ਸੁਰਿੰਦਰ ਸੋਹਲ
ਅਨੀਤਾ ਸ਼ਬਦੀਸ਼ ਨੇ ਬੜੇ ਉਤਸ਼ਾਹ ਨਾਲ ਦੱਸਿਆ, “ਭਾਜੀ ਤੁਹਾਨੂੰ ਪਤੈ, ਮੈਨੂੰ ਪਿਛਲੇ ਸਾਲ ਨੈਸ਼ਨਲ ਐਵਾਰਡ ਮਿਲਿਐ।”
ਇਹ ਗੱਲ ਸੁਣ ਕੇ ਮੈਂ ਬਹੁਤ ਪਿਛਾਂਹ ਵੱਲ ਪਰਤ ਗਿਆ।
ਅਨੀਤਾ ਸ਼ਬਦੀਸ਼ ਉਦੋਂ ਅਨੀਤਾ ਭਾਰਦਵਾਜ ਹੁੰਦੀ ਸੀ ਅਤੇ ਅੱਜ ਦਾ ਸ਼ਬਦੀਸ਼, ਜਗਦੀਸ਼ ਦਰਦੀ ਹੁੰਦਾ ਸੀ।
ਅਸਲ ਵਿਚ ਮੇਰੀ ਸਾਂਝ ਜਗਦੀਸ਼ ਦਰਦੀ ਨਾਲ ਹੀ ਸੀ। ਉਸ ਨੂੰ ਸਭ ਤੋਂ ਪਹਿਲਾਂ ਮੈਂ ਕਰਨੈਲ ਸਿੰਘ ਨਿੱਝਰ ਦੇ ਪਿੰਡ ਇਕ ਸਾਹਿਤਕ ਸਮਾਗਮ ਵਿਚ ਗਾਉਂਦੇ ਸੁਣਿਆ ਸੀ, Ḕਸਾਡੀ ਅਜ਼ਲਾਂ ਤੋਂ ਦੋਸਤੀ ਸਵੇਰਿਆਂ ਦੇ ਨਾਲ।Ḕ
ਉਹ ਉਦੋਂ Ḕਲੋਕ ਲਹਿਰḔ ਵਿਚ ਕੰਮ ਕਰਦਾ ਸੀ। ਮੋਹ ਨਾਲ ਲਬਾ ਲਬ ਦਰਦੀ ਨਾਲ ਗਹਿਰੀ ਦੋਸਤੀ ਪੈਂਦੀ ਨੂੰ ਕੁਝ ਦਿਨ ਹੀ ਲੱਗੇ। ਮੈਂ ਅਕਸਰ ਉਸ ਕੋਲ ਲੋਕ ਲਹਿਰ ਦੇ ਦਫ਼ਤਰ ਜਾਣ ਲੱਗ ਪਿਆ। ਸੁਹੇਲ ਸਿੰਘ ਅਖਬਾਰ ਦਾ ਸੰਪਾਦਕ ਹੁੰਦਾ ਸੀ। ਅਖਬਾਰਾਂ ਵਾਲੇ ਕਿੰਨੇ ਮੋਹ ਖੋਰੇ ਹੁੰਦੇ ਨੇ ਸੁਹੇਲ ਸਿੰਘ, ਮਾਸਟਰ ਜੋਧ ਸਿੰਘ ਅਤੇ ਜਗਦੀਸ਼ ਦਰਦੀ ਨੂੰ ਮਿਲ ਕੇ ਪਹਿਲੀ ਵਾਰ ਪਤਾ ਲੱਗਿਆ।
ਮੇਰਾ ਵਿਆਹ ਹੋ ਗਿਆ ਤਾਂ ਮੇਰੀ ਬੀਬੀ ਅਕਸਰ ਦਰਦੀ ਨੂੰ ਕਹਿੰਦੀ ਰਹਿੰਦੀ, “ਵੇ ਹੁਣ ਤੂੰ ਵੀ ਵਿਆਹ ਕਰਾ ਲੈ।”
ਉਹ ਦੰਦੀਆਂ ਕੱਢਦਾ ਆਖਦਾ, “ਬੀਬੀ ਕੋਈ ਕੁੜੀ ਮੰਨਦੀ ਨ੍ਹੀਂ।”
ਇਕ ਵਾਰ ਮੈਂ ਰੇਡੀਓ ਸਟੇਸ਼ਨੋਂ ਨਿਕਲਿਆ। ਧੁੰਦ ਪਈ ਹੋਈ ਸੀ। ਲੋਈਆਂ ਦੀਆਂ ਬੁੱਕਲਾਂ ਵਿਚ ਮੂੰਹ ਲਪੇਟੀ ਦੋ ਰਾਸ਼ੇ ਸਿੱਧੇ ਹੀ ਮੇਰੇ ਸਕੂਟਰ ਵੱਲ ਆ ਰਹੇ ਸਨ। ਮੇਰੇ ਕੋਲ ਆ ਕੇ ਖੜ੍ਹ ਗਏ। ਪੰਜਾਬ ਵਿਚ ਉਂਜ ਹੀ ਖੌਫ, ਸ਼ੱਕ, ਅਨਿਸਚਿਤਤਾ ਦਾ ਕੋਰਾ ਪੈ ਰਿਹਾ ਸੀ। ਤੇ ਫੇਰ ਰਾਸ਼ਿਆਂ ਨੇ ਖਿੜਖਿੜਾ ਕੇ ਮੂੰਹ ਨੰਗੇ ਕੀਤੇ-ਇੰਦਰਜੀਤ ਚੁਗਾਵਾਂ ਅਤੇ ਜਗਦੀਸ਼ ਦਰਦੀ।
ਮੈਂ ਪੁੱਛਿਆ, “ਆਹ ਕੀ ਬਈ ਰਾਸ਼ਿਆਂ ਦਾ ਭੇਸ।”
ਜਗਦੀਸ਼ ਨੇ ਕਿਹਾ, “ਕਰਨਾ ਪੈਂਦਾ ਬਈ, ਕਾਮਰੇਡਾਂ ਨੂੰ ਅਗਲੇ ਫੁੰਡੀ ਜਾ ਰਹੇ ਐ।”
ਫੇਰ ਦਰਦੀ Ḕਲੋਕ ਲਹਿਰḔ ਛੱਡ ਕੇ Ḕਦੇਸ਼ ਭਗਤ ਯਾਦਗਾਰ ਹਾਲḔ ਵਿਚ ਸੇਵਾਵਾਂ ਮੁਹੱਈਆ ਕਰਨ ਲੱਗਾ। ਉਸ ਨੇ ਆਪਣਾ ਨਾਮ ਸ਼ਬਦੀਸ਼ ਰੱਖ ਲਿਆ ਸੀ ਪਰ ਉਹ ਮੇਰੇ ਲਈ ਅੱਜ ਵੀ ਜਗਦੀਸ਼ ਦਰਦੀ ਹੀ ਹੈ।
ਦਰਦੀ ਅਕਸਰ ਮੇਰੇ ਕੋਲ ਆਉਂਦਾ ਰਹਿੰਦਾ। ਇਕ ਦਿਨ ਸਵੇਰੇ ਮੇਰੀ ਪਤਨੀ ਕੋਲ ਚੁੱਲ੍ਹੇ ਕੋਲ ਬੈਠਾ ਸੀ।
ਬਾਦ ਵਿਚ ਮੇਰੀ ਪਤਨੀ ਨੇ ਦੱਸਿਆ, “ਕਿਸੇ ਕੁੜੀ ਦੀ ਫੋਟੋ ਦਿਖਾ ਕੇ ਪੁੱਛ ਰਿਹਾ ਸੀ, ਕੁੜੀ ਕਿਹੋ ਜਿਹੀ ਐ। ਕੁੜੀ ਤਾਂ ਬਹੁਤ ਸੋਹਣੀ ਦੀ ਫੋਟੋ ਲਈ ਫਿਰਦਾ।”
