ਅਭਿਸ਼ੇਕ ਸ੍ਰੀਵਾਸਤਵ
ਪੇਸ਼ਕਸ਼: ਬੂਟਾ ਸਿੰਘ
ਇਤਿਹਾਸ ਗਵਾਹ ਹੈ ਕਿ ਪ੍ਰਤੀਕਾਂ ਨੂੰ ਕੈਸ਼ ਕਰਨ ਦੇ ਮਾਮਲੇ ਵਿਚ ਫਾਸਿਸਟਾਂ ਦਾ ਕੋਈ ਸਾਨੀ ਨਹੀਂ। ਖ਼ਾਸ ਤਰੀਕਾਂ ਉਨ੍ਹਾਂ ਨੂੰ ਲਾਜ਼ਮੀ ਚੇਤੇ ਰਹਿੰਦੀਆਂ ਹਨ; ਖ਼ਾਸ ਤੌਰ ‘ਤੇ ਉਹ ਤਰੀਕਾਂ ਜੋ ਉਨ੍ਹਾਂ ਦੇ ਬੀਤੇ ਦੀ ਪਛਾਣ ਹੋਣ। ਨਿਰੋਲ ਹਿੰਦੁਸਤਾਨੀ ਪ੍ਰਸੰਗ ਵਿਚ ਕਹਿਣਾ ਹੋਵੇ ਤਾਂ ਕੋਈ ਵੀ ਸ਼ੁਭ ਕੰਮ ਕਰਨ ਲਈ ਮਹੂਰਤ ਕੱਢਣ ਦਾ ਬ੍ਰਾਹਮਣਵਾਦੀ ਦਸਤੂਰ ਸਦੀਆਂ ਤੋਂ ਚੱਲ ਰਿਹਾ ਹੈ। ਇਸ ਦੇ ਵੱਖੋ-ਵੱਖਰੇ ਰੂਪ ਦੁਨੀਆਂ ਦੇ ਤਮਾਮ ਹਿੱਸਿਆਂ ਵਿਚ ਅੱਜ ਵੀ ਮੌਜੂਦ ਹਨ। ਜਿੱਥੋਂ ਤਕ ਇਸ ਦੀ ਪ੍ਰਵਾਨਗੀ ਦਾ ਸਵਾਲ ਹੈ, ਇਸ ਮਾਮਲੇ ਵਿਚ ਘੱਟੋ-ਘੱਟ ਸਭਿਅਤਾ ਉਪਰ ਆਪਣਾ ਦਾਅਵਾ ਜਤਾਉਣ ਵਾਲੀਆਂ ਤਾਕਤਾਂ ਵਿਚ ਹਮੇਸ਼ਾ ਹੀ ਇਕਸੁਰਤਾ ਨਜ਼ਰ ਆਉਂਦੀ ਹੈ। ਦੇਖਣ ਨੂੰ ਇਹ ਗੱਲ ਕਿੰਨੀ ਵੀ ਗ਼ੈਰ-ਵਿਗਿਆਨਕ ਕਿਉਂ ਨਾ ਲਗਦੀ ਹੋਵੇ, ਪਰ ਕੀ ਇਸ ਨੂੰ ਮਹਿਜ਼ ਇਤਫ਼ਾਕ ਕਿਹਾ ਜਾਵੇ ਕਿ ਜੋ ਤਰੀਕ (27 ਫਰਵਰੀ) ਬਾਰਾਂ ਸਾਲ ਪਹਿਲਾਂ ਹਿੰਦੁਸਤਾਨੀ ਜਮਹੂਰੀਅਤ ਦੇ ਇਤਿਹਾਸ ਅੰਦਰ ਇਕ ਕਾਲਾ ਟਿੱਕਾ ਬਣ ਕੇ ਇਨ੍ਹਾਂ ਫਾਸਿਸਟਾਂ ਦੇ ਮੱਥੇ ‘ਤੇ ਚਿਪਕ ਗਈ ਸੀ, ਉਸ ਨੂੰ ਧੋਣ ਲਈ ਇਸੇ ਤਰੀਕ ਦੀ ਚੋਣ 12 ਵਰ੍ਹੇ ਬਾਅਦ ਦਿੱਲੀ ਤੋਂ ਲੈ ਕੇ ਵਾਸ਼ਿੰਗਟਨ ਤੱਕ ਕੀਤੀ ਗਈ ਹੈ? ਜਾਂ ਇਹ ਵੀ ਕੋਈ ਮਹੂਰਤ ਸੀ!
ਆਓ ਰਤਾ ਇਸ ਮੁਹਾਵਰੇ ਦੇ ਦਾਇਰੇ ਵਿਚ ਤੱਥਾਂ ਦੀ ਪੜਤਾਲ ਕਰੀਏ। 27 ਫਰਵਰੀ 2002 ਨੂੰ ਗੁਜਰਾਤ ਦੇ ਗੋਧਰਾ ਸਟੇਸ਼ਨ ਉਪਰ ਸਾਬਰਮਤੀ ਐਕਸਪ੍ਰੈੱਸ ਸਾੜੀ ਗਈ ਸੀ ਜਿਸ ਤੋਂ ਬਾਅਦ ‘ਆਜ਼ਾਦ’ ਹਿੰਦੁਸਤਾਨ ਦਾ ਸਭ ਤੋਂ ਭਿਆਨਕ ਕਤਲੇਆਮ ਕੀਤਾ ਗਿਆ ਜੋ ਹਿੰਦੁਸਤਾਨੀ ਸਿਆਸਤ ਅੰਦਰ ਉਥੋਂ ਦੀ ਧਰਮ-ਨਿਰਪੱਖਤਾ ਨੂੰ ਪ੍ਰੀਭਾਸ਼ਤ ਕਰਨ ਵਾਲੇ ਕੇਂਦਰੀ ਤੱਤ ਵਾਂਗ ਸਥਾਪਤ ਹੋ ਗਿਆ। ਠੀਕ ਬਾਰਾਂ ਵਰ੍ਹੇ ਪਿੱਛੋਂ 2014 ਦੀ 27 ਫਰਵਰੀ ਨੂੰ ਨਰੇਂਦਰ ਮੋਦੀ ਦੀ ਮਕਬੂਲੀਅਤ ਸਥਾਪਤ ਕਰਨ ਲਈ ਦੋ ਵੱਡੀਆਂ ਚਿੰਨ੍ਹਾਤਮਕ ਘਟਨਾਵਾਂ ਹੋਈਆਂ। ਗੁਜਰਾਤ ਕਤਲੇਆਮ ਦੇ ਵਿਰੋਧ ਵਿਚ ਉਸ ਵਕਤ ਦੀ ਐੱਨæਡੀæਏæ ਹਕੂਮਤ ਤੋਂ ਹਮਾਇਤ ਵਾਪਸ ਲੈਣ ਵਾਲੇ ਦਲਿਤ ਆਗੂ ਰਾਮਵਿਲਾਸ ਪਾਸਵਾਨ ਦੀ ਦਿੱਲੀ ਵਿਚ ਨਰੇਂਦਰ ਮੋਦੀ ਨਾਲ ਮੁਲਾਕਾਤ ਅਤੇ ਭਾਜਪਾ ਨੂੰ ਹਮਾਇਤ; ਅਤੇ ਅਮਰੀਕੀ ਫਾਸ਼ੀਵਾਦ ਦੇ ਕਾਰਪੋਰੇਟਾਂ ਸਰੋਤਾਂ ਵਿਚੋਂ ਇਕ, ਪਿਊ ਰਿਸਰਚ ਸੈਂਟਰ ਵਲੋਂ ਜਾਰੀ ਕੀਤਾ ਗਿਆ ਚੋਣ ਸਰਵੇਖਣ ਜੋ ਕਹਿੰਦਾ ਹੈ ਕਿ ਇਸ ਮੁਲਕ ਦਾ 63 ਫ਼ੀਸਦੀ ਅਵਾਮ ਅਗਲੀ ਹਕੂਮਤ ਭਾਜਪਾ ਦੀ ਲਿਆਉਣ ਦੇ ਹੱਕ ਵਿਚ ਹੈ। ਪਿਊ ਰਿਸਰਚ ਸੈਂਟਰ ਕੀ ਹੈ ਅਤੇ ਇਸ ਦੇ ਸਰਵੇਖਣ ਦੀ ਅਹਿਮੀਅਤ ਕੀ ਹੈ, ਇਹ ਅਸੀਂ ਅੱਗੇ ਚੱਲ ਕੇ ਦੇਖਾਂਗੇ ਪਰ ਹਾਲਾਤ ਦਾ ਵਿਅੰਗ ਦੇਖੋ ਕਿ ਇਸ ਤੋਂ ਐਨ ਦੋ ਦਿਨ ਪਹਿਲਾਂ 25 ਫਰਵਰੀ 2014 ਨੂੰ ਨਿਊਜ਼ ਐਕਸਪ੍ਰੈੱਸ ਨਾਂ ਦੇ ਇਕ ਕਾਂਗਰਸ ਦੇ ਹਮਾਇਤੀ ਟੀæਵੀæ ਚੈਨਲ ਵਲੋਂ ਕੀਤੇ ਗਏ 11 ਏਜੰਸੀਆਂ ਦੇ ਚੋਣ ਸਰਵੇਖਣ ਦੇ ਸਟਿੰਗ ਅਪਰੇਸ਼ਨ ਨੂੰ ਕਿਵੇਂ ਪੂਰੀ ਤਰ੍ਹਾਂ ਵਿਉਂਤਬਧ ਢੰਗ ਨਾਲ ਬੇਅਸਰ ਬਣਾਇਆ ਗਿਆ! ਐਨ ਉਵੇਂ ਹੀ ਜਿਵੇਂ ਰਾਮਵਿਲਾਸ ਪਾਸਵਾਨ ਦਾ ਭਾਜਪਾ ਨਾਲ ਹੱਥ ਮਿਲਾਉਣਾ ਪਿਛਲੇ ਵਰ੍ਹੇ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰੀ ਦੇ ਖ਼ਿਲਾਫ਼ ਨਿਤੀਸ਼ ਕੁਮਾਰ ਦੇ ਐੱਨæਡੀæਏæ ਤੋਂ ਨਿਕਲ ਜਾਣ ਵਰਗਾ ਹਾਸੋਹੀਣਾ ਸਾਂਗ ਰਚ ਰਿਹਾ ਹੈ। ਤੇ ਇਹ ਵੀ ਇਤਫ਼ਾਕ ਨਹੀਂ ਕਿ ਭਾਜਪਾ ਦਾ ਪ੍ਰਧਾਨ ਰਾਜਨਾਥ ਸਿੰਘ ਇਸੇ ਤਰੀਕ ਤੋਂ ਇਕ ਦਿਨ ਪਹਿਲਾਂ ਗੁਜਰਾਤ ਘੱਲੂਘਾਰੇ ਬਾਬਤ ਇਹ ਬਿਆਨ ਜਾਰੀ ਕਰਦਾ ਹੈ: “ਜਦੋਂ ਵੀ, ਜਿਥੇ ਵੀ, ਸਾਡੇ ਕੋਲੋਂ ਜੇ ਕੋਈ ਗ਼ਲਤੀਆਂ ਹੋਈਆਂ ਤੇ ਘਾਟਾਂ ਰਹੀਆਂ ਹੋਣਗੀਆਂ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੇ ਅੱਗੇ ਸਿਰ ਝੁਕਾ ਕੇ ਮੁਆਫ਼ੀ ਮੰਗਾਂਗੇ।”
ਨਿਊਜ਼ ਐਕਸਪ੍ਰੈੱਸ ਨੇ ਸਾਰੀਆਂ ਹੀ ਦੇਸੀ-ਵਿਦੇਸ਼ੀ ਏਜੰਸੀਆਂ ਦੇ ਸਰਵੇਖਣਾਂ ਦੀ ਪੋਲ ਖੋਲ੍ਹ ਦਿੱਤੀ ਹੈ, ਪਰ ਪਿਊ ਦੇ ਹਾਲੀਆ ਸਰਵੇਖਣ ਦੀ ਪ੍ਰਵਾਨਗੀ ਦੀ ਕਮਾਲ ਦੇਖੋ। ਸਾਰੀਆਂ ਹੀ ਅਖ਼ਬਾਰਾਂ ਅਤੇ ਵੈੱਬਸਾਈਟਾਂ ਨੇ ਇਸ ਨੂੰ ਪ੍ਰਮੁੱਖਤਾ ਨਾਲ ਛਾਪਿਆ ਅਤੇ ਕਿਸੇ ਪਾਸਿਓਂ ਕੋਈ ਕਿੰਤੂ-ਪ੍ਰੰਤੂ ਸਾਹਮਣੇ ਨਹੀਂ ਆਇਆ। ਦਰਅਸਲ, ਚੋਣ ਸਰਵੇਖਣ ਦੇ ਅਸਰ ਦਾ ਸਵਾਲ ਇਸ ਦੇ ਢੰਗ ਅਤੇ ਤਕਨੀਕੀ ਪੱਖਾਂ ਤੱਕ ਮਹਿਦੂਦ ਨਹੀਂ ਹੁੰਦਾ, ਸਗੋਂ ਉਸ ਪਿਛੇ ਕੰਮ ਕਰਦੀ ਅਸਲ ਮਨਸ਼ਾ ਨੂੰ ਸਮਝਣਾ ਵੀ ਜ਼ਰੂਰੀ ਹੁੰਦਾ ਹੈ। ਇਸ ਲਈ ਸਾਰੇ ਚੋਣ ਸਰਵੇਖਣਾਂ ਦੀ ਪੋਲ ਖੁੱਲ੍ਹ ਜਾਣ ਦੇ ਬਾਵਜੂਦ 27 ਵਰਵਰੀ ਨੂੰ ਗੋਧਰਾ ਦੀ 12ਵੀਂ ਬਰਸੀ ਉਪਰ ਜੋ ਇਕਲੌਤਾ ਵਿਦੇਸ਼ੀ ਚੋਣ ਸਰਵੇਖਣ ਮੀਡੀਆ ਵਿਚ ਜਾਰੀ ਕੀਤਾ ਗਿਆ, ਉਸ ਦੀਆਂ ਜੜ੍ਹਾਂ ਤਕ ਪਹੁੰਚਣ ਦੀ ਲੋੜ ਹੈ ਤਾਂ ਜੋ ਕਿਸੇ ਫ਼ੌਰੀ ਨਤੀਜੇ ‘ਤੇ ਪਹੁੰਚਿਆ ਜਾ ਸਕੇ।
ਚੋਣ ਸਰਵੇਖਣ ਏਜੰਸੀ ਵਜੋਂ ਅਮਰੀਕਾ ਦੇ ਪਿਊ ਰਿਸਰਚ ਸੈਂਟਰ ਦਾ ਨਾਂ ਹਿੰਦੁਸਤਾਨੀ ਪਾਠਕਾਂ ਲਈ ਓਪਰਾ ਹੈ। ਇਸ ਏਜੰਸੀ ਨੇ ਆਪਣੀ ਮਰਜ਼ੀ ਨਾਲ ਚੁਣੇ 2464 ਹਿੰਦੁਸਤਾਨੀਆਂ ਦੀ ਰਾਇ ਨੂੰ ਆਧਾਰ ਬਣਾ ਕੇ ‘ਸਰਵੇਖਣ’ ਕੀਤਾ ਅਤੇ ਇਸ ਤੋਂ ਸਿੱਟਾ ਕੱਢ ਲਿਆ ਕਿ 63 ਫ਼ੀਸਦੀ ਲੋਕ ਅਗਲੀਆਂ ਆਮ ਚੋਣਾਂ ਵਿਚ ਕੇਂਦਰ ਵਿਚ ਭਾਜਪਾ ਦੀ ਹਕੂਮਤ ਬਣਾਉਣ ਦੇ ਹੱਕ ਵਿਚ ਹਨ ਅਤੇ 78 ਫ਼ੀਸਦੀ ਲੋਕ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ। ਇਸ ਸਰਵੇਖਣ ਦੀ ਤਫ਼ਸੀਲ ਕਿਸੇ ਵੀ ਅਖ਼ਬਾਰ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ, ਪਰ ਸਾਡੀ ਦਿਲਚਸਪੀ ਇਸ ਦੇ ਉਪਰੋਂ ਪਰਦਾ ਲਾਹ ਕੇ ਇਸ ਦੇ ਪਿੱਛੇ ਲੁਕੇ ਬੈਠੇ ਚਿਹਰਿਆਂ ਨੂੰ ਬੇਨਕਾਬ ਕਰਨ ਦੀ ਹੈ। ਗ਼ੌਰਤਲਬ ਹੈ ਕਿ 125 ਕਰੋੜ ਅਬਾਦੀ ਵਾਲੇ ਮੁਲਕ ਵਿਚੋਂ ਮਹਿਜ਼ ਢਾਈ ਹਜ਼ਾਰ ਲੋਕਾਂ ਦੀ ਰਾਇ ਦੇ ਆਧਾਰ ‘ਤੇ ਇਸ ਸਰਵੇਖਣ ਨੂੰ ਜਾਰੀ ਕਰਨ ਦੀ ਤਰੀਕ ਚੁਣੀ ਗਈ 27 ਫਰਵਰੀ ਜਿਸ ਦਿਨ ਰਾਮਵਿਲਾਸ ਪਾਸਵਾਨ ਅਤੇ ਮੋਦੀ, ਦੋਵਾਂ ਦੀ ਸਿਆਸੀ ਜ਼ਿੰਦਗੀ ਦਾ ਇਕ ਗੇੜ ਪੂਰਾ ਹੋਣ ਵਾਲਾ ਸੀ। ਕੀ ਇਹ ਕੋਈ ਇਤਫ਼ਾਕ ਹੈ? ਹਰਗਿਜ਼ ਨਹੀਂ।
ਪਿਊ ਰਿਸਰਚ ਸੈਂਟਰ ਵਾਸ਼ਿੰਗਟਨ ਸਥਿਤ ਅਮਰੀਕੀ ਥਿੰਕ ਟੈਂਕ ਹੈ ਜੋ ਅਮਰੀਕਾ ਅਤੇ ਬਾਕੀ ਦੁਨੀਆਂ ਬਾਰੇ ਅੰਕੜੇ ਤੇ ਰੁਝਾਨ ਜਾਰੀ ਕਰਦਾ ਹੈ। ਇਸ ਦੇ ਸੰਚਾਲਨ ਅਤੇ ਵਿਤੀ ਦਾਰੋਦਮਾਰ ਦੀ ਵਾਗਡੋਰ ਪਿਊ ਚੈਰੀਟੇਬਲ ਟਰੱਸਟਾਂ ਦੇ ਸਮੂਹ ਦੇ ਹੱਥ ਵਿਚ ਹੈ ਜਿਸ ਦੀ ਸਥਾਪਨਾ 1948 ਵਿਚ ਕੀਤੀ ਗਈ ਸੀ। ਇਸ ਸਮੂਹ ਵਿਚ ਸੱਤ ਟਰੱਸਟ ਹਨ ਜਿਨ੍ਹਾਂ ਨੂੰ 1948 ਤੋਂ ਲੈ ਕੇ 1979 ਦਰਮਿਆਨ ‘ਸਨ ਆਇਲ ਕੰਪਨੀ’ ਦੇ ਮਾਲਕ ਜੋਸਫ਼ ਪਿਊ ਦੇ ਚਾਰ ਧੀਆਂ-ਪੁੱਤਰਾਂ ਨੇ ਸਥਾਪਤ ਕੀਤਾ ਸੀ। ਸਨ ਆਇਲ ਕੰਪਨੀ ਦਾ ਬਰੈਂਡ ਨਾਂ ਸਨੋਕੋ ਹੈ ਜੋ 1996 ਵਿਚ ਅਮਰੀਕਾ ਦੇ ਪੈਨਸਿਲਵੇਨੀਆ ਵਿਚ ਬਣਾਈ ਗਈ ਸੀ। ਇਸ ਦਾ ਮੁੱਢਲਾ ਨਾਂ ਪੀਪਲਜ਼ ਨੈਚੁਰਲ ਗੈਸ ਕੰਪਨੀ ਸੀ। ਇਸ ਦੇ ਮਾਲਕ ਜੋਸਫ਼ ਪਿਊ ਦਾ ਸਭ ਤੋਂ ਵੱਡਾ ਪੁੱਤਰ ਜੇæ ਹਾਵਰਡ ਪਿਊ (ਜੋ ਟਰੱਸਟ ਦਾ ਬਾਨੀ ਸੀ) 1930 ਦੇ ਦਹਾਕੇ ਵਿਚ ਅਮੈਰੀਕਨ ਲਿਬਰਟੀ ਲੀਗ ਦੀ ਸਲਾਹਕਾਰ ਕੌਂਸਲ ਅਤੇ ਕਾਰਜਕਾਰੀ ਕਮੇਟੀ ਦਾ ਮੈਂਬਰ ਸੀ। ਹਾਵਰਡ ਪਿਊ ਨੇ ਸੱਜੇਪੱਖੀ ਲੀਗ ਨੂੰ 20,000 ਡਾਲਰ ਦੀ ਗਰਾਂਟ ਦਿੱਤੀ ਸੀ। ਇਹ ਲੀਗ ਵਾਲ ਸਟਰੀਟ ਦੇ ਵੱਡੇ ਘੋਰ ਸੱਜੇਪੱਖੀ ਕਾਰੋਬਾਰੀਆਂ ਵਲੋਂ ਬਣਾਈ ਗਈ ਸੰਸਥਾ ਸੀ ਜਿਸ ਦਾ ਕੰਮ ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਦਾ ਤਖ਼ਤਾ ਉਲਟਾ ਕੇ ਵ੍ਹਾਈਟ ਹਾਊਸ ਉਪਰ ਕਬਜ਼ਾ ਕਰਨਾ ਸੀ। ਇਸ ਦੀ ਤੱਥਪੂਰਨ ਤਫ਼ਸੀਲ 1976 ਵਿਚ ਛਪੀ ਕਿਤਾਬ ‘ਦਿ ਪਲਾਟ ਟੂ ਸੀਜ਼ ਦੀ ਵ੍ਹਾਈਟ ਹਾਊਸ’ ਵਿਚ ਮਿਲਦੀ ਹੈ। 1930ਵਿਆਂ ਦੇ ਦਹਾਕੇ ਵਿਚ ਸੈਂਟੀਨਲਜ਼ ਆਫ ਦੀ ਰਿਪਬਲਿਕ ਅਤੇ ਕਰੂਸੇਡਰਜ਼ ਨਾਂ ਦੀਆਂ ਫਾਸ਼ੀਵਾਦੀ ਜਥੇਬੰਦੀਆਂ ਨੂੰ ਫੰਡ ਵੀ ਹਾਵਰਡ ਪਿਊ ਹੀ ਦਿੰਦਾ ਰਿਹਾ ਸੀ।
ਪਿਊ ਘਰਾਣੇ ਦਾ ਅਮਰੀਕੀ ਪਿਛਾਖੜ ਵਿਚ ਮੁੱਖ ਯੋਗਦਾਨ ਘੋਰ ਸੱਜੇਪੱਖੀ ਜਥੇਬੰਦੀਆਂ, ਉਨ੍ਹਾਂ ਦੇ ਪ੍ਰਚਾਰ ਅਤੇ ਪ੍ਰਕਾਸ਼ਨਾਵਾਂ ਦੇ ਖ਼ਰਚੇ ਦੇਣ ਦੇ ਰੂਪ ‘ਚ ਰਿਹਾ ਹੈ। ਹੇਠਾਂ ਕੁਝ ਫਾਸ਼ੀਵਾਦੀ ਜਥੇਬੰਦੀਆਂ ਦੇ ਨਾਂ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਇਸ ਘਰਾਣੇ ਨੇ ਉਸ ਦੌਰ ਵਿਚ ਖੜ੍ਹਾ ਕਰਨ ਵਿਚ ਮਾਲੀ ਯੋਗਦਾਨ ਪਾਇਆ:
ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਜ਼: ਇਹ ਫਾਸ਼ੀਵਾਦੀ ਜਥੇਬੰਦੀ ਸਨਅਤਕਾਰਾਂ ਦਾ ਇਕ ਤਾਣਾਬਾਣਾ ਸੀ ਜੋ ਨਿਊ ਡੀਲ ਵਿਰੋਧੀ ਮੁਹਿੰਮਾਂ ਵਿਚ ਜੁੱਟੀ ਹੋਈ ਸੀ ਅਤੇ ਇਹ ਅੱਜ ਤਕ ਬਰਕਰਾਰ ਹੈ।
ਅਮਰੀਕੀ ਐਕਸ਼ਨ ਇੰਕ: 1940ਵਿਆਂ ਦੇ ਦਹਾਕੇ ਵਿਚ ਅਮੈਰੀਕਨ ਲਿਬਰਟੀ ਲੀਗ ਦੀ ਜਾਨਸ਼ੀਨ ਜਥੇਬੰਦੀ।
ਫਾਊਂਡੇਸ਼ਨ ਫਾਰ ਦੀ ਇਕਨਾਮਿਕ ਐਜੂਕੇਸ਼ਨ: ਇਸ ਦਾ ਐਲਾਨੀਆ ਉਦੇਸ਼ ਅਮਰੀਕੀਆਂ ਨੂੰ ਇਸ ਗੱਲ ਲਈ ਤਿਆਰ ਕਰਨਾ ਸੀ ਕਿ ਉਨ੍ਹਾਂ ਦਾ ਮੁਲਕ ਸਮਾਜਵਾਦੀ ਬਣਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਰਅਸਲ ਉਨ੍ਹਾਂ ਨੂੰ ਭੁੱਖੇ ਰਹਿਣ ਅਤੇ ਬੇਘਰੇ ਰਹਿਣ ਦੀ ਆਜ਼ਾਦੀ ਤੋਂ ਮਹਿਰੂਮ ਕਰ ਰਹੀਆਂ ਹਨ। 1950 ‘ਚ ਇਸ ਦੇ ਖ਼ਿਲਾਫ਼ ਗ਼ੈਰਕਾਨੂੰਨੀ ਲਾਬਿੰਗ ਕੀਤੇ ਜਾਣ ਦੀ ਜਾਂਚ ਵੀ ਕੀਤੀ ਗਈ।
ਕ੍ਰਿਸਚੀਅਨ ਫਰੀਡਮ ਫਾਊਂਡੇਸ਼ਨ: ਇਸ ਦਾ ਉਦੇਸ਼ ਅਮਰੀਕਾ ਨੂੰ ਈਸਾਈ ਗਣਰਾਜ ਬਣਾਉਣਾ ਸੀ ਜਿਸ ਦੀ ਖ਼ਾਤਰ ਕਾਂਗਰਸ ਵਿਚ ਈਸਾਈ ਰੂੜ੍ਹੀਵਾਦੀਆਂ ਦੇ ਚੁਣੇ ਜਾਣ ਵਿਚ ਮਦਦ ਕੀਤੀ ਜਾਂਦੀ ਸੀ।
