ਮੱਧ-ਪੂਰਬ ਦੀ ਤੇਲ ਸਿਆਸਤ ਦਾ ਦਸਤਾਵੇਜ਼-ਸੀਰੀਆਨਾ

ਜਤਿੰਦਰ ਮੌਹਰ
ਫੋਨ: 91-97799-34747
‘ਸੀਰੀਆਨਾ’ ਅਮਰੀਕੀ ਫ਼ਿਲਮ ਸਨਅਤ ਦੀ ਅਹਿਮ ਫ਼ਿਲਮ ਹੈ। ਮੋਟੇ ਰੂਪ ਵਿਚ ਇਸ ਫ਼ਿਲਮ ਦੀ ਕਹਾਣੀ ਰਾਬਰਟ ਬਾਇਰ ਦੀ ਕਿਤਾਬ ‘ਸੀ ਨੋ ਈਵਿਲ’ ਉੱਤੇ ਆਧਾਰਤ ਮੰਨੀ ਜਾਂਦੀ ਹੈ। ਉਂਝ ਇਹ ਪੂਰਾ ਸੱਚ ਨਹੀਂ ਹੈ। ਫ਼ਿਲਮ ਵਿਚ ਸੀæਆਈæਏæ ਦੇ ਏਜੰਟ ਬੌਬ ਬਾਰਨਜ਼ (ਜਾਰਜ ਕਲੂਨੀ) ਦਾ ਕਿਰਦਾਰ ਰਾਬਰਟ ਬਾਇਰ ਨਾਲ ਮਿਲਦਾ-ਜੁਲਦਾ ਹੈ। ਰਾਬਰਟ ਬਾਇਰ ਅਮਰੀਕੀ ਖ਼ੁਫ਼ੀਆ ਏਜੰਸੀ ਸੀæਆਈæਏæ ਦਾ ਕਰਿੰਦਾ ਸੀ। ‘ਸੀ ਨੋ ਈਵਿਲ’ ਕਿਤਾਬ ਰਾਬਰਟ ਬਾਇਰ ਦੀਆਂ ਯਾਦਾਂ ਦੀ ਤਫ਼ਸੀਲ ਕਹੀ ਜਾਂਦੀ ਹੈ। ਉਹਨੇ ਅਮਰੀਕੀ ਖ਼ੁਫ਼ੀਆ ਏਜੰਸੀ ਲਈ ਵੀਹ ਸਾਲ ਕੰਮ ਕੀਤਾ। ਮੁੱਢਲੀ ਸਿਖਲਾਈ ਤੋਂ ਬਾਅਦ ਰਾਬਰਟ ਨੇ ਪਹਿਲਾ ਅਹੁਦਾ ਦਿੱਲੀ ਵਿਚ ਖੇਤਰੀ ਅਫਸਰ ਵਜੋਂ ਸੰਭਾਲਿਆ ਸੀ। ਦਿੱਲੀ ਵਿਚ ਉਹਦਾ ਕੰਮ ਸੀæਆਈæਏæ ਲਈ ਨਵੇਂ ਮੁਖ਼ਬਰ ਭਰਤੀ ਕਰਨਾ ਸੀ। ਇਸ ਤੋਂ ਬਾਅਦ ਸੰਨ 1983-84 ਵਿਚ ਉਸ ਨੂੰ ਸੀਰੀਆ ਅਤੇ ਲਿਬਨਾਨ ਭੇਜਿਆ ਗਿਆ। ਉਹ ਬੈਰੂਤ ਵਿਚ ਹਿਜ਼ਬੁਲਾ ਵਿਰੁਧ ਮੁਹਿੰਮ ਦਾ ਹਿੱਸਾ ਰਿਹਾ। ਰਾਬਰਟ ਦਿੱਲੀ ਅਤੇ ਬੈਰੂਤ ਤੋਂ ਬਿਨਾਂ ਮਦਰਾਸ, ਤਾਜ਼ਿਕਸਤਾਨ, ਮੋਰਾਕੋ ਅਤੇ ਇਰਾਕੀ ਕੁਰਦਿਸਤਾਨ ਵਿਚ ਸੀæਆਈæਏæ ਦੇ ਕਰਿੰਦੇ ਵਜੋਂ ਕੰਮ ਕਰਦਾ ਰਿਹਾ ਸੀ। ਅੱਜ ਕੱਲ੍ਹ ਰਾਬਰਟ ‘ਟਾਈਮ’ ਮੈਗਜ਼ੀਨ ਲਈ ਸੂਹੀਏ ਕਾਲਮਨਵੀਸ ਵਜੋਂ ਕੰਮ ਕਰਦਾ ਹੈ। ਰਾਬਰਟ ਬੀæਬੀæਸੀæ ਦੀ ਖ਼ੁਦਕੁਸ਼-ਜੰਗਜੂਆਂ ਬਾਬਤ ਬਣੀ ਦਸਤਾਵੇਜ਼ੀ ਫ਼ਿਲਮ ਨਾਲ ਉਚੇਚੇ ਤੌਰ ਉੱਤੇ ਜੁੜਿਆ ਰਿਹਾ ਹੈ। ਇਸਲਾਮੀ ਮੁਲਕਾਂ ਦੀ ਨਾਬਰੀ ਅਤੇ ਖ਼ੁਦਕੁਸ਼-ਜੰਗਜੂਆਂ ਬਾਰੇ ਉਹ ਕਹਿੰਦਾ ਹੈ, “ਹਰ ਵਾਰ ਜਦੋਂ ਤੁਸੀਂ ਮੁਸਲਮਾਨਾਂ ਨੂੰ ਮਾਰਦੇ ਹੋ (ਕਾਤਲ ਚਾਹੇ ਇਸਰਾਈਲੀ, ਅਮਰੀਕੀ ਜਾਂ ਬਰਤਾਨਵੀ ਹੋਵੇ); ਇਨ੍ਹਾਂ ਕਤਲਾਂ ਨਾਲ ਤਿਰਸਕਾਰ, ਬੇਇਜ਼ਤੀ, ਗੁੱਸੇ ਅਤੇ ਪ੍ਰਤੀਕਿਰਿਆ ਦੀ ਭਾਵਨਾ ਫੈਲਦੀ ਹੈ ਅਤੇ ਕਿਤੇ ਨਾ ਕਿਤੇ ਬੰਬ ਚਲਦੇ ਹਨ।” ਰਾਬਰਟ ਇਰਾਕ ਵਿਚ ਜੰਗਬਾਜ਼ਾਂ ਦੀ ਘੁਸਪੈਠ ਦੇ ਵਿਰੁਧ ਪੈਂਤੜਾ ਲੈਂਦਾ ਹੈ। ਉਹਦਾ ਮੰਨਣਾ ਹੈ ਕਿ ਲੰਡਨ ਬੰਬ ਧਮਾਕਿਆਂ ਦੇ ਪਿੱਛੇ ਇਰਾਕ ਦੀ ਤਬਾਹੀ ਲੁਕੀ ਹੋਈ ਹੈ। ਉਹ ਦੱਸਦਾ ਹੈ, “ਦੂਜੀ ਖਾੜੀ ਜੰਗ ਦੇ ਅੰਤਲੇ ਸਮੇਂ ਵਿਚ ਵੇਲੇ ਮੈਂ ਬਗਦਾਦ ਵਿਚ ਸੀ। ਤੁਸੀਂ ਦੇਖ ਸਕਦੇ ਹੋ ਕਿ ਅਮਰੀਕੀ ਫ਼ੌਜ ਨੇ ਇਰਾਕੀਆਂ ਦਾ ਹਰ ਕਵਚ ਮਿੱਟੀ ਵਿਚ ਮਿਲਾ ਦਿੱਤਾ। ਅਜਾਇਬਘਰ ਅਤੇ ਸਭਿਆਚਾਰਕ ਖ਼ਜ਼ਾਨੇ ਵੀ ਨਹੀ ਛੱਡੇ। ਇਹ ਜੰਗ ਅਰਬ ਮੁਲਕ ਇਰਾਕ ਦੀ ਮੁਕੰਮਲ ਸੱਤਾ ਦੇ ਵਿਰੁਧ ਸੀ। ਜੰਗਬਾਜ਼ਾਂ ਨੇ ਪੂਰਾ ਢਾਂਚਾ ਬਰਬਾਦ ਕਰ ਦਿੱਤਾ। ਜੰਗ ਵਲੋਂ ਪੈਦਾ ਕੀਤੀ ਤਿਰਸਕਾਰ ਅਤੇ ਗੁੱਸੇ ਦੀ ਭਾਵਨਾ ਖ਼ੁਦਕੁਸ਼-ਜੰਗਜੂਆਂ ਦੇ ਹਮਲਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ। ਜੇ ਅਸੀਂ ਇਸੇ ਤਰ੍ਹਾਂ ਚਲਦੇ ਰਹਾਂਗੇ ਤਾਂ ਸਾਨੂੰ ਹੋਰ ਹਮਲਿਆਂ ਲਈ ਤਿਆਰ ਰਹਿਣਾ ਪਵੇਗਾ। ਮੁਸਲਮਾਨਾਂ ਦੇ ਅੰਨ੍ਹੇਵਾਹ ਕਤਲ ਕਰ ਕੇ ਤੁਸੀਂ ਆਸ ਨਹੀਂ ਕਰ ਸਕਦੇ ਕਿ ਉਹ ਇਨ੍ਹਾਂ ਕਤਲੇਆਮਾਂ ਦਾ ਜਵਾਬ ਨਾ ਦੇਣ।”
ਸੀਰੀਆਨਾ ਇਸੇ ਮੁੱਦੇ ਨਾਲ ਜੁੜੀ ਫ਼ਿਲਮ ਹੈ। ਇਹ ਫ਼ਿਲਮ ਮੱਧ-ਪੂਰਬ ਵਿਚ ਪੱਛਮੀ ਬਹੁ-ਕੌਮੀ ਕੰਪਨੀਆਂ ਦੇ ਹਿਤ ਉਘਾੜਦੀ ਹੈ। ਅਮਰੀਕੀ ਸਰਕਾਰ ਅਤੇ ਖ਼ੁਫ਼ੀਆ ਏਜੰਸੀਆਂ, ਸਰਮਾਏ ਦੇ ਦੈਂਤਾਂ ਦੇ ਹਿਤ ਸਾਧਣ ਲਈ ਨੇੜਿਉਂ ਜੁੜ ਕੇ ਕੰਮ ਕਰਦੀਆਂ ਹਨ। ਫ਼ਿਲਮ ਮੱਧ-ਪੂਰਬ ਵਿਚ ਪੱਛਮੀ ਜੰਗਬਾਜ਼ਾਂ ਦੀ ਨਾਪਾਕ ਸਿਆਸਤ ਸ਼ਰੇਆਮ ਨੰਗੀ ਕਰਦੀ ਹੈ। ਇਸਲਾਮੀ ਮੁਲਕਾਂ ਦੀ ਨਾਬਰੀ ਪੱਛਮ ਦੇ ਰਾਹ ਦਾ ਰੋੜਾ ਹੈ ਜਿਸ ਨੂੰ ਪੱਛਮੀ ਲੇਖਕ ‘ਸਭਿਆਤਾਵਾਂ ਦਾ ਭੇੜ’ ਸਿੱਧ ਕਰਨ ਵਿਚ ਲੱਗੇ ਹੋਏ ਹਨ। ਫ਼ਿਲਮ ਵਿਚ ਅਮਰੀਕੀ ਸਰਕਾਰ ਦਾ ਨੁਮਾਇੰਦਾ ਸੀæਆਈæਏæ ਦੇ ਕਰਿੰਦੇ ਬੌਬ ਬਾਰਨਜ਼ ਨੂੰ ਸਮਝਾ ਰਿਹਾ ਹੈ, “ਰੂਸ ਅਤੇ ਭਾਰਤ ਸਾਡੇ ਮਿੱਤਰ ਹਨ। ਇੱਥੋਂ ਤੱਕ ਕਿ ਚੀਨ ਵੀ ਸਾਡੇ ਨਾਲ ਹੋਵੇਗਾ। ਹਰ ਬੰਦਾ ਜੋ ਮੋਰਾਕੋ ਤੋਂ ਪਾਕਿਸਤਾਨ ਦੇ ਵਿਚਕਾਰ ਰਹਿੰਦਾ ਹੈ, ਉਹ ਸਾਡੇ ਲਈ ਸਮੱਸਿਆ ਹੈ।” ਇਹ ਸੰਵਾਦ ਸਾਮਰਾਜੀ ਲੁਟੇਰਿਆਂ ਦੇ ਇਸਲਾਮੀ ਮੁਲਕਾਂ ਬਾਬਤ ਰਵੱਈਏ ਨੂੰ ਉਜਾਗਰ ਕਰਦਾ ਹੈ। ਇਸਲਾਮੀ ਮੁਲਕਾਂ ਦੀ ‘ਸਮੱਸਿਆ’ ਨੂੰ ਦੂਰ ਕਰਨ ਲਈ ਲੁਟੇਰੇ ਤਨਦੇਹੀ ਨਾਲ ਲੱਗੇ ਹੋਏ ਹਨ। ਨਿਤ ਦਿਨ ਨਵੇਂ ਮਨਸੂਬੇ ਘੜੇ ਜਾਂਦੇ ਹਨ। ਇਨ੍ਹਾਂ ਮਨਸੂਬਿਆਂ ਨੂੰ ਅਮਲੀ ਰੂਪ ਦੇਣ ਲਈ ਵਿਰੋਧੀ ਮੁਲਕਾਂ ਵਿਚ ‘ਜਮਹੂਰੀਅਤ’ ਦੇ ਨਾਮ ਉੱਤੇ ਬਦਨਾਮ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਕਾਰਪੋਰੇਟ ਇਨ੍ਹਾਂ ਬਦਨਾਮ ਮੁਹਿੰਮਾਂ ਲਈ ਪੈਸਾ ਮੁਹੱਈਆ ਕਰਵਾਉਂਦਾ ਹੈ। ਖ਼ੁਫ਼ੀਆ ਏਜੰਸੀਆਂ ਅਤੇ ਸਾਮਰਾਜੀ ਫ਼ੌਜਾਂ ਸਾਜ਼ਿਸ਼ਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ। ਅਮਰੀਕੀ ਸਰਕਾਰ ਇਨ੍ਹਾਂ ਦੀ ਪੁਸ਼ਤ-ਪੁਨਾਹੀ ਕਰਦੀ ਹੈ।
‘ਸੀਰੀਆਨਾ’ ਫ਼ਿਲਮ ਦਾ ਵਿਸ਼ਾ ਬਹੁ-ਪਰਤੀ ਹੈ। ਫ਼ਿਲਮ ਦਾ ਧਰਤ-ਦ੍ਰਿਸ਼ (ਲੈਂਡ-ਸਕੇਪ) ਅਮਰੀਕਾ ਦੇ ਟੈਕਸਸ ਤੋਂ ਮੱਧ-ਪੂਰਬ ਤੱਕ ਫੈਲਿਆ ਹੋਇਆ ਹੈ। ਗੁੰਝਲਦਾਰ ਹੋਣ ਦੇ ਬਾਵਜੂਦ ਫ਼ਿਲਮ ਦਰਸ਼ਕ ਨੂੰ ਬੰਨ੍ਹੀ ਰੱਖਦੀ ਹੈ। ਫ਼ਿਲਮ ਵਿਚ ਚਾਰ ਕਥਾਨਕ ਨਾਲੋ-ਨਾਲ ਚਲਦੇ ਹਨ। ਬੇਨਾਮ ਮੱਧ-ਪੂਰਬੀ ਮੁਲਕ ਦੇ ਸ਼ਹਿਜ਼ਾਦੇ ਨਾਸਰ ਨੇ ਤੇਲ ਕੱਢਣ ਦਾ ਠੇਕਾ ਅਮਰੀਕੀ ਦਿਉਕੱਦ ਤੇਲ ਕੰਪਨੀ ‘ਕੋਨੈਕਸ’ ਤੋਂ ਵਾਪਸ ਲੈ ਕੇ ਚੀਨੀਆਂ ਨੂੰ ਦੇ ਦਿੱਤਾ ਹੈ। ਉਧਰ, ਇੱਕ ਛੋਟੀ ਅਮਰੀਕੀ ਕੰਪਨੀ ‘ਕਿਲੇਨ’ ਨੂੰ ਕਜ਼ਾਖ਼ਸਤਾਨ ਵਿਚ ਤੇਲ ਕੱਢਣ ਦਾ ਠੇਕਾ ਮਿਲ ਚੁੱਕਿਆ ਹੈ। ‘ਕੋਨੈਕਸ’ ਆਪਣੇ ਤੋਂ ਛੋਟੀ ਕੰਪਨੀ ਨਾਲ ਰਲੇਵਾਂ ਕਰ ਕੇ ਕਜ਼ਾਖ਼ਸਤਾਨ ਵਿਚ ਪੈਰ ਜਮਾਉਣ ਦੀ ਤਾਕ ਵਿਚ ਹੈ। ‘ਕਿਲੇਨ’ ਨੇ ਕਜ਼ਾਖ਼ਸਤਾਨ ਦੇ ਆਗੂ ਨੂੰ ਰਿਸ਼ਵਤ ਦੇ ਕੇ ਕੰਮ ਕਢਵਾਇਆ ਹੈ। ਅਮਰੀਕਾ ਦਾ ਇਨਸਾਫ਼ ਮਹਿਕਮਾ ਰਲੇਵਂੇ ਦੀ ਜਾਂਚ-ਪੜਤਾਲ ਕਰ ਰਿਹਾ ਹੈ। ਫ਼ਿਲਮ ‘ਚ ਰਲੇਵੇਂ ਦੀ ਪ੍ਰਕਿਰਿਆ ਬਰਾਬਰ ਚਲਦੀ ਰਹਿੰਦੀ ਹੈ। ਦੂਜੇ ਪਾਸੇ ਇਰਾਨ ਵਿਚ ‘ਜਮਹੂਰੀਅਤ ਦੀ ਬਹਾਲੀ’ ਦੇ ਨਾਂ ਉੱਤੇ ਇਰਾਨੀ ਸਰਕਾਰ ਦਾ ਤਖਤਾ ਪਲਟਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਇਸਲਾਮੀ ਮੁਲਕ ਦਾ ਵੱਡਾ ਸ਼ਹਿਜ਼ਾਦਾ ਨਾਸਰ ਆਪਣੇ ਪਿਉ ਦੀ ਤਾਨਾਸ਼ਾਹੀ ਹਕੂਮਤ ਦੇ ਉਲਟ ਅਗਾਂਹਵਧੂ ਵਿਚਾਰਾਂ ਦਾ ਬੰਦਾ ਹੈ। ਉਹ ਪੱਛਮੀ ਮੁਲਕਾਂ ਉੱਤੇ ਆਪਣੇ ਮੁਲਕ ਦੀ ਨਿਰਭਰਤਾ ਨੂੰ ਖਤਮ ਕਰ ਕੇ ਖੁਦਮੁਖਤਾਰੀ ਦਾ ਸੁਪਨਾ ਦੇਖ ਰਿਹਾ ਹੈ। ਉਹ ਜਾਣਦਾ ਹੈ ਕਿ ਤੇਲ ਦੇ ਪੈਸੇ ਉੱਤੇ ਵਧੇਰਾ ਸਮਾਂ ਡੰਗ ਨਹੀ ਟਪਾਇਆ ਜਾ ਸਕਦਾ। ਉਹ ਤੇਲ ਦਾ ਪੈਸਾ ਸਮਾਜ ਕਲਿਆਣ ਦੀਆਂ ਮੁਹਿੰਮਾਂ ਉੱਤੇ ਖਰਚਣਾ ਚਾਹੁੰਦਾ ਹੈ। ਉਹ ਮੁਲਕ ਵਿਚ ਜਮਹੂਰੀ ਸੁਧਾਰਾਂ ਅਤੇ ਔਰਤਾਂ ਨੂੰ ਵੱਧ ਹਕੂਕ ਦੇਣ ਦਾ ਹਾਮੀ ਹੈ। ਜਨੇਵਾ ਦਾ ਊਰਜਾ-ਮਾਹਰ ਬਾਇਰਨ ਵੁੱਡਮੈਨ (ਮੈਟ ਡੈਮਨ) ਨਾਸਰ ਦਾ ਵਿੱਤੀ ਸਲਾਹਕਾਰ ਬਣ ਜਾਂਦਾ ਹੈ। ਉਹ ਨਾਸਰ ਨੂੰ ਤੇਲ ਦੀ ਪੈਦਾਵਾਰ ਅਤੇ ਵੰਡ ਵਿਚੋਂ ਪੱਛਮੀ ਵਿਚੋਲਗੀ ਦਾ ਜੂਲਾ ਲਾਹ ਦੇਣ ਦੀ ਸਲਾਹ ਦਿੰਦਾ ਹੈ। ਇਸ ਨਾਲ ਨਾਸਰ ਦਾ ਮੁਲਕ ਦੂਜੇ ਮੁਲਕਾਂ ਨੂੰ ਸਿੱਧੀ ਪਾਇਪ-ਲਾਇਨ ਰਾਹੀਂ ਗੈਸ ਪਹੁੰਚਾ ਸਕਦਾ ਹੈ। ਇਹਦੇ ਨਾਲ ਦਰਾਮਦਕਾਰਾਂ ਨੂੰ ਗੈਸ ਸਸਤੇ ਭਾਅ ਉੱਤੇ ਮਿਲੇਗੀ ਅਤੇ ਨਾਸਰ ਦੇ ਮੁਲਕ ਨੂੰ ਵੱਧ ਮੁਨਾਫ਼ਾ ਮਿਲੇਗਾ। ਇਹ ਪੈਸਾ ਉਹ ਆਪਣੇ ਮੁਲਕ ਦੀ ਸਮਾਜਕ-ਸੁਰੱਖਿਆ ਮੁਹਿੰਮਾਂ ਉੱਤੇ ਖਰਚ ਕਰ ਸਕੇਗਾ। ਇਹ ਤਜਵੀਜ਼ ਅਮਰੀਕੀਆਂ ਦੇ ਗਲੇ ਨਹੀਂ ਉੱਤਰ ਰਹੀ। ਇਸ ਹਵਾਲੇ ਨੂੰ ਇਰਾਨ-ਪਾਕਿ-ਭਾਰਤ ਗੈਸ ਪਾਇਪ-ਲਾਇਨ ਮੁਹਿੰਮ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ। ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਉੱਤੇ ਲਗਾਤਾਰ ਦਬਾਅ ਪਾ ਕੇ ਇਸ ਪਾਇਪ-ਲਾਇਨ ਦਾ ਕੰਮ ਰੁਕਵਾਇਆ ਸੀ। ਉਹਨੇ ਦੋਵਾਂ ਮੁਲਕਾਂ ਨੂੰ ਊਰਜਾ ਦੇ ਸੋਮਿਆਂ ਲਈ ਹੋਰ ਰਾਹ ਲੱਭਣ ਲਈ ਕਿਹਾ ਸੀ। ਸੰਨ 2009 ਵਿਚ ਹਿੰਦ-ਅਮਰੀਕਾ ਪਰਮਾਣੂ ਸੰਧੀ ਹੋ ਜਾਣ ਕਰ ਕੇ ਭਾਰਤ ਨੇ ਇਰਾਨ ਤੋਂ ਆਉਣ ਵਾਲੀ ਪਾਇਪ-ਲਾਇਨ ਤੋਂ ਹੱਥ ਪਿੱਛੇ ਖਿੱਚ ਲਿਆ ਸੀ। ਪਰਮਾਣੂ ਸੰਧੀ ਵਿਚ ਅਮਰੀਕਾ ਨੇ ਭਾਰਤ ਦੇ ਪਰਮਾਣੂ ਹਥਿਆਰਾਂ ਨੂੰ ਮਾਨਤਾ ਦੇਣ ਅਤੇ ਅਮਰੀਕਾ ਦੀ ਪਰਮਾਣੂ ਤਕਨਾਲੋਜੀ ਸਾਂਝੀ ਕਰਨ ਦੀ ਗੱਲ ਮੰਨੀ ਸੀ। ਦੂਜੇ ਪਾਸੇ ਅਮਰੀਕਾ ਦਾ ਦਾਅਵਾ ਹੈ ਕਿ ਇਰਾਨ ਦਾ ਪਰਮਾਣੂ ਪ੍ਰੋਗਰਾਮ ਪਰਮਾਣੂ ਹਥਿਆਰ ਬਣਾਉਣ ਲਈ ਹੈ। ਇਸ ਕਰ ਕੇ ਅਮਰੀਕਾ ਵਲੋਂ ਇਰਾਨ ਉੱਤੇ ਲਾਈਆਂ ਪਾਬੰਦੀਆਂ ਜਾਇਜ਼ ਹਨ। ਸਹਿਮਤੀ ਵਾਲੇ ਮੁਲਕਾਂ ਨੂੰ ਮਾਨਤਾ ਦੇਣ ਦਾ ਠੇਕਾ ਅਮਰੀਕਾ ਨੇ ਸਾਂਭਿਆ ਹੋਇਆ ਹੈ। ਪਾਕਿਸਤਾਨ ਨੇ ਅਮਰੀਕੀ ਹੁਕਮ ਦੀ ਪ੍ਰਵਾਹ ਕੀਤੇ ਬਗੈਰ ਸੰਨ 2013 ਵਿਚ ਇਰਾਨ ਨਾਲ ਗੈਸ ਪਾਇਪ-ਲਾਇਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਮਰੀਕਾ ਨੇ ਪਾਕਿਸਤਾਨ ਉਤੇ ਪਾਬੰਦੀਆਂ ਲਾਉਣ ਦੀ ਧਮਕੀ ਦੇ ਦਿੱਤੀ। ਪਾਕਿਸਤਾਨ ਸਰਕਾਰ ਨੂੰ ਧਮਕੀ ਅੱਗੇ ਝੁਕਣਾ ਪਿਆ। ਬਾਅਦ ਵਿਚ ਦੂਜੇ ਰਾਹ ਦੇ ਰੂਪ ਵਿਚ ਤੁਰਕਮਿਨਸਤਾਨ-ਅਫ਼ਗਾਨਿਸਤਾਨ-ਪਾਕਿਸਤਾਨ-ਭਾਰਤ ਗੈਸ ਪਾਇਪ-ਲਾਇਨ ‘ਤੇ ਕੰਮ ਸ਼ੁਰੂ ਕੀਤਾ ਗਿਆ। ਇਸ ਮੁਹਿੰਮ ਵਿਚ ਅਮਰੀਕਾ ਸਹਿਮਤ ਹੋ ਗਿਆ। ਅਮਰੀਕਾ ਦਾ ਮੰਤਵ ਇਰਾਨ ਨੂੰ ਅਲੱਗ-ਥਲੱਗ ਕਰਨਾ ਸੀ। ਤੁਰਕਮਿਨਸਤਾਨ ਵਾਲੀ ਪਾਇਪ-ਲਾਇਨ ਵਿਚ ਅਮਰੀਕੀ ਦਿਉਕੱਦ ਤੇਲ-ਕੰਪਨੀਆਂ ਦੀ ਸ਼ਮੂਲੀਅਤ ਤੈਅ ਸੀ। ਫ਼ਿਲਮ ਵਿਚ ਅਮਰੀਕੀਆਂ ਦੀ ਨਾਰਾਜ਼ਗੀ ਨਾਸਰ ਲਈ ਜਾਨ ਦਾ ਖੌਅ ਬਣ ਜਾਂਦੀ ਹੈ। ਅਮਰੀਕੀ ਛੋਟੇ ਸ਼ਹਿਜ਼ਾਦੇ ਨੂੰ ਗੰਢ ਲੈਂਦੇ ਹਨ ਜੋ ਅੱਯਾਸ਼ ਕਿਸਮ ਦਾ ਬੰਦਾ ਹੈ। ਪਿਉ ਛੋਟੇ ਮੁੰਡੇ ਦਾ ਸਾਥ ਦਿੰਦਾ ਹੈ। ਨਾਸਰ ਅਰਬੀ ਕਬੀਲਿਆਂ ਨੂੰ ਨਾਲ ਲੈਣ ਦਾ ਤਰੱਦਦ ਕਰਨ ਲਗਦਾ ਹੈ। ਫ਼ਿਲਮ ਵਿਚ ਬਰਾਬਰ ਚਲਦਾ ਇੱਕ ਹੋਰ ਕਥਾਨਕ ਅਰਬ ਮੁਲਕਾਂ ਵਿਚ ਪਰਵਾਸੀ ਮਜ਼ਦੂਰਾਂ ਦੀ ਬੁਰੀ ਹਾਲਤ ਉੱਤੇ ਰੌਸ਼ਨੀ ਪਾਉਂਦਾ ਹੈ। ਇਨ੍ਹਾਂ ਪਰਵਾਸੀਆਂ ਵਿਚ ਵੱਡੀ ਗਿਣਤੀ ਪਾਕਿਸਤਾਨੀ ਮਜ਼ਦੂਰਾਂ ਦੀ ਹੈ। ਰੁਜ਼ਗਾਰ ਤੋਂ ਵਿਰਵਾ ਹੋ ਕੇ ਅੱਲੜ੍ਹ ਪਾਕਿਸਤਾਨੀ ਮੁੰਡਾ ਵਸੀਮ ਮੁਸਲਿਮ ਦਲ ਦਾ ਅਸਰ ਕਬੂਲ ਕਰ ਲੈਂਦਾ ਹੈ।