ਤੇ ਫੇਰ ਕੁਝ ਦਿਨਾਂ ਬਾਦ ਮੈਨੂੰ ਦੱਸਿਆ, “ਗੁਰਸ਼ਰਨ ਭਾਅ ਜੀ ਵਿਚੋਲੇ ਬਣੇ ਆ। ਛੇਤੀ ਤੈਨੂੰ ਆਪਣੇ ਵਿਆਹ ਦਾ ਸੱਦਾ ਦੇਊਂਗਾ।”
ਦਰਦੀ ਦਾ ਵਿਆਹ। ਸਾਡੀ ਬੀਬੀ ਨੂੰ ਬਹੁਤ ਚਾਅ ਸੀ।
ਮੇਰੇ ਖਿਆਲ ਵਿਚ ਦਰਦੀ ਦੇ ਦੋਸਤਾਂ ਦਾ ਘੇਰਾ ਬਹੁਤ ਵਿਸ਼ਾਲ ਸੀ ਪਰ ਜਦੋਂ ਮੈਂ ਵਿਆਹ Ḕਤੇ ਗਿਆ ਤਾਂ ਉਸ ਦੇ ਸਾਹਿਤਕ ਘੇਰੇ ਵਿਚੋਂ ਮੈਂ ਇਕੱਲਾ ਹੀ ਸਾਂ।
ਅਸਲ ਵਿਚ ਵਿਆਹ ਦੀ ਬਿਲਕੁਲ ਸਾਦਾ ਰਸਮ ਇਕ ਦਿਨ ਪਹਿਲਾਂ ਹੋ ਗਈ ਸੀ। ਇਹ Ḕਰਿਸੈਪਸ਼ਨ ਪਾਰਟੀḔ ਯਾਦਗਾਰ ਹਾਲ ਵਿਚ ਰੱਖੀ ਹੋਈ ਸੀ। ਰਵਾਇਤ ਤੋਂ ਬਿਲਕੁਲ ਹਟਵੀਂ। ਜਿਵੇਂ ਕੋਈ ਸਾਹਿਤਕ ਮੀਟਿੰਗ ਹੋ ਰਹੀ ਹੋਵੇ।
ਦਰਦੀ ਅਤੇ ਉਸ ਦੀ ਪਤਨੀ ਅਨੀਤਾ ਸਾਹਮਣੇ ਕੁਰਸੀਆਂ Ḕਤੇ ਬੈਠੇ ਸਨ। ਅਸੀਂ ਸਾਰੇ ਉਨ੍ਹਾਂ ਵੱਲ ਮੂੰਹ ਕਰੀ ਪਈਆਂ ਕੁਰਸੀਆਂ Ḕਤੇ।
ਇਕ ਛੋਟੇ ਜਿਹੇ ਮੁੰਡੇ ਨੇ ਸਵਾਲ ਕੀਤਾ, “ਦੀਦੀ, ਸ਼ਬਦੀਸ਼ ਭਾਜੀ ਨਾਲ ਵਿਆਹ ਕਰਵਾ ਕੇ ਤੁਸੀਂ ਖੁਸ਼ ਮਹਿਸੂਸ ਕਰਦੇ ਹੋ ਕਿ ਦੁੱਖ।”
ਸਟੇਜ ਦੀ ਸਫ਼ਲ ਐਕਟਰੈਸ ਅਨੀਤਾ ਨੇ ਬੜੇ ਆਤਮਵਿਸ਼ਵਾਸ ਨਾਲ ਜਵਾਬ ਦਿੱਤਾ, “ਬਹੁਤ ਖ਼ੁਸ਼।”
“ਅੱਛਾ!” ਉਸੇ ਮੁੰਡੇ ਨੇ ਫਿਰ ਕਿਹਾ, “ਜੇ ਖੁਸ਼ ਮਹਿਸੂਸ ਕਰਦੇ ਹੋ ਤਾਂ ਕੱਲ੍ਹ ਵਿਦਾਇਗੀ ਵੇਲੇ ਰੋ ਕਿਉਂ ਰਹੇ ਸੀ?”
ਮਹਿਫਿਲ ਵਿਚ ਹਾਸਿਆਂ ਦੀਆਂ ਫੁੱਲਝੜੀਆਂ ਚੱਲਣ ਲੱਗ ਪਈਆਂ।
ਇਕ ਲੜਕੀ ਨੇ ਦਰਦੀ ਨੂੰ ਸਵਾਲ ਕੀਤਾ, “ਸ਼ਬਦੀਸ਼ ਤੁਹਾਨੂੰ ਪਤਾ, ਅਨੀਤਾ ਸਟੇਜ ਕਰਦੀ ਹੈ। ਨਾਟਕਾਂ ਕਰਕੇ ਇਸ ਨੂੰ ਕਈ ਕਈ ਦਿਨ ਘਰੋਂ ਬਾਹਰ ਵੀ ਰਹਿਣਾ ਪਵੇਗਾ। ਹੁਣ ਵਿਆਹ ਤੋਂ ਬਾਦ ਤੁਸੀਂ ਕਿਤੇ ਇਸ ਦੇ ਪਰ ਕੁਤਰ ਤਾਂ ਨਹੀਂ ਦੇਵੋਗੇ?”
ਦਰਦੀ ਨੇ ਛਾਤੀ ਚੌੜੀ ਕਰਕੇ ਕਿਹਾ ਸੀ, “ਮੈਂ ਇਸ ਦੇ ਪਰਾਂ ਵਿਚ ਪਰਵਾਜ਼ ਭਰ ਦਿਆਂਗਾ।”
ਉਦੋਂ ਉਠੀ ਤਾੜੀਆਂ ਦੀ ਗੂੰਜ ਮੇਰੇ ਕੰਨਾਂ ਵਿਚ ਇਕ ਵਾਰ ਫੇਰ ਤਾਜ਼ਾ ਹੋ ਗਈ ਜਦੋਂ ਅਨੀਤਾ ਨੇ ਕਿਹਾ, “ਭਾਜੀ ਤੁਹਾਨੂੰ ਪਤੈ, ਮੈਨੂੰ ਪਿਛਲੇ ਸਾਲ ਨੈਸ਼ਨਲ ਐਵਾਰਡ ਮਿਲਿਐ।”
ਸੱਚ ਮੁੱਚ ਸ਼ਬਦੀਸ਼ ਦਾ ਸਾਥ ਉਸ ਦੀ ਕਲਾ ਦੇ ਪਰਾਂ ਲਈ ਅਨੁਕੂਲ ਹਵਾ ਦੇ ਬੁੱਲੇ ਸਾਬਿਤ ਹੋਇਆ ਹੈ।
ਮੈਂ ਅਨੀਤਾ ਦੀ ਅਦਾਕਾਰੀ ਫਿਲਮਾਂ ਵਿਚ ਦੇਖੀ ਹੈ। ਪਿਛਲੀ ਵਾਰ ਗੁਰਸ਼ਰਨ ਭਾਅ ਜੀ ਨਾਲ ਜਦੋਂ ਸ਼ਬਦੀਸ਼ ਤੇ ਅਨੀਤਾ ਆਏ ਸਨ, ਉਦੋਂ Ḕਇਹ ਲਹੂ ਕਿਸ ਦਾ ਹੈḔ ਨਾਟਕ ਵਿਚ ਅਨੀਤਾ ਨੇ ਅਦਾਕਾਰੀ ਦੀਆਂ ਸਿਖਰਾਂ ਨੂੰ ਛੋਹ ਲਿਆ ਸੀ। ਮੇਰੇ ਦਿਮਾਗ਼ ਵਿਚ ਅਨੀਤਾ ਦਾ ਐਕਟਰੈਸ ਵਜੋਂ ਵੱਡਾ ਸਥਾਨ ਹੈ।
ਪਰ ਉਹ ਕਾਰ ਦੇ ਪਿਛੇ ਬੈਠੀ ਮੇਰੀ ਪਤਨੀ ਨਾਲ ਬਿਲਕੁਲ ਘਰੇਲੂ ਔਰਤ ਵਾਂਗ ਗੱਲਾਂ ਕਰ ਰਹੀ ਸੀ। ਮੈਨੂੰ ਬੜਾ ਚੰਗਾ ਲੱਗ ਰਿਹਾ ਸੀ। ਉਨ੍ਹਾਂ ਦਾ ਵਿਸ਼ਾ ਸੀ, Ḕਪਤੀ ਘਰ ਚੰਗੇ ਪਤੀ ਕਿਉਂ ਨਹੀਂ ਹੁੰਦੇ, ਜਦੋਂ ਕਿ ਬਾਹਰ ਲੋਕਾਂ ਵਿਚ ਉਹ ਬਹੁਤ ਹਰਮਨ ਪਿਆਰੇ ਹੁੰਦੇ ਹਨ।Ḕ ਅਨੀਤਾ ਪੁੱਛ ਰਹੀ ਸੀ, Ḕਸੋਹਲ ਭਾਜੀ ਤਾਂ ਨਹੀਂ ਲੜਦੇ ਹੋਣੇ ਤੁਹਾਡੇ ਨਾਲ।Ḕ
ਮੇਰੀ ਪਤਨੀ ਬੁੱਲ੍ਹਾਂ ਵਿਚ ਹੱਸਦੀ ਮੈਨੂੰ ਸ਼ੀਸ਼ੇ ਵਿਚੋਂ ਦਿਸ ਰਹੀ ਸੀ।
ਮੈਂ ਕਿਹਾ, “ਅਨੀਤਾ ਦਰਦੀ ਤਾਂ ਬਹੁਤ ਠੰਢੇ ਸੁਭਾਅ ਦੈ।”
“ਭਾਜੀ ਤੁਹਾਨੂੰ ਹੀ ਨਹੀਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਗਲਤਫਹਿਮੀ ਹੈ।” ਅਨੀਤਾ ਦੀ ਗੱਲ ਨਾਲ ਅਸੀਂ ਖਿੜਖਿੜਾ ਕੇ ਹੱਸੇ।
ਦਰਦੀ ਅਤੇ ਗੁੱਸਾ! ਦਰਦੀ ਨੂੰ ਤਾਂ ਉਦੋਂ ਵੀ ਗੁੱਸਾ ਨਹੀਂ ਸੀ ਆਇਆ ਜਦੋਂ ਉਸ ਨੇ ਆਪਣੇ ਖਰੜੇ Ḕਟਾਪੂ ਤੋਂ ਆਇਆ ਖ਼ਤḔ ਬਾਰੇ ਗੋਸ਼ਟੀ ਰੱਖੀ ਸੀ ਫਗਵਾੜੇ।
ਦਰਦੀ ਜਲੰਧਰੋਂ ਫਗਵਾੜੇ ਨੂੰ ਗਿਆ। ਹਰਭਜਨ ਹੁੰਦਲ ਆਪਣੇ ਪਿੰਡ ਫੱਤੂ ਚੱਕ ਤੋਂ। ਇਹ ਘਟਨਾ ਦਰਦੀ ਨੇ ਮੈਨੂੰ ਹੱਸ ਹੱਸ ਕੇ ਸੁਣਾਈ ਸੀ।
ਖਰੜੇ ਬਾਰੇ ਬਹੁਤ ਸਾਰੇ ਲੋਕਾਂ ਨੇ ਵਿਚਾਰ ਦਿੱਤੇ। ਹਰਭਜਨ ਹੁੰਦਲ ਦਾ ਵਿਚਾਰ ਬਹੁਤ ਦਿਲਚਸਪ ਸੀ, “ਦਰਦੀ ਦੀਆਂ ਗ਼ਜ਼ਲਾਂ ਬੇਬਹਿਰੀਆਂ ਨੇ, ਗੀਤ ਝੋਲ ਮਾਰਦੇ ਨੇ ਤੇ ਕਵਿਤਾ ਦੀ ਇਹਨੂੰ ਸਮਝ ਨਹੀਂ।”
ਹੁੰਦਲ ਤੋਂ ਬਾਦ ਇਕ ਹੋਰ ਬੰਦਾ ਬੋਲਿਆ, “ਦਰਦੀ ਗੱਲ ਸੁਣ। ਹੁੰਦਲ ਸਾਹਿਬ ਕਿੱਥੋਂ ਫੱਤੂ ਚੱਕ ਤੋਂ ਚੱਲ ਕੇ ਫਗਵਾੜੇ ਆਏ ਐ। ਤੂੰ ਜਲੰਧਰੋਂ ਆਇਐਂ। ਬਾਕੀ ਵੀ ਕਿੱਡੀ ਦੂਰੋਂ ਦੂਰੋਂ ਆਏ ਆ। ਜਲੰਧਰ ਫਗਵਾੜੇ ਦੇ ਰਾਹ ਵਿਚ ਪੈਂਦਾ। ਤੂੰ ਹੁੰਦਲ ਸਾਹਿਬ ਨੂੰ ਜਲੰਧਰ ਸੱਦ ਕੇ ਉਥੇ ਹੀ ਆਪਣੀ ਏਨੀ ਖਾਤਰ ਕਰਵਾ ਲੈਂਦਾ। ਬਾਕੀ ਲੋਕਾਂ ਦਾ ਟਾਈਮ ਤਾਂ ਬਚਦਾ।”
ਦਰਦੀ ਗੱਲ ਦਸਦਾ ਦੂਹਰਾ ਹੁੰਦਾ ਜਾ ਰਿਹਾ ਸੀ। ਕੀ ਉਸ ਦਰਦੀ ਨੂੰ ਗੁੱਸਾ ਆ ਸਕਦਾ ਹੈ!
