ਚੰਡੀਗੜ੍ਹ: ਕਾਂਗਰਸ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਇਕ ਬਜ਼ੁਰਗ ਐਨæਆਰæਆਈ ਜੋੜੇ ਦਾ ਨਵੀਂ ਦਿੱਲੀ ਵਿਚ ਸਥਿਤ ਤਿੰਨ ਸੌ ਕਰੋੜ ਰੁਪਏ ਦੀ ਮਾਲੀਅਤ ਵਾਲਾ ਕਲੇਅਰਾਮਾਊਂਟ ਹੋਟਲ ਜਬਰੀ ਹਥਿਆਉਣ ਦੇ ਦੋਸ਼ ਲਾਏ ਹਨ। ਇਹ ਖੁਲਾਸਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੇ ਨਜ਼ਦੀਕੀ ਰਹੇ ਕਿਸ਼ਨ ਕੁਮਾਰ ਨੇ ਉਨ੍ਹਾਂ ਦੀ ਮਦਦ ਕੀਤੀ ਤੇ ਅਹੁਦੇ ਦਾ ਦੁਰਉਪਯੋਗ ਕਰ ਕੇ ਇੰਗਲੈਂਡ ਦੇ 82 ਸਾਲਾ ਐਨæਆਰæਆਈæ ਬਜ਼ੁਰਗ ਜੋੜੇ ਹਰਭਜਨ ਸਿੰਘ ਚੋਪੜਾ ਤੇ ਉਸ ਦੀ ਪਤਨੀ ਸੁਰਜੀਤ ਕੌਰ ਚੋਪੜਾ ਨੂੰ ਡਰਾ ਧਮਕਾ ਕੇ ਐਮæਜੀæ ਰੋਡ ਨਵੀਂ ਦਿੱਲੀ ਸਥਿਤ ਉਕਤ ਹੋਟਲ ਹਥਿਆ ਲਿਆ।
ਸ਼ ਖਹਿਰਾ ਕਿਹਾ ਕਿ ਹਰਭਜਨ ਸਿੰਘ ਚੋਪੜਾ ਤੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਚੋਪੜਾ ਨੇ ਲੰਡਨ ਵਿਚਲੀ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਉਕਤ ਹੋਟਲ ਨੂੰ ਖ਼ਰੀਦਣ ਵਿਚ ਲਾ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਕੁਝ ਰੀਅਲ ਅਸਟੇਟ ਮਾਫ਼ੀਆ ਤੋਂ ਬਚਣ ਲਈ ਚੋਪੜਾ ਜੋੜੀ ਕਿਸ਼ਨ ਕੁਮਾਰ ਦੀ ਸ਼ ਬਾਦਲ ਨਾਲ ਨਜ਼ਦੀਕੀਆਂ ਨੂੰ ਜਾਣਦੇ ਹੋਏ ਮਦਦ ਲਈ ਉਸ ਕੋਲ ਆਈ। ਸ਼ ਖਹਿਰਾ ਮੁਤਾਬਕ 24 ਜੂਨ 2003 ਦੀ ਐਫ਼ਆਈæਆਰ 15 ਰਾਹੀਂ ਬਾਦਲ ਪਰਿਵਾਰ ਉਪਰ ਧਾਰਾ 420,467,468,471,120 ਬੀ ਤੇ ਪੀæਸੀ ਐਕਟ 1988 ਦੇ ਸੈਕਸ਼ਨ 7,8,9,10 ਅਤੇ 13 (2) ਵਿੱਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਕਿਸ਼ਨ ਕੁਮਾਰ ਸਹਿ ਦੋਸ਼ੀ ਸੀ ਤੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੀæਬੀæਆਈ ਰਾਹੀਂ ਜਾਂਚ ਕਰਵਾਈ ਜਾਵੇ।
ਸ਼ ਖਹਿਰਾ ਨੇ ਦੋਸ਼ ਲਾਇਆ ਕਿ ਹੋਟਲ ਕਲੇਅਰਮਾਊਂਟ ਉਪਰ ਕਬਜ਼ਾ ਕਰਨ ਦੇ ਮਾਮਲੇ ਵਿਚ ਚਰਚਿਤ ਕ੍ਰਿਸ਼ਨ ਕੁਮਾਰ ਪਿਛਲੇ ਕਈ ਸਾਲਾਂ ਤੋਂ ਬਾਦਲ ਪਰਿਵਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕ੍ਰਿਸ਼ਨ ਕੁਮਾਰ ਦੀ ਕਈ ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ਿਰੋਜ਼ਪੁਰ ਜੇਲ੍ਹ ਵਿਚ ਮੁਲਾਕਾਤ ਹੋਈ ਸੀ ਤੇ ਉਹ ਉਸ ਵੇਲੇ ਦਾ ਹੀ ਇਸ ਪਰਿਵਾਰ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਭਾਵੇਂ ਕ੍ਰਿਸ਼ਨ ਕੁਮਾਰ ਨਾਲ ਸਬੰਧਾਂ ਤੋਂ ਇਨਕਾਰ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਅੱਜ ਵੀ ਕ੍ਰਿਸ਼ਨ ਕੁਮਾਰ ਅਕਾਲੀ ਹਲਕਿਆਂ ਵਿਚ ਕੇæਕੇæ ਵਜੋਂ ਜਾਣਿਆ ਜਾਂਦਾ ਹੈ। ਸ਼ ਖਹਿਰਾ ਨੇ ਦਾਅਵਾ ਕੀਤਾ ਕਿ ਅਕਾਲੀ ਆਗੂ ਅਤੇ ਅਫਸਰ ਵੀ ਇਹ ਮੰਨਦੇ ਹਨ ਕਿ ਕੇæਕੇæ ਦੀ ਇਜਾਜ਼ਤ ਤੋਂ ਬਿਨਾਂ ਬਾਦਲਾਂ ਦੇ ਬੰਗਲੇ ਵਿਚ ਕੋਈ ਵੀ ਦਾਖ਼ਲ ਨਹੀਂ ਹੋ ਸਕਦਾ ਪਰ ਕੋਈ ਵੀ ਇਸ ਬਾਰੇ ਖੁੱਲ੍ਹ ਕੇ ਖੁਲਾਸਾ ਨਹੀਂ ਕਰਦਾ।
____________________________________
ਸੁਖਬੀਰ ਵੱਲੋਂ ਦੋਸ਼ ਬੇਬੁਨਿਆਦ ਕਰਾਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਵੱਲੋਂ ਲਾਏ ਗਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਕਾਂਗਰਸ ਨਿਰਾਸ਼ਾ ਦੇ ਆਲਮ ਵਿਚ ਲੋਕਾਂ ਤੋਂ ਬਿਲਕੁਲ ਅਲੱਗ-ਥਲੱਗ ਹੋ ਕੇ ਰਹਿ ਗਈ ਹੈ ਤੇ ਉਲਟੇ ਸਿੱਧੇ ਬਿਆਨ ਦੇ ਕੇ ਆਪਣੀ ਸਿਆਸੀ ਚਮੜੀ ਬਚਾਅ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਜਾਣਬੁੱਝ ਕੇ ਗਲਤ ਬਿਆਨਬਾਜ਼ੀ ਕਰਨ ਦੀ ਬਜਾਏ ਇਸ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ ਤੱਕ ਪਹੁੰਚ ਕਰੇ। ਮਾਮਲਾ ਦਿੱਲੀ ਸਰਕਾਰ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਕਿਸ਼ਨ ਕੁਮਾਰ ਦਾ ਸਬੰਧ ਹੈ, ਉਸ ਨੇ ਕਿਸੇ ਵੀ ਤਰ੍ਹਾਂ ਸਰਕਾਰੀ ਹੈਸੀਅਤ ਵਜੋਂ ਉਪ ਮੁੱਖ ਮੰਤਰੀ ਨਾਲ ਕੰਮ ਨਹੀਂ ਕੀਤਾ, ਇਸ ਲਈ ਉਸ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
Leave a Reply