ਪੰਜਾਬੀ ਯੂਨੀਵਰਸਿਟੀ ਦੀ ਇੱਕ ਹੋਰ ਪਹਿਲ ਕਦਮੀ-ਪੰਜਾਬੀ ਪੀਡੀਆ

ਗੁਲਜ਼ਾਰ ਸਿੰਘ ਸੰਧੂ
ਕਾਰਬੂਜ਼ੇ ਦਾ ਚੰਡੀਗੜ੍ਹ ਭਾਵੇਂ ਕਿੰਨੇ ਰਾਜਾਂ ਦੀ ਰਾਜਧਾਨੀ ਬਣੇ ਜਾਂ ਵਿਗੜੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਰਾਜਧਾਨੀ ਮੰਨੇ ਜਾਣ ਦਾ ਹੱਕ ਬਾਬਾ ਆਲਾ ਸਿੰਘ ਦੇ ਵਸਾਏ ਪਟਿਆਲਾ ਸ਼ਹਿਰ ਨੂੰ ਹੀ ਹੈ। ਦੇਸ਼ ਵੰਡ ਤੋਂ ਬਹੁਤ ਪਹਿਲਾਂ ਜਦੋਂ ਪੂਰੇ ਅਖੰਡ ਪੰਜਾਬ ਵਿਚ ਯੂਨੀਵਰਸਿਟੀ ਤਾਂ ਕੀ ਕੋਈ ਕਾਲਜ ਵੀ ਨਹੀਂ ਸੀ ਹੁੰਦਾ, ਇਥੋਂ ਦੇ ਮਹਾਰਾਜੇ ਨੇ ਮਹਿੰਦਰਾ ਕਾਲਜ ਦੀ ਸਥਾਪਨਾ ਕਰਕੇ ਇਸ ਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ। ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੀ ਸੈਕੂਲਰ ਸੋਚ ਤੇ ਪਹਿਰਾ ਦਿੰਦਿਆਂ ਕਲਕੱਤਾ ਤੋਂ ਕਾਲੀ ਦੇਵੀ ਦੀ ਮੂਰਤੀ ਲਿਆ ਕੇ ਇਥੇ ਕਾਲੀ ਦੇਵੀ ਦਾ ਮੰਦਰ ਵੀ ਸਥਾਪਤ ਕੀਤਾ।
ਪੋਲੋ ਗ੍ਰਾਊਂਡ ਹੀ ਨਹੀਂ ਅਣਵੰਡੇ ਪੰਜਾਬ ਵਿਚ ਸਪੋਰਟਸ ਕਾਲਜ ਦੀ ਸਥਾਪਨਾ ਦਾ ਮਾਣ ਵੀ ਇਸੇ ਸ਼ਹਿਰ ਨੂੰ ਜਾਂਦਾ ਹੈ। ਇਥੋਂ ਦੀਆਂ ਫੁਲਕਾਰੀਆਂ, ਨਾਲੇ ਤੇ ਪੰਜਾਬੀ ਜੁੱਤੀਆਂ ਤਾਂ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿਚ ਜਾਂਦੇ ਹਨ। ਪੰਜਾਬ ਵਿਚੋਂ ਹਰਿਆਣਾ ਤੇ ਹਿਮਾਚਲ ਕੱਢੇ ਜਾਣ ਤੋਂ ਪਹਿਲਾਂ ਪੰਜਾਬ ਦਾ ਭਾਸ਼ਾ ਵਿਭਾਗ ਵੀ ਇਸੇ ਸ਼ਹਿਰ ਵਿਚ ਸਥਾਪਤ ਹੋਇਆ ਤੇ ਭਾਸ਼ਾ ਦੇ ਆਧਾਰ ‘ਤੇ ਸਥਾਪਤ ਹੋਣ ਵਾਲੀ ਪੰਜਾਬੀ ਯੂਨੀਵਰਸਿਟੀ ਨੂੰ ਦੇਸ਼ ਦੀ ਸਭ ਤੋਂ ਪਹਿਲੀ ਤੇ ਇਜ਼ਰਾਈਲ ਦੀ ਹਿਬਰਿਊ ਯੂਨੀਵਰਸਿਟੀ ਤੋਂ ਪਿੱਛੋਂ ਦੁਨੀਆਂ ਦੀ ਦੂਜੀ ਅਜਿਹੀ ਸੰਸਥਾ ਵਜੋਂ ਉਭਰਨ ਦਾ ਮਾਣ ਵੀ ਪਟਿਆਲਾ ਨਾਲ ਹੀ ਜੁੜਿਆ ਹੋਇਆ ਹੈ। ਹੁਣ ਪੰਜਾਬੀ ਭਾਸ਼ਾ ਤੇ ਸਭਿਆਚਾਰ ਵਿਚ ਇਨਕਲਾਬੀ ਯੋਗਦਾਨ ਪਾਉਣ ਵਾਲਾ ਪੰਜਾਬੀ ਪੀਡੀਆ ਇਸ ਯੂਨੀਵਰਸਿਟੀ ਨੇ ਲਾਂਚ ਕੀਤਾ ਹੈ। ਮੈਂ ਪੰਜਾਬੀ ਯੂਨੀਵਰਸਿਟੀ ਤੇ ਪੰਜਾਬੀ ਪੀਡੀਆ ਦੀਆਂ ਜੜ੍ਹਾਂ ਉਸ ਭਾਸ਼ਾ ਵਿਭਾਗ ਵਿਚ ਵੇਖਦਾ ਹਾਂ ਜਿਹੜਾ ਬਹੁਤ ਪਹਿਲਾਂ ਸ਼ਹਿਰ ਦੀ ਧੁੰਨੀ ਵਿਚ ਉਸਰੇ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋਇਆ ਸੀ ਤੇ ਜਿਸ ਨੇ ਗਿਆਨੀ ਲਾਲ ਸਿੰਘ ਤੇ ਸ਼ਮਸ਼ੇਰ ਸਿੰਘ ਅਸ਼ੋਕ ਵਰਗੇ ਮਹਾਰਥੀਆਂ ਦੀ ਦੇਖ ਰੇਖ ਵਿਚ ਬਰਤਾਨਵੀ ਸ਼ਾਸਕਾਂ ਵਲੋਂ ਤਿਆਰ ਕਰਵਾਏ ਪ੍ਰਮਾਣਕ ਤੇ ਇਤਿਹਾਸਕ ਗੰ੍ਰਥਾਂ ਦਾ ਜਿਉਂ ਦਾ ਤਿਉਂ ਉਤਾਰਾ ਪੇਸ਼ ਕਰਕੇ ਨਵੇਂ ਪੰਜਾਬ ਵਿਚ ਸਭਿਆਚਾਰਕ ਵਿਕਾਸ ਦੀ ਨੀਂਹ ਰੱਖੀ ਸੀ।
ਪੰਜਾਬੀ ਯੂਨੀਵਰਸਿਟੀ ਦਾ ਵਰਤਮਾਨ ਉਪ ਕੁਲਪਤੀ ਡਾæ ਜਸਪਾਲ ਸਿੰਘ ਵੀ ਉਸੇ ਤਰ੍ਹਾਂ ਦੀ ਦਿਭ ਦ੍ਰਿਸ਼ਟੀ ਦਾ ਮਾਲਕ ਹੈ। ਉਸ ਨੇ ਇਥੇ ਬਾਬਾ ਫਰੀਦ ਦੇ ਨਾਂ ਉਤੇ ਸੂਫੀ ਅਧਿਐਨ ਕੇਂਦਰ ਅਕਾਦਮਿਕ ਸਟਾਫ ਕਾਲਜ ਤੇ ਮਹਿਲਾ ਅਧਿਐਨ ਕੇਂਦਰ ਹੀ ਨਹੀਂ, ਹੁਣ ਪੰਜਾਬੀ ਡਾਇਸਪੋਰਾ (ਨਵ-ਨਿਵਾਸ) ਅਧਿਐਨ ਕੇਂਦਰ ਦੇ ਨਾਲ ਨਾਲ ਪੰਜਾਬੀ ਪੀਡੀਆ ਲਾਂਚ ਕਰਕੇ ਅਜੋਕੇ ਇੰਟਰਨੈਟ ਯੁਗ ਦਾ ਹਾਣੀ ਹੋਣ ਦਾ ਸਬੂਤ ਦਿੱਤਾ ਹੈ। ਇਸ ਕੰਮ ਲਈ ਰਾਜਵਿੰਦਰ ਸਿੰਘ ਵਰਗੇ ਇੰਟਰਨੈਟ ਪ੍ਰੇਮੀ ਨੂੰ ਪੰਜਾਬੀ ਵਿਭਾਗ ਵਿਚੋਂ ਚੁੱਕ ਕੇ ਉਸ ਨੂੰ ਪਲਾਨਿੰਗ ਤੇ ਮਾਨੀਟਰਿੰਗ ਵਾਲਿਆਂ ਦੇ ਹਵਾਲੇ ਕਰਕੇ ਬਹੁਤ ਥੋੜ੍ਹੇ ਸਮੇਂ ਵਿਚ 72,614 ਇੰਦਰਾਜ ਵਾਲਾ ਪੀਡੀਆ ਤਿਆਰ ਕਰਵਾਉਣਾ ਨਵੇਂ ਦਿਸਹੱਦੇ ਸਥਾਪਤ ਕਰਦਾ ਹੈ। ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਤੇ ਗਿਆਨ ਵਿਗਿਆਨ ਨਾਲ ਸਬੰਧਤ ਪੁਸਤਕਾਂ, ਕੋਸ਼ਾਂ ਤੇ ਗ੍ਰੰਥਾਂ ਵਿਚੋਂ ਲਈ ਗਈ ਇਹ ਸਮਗਰੀ ਭਰੋਸੇਯੋਗ ਵੀ ਹੈ। ਇਸ ਵਿਚ ਅੰਮ੍ਰਿਤਸਰ ਤੇ ਪਟਿਆਲਾ ਵਰਗੇ ਸ਼ਹਿਰ ਹੀ ਨਹੀਂ ਆਦਿ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਵਰਗੇ ਧਰਮ ਗ੍ਰੰਥ, ਅੱਡਣ ਸ਼ਾਹ ਵਰਗੇ ਸੇਵਾ ਪੰਥੀ ਅਤੇ ਇਤਿਹਾਸਕ, ਮਿਥਿਹਾਸਕ ਵਿਅਕਤੀ, ਗੁਰਦੁਆਰੇ, ਸਮਾਚਾਰ ਪੱਤਰ, ਭਾਸ਼ਾਵਾਂ ਤੇ ਉਪ ਭਾਸ਼ਾਵਾਂ ਬਾਰੇ ਵਧੀਆ ਸਮਗਰੀ ਮਿਲਦੀ ਹੈ। ਭਾਰਤ ਦੇ ਦੂਜੇ ਰਾਜਾਂ ਵਿਚ ਰਹਿਣ ਵਾਲੇ ਪੰਜਾਬੀਆਂ ਨੂੰ ਹੀ ਨਹੀਂ ਡੇਢ ਸੌ ਦੇ ਲਗਭਗ ਦੇਸ਼ਾਂ ਵਿਚ ਵਸੇ ਪਰਵਾਸੀਆਂ ਤੇ ਨਵ-ਨਿਵਾਸੀਆਂ ਨੂੰ ਅਜਿਹੀ ਜਾਣਕਾਰੀ ਕੇਵਲ ਬਟਣ ਦੱਬਿਆਂ ਮਿਲ ਸਕੇਗੀ। ਯੂਨੀਵਰਸਿਟੀ ਨੇ ਉਨ੍ਹਾਂ ਦੀ ਇੰਟਰਨੈਟ ‘ਤੇ ਨਿਰਭਰਤਾ ਨੂੰ ਪਹਿਚਾਣਿਆ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਬਾਰੇ ਯੋਗ ਜਾਣਕਾਰੀ ਨੂੰ ਕੌਮਾਂਤਰੀ ਪੱਧਰ ‘ਤੇ ਵਿਕਸਤ ਕਰਨ ਦਾ ਇਸ ਤੋਂ ਵਧੀਆ ਹੋਰ ਕੋਈ ਸਾਧਨ ਨਹੀਂ ਸੀ। ਯੂਨੀਵਰਸਿਟੀ ਨੂੰ ਏਸ ਪਾਸੇ ਧੱਕਣ ਵਾਲੀ ਵਿੱਕੀ ਪੀਡੀਆ ਉਤੇ ਮਿਲਦੀ ਤਰੁਟੀਆਂ ਵਾਲੀ ਜਾਣਕਾਰੀ ਵੀ ਹੈ। ਵਿੱਕੀ ਪੀਡੀਆ ਵਿਚ ਪੰਜਾਬੀ ਬਾਰੇ ਕੇਵਲ 8952 ਹਿੰਦਰਾਜ ਹਨ ਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਵਰਤੋਂਕਾਰਾ ਦੇ ਹੀ ਪਾਏ ਹੋਏ ਹਨ। ਇਨ੍ਹਾਂ ਵਿਚ ਪ੍ਰਮਾਣਕ ਸਮਗਰੀ ਦੀ ਘਾਟ ਹੈ। ਉਹ ਕਿਸੇ ਸੰਸਥਾ ਵਲੋਂ ਦਿੱਤੀ ਹੋਈ ਨਹੀਂ।
ਹਿੰਦੀ, ਬੰਗਲਾ, ਤਾਮਿਲ, ਤੈਲਗੂ, ਨਿਪਾਲੀ, ਉਰਦੂ ਆਦਿ ਭਾਰਤ ਦੀਆਂ ਕੁਝ ਹੋਰ ਭਾਸ਼ਾਵਾਂ ਨੇ ਇਸ ਕੰਮ ਵਿਚ ਥੋੜ੍ਹੀ ਪਹਿਲ ਤਾਂ ਕੀਤੀ ਹੈ ਪਰ ਉਰਦੂ ਤੋਂ ਬਿਨਾ ਬਾਕੀ ਸਾਰਿਆਂ ਵਿਚ ਬੱਜਰ ਤਰੁਟੀਆਂ ਹਨ। ਉਨ੍ਹਾਂ ਘਾਟਾਂ-ਤਰੁਟੀਆਂ ਨੇ ਵੀ ਯੂਨੀਵਰਸਿਟੀ ਨੂੰ ਵਧੀਆ ਤੇ ਭਰੋਸੇਯੋਗ ਪੀਡੀਆ ਲਾਂਚ ਕਰਨ ਲਈ ਪ੍ਰੇਰਿਆ ਹੈ। ੱੱੱ।ਪੁਨਜਅਬਪਿeਦਅਿ।ੋਰਗ ਖੋਲ੍ਹੋ ਤੇ ਵਰਤੋ।
ਯੂਨੀਵਰਸਿਟੀ ਦੇ ਇਸ ਉਦਮ ਨੇ ਪਟਿਆਲਾ ਦੀ ਕਲਗੀ ਵਿਚ ਇਕ ਹੋਰ ਖੰਭ ਟੰਗਿਆ ਹੈ ਜਿਹੜਾ ਇਸ ਦੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਰਾਜਧਾਨੀ ਬਣੀ ਰਹਿਣ ਉਤੇ ਮੋਹਰ ਲਾਉਂਦਾ ਹੈ।
