ਨਾਨਕੁ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ

ਡਾæ ਗੁਰਨਾਮ ਕੌਰ, ਕੈਨੇਡਾ
ਵੈਸਾਖ ਤੋਂ ਅਗਲਾ ਮਹੀਨਾ ਜੇਠ ਦਾ ਹੈ ਜੋ ਗਰਮ ਰੁੱਤ ਦਾ ਮਹੀਨਾ ਹੈ। ਜ਼ਮੀਨ ਗਰਮੀ ਨਾਲ ਤਪਣ ਲੱਗਦੀ ਹੈ ਅਤੇ ਤੇਜ਼ ਗਰਮ ਹਵਾਵਾਂ ਕੰਨਾਂ ਨੂੰ ਲੂੰਹਦੀਆਂ ਜਾਪਦੀਆਂ ਹਨ। Ḕਕਾਂ ਅੱਖ ਨਿਕਲਦੀ ਹੈḔ ਦਾ ਅਖਾਣ ਸ਼ਾਇਦ ਕਿਸੇ ਨੇ ਜੇਠ ਦੀ ਧੁੱਪ ਤੋਂ ਤ੍ਰੈਹ ਕੇ ਹੀ ਬਣਾਇਆ ਹੋਵੇਗਾ। ਜਿਵੇਂ ਪਹਿਲਾਂ ਵੀ ਜ਼ਿਕਰ ਆ ਚੁਕਾ ਹੈ ਕਿ ਗੁਰਮਤਿ ਦਰਸ਼ਨ ਅਨੁਸਾਰ ਜੇ ਮਨੁੱਖ ਦਾ ਮਨ ਪਰਮਾਤਮ-ਰੰਗ ਵਿਚ ਰੰਗਿਆ ਹੋਇਆ, ਉਸ ਨਾਲ ਜੁੜਿਆ ਰਹਿੰਦਾ ਹੈ ਤਾਂ ਹਰ ਦਿਨ, ਮਹੀਨਾ, ਸਾਲ ਭਲਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਕਾਲ ਪੁਰਖ ਨੂੰ ਬਹੁਤ ਥਾਂਵਾਂ ‘ਤੇ ਪਤੀ ਕਰਕੇ ਅਤੇ ਮਨੁੱਖ ਨੂੰ ਇਸਤਰੀ ਕਰਕੇ ਸੰਬੋਧਨ ਕੀਤਾ ਗਿਆ ਹੈ। ਅਕਾਲ ਪੁਰਖ ਲਈ ਗੁਰਮੁਖ ਦਾ ਪ੍ਰੇਮ ਦੱਸਣ ਵਾਸਤੇ ਪਤੀ ਅਤੇ ਇਸਤਰੀ ਦਾ ਚਿੰਨ੍ਹ ਬਹੁਤ ਸਮਰੱਥ ਵਸੀਲਾ ਹੈ। ਗੁਰੂ ਨਾਨਕ ਸਾਹਿਬ ਇਸੇ ਪ੍ਰੇਮ ਦਾ ਜ਼ਿਕਰ ਕਰਦੇ ਹਨ ਕਿ ਜੇਠ ਮਹੀਨਾ (ਜਿਸ ਨੂੰ ਆਮ ਤੌਰ ‘ਤੇ ਤਪਦਾ ਮਹੀਨਾ ਕਿਹਾ ਜਾਂਦਾ ਹੈ ਜਦੋਂ ਧਰਤੀ ਅਤੇ ਹਵਾ ਵਿਚੋਂ ਵੀ ਸੇਕ ਮਾਰਦਾ ਹੈ) ਉਨ੍ਹਾਂ ਨੂੰ ਚੰਗਾ ਲੱਗਦਾ ਹੈ ਜਿਨ੍ਹਾਂ ਦਾ ਮਨ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੂੰ ਅਕਾਲ ਪੁਰਖ ਕਦੀ ਵੀ ਵਿਸਰਿਆ ਨਹੀਂ, ਸਦੀਵੀ ਯਾਦ ਰਹਿੰਦਾ ਹੈ। ਉਹ ਅੱਗੇ ਦੱਸਦੇ ਹਨ ਕਿ ਜੇਠ ਮਹੀਨੇ ਥਲ ਅਰਥਾਤ ਧਰਤੀ ਭੱਠ ਵਾਂਗ ਤੱਪਣ ਲੱਗ ਪੈਂਦੀ ਹੈ। ਇਸ ਤਪਸ਼ ਨੂੰ ਅਨੁਭਵ ਕਰਦਿਆਂ ਗੁਰਮੁਖਿ ਜੀਵ-ਇਸਤਰੀ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ, ਉਸ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਂਦੀ ਹੈ, ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ ਤਾਂ ਕਿ ਉਸ ਅਕਾਲ ਪੁਰਖ ਦੇ ਮਨ ਨੂੰ ਭਾਅ ਜਾਵੇ, ਉਸ ਨੂੰ ਚੰਗੀ ਲੱਗ ਪਵੇ। ਉਸ ਅੱਗੇ ਅਰਦਾਸ ਕਰਦੀ ਹੈ ਜੋ ਇਸ ਸੰਸਾਰਕ ਤੱਪਸ਼ ਤੋਂ ਨਿਰਾਲਾ ਅਰਥਾਤ ਇਸ ਸੰਸਾਰ ਤੋਂ ਪਰੇ ਆਪਣੇ ਸਦੀਵੀ ਸਥਾਨ ‘ਤੇ ਟਿਕਿਆ ਹੋਇਆ ਹੈ। ਜੇ ਉਸ ਅਕਾਲ ਪੁਰਖ ਦੀ ਮਿਹਰ ਹੋ ਜਾਵੇ ਅਤੇ ਉਸ ਦੀ ਆਗਿਆ ਹੋਵੇ ਤਾਂ ਜੀਵ-ਇਸਤਰੀ ਵੀ ਉਸ ਸਦੀਵੀ ਮਹਿਲ ਵਿਚ ਪ੍ਰਵੇਸ਼ ਕਰ ਸਕੇ ਅਰਥਾਤ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿਚ ਅਨੁਭਵ ਕਰਕੇ ਸਦੀਵੀ ਅਨੰਦ ਮਾਣ ਸਕੇ। ਜੀਵ ਉਸ ਅਕਾਲ ਪੁਰਖ ਤੋਂ ਅਲੱਗ ਹੋ ਕੇ, ਉਸ ਨੂੰ ਵਿਸਾਰ ਕੇ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਉਸ ਦੀ ਮਿਹਰ ਤੋਂ ਬਿਨਾ ਜੀਵ ਕਮਜ਼ੋਰ ਅਤੇ ਹੀਣਾ ਹੈ। ਉਸ ਦੀ ਮਿਹਰ ਪ੍ਰਾਪਤ ਕਰਨ ਲਈ ਉਸ ਦੇ ਗੁਣਾਂ ਨੂੰ ਆਪਣੇ ਅੰਦਰ ਵਸਾ ਕੇ ਉਸ ਨਾਲ ਜੁੜੇ ਰਹਿਣਾ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਜੇਠ ਦੇ ਮਹੀਨੇ ਦੀ ਤਪਸ਼ ਵਿਚ ਵੀ ਜੋ ਮਨੁੱਖ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਕੇ ਉਸ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ, ਉਸ ਨੂੰ ਹਿਰਦੇ ਵਿਚ ਅਨੁਭਵ ਕਰ ਲੈਂਦਾ ਹੈ, ਉਹ ਉਸ ਅਕਾਲ ਪੁਰਖ ਦਾ ਹੀ ਸਰੂਪ ਹੋ ਜਾਂਦਾ ਹੈ, ਫਿਰ ਉਸ ਨੂੰ ਕੋਈ ਤਪਸ਼ ਨਹੀਂ ਪੋਂਹਦੀ। ਅਜਿਹੇ ਜੀਵ ਨੂੰ ਉਸ ਅਕਾਲ ਪੁਰਖ ਦੀ ਸਿਰਜੀ ਹਰ ਰੁੱਤ, ਹਰ ਮੌਸਮ ਚੰਗਾ ਲੱਗਦਾ ਹੈ,
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ॥
ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ॥
ਧਨੁ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥
ਨਾਨਕ ਜੇਠਿ ਜਾਣੈਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥੭॥ (ਪੰਨਾ ੧੧੦੮)
ਹਾੜ ਦਾ ਮਹੀਨਾ ਜੋ ਕਿ ਤਕਰੀਬਨ ਜੂਨ ਮਹੀਨੇ ਦੀ ਤੇਰਾਂ-ਚੌਦਾਂ ਤਰੀਕ ਤੋਂ ਸ਼ੁਰੂ ਹੋ ਜਾਂਦਾ ਹੈ, ਜੇਠ ਨਾਲੋਂ ਵੀ ਵੱਧ ਗਰਮ ਹੁੰਦਾ ਹੈ। ਗਰਮ ਰੁੱਤ ਆਪਣੇ ਪੂਰੇ ਜੋਬਨ ‘ਤੇ ਹੁੰਦੀ ਹੈ। ਪਸ਼ੂ, ਪੰਛੀ, ਮਨੁੱਖ, ਜੀਅ-ਜੰਤ, ਬਨਸਪਤੀ ਸਭ ਹੀ ਸੂਰਜ ਦੀ ਗਰਮੀ ਨਾਲ ਮੁਰਝਾ ਜਾਂਦੇ ਹਨ। ਇਸੇ ਦਾ ਬਿਆਨ ਗੁਰੂ ਨਾਨਕ ਸਾਹਿਬ ਨੇ ਅੱਗੇ ਕੀਤਾ ਹੈ, ਹਾੜ ਦਾ ਮਹੀਨਾ ਜਦੋਂ ਆਪਣੇ ਭਰ ਜੋਬਨ ਵਿਚ ਹੁੰਦਾ ਹੈ ਤਾਂ ਆਕਾਸ਼ ਵਿਚ ਸੂਰਜ ਆਪਣੇ ਪੂਰੇ ਜਾਹੋ-ਜਲਾਲ ਨਾਲ ਤਪਦਾ ਹੈ। ਇਸ ਮਹੀਨੇ ਸੂਰਜ ਦੀ ਤਪਸ਼ ਨਾਲ ਧਰਤੀ ਦਾ ਪਾਣੀ ਸੁੱਕ ਜਾਂਦਾ ਹੈ, ਜਿਸ ਕਰਕੇ ਉਹ ਦੁੱਖ ਸਹਾਰਦੀ ਹੈ। ਸੂਰਜ ਪਾਣੀ ਨੂੰ ਸੁਕਾ ਦਿੰਦਾ ਹੈ ਅਤੇ ਜੀਵ ਤਰਾਸ ਤਰਾਸ ਕਰ ਉਠਦੇ ਹਨ ਅਤੇ ਦੁਖੀ ਹੁੰਦੇ ਹਨ। ਸੂਰਜ ਆਪਣਾ ਫਰਜ਼ ਪੂਰਾ ਕਰਦਾ ਰਹਿੰਦਾ ਹੈ ਅਤੇ ਸੂਰਜ ਦਾ ਰੱਥ ਆਪਣਾ ਚੱਕਰ ਲਾਉਂਦਾ ਰਹਿੰਦਾ ਹੈ (ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ ਬਾਰਾਮਾਹ ਨੂੰ ਹੀ ਅਧਾਰ ਬਣਾਇਆ ਹੈ ਅਤੇ ਸੂਰਜ ਦੇ ਰੱਥ ਚੱਕ੍ਰ ਦਾ ਜ਼ਿਕਰ ਕੀਤਾ ਹੈ। ਉਸ ਦੇ ਬਣਾਏ ਕੈਲੰਡਰ ਅਨੁਸਾਰ ਬਾਰਾਮਾਹ ਵਿਚ ਦਿੱਤੇ ਵਰਣਨ ਅਨੁਸਾਰ ਹੀ ਰੁੱਤਾਂ ਅਤੇ ਮਹੀਨੇ ਜੁੜੇ ਰਹਿਣੇ ਹਨ। ਉਨ੍ਹਾਂ ਵਿਚ ਚੰਦ੍ਰਮਾ ਅਨੁਸਾਰ ਬਦਲਾਅ ਆਉਣ ਦੀ ਸੰਭਾਵਨਾ ਰੱਦ ਹੋ ਜਾਂਦੀ ਹੈ)। ਕਮਜ਼ੋਰ ਜਿੰਦ ਬ੍ਰਿਛ ਦੀ ਛਾਂ ਦਾ ਆਸਰਾ ਭਾਲਦੀ ਹੈ ਅਤੇ ਬੀਂਡਾ ਭੀ ਬਾਹਰ ਜੂਹ ਵਿਚ ਟੀਂ ਟੀਂ ਦੀ ਆਵਾਜ਼ ਕੱਢਦਾ ਰਹਿੰਦਾ ਹੈ ਅਰਥਾਤ ਹਰ ਜੀਵ ਗਰਮੀ ਤੋਂ ਰਾਹਤ ਭਾਲਦਾ ਹੈ। ਅਜਿਹੀ ਹੀ ਹਾਲਤ ਉਸ ਮਨੁੱਖ ਦੀ ਹੁੰਦੀ ਹੈ ਜੋ ਕੀਤੇ ਹੋਏ ਮੰਦੇ ਕਰਮਾਂ, ਆਪਣੇ ਔਗੁਣਾਂ ਦੀ ਪੰਡ ਸਿਰ ‘ਤੇ ਰੱਖ ਕੇ ਅਗਲੇ ਸਫ਼ਰ ਲਈ ਤੁਰਦਾ ਹੈ। ਜੋ ਮਨੁੱਖ ਆਪਣੇ ਅੰਦਰ ਉਸ ਅਕਾਲ ਪੁਰਖ ਨੂੰ ਟਿਕਾ ਕੇ ਤੁਰਦਾ ਹੈ, ਉਹ ਹੀ ਇਸ ਜੀਵਨ ਪੰਧ ‘ਤੇ ਆਤਮਕ ਅਨੰਦ ਪ੍ਰਾਪਤ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਉਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਅਤੇ ਉਸ ਨੂੰ ਅਕਾਲ ਪੁਰਖ ਨਾਮ-ਸਿਮਰਨ ਵਾਲਾ ਮਨ ਦਿੰਦਾ ਹੈ, ਉਸ ਮਨੁੱਖ ਦੀ ਪਰਮਾਤਮਾ ਨਾਲ ਅਟੁੱਟ ਸਾਂਝ ਬਣ ਜਾਂਦੀ ਹੈ ਅਤੇ ਉਸ ਨੂੰ ਵਿਕਾਰਾਂ ਦੀ ਤਪਸ਼ ਨਹੀਂ ਸਹਿਣੀ ਪੈਂਦੀ,
ਆਸਾੜੁ ਭਲਾ ਸੂਰਜੁ ਗਗਨਿ ਤਪੈ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥੮॥ (ਪੰਨਾ ੧੧੦੮)
ਹਾੜ ਪਿਛੋਂ ਸਾਵਣ ਆਉਂਦਾ ਹੈ ਜਿਸ ਨਾਲ ਵਰਖਾ-ਰੁੱਤ ਦੀ ਆਮਦ ਹੋ ਜਾਂਦੀ ਹੈ। ਜੇਠ-ਹਾੜ ਦੀ ਤਪਸ਼ ਤੋਂ ਬਾਅਦ ਮੀਂਹ ਪੈਣ ਨਾਲ ਤਪਦੇ ਹਿਰਦਿਆਂ ਵਿਚ ਠੰਢ ਪੈਂਦੀ ਹੈ। ਮਨੁੱਖ, ਪਸ਼ੂ-ਪੰਛੀ, ਜੀਅ-ਜੰਤ, ਬਨਸਪਤੀ ਅੱਤ ਦੀ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਹਨ। ਪਿਆਸੀ ਧਰਤੀ ਦੀ ਪਿਆਸ ਬੁੱਝਦੀ ਹੈ ਅਤੇ ਉਹ ਖੇੜੇ ਵਿਚ ਆਉਂਦੀ ਹੈ। ਬੱਦਲਾਂ ਦੀ ਘੋਰ ਵਿਚ ਮੋਰ ਪੈਲਾਂ ਪਾਉਂਦੇ, ਨੱਚਦੇ ਹਨ। ਸਾਵਣ ਦੀ ਆਮਦ ਦਾ ਵਰਣਨ ਕਰਦਿਆਂ ਗੁਰੂ ਨਾਨਕ ਫ਼ਰਮਾਉਂਦੇ ਹਨ ਕਿ ਸਾਵਣ ਦਾ ਮਹੀਨਾ ਆਉਣ ਨਾਲ ਵਰਖਾ ਰੁੱਤ ਆ ਗਈ ਹੈ। ਮਨ ਨੂੰ ਸੰਬੋਧਨ ਕਰਦੇ ਹਨ ਕਿ ਬੱਦਲ ਵਰ੍ਹ ਰਹੇ ਹਨ (ਜਿਸ ਨਾਲ ਧਰਤੀ ਹਰਿਆਲੀ ਹੋ ਗਈ ਹੈ) ਹੁਣ ਤੂੰ ਵੀ ਹਰਾ ਹੋ, ਖੁਸ਼ੀ ਵਿਚ ਆ, ਅਨੰਦ ਵਿਚ ਆ। ਆਪਣੇ ਪਤੀ ਤੋਂ ਵਿਛੜੀ ਇਸਤਰੀ ਆਪਣੇ ਮਨ ਦਾ ਦੁੱਖ ਆਪਣੀ ਮਾਂ ਨਾਲ ਸਾਂਝਾ ਕਰਦੀ ਹੈ ਕਿਉਂਕਿ ਮਾਂ ਤੋਂ ਵੱਡਾ ਹੋਰ ਕੋਈ ਹਮਦਰਦ ਨਹੀਂ ਹੁੰਦਾ। ਇਸੇ ਦਾ ਜ਼ਿਕਰ ਗੁਰੂ ਨਾਨਕ ਕਰਦੇ ਹਨ ਜਦੋਂ ਜੀਵ-ਇਸਤਰੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਹੇ ਮਾਂ! ਸਾਵਣ ਦੇ ਮਹੀਨੇ ਵਿਚ ਇਨ੍ਹਾਂ ਬੱਦਲਾਂ ਨੂੰ ਦੇਖ ਕੇ ਮੈਨੂੰ ਆਪਣੇ ਪਰਮਾਤਮਾ-ਪਤੀ ਦੀ ਯਾਦ ਆ ਰਹੀ ਹੈ ਅਤੇ ਉਹ ਮੈਨੂੰ ਆਪਣੇ ਕਣ ਕਣ ਵਿਚ ਹੋਰ ਪਿਆਰਾ ਲੱਗ ਰਿਹਾ ਹੈ। ਮੇਰਾ ਪਤੀ ਪਰਦੇਸ ਗਿਆ ਹੈ, ਜਦੋਂ ਤੱਕ ਉਹ ਘਰ ਨਹੀਂ ਆਉਂਦਾ ਮੇਰਾ ਮਨ ਉਸ ਦੀ ਯਾਦ ਵਿਚ ਤੜਪ ਰਿਹਾ ਹੈ, ਬਿਜਲੀ ਦੀ ਚਮਕ ਮੈਨੂੰ ਹੋਰ ਡਰਾ ਰਹੀ ਹੈ। ਉਸ ਤੋਂ ਵਿਛੜ ਕੇ ਮੇਰੀ ਇਹ ਹਿਰਦੇ ਰੂਪੀ ਸੇਜ ਸੱਖਣੀ ਹੋ ਕੇ ਮੈਨੂੰ ਹੋਰ ਦੁਖਦਾਈ ਲੱਗ ਰਹੀ ਹੈ। ਉਸ ਪਰਮਾਤਮਾ-ਪਤੀ ਦਾ ਵਿਛੋੜਾ ਮੇਰੇ ਲਈ ਮੌਤ ਦੇ ਦੁੱਖ ਦੇ ਬਰਾਬਰ ਹੋ ਗਿਆ ਹੈ। ਜਿਸ ਜੀਵ ਦੇ ਅੰਦਰ ਰੱਬੀ ਪ੍ਰੇਮ ਹੈ, ਉਸ ਨੂੰ ਆਪਣੇ ਪਰਮਾਤਮਾ ਤੋਂ ਵਿਛੜ ਕੇ, ਉਸ ਅਕਾਲ ਪੁਰਖ ਦੇ ਮਿਲਾਪ ਤੋਂ ਬਿਨਾ ਨਾ ਨੀਂਦ ਆਉਂਦੀ ਹੈ ਅਤੇ ਨਾ ਹੀ ਭੁੱਖ ਲੱਗਦੀ ਹੈ। ਉਸ ਨੂੰ ਆਪਣੇ ਸਰੀਰ ਉਤੇ ਕਪੜਾ ਪਾਇਆ ਵੀ ਸੋਹਣਾ ਨਹੀਂ ਲੱਗਦਾ। ਕਹਿਣ ਤੋਂ ਭਾਵ ਹੈ ਕਿ ਉਸ ਪਰਮਾਤਮਾ ਤੋਂ ਵਿਛੜ ਕੇ ਸਰੀਰਕ ਸੁੱਖ ਵੀ ਚੰਗੇ ਨਹੀਂ ਲੱਗਦੇ।
