ਭਾਰਤ ਦਾ ਤਾਂ ਰੱਬ ਹੀ ਰਾਖਾ!

ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਸਿਆਸਤ ਦੀ ਡੂੰਘੀ ਸੂਝ ਮੇਰੇ ਵੱਸ ਦਾ ਰੋਗ ਨਹੀਂ। ਫਿਰ ਵੀ ਚੋਣਾਂ ਦਾ ਮੌਸਮ ਹੋਣ ਕਰ ਕੇ ਭਾਰਤ ਦੇ ਸਿਆਸੀ ਭਵਿੱਖ ਬਾਰੇ ਸੋਚਣਾ ਗੈਰ-ਕੁਦਰਤੀ ਨਹੀਂ।
ਕਾਂਗਰਸ ਅਤੇ ਭਾਜਪਾ-ਦੋਵੇਂ ਹੀ ਸੱਚਾਈ ਤੇ ਈਮਾਨਦਾਰੀ ਦੀ ਕਸਵੱਟੀ ‘ਤੇ ਪੂਰਾ ਨਹੀਂ ਉਤਰਦੀਆਂ। ਕਾਂਗਰਸ ਦੀ ਸ਼ੁਰੂਆਤ ਚੰਗੀ ਸੀ। ਪਹਿਲੇ ਪੂਰ ਦੇ ਕਾਂਗਰਸੀਆਂ ਨੂੰ ਦੇਸ਼ ਨਾਲ ਕੁਝ ਪਿਆਰ ਸੀ। ਲਗਾਤਾਰ ਹਕੂਮਤ ਕਰਨ ਨਾਲ ਰਾਜ ਕਰਨ ਦੀ ਲਾਲਸਾ ਵਧਦੀ ਗਈ। ਪਾਰਟੀ ਨੇ ਹਰ ਵਰ੍ਹੇ ਵੱਧ ਤੋਂ ਵੱਧ ਵੋਟਾਂ ਲੈਣ ਲਈ ਕੋਝੇ ਹਥਕੰਡੇ ਵਰਤਣ ਵਿਚ ਕੋਈ ਗੁਰੇਜ਼ ਨਾ ਕੀਤਾ। ਕਹਿਣ ਨੂੰ ਤਾਂ ਧਰਮ ਨਿਰਪੱਖ ਪਰ ਐਮæਐਲ਼ਏæ ਜਾਂ ਐਮæਪੀæ ਦੀ ਚੋਣ ਲਈ ਟਿਕਟ ਉਸ ਨੂੰ ਦੇਣੀ ਜਿਸ ਜਾਤੀ ਦੇ ਵੋਟਰ ਉਸ ਇਲਾਕੇ ਵਿਚ ਜ਼ਿਆਦਾ ਹੋਣ! ਉਮੀਦਵਾਰ ਜਿੱਤਣ ਵਾਲਾ ਹੋਣਾ ਚਾਹੀਦਾ ਹੈ, ਚਾਹੇ ਉਹ ਬਦਮਾਸ਼ ਜਾਂ ਗੁੰਡਾ ਹੋਵੇ।
ਕਿਹਾ ਜਾਂਦਾ ਹੈ ਕਿ ਤਾਕਤ ਜਾਂ ਸੱਤਾ ਬੰਦੇ ਨੂੰ ਭ੍ਰਿਸ਼ਟ ਬਣਾਉਂਦੀ ਹੈ, ਤੇ ਅੰਨ੍ਹੀ ਤਾਕਤ ਬੰਦੇ ਨੂੰ ਅੰਨ੍ਹਾ ਹੀ ਕਰ ਦਿੰਦੀ ਹੈ (ਪਾਵਰ ਕੁਰੱਪਟਸ ਦਿ ਮੈਨ; ਐਬਸੋਲਿਊਟ ਪਾਵਰ ਕੁਰੱਪਟਸ ਐਬਸੋਲਿਊਟਲੀ)। ਲੰਮੇ ਸਮੇਂ ਲਈ ਤਾਕਤ ਦੀ ਵਰਤੋਂ ਨੇ ਇਸ ਜਮਾਤ ਦੇ ਹੱਡਾਂ ਵਿਚ ਭ੍ਰਿਸ਼ਟਾਚਾਰ ਰਚਾ ਦਿੱਤਾ ਹੈ। ਇਕ ਤੋਂ ਪਿੱਛੋਂ ਦੂਜਾ, ਫਿਰ ਹੋਰ ਘੁਟਾਲੇ ਆਮ ਜਿਹੀ ਗੱਲ ਹੋ ਗਈ ਹੈ। ਇਸ ਦਾ ਕੋਈ ਫੌਰੀ ਇਲਾਜ ਨਜ਼ਰ ਨਹੀਂ ਆਉਂਦਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ 1950ਵਿਆਂ ਵਿਚ ਅੰਬਾਲੇ ਦੇ ਨਜ਼ਦੀਕ ਮੋਹਰੀ ਸਟੇਸ਼ਨ ਦੇ ਆਸ-ਪਾਸ ਭਿਆਨਕ ਰੇਲ ਹਾਦਸਾ ਹੋਇਆ। ਲਾਲ ਬਹਾਦਰ ਸ਼ਾਸਤਰੀ ਰੇਲ ਮੰਤਰੀ ਸਨ। ਉਨ੍ਹਾਂ ਤੁਰੰਤ ਅਸਤੀਫਾ ਦੇ ਦਿੱਤਾ। ਅੱਜ ਕੱਲ੍ਹ ਵੱਡੇ-ਵੱਡੇ ਹਾਦਸੇ, ਘੁਟਾਲੇ ਠੱਗੀਆਂ ਅਤੇ ਗੱਡੀਆਂ ਵਿਚ ਬਲਾਤਕਾਰਾਂ ਦੇ ਬਾਵਜੂਦ ਮੰਤਰੀਆਂ ਦੇ ਪਿੰਡੇ ‘ਤੇ ਜੂੰ ਤੱਕ ਨਹੀਂ ਸਰਕਦੀ।
ਆਓ, ਹੁਣ ਪੰਛੀ ਝਾਤ ਭਾਜਪਾ ਵੱਲ ਮਾਰੀਏ। ਇਸ ਪਾਰਟੀ ਦਾ ਆਗਾਜ਼ ਜਨ ਸੰਘ ਤੋਂ ਹੋਇਆ ਹੈ। ਮੈਂ ਛੇਵੀਂ-ਸੱਤਵੀਂ ਕਲਾਸ ਵਿਚ ਪੜ੍ਹਦਾ ਸੀ, ਜਦੋਂ ਸਵੇਰੇ-ਸਵੇਰੇ ਰਾਮਪੁਰਾ ਮੰਡੀ ਵਿਚ ਮਹਾਜਨਾਂ ਦੇ ਮੁੰਡੇ ਇਕ-ਦੂਜੇ ਨੂੰ ਜੀ-ਜੀ ਕਹਿ ਕੇ ਆਵਾਜ਼ਾਂ ਮਾਰਦੇ, ‘ਆਓ ਸ਼ਾਖਾ ਵਿਚ ਚੱਲੀਏ।’ ਮੈਨੂੰ ਉਨ੍ਹਾਂ ਦਾ ਹਲਕੀ ਕਸਰਤ ਕਰਨਾ ਅਤੇ ਜਿਸਮਾਨੀ ਤੌਰ ‘ਤੇ ਤਕੜੇ ਹੋਣਾ ਚੰਗੀ ਗੱਲ ਲੱਗਦੀ ਸੀ, ਪਰ ਹੌਲੀ-ਹੌਲੀ ਇਹ ਜਮਾਤ ਮਿਲੀਟੈਂਟ ਵੀ ਹੋ ਗਈ ਅਤੇ ਸਿਆਸਤ ਵਿਚ ਵੀ ਰੰਗੀ ਗਈ। ਨੱਥੂ ਰਾਮ ਗੋਡਸੇ ਆਰæਐਸ਼ਐਸ਼ ਵਿਚੋਂ ਹੀ ਸੀ ਜਿਸ ਨੇ ਗਾਂਧੀ ਨੂੰ ਮਾਰ ਮੁਕਾਇਆ। ਕੁਝ ਸਮੇਂ ਲਈ ਇਸ ਨੂੰ ਪਟੇਲ ਨੇ ਬੈਨ ਕਰ ਦਿੱਤਾ ਸੀ। ਬਾਅਦ ਵਿਚ ਕਾਂਗਰਸ ਲੋਕਾਂ ਦੇ ਮੂੰਹੋਂ ਲਹਿਣ ਲੱਗੀ ਅਤੇ ਆਰæਐਸ਼ਐਸ਼ ਦਾ ਕਾਫੀ ਹਿੱਸਾ ਭਾਜਪਾ ਵਿਚ ਬਦਲ ਗਿਆ।
ਕਾਂਗਰਸ ਤੋਂ ਤੰਗ ਆਈ ਜਨਤਾ ਨੇ ਤਬਦੀਲੀ ਖਾਤਰ ਇਸ ਜਮਾਤ ਨੂੰ ਰਾਜ ਕਰਨ ਦਾ ਮੌਕਾ ਦਿੱਤਾ। ਬੱਸ ਫਿਰ ਕੀ ਸੀ! ਉਹੋ ਹੀ ਚਾਲੇ ਇਨ੍ਹਾਂ ਨੇ ਸ਼ੁਰੂ ਕਰ ਦਿੱਤੇ। ਮੇਰੇ ਇਥੇ ਬਹੁਤ ਹੀ ਨੇਕ ਅਤੇ ਸੱਚੇ-ਸੁੱਚੇ ਪਾਰਟੀ ਰਹਿਤ ਇਨਸਾਨ ਪ੍ਰੇਮ ਸਾਗਰ ਸ਼ਾਸਤਰੀ, ਜਿਹੜੇ ਹੁਣ ਇਸ ਦੁਨੀਆਂ ਵਿਚ ਨਹੀਂ, ਕਹਿਣ ਲੱਗੇ, “ਜਿਹੜੀ ਸੁਆਹ ਕਾਂਗਰਸ ਨੇ 45 ਸਾਲਾਂ ਵਿਚ ਉਡਾਈ ਸੀ, ਭਾਜਪਾ ਨੇ ਪੰਜ ਸਾਲਾਂ ਵਿਚ ਹੀ ਪੂਰੀ ਕਰ ਲਈ। ਇਸ ਵਿਚ ਸ਼ੱਕ ਨਹੀਂ ਕਿ ਹਰ ਪਾਰਟੀ ਵਿਚ ਕੁਝ ਲੋਕ ਭਲੇ ਵੀ ਹੁੰਦੇ ਹਨ, ਪਰ ਜਿਸ ਜਮਾਤ ਦਾ ਆਧਾਰ ਅਤੇ ਸ਼ੁਰੂਆਤ ਦੁਕਾਨਕਾਰਾਂ ਵਿਚੋਂ ਹੋਈ ਹੋਵੇ, ਉਸ ਦਾ ਦੀਨ-ਈਮਾਨ ਨਫਾ ਹੁੰਦਾ ਹੈ। ਨਫਾ ਖੱਟਣ ਲਈ ਵਪਾਰੀ ਕੀ ਕੁਝ ਨਹੀਂ ਕਰਦਾ! ਝੂਠ ਬੋਲਦਾ ਹੈ, ਫਰੇਬ ਕਰਦਾ ਹੈ। ਸੁਨਿਆਰ ਮਾਂ ਦੇ ਜੇਵਰਾਤ ਵਿਚ ਵੀ ਖੋਟ ਪਾਉਣੋਂ ਨਹੀਂ ਝਿਜਕਦਾ। ਇਕ ਗੱਲ ਹਰ ਦੁਕਾਨਦਾਰ ਦੇ ਮੂੰਹ ‘ਤੇ ਰਹਿੰਦੀ ਹੈ, “ਜੀ ਬਚਦਾ ਹੀ ਕੁਝ ਨਈਂ? ਖਰਚੇ ਬਹੁਤ ਵਧ ਗਏ ਹਨ।” ਮੈਂ ਹੈਰਾਨ ਹੁੰਦਾ ਹਾਂ ਜਦੋਂ ਚੰਡੀਗੜ੍ਹ ਪਹੁੰਚ ਕੇ ਉਨ੍ਹਾਂ ਦੁਕਾਨਦਾਰਾਂ ਨੂੰ ਦੇਖਦਾ ਹਾਂ ਜਿਨ੍ਹਾਂ ਕੋਲ ਕਦੇ ਸਾਈਕਲ ਹੁੰਦੇ ਸਨ, ਅੱਜ ਕੱਲ੍ਹ ਖੁਬਸੂਰਤ ਕਾਰਾਂ ਹਨ। ਫਿਰ ਵੀ ਕਹਿਣਗੇ, “ਬੜਾ ਮੰਦਾ ਹਾਲ ਹੈ ਜੀ!”
ਇਹ ਤਬਕਾ ਜਮ੍ਹਾਂਖੋਰੀ ਤੋਂ ਕਦੀ ਬਾਜ਼ ਨਹੀਂ ਆਉਂਦਾ। ਕੁਦਰਤੀ ਆਫ਼ਤਾਂ ਵੇਲੇ ਚੀਜ਼ਾਂ ਦੇ ਰੇਟ ਹੋਰ ਵਧਾ ਦਿੰਦਾ ਹੈ। ਨਫੇ ਨੂੰ ਧਿਆਨ ਵਿਚ ਰੱਖਦਿਆਂ ਦੁਕਾਨਦਾਰ ਕੀ-ਕੀ ਪਾਪੜ ਨਹੀਂ ਵੇਲਦੇ? ਰਿਸ਼ਵਤਖੋਰੀ ਨਾਲ ਕੰਮ ਚਲਾਉਣਾ ਇਨ੍ਹਾਂ ਦਾ ਸੁਭਾਅ ਹੈ। ਅੱਜ ਕੱਲ੍ਹ ਕਾਂਗਰਸੀਏ ਅਤੇ ਭਾਜਪਾ ਵਾਲੇ ਇਕ-ਦੂਜੇ ਨੂੰ ਭੰਡਣ ਵਿਚ ਲੱਗੇ ਹੋਏ ਹਨ। ਸੂਝਵਾਨ ਬੰਦਿਆਂ ਨੂੰ ਲੱਗਦਾ ਹੈ ਜਿਵੇਂ ਪੁੱਠਾ ਤਵਾ ਪਤੀਲੇ ਦੇ ਥੱਲੇ ਨੂੰ ਕਹਿ ਰਿਹਾ ਹੋਵੇ, ‘ਤੂੰ ਕਾਲਾ, ਤੂੰ ਕਾਲਾ!’ ਭਾਜਪਾ ਬਾਬਤ ਹੋਰ ਕੁਝ ਨਾ ਕਹਿੰਦਾ ਹੋਇਆ ਕੇਵਲ ਇੰਨਾ ਹੀ ਕਹਾਂਗਾ ਕਿ ਭ੍ਰਿਸ਼ਟਾਚਾਰ ਜਿਹੜਾ ਇਸ ਦੇਸ਼ ਨੂੰ ਤਪਦਿਕ ਦੇ ਰੋਗ ਵਾਂਗ ਹੌਲੀ-ਹੌਲੀ ਖਾ ਰਿਹਾ ਹੈ, ਇਸ ਜਮਾਤ ਤੋਂ ਉਤਸ਼ਾਹਿਤ ਤਾਂ ਸ਼ਾਇਦ ਹੋ ਜਾਵੇ, ਖ਼ਤਮ ਨਹੀਂ ਹੋ ਸਕਦਾ।
ਤੀਜੀ ਪਾਰਟੀ, ਕਮਿਊਨਿਸਟ ਪਾਰਟੀ ਹੈ। ਵਿਦਿਆਰਥੀ ਜੀਵਨ ਵੇਲੇ ਇਹ ਸੂਰਜ ਕਿਰਨ ਦੀ ਆਸ ਲੱਗ ਰਹੀ ਸੀ। ਹਰ ਮਰਜ਼ ਦੀ ਦਵਾ ਇਸੇ ਜਥੇਬੰਦੀ ਵਿਚੋਂ ਲੱਭੀ ਜਾ ਰਹੀ ਸੀ ਪਰ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਵਿਚਾਰਾਧਾਰਾ ਤਾਂ ਕਾਇਮ ਹੈ, ਪਾਰਟੀ ਗਾਇਬ ਹੈ। ਹਰ ਸਾਲ ਇਸ ਦੇ ਵੋਟਰਾਂ ਦਾ ਗਰਾਫ ਹੇਠਾਂ ਜਾ ਰਿਹਾ ਹੈ। ਸ਼ਾਇਦ ਕਾਰਕੁਨਾਂ ਦਾ ਆਚਰਣ ਇਸ ਦਸ਼ਾ ਦਾ ਜ਼ਿੰਮੇਵਾਰ ਹੈ? ਕਦੇ ਕਾਮਰੇਡਾਂ ਦੀ ਸਾਦਗੀ ਮਿਸਾਲ ਹੁੰਦੀ ਸੀ। ਕੇਰਲਾ ਦੇ ਕਾਮਰੇਡ ਮੁੱਖ ਮੰਤਰੀ ਅਛੂਤਾ ਮੈਨਨ ਦੀ ਬੇਟੀ ਦੇ ਵਿਆਹ ਵੇਲੇ ਉਸ ਨੇ ਕਿਸੇ ਮਹਿਮਾਨ ਤੋਂ ਸ਼ਗਨ ਮਨਜ਼ੂਰ ਨਾ ਕੀਤਾ। ਆਉਣ ਵਾਲੇ ਹਰ ਬੰਦੇ ਨੂੰ ਕੌਫੀ ਦਾ ਕੱਪ ਪਿਆਇਆ ਅਤੇ ਜਾਣ ਵੇਲੇ ਇਕ-ਇਕ ਫੁੱਲ ਭੇਟ ਕੀਤਾ। ਅੱਜ ਕੱਲ੍ਹ ਦੇ ਕਾਮਰੇਡਾਂ ਦਾ ਕੀ ਕਹਿਣਾ! ਸਭ ਤੋਂ ਮਹਿੰਗੇ ਹੋਟਲਾਂ ਵਿਚ ਡਿਨਰ ਦਿੱਤੇ ਜਾਂਦੇ ਹਨ। ਮਰਸੀਡੀਜ਼ ਕਾਰਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਕ ਹੋਰ ਗੱਲ ਆਮ ਬੰਦਿਆਂ ਨੂੰ ਸਮਝ ਨਹੀਂ ਆਉਂਦੀ। ਇਹ ਪਾਰਟੀ ਪਹਿਲਾਂ ਰੂਸ ਤੋਂ ਆਗਿਆ ਲੈ ਕੇ ਚੱਲਦੀ ਸੀ। ਜਦੋਂ ਰੂਸ ਢਹਿ-ਢੇਰੀ ਹੋ ਗਿਆ ਤਾਂ ਇਸ ਦੇ ਆਕਾ ਚੀਨ ਵਾਲੇ ਬਣ ਗਏ। ਇਹ ਸਿਆਣੇ-ਬਿਆਣੇ ਅਤੇ ਬਹੁਤ ਚੁਸਤ ਪਾਰਟੀ ਲੀਡਰ ਆਪਣੇ ਦਿਮਾਗ ਤੋਂ ਕੰਮ ਕਿਉਂ ਨਹੀਂ ਲੈਂਦੇ? ਹੈਰਾਨੀ ਦੀ ਹੱਦ ਹੈ ਕਿ ਚੀਨ ਅਮਰੀਕਾ ਨਾਲ ਆਪ ਤਾਂ ਵਪਾਰਕ ਸਬੰਧ ਮਜ਼ਬੂਤ ਕਰ ਰਿਹਾ ਹੈ, ਚੀਨ ਦੀਆਂ ਬਣੀਆਂ ਚੀਜ਼ਾਂ ਨਾਲ ਬਜ਼ਾਰ ਭਰੇ ਪਏ ਹਨ ਪਰ ਭਾਰਤ ਅਤੇ ਅਮਰੀਕਾ ਦੇ ਪਰਮਾਣੂ ਸਮਝੌਤੇ ਜਾਂ ਵਪਾਰਕ ਰਿਸ਼ਤਿਆਂ ਵਿਚ ਚੀਨ ਅੜਿੱਕਾ ਬਣ ਰਿਹਾ ਹੈ। ਸਾਡੇ ਕਾਮਰੇਡ ਭਾਈ ਹਰ ਗੱਲ ਵਿਚ ਚੀਨ ਦੀ ਪਾਰਟੀ ਦੇ ਸਾਹਾਂ ਦੇ ਦੀਵਾਨੇ ਹਨ। ਪਿਛਲੀ ਚੋਣ ਵੇਲੇ ਪੰਜਾਬ ਵਿਚ ਇਸ ਪਾਰਟੀ ਨੂੰ ਇਕ ਫੀਸਦੀ ਵੋਟਾਂ ਮਿਲੀਆਂ ਸਨ। ਪੰਜਾਬ ਦੀਆਂ ਯੋਗ ਮੰਗਾਂ ਵੱਲ ਵੀ ਇਸ ਪਾਰਟੀ ਨੇ ਕਦੀ ਕੋਈ ਧਿਆਨ ਨਹੀਂ ਦਿੱਤਾ।
ਪਿਛਲੇ ਕੁਝ ਸਾਲਾਂ ਤੋਂ ਚੌਥੀ ਪਾਰਟੀ ਬਹੁਜਨ ਸਮਾਜ ਪਾਰਟੀ (ਬਸਪਾ) ਭਾਰਤ ਦੇ ਸਿਆਸੀ ਨਕਸ਼ੇ ਤੇ ਉਭਰ ਕੇ ਆਈ ਹੈ। ਇਸ ਨੂੰ ਅਣਥੱਕ ਮਿਹਨਤ ਨਾਲ ਬਾਬੂ ਕਾਂਸ਼ੀ ਰਾਮ ਨੇ ਖੜ੍ਹਾ ਕੀਤਾ ਸੀ। ਬੀਬੀ ਮਾਇਆਵਤੀ ਨੇ ਕਾਂਸ਼ੀ ਰਾਮ ਉਤੇ ਜਾਦੂ ਕਰ ਦਿੱਤਾ। ਵਿਚਾਰਾ ਘਰਵਾਲਿਆਂ ਤੋਂ ਵੀ ਦੂਰ ਹੋ ਗਿਆ। ਇਹ ਬੀਬੀ ਯੂæਪੀæ ਦੀ ਸਿਆਸਤ ਉਤੇ ਤੂਫਾਨ ਵਾਂਗ ਛਾ ਗਈ। 