ਖੁਦਾ ਨੂੰ ਮਿਲੀਏ

ਬਲਜੀਤ ਬਾਸੀ
ਇਸਲਾਮ ਧਰਮ ਵਿਚ ਈਸ਼ਵਰ ਲਈ ਵਰਤੀਂਦੇ ਤਿੰਨ ਸ਼ਬਦ ਪੰਜਾਬੀ ਵਿਚ ਵੀ ਸਮਾ ਚੁੱਕੇ ਹਨ, ਰੱਬ, ਖੁਦਾ ਅਤੇ ਅੱਲਾ। ਸਭ ਤੋਂ ਵੱਧ ਪ੍ਰਚਲਿਤ ਤਾਂ ਰੱਬ ਹੀ ਹੈ ਜਿਸ ਨੂੰ ਮੁਸਲਮਾਨ, ਹਿੰਦੂ, ਸਿੱਖ ਸਭ ਹੀ ਵਰਤ ਲੈਂਦੇ ਹਨ ਜਿਸ ਬਾਰੇ ਪਹਿਲਾਂ ਪੂਰਾ ਲੇਖ ਲਿਖਿਆ ਜਾ ਚੱਕਾ ਹੈ। ਖੁਦਾ ਵੀ ਕਾਫੀ ਚਲਦਾ ਹੈ, ਖਾਸ ਤੌਰ ‘ਤੇ ਸਾਹਿਤ ਤੇ ਫਿਲਮਾਂ ਵਿਚ ਪਰ ਅੱਲਾ ਗੈਰ-ਮੁਸਲਿਮ ਪੰਜਾਬੀਆਂ ਵਲੋਂ ਘਟ ਹੀ ਵਰਤਿਆ ਜਾਂਦਾ ਹੈ। ਪੰਜਾਬੀ ਸੂਫੀ ਕਾਵਿ, ਕਿੱਸਾ ਕਾਵਿ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਖੁਦਾ ਸ਼ਬਦ ਕਈ ਵਾਰੀ ਆਇਆ ਹੈ ਤੇ ਇਸ ਦਾ ਰੂਪ ਹੈ “ਖੁਦਾਇ।” ਪੰਜਾਬੀ ਵਿਚ ਸਭ ਤੋਂ ਪਹਿਲਾਂ ਇਸ ਦੀ ਵਰਤੋਂ ਸ਼ੇਖ ਫਰੀਦ ਦੇ ਸ਼ਲੋਕਾਂ ਵਿਚ ਮਿਲਦੀ ਹੈ, “ਰਤੇ ਇਸਕ ਖੁਦਾਇ ਰੰਗ ਦੀਦਾਰ ਕੇ।”
ਗੁਰੂ ਨਾਨਕ ਦੇਵ ਤੇ ਹੋਰ ਗੁਰੂਆਂ-ਭਗਤਾਂ ਨੇ ਵੀ ਇਸ ਦੀ ਖਾਸੀ ਵਰਤੋਂ ਕੀਤੀ ਹੈ, “ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ।” ਅੱਗੇ ਦਿੱਤੀ ਜਾ ਰਹੀ ਗੁਰੂ ਨਾਨਕ ਦੇਵ ਦੀ ਤੁਕ ਤੋਂ ਤਾਂ ਇਸ ਗੱਲ ਦਾ ਵੀ ਭੁਲੇਖਾ ਪੈਂਦਾ ਹੈ ਕਿ ਕਲਜੁਗ ਵਿਚ ਖੁਦਾਈ ਸ਼ਬਦ ਅਥਰਬਣ ਵੇਦ ਦੀ ਪ੍ਰਧਾਨਤਾ ਕਾਰਨ ਪ੍ਰਚਲਿਤ ਹੋਇਆ, “ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ।” ਪਰ ਅਜੋਕੇ ਸਮੇਂ (ਕਲਜੁਗ) ਵਿਚ ਇਸਲਾਮ ਧਰਮ ਸਥਾਪਤ ਹੋਣ ਕਾਰਨ ਇਥੇ ਇਸ ਦੇ ਪਰਮਾਤਮਾ ਲਈ ਇਸਤੇਮਾਲ ਕੀਤੇ ਜਾਂਦੇ ਸ਼ਬਦਾਂ, ਖੁਦਾ ਜਾਂ ਅੱਲਾ ਦੇ ਪ੍ਰਚਲਿਤ ਹੋਣ ਨਾਲ ਹੈ। ਮੀਆਂ ਮੁਹੰਮਦ ਬਖਸ਼ ਦਾ ਕਿੱਸਾ “ਸੈਫਲ ਮਲੂਕ” ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ, “ਰਹਿਮਤ ਦਾ ਮੀਂਹ ਪਾ ਖੁਦਾਇਆ, ਬਾਗ ਸੁੱਕਾ ਕਰ ਹਰਿਆ।” ਵਾਰਿਸ ਸ਼ਾਹ ਵੀ ਆਪਣਾ ਕਿੱਸਾ ਕੁਝ ਇਸੇ ਤਰ੍ਹਾਂ ਸ਼ੁਰੂ ਕਰਦਾ ਹੈ, “ਅੱਵਲ ਹਮਦ ਖੁਦਾ ਦਾ ਵਿਰਦ ਕੀਜੈ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ।” ਹੋਰ ਦੇਖੋ, ਮਸੀਤ ਵਿਚ ਮੁੱਲਾਂ ਦਾ ਕਲਾਮ,
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ,
ਅਜ਼ ਜ਼ੈਬ ਦੀਆਂ ਹੁੱਜਤਾਂ ਨਾ ਉਠਾਈਂ।
ਵਾਰਿਸ ਸ਼ਾਹ ਖ਼ੁਦਾ ਦੇ ਖਾਨਿਆਂ ਨੂੰ
ਇਹ ਮੁੱਲਾਂ ਭੀ ਚੰਬੜੇ ਹੈਨ ਬਲਾਈਂ।
ਇਸਲਾਮ ਦੇ ਰਹਿਬਰਾਂ ਦੀ ਇੱਛਾ ਹੈ ਕਿ ਰੱਬ ਲਈ ਅੱਲਾ ਸ਼ਬਦ ਹੀ ਚੱਲੇ ਕਿਉਂਕਿ ਇਸ ਨੂੰ ਹੀ ਰੱਬ ਦਾ ਅਸਲੀ ਨਾਂ ਮੰਨਿਆ ਜਾਂਦਾ ਹੈ ਬਾਕੀ ਤਾਂ ਸਭ ਅੱਲਾ ਦੀ ਸਿਫਤ ਦੇ ਹੀ ਅਰਥਾਵੇਂ ਹਨ। ਇਸੇ ਕਰਕੇ ਕੁਝ ਜ਼ੋਰ ਲਾਇਆ ਜਾਂਦਾ ਹੈ ਕਿ ਰੂੜ੍ਹ ਹੋ ਚੁੱਕੀ ਉਕਤੀ Ḕਖੁਦਾ ਹਾਫ਼ਿਜ਼Ḕ ਨੂੰ Ḕਅੱਲਾ ਹਾਫ਼ਿਜ਼Ḕ ਚਲਾਇਆ ਜਾਵੇ ਪਰ ਆਵਾਮ ਦੇ ਮੂੰਹ ਨੂੰ ਕਿਸ ਨੇ ਫੜ੍ਹ ਲੈਣਾ ਹੈ। ਭਾਸ਼ਾ ਵਿਗਿਆਨ ਦੇ ਨਜ਼ਰੀਏ ਤੋਂ ਇਹ ਗੱਲ ਦਰੁਸਤ ਨਹੀਂ ਹੈ ਕਿ ਪਰਮਾਤਮਾ ਦਾ ਕੋਈ ਨਾਂ ਅਸਲੀ ਹੈ ਤੇ ਬਾਕੀ ਉਪਾਧੀਆਂ। ਅਸਲੀ ਤੋਂ ਭਾਵ ਤਾਂ ਇਹ ਨਿਕਲਦਾ ਹੈ, ਜਿਵੇਂ ਪਰਮਾਤਮਾ ਨੇ ਅੱਲਾ ਜਿਹਾ ਨਾਂ ਆਪ ਰੱਖਿਆ ਹੋਵੇ। ਅਸਲ ਵਿਚ ਹਰ ਸ਼ਬਦ ਸਮਾਜ ਦੀ ਪੈਦਾਵਾਰ ਹੁੰਦਾ ਹੈ ਤੇ ਮੁਢਲੇ ਤੌਰ ‘ਤੇ ਕਿਸੇ ਵਸਤੂ ਜਾਂ ਵਿਚਾਰ ਦੇ ਇਕ ਜਾਂ ਕੁਝ ਇਕ ਪੱਖਾਂ ਵੱਲ ਹੀ ਸੰਕੇਤ ਕਰਦਾ ਹੈ।
