ਕਰੋ। ਇਹ ਤਾਂ ਸਾਡਾ ਫ਼ਰਜ਼ ਐ ਜੀ, ਲਉ ਲਉ, ਆਪਣੇ ਖਾਸ ਬੰਦਿਆਂ ਨੂੰ ਅਸੀਂ ਕਿਵੇਂ ਭੁਲਾ ਸਕਦੇ ਹਾਂ। ਗਿੱਲ ਸਾਬ੍ਹ ਦਾ ਨਾਂ ਸਭ ਤੋਂ ਪਹਿਲਾਂ ਮ੍ਹਾ’ਰਾਜ! ਹੱਦ ਹੋ ਗਈ, ਧੰਨਵਾਦ ਨਾ ਕਹੋ ‘ਸਰ ਜੀ’ ਇੰਨਾ ਕੰਮ ਵੀ ਨਹੀਂ ਕਰ ਸਕਦੇ ਅਸੀਂ? ਹੈਂ ਸਪਲੀਮੈਂਟ? ਹਾਂ ਹਾਂ ਜੀ, ਪੱਕਾ ਵਿਸਾਖੀ ‘ਤੇ। ਬਿਲਕੁਲ ਜੀ, ਤੁਹਾਡੇ ਸਿਰ ‘ਤੇ ਹੀ ਤਾਂ ਬੈਠੇ ਹਾਂ ਮਾਲਕੋ!” ਸਿਰੇ ਦੀ ਫਰਮਾਬਰਦਾਰ ਟੋਨ ਵਿਚ ‘ਕੋਈ ਹੋਰ ਹੁਕਮ?’ ਪੁੱਛ ਕੇ ਪੱਤਰਕਾਰ ਨੇ ਰਿਸੀਵਰ ਰੱਖ ਦਿੱਤਾ।
ਰਿਸੀਵਰ ਰੱਖ ਕੇ ਪੱਤਰਕਾਰ ਕਹਿ-ਕਹਾ ਮਾਰ ਕੇ ਹੱਸਿਆ, ਤੇ ਕੋਲ ਬੈਠੇ ਆਪਣੇ ਦੋਸਤ ਪ੍ਰੋਫੈਸਰ ਦੇ ਪੱਟ ‘ਤੇ ਹੱਥ ਮਾਰਦਿਆਂ ਕਹਿੰਦਾ, “ਲਉ ਜੀ, ਕਰ ਲਉ ਗੱਲ! ਇਨ੍ਹਾਂ ਲੋਕਾਂ ਦੇ ਕਿਹੜੀ ‘ਜਾਗਰੂਕਤਾ ਦੇ ਟੀਕੇ’ ਲਾ ਦਉਂਗੇ ਤੁਸੀਂ ਪ੍ਰੋਫੈਸਰ ਸਾਹਿਬ?” ਕਿਉਂਕਿ ਇਹ ਦੋਵੇਂ ਮਿੱਤਰ ਫੋਨ ਦੀ ਘੰਟੀ ਵੱਜਣ ਤੋਂ ਪਹਿਲਾਂ ਪੰਜਾਬ ਦੇ ਸਮਾਜਕ ਨਿਘਾਰ ਬਾਰੇ ਚਰਚਾ ਵਿਚ ਖੁੱਭੇ ਹੋਏ ਸਨ, ਪੱਤਰਕਾਰ ਨੇ ਵਿਅੰਗ ‘ਚ ਸਵਾਲ ਕੀਤਾ। ਪ੍ਰੋਫੈਸਰ ਨੂੰ ਕੀ ਪਤਾ ਸੀ ਕਿ ਫੋਨ ‘ਤੇ ਕਿਹੜੇ ਗਿੱਲ ਨਾਲ, ਕਿਸ ਵਿਸ਼ੇ ‘ਤੇ ਗੱਲ ਹੋਈ ਹੈ ਪੱਤਰਕਾਰ ਦੀ? ਇਸ ਲਈ ਪ੍ਰੋਫੈਸਰ ਵੱਲੋਂ ‘ਕੀ ਮਤਲਬ?’ ਕਹੇ ਜਾਣ ‘ਤੇ ਪੱਤਰਕਾਰ ਨੇ ਗਿੱਲ ਦੇ ਸ਼ੁਕਰੀਏ ਦਾ ਭੇਤ ਖੋਲ੍ਹਿਆ।
“ਕੱਲ੍ਹ ਆਪਣੇ ਵਾਰਡ ਦੇ ਐਮæਸੀæ ਭੱਲਾ ਸਾਹਿਬ ਦਾ ਅੰਤਿਮ ਸੰਸਕਾਰ ਹੋਇਆ ਸੀ। ਉਨ੍ਹਾਂ ਦੇ ਜਨਾਜ਼ੇ ਨਾਲ ਸਬਜ਼ੀ ਮੰਡੀ ਵਾਲਾ ਆੜ੍ਹਤੀ ਗਿੱਲ ਵੀ ਗਿਆ ਸੀ। ਫਿਊਨਰਲ ਦੀ ਖ਼ਬਰ ਵਿਚ ਮੈਂ ਹੋਰ ਸਰਕਰਦਾ ਸ਼ਖ਼ਸੀਅਤਾਂ ਦੇ ਨਾਲ ਗਿੱਲ ਦਾ ਨਾਂ ਵੀ ਪਾ ਦਿੱਤਾ ਸੀ। ‘ਸਦਮੇ’ ਦੇ ਸਿਰਲੇਖ ਹੇਠ ਛਪੀ ਨਿੱਕੀ ਜਿਹੀ ਖਬਰ ਵਿਚ ਆਪਣਾ ਨਾਂ ਪੜ੍ਹ ਕੇ ਫੁੱਲ ਕੇ ਕੁੱਪਾ ਹੋ ਰਹੇ ਗਿੱਲ ਨੇ ਫੋਨ ‘ਤੇ ਮੇਰਾ ਧੰਨਵਾਦ ਤੱਕ ਕਰ ਦਿੱਤਾ। ਇਸੇ ਖੁਸ਼ੀ ਵਿਚ ਆਉਂਦੀ ਵਿਸਾਖੀ ਦੇ ਸਪਲੀਮੈਂਟ ਲਈ ਅੱਧੇ ਸਫ਼ੇ ਦੇ ਇਸ਼ਤਿਹਾਰ ਲਈ ਵੀ ਅਗੇਤੀ ‘ਯੈਸ’ ਕਰ ਗਿਆæææ ਹਾæææ ਹਾæææ ਹਾ!”
ਪੱਤਰਕਾਰ ਹੱਸ ਰਿਹਾ ਸੀ, ਪਰ ਗਿੱਲ ਦੀ ਫਿਤਰਤ ਬਾਰੇ ਸੋਚਦਿਆਂ, ਪ੍ਰੋਫੈਸਰ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।
ਸਿਆਸੀ ਪਾਰਟੀ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਵਿਚ ਲੱਗੇ ਸੇਵਾਦਾਰ ਨੇ ਖਬਰਾਂ ਵਿਚ ਆਪਣਾ ਨਾਂ ਦਰਜ ਕਰਾਉਣ ਲਈ ਵੱਖਰਾ ਤਰੀਕਾ ਅਪਨਾਇਆ ਹੋਇਆ ਸੀ। ਦਫ਼ਤਰ ਵਿਚ ਹੋਈਆਂ ਮੀਟਿੰਗਾਂ ਵਗੈਰਾ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਮੋਹਰੇ ਪਕੌੜਿਆਂ ਜਾਂ ਸਮੋਸਿਆਂ ਦੀਆਂ ਪਲੇਟਾਂ ਅੱਗੇ ਨੂੰ ਕਰਦਿਆਂ ਉਸ ਨੇ ਕਹੀ ਜਾਣਾ “ਲੈ ਬਈ ਮਿੱਤਰੋ, ਸਾਡੀ ਪਾਰਟੀ ਦੀ ਟੌਹਰ ਵਾਲੀ ਖ਼ਬਰ ਬਣਾਇਓ, ਮੇਰਾ ਨਾਂ ਬੇਸ਼ੱਕ ਨਾ ਲਿਖਿਉ, ਆਪਣੀ ਤਾਂ ਗੁਪਤ ਸੇਵਾ ਈ ਠੀਕ ਐ।” ਪਰ ਦੂਜੇ ਦਿਨ ਦੀਆਂ ਜਿਨ੍ਹਾਂ ਜਿਨ੍ਹਾਂ ਅਖਬਾਰਾਂ ਵਿਚ ਉਹਦਾ ਨਾਂ ਨਹੀਂ ਸੀ ਛਪਿਆ ਹੁੰਦਾ, ਉਨ੍ਹਾਂ ਦੇ ਪੱਤਰਕਾਰਾਂ ਨੂੰ ਉਹ ਗਾਲ੍ਹਾਂ ਕੱਢਦਾ ਰਹਿੰਦਾ।
ਇਕ ਵਾਰ ਭਾਰੀ ਮੀਂਹਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿਚ ਆਏ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਸੀ। ਹੜ੍ਹ ਮਾਰੇ ਲੋਕਾਂ ਦੀਆਂ ਤਕਲੀਫਾਂ ਦੀਆਂ ਖਬਰਾਂ ਪੜ੍ਹ-ਪੜ੍ਹ ਕੇ ਅਸੀਂ ਵਿਦੇਸ਼ ਬੈਠ ਤੜਫਦੇ ਰਹਿੰਦੇ। ਦਰਿਆ ਦੇ ਬਿਲਕੁਲ ਨਾਲ ਵੱਸਦੇ ਇਕ ਪਿੰਡ ਰਹਿੰਦੇ ਮੇਰੇ ਜਾਣੂੰ ਦੇ ਮੁੰਡੇ ਦਾ ਫੋਨ ਆਇਆ, ਜਿਵੇਂ ਕਿਤੇ ਉਹਦੇ ਕੋਲੋਂ ਚਾਅ ਸਾਂਭੇ ਨਾ ਜਾਂਦੇ ਹੋਣ! ਉਹ ਲੁੱਡੀਆਂ ਪਾਉਣ ਵਾਂਗ ਬੋਲਿਆ, “ਚਾਚਾ ਜੀ, ਅੱਜ ਫਲਾਣੀ ਅਖਬਾਰ ਦਾ ਸਫਾ ਨੰਬਰ ਅੱਠ ਦੇਖਿਆ ਤੁਸੀਂ?” ਮੇਰੇ ਮੂੰਹੋਂ ‘ਨਹੀਂ’ ਸੁਣ ਕੇ ਉਹ ਉਸੇ ਉਤਸ਼ਾਹ ਨਾਲ ਬੋਲਿਆ, “ਨੈਟ ‘ਤੇ ਹੁਣੇ ਅਖਬਾਰ ਖੋਲ੍ਹ ਕੇ ਦੇਖੋ, ਸਾਡੀ ਰੰਗਦਾਰ ਫੋਟੋ ਛਪੀ ਹੋਈ ਹੈ ਤੇ ਨਾਲੇ ਮੇਰਾ ਨਾਂ ਵੀ।” ਇੰਨਾ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ ਅਤੇ ਜਾਂਦਾ-ਜਾਂਦਾ ਸਫਾ ਅੱਠ ਘਰੋੜ ਕੇ ਕਹਿ ਗਿਆ, ਮਤਾਂ ਕਿਤੇ ਮੈਂ ਉਸ ਦੀ ਫੋਟੋ ਦੇਖਣ ਤੋਂ ਵਾਂਝਾ ਹੀ ਰਹਿ ਜਾਵਾਂ।
ਇਹ ਮੁੰਡਾ ਖੇਡਾਂ ਵਿਚ ਮਿਹਨਤੀ ਹੋਣ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਹਮੇਸ਼ਾ ਵਧੀਆ ਰਿਜ਼ਲਟ ਦਿਖਾਉਂਦਾ ਆ ਰਿਹਾ ਸੀ। ਮੈਂ ਵੀ ਚਾਈਂ-ਚਾਈਂ ਇਹ ਸੋਚਦਿਆਂ ਅਖਬਾਰ ਖੋਲ੍ਹਣ ਲੱਗਾ ਕਿ ਜਾਂ ਤਾਂ ਉਸ ਨੇ ਕਿਸੇ ਗੇਮ ਵਿਚ ਮਾਅਰਕਾ ਮਾਰਿਆ ਹੋਣੈ, ਜਾਂ ਫਿਰ ਕਿਸੇ ਇਮਤਿਹਾਨ ‘ਚੋਂ ਚੰਗੀ ਮੱਲ ਮਾਰੀ ਹੋਵੇਗੀ। ਨੈਟ ‘ਤੇ ਅਖਬਾਰ ਦੇਖਦਾ ਮੈਂ ਉਸ ਦੇ ਮਾਂ ਬਾਪ ਨੂੰ ਵਧਾਈਆਂ ਦੇਣ ਲਈ, ਮਨ ਹੀ ਮਨ ਚੋਣਵੇਂ ਸ਼ਬਦਾਂ ਦੀ ਜੜਤ ਬਣਾਉਣ ਲੱਗਾ। ਸਬੰਧਤ ਅਖਬਾਰ ਦੇ ਸਫਾ ਨੰਬਰ ਅੱਠ ‘ਤੇ ਛਪੀ ਇਕ ਫੋਟੋ ਗਹੁ ਨਾਲ ਦੇਖੀ ਜਿਸ ਵਿਚ ਉਹ ਮੁੰਡਾ ਆਪਣੇ ਹੋਰ ਪਿੰਡ ਵਾਸੀਆਂ ਨਾਲ ਖੜ੍ਹਾ ਸੀ। ਫੋਟੋ ਵਿਚ ਸਾਫ ਦਿਸਦਾ ਸੀ, ਦਰਿਆ ਦੇ ਠਾਠਾਂ ਮਾਰਦੇ ਪਾਣੀ ਨੇ ਪਿੰਡ ਵਾਲੇ ਪਾਸੇ ਨੂੰ ਢਾਹ ਲਾਈ ਹੋਈ ਹੈ। ਦੋ-ਤਿੰਨ ਭਾਰੇ ਸਫੈਦਿਆਂ ਦੇ ਦਰਖ਼ਤ ਢਾਹ ਕਾਰਨ ਲੁੜ੍ਹਕੇ ਹੋਏ ਦਿਸ ਰਹੇ ਸਨ। ਮੱਕੀ ਵਾਲੇ ਖੇਤ ਨੂੰ ਦਰਿਆ ਖੋਰੀ ਜਾ ਰਿਹਾ ਸੀ ਅਤੇ ਲੰਮੇ-ਲੰਮੇ ਟਾਂਡੇ ਪਾਣੀ ਵੱਲ ਝੁਕੇ ਹੋਏ ਸਨ।