ਗੁਰੂ ਨਾਨਕ ਸਾਹਿਬ ਅੱਗੇ ਫ਼ਰਮਾਉਂਦੇ ਹਨ ਕਿ ਉਹ ਭਾਗਾਂ ਵਾਲਾ ਜੀਵ ਅਕਾਲ ਪੁਰਖ ਦੇ ਪ੍ਰੇਮ ਦਾ, ਉਸ ਦੀ ਮਿਹਰ ਦਾ ਹੱਕਦਾਰ ਹੋ ਸਕਦਾ ਹੈ ਜਿਸ ਦੀ ਸੁਰਤਿ ਸਦਾ ਅਕਾਲ ਪੁਰਖ ਦੀ ਯਾਦ ਵਿਚ ਜੁੜੀ ਰਹਿੰਦੀ ਹੈ,
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ॥
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ॥
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ॥
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ॥੯॥ (ਪੰਨਾ ੧੧੦੮)
ਵਰਖਾ ਰੁੱਤ ਸਾਵਣ ਤੋਂ ਸ਼ੁਰੂ ਹੋ ਕੇ ਭਾਦੋਂ ਦੇ ਮਹੀਨੇ ਤੱਕ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਭਾਦੋਂ ਦੀ ਗੱਲ ਕਰਦੇ ਹਨ ਕਿ ਵਰਖਾ ਕਾਰਨ ਸਾਰੇ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ। ਭਾਦੋਂ ਦੇ ਮਹੀਨੇ ਵਰਖਾ ਰੁੱਤ ਦੇ ਇਸ ਨਜ਼ਾਰੇ ਦਾ ਰੰਗ ਮਾਣਿਆ ਜਾ ਸਕਦਾ ਹੈ। ਆਪਣੇ ਸੁਹੱਪਣ, ਜੁਆਨ ਉਮਰ ਦੇ ਰੰਗ ਵਿਚ ਮਸਤ ਹੋਇਆ ਮਨੁੱਖ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਉਸ ਇਸਤਰੀ ਦੇ ਪ੍ਰਤੀਕ ਰਾਹੀਂ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਜੋ ਆਪਣੇ ਜੋਬਨ ਦੇ ਮਾਣ ਦੇ ਭੁਲੇਖੇ ਵਿਚ ਗ਼ਲਤੀ ਖਾ ਜਾਂਦੀ ਹੈ ਅਤੇ ਫਿਰ ਪਤੀ ਦੇ ਵਿਛੋੜੇ ਵਿਚ ਜਿਸ ਨੂੰ ਪਛਤਾਉਣਾ ਪੈਂਦਾ ਹੈ। ਕਾਲੀ-ਬੋਲੀ ਰਾਤ ਵਿਚ ਜਦੋਂ ਮੀਂਹ ਵਰ੍ਹਦਾ ਹੈ ਤਾਂ ਡੱਡੂ ਆਪਣੀਆਂ ਗੜੈਂ ਗੜੈਂ ਦੀਆਂ ਅਵਾਜਾਂ ਕੱਢਦੇ ਹਨ, ਬੱਦਲਾਂ ਦੀ ਗ਼ਰਜ ਨਾਲ ਮੋਰ ਬੋਲਦੇ ਹਨ ਅਤੇ ਪਪੀਹਾ ਵੀ Ḕਪ੍ਰਿਉ ਪ੍ਰਿਉḔ ਕਰਦਾ ਹੈ। ਪਰ ਆਪਣੇ ਪਤੀ ਤੋਂ ਵਿਛੜੀ ਇਸਤਰੀ ਦੇ ਕੰਨਾਂ ਨੂੰ ਇਹ ਸਭ ਕੁੱਝ ਲੁਭਾਉਂਦਾ ਨਹੀਂ। ਉਸ ਨੂੰ ਤਾਂ ਇਹੀ ਲੱਗਦਾ ਹੈ ਕਿ ਭਾਦੋਂ ਦੇ ਮਹੀਨੇ ਸੱਪ ਡੰਗਦੇ ਫਿਰਦੇ ਹਨ, ਮੱਛਰ ਡੰਗ ਮਾਰ ਰਿਹਾ ਹੈ। ਆਲੇ ਦੁਆਲੇ ਛੱਪੜ ਪਾਣੀ ਨਾਲ ਭਰੇ ਹੋਏ ਹਨ। ਪਰ ਬਿਰਹਾ ਵਿਚ ਤੜਪ ਰਹੀ ਇਸਤਰੀ ਨੂੰ ਇਹ ਸਭ ਕੁਝ ਨਹੀਂ ਲੁਭਾਉਂਦਾ।
ਜਿਸ ਮਨੁੱਖ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਅਕਾਲ ਪੁਰਖ ਤੋਂ ਵਿਛੜਿਆ ਹੋਇਆ ਹੈ, ਉਸ ਨੂੰ ਪਰਮਾਤਮਾ ਦੀ ਯਾਦ ਤੋਂ ਬਿਨਾ ਕੋਈ ਆਤਮਕ ਅਨੰਦ ਪ੍ਰਾਪਤ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਆਪਣੇ ਗੁਰੂ ਤੋਂ ਰਸਤਾ ਪੁੱਛ ਕੇ ਉਸ ਰਸਤੇ ‘ਤੇ ਚੱਲਣ ਨਾਲ ਅਕਾਲ ਪੁਰਖ ਨਾਲ ਮੇਲ ਹੋ ਜਾਂਦਾ ਹੈ,
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ॥੧੦॥ (ਪੰਨਾ ੧੧੦੮)
ਭਾਦੋਂ ਦੇ ਸਖ਼ਤ ਮੌਸਮ ਪਿਛੋਂ ਅੱਸੂ ਦਾ ਮਹੀਨਾ ਆਉਂਦਾ ਹੈ ਜਿਸ ਵਿਚ ਹੁੰਮਸ ਖ਼ਤਮ ਹੋ ਜਾਂਦਾ ਹੈ ਅਤੇ ਮੌਸਮ ਥੋੜਾ ਠੰਢਾ ਹੋ ਜਾਂਦਾ ਹੈ। ਇਸ ਮੌਸਮ ਵਿਚ ਪਤੀ ਤੋਂ ਵਿਛੜੀ ਇਸਤਰੀ ਆਪਣੇ ਪਤੀ ਨੂੰ ਪੁਕਾਰਦੀ ਹੈ ਕਿ ਮੈਂ ਤੇਰੇ ਵਿਛੋੜੇ ਵਿਚ ਝੂਰ ਰਹੀ ਹਾਂ, ਮੈਨੂੰ ਆ ਕੇ ਮਿਲ। ਜੀਵ-ਇਸਤਰੀ ਪੁਕਾਰ ਕਰਦੀ ਹੈ ਕਿ ਤੇਰੇ ਤੋਂ ਵਿਛੜ ਕੇ ਮੈਂ ਆਤਮਕ ਮੌਤ ਮਰ ਰਹੀ ਹਾਂ। ਦੁਨਿਆਵੀ ਮਾਇਆ-ਮੋਹ ਵਿਚ ਫਸ ਕੇ ਮੈਂ ਰਸਤੇ ਤੋਂ ਭਟਕ ਗਈ ਹਾਂ। ਅਕਾਲ ਪੁਰਖ ਅੱਗੇ ਬੇਨਤੀ ਕਰਦੀ ਹੈ ਕਿ ਤੈਨੂੰ ਤਾਂ ਹੀ ਮਿਲ ਸਕੀਦਾ ਹੈ ਜੇ ਤੂੰ ਮਿਲਾਵੇਂ।