ਅੱਲਾ ਤੇ ਰੱਬ-ਦੋਵੇਂ ਸ਼ਬਦ ਅਰਬੀ ਪਿਛੋਕੜ ਦੇ ਹਨ ਜਿਥੋਂ ਇਸਲਾਮ ਪੈਦਾ ਹੋਇਆ ਪਰ ਖੁਦਾ ਫਾਰਸ ਦੇਸ਼ ਦੀ ਭਾਸ਼ਾ ਫਾਰਸੀ ਦਾ ਸ਼ਬਦ ਹੈ ਜਿਥੇ ਇਸਲਾਮ ਪੂਰੀ ਤਰ੍ਹਾਂ ਮਕਬੂਲ ਹੋਇਆ। ਕੋਈ ਵੀ ਨਵਾਂ ਸੰਕਲਪ ਜਾਂ ਵਸਤੂ ਆਦਿ ਜਦ ਕਿਸੇ ਨਵੇਂ ਪਰਿਵੇਸ਼ ਵਿਚ ਦਾਖਿਲ ਹੁੰਦਾ ਹੈ ਤਾਂ ਉਥੋਂ ਦੇ ਬੋਲਣਹਾਰੇ ਜਾਂ ਤਾਂ ਉਸ ਲਈ ਵਰਤੀਂਦੇ ਸ਼ਬਦ ਨੂੰ ਹੂਬਹੂ ਅਪਨਾ ਲੈਂਦੇ ਹਨ ਜਾਂ ਉਸ ਨਾਲ ਰਲਦਾ ਮਿਲਦਾ ਸ਼ਬਦ ਆਪਣੇ ਸ਼ਬਦ ਭੰਡਾਰ ਵਿਚੋਂ ਲਭ ਕੇ ਵਰਤਣ ਲਗਦੇ ਹਨ। ਫਾਰਸ ਨੇ ਅੱਲਾ ਵਾਸਤੇ ਆਪਣੇ ਦੇਸ਼ ਦਾ ਸ਼ਬਦ ਵਰਤਿਆ ਜੋ ਜ਼æਰਜੁਸ਼ਤਰਾ ਆਪਣੇ ਇਸ਼ਟ ਅਹੁਰ ਮਾਜ਼ਦਾ ਲਈ ਵਰਤਦੇ ਸਨ। ਪਰ ਪੰਜਾਬ ਜਾਂ ਭਾਰਤ ਦੇ ਹੋਰ ਰਾਜਾਂ ਵਿਚ ਬਣੇ ਮੁਸਲਮਾਨਾਂ ਨੇ ਰੱਬ, ਅੱਲਾ, ਜਾਂ ਖੁਦਾ ਹੀ ਅਪਨਾਏ।
ਜਿਵੇਂ ਕਿ ਜ਼ਿਕਰ ਆ ਚੁੱਕਾ ਹੈ, ਖੁਦਾ ਸ਼ਬਦ ਮੁਢਲੇ ਤੌਰ ‘ਤੇ ਫਾਰਸੀ ਦਾ ਹੈ ਤੇ ਇਸ ਦੇ ਅਰਥਾਪਣ ਸਬੰਧੀ ਵੀ ਕੁਝ ਮਤਭੇਦ ਨਜ਼ਰ ਆਉਂਦੇ ਹਨ। ਕੁਝ ਇਸ ਨੂੰ ਤੁਰਕ ਭਾਸ਼ਾ ਦੇ ਕਿਸੇ ਸ਼ਬਦ ਦਾ ਬਦਲਿਆ ਰੂਪ ਦਸਦੇ ਹਨ ਜੋ ਅਰਬੀ ਵਿਚ ਦਾਖਿਲ ਹੋ ਗਿਆ ਤੇ ਅਰਬੀ ਵਿਚੋਂ ਫਾਰਸੀ ਵਿਚ। ਪਰ ਇਤਿਹਾਸਕ ਤੌਰ ‘ਤੇ ਕੁਰਾਨ ਦੇ ਜ਼ਮਾਨੇ ਵਿਚ ਅਰਬੀਆਂ ਦੇ ਤੁਰਕਾਂ ਨਾਲ ਸਬੰਧਾਂ ਦਾ ਪਤਾ ਨਹੀਂ ਲਗਦਾ। ਫਾਰਸੀ ਕੋਸ਼ਕਾਰ ਸਟੈਨਗੈਸ ਅਨੁਸਾਰ ਖੁਦਾ ਸ਼ਬਦ ਫਾਰਸੀ ਖਵਦ=ਸਵੈ ਅਤੇ ਅਇ=ਆਉਣ ਤੋਂ ਬਣਿਆ ਹੈ। ਮਹਾਨ ਕੋਸ਼ ਨੇ ਵੀ ਖੁਦਾ ਦੇ ਰੁਪਾਂਤਰ ḔਖੁਦਾਇਆḔ ਦਾ ਸੰਧੀ-ਛੇਦ Ḕਖੁਦ ਆਇਆḔ ਕੀਤਾ ਹੈ, “ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ” -ਗੁਰੂ ਅਰਜਨ ਦੇਵ।
ਪਲੈਟਸ ਅਨੁਸਾਰ ਇਹ ਸ਼ਬਦ ਪੁਰਾਣੀ ਫਾਰਸੀ ਦੇ ਕਦਾਈ ਜਿਹੇ ਸ਼ਬਦ ਤੋਂ ਬਣਿਆ ਜੋ ਪਹਿਲਵੀ ਵਿਚ ਖਤਾਈ ਜਿਹਾ ਸੀ ਤੇ ਜ਼ੈਂਦ ਵਿਚ ਇਸ ਦਾ ਰੂਪ ਖਾਦਤ (ਖਾ=ਦਾਤ) ਸੀ ਜੋ ਸੰਸਕ੍ਰਿਤ ਸਵਾ+ਧਾ ਦਾ ਸੁਜਾਤੀ ਹੈ। ਸੰਸਕ੍ਰਿਤ ਵਿਚ ਸਵੈ ਦਾ ਅਰਥ ਪੰਜਾਬੀ ਸਵੈ, ਆਪ ਜਿਹਾ ਹੀ ਹੈ ਤੇ ḔਧਾḔ ਦਾ ਅਰਥ ਧਾਰਨਾ, ਰੱਖਣਾ ਹੁੰਦਾ ਹੈ। ਇਸ ਤਰ੍ਹਾਂ ਇਸ ਸ਼ਬਦ ਦਾ ਸ਼ਾਬਦਿਕ ਅਰਥ ਬਣਦਾ ਹੈ, ਆਪਣੇ ਆਪ ਨੂੰ ਧਾਰਨ ਕਰਨ ਵਾਲਾ ਅਰਥਾਤ ਆਪੇ ਆਪ। ਉਘੇ ਨਿਰੁਕਤ ਸ਼ਾਸਤਰੀ ਜੀæ ਐਸ਼ ਰਿਆਲ ਕੁਝ ਇਸ ਤਰ੍ਹਾਂ ਦਾ ਪ੍ਰਭਾਵ ਦਿੰਦੇ ਹਨ ਕਿ ਇਹ ਫਾਰਸੀ ḔਖੁਦਾਵੰਦḔ ਦਾ ਸੰਕੁਚਿਤ ਰੂਪ ਹੈ। ਉਨ੍ਹਾਂ ਅਨੁਸਾਰ ਖੁਦਾਵੰਦ=ਖੁਦ, ਆਪਣਾ+ਵੰਦ, ਵਾਲਾ ਹੈ, ਸੋ ਅਰਥ ਬਣਿਆ ਆਪਣਾ ਬਣਾਉਣ ਵਾਲਾ, ਮਾਲਕ। ਮਾਲਕ ਦਾ ਹੀ ਅਰਥ ਵਿਸਥਾਰ ਹੋ ਕੇ ਪਰਮਾਤਮਾ ਦੇ ਮਾਅਨਿਆਂ ਵਿਚ ਆ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਖੁਦਾ ਵਿਚਲਾ ਖਵ ਸੰਸਕ੍ਰਿਤ ਸਵੈ ਦਾ ਸੁਜਾਤੀ ਹੈ ਤੇ ਅਰਥ ਵੀ ਉਹੀ ਹਨ। ਫਾਰਸੀ Ḕਖ਼Ḕ ਧੁਨੀ ਦੇ ਸਮਾਨੰਤਰ ਸੰਸਕ੍ਰਿਤ ḔਸḔ ਧੁਨੀ ਆਉਂਦੀ ਹੈ, ਜਿਵੇਂ ਅਸੀਂ ਸੰਸਕ੍ਰਿਤ ਸਵਰਾ (ਚਮਕਣਾ, ਜਿਸ ਤੋਂ ਸੂਰਜ ਬਣਿਆ) ਦੇ ਟਾਕਰੇ ‘ਤੇ ਫਾਰਸੀ ਖ਼ਵਰਾ (ਸੂਰਜ, ਜਿਸ ਦਾ ਵਿਕਸਿਤ ਰੂਪ ਖੁਰਸ਼ੀਦ ਹੈ) ਆਉਂਦਾ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਸੰਸਕ੍ਰਿਤ ਸਵਾਮੀ/ਸੁਆਮੀ ਦੇ ਲਗਭਗ ਉਹੀ ਅਰਥ ਹਨ ਜੋ ਫਾਰਸੀ ਖੁਦਾ ਦੇ, ਯਾਨਿ ਮਾਲਕ, ਖਾਵੰਦ, ਪਤੀ, ਪਰਮੇਸ਼ਵਰ ਜਿਸ ਦਾ ਮੂਲ ਅਰਥ ਕਿਸੇ ਨੂੰ ਅਪਨਾਉਣ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸੁਆਮੀ ਪਰਮਾਤਮਾ ਦੇ ਅਰਥਾਂ ਵਿਚ ਆਇਆ ਹੈ, “ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ” -ਗੁਰੂ ਅਰਜਨ ਦੇਵ।
ਅਸਲ ਵਿਚ ਮਧਕਾਲੀ ਫਾਰਸੀ ਵਿਚ ਇਸ ਸ਼ਬਦ ਦੇ ਮੁਢਲੇ ਭਾਵ ਮਾਲਕ, ਸ਼ਾਸਕ ਆਦਿ ਦੇ ਹੀ ਸਨ ਜੋ ਹੁਣ ਵੀ ਕੁਝ ਹੱਦ ਤੱਕ ਕਾਇਮ ਹਨ। ਜੋ ਖੁਦਦਾਰ ਅਰਥਾਤ ਆਪਣੀਆਂ ਚਲਾਉਂਦਾ ਹੈ, ਨਿਰੰਕੁਸ਼ ਹੈ, ਉਹੀ ਮਾਲਿਕ ਹੈ, ਹੁਕਮਰਾਨ ਹੈ ਤੇ ਅਖੀਰ ਵਿਚ ਰੱਬ ਹੈ। ਸਾਸਾਨੀ ਕਾਲ ਦੌਰਾਨ ਕਬੀਲੇ ਦੇ ਮੁਖੀ ਨੂੰ ਵੀ ਇਸੇ ਪਦ ਨਾਲ ਪੁਕਾਰਿਆ ਜਾਂਦਾ ਸੀ। ਪ੍ਰਾਚੀਨ ਪਾਰਸੀ ਧਰਮ ਦੇ ਅਹੁਰ ਮਾਜ਼ਦਾ ਨੂੰ ਵੀ ਇਹੀ ਉਪਾਧੀ ਦਿੱਤੀ ਗਈ ਸੀ ਤੇ ਇਰਾਨ ਵਿਚ ਇਸਲਾਮ ਦੇ ਪਸਾਰ ਨਾਲ ਇਹੀ ਉਪਾਧੀ ਇਸਲਾਮੀ ਅੱਲਾ ਨੂੰ ਦੇ ਦਿੱਤੀ ਗਈ। ਕੱਟੜ ਇਸਲਾਮ ਮੌਲਾਣਿਆਂ ਵਲੋਂ ਖੁਦਾ ਸ਼ਬਦ ਦੇ ਵਿਰੋਧ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਸ਼ਬਦ ਵਿਚੋਂ ਪ੍ਰਾਚੀਨ ਪਾਰਸੀ ਧਰਮ ਦੀ ਬੋਅ ਆਉਂਦੀ ਹੈ।
