ਗੁਰਦਿਆਲ ਬਲ ਉਨ੍ਹਾਂ ਥੋੜੇ ਕੁ ਖੁਸ਼ਕਿਸਮਤ ਪੰਜਾਬੀਆਂ ਵਿਚੋਂ ਇਕ ਹੈ ਜਿਨ੍ਹਾਂ ਦੀ ਸੰਸਾਰ ਸਾਹਿਤ ਪੜ੍ਹਨ ਵਿਚ ਉਮਰ ਭਰ ਰੁਚੀ ਰਹੀ| ਕੋਈ ਕਿਸ ਕਿਸਮ ਦਾ ਸਾਹਿਤ ਪੜ੍ਹਦਾ ਹੈ ਤੇ ਫਿਰ ਕਿਵੇਂ ਸਮਝਦਾ ਹੈ, ਇਸ ਦੀ ਡਿਕਟੇਸ਼ਨ ਨਹੀਂ ਦਿੱਤੀ ਜਾ ਸਕਦੀ| ਮੈਨੂੰ ਪ੍ਰੋæ ਪੂਰਨ ਸਿੰਘ ਦੀ ਹਰੇਕ ਲਿਖਤ ਚੰਗੀ ਲਗਦੀ ਹੈ, ਮੇਰੇ ਕਈ ਤੀਖਣ ਬੁੱਧ ਮਿੱਤਰ ਉਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ| ਬਲ ਪੰਜਾਬੀ ਸਾਹਿਤ ਦਾ ਕੋਈ ਸਥਾਪਤ ਵਾਰਤਾਕਾਰ ਨਹੀਂ ਹੈ, ਉਹ ਆਪ ਇਸ ਗੱਲ ਦਾ ਇਕਬਾਲ ਕਰਦਾ ਹੈ| ਜੇ ਕਿਧਰੇ ਇਉਂ ਲਗਦਾ ਹੈ ਕਿ ਉਹ ਗੈਰ-ਸੰਜ਼ੀਦਾ ਲਿਖਦਾ ਹੈ ਤਾਂ ਅਜਿਹਾ ਉਹ ਸੁਭਾਇਕੀ ਕਰਦਾ ਹੈ| ਸੰਜ਼ੀਦਗੀ ਬਲ ਦੇ ਲੇਖ ਦੇ ਪ੍ਰਤੀਕਰਮ ਵਿਚ ਆਈਆਂ ਪਹਿਲਾਂ ਪ੍ਰਭਸ਼ਰਨਦੀਪ ਸਿੰਘ ਤੇ ਫਿਰ ਉਸ ਦੇ ਛੋਟੇ ਭਰਾ ਪ੍ਰਭਸ਼ਰਨਬੀਰ ਸਿੰਘ ਦੀਆਂ ਲਿਖਤਾਂ ਵਿਚੋਂ ਵੀ ਨਹੀਂ ਝਲਕਦੀ, ਇਹ ਸੁਭਾਇਕੀ ਵੀ ਨਹੀਂ ਹੈ।
ਬਲ ਜਾਂ ਐਜ਼ਰਾ ਨਫੀਸੀ ਨੂੰ ਅਮਰੀਕਾ ਦੇ ਏਜੰਟ/ਮੁਖਬਰ ਹੋਣ ਦਾ ਸਰਟੀਫਿਕੇਟ ਦੇਣਾ ਕਿਸ ਕਿਸਮ ਦੀ ਕਲਾਕਾਰੀ ਹੈ? ਪਾਠਕ ਜਾਣ ਗਏ ਹਨ ਕਿ ਨਫੀਸੀ ਦੇ ਪਿਤਾ ਦਾ ਸਭ ਤੋਂ ਛੋਟੀ ਉਮਰ ਵਿਚ ਤਹਿਰਾਨ ਦਾ ਸਰਬਸੰਮਤੀ ਨਾਲ ਮੇਅਰ ਚੁਣੇ ਜਾਣ ਦਾ ਰਿਕਾਰਡ ਹੈ| ਉਸ ਨੇ ਬਾਦਸ਼ਾਹ ਮੁਹੰਮਦ ਸ਼ਾਹ ਪਹਿਲਵੀ (ਦੂਜੇ) ਦੇ ਨਾਜਾਇਜ਼ ਹੁਕਮ ਮੰਨਣ ਤੋਂ ਇਨਕਾਰ ਕੀਤਾ ਜਿਸ ਕਰਕੇ ਸਟੇਟ ਨੇ ਉਸ ਉਪਰ ਭ੍ਰਿਸ਼ਟਾਚਾਰ ਅਤੇ ਵੱਡਿਆਂ ਦੀ ਹੁਕਮ ਅਦੂਲੀ ਦੇ ਇਲਜ਼ਾਮ ਲਾ ਕੇ ਜੇਲ੍ਹ ਭੇਜਿਆ| ਅਦਾਲਤ ਨੇ ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚੋਂ ਬਰੀ ਕਰ ਦਿੱਤਾ ਪਰ ਇਹ ਗੱਲ ਸਹੀ ਮੰਨੀ ਕਿ ਉਹ ਵੱਡਿਆਂ ਦੇ ਹੁਕਮ ਨਹੀਂ ਮੰਨਦਾ| ਮੇਅਰ ਨੇ ਪ੍ਰੈਸ ਨੂੰ ਕਿਹਾ, ਖੁਸ਼ੀ ਹੋਈ| ਅਦਾਲਤ ਨੇ ਸਹੀ ਫੈਸਲਾ ਦਿੱਤਾ| ਵੱਡਿਆਂ ਦੇ ਨਾਜਾਇਜ਼ ਹੁਕਮ ਨਾ ਕਦੀ ਮੰਨੇ ਨਾ ਮੰਨਾਂਗਾ| ਤਨਦੇਹੀ ਨਾਲ ਉਸ ਨੇ ਬਾਦਸ਼ਾਹ ਵਿਰੁਧ ਲੜਨ ਵਾਲੀ ਬਾਗੀਆਂ ਦੀ ਟੀਮ ਦਾ ਸਾਥ ਦਿੱਤਾ| ਜਦੋਂ ਉਹ ਬਾਦਸ਼ਾਹ ਵਿਰੁਧ ਲੜ ਰਿਹਾ ਸੀ, ਉਦੋਂ ਬਾਦਸ਼ਾਹ ਅਮਰੀਕਾ ਦੀ ਕਠਪੁਤਲੀ ਸੀ ਤੇ ਬਾਦਸ਼ਾਹ ਦੀ ਜੰਗ ਅਮਰੀਕਾ ਵਲੋਂ ਲੜੀ ਜਾ ਰਹੀ ਸੀ|
ਆਇਤੁੱਲਾ ਖੁਮੀਨੀ ਸੱਤਾ ਵਿਚ ਆ ਗਿਆ ਤਾਂ ਉਸ ਨੇ ਫਤਵੇ-ਦਰ-ਫਤਵੇ ਕਸਣੇ ਸ਼ੁਰੂ ਕਰ ਦਿੱਤੇ| ਔਰਤਾਂ ਅਤੇ ਨੌਜਵਾਨਾਂ ਵਿਚ ਖਾਸ ਕਰਕੇ ਮਾਯੂਸੀ ਛਾ ਗਈ, ਇਸ ਨਾਲੋਂ ਤਾਂ ਬਾਦਸ਼ਾਹ ਦਾ ਰਾਜ ਠੀਕ ਸੀ| ਬਾਦਸ਼ਾਹ ਵੇਲੇ ਸਿਆਸੀ ਬਾਗੀਆਂ ਦੇ ਕਤਲਾਂ ਦੀ ਗਿਣਤੀ ਪੰਦਰਾਂ ਹਜ਼ਾਰ ਸੀ| ਮੌਲਵੀਆਂ ਦੇ ਰਾਜ ਵਿਚ ਇਹ ਗਿਣਤੀ ਸਵਾ ਲੱਖ ਟੱਪ ਚੁਕੀ ਹੈ|
ਪ੍ਰਭਸ਼ਰਨਬੀਰ ਨੂੰ ਨਫੀਸੀ ਵਿਰੁਧ ਗੁੱਸਾ ਹੈ ਕਿ ਉਹ ਅਮਰੀਕਾ ਪੱਖੀ ਹੈ| ਹਾਂ, ਉਹ ਅਮਰੀਕਾ ਪੱਖੀ ਹੈ| ਜਿਹੜੇ ਬਾਗੀ ਮੌਲਵੀਆਂ ਦੇ ਰਾਜ ਦੀ ਥਾਂ ਗਣਤੰਤਰ ਚਾਹੁੰਦੇ ਹਨ ਤੇ ਯੁੱਧ ਲੜ ਰਹੇ ਹਨ, ਉਹ ਅਮਰੀਕਾ ਤੋਂ ਮਦਦ ਕਿਉਂ ਨਾ ਲੈਣ? ਜਦੋਂ ਸੁਭਾਸ਼ ਚੰਦਰ ਬੋਸ ਨੂੰ ਅਹਿਸਾਸ ਹੋਇਆ ਕਿ ਮਹਾਤਮਾ ਗਾਂਧੀ ਵਾਲੇ ਤਰੀਕਿਆਂ ਨਾਲ ਅੰਗਰੇਜ਼ ਆਜ਼ਾਦੀ ਨਹੀਂ ਦੇਣਗੇ, ਉਸ ਨੇ ਜਾਪਾਨ ਦੀ ਮਦਦ ਕੀਤੀ ਅਤੇ ਬਦਲੇ ਵਿਚ ਮਦਦ ਲਈ| ਕੀ ਨਾਜ਼ੀ ਗੱਠਜੋੜ ਨਾਲ ਸੁਲਾਹ ਕਰਕੇ ਮਦਦ ਲੈਣੀ ਗੱਦਾਰੀ ਸੀ? ਭਾਰਤੀ ਸਟੇਟ ਤੋਂ ਤੰਗ ਆ ਕੇ ਅਣਗਿਣਤ ਸਿੱਖਾਂ ਨੇ ਪੱਛਮੀ ਦੇਸ਼ਾਂ ਵਿਚ ਸਿਆਸੀ ਪਨਾਹ ਲਈ ਹੈ, ਉਹ ਕਸੂਰਵਾਰ ਕਿਵੇਂ ਹੋਏ?
ਸਾਹਿਤ ਵਿਚੋਂ ਨੋਬਲ ਪ੍ਰਾਈਜ਼ ਪ੍ਰਾਪਤ ਅਮਰੀਕੀ ਸ਼ਾਇਰ ਐਜ਼ਰਾ ਪਾਊਂਡ ਨਹੀਂ ਚਾਹੁੰਦਾ ਸੀ ਕਿ ਦੂਜੇ ਵਿਸ਼ਵ ਯੁੱਧ ਵਿਚ ਅਮਰੀਕਾ ਕਿਸੇ ਧੜੇ ਵਿਚ ਸ਼ਾਮਲ ਹੋ ਕੇ ਲੜੇ| ਉਸ ਦਾ ਕਹਿਣਾ ਸੀ ਕਿ ਪੂੰਜੀ ਹਾਸਲ ਕਰਨ ਲਈ ਵਪਾਰੀਆਂ ਦੇ ਦੋ ਵੱਡੇ ਗਰੋਹ ਭਿਆਨਕ ਯੁੱਧ ਵਿਚ ਕੁੱਦ ਪਏ ਹਨ ਤਾਂ ਅਮਰੀਕੀ ਜੁਆਨੀ ਕਿਉਂ ਤਬਾਹ ਕੀਤੀ ਜਾਵੇ? ਉਸ ਉਤੇ ਫਾਸਿਸਟ ਹੋਣ ਦਾ ਇਲਜ਼ਾਮ ਲੱਗਾ, ਫੌਜ ਗ੍ਰਿਫਤਾਰ ਕਰਨ ਉਸ ਦੇ ਘਰ ਪੁੱਜ ਗਈ, ਪ੍ਰੈਸ ਪੁੱਜ ਗਈ| ਅਖਬਾਰ ਨਵੀਸਾਂ ਨੇ ਗ੍ਰਿਫਤਾਰੀ ਉਪਰੰਤ ਕਵੀ ਦਾ ਪ੍ਰਤੀਕਰਮ ਜਾਣਨਾ ਚਾਹਿਆ| ਐਜ਼ਰਾ ਪਾਊਂਡ ਨੇ ਕਿਹਾ, ਮਨ ਵਿਚ ਚੰਗੀ ਗੱਲ ਹੋਵੇ ਤਾਂ ਕਹਿ ਦੇਣੀ ਚਾਹੀਦੀ ਹੈ| ਜੇ ਦਿਲ ਵਿਚ ਕੋਈ ਗੱਲ ਹੈ, ਪਰ ਬੰਦਾ ਕਹਿੰਦਾ ਨਹੀਂ ਤਾਂ ਗੱਲ ਚੰਗੀ ਨਹੀਂ ਹੋਣੀ, ਜੇ ਗੱਲ ਯਕੀਨਨ ਚੰਗੀ ਹੈ ਤਾਂ ਚੁਪ ਰਹਿਣ ਵਾਲਾ ਬੰਦਾ ਚੰਗਾ ਨਹੀਂ|
