ਮਸੀਹੀ ਮੁਸੀਬਤ

ਅਮਰਜੀਤ ਪਰਾਗ
ਗੁਰਦਿਆਲ ਬਲ ਨੇ ਕਾਮਰੇਡ ਤ੍ਰਾਤਸਕੀ ਦੀ ਪ੍ਰਸੰਗਿਕਤਾ ਬਾਰੇ ਆਪਣੇ ਖਤਨੁਮਾ ਲੇਖ ਵਿਚ ਜੋਜ਼ਫ ਸਟਾਲਿਨ ਦੀ ਪੁਨਰਸਥਾਪਤੀ ਦੇ ਯਤਨਾਂ ਦੇ ਸੰਭਾਵੀ ਖਤਰਿਆਂ ਵਿਰੁਧ ਚਿਤਾਵਨੀ ਦਿੱਤੀ ਸੀ। ਇਸ ਉਪਰ ਪ੍ਰਭਸ਼ਰਨਦੀਪ ਸਿੰਘ ਦੀ ਵਿਅੰਗਮਈ ਟਿੱਪਣੀ ਨੇ ਜਾਪਦਾ ਹੈ ਕਿ ਬਲ ਬਾਬੇ ਦੀਆਂ ਸੁੱਤੀਆਂ ਕਲਾਂ ਜਗਾ ਦਿੱਤੀਆਂ। ਗੱਲ ਸਤਾਲਿਨ ਇੱਕ ਵਿਅਕਤੀ ਤੋਂ Ḕਸਤਾਲਿਨੀ ਵਰਤਾਰੇḔ ਦੇ ਵਿਆਪਕ ਸੰਦਰਭ ਤੀਕ ਜਾ ਪਹੁੰਚੀ। ਦੂਜੀ ਲੰਬੀ ਲਿਖਤ ਵਿਚ ਬਲ ਨੇ ਆਵਾਗਵਨ ਵਿਚਾਰਧਾਰਕ ਸੁਪਨਸਾਜ਼ੀ ਦੇ ਖ਼ਤਰਿਆਂ ਬਾਰੇ ਇਤਿਹਾਸਕ ਘਟਨਾਵਾਂ ਅਤੇ ਇਨ੍ਹਾਂ ਬਾਰੇ ਟਕਸਾਲੀ ਪੁਸਤਕਾਂ ਦੇ ਆਧਾਰ ‘ਤੇ ਬਹੁਤ ਅਹਿਮ ਤੱਤ ਪੇਸ਼ ਕੀਤੇ ਹਨ। ਬਲ ਨੇ ਹਿਟਲਰ, ਮੁਸੋਲਿਨੀ, ਸਤਾਲਿਨ ਆਦਿ ਨੀਮ ਪਾਗਲ ਡਿਕਟੇਟਰਾਂ ਦੇ ਹੈਂਸਿਆਰੇ ਕਿਰਦਾਰਾਂ ਅਤੇ ਉਨ੍ਹਾਂ ਦੀ ਬੇਰਹਿਮ ਭੂਮਿਕਾ ਬਾਰੇ ਸਬਆਮੋਜ਼ਸ਼ ਜਾਣਕਾਰੀ ਦਿੱਤੀ ਹੈ।
ਧਰਮਯੁੱਧ ਇੱਕ ਸਵੈਵਿਰੋਧੀ ਸ਼ਬਦ ਹੈ। ਯੁੱਧ ਵਿਚ ਧਰਮ ਪਾਲਣਾ ਸੰਭਵ ਹੀ ਨਹੀਂ। ਯੁੱਧ ਵਿਚ ਸਭ ਕੁਝ ਜਾਇਜ਼ ਮੰਨਿਆ ਜਾਂਦਾ ਹੈ ਜਦ ਕਿ ਸੱਚ ਤੇ ਝੂਠ, ਪਾਪ ਤੇ ਪੁੰਨ ਦਾ ਨਿਖੇੜਾ ਕਰਨਾ ਧਰਮ ਦਾ ਮੁੱਖ ਮਨੋਰਥ ਹੈ। ਗੁਰਬਾਣੀ ਇਸ ਬਾਰੇ ਸਪਸ਼ਟ ਦੱਸਦੀ ਹੈ ਕਿ ਹਰਾਮ ਦੀ ਭਾਜੀ ਨੂੰ ਤੜਕਾ ਲਾ ਕੇ ਹਲਾਲ ਨਹੀਂ ਬਣਾਇਆ ਜਾ ਸਕਦਾ (ਮਾਰਣ ਪਾਇ ਹਰਾਮ ਮੇ ਹੋਇ ਹਲਾਲ ਨਾ ਜਾਏ)। ਇਹ ਠੀਕ ਹੈ ਕਿ ਅਨੇਕਾਂ ਸਥਿਤੀਆਂ ਵਿਚ ਯੁੱਧ ਟਾਲਣਾ ਸੰਭਵ ਨਹੀਂ ਹੁੰਦਾ। ਆਪੋ ਆਪਣੇ ਜੋਧਿਆਂ ਦਾ ਮਨੋਬਲ ਉਚਾ ਕਰਨ ਅਤੇ ਆਪਣੇ ਪੱਖ ਨੂੰ ਉਚਿਤ ਠਹਿਰਾਉਣ ਲਈ ਵਰਤੀਆਂ ਜਾਂਦੀਆਂ ਜੁਗਤਾਂ ਵਿਚੋਂ ਜੰਗ ਨੂੰ ਧਰਮਯੁਧ ਵਜੋਂ ਪੇਸ਼ ਕਰਨਾ ਵੀ ਇੱਕ ਕਾਰਗਰ ਜੁਗਤ ਹੈ। ਯੁੱਧ ਲਈ ਧਰਮ ਦੇ ਨਾਂ ਦੀ ਵਰਤੋਂ ਕਰਨ ਵਾਲਿਆਂ ਵਿਚ ਭਾਰੀ ਬਹੁਗਿਣਤੀ ਪੁੱਜ ਕੇ ਅਧਾਰਮਿਕ, ਜਨੂੰਨੀ, ਸੱਤਾ ਦੇ ਭੁੱਖੇ, ਖਰੀਦੇ ਹੋਏ ਪ੍ਰਚਾਰਕ, ਮੁਲਕਗੀਰੀ ਦੀ ਹਵਸ ਤੋਂ ਪ੍ਰੇਰਿਤ ਸ਼ਾਸ਼ਕ, ਸਵੈ-ਵਡਿੱਤਣ ਦੀ ਮਾਨਸਿਕ ਗੰਢ ਦੇ ਰੋਗੀ ਦਾਨਿਸ਼ਵਰਾਂ ਦੀ ਹੁੰਦੀ ਹੈ। ਰੂਹਾਨੀ ਮੂਰਖ ਇਨ੍ਹਾਂ ਨਾਲ ਰਲ ਕੇ ਹਰ ਪੀੜ੍ਹੀ ਦੇ ਨੌਜਵਾਨਾਂ ਨੂੰ Ḕਸ਼ਹੀਦḔ ਹੋਣ ਦੇ ਮੌਕੇ ਉਪਲਬਧ ਕਰਵਾਉਂਦੇ ਰਹਿੰਦੇ ਹਨ। ਇਨ੍ਹਾਂ ਬੇਈਮਾਨਾਂ ਦੇ ਢਹੇ ਚੜ੍ਹ ਕੇ ਮਰਨ ਵਾਲਿਆਂ ਦਾ ਊਤਪਣਾ Ḕਸ਼ਹੀਦੀ ਆਭਾḔ ਹੇਠ ਢਕਿਆ ਜਾਂਦਾ ਹੈ। ਕਾਦਰ ਅਤੇ ਕੁਦਰਤ ਜਿਸ ਜੀਵ ਨੂੰ ਜ਼ਿੰਦਗੀ ਦੇ ਬੇਨਜ਼ੀਰ ਤੋਹਫੇ ਦੇ ਕਾਬਲ ਮੰਨਦੇ ਹਨ। ਇਹ ਅਈਆਰ ਰੱਬ ਨਾਲੋਂ ਵਧੇਰੇ Ḕਲੰਮੀ ਨਦਰḔ ਵਾਲੇ ਹੋਣ ਦਾ ਦੰਭ ਕਰਦੇ ਹੋਏ ਉਸ ਦੀ ਜਾਨ ਲੈਣੀ, ਬਲੀ ਦੇਣੀ ਆਪਣਾ ਹੱਕ ਸਮਝਦੇ ਹਨ। ਇਨ੍ਹਾਂ ਮਨੁਖਤਾ ਦੇ ਚਿੱਬ ਕੱਢਣ ਵਾਲੇ ਠਠੇਰਿਆਂ ਦਾ ਸਾਥ ਦੇਣਾ ਮਹਾਂ ਪਾਪ ਹੈ।
ਬਲ ਦਾ ਲੇਖ ਛਪਣ ਮਗਰੋਂ ਪ੍ਰਭਸ਼ਰਨਦੀਪ ਦੇ ਭਰਾ ਪ੍ਰਭਸ਼ਰਨਬੀਰ ਸਿੰਘ ਨੇ ਇਸ ਦੀਆਂ Ḕਗੁੱਝੀਆਂ ਰਮਜ਼ਾਂḔ ਨੰਗੀਆਂ ਕਰਨ ਹਿਤ ਨਿਰਣਾ ਕੱਢਿਆ ਕਿ ਬਲ ਹੁਰਾਂ ਨੂੰ ਭਾਂਤ ਸੁਭਾਂਤ ਦੀਆਂ ਪੁਸਤਕਾਂ ਪੜ੍ਹਨ ਦਾ ਸ਼ੌਕ ਹੈ ਪਰ ਇਨ੍ਹਾਂ ਦੇ ਸੰਦਰਭ ਜਾਨਣ ਵਿਚ ਰੁਚੀ ਨਹੀਂ ਹੈ। ਬਲ ਦੇ ਲੇਖ ਵਿਚ ਸ਼ੈਲੀ, ਭਾਸ਼ਾ, ਬੇਲੋੜੀਆਂ ਡਾਈਗਰੈਨਸ਼ਨਾਂ, ਲਾਊਡ ਸੁਰ, ਸੰਜਮ ਦੀ ਘਾਟ ਨੂੰ ਲੈ ਕੇ ਹੋਰ ਭੀ ਕਈ ਤਕਨੀਕੀ ਖਾਮੀਆਂ ਕੱਢੀਆਂ ਜਾ ਸਕਦੀਆਂ ਹਨ ਪਰ ਪ੍ਰਭਸ਼ਰਨਬੀਰ ਨੇ ਬਲ ਦੇ ਲੇਖ ਦੇ ਕੇਂਦਰੀ ਵਿਸ਼ੇ ਨਾਲ ਜੁੜੇ ਪਹਿਲੂਆਂ ਬਾਰੇ ਉਕਾ ਕੋਈ ਗੱਲ ਨਹੀਂ ਕੀਤੀ। ਵਿਚਾਰ-ਚਰਚਾ ਦਾ ਇਹ ਢੰਗ ਇੰਜ ਹੀ ਹੈ ਜਿਵੇਂ ਕਿਸੇ ਵਕਤਾ ਨੇ ਨਿਹੰਗ ਸਿੰਘਾਂ ਦੀ ਇਤਿਹਾਸਕ ਬਹਾਦਰੀ ਦਾ ਜ਼ਿਕਰ ਕੀਤਾ ਹੋਵੇ ਤੇ ਉਸ ਉਪਰ ਟਿੱਪਣੀਕਾਰ ਸੱਜਣ ਨਿਹੰਗਾਂ ਵੱਲੋਂ ਇੱਕਵੀਂ ਸਦੀ ਵਿਚ ਆਪਣੇ ਵਾਹਨਾ ਅੱਗੇ ਝੋਟੇ ਜੋੜਨ ਅਤੇ ਸੌ ਸੌ ਗਜ਼ ਦੀਆਂ ਦਸਤਾਰਾਂ ਸਜਾਉਣ ਦੇ ਮਿਹਣੇ ਮਾਰਨ ਲੱਗ ਪਵੇ।
ਬਲ ਨੇ ਇਰਾਨੀ ਦ੍ਰਿਸ਼, ਖ਼ਾਸ ਕਰਕੇ ਆਇਤਉਲਾ ਖੁਮੀਨੀ ਦੀ ਇਸਲਾਮਿਕ ਕ੍ਰਾਂਤੀ ਬਾਰੇ ਗੱਲ ਕਰਦਿਆਂ ਅਜ਼ਰਾ ਨਫੀਸੀ, ਕੇਵਲ ਐਂਡਰਸਨ ਆਦਿ ਦੀਆਂ ਪੁਸਤਕਾਂ ਦੇ ਹਵਾਲੇ ਦਿੱਤੇ ਸਨ। ਬੀਰ ਨੇ ਉਨ੍ਹਾਂ ਦੇ ਅਮਰੀਕੀ ਏਜੰਸੀਆਂ ਨਾਲ ਸਬੰਧਾਂ ਦੇ ਕੁਝ ਤੱਥ ਪੇਸ਼ ਕਰਦਿਆਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਲ ਨੂੰ ਇਨ੍ਹਾਂ ਦਾ ਸੰਦਰਭ ਜਾਨਣ ਵਿਚ ਕੋਈ ਰੁਚੀ ਨਹੀਂ ਹੈ। ਲੇਖਕਾਂ? ਚਿੰਤਕਾਂ? ਮਹਾਂਪੁਰਖਾਂ ਦੇ ਜੀਵਨ ਸੰਦਰਭਾਂ ਵਿਚ ਵੱਡੇ ਕੂਹਣੀ ਮੋੜ ਆਉਂਦੇ ਰਹਿੰਦੇ ਹਨ। ਜਿਵੇਂ ਜਨਰਲ ਸੁਬੇਗ ਸਿੰਘ ਨੇ ਇੰਦਰਾ ਸਰਕਾਰ ਦੀ ਯੁੱਧਨੀਤੀ ਦਾ ਕਾਰਗਰ ਮੋਹਰਾ ਬਣ ਕੇ ਮੁਕਤੀਵਾਹਨੀ ਵੀ ਖੜੀ ਕੀਤੀ ਸੀ ਤੇ ਫਿਰ ਬਲਿਊ ਸਟਾਰ ਵਿਚ ਉਸੇ ਇੰਦਰਾ ਸਰਕਾਰ ਦੇ ਸੈਨਿਕਾਂ ਵਿਰੁਧ ਜਾਨ ਦੀ ਬਾਜ਼ੀ ਵੀ ਲਾਈ। ਪਿਛਲਾ ਸੰਦਰਭ ਪੇਸ਼ ਕਰਕੇ ਇੱਕ ਜਰਨੈਲ ਵਜੋਂ ਉਨ੍ਹਾਂ ਦੀ ਪਹਿਲੀ ਕਾਰਕਰਦਗੀ ਨੂੰ ਝੂਠਲਾਇਆ ਨਹੀਂ ਜਾ ਸਕਦਾ। ਬਲ ਦੇ ਲੇਖ ਦੇ ਮੁੱਖ ਪਹਿਲੂ ਸਨ,
1æ ਹਿੰਸਾ ਨੂੰ ਰੋਮਾਂਟੀਸਾਈਜ਼ ਕਰਨ ਦੀ ਖਤਰਨਾਕ ਰੁਚੀ।
2æ ਸਥਾਪਤੀ ਦਾ ਅੰਗ ਬਣਨ ਦਾ ਵਿਰੋਧ।
3æ ਵਿਚਾਰਧਾਰਕ ਸੁਪਨਸਾਜ਼ੀ ਦੀ ਲਾਹਨਤ।
4æ ਅਹਿਮਕਾਨਾ ਮਹਿਫਿਲਾਂ ਨੂੰ ਧਰਮਯੁੱਧ ਕਹਿਣ ਵਾਲਾ ਕੂੜ ਕਪਟ।
5æ ਉਪਰੋਕਤ ਚਾਰ ਵਰਤਾਰਿਆਂ ਨਾਲ ਜੁੜੀਆਂ ਹਿੰਸਕ ਲਹਿਰਾਂ ਦੀ ਹਮਾਇਤ ਵਿਚ ਭੁਗਤਣ ਵਾਲੇ ਦਾਨਿਸ਼ਵਰਾਂ ਦੀ ਨਿਖੇਧੀ।
ਬਲ ਦੀ ਆਸਥਾ ਦੇ ਇਨ੍ਹਾਂ ਪਹਿਲੂਆਂ ਨਾਲ ਸਹਿਮਤੀ-ਅਸਹਿਮਤੀ ਪ੍ਰਗਟਾਉਣ ਦਾ ਟਿੱਪਣੀਕਾਰ ਦਾ ਹੱਕ ਸੀ ਪਰ ਬੀਰ ਨੇ ਇਨ੍ਹਾਂ ਵਿਚੋਂ ਕਿਸੇ ਇੱਕ ਬਾਰੇ ਵੀ ਕੁਝ ਨਹੀਂ ਕਿਹਾ, ਕੇਵਲ ਬਲ ਦੇ ਸੁਭਾ ਦੀ ਇੱਕ ਕਮਜ਼ੋਰੀ ਹੀ ਨੂੰ ਇੰਗਤ ਕੀਤਾ ਹੈ।
