ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਵੱਲੋਂ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨਾਲ ਗਠਜੋੜ ਦੀ ਚਰਚਾ ਨੇ ਸੂਬੇ ਦੀ ਸਿਆਸੀ ਫਿਜ਼ਾ ਨੂੰ ਭਖਾ ਦਿੱਤਾ ਹੈ। ਤਾਜ਼ਾ ਬਣੇ ਸਿਆਸੀ ਹਾਲਾਤ ਨਾਲ ਜਿੱਥੇ ਸੱਤਾ ਧਿਰ ਅਕਾਲੀ-ਭਾਜਪਾ ਬੇਚੈਨੀ ਮਹਿਸੂਸ ਕਰ ਰਹੀ ਹੈ, ਉਥੇ ਪੀæਪੀæਪੀæ ਅਤੇ ਸਾਂਝੇ ਮੋਰਚੇ ਵਿਚ ਵੀ ਮਤਭੇਦ ਉਭਰ ਆਏ ਹਨ। ਪੀæਪੀæਪੀæ ਦੇ ਮੀਤ ਪ੍ਰਧਾਨ ਤੇ ਪ੍ਰਸਿੱਧ ਕਮੇਡੀਅਨ ਭਗਵੰਤ ਮਾਨ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਆਮ ਆਦਮੀ ਪਾਰਟੀ (ਆਪ) ਦਾ ਲੜ ਫੜ ਲਿਆ ਹੈ। ਸਾਂਝੇ ਮੋਰਚੇ ਦੀਆਂ ਦੂਜੀਆਂ ਧਿਰਾਂ ਸੀæਪੀæਐਮæ, ਸੀæਪੀæਆਈæ ਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਵੀ ਇਸ ਫੈਸਲੇ ਤੋਂ ਖੁਸ਼ ਨਜ਼ਰ ਨਹੀਂ ਆ ਰਹੀਆਂ। ਕਾਂਗਰਸ ਵਿਚ ਵੀ ਗਠਜੋੜ ਨੂੰ ਲੈ ਕੇ ਵੱਖ-ਵੱਖ ਸੁਰਾਂ ਹਨ।
ਪੀæਪੀæਪੀæ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਭਗਵੰਤ ਮਾਨ ਨੇ ਪਾਰਟੀ ਪ੍ਰਧਾਨ ਨੂੰ ਭੇਜੇ ਅਸਤੀਫ਼ੇ ਵਿਚ ਕਿਹਾ ਹੈ ਕਿ 27 ਮਾਰਚ 2011 ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਚ ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਕੀਤੀ ਰੈਲੀ ਦੌਰਾਨ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗਰੀਬੀ, ਨਸ਼ਾਖੋਰੀ ਤੇ ਰਾਜਨੀਤਕ ਨਿਜ਼ਾਮ ਨੂੰ ਬਦਲਣ ਲਈ ਲੜਾਈ ਵਿੱਢਣ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਮੁੱਦਿਆਂ ਕਾਰਨ ਹੀ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਸੀ। ਹੁਣ ਜਿਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਪੀæਪੀæਪੀæ ਨੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਨਾਲ ਗੱਠਜੋੜ ਦਾ ਫ਼ੈਸਲਾ ਲਿਆ ਹੈ, ਉਸ ਨਾਲ ਉਹ ਜ਼ਾਤੀ ਤੌਰ ‘ਤੇ ਸਹਿਮਤ ਨਹੀਂ ਹਨ। ਹੁਣ ਉਨ੍ਹਾਂ ਨੇ ਜ਼ਮੀਰ ਦੀ ਆਵਾਜ਼ ਸੁਣ ਕੇ ਹੀ ਪੀæਪੀæਪੀæ ਛੱਡਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਯਾਦ ਰਹੇ ਕਿ ਪੀæਪੀæਪੀæ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਹਿਰਾਗਾਗਾ ਹਲਕੇ ਤੋਂ ਕਾਂਗਰਸ ਦੀ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਭਗਵੰਤ ਮਾਨ ਨੂੰ ਚੋਣ ਲੜਾਈ ਗਈ ਸੀ ਅਤੇ ਉਨ੍ਹਾਂ ਨੇ ਬੀਬੀ ਭੱਠਲ ਨੂੰ ਸਖ਼ਤ ਟੱਕਰ ਵੀ ਦਿੱਤੀ ਸੀ।