2007 ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਨੇ ਸਭ ਨੂੰ ਚਿੱਤ ਕਰ ਦਿੱਤਾ। ਕੁਦਰਤ ਦੇ ਰੰਗ ਨਿਰਾਲੇ! ਇਹ ਬੀਬੀ ਹਨ੍ਹੇਰੀ ਦੀ ਤਰ੍ਹਾਂ ਆਈ ਅਤੇ ਵਰੋਲੇ ਵਾਂਗ ਬਿਖ਼ਰ ਗਈ। ਬੇਅੰਤ ਮਾਇਆ ਨਾਲ ਖੇਡ ਗਈ। ਆਉਣ ਵਾਲੀਆਂ ਚੋਣਾਂ ਵਿਚ ਕੌਣ ਜਿੱਤੂ, ਕੌਣ ਹਾਰੂ, ਇਸ ਦਾ ਕਿਆਸ ਲਾਉਣਾ ਬਹੁਤ ਔਖਾ ਹੈ, ਪ੍ਰੰਤੂ ਬਹੁਤ ਲੋਕ ਇਹੀ ਮਹਿਸੂਸ ਕਰਦੇ ਹਨ ਕਿ ਬੀਬੀ ਮਾਇਆਵਤੀ ਮਾਇਆ ਨਾਲ ਜ਼ਰੂਰ ਕਲੋਲਾਂ ਕਰੇਗੀ।
ਹੁਣੇ-ਹੁਣੇ ਬਣਿਆ ਤੀਜਾ ਮੋਰਚਾ ਵੀ ਗਿਆਰਾਂ ਕੁ ਪਾਰਟੀਆਂ ਇਕੱਠੀਆਂ ਕਰ ਕੇ ਰਾਜ ਭਾਗ ਦੇ ਸੁਪਨੇ ਲੈ ਰਿਹਾ ਹੈ। ਇਨ੍ਹਾਂ ਪਾਰਟੀਆਂ ਦੇ ਪ੍ਰਧਾਨ ਅੰਦਰੋਂ ਅੰਦਰੀਂ ਦਿੱਲੀ ਦੇ ਤਖਤ ਉਤੇ ਬੈਠਣ ਲਈ ਉਤਾਵਲੇ ਹਨ। ਜੇ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਸੀਟਾਂ ਨਸੀਬ ਵੀ ਹੋ ਗਈਆਂ ਤਾਂ ਪ੍ਰਧਾਨ ਮੰਤਰੀ ਪਦ ਲਈ ਕੋਈ ਸਹਿਮਤੀ ਮੁਸ਼ਕਿਲ ਨਜ਼ਰ ਆਉਂਦੀ ਹੈ। ਜੇ ਸਹਿਮਤੀ ਹੋ ਵੀ ਗਈ ਤਾਂ ਵੱਧ ਤੋਂ ਵੱਧ ਛੇ ਮਹੀਨੇ ਰਾਜ ਕਰਨਗੇ। ਹਾਲਾਤ ਉਹੋ ਜਿਹੇ ਬਣ ਜਾਣਗੇ ਜਿਹੋ ਜਿਹੇ ਚੌਧਰੀ ਚਰਨ ਸਿੰਘ, ਦੇਵਗੌੜਾ, ਇੰਦਰ ਕੁਮਾਰ ਗੁਜਰਾਲ ਅਤੇ ਚੰਦਰ ਸ਼ੇਖਰ ਵੇਲੇ ਸਨ। ਉਦੋਂ ਖ਼ਜ਼ਾਨਾ ਖਾਲੀ ਹੋ ਗਿਆ ਸੀ ਅਤੇ ਵਿਦੇਸ਼ੀ ਮੁਦਰਾ ਦਾ ਕਾਲ ਪੈ ਗਿਆ ਸੀ।