ਜ਼ਿਲ੍ਹੇ ਦੇ ਡੀæਸੀæ ਅਤੇ ਹੋਰ ਅਫ਼ਸਰਾਂ ਸਮੇਤ ਪਿੰਡ ਦੀ ਪੰਚਾਇਤ ਇਸ ਥਾਂ ਖੜ੍ਹੇ ਦਰਿਆ ਦੇ ਵਹਿਣ ਦਾ ਅੰਦਾਜ਼ਾ ਲਾ ਰਹੇ ਸਨ। ਪਿੰਡ ਵਾਸੀਆਂ ਵਿਚ ਉਹ ਮੁੰਡਾ ਵੀ ਖੜ੍ਹਾ ਸੀ। ਫੋਟੋ ਥੱਲੇ ਲਿਖੀ ਹੋਈ ਖਬਰ ਹੋਰ ਵੀ ਭਿਆਨਕ ਸੀ ਜਿਸ ਵਿਚ ਕੰਟਰੋਲ ਰੂਮ ਵੱਲੋਂ ਦਰਿਆ ਦੇ ਨਾਲ-ਨਾਲ ਵਸਦੇ ਪਿੰਡਾਂ ਨੂੰ ਚੌਵੀ ਘੰਟੇ ਦੇ ਅੰਦਰ-ਅੰਦਰ ਸੁਰੱਖਿਅਤ ਥਾਂਵਾਂ ‘ਤੇ ਚਲੇ ਜਾਣ ਦੀ ਚਿਤਾਵਨੀ ਦਿੱਤੀ ਹੋਈ ਸੀ। ਇਸ ਇਲਾਕੇ ਵਿਚ ਫੌਰੀ ਤੌਰ ‘ਤੇ ਇੰਜਣ ਬੋਟ ਅਤੇ ਟੈਂਟ ਵਗੈਰਾ ਜਲਦੀ ਪਹੁੰਚਾਉਣ ਲਈ ਡੀæਸੀæ ਦੇ ਆਦੇਸ਼ਾਂ ਦਾ ਜ਼ਿਕਰ ਸੀ। ਅਖੀਰ ਵਿਚ ਮੌਕੇ ‘ਤੇ ਹਾਜ਼ਰ ਸਾਰੇ ਵਿਅਕਤੀਆਂ ਦੇ ਨਾਂ ਸਨ। ਮੇਰੇ ਮਨ ਵਿਚ ਉਸ ਮੁੰਡੇ ਦੇ ਮਾਪਿਆਂ ਨੂੰ ਵਧਾਈ ਦੇਣ ਲਈ ਉਠੀਆਂ ਉਮੰਗਾਂ ਦਰਿਆ ਦਾ ਤੇਜ਼ ਪਾਣੀ ਰੋੜ੍ਹ ਕੇ ਲੈ ਗਿਆ।
ਕਿਸੇ ਭੈਣ ਦਾ ਸੁੱਖਾਂ ਲੱਧਾ ਵੀਰ ਸਿਰ ‘ਤੇ ਕਲਗੀ-ਸਿਹਰੇ ਸਜਾ ਕੇ ਘੋੜੀ ਚੜ੍ਹਿਆ ਹੋਵੇ, ਉਹ ਤਾਂ ਆਂਢਣਾਂ-ਗੁਆਂਢਣਾਂ ਤੋਂ ਵਧਾਈਆਂ ਦੀ ਮੰਗ ਕਰਦੀ ਸੋਭਦੀ ਹੈ, ‘ਮੈਨੂੰ ਦਿਉ ਵਧਾਈਆਂ ਨੀ, ਮੇਰਾ ਵੀਰ ਵਿਆਹੁਣ ਚੱਲਿਆ’, ਪਰ ਜੇ ਕੋਈ ਬੁੱਢ-ਵਲੇਟ ਕਹੇ ਕਿ ‘ਮੈਨੂੰ ਅਹੁਦਾ ਮਿਲਣ ਦੀਆਂ ਵਧਾਈਆਂ ਦੇਵੋ, ਉਹ ਵੀ ਅਖਬਾਰ ਰਾਹੀਂ’; ਹੋਇਆ ਨਾ ਖਬਰਾਂ ‘ਚ ਰਹਿਣ ਦਾ ਖ਼ਬਤ?