ਵਿਚਾਰਧਾਰਕ ਸੁਪਨਸਾਜ਼ੀ ਬੜੀ ਖ਼ਤਰਨਾਕ ਲਤ ਹੈ। ਨਮੂਨੇ ਵਜੋਂ,
1æ ਹਿਟਲਰ ਨਿਸੰਗ ਕਹਿੰਦਾ ਸੀ ਕਿ ਉਹ ਜਰਮਨਾਂ ਨੂੰ ਬੇਰਹਿਮ ਹੋਣਾ ਸਿਖਾ ਰਿਹਾ ਹੈ ਤਾਂ ਕਿ ਗੰਦੇ ਯਹੂਦੀਆਂ ਦੀ ਨਸਲਕੁਸ਼ੀ ਕਰਕੇ ਇਸ ਬੁਰਾਈ ਦਾ Ḕਅੰਤਮ ਹੱਲḔ ਕੱਢਿਆ ਜਾ ਸਕੇ।
2æ ਧਾਰਮਿਕ ਪੇਸ਼ਵਾ ਆਇਤਉਲਾ ਖੁਮੀਨੀ ਵਲੋਂ ਲੱਖਾਂ ਨਵ-ਉਮਰ ਇਰਾਨੀ ਮੁੰਡਿਆਂ ਨੂੰ ਇਰਾਕ ਵਿਰੁਧ ਯੁੱਧ ਵਿਚ ਝੋਕਣ ਸਮੇਂ ਪਲਾਸਟਿਕ ਦੀਆਂ ਚਾਬੀਆਂ ਵੰਡਦਿਆਂ ਦਾਅਵਾ ਕੀਤਾ ਸੀ ਕਿ ਇਹ ਜੰਨਤ ਦੀਆਂ ਕੂੰਜੀਆਂ ਹਨ। ਉਨ੍ਹਾਂ ਦਾ ਇਹ ਵੀ ਫੁਰਮਾਨ ਸੀ ਕਿ ਉਸ ਦੇ ਘਰੇਲੂ ਵਿਰੋਧੀਆਂ ਦਾ ਸਫਾਇਆ ਕਰਦੇ ਸਮੇਂ ਵੇਖਿਆ ਜਾਵੇ ਜੇ ਪਰਿਵਾਰ ਵਿਚ ਕੋਈ ਕੰਵਾਰੀ ਲੜਕੀ ਹੋਵੇ ਤਾਂ ਕਤਲ ਕਰਨ ਤੋਂ ਪਹਿਲਾਂ ਉਸ ਦਾ ਸਤ ਭੰਗ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਅਕੀਦੇ ਅਨੁਸਾਰ ਕੰਵਾਰੀ ਲੜਕੀ ਜੰਨਤ ਵਿਚ ਦਾਖ਼ਲ ਹੋਣ ਦੀ ਅਧਿਕਾਰੀ ਹੈ।
3æ ਮਾਉ-ਜ਼ੇ-ਤੁੰਗ ਦਾ ਮਸ਼ਹੂਰ ਕਥਨ ਸੀ ਕਿ ਜੇਕਰ ਤੀਜੀ ਸੰਸਾਰ ਜੰਗ ਵਿਚ 50 ਕਰੋੜ ਚੀਨੀ ਮਾਰੇ ਭੀ ਗਏ ਤਾਂ ਵੀ ਕਰੋੜਾਂ ਚੀਨੀ ਬਚ ਰਹਿਣਗੇ ਜੋ ਨਵੀਂ ਸ਼ਾਨਦਾਰ ਸੱਭਿਅਤਾ ਸਿਰਜਣਗੇ।
4æ ਸਤਾਲਿਨ ਨੇ ਆਪਣੀ ਪਾਰਟੀ ਵਿਚੋਂ ਗੰਦ ਕੱਢਣ ਲਈ ਪਰਜ਼ (ਪੱਛ ਲਾ ਕੇ ਗੰਦਾ ਖ਼ੂਨ ਕੱਢਣਾ) ਕਰਦੇ ਸਮੇਂ ਲੱਖਾਂ ਕਾਮਰੇਡਾਂ ਨੂੰ ਆਪਣੀ ਕਰੂਰਤਾਂ ਦਾ ਸ਼ਿਕਾਰ ਬਣਾਇਆ।
