ਜਤਿੰਦਰ ਮੌਹਰ
ਫੋਨ: 91-97799-34747
ਏਸ਼ੀਆ ਦੇ ਮੱਧ-ਪੂਰਬੀ ਮੁਲਕਾਂ ਬਾਬਤ ਬਹਿਸ ‘ਅਤਿਵਾਦ’ ਦੇ ਹਵਾਲੇ ਨਾਲ ਵਧੇਰੇ ਭਖਦੀ ਰਹਿੰਦੀ ਹੈ। ਇਸਲਾਮੀ ਮੁਲਕਾਂ ਨੂੰ ਸ਼ੱਕੀ ਐਲਾਨਣ ਦਾ ਰੁਝਾਨ ਜ਼ੋਰਾਂ ਉੱਤੇ ਹੈ। ਮੁਸਲਮਾਨਾਂ ਦੀ ਪਛਾਣ ‘ਅਤਿਵਾਦੀਆਂ’ ਵਜੋਂ ਕੀਤੀ ਜਾ ਰਹੀ ਹੈ। ਅੱਜ ਮੱਧ ਪੂਰਬੀ ਮੁਲਕਾਂ ਨਾਲ ਭਾਰਤੀ ਅਵਾਮ ਦੇ ਰਿਸ਼ਤਿਆਂ ਨੂੰ ਨਵੇਂ ਸਿਰਿਉਂ ਵਿਚਾਰਨਾ ਬਣਦਾ ਹੈ। ਭਾਰਤ ਦੀ ਕੌਮੀ ਮੁਕਤੀ ਲਹਿਰ ਵੇਲੇ ਮੱਧ-ਪੂਰਬੀ ਇਸਲਾਮੀ ਮੁਲਕਾਂ ਨਾਲ ਸਾਮਰਾਜ ਵਿਰੋਧੀ ਸੰਘਰਸ਼ ਦੀ ਸਾਂਝ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ। ਇਸ ਸਾਂਝ ਦੇ ਹਵਾਲੇ ਨਾਲ ਮੁਲਕਾਂ ਦੇ ਵਰਤਮਾਨ ਅਤੇ ਭਵਿੱਖੀ ਸੰਬੰਧਾਂ ਨੂੰ ਨਵੀਂ ਰੌਸ਼ਨੀ ਵਿਚ ਸਮਝਿਆ ਜਾ ਸਕਦਾ ਹੈ। ਇਸ ਨਾਲ ਮੁਲਕਪ੍ਰਸਤੀ, ਸਾਂਝੀਵਾਲਤਾ ਅਤੇ ਸ਼ਹਾਦਤ ਦੇ ਅਰਥਾਂ ਦੀਆਂ ਨਵੀਆਂ ਤੰਦਾਂ ਖੁੱਲ੍ਹਦੀਆਂ ਹਨ ਅਤੇ ਹੱਦਾਂ-ਸਰਹੱਦਾਂ ਦੇ ਨਾਂ ਉੱਤੇ ਪਾਈਆਂ ਗਈਆਂ ਵੰਡੀਆਂ ਦੀ ਸਿਆਸਤ ਵੀ ਉੱਘੜਦੀ ਹੈ। ਜਾਣ-ਬੁੱਝ ਕੇ ਛੁਪਾਏ ਗਏ ਜਾਂ ਉਲਟ ਪੜ੍ਹਾਏ ਗਏ ਇਤਿਹਾਸ ਨੂੰ ਵਰਤਮਾਨ ਅਤੇ ਅਤੀਤ ਨਾਲ ਜੋੜ ਕੇ ਦੇਖਣਾ ਜ਼ਰੂਰੀ ਹੈ। ਇਸ ਪ੍ਰਸੰਗ ਵਿਚ ਗ਼ਦਰ ਲਹਿਰ ਦਾ ਇਤਿਹਾਸ ਅਹਿਮ ਦਸਤਾਵੇਜ਼ ਹੈ। ਇਸ ਲਹਿਰ ਦੇ ਕੌਮਾਂਤਰੀ ਖ਼ਾਸੇ ਅਤੇ ਇਤਿਹਾਸ ਤੋਂ ਸਮਕਾਲੀ ਬਸਤਾਨਾਂ ਵਿਰੁਧ ਸਾਂਝਾ ਆਲਮੀ ਮੋਰਚਾ ਉਸਾਰਨ ਦਾ ਕੀਮਤੀ ਸਬਕ ਮਿਲਦਾ ਹੈ। ਬਸਤਾਨਾਂ ਵਲੋਂ ਕੀਤੀ ਜਾ ਰਹੀ ਲੁੱਟ ਅਤੇ ਉਹਨੂੰ ਠੱਲ੍ਹਣ ਲਈ ਚਲਦੀ ਜਦੋਜਹਿਦ ਲਗਾਤਾਰਤਾ ਵਿਚ ਦਿਖਾਈ ਦਿੰਦੀ ਹੈ। ਇਸਲਾਮੀ ਮੁਲਕਾਂ ਦੀ ਨਾਬਰੀ ਅੱਜ ਬਸਤਾਨਾਂ ਦੀਆਂ ਅੱਖਾਂ ਦਾ ਵੱਡਾ ਰੋੜਾ ਹੈ। ਅਸੀ ਗ਼ਦਰ ਪਾਰਟੀ ਦੇ ਹਵਾਲੇ ਨਾਲ ਇਸਲਾਮੀ ਮੁਲਕਾਂ ਨਾਲ ਸਾਂਝੇ ਪਿੜ ਦੀ ਜ਼ਮੀਨ ਲੱਭ ਸਕਦੇ ਹਾਂ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਛਾਪੀ ਗਈ ਲੇਖਕ ਗੁਰਚਰਨ ਸਿੰਘ ਸਹਿੰਸਰਾ ਦੀ ਕਿਤਾਬ ‘ਗ਼ਦਰ ਪਾਰਟੀ ਦਾ ਇਤਿਹਾਸ’ ਗ਼ਦਰ ਲਹਿਰ ਦਾ ਨਿੱਗਰ ਦਸਤਾਵੇਜ਼ ਹੈ। ਇਸ ਕਿਤਾਬ ਵਿਚ ਗ਼ਦਰੀਆਂ ਦੇ ਮੱਧ ਪੂਰਬ ਵਿਚ ਕੀਤੇ ਕੰਮ ਦੀ ਤਫ਼ਸੀਲ ਮਿਲਦੀ ਹੈ। 20ਵੀਂ ਸਦੀ ਦਾ ਪਹਿਲਾ ਦਹਾਕਾ ਸਿਆਸੀ ਉੱਥਲ-ਪੁੱਥਲ ਦਾ ਸਮਾਂ ਸੀ। ਕੌਮੀ ਮੁਕਤੀ ਲਹਿਰਾਂ ਤਿੱਖੀ ਸਿਆਸੀ ਚੇਤਨਾ ਨਾਲ ਲੈਸ ਹੋ ਰਹੀਆਂ ਸਨ। ਮੁਸਲਮਾਨਾਂ ਦੀ ਅੰਗਰੇਜ਼ਾਂ ਨਾਲ ਕੁੜੱਤਣ ਨੂੰ ਤੁਰਕੀ ਉੱਤੇ ਅੰਗਰੇਜ਼ੀ ਸਾਮਰਾਜ ਦੇ ਹਮਲੇ ਨੇ ਫ਼ੈਸਲਾਕੁਨ ਮੋੜ ਉੱਤੇ ਲਿਆਂਦਾ। ਮੁਸਲਮਾਨਾਂ ਨੇ ਇਸਲਾਮੀ ਏਕੇ ਦੀ ਭਾਵਨਾ ਨੂੰ ਹੋਰ ਸ਼ਿੱਦਤ ਨਾਲ ਮਹਿਸੂਸ ਕੀਤਾ। ਭਾਰਤ ਵਿਚੋਂ ਮੌਲਵੀ ਅਬਦੁੱਲਾ ਸਿੰਧੀ, ਮੌਲਵੀ ਮੁਹੰਮਦ ਹਸਨ (ਦਿਉਬੰਦ) ਅਤੇ ਮੁਹੰਮਦ ਮੀਆਂ ਅਨਸਾਰੀ ਵਰਗਿਆਂ ਨੇ ਅਰਬ ਮੁਲਕਾਂ ਦਾ ਰੁਖ਼ ਕਰ ਲਿਆ। ਇਨ੍ਹਾਂ ਨੇ ਤੁਰਕੀ ਅਤੇ ਅਫ਼ਗਾਨਿਸਤਾਨ ਦੀ ਮਦਦ ਨਾਲ ਹਿੰਦੋਸਤਾਨ ਵਿਚੋਂ ਅੰਗਰੇਜ਼ਾਂ ਨੂੰ ਭਜਾਉਣ ਦਾ ਕੰਮ ਵਿੱਢ ਲਿਆ। ਮੱਕਾ, ਮਦੀਨਾ, ਕੁਸਤੁਨਤੁਨੀਆਂ, ਤਹਿਰਾਨ ਅਤੇ ਕਾਬੁਲ ਇਸ ਮੁਹਿੰਮ ਦੇ ਮੁੱਖ ਕੇਂਦਰ ਬਣੇ। ਇਨ੍ਹਾਂ ਮੌਲਵੀਆਂ ਨਾਲ ਗ਼ਦਰ ਪਾਰਟੀ ਦਾ ਸੰਪਰਕ ਬਣ ਗਿਆ। ਦੋਹਾਂ ਨੇ ਇਕੱਠੇ ਹੋ ਕੇ ਲੜਨ ਦਾ ਫ਼ੈਸਲਾ ਕੀਤਾ। ਜਰਮਨ ਨੇ ਜੰਗੀ ਅਤੇ ਮਾਲੀ ਮਦਦ ਦੇਣੀ ਮੰਨ ਲਈ। ਦਸੰਬਰ 1916 ਵਿਚ ਮੱਕੇ ਦੇ ਅਮੀਰ ਨੇ ਮੌਲਵੀ ਮੁਹੰਮਦ ਹਸਨ ਤੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਅੰਗਰੇਜ਼ਾਂ ਹਵਾਲੇ ਕਰ ਦਿੱਤਾ। ਇਹ ਮੁਹਿੰਮ ਲਈ ਵੱਡੀ ਸੱਟ ਸੀ ਪਰ ਜੋਸ਼ ਮੱਠਾ ਨਾ ਪਿਆ।
ਗ਼ਦਰ ਪਾਰਟੀ ਨੇ ਮੈਸੋਪੋਟਾਮੀਆਂ (ਇਰਾਕ) ਅਤੇ ਇਰਾਨ ‘ਚ ਕੰਮ ਕਰਨ ਲਈ ਡਾਕਟਰ ਖਾਨ ਖੋਜੀ, ਬਿਸ਼ਨ ਦਾਸ ਕੋਛੜ ਨੂਰਮਹਿਲ, ਕਿਦਾਰ ਨਾਥ ਹਰਿਆਣਾ (ਜ਼ਿਲ੍ਹਾ ਹੁਸ਼ਿਆਰਪੁਰ), ਭਾਈ ਬਸੰਤ ਸਿੰਘ ਚੋਂਦਾ (ਪਟਿਆਲਾ), ਭਾਈ ਹਰਨਾਮ ਸਿੰਘ, ਰਿਸ਼ੀ ਕੇਸ਼ ਲੱਠਾ (ਮਹਾਰਾਸ਼ਟਰ) ਅਤੇ ਅਮੀਨ ਚੌਧਰੀ (ਬੰਗਾਲ) ਵਰਗੇ ਗ਼ਦਰੀ ਭੇਜੇ। ਤੁਰਕੀ ਵਿਚ ਗ਼ਦਰੀਆਂ ਨੇ ਜ਼ਿਕਰਯੋਗ ਕੰਮ ਕੀਤਾ। ਉਨ੍ਹਾਂ ਨੇ ਮੱਧ ਪੂਰਬੀ ਮੁਲਕਾਂ ‘ਚ ਅੰਗਰੇਜ਼ਾਂ ਨੂੰ ਵਾਹਣੀ ਪਾਈ ਰੱਖਿਆ। ਰਣਨੀਤੀ ਇਹ ਸੀ ਕਿ ਇਰਾਨੀ ਲੋਕਾਂ ਨੂੰ ਮੁਕਾਮੀ ਅੰਗਰੇਜ਼ ਪੱਖੀ ਹਕੂਮਤ ਦੇ ਵਿਰੁਧ ਖੜਾ ਕਰ ਕੇ ਬਲੋਚਿਸਤਾਨ ਵੱਲ ਵਧਿਆ ਜਾਵੇ। ਬਲੋਚਿਸਤਾਨ ਤੋਂ ਅਗਾਂਹ ਪੰਜਾਬ ਤੱਕ ਬਗਾਵਤ ਫੈਲਾ ਦਿੱਤੀ ਜਾਵੇ। ਇਸ ਮੋਰਚੇ ਵਿਚ ਮੁਸਲਮਾਨਾਂ ਦੇ ਇਸਲਾਮੀ ਜਜ਼ਬੇ ਨੇ ਅਹਿਮ ਭੂਮਿਕਾ ਅਦਾ ਕੀਤੀ। ਬਗਦਾਦ, ਬਸਰਾ ਅਤੇ ਬੁਸ਼ਹਿਰ ਵਿਚ ਗ਼ਦਰੀਆਂ ਨੇ ਅੰਗਰੇਜ਼ੀ ਫ਼ੌਜ ਦੇ ਹਿੰਦੀ ਫ਼ੌਜੀਆਂ ਵਿਚ ਬਗਾਵਤ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਰਾਨੀ ਲੋਕਾਂ ਨੂੰ ਮੁਕਾਮੀ ਅੰਗਰੇਜ਼ ਪੱਖੀ ਹਕੂਮਤ ਦੇ ਵਿਰੁਧ ਲਾਮਬੰਦ ਕੀਤਾ। ਇਰਾਨੀਆਂ ਨਾਲ ਰਲ ਕੇ ਇਰਾਨੀ ਜਮਹੂਰੀ ਪਾਰਟੀ ਦੀ ਨੀਂਹ ਰੱਖੀ ਗਈ। ਗ਼ਦਰੀਆਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਰਾਨ ਅਤੇ ਹੋਰ ਇਸਲਾਮੀ ਮੁਲਕ ਅੰਗਰੇਜ਼ ਬਸਤਾਨਾਂ ਦੀ ਗ਼ੁਲਾਮੀ ਤੋਂ ਉਦੋਂ ਹੀ ਆਜ਼ਾਦ ਹੋ ਸਕਦੇ ਹਨ ਜੇ ਹਿੰਦੋਸਤਾਨ ਨੂੰ ਅੰਗਰੇਜ਼ਾਂ ਕੋਲੋਂ ਖੋਹ ਲਿਆ ਜਾਵੇ। ਜਿੱਥੋਂ ਉਹ ਫ਼ੌਜਾਂ ਲਿਆ ਕੇ ਇਸਲਾਮੀ ਮੁਲਕਾਂ ਉੱਤੇ ਧਾਵੇ ਬੋਲਦੇ ਹਨ ਅਤੇ ਆਪਣੀ ਸਰਦਾਰੀ ਇਨ੍ਹਾਂ ਮੁਲਕਾਂ ‘ਤੇ ਠੋਸਦੇ ਹਨ। ਇਸ ਲਈ ਅੰਗਰੇਜ਼ਾਂ ਨੂੰ ਹਿੰਦੋਸਤਾਨ ‘ਚੋਂ ਕੱਢਣ ਲਈ ਇਰਾਨੀਆਂ ਅਤੇ ਹਿੰਦੀਆਂ ਨੂੰ ਰਲ ਕੇ ਲੜਨਾ ਚਾਹੀਦਾ ਹੈ। ਇਸ ਕੰਮ ਲਈ ਹਿੰਦੀ ਗ਼ਦਰੀ ਫੌਜ (ਇੰਡੀਅਨ ਇੰਡੀਪੈਂਡੈਂਸ ਆਰਮੀ) ਬਣਾਉਣੀ ਸ਼ੁਰੂ ਕੀਤੀ ਗਈ। ਇਰਾਨੀ ਲੋਕ ਗ਼ਦਰੀ ਝੰਡੇ ਹੇਠ ਇਕੱਠੇ ਹੋਣ ਲੱਗੇ।
ਇਸ ਹਵਾਲੇ ਨੂੰ ਸਾਰਾਗੜ੍ਹੀ ਦੀ ਘਟਨਾ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਸਾਨੂੰ ਪੜ੍ਹਾਇਆ ਗਿਆ ਇਤਿਹਾਸ ਮੂਧੇ ਮੂੰਹ ਹੋ ਜਾਂਦਾ ਹੈ। ਸਾਰਾਗੜ੍ਹੀ ਦੇ ‘ਸ਼ਹੀਦ’ ਪਠਾਣ ਕਬਾਇਲੀਆਂ ਨੂੰ ਦਬਾਉਣ ਲਈ ਅੰਗਰੇਜ਼ਾਂ ਦੀ ਸੇਵਾ ਕਰਦੇ ਦਿਖਾਈ ਦੇਣਗੇ। ਇਨ੍ਹਾਂ ‘ਸ਼ਹੀਦਾਂ’ ਦੀ ਮਦਦ ਨਾਲ ਹੀ ਬਸਤਾਨ ਇਸਲਾਮੀ ਮੁਲਕਾਂ ਉੱਤੇ ਧਾਵੇ ਬੋਲਦੇ ਰਹੇ ਹਨ। ਗ਼ਦਰੀ ਇਸ ਗ਼ੁਲਾਮ ਜ਼ਿਹਨੀਅਤ ਤੋਂ ਪਿੱਛਾ ਛੁਡਾਉਣ ਦੇ ਤਾਂਘੀ ਸਨ। ਉਹ ਭਰਾ ਮਾਰੂ ਸਿਆਸਤ ਦੀ ਜੜ੍ਹ ਨੂੰ ਖਤਮ ਕਰਨਾ ਚਾਹੁੰਦੇ ਸਨ। ਇਸਲਾਮੀ ਮੁਲਕਾਂ ਨਾਲ ਉਨ੍ਹਾਂ ਦਾ ਜੋੜ ਮੇਲ ਇਸ ਦਿਸ਼ਾ ਵੱਲ ਅਹਿਮ ਕਦਮ ਸੀ। ਮੱਧ ਪੂਰਬ ਦੇ ਮੁਸਲਮਾਨ ਆਪਣੀ ਅਤੇ ਹਿੰਦੋਸਤਾਨ ਦੀ ਮੁਕਤੀ ਲਈ ਜਾਨਾਂ ਕੁਰਬਾਨ ਕਰਨ ਲਈ ਤਿਆਰ ਹੋਏ।
ਮਰਜੀਵੜਿਆਂ ਦਾ ਲਸ਼ਕਰ ਗ਼ਦਰੀਆਂ ਦੇ ਝੰਡੇ ਹੇਠ ਬਲੋਚਿਸਤਾਨ ਪਹੁੰਚ ਗਿਆ ਅਤੇ ਕਰਮਾਨ ਸ਼ਹਿਰ ਉੱਤੇ ਕਾਬਜ਼ ਹੋ ਗਿਆ। ਕੁਝ ਗ਼ਦਰੀਆਂ ਦੇ ਫੜੇ ਜਾਣ ਨਾਲ ਪੰਜਾਬ ਦੇ ਗ਼ਦਰੀ ਮੋਰਚੇ ਨਾਲ ਜੋੜ ਨਾ ਹੋ ਸਕਿਆ। ਅੰਗਰੇਜ਼ ਜਰਨੈਲ ਸਾਈਕਸ ਦੀਆਂ ਫੌਜਾਂ ਗ਼ਦਰੀ ਫੌਜ ਦਾ ਮੁਕਾਬਲਾ ਕਰਨ ਲਈ ਬਲੋਚਿਸਤਾਨ ਆ ਢੁੱਕੀਆਂ। ਲਹੂ ਡੋਲ੍ਹਵੀਂ ਲੜਾਈ ਵਿਚ ਗ਼ਦਰੀ ਦਾਊਦ ਅਲੀ (ਮਨਮਥ ਨਾਥ ਦੱਤ) ਸ਼ਹੀਦ ਹੋ ਗਏ ਪਰ ਜਿੱਤ ਗ਼ਦਰੀਆਂ ਦੀ ਹੋਈ। ਗ਼ਦਰੀ ਅੰਗਰੇਜ਼ ਫੌਜਾਂ ਦਾ ਪਿੱਛਾ ਕਰਦੇ ਹੋਏ ਬਲੋਚਿਸਤਾਨ ਦੇ ਅੰਦਰ ਤੱਕ ਬਮ ਕਰਸ਼ਮੀਰ ਦੇ ਇਲਾਕੇ ਵਿਚ ਜਾ ਪਹੁੰਚੇ। ਬਲੋਚਾਂ ਨੇ ਗ਼ਦਰੀਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਗ਼ਦਰੀ ਫੌਜ ਅਰਬ ਸਾਗਰ ਦੇ ਕੰਢੇ ਗਵਾਦੋਰ ਅਤੇ ਦਾਵਰ ਵਰਗੇ ਸ਼ਹਿਰਾਂ ਅਤੇ ਘਾਟਾਂ ਉੱਤੇ ਕਬਜ਼ਾ ਜਮਾਉਂਦੀ ਹੋਈ ਕਰਾਚੀ ਵੱਲ ਵਧ ਰਹੀ ਸੀ। ਇੰਨੇ ਨੂੰ ਯੂਰਪ ਵਿਚ ਜੰਗ ਦਾ ਪਾਸਾ ਪਲਟ ਗਿਆ। ਤੁਰਕੀ ਅਤੇ ਜਰਮਨ ਦੀ ਹਾਰ ਹੋ ਗਈ। ਗ਼ਦਰੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਜਿੱਤਾਂ ਧਰੀਆਂ ਧਰਾਈਆਂ ਰਹਿ ਗਈਆਂ। ਸਰਾਏ ਡਗਰ ਦੀ ਗਹਿ-ਗੱਚ ਲੜਾਈ ਵਿਚ ਗੋਲੀ ਸਿੱਕੇ ਦੀ ਘਾਟ ਕਾਰਨ ਗ਼ਦਰੀ ਹਾਰ ਗਏ ਪਰ ਸੂਰਿਆਂ ਨੇ ਹਥਿਆਰ ਨਹੀਂ ਸੁੱਟੇ। ਕਿਦਾਰ ਨਾਥ ਹਰਿਆਣਾ, ਭਾਈ ਬਸੰਤ ਸਿੰਘ ਚੋਂਦਾ, ਭਾਈ ਹਰਨਾਮ ਸਿੰਘ ਅਤੇ ਦਾਊਦ ਅਲੀ ਵਰਗੇ ਗ਼ਦਰੀ ਸੂਰੇ ਸ਼ਹੀਦੀ ਜਾਮ ਪੀ ਗਏ। ਸੂਫੀ ਅੰਬਾ ਪ੍ਰਸਾਦ ਦੀ ਬਾਂਹ ਕੱਟੀ ਗਈ। ਪਛਾੜਾਂ ਦੇ ਬਾਵਜੂਦ ਸ਼ੀਰਾਜ਼ ਅਤੇ ਹੋਰ ਇਲਾਕਿਆਂ ਵਿਚ ਸੰਘਰਸ਼ ਸੰਨ 1919 ਤੱਕ ਚਲਦਾ ਰਿਹਾ।
ਬਸਤਾਨਾਂ ਵਿਰੁਧ ਜੰਗ ਵਿਚ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬਲ ਗ਼ਦਰੀਆਂ ਦਾ ਖ਼ਾਸ ਕੇਂਦਰ ਸੀ। ਮੌਜੂਦਾ ਹਾਲਾਤ ਵਿਚ ਕਾਬਲ ਨਾਲ ਸਾਡੇ ਰਿਸ਼ਤਿਆਂ ਨੂੰ ਗ਼ਦਰੀ ਇਤਿਹਾਸ ਦੇ ਪ੍ਰਸੰਗ ਵਿਚ ਵਾਚਣਾ ਹੋਰ ਜ਼ਰੂਰੀ ਹੋ ਜਾਂਦਾ ਹੈ। ਫਿਰਕਾਪ੍ਰਸਤੀ, ਆਲਮੀਕਰਨ ਅਤੇ ਸਾਮਰਾਜਵਾਦ ਵਿਰੁਧ ਲੜਾਈ ਵਿਚ ਇਸਲਾਮੀ ਮੁਲਕਾਂ ਨਾਲ ਗ਼ਦਰੀਆਂ ਦੀ ਸਾਂਝ ਆਲਮ ਦੀ ਸਾਂਝੀ ਵਿਰਾਸਤ ਦਾ ਹਿੱਸਾ ਹੈ। ਮਨੁੱਖਤਾ ਦੀ ਮੁਕਤੀ ਦੇ ਸੰਘਰਸ਼ ਵਿਚ ਸੂਰਿਆਂ ਨੇ ਹੱਦਾਂ-ਸਰਹੱਦਾਂ ਨੂੰ ਟਿੱਚ ਜਾਣਿਆ ਅਤੇ ਸਾਂਝੀਵਾਲਤਾ ਦੇ ਵਿਚਾਰ ਨੂੰ ਨਵੇਂ ਅਰਥ ਦਿੱਤੇ। ਇਸ ਪ੍ਰਸੰਗ ਵਿਚ ਗ਼ਦਰੀਆਂ ਦਾ ਸ਼ਾਨਾਮੱਤਾ ਇਤਿਹਾਸ ਹਮੇਸ਼ਾ ਪ੍ਰਸੰਗਕ ਰਹੇਗਾ।
Leave a Reply