ਵਿਦੇਸ਼ ਵਸਦੇ ਮੇਰੇ ਇਕ ਦੋਸਤ ਨੂੰ, ਦੇਸ਼ ਤੋਂ ਇਕ ਅਧਖੜ੍ਹ ਜਿਹੇ ਆਗੂ ਦਾ ਫੋਨ ਆਇਆ, ‘ਮੈਨੂੰ ਫਲਾਣੇ ਬੋਰਡ ਦੀ ਮੈਂਬਰੀ ਮਿਲ ਗਈ ਹੈ।Ḕ ਇਸੇ ਖੁਸ਼ੀ ਵਿਚ ਬਾਹਰਲੇ ਮਿੱਤਰਾਂ ਵੱਲੋਂ ਵਧਾਈਆਂ ਦੀ ਖਬਰ ਲਵਾ ਦਿਓ। ਨਾਲ ਹੀ ਉਸ ਨੇ ਉਸੇ ਦੇਸ਼ ਵਿਚ ਰਹਿੰਦੇ ਆਪਣੇ ਦੋ-ਚਾਰ ਹੋਰ ਜਾਣੂਆਂ ਦੇ ਨਾਂ ਗਿਣਾ ਦਿੱਤੇ, ਉਸੇ ਖਬਰ ਵਿਚ ਸ਼ਾਮਲ ਕਰਨ ਲਈ। ਮੇਰੇ ਦੋਸਤ ਨੇ ਪੱਕਾ ਪਤਾ ਕਰਨ ਲਈ ਗਿਣਾਏ ਜਾਣੂੰਆਂ ਨੂੰ ਫੋਨ ਖੜਕਾਇਆ, ਉਨ੍ਹਾਂ ਭੱਦਰ ਪੁਰਸ਼ਾਂ ਦੀਆਂ ਵਾਛਾਂ ਹੀ ਖਿੜ ਗਈਆਂ। ਮਿੱਤਰ ਨੂੰ ਮਿਲੀ ਮੈਂਬਰੀ ਨਾਲੋਂ ਵੀ ਵੱਧ ਚਾਅ, ਉਨ੍ਹਾਂ ਨੂੰ ਆਪਣੇ ਨਾਂ ਅਖਬਾਰਾਂ ‘ਚ ਛਪਣ ਦਾ ਸੀ। ਸ਼ੁੱਭ ਮੌਕੇ ਦਾ ਲਾਹਾਂ ਲੈਂਦਿਆਂ ਉਨ੍ਹਾਂ ਆਪਣੇ ਹੋਰ ਪੰਜ-ਛੇ ਨੇੜੂਆਂ ਦੇ ਨਾਂ ਵੀ ਲਿਖਾ ਦਿੱਤੇ। ਜਦ ਵਧਾਈਆਂ ਵਾਲੀ ਇਹ ਖਬਰ ਇਕ ਅਖਬਾਰ ਦੇ ਵਿਦੇਸ਼ ਸਥਿਤ ਪੱਤਰਕਾਰ ਕੋਲ ਪਹੁੰਚੀ, ਉਹ ਇੰਜ ਚਹਿਕਿਆ, ਜਿਵੇਂ ਕਿਤੇ ਉਹ ਇਸੇ ਭਾਗਭਰੀ ਖ਼ਬਰ ਨੂੰ ਹੀ ਉਡੀਕ ਰਿਹਾ ਹੋਵੇ!
‘ਇੱਕ ਪੰਥ ਦੋ ਕਾਜ’ ਵਾਲੀ ਕਹਾਵਤ ‘ਤੇ ਪਹਿਰਾ ਦਿੰਦਿਆਂ ਪੱਤਰਕਾਰ ਨੇ ਨਾਲੇ ਖ਼ਬਰ ਵਿਚਲੀ ਰੌਣਕ ਦੂਣ-ਸਵਾਈ ਕਰ ਦਿੱਤੀ ਅਤੇ ਨਾਲੇ ਪੰਜ-ਸੱਤ ਨਾਂ ਹੋਰ ਜੋੜ ਕੇ ਅਖਬਾਰਾਂ ਵਿਚ ਛਪਣ ਦਾ ਭੁਸ ਰੱਖਣ ਵਾਲੇ ਆਪਣੇ ਕੁਝ ਯਾਰਾਂ-ਬੇਲੀਆਂ ਦੀ ਰੀਝ ਵੀ ਪੂਰੀ ਕਰ ਲਈ।

Be the first to comment

Leave a Reply

Your email address will not be published.