ਇਤਫਾਕਨ ਇਸ ਈਰਾਨੀ ਅਧਿਆਪਕਾ ਦਾ ਨਾਮ ਵੀ ਐਜ਼ਰਾ ਹੈ, ਐਜ਼ਰਾ ਨਫੀਸੀ| ਪ੍ਰਸੰਗ ਅਧੀਨ ਕਿਤਾਬ ਵਿਚ ਆਖਰ ਉਹ ਲਿਖਦੀ ਹੈ, “ਵਿਦੇਸ਼ ਵਿਚ ਚਲੀ ਗਈ ਪਰ ਮੈਂ ਹਾਰੀ ਨਹੀਂ| ਤੁਸੀਂ ਮੈਨੂੰ ਹਾਰ ਗਈ ਉਦੋਂ ਆਖਦੇ ਜਦੋਂ ਮੈਂ ਮੌਲਵੀਆਂ ਦੀ ਹਾਂ ਵਿਚ ਹਾਂ ਮਿਲਾ ਦਿੰਦੀ ਜਾਂ ਚੁਪ ਕਰ ਜਾਂਦੀ| ਆਪਣੇ ਤਰੀਕੇ ਨਾਲ ਹੁਣ ਵੀ ਮੈਂ ਯੁੱਧ ਲੜ ਰਹੀ ਹਾਂ|
ਕੁਝ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਤੇਗ ਬਹਾਦਰ (ਸਾਹਿਬ) ਲੁੱਟਮਾਰ ਕਰਕੇ ਦੌਲਤ ਇਕੱਠੀ ਕਰ ਰਹੇ ਸਨ ਤਾਂ ਸਟੇਟ ਨੇ ਸਜ਼ਾ ਦਿੱਤੀ| ਕੁਝ ਹੋਰ ਲਿਖ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਬਹਾਦਰਸ਼ਾਹ ਦੀ ਫੌਜ ਵਿਚ ਭਰਤੀ ਹੋ ਗਏ ਸਨ| ਇਨ੍ਹਾਂ ਲਿਖਤਾਂ ਨੇ ਸਿੱਖਾਂ ਉਪਰ ਕੋਈ ਅਸਰ ਨਹੀਂ ਕੀਤਾ| ਕਿਸੇ ਬੰਦੇ ਜਾਂ ਸੰਸਥਾ ਨੇ ਮੌਲਵੀਆਂ ਖਿਲਾਫ ਜੰਗ ਲੜ ਰਹੇ ਲੋਕਾਂ ਨੂੰ ਅਮਰੀਕਾ ਦੇ ਏਜੰਟ/ਮੁਖਬਰ ਆਖ ਦਿੱਤਾ ਤਾਂ ਇਸ ਨਾਲ ਇਨ੍ਹਾਂ ਦਾ ਕੁਝ ਨਹੀਂ ਵਿਗੜਦਾ| ਰਾਜ ਪਲਟਣ ਵਾਲਿਆਂ ਨੂੰ ਜੇ ਬਾਹਰਲੀ ਤਾਕਤਵਰ ਹਕੂਮਤ ਤੋਂ ਮਦਦ ਨਹੀਂ ਲੈਣੀ ਆਉਂਦੀ ਤਾਂ ਉਹ ਸਿਆਸਤ ਦਾ ਊੜਾ ਆੜਾ ਸਿੱਖਣਾ ਸ਼ੁਰੂ ਕਰਨ|
ਗੈਰ ਮਿਆਰੀ ਵਿਸ਼ੇਸ਼ਣ ਛਾਪਣੇ ਅਖਬਾਰ ਲਈ ਸਿਹਤਮੰਦ ਰੁਝਾਨ ਨਹੀਂ, ਸੰਪਾਦਕ ਜੇ ਕਾਂਟ-ਛਾਂਟ ਨਹੀਂ ਕਰਦੇ ਫਿਰ ਨੀਤੀ ਕੀ ਹੋਈ?
-ਹਰਪਾਲ ਸਿੰਘ ਪੰਨੂ
ਫੋਨ: 91-94642-51454
Leave a Reply