ਅਕਾਲੀ ਪਾਰਟੀ ਦੀ ਦੇਸ਼ ਦੀ ਸਿਆਸਤ ਵਿਚ ਕੋਈ ਖਾਸ ਅਹਿਮੀਅਤ ਨਹੀਂ। 13 ਸੀਟਾਂ ਦਾ ਲੋਕ ਸਭਾ ਵਿਚ ਕੋਈ ਮਹੱਤਵ ਨਹੀਂ। ਫਿਰ ਵੀ ਚਲਦੇ-ਚਲਦੇ ਇਨ੍ਹਾਂ ਮਿੱਤਰ-ਪਿਆਰਿਆਂ ਨੂੰ ਨੇੜੇ ਤੋਂ ਦੇਖ ਲਈਏ। ਇਹ ਪਾਰਟੀ ਸੱਚੇ ਸੁੱਚੇ ਲੋਕਾਂ ਦੀ ਪਾਰਟੀ ਸੀ। ਸੇਵਾ ਉਹ ਵੀ ਨਿਸ਼ਕਾਮ, ਜਥੇਦਾਰਾਂ ਦੀ ਰਗ-ਰਗ ਵਿਚ ਸਮਾਈ ਹੋਈ ਸੀ। ਘਰੋਂ ਖਰਚ ਕਰ ਕੇ ਰਿਕਸ਼ਿਆਂ ਵਿਚ ਬੈਠ ਕੇ ਜਨਤਾ ਦਾ ਕੰਮ ਕਰਨ ਵਾਲੀ ਅਕਾਲੀ ਪਾਰਟੀ ਸੀ। ਅਨਪੜ੍ਹ ਅਤੇ ਗਰੀਬ ਹੁੰਦੇ ਹੋਈ ਵੀ ਅਸੂਲਾਂ ਦੇ ਪੱਕੇ ਸਨ। ਰਿਸ਼ਵਤ ਅਤੇ ਲਾਲਚ ਉਨ੍ਹਾਂ ਲਈ ਦੂਰ ਦੀ ਗੱਲ ਸੀ। ਹੁਣ ਸਭ ਕੁਝ ਉਲਟ ਹੋ ਗਿਆ ਹੈ। ਪਹਿਲਾਂ ਅਕਾਲੀਆਂ ਦੇ ਘਰਾਂ ਵਿਚ ਰੋਟੀ ਖਾਣ ਜੋਗੀ ਹੀ ਸਮਰੱਥਾ ਸੀ ਪਰ ਅੱਜ ਕੱਲ੍ਹ ਭਰੇ ਭੰਡਾਰ ਹਨ। ਮੈਂਬਰਸ਼ਿਪ ਲਈ ਸਭ ਕਿਸਮ ਦੇ ਲੋਕਾਂ ਲਈ ਦਰਵਾਜ਼ੇ ਖੁੱਲ੍ਹੇ ਹਨ। ਹਕੂਮਤ ਦੇ ਨਸ਼ੇ ਵਿਚ ਆ ਕੇ ਹੰਕਾਰ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਪਰਮਾਤਮਾ ਸੁਮੱਤ ਬਖ਼ਸ਼ੇ!
ਕੁਝ ਮਹੀਨੇ ਪਹਿਲਾਂ ਬਣੀ ਆਮ ਆਦਮੀ ਪਾਰਟੀ (ਆਪ) ਖੁਸ਼ੀ ਦਾ ਪੈਗਾਮ ਲੈ ਕੇ ਆਈ ਹੈ। ਸਥਾਪਤ ਪਾਰਟੀਆਂ ਤੋਂ ਸਤੇ ਹੋਏ ਲੋਕਾਂ ਨੇ ਇਸ ਤੋਂ ਵੱਡੀਆਂ ਆਸਾਂ ਲਾ ਰੱਖੀਆਂ ਹਨ। ‘ਆਗਾਜ਼ (ਸ਼ੁਰੂਆਤ) ਤੋਂ ਅੱਛਾ ਹੈ, ਅੰਜਾਮ ਖੁਦਾ ਜਾਨੇ’; ਜਾਂ ਇਹ ਕਹੋ, ‘ਅਭੀ ਤੋ ਇਬਤਦਾਏ ਇਸ਼ਕ ਹੈ, ਦੇਖੀਏ ਆਗੇ ਆਗੇ ਹੋਤਾ ਹੈ ਕਿਆ।’
ਅਖੀਰ ਵਿਚ ਦੋ ਸ਼ਬਦ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਬਾਬਤ ਕਹਿਣ ਨੂੰ ਦਿਲ ਕਰ ਆਇਆ। ਇਸ ਸ਼ਰੀਫ ਆਦਮੀ ਦਾ ਦਸ ਸਾਲ ਪ੍ਰਧਾਨ ਮੰਤਰੀ ਰਹਿਣਾ ਅਚੰਭਾ ਹੈ। ਕੋਈ ਇਸ ਨੂੰ ਮੋਨ ਸਿੰਘ ਕਹਿੰਦਾ ਹੈ, ਕੋਈ ਕਮਜ਼ੋਰ ਪ੍ਰਧਾਨ ਮੰਤਰੀ ਕਹਿਦਾ ਹੈ। ਲੋਕਾਂ ਦੀ ਮਰਜ਼ੀ, ਪਰ ਇਸ ਵਿਚ ਸ਼ੱਕ ਨਹੀਂ ਕਿ ਸਾਰੀ ਦੁਨੀਆਂ ਦੀ ਅਰਥ ਵਿਵਸਥਾ ਮੰਦੀ ਹੋਣ ਦੇ ਬਾਵਜੂਦ ਸਾਡੇ ਦੇਸ਼ ਦਾ ਕੋਈ ਬੈਂਕ ਫੇਲ੍ਹ ਨਹੀਂ ਹੋਇਆ। ਵਿਦੇਸ਼ੀ ਮੁਦਰਾ ਤਸੱਲੀਬਖ਼ਸ਼ ਹੈ। ਟੈਲੀਫੋਨ ਸੇਵਾਵਾਂ ਬਹੁਤ ਚੰਗੀਆਂ ਹਨ, ਪਰ ਮਹਿੰਗਾਈ ਨੂੰ ਇਹ ਕਾਬੂ ਨਹੀਂ ਕਰ ਸਕਿਆ ਅਤੇ ਕੁਰੱਪਟ ਲੋਕਾਂ ਨੂੰ ਵੀ ਨੱਥ ਨਹੀਂ ਪਾ ਸਕਿਆ। ਮਹਿਸੂਸ ਹੁੰਦਾ ਹੈ ਕਿ ਇਸ ਦੇਸ਼ ਦਾ ਭਾਰ ਸ਼ਰੀਫ਼ ਅਤੇ ਨੇਕ ਆਦਮੀ ਚੁੱਕ ਨਹੀਂ ਸਕਦਾ।
ਅੰਤਿਕਾ: ਇਕ ਵਾਰ ਕੋਈ ਬਜ਼ੁਰਗ ਅਤੇ ਉਸ ਦੀ ਨੂੰਹ ਰਾਣੀ ਪਿੰਡ ਤੋਂ ਸ਼ਹਿਰ ਵੱਲ ਪੈਦਲ ਜਾ ਰਹੇ ਸਨ। ਬੀਬੀ ਨੇ ਹੁੰਦੜਹੇਲ ਬੇਟਾ ਗੋਦੀ ਚੁੱਕਿਆ ਹੋਇਆ ਸੀ। ਥੋੜ੍ਹੀ ਦੇਰ ਬਾਅਦ ਬੀਬੀ ਥੱਕ ਗਈ ਅਤੇ ਉਸ ਨੇ ਬੱਚਾ ਬਜ਼ੁਰਗ ਨੂੰ ਫੜਾ ਦਿੱਤਾ। ਕੁਝ ਮਿੰਟਾਂ ਪਿੱਛੋਂ ਬਜ਼ੁਰਗ ਵੀ ਥੱਕ ਗਿਆ ਅਤੇ ਕਹਿਣ ਲੱਗਾ, “ਬੇਟੀ ਆਪਾਂ ਤੋਂ ਇਹ ਬੱਚਾ ਹੁਣ ਚੁੱਕਿਆ ਨਹੀਂ ਜਾਂਦਾ, ਇਸ ਨੂੰ ਤਾਂ ਰੱਬ ਹੀ ਚੁੱਕੂ।”
ਇਹੀ ਹਾਲਤ ਸਾਡੇ ਦੇਸ਼ ਦੀ ਹੈ। ਕੁਰੱਪਟ ਆਦਮੀ ਇਸ ਨੂੰ ਚੂੰਡ ਰਹੇ ਹਨ। ਵਧ ਰਹੀ ਜਨਤਾ ਅਤੇ ਮਹਿੰਗਾਈ ਇਸ ਦਾ ਬੋਝ ਵਧਾ ਰਹੀ ਹੈ। ਈਮਾਨਦਾਰ ਬੰਦੇ ਉਸ ਬਜ਼ੁਰਗ ਅਤੇ ਚੰਗੀ ਬੀਬੀ ਦੀ ਤਰ੍ਹਾਂ ਇਸ ਹੁੰਦੜਹੇਲ ਅਤੇ ਪਿਆਰੇ ਦੇਸ਼ ਦਾ ਭਾਰ ਉਠਾ ਨਹੀਂ ਸਕਦੇ। ਇਸ ਨੂੰ ਤਾਂ ਰੱਬ ਹੀ ਇਸ ਦਲਦਲ ਵਿਚੋਂ ਬਾਹਰ ਕੱਢ ਸਕਦਾ ਹੈ।

Be the first to comment

Leave a Reply

Your email address will not be published.