ਖੁਦਾ ਦਾ ਹੀ ਸਬੰਧਤ ਸ਼ਬਦ ਖੁਦ ਹੈ। ਖੁਦੀ ਅਰਥਾਤ ਹੰਕਾਰ ਵਿਚ ਵੀ ਹਉਂ, ਸਵੈ ਮਹੱਤਤਾ ਦੇ ਭਾਵ ਹਨ। ਇਸ ਤੋਂ ਵਿਪਰੀਤਾਰਥਕ ਸ਼ਬਦ ਹੈ-ਬੇਖੁਦੀ। ਇਸੇ ਤੋਂ ਖੁਦਾਈ ਸ਼ਬਦ ਬਣਿਆ ਹੈ ਅਰਥਾਤ ਰੱਬੀ ਸਿਫਤ। ਖੁਦਰੌ ਦਾ ਮਤਲਬ ਹੁੰਦਾ ਹੈ ਆਪੇ ਉਗੀ (ਜੜੀ ਬੂਟੀ ਆਦਿ), ਨਾ-ਖੁਦਾ ਦਾ ਅਰਥ ਹੁੰਦਾ ਹੈ ਕਿਸ਼ਤੀ ਦਾ ਮਾਲਿਕ, ਮਲਾਹ। ਇਥੇ ḔਨਾḔ ਸ਼ਬਦ ਸਾਡੇ ਨੌਕਾ, ਨਈਆ ਦਾ ਸੁਜਾਤੀ ਹੈ। Ḕਰੱਬ ਨਾ ਕਰੇḔ ਦੇ ਅਰਥਾਂ ਵਾਲੀ ਮਸ਼ਹੂਰ ਉਕਤੀ Ḕਖੁਦਾ ਨਾਖਾਸਤਾḔ ਦਾ ਅਸਲੀ ਫਾਰਸੀ ਰੂਪ ਹੈ, ਖੁਦਾ ਨਾਖਵਾਸਤਾ ਜਿਸ ਦਾ ਅਰਥ ਹੈ ਖੁਦਾ ਨਾ ਚਾਹੇ। ਖਾਵਾਸਤਾ ਖਾਹਿਸ਼ ਨਾਲ ਹੀ ਸਬੰਧਤ ਸ਼ਬਦ ਹੈ। ਖੁਦਾ ਜਾਣੇ, ਖੁਦਾ ਚਾਹੇ, ਖੁਦਾ ਹਾਫਿਜ਼ ਹੋਰ ਪ੍ਰਚਲਿਤ ਉਕਤੀਆਂ ਹਨ। ਕਈ ਮੁਹਾਵਰਿਆਂ, ਅਖਾਣਾਂ ਵਿਚ ਵੀ ਖੁਦਾ ਸ਼ਬਦ ਆਉਂਦਾ ਹੈ ਜਿਵੇਂ, ਲਿਖੇ ਮੂਸਾ ਪੜ੍ਹੇ ਖੁਦਾ, ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ। ਉਰਦੂ ਦੀ ਇਕ ਬੁਝਾਰਤ ਹੈ, ਖੁਦਾ ਕਾ ਦੀਆ ਸਿਰ ਪਰ ਜਿਸਾ ਜਵਾਬ ਹੈ ਚੰਦ। ਦੀਆ (ਦੀਵਾ) ਚੰਦ ਨੂੰ ਕਿਹਾ ਗਿਆ ਹੈ। ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ, ਖ਼ੁਦਾ ਵਿਚਲਾ ḔਖਵḔ ਧਾਤੂ ਸੰਸਕ੍ਰਿਤ ḔਸਵḔ ਦਾ ਸੁਜਾਤੀ ਹੈ ਜਿਸ ਤੋਂ ਸੁਆਮੀ ਸ਼ਬਦ ਬਣਿਆ ਹੈ। ਇਸ ਤੋਂ ਬਹੁਤ ਸਾਰੇ ਹੋਰ ਸ਼ਬਦ ਵੀ ਬਣੇ ਹਨ ਤੇ ਇਹ ਭਾਰੋਪੀ ਸ਼ਬਦ ਹੈ, ਜਿਸ ਦੀ ਚਰਚਾ ਕਿਸੇ ਹੋਰ ਲੇਖ ਵਿਚ ਕਰਾਂਗੇ।

Be the first to comment

Leave a Reply

Your email address will not be published.