ਦੇਸ਼ ਦੇ ਲੋਕ ਅਤੇ ਕਾਰਪੋਰੇਟ ਘਰਾਣਿਆਂ ਦੀ ਵਲਗਣ

-ਜਤਿੰਦਰ ਪਨੂੰ
ਪਾਠਕਾਂ ਨੂੰ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਬੀਤੀ ਛੱਬੀ ਜਨਵਰੀ ਵਾਲੇ ਹਫਤੇ ਦੀ ਸਾਡੇ ਦ੍ਰਿਸ਼ਟੀਕੋਣ ਦੀ ਲਿਖਤ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੋਈ ਸੀ,
“ਸਾਡੇ ਲਈ ਇਹ ਗੱਲ ਖਾਸ ਅਰਥ ਨਹੀਂ ਰੱਖਦੀ ਕਿ ਕਿਸ ਮੀਡੀਆ ਚੈਨਲ ਨੇ ਕਿਸ ਕੰਪਨੀ ਤੋਂ ਸਰਵੇਖਣ ਕਰਵਾ ਕੇ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਹਨ? æææਕਈ ਲੀਡਰਾਂ ਦੇ ਬੱਚੇ ਇਸੇ ਕਾਰੋਬਾਰ ਦੀ ਏਜੰਸੀ ਚਲਾਉਣ ਲੱਗ ਪਏ ਹਨ। ਰਾਜਸੀ ਪਾਰਟੀਆਂ ਨਾਲ ਸਿੱਧੇ ਜਾਂ ਅਸਿੱਧੇ ਜੁੜੇ ਹੋਏ ਕਈ ਲੋਕ ਰਾਜਸੀ ਸੌਦਾ ਵੇਚਣ ਦੇ ਇਸ ਧੰਦੇ ਵਿਚੋਂ ਚੋਖਾ ਮਾਲ ਕਮਾ ਰਹੇ ਹਨ। ਅੰਕੜਿਆਂ ਦੀ ਏਟੀ-ਟਵੰਟੀ ਵਿਚ ਵੀਹ ਫੀਸਦੀ ਸਰਵੇਖਣ ਤੇ ਅੱਸੀ ਫੀਸਦੀ ਕੰਮ ਦਫਤਰ ਬੈਠ ਕੇ ਕੀਤਾ ਜਾਂਦਾ ਹੈ। æææਹੁਣ ਲੱਗਭੱਗ ਹਰ ਚੈਨਲ ਇਸੇ ਕੰਮ ਰੁੱਝਾ ਪਿਆ ਹੈ ਤੇ ਜਿਸ ਨੇ ਆਪ ਇਹ ਕੰਮ ਨਹੀਂ ਕੀਤਾ ਉਹ ਦੂਸਰਿਆਂ ਦੇ ਅੰਕੜੇ ਪੇਸ਼ ਕਰ ਕੇ ਉਨ੍ਹਾਂ ਦੀ ਚੀਰ-ਪਾੜ ਦਾ ਪੀਹਣ ਪਾ ਬੈਠਾ ਹੈ।”
ਉਸ ਤੋਂ ਪਹਿਲਾਂ ਵੀ ਕੁਝ ਲਿਖਤਾਂ ਵਿਚ ਅਸੀਂ ਇੱਕ ਖਾਸ ਏਜੰਸੀ ਵਲ ਇਸ਼ਾਰਾ ਕੀਤਾ ਸੀ ਕਿ ਉਸ ਦਾ ਮਾਲਕ ਆਰ ਐਸ ਐਸ ਨਾਲ ਪੱਕੇ ਜੁੜੇ ਪਰਿਵਾਰ ਦਾ ਮੈਂਬਰ ਹੋਣ ਕਰ ਕੇ ਇੱਕ ਖਾਸ ਰਾਜਸੀ ਸੋਚ ਦੇ ਅਧੀਨ ਇਹ ਚੋਣ ਸਰਵੇਖਣ ਪਰੋਸਦਾ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਸਰਵੇਖਣ ਹੋਰਨਾਂ ਸਭਨਾਂ ਤੋਂ ਵੱਧ ਵੇਖੇ ਤੇ ਵਿਚਾਰੇ ਜਾਂਦੇ ਸਨ, ਹਾਲਾਂਕਿ ਉਹ ਸਭ ਤੋਂ ਵੱਧ ਗੁੰਮਰਾਹ ਕਰਨ ਵਾਲੇ ਅੰਕੜੇ ਪੇਸ਼ ਕਰਦਾ ਸੀ। ਇਸ ਦੀ ਇੱਕ ਮਿਸਾਲ ਇਹ ਹੈ ਕਿ ਉਸ ਨੇ ਵਾਜਪਾਈ ਸਰਕਾਰ ਦੇ ਜਾਣ ਤੋਂ ਪਹਿਲਾਂ ਹੋਈ ਚੋਣ ਵੇਲੇ ਕਿਹਾ ਸੀ ਕਿ ਭਾਜਪਾ ਦਾ ਐਨ ਡੀ ਏ ਗੱਠਜੋੜ 276 ਲੋਕ ਸਭਾ ਸੀਟਾਂ ਜਿੱਤ ਜਾਵੇਗਾ, ਪਰ ਨਤੀਜੇ ਆਏ ਤੋਂ ਉਨ੍ਹਾਂ ਦੀਆਂ ਸਿਰਫ 181 ਸੀਟਾਂ ਨਿਕਲ ਸਕੀਆਂ ਸਨ। ਕਾਂਗਰਸ ਦੇ ਗੱਠਜੋੜ ਨੂੰ ਉਸ ਨੇ 173 ਸੀਟਾਂ ਦਿੱਤੀਆਂ, ਪਰ ਉਸ ਦੀਆਂ 218 ਸੀਟਾਂ ਆ ਗਈਆਂ ਸਨ। ਅਗਲੀ ਵਾਰ ਫਿਰ ਉਸ ਨੇ ਇਹੋ ਖੇਡ ਖੇਡੀ ਸੀ।
ਇਸ ਹਫਤੇ ਖਬਰਾਂ ਦੀ ਇੱਕ ਵੈਬਸਾਈਟ ਜਾਂ ਇੰਟਰਨੈਟ ਵਾਲੀ ਇੱਕ ਅਖਬਾਰ ਨੇ ਕੁਝ ਏਜੰਸੀਆਂ ਦਾ ਸਟਿੰਗ ਅਪਰੇਸ਼ਨ ਕਰ ਕੇ ਜਿਹੜਾ ਪਰਦਾਫਾਸ਼ ਕੀਤਾ ਹੈ, ਉਸ ਖੁਲਾਸੇ ਦੀ ਸਭ ਤੋਂ ਵੱਧ ਮਾਰ ਨਾਨਾਜੀ ਦੇਸ਼ਮੁਖ ਦੇ ਪੁੱਤਰ ਯਸ਼ਵੰਤ ਦੇਸ਼ਮੁਖ ਦੀ ਰਾਜਸੀ ਖੇਡਾਂ ਖੇਡਣ ਵਾਲੀ ਉਸੇ ਏਜੰਸੀ ਨੂੰ ਪਈ ਹੈ। ਉਸ ਏਜੰਸੀ ਵਾਲਿਆਂ ਨੇ ਸਟਿੰਗ ਅਪਰੇਸ਼ਨ ਕਰਦੇ ਪੱਤਰਕਾਰਾਂ ਨਾਲ ਸੌਦੇਬਾਜ਼ੀ ਦੀ ਇਹ ਪੇਸ਼ਕਸ਼ ਕਰ ਦਿੱਤੀ ਕਿ ਜੇ ਤੁਸੀਂ ਖਰਚਾ ਦਿਓ ਤਾਂ ਤੁਹਾਡੇ ਪੱਖ ਦੇ ਅੰਕੜੇ ਬਣਾ ਕੇ ਪੇਸ਼ ਕੀਤੇ ਜਾ ਸਕਦੇ ਹਨ। ਏਜੰਸੀ ਦਾ ਮਾਲਕ ਹੁਣ ਇਹ ਕਹਿੰਦਾ ਹੈ ਕਿ ਉਸ ਨੂੰ ਇਹੋ ਜਿਹੇ ਸਟਿੰਗ ਅਪਰੇਸ਼ਨਾਂ ਦੀ ਚਿੰਤਾ ਨਹੀਂ। ਸਾਫ ਹੈ ਕਿ ਜਿਨ੍ਹਾਂ ਲੋਕਾਂ ਲਈ ਉਹ ਕੰਮ ਕਰ ਰਿਹਾ ਹੈ, ਉਹ ਉਸ ਦੀ ਪਿੱਠ ਉਤੇ ਰਹਿਣੇ ਹੀ ਰਹਿਣੇ ਹਨ।
ਇਸ ਹਾਲਤ ਵਿਚ ਅਸੀਂ ਇਹ ਭੁੱਲ ਜਾਈਏ ਕਿ ਚੋਣ ਸਰਵੇਖਣਾਂ ਵਿਚ ਕੀ ਪਰੋਸਿਆ ਜਾਂਦਾ ਹੈ, ਸਗੋਂ ਇਹ ਵੇਖੀਏ ਕਿ ਭਾਰਤ ਦੇ ਲੋਕਤੰਤਰ ਦੀ ਹਾਲਤ ਕੀ ਹੋ ਗਈ ਹੈ ਤੇ ਸਿਆਸੀ ਪਿਆਦਿਆਂ ਦਾ ਸਰਪ੍ਰਸਤ ਕੌਣ ਹੈ?