ਤੇ ਜਦੋਂ ਉਸ ਦੀ ਕਿਤਾਬ Ḕਟਾਪੂ ਤੋਂ ਆਇਆ ਖ਼ਤḔ ਛਪੀ ਤਾਂ ਕਿਸੇ ਨੇ ਪੁੱਛਿਆ ਸੀ, “ਭਾਜੀ ਟਾਪੂ Ḕਤੇ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦੈ।”
ਗੱਲ ਦਸਦੇ ਦਸਦੇ ਦਰਦੀ ਦਾ ਸਾਹ ਉਖੜ ਗਿਆ ਸੀ।
ਅਨੀਤਾ ਆਪਣੇ ਭਰਾ ਪਵਨ ਕੋਲ ਓਹਾਇਓ ਆਈ ਹੋਈ ਸੀ। ਨਿਊ ਯਾਰਕ ਵਿਚ ਉਸ ਨੇ ਪਵਨ ਦੇ ਦੋਸਤ ਨੂੰ ਮਿਲਣਾ ਸੀ ਤੇ ਸਾਨੂੰ। ਮੈਂ ਤੇ ਮੇਰੀ ਪਤਨੀ ਯੌਂਕਰ ਤੋਂ ਉਸ ਨੂੰ ਨਿਊ ਯਾਰਕ ਲਿਆ ਰਹੇ ਸਾਂ।
ਅਨੀਤਾ ਨੇ ਮੰਨਤ, ਬਾਗ਼ੀ, ਲੱਗਦਾ ਇਸ਼ਕ ਹੋ ਗਿਆ, ਕਬੱਡੀ ਵਨਸ ਅਗੇਨ, ਚੰਨਾ ਸੱਚੀ-ਮੁੱਚੀ, ਏਕਮ, ਯਾਰ ਪਰਦੇਸੀ, ਪੂਜਾ ਕਿਵੇਂ ਆਂ ਆਦਿ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦੀ ਵਿਲੱਖਣ ਛਾਪ ਛੱਡੀ ਹੈ। Ḕਦਾ ਲੀਜੈਂਡ ਆਫ ਭਗਤ ਸਿੰਘḔ ਅਤੇ Ḕਕਾਫ਼ੀ ਹਾਊਸḔ ਹਿੰਦੀ ਫਿਲਮਾਂ ਦੇ ਨਾਲ ਨਾਲ ਸਰੱਹਦ, ਮਨ ਜੀਤੇ ਜਗਜੀਤ, ਭਾਗਾਂ ਵਾਲੀਆਂ, ਗਾਉਂਦੀ ਧਰਤੀ, ਅੱਖੀਆਂ ਤੋਂ ਦੂਰ ਜਾਈਂ ਨਾ, ਕੱਚ ਦੀਆਂ ਵੰਗਾਂ ਟੀ ਵੀ ਨਾਟਕਾਂ ਵਿਚ ਜ਼ਿਕਰਯੋਗ ਭੂਮਿਕਾ ਨਿਭਾਈ ਹੈ।
ਸਟੇਜ ਨਾਲ ਤਾਂ ਅਨੀਤਾ 1988 ਦੀ ਜੁੜੀ ਹੋਈ ਹੈ।
—
ਘਰੋਂ ਮੈਂ, ਮੇਰਾ ਬੇਟਾ ਤੇ ਬੇਟੀ ਅਨੀਤਾ ਨੂੰ ਲੈ ਕੇ ਮੈਨਹਟਨ ਦਿਖਾਉਣ ਚਲੇ ਗਏ। ਰਾਤ ਦੀਆਂ ਲਾਈਟਾਂ ਵਿਚ ਜੱਗ ਮਗ ਕਰਦਾ ਮੈਨਹਟਨ ਦਿਲ ਨੂੰ ਧੂਹ ਪਾ ਰਿਹਾ ਸੀ।