ਗੋਰਿਆਂ ਦੀ ਜਾਸੂਸ ਟੀਪੂ ਸੁਲਤਾਨ ਦੀ ਪੜਪੋਤਰੀ: ਲੰਡਨ ਦੇ ਗੌਰਡਨ ਸੁਕੇਅਰ ਵਿਚ ਜਿਸ ਨੂਰ ਇਨਾਇਤ ਖਾਨ ਨਾਂ ਦੀ ਬਰਤਾਨਵੀ ਜਾਸੂਸ ਦਾ ਬੁਤ ਦੇਖਣ ਨੂੰ ਮਿਲਦਾ ਹੈ ਉਹ ਮਸੂਰ ਦੇ ਸ਼ੇਰ ਟੀਪੂ ਸੁਲਤਾਨ ਦੀ ਪੜਪੋਤਰੀ ਸੀ। ਟੀਪੂ ਸੁਲਤਾਨ 1793 ਵਿਚ ਅੰਗਰੇਜ਼ਾਂ ਨਾਲ ਲੜਦਾ ਮਾਰਿਆ ਗਿਆ ਸੀ। ਨੂਰ ਦਾ ਪਿਤਾ ਹਜ਼ਰਤ ਇਨਾਇਤ ਖਾਨ ਆਪਣੇ ਸਮੇਂ ਦਾ ਸੂਫੀ ਗਾਇਕ ਤੇ ਫਿਲਾਸਫਰ ਸੀ। ਦੁਨੀਆਂ ਵਿਚ ਘੁੰਮ ਫਿਰ ਕੇ ਪ੍ਰਚਾਰ ਕਰਦੇ ਸਮੇਂ ਉਸ ਦਾ ਇਕ ਅਮਰੀਕਨ ਮਹਿਲਾ ਨਾਲ ਵਿਆਹ ਹੋਇਆ ਜਿਸ ਦੀ ਕੁੱਖੋਂ ਨੂਰ ਨੇ ਜਨਮ ਲਿਆ ਸੀ। ਪਹਿਲੀ ਵੱਡੀ ਜੰਗ ਸਮੇਂ ਉਨ੍ਹਾਂ ਦਾ ਪੂਰਾ ਪਰਿਵਾਰ ਪੈਰਿਸ ਵਿਚ ਰਹਿੰਦਾ ਸੀ ਜਦੋਂ ਨੂਰ ਤੇ ਉਸ ਦੇ ਭਰਾ ਵਿਲਾਇਤ ਨੇ ਬਰਤਾਨਵੀ ਫੌਜ ਵਿਚ ਭਰਤੀ ਹੋ ਕੇ ਨਾਜ਼ੀ ਜਰਮਨੀ ਨਾਲ ਲੜਨ ਦਾ ਫੈਸਲਾ ਕੀਤਾ। ਭਰਤੀ ਕਰਨ ਵਾਲਿਆਂ ਨੇ ਇੰਟਰਵੀਊ ਸਮੇਂ ਨੂਰ ਨੂੰ ਉਸ ਦਾ ਵਿਦਰੋਹੀ ਪਿਛੋਕੜ ਯਾਦ ਕਰਵਾਇਆ ਤਾਂ ਉਸ ਦਾ ਸਿੱਧਾ ਉਤਰ ਸੀ ਕਿ ਜਦੋਂ ਤੱਕ ਜੰਗ ਜਾਰੀ ਰਹੇਗੀ ਮੈਂ ਜਰਮਨੀ ਦੇ ਵਿਰੁਧ ਅੰਗਰੇਜ਼ਾਂ ਨਾਲ ਲੜਾਂਗੀ ਪਰ ਜੰਗ ਦੀ ਸਮਾਪਤੀ ‘ਤੇ ਹੋ ਸਕਦਾ ਹੈ ਮੈਂ ਆਪਣੇ ਭਾਰਤੀਆਂ ਨਾਲ ਰਲ ਕੇ ਸੁਤੰਤਰਤਾ ਸੰਗਰਾਮ ਵਿਚ ਕੁੱਦ ਪਵਾਂ। ਫਰਾਂਸੀਸੀ ਭਾਸ਼ਾ ਦੀ ਮਾਹਰ ਹੋਣ ਕਾਰਨ ਉਸ ਨੂੰ ਅੰਡਰਗਰਾਊਂਡ ਰੇਡੀਓ ਅਪਰੇਟਰ ਦੀ ਨਾਜ਼ਕ ਡਿਊਟੀ ਦਿੱਤੀ ਗਈ ਜਿਸ ਨੂੰ ਨਿਭਾਉਂਦੇ ਸਮੇਂ ਉਹ ਜਰਮਨੀ ਦੇ ਅੜਿਕੇ ਆ ਗਈ। ਉਨ੍ਹਾਂ ਨੇ ਉਸ ਨੂੰ ਕਾਲ ਕੋਠੜੀ ਵਿਚ ਕੈਦ ਹੀ ਨਹੀਂ ਕੀਤਾ ਸਗੋਂ ਡਚਾਓ ਨਾਂ ਦੇ ਅਤਿ ਬਦਨਾਮ ਕਨਸੈਂਟਰੇਸ਼ਨ ਕੈਂਪ ਵਿਚ ਤਸੀਹੇ ਵੀ ਦਿੱਤੇ ਪਰ ਉਸ ਤੀਹ ਸਾਲਾ ਸ਼ੇਰ-ਬੱਚੀ ਨੇ ਕੋਈ ਸੂਹ ਨਹੀਂ ਦਿੱਤੀ। 30 ਸਤੰਬਰ 1944 ਨੂੰ ਉਸ ਦੇ ਸਿਰ ਵਿਚ ਗੋਲੀ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ ਗਿਆ। ਮਰਦੇ ਸਮੇਂ ਉਸ ਦੇ ਮੂੰਹੋਂ ਫਰਾਂਸੀਸੀ ਸ਼ਬਦ ‘ਲਿਬਰੇਟੇḔ ਨਿਕਲਿਆ ਜਿਸ ਦਾ ਭਾਵ ਹੈ ਸੁਤੰਤਰਤਾ ਜਾਂ ਮੁਕਤੀ। ਨੂਰ ਦੀ ਕਹਾਣੀ ਇੰਗਲੈਂਡ ਵਿਚ ਰਹਿੰਦੀ ਬੰਗਾਲੀ ਲੇਖਕਾ ਸ਼ਾਰਾਬਾਨੀ ਬਾਸੂ ਨੇ ਲਿਖੀ ਹੈ ਤੇ ਹੋਰਨਾਂ ਨਾਲ ਮਿਲ ਕੇ ਉਸ ਨੇ ਇਕ ਟਰਸਟ ਵੀ ਸਥਾਪਤ ਕੀਤਾ ਹੈ। ਉਸ ਦਾ ਬੁੱਤ ਲਗਵਾਉਣ ਵਾਲਾ ਇਹ ਟਰਸਟ ਹੁਣ ਉਸ ਦੇ ਜੀਵਨ ਦੀ ਫਿਲਮ ਬਣਾਉਣ ਦਾ ਯਤਨ ਕਰ ਰਿਹਾ ਹੈ।
ਅੰਤਿਕਾ: ਬਹਾਦਰ ਸ਼ਾਹ ਜ਼ਫਰ
ਮੈਂ ਕਿਉਂ ਕਹੂੰ ਤੁਮ ਆਓ
ਕਿ ਦਿਲ ਕੀ ਕਸ਼ਿਸ ਸੇ
ਵੁਹ ਆਏਂਗੇ ਦੌੜੇ ਆਪ
ਮੇਰੇ ਘਰ, ਕਹੇ ਬਗੈਰ।
ਸੂਰਤ ਹੀ ਮੇਰੀ ਦੇਖ ਕੇ
ਸਭ ਮੇਰੇ ਦਿਲ ਦਾ ਹਾਲ
ਮਾਲੂਮ ਕਰ ਗਿਆ ਵੁਹ
ਸਿਤਮਗਰ ਕਹੇ ਬਗੈਰ।

Be the first to comment

Leave a Reply

Your email address will not be published.