5æ ਪੋਲ ਪੋਤ ਨੇ ਕੰਬੋਡੀਆ ਵਿਚੋਂ ਗੰਦੀ ਪੱਛਮੀ ਸੱਭਿਅਤਾ ਦੇ ਨਿਸ਼ਾਨ ਮਿਟਾਉਣ ਦੀ ਨੀਤੀ ਹੇਠ ਸ਼ਹਿਰ ਉਜਾੜ ਦਿੱਤੇ ਅਤੇ ਪ੍ਰੈਸ ‘ਤੇ ਪਾਬੰਦੀ ਲਗਾ ਦਿੱਤੀ ਸੀ।
6æ ਅਮਰੀਕਾ ਲੋਕ ਰਾਜ ਅਤੇ ਮਨੁਖੀ ਅਧਿਕਾਰਾਂ ਦੀ ਰਾਖੀ ਦਾ ਦਾਅਵੇਦਾਰ ਹੋ ਕੇ ਦਰਜਨਾਂ ਦੇਸ਼ਾਂ ਵਿਚ ਮੌਤ ਦਾ ਤਾਂਡਵ ਨੱਚਦਾ ਆ ਰਿਹਾ ਹੈ।
7æ ਅੰਗਰੇਜ ਸੰਸਾਰ ਵਿਚ ਸਭ ਤੋਂ ਪਹਿਲੀਆਂ ਸ਼ਾਨਦਾਰ ਸੱਭਿਅਤਾਵਾਂ ਦੀਆਂ ਸਿਰਜਕ ਕਾਲੀ, ਪੀਲੀ ਤੇ ਗੰਦਮੀ ਕੌਮਾਂ ਨੂੰ ਸੱਭਿਅਕ ਬਣਾਉਣ ਦਾ ਭਾਰਾ ਫਰਜ਼ ਆਪਣੇ ਮੋਢਿਆਂ ‘ਤੇ ਚੁੱਕੀ ਏਸ਼ੀਆ, ਅਰਬ ਤੇ ਅਫਰੀਕਾ ਨੂੰ ਸੈਂਕੜੇ ਸਾਲ ਗੁਲਾਮ ਕਰਕੇ ਲੁੱਟਦੇ ਤੇ ਕੁੱਟਦੇ ਰਹੇ ਪਰ ਖ਼ੁਦ ਯੂਰਪ ਦੇ ਅਹਿਮਕ ਗੋਰੇ ਸ਼ਾਸ਼ਕ 30 ਸਾਲ ਖੂਨੀ ਜੰਗ ਵਿਚ ਮਰਦੇ-ਮਾਰਦੇ ਰਹੇ।
ਵੱਡੇ ਦੁੱਖ ਦੀ ਗੱਲ ਇਹ ਹੈ ਕਿ ਉਨਮਾਦੀ ਸੁਪਨਸਾਜ਼ਾਂ ਦਾ ਸਭ ਤੋਂ ਵੱਡਾ ਖਰੀਦਦਾਰ ਸਾਧਾਰਨ ਬੰਦਾ ਹੁੰਦਾ ਹੈ। ਇੱਕ ਵਾਰ ਠੱਗੇ ਜਾਣ ਪਿੱਛੋਂ ਭੀ ਸਾਧਾਰਨ ਬੰਦਾ ਮੁੜ ਨਵੇਂ ਸਿਰਨਾਵੇਂ ਵਾਲੇ ਸੁਪਨਜਾਲ ਵਿਚ ਫਸਣ ਲਈ ਤੱਤਪਰ ਰਹਿੰਦਾ ਹੈ। ਵਿਡੰਬਨਾ ਇਹ ਹੈ ਕਿ ਇਨ੍ਹਾਂ ਭੋਲੇ ਲੋਕਾਂ ਨੂੰ ਲੁੱਟ ਕੇ ਜੋ ਰਾਜ ਮਹਿਲ, ਠਾਠ-ਬਾਠ, ਸੁਨਹਿਰੀ ਗੁੰਬਦਾਂ ਵਾਲੇ ਮੱਠ ਸਿਰਜੇ ਜਾਂਦੇ ਹਨ, ਉਨ੍ਹਾਂ ਦੀ ਸ਼ਾਨ ਨੂੰ ਸਗੋਂ ਉਹ ਬਹੁਰੂਪੀਏ ਚਮਤਕਾਰੀ ਪ੍ਰਤਿਭਾ ਦਾ ਸਬੂਤ ਮੰਨਦਾ ਹੋਇਆ ਵਧੇਰੇ ਸ਼ਰਧਾਵਾਨ ਬਣ ਜਾਂਦਾ ਹੈ। ਖਿਆਲੀ ਦੁਨੀਆਂ ਦੇ ਵਸਨੀਕ ਅਨੇਕਾਂ ਦਾਨਿਸ਼ਵਰ ਇਨ੍ਹਾਂ ਦੀ ਨੇੜਤਾ ਤੋਂ ਮੰਤਰ-ਮੁਗਧ ਹੁੰਦੇ ਵੇਖੇ ਗਏ ਹਨ। ਬਲ ਨੇ ਇਸ ਪਹਿਲੂ ਬਾਰੇ ਲਿਖਦਿਆਂ ਹੈਡਗੇਅਰ, ਮਿਸ਼ੈਲ ਫੁਕੋ, ਜਾਰਜ ਬਤਾਈ ਅਤੇ ਅਜਰਾ ਪਾਊਂਡ ਉਪਰ ਉਂਗਲੀ ਉਠਾਈ ਹੈ।
ਆਪਣੇ ਜਾਣੇ-ਪਛਾਣੇ ਸ਼ਾਇਰੇ-ਮਸ਼ਰਿਕ ਅਲਾਮਾ ਇਕਬਾਲ ਬਾਰੇ ਕੁਝ ਕਹਿਣਾ ਕੁਥਾਂ ਨਹੀਂ ਜਾਪਦਾ। ਕਦੇ ਉਹ ਮੁਹੱਬਤ ਨੂੰ ਗ਼ਾਜ਼ੀ ਮਰਦਾਂ ਦਾ ਵਿਸ਼ਵਵਿਆਪੀ ਹੁਸਨ ਕਹਿੰਦਾ ਸੀ।
ਮੁਸਲਮਾਂ ਕੇ ਲਹੂ ਮੇਂ ਹੈ ਸਲੀਕਾ ਦਿਲਨਵਾਜ਼ੀ ਕਾ
ਮੁਹੱਬਤ ਹੁਸਨੇ ਆਲਮਗੀਰ ਹੈ ਮਰਦਾਨੇ-ਗ਼ਾਜ਼ੀ ਕਾ।
ਉਹ ਬੁੱਧ, ਨਾਨਕ ਵਰਗੇ ਮਹਾਂਪੁਰਖਾਂ ਦੀ ਸ਼ੋਭਾ ਦੇ ਗੀਤ ਗਾਉਂਦਾ ਸੀ। ਅੱਗੇ ਚੱਲ ਕੇ ਉਹੀ ਇਕਬਾਲ ਇਟਲੀ ਦੇ ਫਾਸਿਸਟ ਡਿਕਟੇਟਰ ਮੁਸੋਲਿਨੀ ਦੀ ਅਹਿਮਕਾਨਾ ਜੱਬਲ, Ḕੱਅਰ ਸਿ ਨeਚeਸਸਅਰੇ ਟੋ ਕeeਪ ਟਹe ਭਲੋਦ ਾ ਨਅਟਿਨ ੱਅਰਮ” ਨੂੰ ਜੀਵਨ ਦਰਸ਼ਨ ਦਾ ਬੁਲੰਦ ਰੁਤਬਾ ਬਖ਼ਸ਼ਦਾ ਹੋਇਆ ਲਿਖਦਾ ਹੈ,
ਹਮਾਮੋ-ਕਬੂਤਰ ਕਾ ਭੂਖਾ ਨਹੀਂ ਮੈਂ
ਕਿ ਹੈ ਜ਼ਿੰਦਗੀ ਬਾਜ਼ ਕੀ ਜ਼ਾਇਦਾਨਾ।
ਝਪਟਨਾ, ਪਲਟਨਾ, ਪਲਟ ਕਰ ਝਪਟਨਾ,
ਲਹੂ ਗਰਮ ਰਖਨੇ ਕਾ ਹੈ ਇੱਕ ਬਹਾਨਾ।
ਬਲਿਹਾਰੇ ਜਾਈਏ ਮੁਹੱਬਤ ਦੇ ਅਜਿਹੇ ਆਲਮਗੀਰ ਹੁਸਨ ਤੋਂ ਜਿਸ ਲਈ ਮਾਸੂਮਾਂ ਦਾ ਲਹੂ ਵੀਟਣਾ ਆਪਣਾ ਲਹੂ ਗਰਮ ਰੱਖਣ ਦਾ ਇੱਕ ਬਹਾਨਾ ਹੀ ਹੈ। ਇਥੇ ਇਸ ਤੱਥ ‘ਤੇ ਵੀ ਗੌਰ ਕਰਨਾ ਬਣਦਾ ਹੈ ਕਿ ਜੇਕਰ ਇਨ੍ਹਾਂ ਦਾ ਆਪਣਾ ਕੋਈ ਕਿਸੇ ਭੇੜ ਵਿਚ ਮਾਰਿਆ ਜਾਵੇ ਤਾਂ ਸਦੀਆਂ ਤੀਕ ਸਿਆਪਾ ਕਰਨੋਂ ਨਹੀਂ ਹਟਦੇ।
ਅਜਿਹੇ ਰਹਿਬਰ, ਸੁਪਨਸਾਜ਼, ਮਹਾਂ ਮਨੁੱਖ ਇਨਸਾਨੀਅਤ ਦੀ ਖੇਤੀ ਬਰਬਾਦ ਕਰਨ ਦਾ ਕਾਰਨ ਹੀ ਬਣਦੇ ਹਨ। ਇਨ੍ਹਾਂ ਦੀ ਮੌਜੂਦਗੀ ਹੀ ਦੁਨੀਆਂ ਦੀ ਬਦਨਸੀਬੀ ਹੁੰਦੀ ਹੈ,
ਮੇਰੀ ਬਦਕਿਸਮਤੀ, ਮੈਂ ਉਸ ਸ਼ਹਿਰ ਦਾ ਰੁੱਖ ਹਾਂ ਜਿੱਥੇ,
ਜਿਧਰ ਨੂੰ ਵੀ ਨਜ਼ਰ ਮਾਰੋ, ਮਸੀਹੇ ਹੀ ਮਸੀਹੇ ਨੇ।
ਬਲ ਇਸ ਮਸੀਹੀ ਮੁਸੀਬਤ ਦੇ ਸ਼ਿਕਾਰ ਲੋਕਾਂ ਲਈ ਹਾਅ ਦਾ ਨਾਅਰਾ ਮਾਰ ਰਿਹਾ ਹੈ। ਬਲ ਦਾਸਤੋਵਸਕੀ ਦੇ ਮਹਾਨ ਨਾਵਲ ਭਰੋਟਹeਰਸ ਖਰਅਮਅਡੋਵ ਦੇ ਈਵਾਨ ਦੀ ਆਸਥਾ ਦਾ ਧਾਰਨੀ ਹੈ ਕਿ ਮਾਸੂਮ ਬਾਲਕ ਦੀ ਅੱਖ ਦੇ ਇੱਕ ਹੰਝੂ ਬਦਲੇ ਮਿਲਦਾ ਸਵਰਗ (ਸੱਚਖੰਡ-ਰਾਮਰਾਜ) ਬਹੁਤ ਮਹਿੰਗਾ ਹੈ।
ਪਲ ਪਲ ਬਦਲਦੇ ਦਾਰਸ਼ਨਿਕ ਸੰਦਰਭਾਂ ਦੀ ਖੋਜ ਪੜਤਾਲ ਕਰਨਾ ਵਿਦਵਾਨਾਂ ਦਾ ਕਾਬਲੇ ਰਸਕ ਸ਼ੌਂਕ ਹੋ ਸਕਦਾ ਹੈ ਪਰ ਮਨੁੱਖਤਾ ਨੂੰ ਕਰਿਸ਼ਮੇਸਾਜ਼ਾਂ ਨਾਲੋਂ ਗ਼ਮਗੁਸਾਰਾਂ ਦੀ ਕਿਤੇ ਵੱਧ ਲੋੜ ਹੈ।

Be the first to comment

Leave a Reply

Your email address will not be published.