ਜਾਨ ਬਿਰਚ ਸੁਸਾਇਟੀ: ਇਕ ਹਜ਼ਾਰ ਇਕਾਈਆਂ ਅਤੇ ਇਕ ਲੱਖ ਦੇ ਕਰੀਬ ਮੈਂਬਰਸ਼ਿਪ ਵਾਲੀ ਇਹ ਜਥੇਬੰਦੀ ਕਮਿਊਨਿਸਟ ਵਿਰੋਧੀ ਸਿਆਸਤ ਕਰਨ ਲਈ ਤੇਲ ਕੰਪਨੀਆਂ ਵਲੋਂ ਖੜ੍ਹੀ ਕੀਤੀ ਗਈ ਸੀ।
ਬੈਰੀ ਗੋਲਡਵਾਟਰ: ਵੀਅਤਨਾਮ ਖ਼ਿਲਾਫ਼ ਜੰਗ ਵਿਚ ਇਸ ਦੀ ਅਹਿਮ ਭੂਮਿਕਾ ਸੀ।
ਗਾਰਡਨ-ਕਾਨਵੈੱਲ ਥੀਔਲੋਜੀਕਲ ਸੈਮੀਨਰੀ: ਇਹ ਸੱਜੇਪੱਖੀ ਈਸਾਈ ਮਿਸ਼ਨਰੀ ਜਥੇਬੰਦੀ ਸੀ ਜੋ ਪਿਊ ਨੇ ਖੜ੍ਹੀ ਕੀਤੀ ਸੀ।
ਪ੍ਰੇਸਿਬਟੇਰੀਅਨ ਲੇਮੈਨ: ਇਹ ਰਸਾਲਾ ਸਭ ਤੋਂ ਪਹਿਲਾਂ ਪ੍ਰੇਸਿਬਟੇਰੀਅਨ ਲੇ ਕਮੇਟੀ ਨੇ 1968 ਵਿਚ ਛਾਪਿਆ ਜੋ ਈਸਾਈ ਕੱਟੜਪੰਥੀ ਜਥੇਬੰਦੀ ਸੀ।
1970 ਵਿਚ ਜੋਸਫ਼ ਪਿਊ ਦੀ ਮੌਤ ਤੋਂ ਪਿੱਛੋਂ ਉਸ ਦਾ ਟੱਬਰ ਹੇਠ ਦਿੱਤੀਆਂ ਜਥੇਬੰਦੀਆਂ ਜ਼ਰੀਏ ਅਮਰੀਕਾ ਵਿਚ ਫਾਸ਼ੀਵਾਦੀ ਸਿਆਸਤ ਨੂੰ ਫੰਡ ਮੁਹੱਈਆ ਕਰ ਰਿਹਾ ਹੈ:
ਅਮੈਰੀਕਨ ਇੰਟਰਪ੍ਰਾਈਜ਼ ਇੰਸਟੀਚਿਊਟ ਜਿਸ ਦੇ ਮੈਂਬਰਾਂ ਵਿਚ ਡਿਕ ਚੈਨੀ, ਉਸ ਦੀ ਪਤਨੀ ਅਤੇ ਪਾਲ ਉਲਫੋਵਿਜ਼ ਵਰਗੇ ਲੋਕ ਸ਼ਾਮਲ ਹਨ।
ਹੈਰੀਟੇਜ ਫਾਊਂਡੇਸ਼ਨ ਜੋ ਇਕ ਨਸਲਵਾਦੀ, ਕਿਰਤ ਵਿਰੋਧੀ, ਸੱਜੇਪੱਖੀ ਜਥੇਬੰਦੀ ਹੈ।
ਬ੍ਰਿਟਿਸ਼-ਅਮੈਰੀਕਨ ਪ੍ਰੋਜੈਕਟ ਫਾਰ ਦੀ ਸਕਸੈਸਰ ਜਨਰੇਸ਼ਨ ਜਿਸ ਨੂੰ 1985 ਵਿਚ ਰੀਗਨ ਅਤੇ ਥੈਚਰ ਦੇ ਪੈਰੋਕਾਰਾਂ ਨੇ ਮਿਲ ਕੇ ਬਣਾਇਆ ਸੀ ਅਤੇ ਜੋ ਸੱਜੇਪੱਖੀ ਅਮਰੀਕੀ ਅਤੇ ਬਰਤਾਨਵੀ ਨੌਜਵਾਨਾਂ ਦੀ ਸਿਆਸੀ ਪੁਸ਼ਤ-ਪਨਾਹੀ ਕਰਦੀ
Leave a Reply