ਕਬੱਡੀ ਉਤੇ ਹੁਣ ਕਾਲੇ ਧਨ ਦਾ ਪ੍ਰਛਾਵਾਂ

ਚੰਡੀਗੜ੍ਹ: ਪੰਜਾਬ ਦੀ ਮਾਂ ਖੇਡ ਕਬੱਡੀ ਉਤੇ ਨਸ਼ਿਆਂ ਦੇ ਪ੍ਰਛਾਵੇਂ ਤੋਂ ਬਾਅਦ ਹੁਣ ਇਸ ਨਾਲ ਕਾਲੇ ਧਨ ਦਾ ਮਾਮਲਾ ਵੀ ਜੁੜ ਗਿਆ ਹੈ। ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪਾਂ ਬਾਰੇ ਸਾਰਾ ਰਿਕਾਰਡ ਤਲਬ ਕਰ ਲਿਆ ਹੈ।
ਯਾਦ ਰਹੇ ਕਿ ਸੀæਬੀæਆਈæ ਨੇ ਪਿਛਲੇ ਦਿਨੀਂ ਇਨ੍ਹਾਂ ਕਬੱਡੀ ਕੱਪਾਂ ਨੂੰ ਸਪਾਂਸਰ ਕਰਨ ਵਾਲੇ ਪਰਲ ਗਰੁਪ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸਪਾਂਸਰਾਂ ਨੇ ਟੂਰਨਾਮੈਂਟ ਵਿਚ ਕਾਲਾ ਧਨ ਲਾਇਆ ਹੈ। ਪਰਲ ਗਰੁਪ ਦੇ ਮਾਲਕਾਂ ਅਤੇ ਡਾਇਰੈਕਟਰਾਂ ਉਤੇ 45 ਹਜ਼ਾਰ ਕਰੋੜ ਰੁਪਏ ਦੀ ਜ਼ਮੀਨ ਦੇ ਘਪਲੇ ਦਾ ਦੋਸ਼ ਲਾਇਆ ਗਿਆ ਹੈ। ਉਧਰ, ਪਰਲ ਗਰੁਪ ਦਾ ਦਾਅਵਾ ਹੈ ਕਿ ਇਸ ਨੇ ਵਿਸ਼ਵ ਕਬੱਡੀ ਕੱਪ ਲਈ ਸਿਰਫ਼ 35 ਕਰੋੜ ਰੁਪਏ ਦਿੱਤੇ ਹਨ। ਇਸ ਗਰੁਪ ਦੇ ਮਾਲਕ ਨਿਰਮਲ ਸਿੰਘ ਭੰਗੂ ਹਨ। ਸੀæਬੀæਆਈæ ਨੇ ਪੰਜਾਬ ਸਰਕਾਰ ਤੋਂ ਪਰਲ ਗਰੁਪ ਵੱਲੋਂ ਵਿਸ਼ਵ ਕੱਪ ਲਈ ਦਿੱਤੇ ਫੰਡਾਂ ਦੇ ਵੇਰਵੇ ਵੀ ਮੰਗੇ ਹਨ। ਪਿਛਲੇ ਸਾਲ ਵਿਸ਼ਵ ਕਬੱਡੀ ਕੱਪ ਦਸੰਬਰ ਵਿਚ ਹੋਇਆ ਸੀ ਅਤੇ ਜੇਤੂ ਟੀਮਾਂ ਨੂੰ 6 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਸਨ। ਇਸ ਟੂਰਨਾਮੈਂਟ ਵਿਚ 20 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ ਅਤੇ ਇਹ ਕੱਪ ਪੂਰੇ 15 ਦਿਨ ਸੂਬੇ ਦੇ ਵੱਖ-ਵੱਖ ਸ਼ਹਿਰਾਂ-ਕਸਬਿਆਂ ਵਿਚ ਚੱਲਿਆ ਸੀ।
ਚੇਤੇ ਰਹੇ ਕਿ ਹਾਲ ਹੀ ਵਿਚ ਇਹ ਖੁਲਾਸਾ ਹੋਇਆ ਸੀ ਕਿ ਕੈਨੇਡਾ ਦੇ ਕੁਝ ਕਬੱਡੀ ਕਲੱਬਾਂ ਨਾਲ ਸਬੰਧਤ ਲੋਕ 6 ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਕੇਸ ਨਾਲ ਜੁੜੇ ਹੋਏ ਹਨ। ਇਸ ਕੇਸ ਵਿਚ ਅਮਰੀਕਾ ਅਤੇ ਕੁਝ ਹੋਰ ਯੂਰਪੀ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਨਾਮ ਵੀ ਬੋਲਿਆ ਸੀ। ਇਸ ਕੇਸ ਦੇ ਮੁੱਖ ਮੁਲਜ਼ਮ ਸਾਬਕਾ ਪਹਿਲਵਾਨ ਜਗਦੀਸ਼ ਭੋਲਾ ਨੇ ਕੈਨੇਡਾ ਵਿਚ ਵਸਦੇ ਕੁਝ ਲੋਕਾਂ ਦੇ ਨਾਮ ਲਏ ਸਨ ਅਤੇ ਪੁਲਿਸ ਇਨ੍ਹਾਂ ਵਿਅਕਤੀਆਂ ਬਾਰੇ ਛਾਣ-ਬੀਣ ਵੀ ਕਰ ਰਹੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਵਿਚ ਦਾਰਾ ਸਿੰਘ ਮੁਠੱਡਾ, ਸਰਬਜੀਤ ਸਿੰਘ ਨਿਕ, ਨਿਰੰਕਾਰ ਸਿੰਘ ਢਿੱਲੋਂ ਅਤੇ ਹਰਬੰਸ ਸਿੱਧੂ ਦੇ ਨਾਮ ਸ਼ਾਮਲ ਹਨ। ਨਿਰੰਕਾਰ ਸਿੰਘ ਢਿੱਲੋਂ ਦੇ ਸਹੁਰੇ ਕੁਲਵੰਤ ਸਿੰਘ ਨੂੰ ਬਹੁ-ਕਰੋੜੀ ਡਰੱਗ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕਿਹਾ ਗਿਆ ਸੀ ਕਿ ਇਹ ਰੈਕਟ ਇਕ ਪਰਵਾਸੀ ਭਾਰਤੀ ਅਨੂਪ ਸਿੰਘ ਕਾਹਲੋਂ ਵੱਲੋਂ ਚਲਾਇਆ ਜਾ ਰਿਹਾ ਸੀ।

Be the first to comment

Leave a Reply

Your email address will not be published.