ਮੈਂ ਕਿਹਾ, “ਦੇਖ ਅਨੀਤਾ ਰੌਸ਼ਨੀਆਂ, ਕਿੰਨੇ ਲੋਕਾਂ ਨੂੰ ਰੋਜ਼ੀ ਦਿੰਦਾ ਇਹ ਸ਼ਹਿਰ।”
ਆਪਣੀ ਵਿਚਾਰਧਾਰਕ ਤਿੱਖੀ ਨਜ਼ਰ ਵਿਚੋਂ ਦੀ ਦੇਖਦੀ ਅਨੀਤਾ ਨੇ ਜਵਾਬ ਦਿੱਤਾ, “ਪਰ ਇਹਦੀ ਵਾਲ ਸਟਰੀਟ ਦੁਨੀਆਂ ਦੇ ਕਿੰਨੇ ਲੋਕਾਂ ਦੀ ਰੋਜ਼ੀ ਖੋਹ ਵੀ ਰਹੀ ਹੈ।”
“ਵੈਸੇ ਨਜ਼ਰੀਆ ਹੋਣਾ ਏਨਾ ਹੀ ਪਰਪੱਕ ਚਾਹੀਦਾ ਹੈ।” ਮੈਂ ਕਿਹਾ, “ਚੱਲ ਫਿਰ ਆਪਾਂ ਵਾਲ ਸਟਰੀਟ ਵੀ ਦੇਖ ਆਉਂਦੇ ਹਾਂ।
ਰਾਤ ਨੂੰ ਸ਼ਹਿਰ ਖ਼ਾਲੀ ਸੀ। ਬਰਾਡਵੇਅ Ḕਤੇ ਲੱਗੇ ਵੱਡੇ ਸਾਰੇ ਬਲਦ ਦੇ ਬੁੱਤ ਕੋਲ ਅਸੀਂ ਗੱਡੀ ਰੋਕ ਲਈ। ਮੈਂ ਕਿਹਾ, “ਪਛਾਣਿਆ ਇਹ ਬਲਦ, ਸਰਮਾਏਦਾਰੀ ਦਾ ਪ੍ਰਤੀਕ। ਦੇਖ ਕਿੱਦਾਂ ਫੁੰਕਾਰੇ ਮਾਰਦੈ। ਇਹਦਾ ਜ਼ਿਕਰ ਕੇਸਰਾ ਰਾਮ ਦੀ ਕਹਾਣੀ Ḕਬੁਲਬਲਿਆਂ ਦੀ ਕਾਸ਼ਤḔ ਵਿਚ ਬੜੀ ਸ਼ਿੱਦਤ ਨਾਲ ਆਇਆ। ਕਹਾਣੀ ਵਿਚ ਕਈ ਵਾਰ ਇਹਦੇ ਫੁੰਕਾਰੇ ਸੁਣਦੇ ਹਨ।”
ਬਲਦ ਨਾਲ ਅਨੀਤਾ ਦੀ ਤਸਵੀਰ ਖਿਚਦੇ ਸਮੇਂ ਮੈਨੂੰ ਮਹਿਸੂਸ ਹੋ ਰਿਹਾ ਸੀ ਮੈਂ ਜਿਵੇਂ ਗਹਿਰੇ ਹਨ੍ਹੇਰੇ ਦੇ ਕੋਲ ਲਟ ਲਟ ਬਲਦੀ ਲਾਟ ਦੇਖ ਰਿਹਾ ਹੋਵਾਂ।
ਅਨੀਤਾ ਦੀ ਗੱਲਬਾਤ ਵਿਚ ਗੁਰਸ਼ਰਨ ਭਾਅ ਜੀ ਦਾ ਜ਼ਿਕਰ ਵਾਰ ਵਾਰ ਆ ਰਿਹਾ ਸੀ। ਉਹ ਗੁਰਸ਼ਰਨ ਸਿੰਘ ਬਾਰੇ ਬਣਾਈ ਡਾਕੂਮੈਂਟਰੀ ਫਿਲਮ Ḕਕ੍ਰਾਂਤੀ ਦਾ ਕਲਾਕਾਰḔ ਦੇ ਨਿਰਮਾਣ ਵੇਲੇ ਆਈਆਂ ਦੁਸ਼ਵਾਰੀਆਂ ਦੀ ਚਰਚਾ ਕਰ ਰਹੀ ਸੀ।