ਇਧਰ, ਸੀæਆਈæਏæ ਦੇ ਕਰਿੰਦੇ ਬੌਬ ਬਾਰਨਜ਼ (ਜਾਰਜ ਕਨੂਲੀ) ਦੀ ਜ਼ਿੰਮੇਵਾਰੀ ਨਾਸਰ ਨੂੰ ਮਾਰਨ ਲਈ ਲਾਈ ਜਾਂਦੀ ਹੈ ਪਰ ਸਾਜ਼ਿਸ਼ ਦਾ ਭਾਂਡਾ ਫੁੱਟ ਜਾਂਦਾ ਹੈ। ਅਮਰੀਕੀ ਸਰਕਾਰ ਬੌਬ ਨੂੰ ਬਲੀ ਦਾ ਬੱਕਰਾ ਬਣਾ ਆਪਣਾ ਪਿੰਡਾ ਬਚਾ ਰਹੀ ਹੈ। ਬੌਬ ਅੰਤ ਵਿਚ ਨਾਸਰ ਨੂੰ ਸਾਜ਼ਿਸ਼ ਦੀ ਚਿਤਾਵਨੀ ਦੇਣ ਲਈ ਪਹੁੰਚ ਜਾਂਦਾ ਹੈ ਪਰ ਸੀæਆਈæਏæ ਡ੍ਰੋਨ ਹਮਲੇ ਰਾਹੀਂ ਨਾਸਰ ਨੂੰ ਮਰਵਾ ਦਿੰਦੀ ਹੈ। ‘ਕੋਨੈਕਸ-ਕਿਲੇਨ’ ਦਾ ਰਲੇਵਾਂ ਸਿਰੇ ਚੜ੍ਹ ਜਾਂਦਾ ਹੈ। ਅਮਰੀਕੀ ਸਰਕਾਰ ਛੋਟੇ ਸ਼ਹਿਜ਼ਾਦੇ ਨਾਲ ਗੰਢ-ਤੁੱਪ ਕਰ ਕੇ ‘ਕੋਨੈਕਸ-ਕਿਲੇਨ’ ਸਾਂਝੀ ਕੰਪਨੀ ਨੂੰ ਤੇਲ-ਖੂਹਾਂ ਦਾ ਠੇਕਾ ਦਿਵਾ ਦਿੰਦੀ ਹੈ। ਤੇਲ-ਖੂਹਾਂ ਉੱਤੇ ਜਸ਼ਨ ਮਨਾਇਆ ਜਾ ਰਿਹਾ ਹੈ। ਮਹੂਰਤ ਵਾਲੇ ਦਿਨ ਖੁਦਕੁਸ਼-ਜੰਗਜੂ ਬਣਿਆ ਵਸੀਮ ਅਮਰੀਕੀਆਂ ਤੋਂ ਚੋਰੀ ਕੀਤੀ ਮਿਜ਼ਾਇਲ ਨਾਲ ਤੇਲ-ਖੂਹ ਨੂੰ ਉਡਾ ਦਿੰਦਾ। ਸਮੁੱਚੇ ਤੌਰ ਉੱਤੇ ਗ਼ਲਬੇ ਅਤੇ ਹਿੰਸਾ ਦਾ ਅਮੁੱਕ ਚੱਕਰ ਜਾਰੀ ਰਹਿੰਦਾ ਹੈ। ਫ਼ਿਲਮ ਪੱਛਮ ਦੀ ਤੇਲ ਸਿਆਸਤ ਨੂੰ ਬੇਪਰਦ ਕਰਦੀ ਹੋਈ ਅਣਸੁਲਝੇ ਸਵਾਲਾਂ ਨਾਲ ਖਤਮ ਹੁੰਦੀ ਹੈ।

Be the first to comment

Leave a Reply

Your email address will not be published.