ਉਧਰ, ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਦੋਸ਼ ਲਾਇਆ ਹੈ ਕਿ ਉਹ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਉਪਰ ਬਠਿੰਡਾ ਹਲਕੇ ਦੀ ਸੀਟ ਨਿਛਾਵਰ ਕਰ ਕੇ ਮਾਲਵੇ ਦੀ ਕਾਂਗਰਸ ਲੀਡਰਸ਼ਿਪ ਨੂੰ ਸਾਜ਼ਿਸ਼ ਤਹਿਤ ਖ਼ਤਮ ਕਰ ਰਹੇ ਹਨ। ਸ਼ ਬਰਾੜ ਨੇ ਦਾਅਵਾ ਕੀਤਾ ਕਿ ਜੇ ਪਾਰਟੀ ਹਾਈਕਮਾਂਡ ਬਠਿੰਡਾ ਤੋਂ ਉਨ੍ਹਾਂ ਨੂੰ ਚੋਣ ਲੜਾਉਣ ਦਾ ਫੈਸਲਾ ਕਰਦੀ ਹੈ ਤਾਂ ਉਹ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਘੱਟੋ-ਘੱਟ ਇਕ ਲੱਖ ਵੋਟਾਂ ਨਾਲ ਹਰਾਉਣ ਦੇ ਸਮਰੱਥ ਹਨ।
ਉਨ੍ਹਾਂ ਦੋਸ਼ ਲਾਇਆ ਕਿ ਸ਼ ਬਾਜਵਾ ਇਕੱਲੇ ਹੀ ਹਾਈਕਮਾਂਡ ਨੂੰ ਗੁੰਮਰਾਹ ਕਰ ਕੇ ਬਠਿੰਡਾ ਅਤੇ ਫਰੀਦਕੋਟ ਜਿਹੀਆਂ ਅਹਿਮ ਸੀਟਾਂ ਹੋਰ ਪਾਰਟੀਆਂ ਹਵਾਲੇ ਕਰ ਕੇ ਮਾਲਵਾ ਪੱਟੀ ਵਿਚੋਂ ਕਾਂਗਰਸ ਦਾ ਸਫ਼ਾਇਆ ਕਰਨ ਦੇ ਰਾਹ ਪਏ ਹੋਏ ਹਨ। ਅਜਿਹੇ ਹਾਲਾਤ ਕਾਰਨ ਮਾਲਵਾ ਦੇ ਕੁਝ ਕਾਂਗਰਸੀ ਆਗੂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਗੱਡੀ ਵਿਚ ਸਵਾਰ ਹੋ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਫ਼ੈਸਲੇ ਬਾਰੇ ਫ਼ਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਸਲਾਹ ਵੀ ਨਹੀਂ ਲਈ ਗਈ। ਪੀæਪੀæਪੀæ ਬਾਰੇ ਉਨ੍ਹਾਂ ਕਿਹਾ ਕਿ ਪੀæਪੀæਪੀæ ਨੂੰ ਕਈ ਅਹਿਮ ਆਗੂ ਛੱਡ ਚੁੱਕੇ ਹਨ ਅਤੇ ਮਨਪ੍ਰੀਤ ਬਾਦਲ ਵੀ ਆਪਣਾ ਮਿਸ਼ਨ ਛੱਡ ਚੁੱਕਿਆ ਹੈ ਜਿਸ ਕਾਰਨ ਹੁਣ ਮਨਪ੍ਰੀਤ ਅਤੇ ਸੁਖਬੀਰ ਵਿਚ ਕੋਈ ਫਰਕ ਨਹੀਂ ਰਿਹਾ।
ਦੂਜੇ ਪਾਸੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਇਸ ਮੁੱਦੇ ‘ਤੇ ਕਿਹਾ ਕਿ ਪਾਰਟੀ ਵੱਲੋਂ ਪੀæਪੀæਪੀæ ਨਾਲ ਕੀਤਾ ਜਾ ਰਿਹਾ ਚੋਣ ਸਮਝੌਤਾ ਜਿਥੇ ਕਾਂਗਰਸ ਲਈ ਲਾਹੇਵੰਦ ਸਿੱਧ ਹੋਵੇਗਾ, ਉਥੇ ਪੰਜਾਬ ਦੇ ਲੋਕਾਂ ਦੇ ਵੀ ਹਿੱਤ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਾਰੀ ਪਾਰਟੀ ਦੀ ਸਹਿਮਤੀ ਨਾਲ ਲਿਆ ਜਾ ਰਿਹਾ ਹੈ।
Leave a Reply