“ਇਹ ਫਿਲਮ ਅਸੀਂ ਆਪਣੇ ਸਿਰ ਖੁਦ ਬਣਾਈ। ਭਾਅ ਜੀ ਨੂੰ ਜਿਉਂਦੇ ਜੀ ਅਸੀਂ ਕੈਪਚਰ ਕਰਨਾ ਚਾਹੁੰਦੇ ਸਾਂ। ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਇਤਫ਼ਾਕ ਦੇਖੋ ਜਦੋਂ ਫਿਲਮ ਦੀ ਐਡਿਟਿੰਗ ਹੋ ਰਹੀ ਸੀ, ਇੰਗਲੈਂਡ ਤੋਂ ਇਕ ਬੰਦੇ ਨੇ ਸਾਡੀ ਮਦਦ ਕੀਤੀ। ਜਦੋਂ ਭਾਅ ਜੀ ਦੁਨੀਆ ਤੋਂ ਚਲੇ ਗਏ, ਕਿਸੇ ਟੀ ਵੀ ਵਾਲੇ ਕੋਲ ਖਬਰਾਂ ਦੇ ਨਾਲ ਦਿਖਾਉਣ ਲਈ ਭਾਅ ਜੀ ਦਾ ਕੋਈ ਕਲਿਪ ਨਹੀਂ ਸੀ। ਫਿਰ ਉਨ੍ਹਾਂ ਸਾਡੀ ਫਿਲਮ ਨੂੰ ਇਸਤੇਮਾਲ ਕੀਤਾ। ਏਡਾ ਵੱਡਾ ਕਲਾਕਾਰ ਤੇ ਇਹ ਹਾਲ!”
ਗੁਰਸ਼ਰਨ ਸਿੰਘ ਦੀ ਯਾਦ ਵਿਚ ਅਨੀਤਾ ਨੇ ਆਪਣੀ ਸਮਰੱਥਾ ਮੁਤਾਬਕ ਮਿਊਜ਼ੀਅਮ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ। ਉਨ੍ਹਾਂ ਦੀਆਂ ਚੀਜ਼ਾਂ ਨੂੰ ਯਾਦਗਾਰ ਦੇ ਤੌਰ Ḕਤੇ ਸੰਭਾਲਣ ਦਾ ਉਪਰਾਲਾ ਉਹ ਬੜੀ ਨਿਹਚਾ ਨਾਲ ਕਰ ਰਹੀ ਹੈ। ਉਸ ਦੀ ਦ੍ਰਿੜਤਾ, ਨਿਸ਼ਠਾ, ਨਿਹਚਾ, ਸਿਦਕ ਦਿਲੀ, ਆਤਮ-ਵਿਸ਼ਵਾਸ ਉਸ ਵੇਲੇ ਦੁਗਣਾ, ਚੌਗਣਾ ਸਗੋਂ ਕਈ ਗੁਣਾ ਵੱਧ ਜਾਂਦਾ ਪ੍ਰਤੀਤ ਹੁੰਦਾ ਹੈ, ਜਦੋਂ ਮੈਨੂੰ ਜਗਦੀਸ਼ ਦਰਦੀ ਦੇ ਬੋਲ ਚੇਤੇ ਆਉਂਦੇ ਹਨ, “ਮੈਂ ਇਹਦੇ ਪਰਾਂ ਵਿਚ ਪਰਵਾਜ਼ ਭਰ ਦਿਆਂਗਾ।”
Leave a Reply