ਅੱਸੂ ਦੇ ਮਹੀਨੇ ਦਰਿਆਵਾਂ ਕੰਢੇ ਉਗੀ ਕਾਹੀ ਅਤੇ ਪਿਲਛੀ ਨੂੰ ਫੁੱਲ ਪੈ ਗਏ ਹਨ। ਇਸੇ ਤਰ੍ਹਾਂ ਅਕਾਲ ਪੁਰਖ ਤੋਂ ਵਿਛੋੜੇ ਨਾਲ ਵਾਲ ਸਫ਼ੈਦ ਹੋ ਗਏ ਹਨ। ਭਾਦੋਂ ਦੀ ਗਰਮੀ ਪਿੱਛੇ ਰਹਿ ਗਈ ਹੈ ਅਤੇ ਸਰਦੀ ਰੁੱਤ ਆ ਰਹੀ ਹੈ। ਇਸੇ ਤਰ੍ਹਾਂ ਜੁਆਨੀ ਦੀ ਰੁੱਤ ਵੀ ਚਲੀ ਗਈ ਹੈ, ਸਰੀਰਕ ਤਾਕਤ ਖ਼ਤਮ ਹੋ ਰਹੀ ਹੈ, ਸਰੀਰ ਕਮਜ਼ੋਰ ਹੋ ਰਿਹਾ ਹੈ। ਇਸ ਹਾਲਤ ਨੂੰ ਦੇਖ ਕੇ ਮਨ ਡੋਲਦਾ ਹੈ ਕਿ ਸਮਾਂ ਬੀਤਦਾ ਜਾ ਰਿਹਾ ਹੈ, ਅਕਾਲ ਪੁਰਖ ਦੇ ਦਰਸ਼ਨ ਨਹੀਂ ਹੋਏ। ਅੱਸੂ ਦੇ ਮਹੀਨੇ ਬਨਸਪਤੀ ਹਰਿਆਲੀ ਹੈ, ਜਿਸ ਨੂੰ ਦੇਖ ਕੇ ਮਨ ਵਿਚ ਧੀਰਜ ਵੀ ਆਉਂਦਾ ਹੈ ਕਿ ਜੋ ਜੀਵ ਅਡੋਲ ਅਵਸਥਾ ਵਿਚ ਦ੍ਰਿੜ ਰਹਿੰਦਾ ਹੈ ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਅਤੇ ਉਸ ਨੂੰ ਮਿਲਾਪ ਦੀ ਮਿੱਠੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਇਸ ਮਿੱਠੀ ਰੁੱਤ ਵਿਚ ਮਨ ਨੂੰ ਅਕਾਲ ਪੁਰਖ ਅੱਗੇ ਅਰਦਾਸ ਕਰਨ ਲਈ ਕਹਿੰਦੇ ਹਨ ਤਾਂ ਕਿ ਉਸ ਦੀ ਮਿਹਰ ਸਦਕਾ ਗੁਰੂ ਰਾਹੀਂ ਉਸ ਅਕਾਲ ਪੁਰਖ ਨਾਲ ਮੇਲ ਹੋ ਜਾਵੇ,
ਅਸੁਨਿ ਆਉ ਪਿਰਾ ਸਾਧਨ ਝੂਰਿ ਮੁਈ॥
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ॥
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥
ਦਹਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ॥੧੧॥ (ਪੰਨਾ ੧੧੦੮-੯)

Be the first to comment

Leave a Reply

Your email address will not be published.