ਸਾਡੇ ਸਾਹਮਣੇ ਇੱਕ ਤਾਜ਼ਾ ਮਾਮਲਾ ਸਹਾਰਾ ਗਰੁਪ ਦੇ ਮਾਲਕ ਸੁਬਰਤੋ ਰਾਏ ਦੀ ਹੈ। ਕਦੀ ਉਹ ਇੱਕ ਟੁੱਟੇ ਜਿਹੇ ਲੰਬਰੇਟਾ ਸਕੂਟਰ ਉਤੇ ਘੁੰਮਦਾ ਹੁੰਦਾ ਸੀ। ਨਹਿਰ ਕੰਢੇ ਬੈਠੇ ਝੁੱਗੀਆਂ ਵਾਲਿਆਂ ਦੇ ਨੇੜੇ ਉਸ ਨੇ ਦਫਤਰ ਖੋਲ੍ਹ ਕੇ ਉਨ੍ਹਾਂ ਗਰੀਬਾਂ ਨਾਲ ਪੰਜਾਹ-ਸੱਠ ਰੁਪਏ ਦੀ ਠੱਗੀ ਤੋਂ ਕਾਰੋਬਾਰ ਸ਼ੁਰੂ ਕੀਤਾ ਸੀ, ਹੁਣ ਉਸ ਦੇ ਪੰਜ-ਤਾਰਾ ਹੋਟਲ ਇੰਗਲੈਂਡ ਤੇ ਅਮਰੀਕਾ ਤੱਕ ਹਨ। ਉਸ ਦੀ ਹਵਾਬਾਜ਼ੀ ਕੰਪਨੀ ਹੈ ਤੇ ਦੋ ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਹੋਣਾ ਸਰਕਾਰੀ ਕਾਗਜ਼ ਮੰਨਦੇ ਹਨ। ਰਿਕਾਰਡ ਤੋਂ ਬਾਹਰ ਦਾ ਕਾਰੋਬਾਰ ਇਸ ਤੋਂ ਵੱਧ ਹੋਵੇਗਾ। ਸੁਪਰੀਮ ਕੋਰਟ ਪਿਛਲੇ ਲੰਮੇ ਸਮੇਂ ਤੋਂ ਉਸ ਦੀ ਕੰਪਨੀ ਬਾਰੇ ਫੈਸਲੇ ਸੁਣਾ ਰਹੀ ਸੀ ਕਿ ਉਹ ਦੇਸ਼ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਉਨ੍ਹਾਂ ਨੂੰ ਵਾਪਸ ਕਰੇ ਤੇ ਇਹ ਰਕਮ ਬਾਈ ਹਜ਼ਾਰ ਕਰੋੜ ਰੁਪਏ ਦੇ ਕਰੀਬ ਬਣਦੀ ਸੀ। ਪਹਿਲਾਂ ਉਹ ਪੈਸੇ ਮੋੜਨੇ ਨਹੀਂ ਸੀ ਮੰਨਦਾ, ਫਿਰ ਮੰਨ ਕੇ ਵਾਪਸ ਨਹੀਂ ਸੀ ਕਰਦਾ ਤੇ ਇੱਕ ਮੌਕੇ ਇਹ ਕਹਿ ਦਿੱਤਾ ਕਿ ਲੋਕਾਂ ਨੂੰ ਪੰਜ ਹਜ਼ਾਰ ਕਰੋੜ ਵਾਪਸ ਕਰ ਦਿੱਤੇ ਹਨ, ਬਾਕੀ ਵੀ ਕਰ ਦੇਵਾਂਗਾ, ਪਰ ਪੰਜ ਹਜ਼ਾਰ ਕਰੋੜ ਕਿਨ੍ਹਾਂ ਲੋਕਾਂ ਨੂੰ ਮੋੜੇ ਹਨ, ਇਸ ਦੀ ਸੂਚੀ ਨਹੀਂ ਸੀ ਦੇਂਦਾ।
ਜਦੋਂ ਸੁਪਰੀਮ ਕੋਰਟ ਸੱਦਦੀ ਹੈ ਤਾਂ ਹਰ ਕੋਈ ਪੇਸ਼ ਹੋਣ ਲਈ ਦੌੜਿਆ ਜਾਂਦਾ ਹੈ, ਪਰ ਆਪਣੇ ਆਪ ਨੂੰ ‘ਸਹਾਰਾ ਸ੍ਰੀ’ ਅਖਵਾਉਣ ਵਾਲਾ ਪੇਸ਼ ਹੋਣ ਤੋਂ ਵੀ ਇਨਕਾਰੀ ਹੋ ਗਿਆ। ਉਸ ਦੇ ਵਾਰੰਟ ਨਿਕਲੇ ਤਾਂ ਪੁਲਿਸ ਉਸ ਦੇ ਮਹਾਰਾਜਿਆਂ ਵਾਲੇ ਮਹਿਲ ਵਿਚ ਗੇੜਾ ਮਾਰ ਕੇ ਮੁੜ ਆਈ ਤੇ ਕਹਿ ਦਿੱਤਾ ਕਿ ਉਹ ਉਥੇ ਨਹੀਂ, ਪਰ ਸੁਪਰੀਮ ਕੋਰਟ ਦੀ ਸਖਤੀ ਪਿੱਛੋਂ ਉਸ ਨੂੰ ਪੇਸ਼ ਹੋਣਾ ਪੈ ਗਿਆ। ਇਸ ਦੇ ਬਾਅਦ ਉਸ ਨੂੰ ਜੇਲ੍ਹ ਨਹੀਂ ਭੇਜਿਆ ਗਿਆ, ਇੱਕ ਰੈਸਟ ਹਾਊਸ ਵਿਚ ਰੱਖਿਆ ਗਿਆ ਹੈ। ਕੇਂਦਰੀ ਮੰਤਰੀ ਗ੍ਰਿਫਤਾਰ ਕੀਤੇ ਜਾਣ ਤਾਂ ਜੇਲ੍ਹ ਭੇਜੇ ਜਾਂਦੇ ਹਨ, ਮੁੱਖ ਮੰਤਰੀ ਵੀ ਜੇਲ੍ਹ ਚਲੇ ਜਾਂਦੇ ਹਨ, ਪਰ ਸੁਬਰਤੋ ਰਾਏ ਨੂੰ ਜੇਲ੍ਹ ਦੀ ਥਾਂ ਰੈਸਟ ਹਾਊਸ ਵਿਚ ਰੱਖਿਆ ਗਿਆ ਹੈ, ਕਿਉਂਕਿ ਉਹ ਸਿਆਸੀ ਆਗੂਆਂ ਦਾ ਚਹੇਤਾ ਹੈ। ਉਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੋ ਵੱਡੇ ਵਿਰੋਧੀਆਂ ਮੁਲਾਇਮ ਸਿੰਘ ਯਾਦਵ ਅਤੇ ਮਾਇਆਵਤੀ ਦੀ ਆਪੋ ਵਿਚ ਗੱਲ ਕਰ ਕੇ ਇਸ ਮਾਮਲੇ ਬਾਰੇ ਸਹਿਮਤੀ ਹੋਣ ਦੀਆਂ ਖਬਰਾਂ ਵੀ ਚਰਚਾ ਵਿਚ ਆਈਆਂ ਹਨ। ਕਾਂਗਰਸ ਤੇ ਭਾਜਪਾ ਦੇ ਆਗੂ ਵੀ ਉਸ ਦੀ ਪਿੱਠ ਉਤੇ ਹਨ।
ਇੱਕ ਦੂਸਰੇ ਦੇ ਕੱਟੜ ਰਾਜਸੀ ਵਿਰੋਧ ਦੇ ਬਾਵਜੂਦ ਕਾਂਗਰਸ ਤੇ ਭਾਜਪਾ ਦੇ ਲੀਡਰ ਬਹੁਤ ਸਾਰੇ ਮਾਮਲਿਆਂ ਵਿਚ ਇਕੱਠੇ ਹੋ ਜਾਂਦੇ ਹਨ। ਇਸ ਦੀਆਂ ਕਈ ਮਿਸਾਲਾਂ ਹਨ। ਪਿਛਲੇ ਹਫਤੇ ਅਰਵਿੰਦ ਕੇਜਰੀਵਾਲ ਨੇ ਰਿਲਾਇੰਸ ਗਰੁਪ ਦੇ ਮਾਲਕ ਮੁਕੇਸ਼ ਅੰਬਾਨੀ ਦਾ ਮੁੱਦਾ ਉਛਾਲਿਆ ਸੀ। ਉਹ ਠੀਕ ਕਹਿੰਦਾ ਸੀ। ਅੰਬਾਨੀ ਦੀ ਇੱਕ ਜੇਬ ਅੰਦਰ ਕਾਂਗਰਸ ਤੇ ਦੂਸਰੀ ਜੇਬ ਵਿਚ ਭਾਜਪਾ ਪਈ ਹੈ। ਨੀਰਾ ਰਾਡੀਆ ਦੀਆਂ ਟੇਪਾਂ ਵਿਚ ਮੁਕੇਸ਼ ਅੰਬਾਨੀ ਮਾਣ ਨਾਲ ਇਹ ਕਹਿੰਦਾ ਸੁਣਿਆ ਗਿਆ ਕਿ ਕਾਂਗਰਸ ਮੇਰੀ ਦੁਕਾਨ ਹੈ। ਇਹ ਗੱਲ ਉਹ ਭਾਜਪਾ ਬਾਰੇ ਵੀ ਕਹਿੰਦਾ ਹੋਵੇਗਾ। ਅੰਬਾਨੀ ਦੇ ਕਿੱਸੇ ਨੂੰ ਇੱਕ ਵਾਰ ਹੋਰ ਦੁਹਰਾਉਣ ਦੀ ਬਜਾਏ ਅਸੀਂ ਕਈ ਹੋਰ ਮਿਸਾਲਾਂ ਲੈ ਸਕਦੇ ਹਾਂ।
ਅਬਦੁਲ ਕਰੀਮ ਤੇਲਗੀ ਦਾ ਨਾਂ ਹੁਣ ਲੋਕਾਂ ਨੂੰ ਚੇਤੇ ਹੀ ਨਹੀਂ ਰਹਿ ਗਿਆ ਹੋਣਾ, ਪਰ ਕਿਸੇ ਵੇਲੇ ਉਸ ਦੀ ਗੂੰਜ ਦੇਸ਼ ਦੀ ਪਾਰਲੀਮੈਂਟ ਵਿਚ ਸੁਣੀ ਗਈ ਸੀ। ਉਹ ਜਾਅਲੀ ਅਸ਼ਟਾਮਾਂ ਦੇ ਕਾਂਡ ਦਾ ਮੁੱਖ ਮੋਹਰਾ ਸੀ। ਉਦੋਂ ਖੇਡ ਇਹ ਖੇਡੀ ਗਈ ਕਿ ਭਾਰਤ ਸਰਕਾਰ ਦੇ ਸਟੈਂਪ ਪੇਪਰ, ਜਿਸ ਨੂੰ ਆਮ ਲੋਕ ‘ਅਸ਼ਟਾਮ’ ਕਹਿੰਦੇ ਹਨ, ਛਾਪਣ ਵਾਲੀ ਪ੍ਰੈਸ ਨੂੰ ਕੰਡਮ ਕਹਿ ਕੇ ਨੀਲਾਮੀ ਵਿਚ ਤੇਲਗੀ ਨੂੰ ਵੇਚ ਦਿੱਤਾ ਗਿਆ। ਹਦਾਇਤਾਂ ਇਹ ਹਨ ਕਿ ਏਦਾਂ ਦੀ ਮਸ਼ੀਨ ਵੇਚਣ ਤੋਂ ਪਹਿਲਾਂ ਤੋੜ-ਭੰਨ ਦਿੱਤੀ ਜਾਵੇ, ਤਾਂ ਕਿ ਉਸ ਦੀ ਕੋਈ ਵਰਤੋਂ ਨਾ ਹੋ ਸਕੇ, ਪਰ ਉਹ ਮਸ਼ੀਨ ਤੇਲਗੀ ਨੂੰ ਸਬੂਤੀ ਦੇ ਦਿੱਤੀ ਗਈ। ਫਿਰ ਸਰਕਾਰੀ ਪ੍ਰੈਸ ਦੇ ਮੁਲਾਜ਼ਮ ਉਥੋਂ ਛੁੱਟੀ ਲੈ ਕੇ ਤੇਲਗੀ ਦੀ ਇਸ ਜਾਅਲੀ ਟਕਸਾਲ ਵਿਚ ਆ ਕੇ ਅਸ਼ਟਾਮ ਛਾਪਦੇ ਰਹੇ ਤੇ ਇਹ ਅਸ਼ਟਾਮ ਸਾਰੇ ਦੇਸ਼ ਵਿਚ ਵਿਕਦੇ ਰਹੇ। ਅਖੀਰ ਰੌਲਾ ਪੈ ਗਿਆ। ਜਾਂਚ ਹੋਈ ਤੋਂ ਪਤਾ ਲੱਗਾ ਕਿ ਕੇਂਦਰੀ ਤੇ ਰਾਜ ਸਰਕਾਰਾਂ ਦੇ ਵਿਭਾਗ ਵੀ ਉਹੋ ਅਸ਼ਟਾਮ ਵਰਤਦੇ ਰਹੇ ਸਨ।
ਪਾਰਲੀਮੈਂਟ ਵਿਚ ਵਾਜਪਾਈ ਸਰਕਾਰ ਦੇ ਖਜ਼ਾਨਾ ਮੰਤਰੀ ਜਸਵੰਤ ਸਿੰਘ ਨੇ ਮੰਨਿਆ ਕਿ ਬੀਮਾ ਅਤੇ ਬੈਂਕਿੰਗ ਖੇਤਰ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਦੀ ਖਰੀਦ ਤੇ ਵੇਚ ਲਈ ਇਹੋ ਅਸ਼ਟਾਮ ਵਰਤੇ ਗਏ ਹਨ, ਪਰ ਹੁਣ ਇਨ੍ਹਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਦੋ ਪ੍ਰਮੁੱਖ ਧਿਰਾਂ ਦੀ ਸਹਿਮਤੀ ਹੋ ਗਈ, ਬਾਕੀ ਖੜੇ ਰਹਿ ਗਏ। ਦੇਸ਼ ਦੀ ਪਾਰਲੀਮੈਂਟ ਨੇ ਵੀ ਇਹ ਮੰਨ ਲਿਆ ਕਿ ਜਾਅਲੀ ਅਸ਼ਟਾਮਾਂ ਨਾਲ ਜਾਇਦਾਦਾਂ ਦੀ ਖਰੀਦ-ਵੇਚ ਜਾਂ ਹੋਰ ਸਰਕਾਰੀ ਕਾਰੋਬਾਰ ਜਿੰਨਾ ਵੀ ਹੋ ਚੁੱਕਾ ਹੈ, ਉਸ ਨੂੰ ਜਾਅਲੀ ਦੀ ਥਾਂ ਜਾਇਜ਼ ਮੰਨ ਲਿਆ ਜਾਵੇ। ਇਹ ਘੋਟਾਲਾ ਬੱਤੀ ਹਜ਼ਾਰ ਕਰੋੜ ਰੁਪਏ ਦਾ ਉਦੋਂ ਸੀ, ਜਿਸ ਸਾਲ ਸਾਡੇ ਪੰਜਾਬ ਦਾ ਕੁੱਲ ਬਜਟ 28 ਹਜ਼ਾਰ ਕਰੋੜ ਰੁਪਏ ਦਾ ਸੀ। ਦੋ ਵੱਡੀਆਂ ਰਾਜਸੀ ਧਿਰਾਂ ਦੀ ਸਹਿਮਤੀ ਇਸ ਲਈ ਹੋ ਗਈ ਕਿ ਇਹ ਕੰਮ ਰਾਤੋ-ਰਾਤ ਨਹੀਂ ਸੀ ਹੋਇਆ, ਕਾਂਗਰਸ ਦੇ ਨਰਸਿਮਹਾ ਰਾਓ ਤੋਂ ਲੈ ਕੇ ਦੇਵਗੌੜਾ, ਗੁਜਰਾਲ ਤੇ ਭਾਜਪਾ ਦੀ ਵਾਜਪਾਈ ਸਰਕਾਰ ਦੇ ਦੌਰਾਨ ਵੀ ਚੱਲਦਾ ਰਿਹਾ ਸੀ।
ਇੱਕ ਬੰਦਾ ਹਸਨ ਅਲੀ ਹੈ। ਉਸ ਨੂੰ ਬਹੁਤੇ ਲੋਕ ਘੋੜਿਆਂ ਦੇ ਵਪਾਰੀ ਵਜੋਂ ਜਾਣਦੇ ਸਨ। ਪਿੱਛੋਂ ਪਤਾ ਲੱਗਾ ਕਿ ਬਰੂਨੀ ਦੇ ਸੁਲਤਾਨ ਨਾਲ ਮਿਲ ਕੇ ਹਥਿਆਰਾਂ ਦੇ ਵਪਾਰ ਦੀ ਦਲਾਲੀ ਤੱਕ ਵਿਚ ਵੀ ਉਹ ਸ਼ਾਮਲ ਹੈ ਤੇ ਉਸ ਨੇ ਕਈ ਕਿਸਮ ਦੇ ਹੋਰ ਗੈਰ-ਕਾਨੂੰਨੀ ਧੰਦਿਆਂ ਵਿਚ ਵੀ ਮੋਟੀ ਕਮਾਈ ਦਾ ਇਹੋ ਜਿਹਾ ਜੁਗਾੜ ਕੀਤਾ ਪਿਆ ਹੈ ਕਿ ਪੂਰੀਆਂ ਦੀਆਂ ਪੂਰੀਆਂ ਸਰਕਾਰਾਂ ਦੇ ਬੱਜਟ ਨੂੰ ਬੌਣਾ ਸਾਬਤ ਕਰ ਸਕਦਾ ਹੈ। ਇਹ ਵੀ ਭੇਦ ਖੁੱਲ੍ਹ ਗਿਆ ਕਿ ਉਸ ਨੇ ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ਨੂੰ ਚਾਲੀ ਹਜ਼ਾਰ ਕਰੋੜ ਰੁਪਏ ਦੇ ਸਿਰਫ ਟੈਕਸ ਦੇ ਬਕਾਏ ਦੇਣੇ ਹਨ। ਸਿਰਫ ਟੈਕਸ ਦੇ ਬਕਾਏ ਦੀ ਇਹ ਰਕਮ ਵੀ ਉਸ ਤੋਂ ਕੋਈ ਸਰਕਾਰ ਨਹੀਂ ਲੈ ਸਕੀ। ਨਾ ਕਾਂਗਰਸ ਵਾਲਿਆਂ ਨੇ ਕੁਝ ਸਖਤੀ ਕੀਤੀ ਹੈ ਤੇ ਨਾ ਭਾਜਪਾ ਕਰ ਸਕਦੀ ਹੈ, ਕਿਉਂਕਿ ਦੋਵਾਂ ਦੀ ਲੀਡਰਸ਼ਿਪ ਵਿਚ ਉਸ ਦਾ ਦਿੱਤਾ ਖਾਣ ਵਾਲੇ ਲੋਕ ਬੈਠੇ ਹੋਏ ਹਨ। ਉਹ ਲੋਕ ‘ਸਹਾਰਾ ਸ੍ਰੀ’ ਸੁਬਰਤੋ ਰਾਏ ਦਾ ਦਿੱਤਾ ਵੀ ਖਾਈ ਜਾਂਦੇ ਹਨ।
ਹੁਣ ਪੰਜਾਬ ਦੀ ਇੱਕ ਕੰਪਨੀ ਦਾ ਕੱਚਾ ਚਿੱਠਾ ਬਾਹਰ ਆ ਗਿਆ ਹੈ, ਜਿਹੜੀ ਗਲਤ ਧੰਦੇ ਕਰ ਕੇ ਲੋਕਾਂ ਨੂੰ ਲੁੱਟਣ ਵਾਲੀ ਪਹਿਲੀ ਨਹੀਂ, ਅਤੇ ਆਖਰੀ ਵੀ ਸਾਬਤ ਨਹੀਂ ਹੋਣੀ। ਪੌਂਟੀ ਚੱਢਾ ਬਹੁਤ ਬਦਨਾਮ ਗਿਣਿਆ ਜਾਂਦਾ ਸੀ। ਹੈਰਾਨੀ ਦੀ ਗੱਲ ਹੈ ਕਿ ਮੰਡ ਵਿਚ ਸ਼ਰਾਬ ਦੇ ਅੱਡੇ ਤੋਂ ਤੁਰਿਆ ਉਹ ਬੰਦਾ ਇੱਕ ਮੌਕੇ ਏਡਾ ਉਚਾ ਚਲਾ ਗਿਆ ਕਿ ਆਪੋ ਵਿਚ ਲੜਨ ਵਾਲੇ ਬਾਦਲਾਂ ਤੇ ਅਮਰਿੰਦਰ ਸਿੰਘ ਦੋਵਾਂ ਲਈ ਚੋਣਾਂ ਮੌਕੇ ਸਭ ਤੋਂ ਵੱਡਾ ਦਾਨ-ਦਾਤਾ ਬਣ ਗਿਆ। ਦੇਸ਼ ਦੇ ਸਭ ਤੋਂ ਵੱਡੇ ਰਾਜ ਉਤਰ ਪ੍ਰਦੇਸ਼ ਦੀ ਸ਼ਰਾਬ ਦੀ ਕਾਰਪੋਰੇਸ਼ਨ ਦਾ ਉਸ ਨੂੰ ਚੇਅਰਮੈਨ ਲਾ ਦਿੱਤਾ ਗਿਆ ਸੀ। ਏਦਾਂ ਦੇ ਪੌਂਟੀ ਚੱਢੇ ਭਾਰਤ ਵਿਚ ਬਹੁਤ ਹਨ। ਇਹ ਸਾਰੇ ਸਾਡੇ ਦੇਸ਼ ਦੇ ਲੋਕ-ਰਾਜੀ ਪ੍ਰਬੰਧ ਦਾ ਅਸਲ ਸ਼ੀਸ਼ਾ ਹਨ।
ਬੜੇ ਉਤਾਵਲੇ ਹਨ ਭਾਰਤ ਦੇ ਲੋਕ, ਇਸ ਗੱਲ ਲਈ ਕਿ ਉਹ ਇੱਕ ਵਾਰ ਫਿਰ ਦੇਸ਼ ਦੇ ਰਾਜ-ਕਰਤਿਆਂ ਦੀ ਚੋਣ ਕਰਨ ਦਾ ਸੁਭਾਗ ਪ੍ਰਾਪਤ ਕਰਨਗੇ। ਵਿਚਾਰੇ ਲੋਕ ਇਹ ਨਹੀਂ ਜਾਣਦੇ ਕਿ ਇਸ ਦੇਸ਼ ਵਿਚ ਲੋਕ-ਰਾਜ ਦਾ ਹਾਲ ਇਹੋ ਜਿਹਾ ਬਣ ਗਿਆ ਹੈ ਕਿ ਇਸ ਨੂੰ ਲੋਕ-ਰਾਜ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ। ਦੇਸ਼ ਦੀ ਅਗਵਾਈ ਕਾਂਗਰਸ ਕਰੇ ਜਾਂ ਭਾਜਪਾ, ਇੱਕ ਜਾਂ ਦੂਸਰੇ ਫਿਰਕੇ ਵੱਲ ਸੋਚ ਦਾ ਫਰਕ ਛੱਡ ਕੇ ਆਰਥਿਕ ਨੀਤੀਆਂ ਨੂੰ ਅਮਰੀਕਾ ਦੀ ਮਰਜ਼ੀ ਮੁਤਾਬਕ ਚਲਾਉਣ ਤੇ ਲੋਕਾਂ ਦੀ ਜੱਤ ਮੁੰਨਣ ਵਾਲੇ ਲੁਟੇਰਿਆਂ ਬਾਰੇ ਪਹੁੰਚ ਇੱਕੋ ਰਹਿਣੀ ਹੈ। ਇਹ ਤਾਂ ਪਿਆਦੇ ਹਨ, ਸਰਕਾਰਾਂ ਦੇ ਅਸਲੀ ਮਾਲਕ ਸਾਹਮਣੇ ਆਏ ਬਿਨਾਂ ਆਪਣਾ ਰਾਜ ਚਲਾਉਣਗੇ। ਅੰਬਾਨੀ ਐਵੇਂ ਨਹੀਂ ਸੀ ਕਹਿੰਦਾ ਕਿ ਕਾਂਗਰਸ ਉਸ ਦੀ ਦੁਕਾਨ ਹੈ। ਬਿਨਾਂ ਕਹੇ ਤੋਂ ਸਭ ਨੂੰ ਪਤਾ ਹੈ ਕਿ ਭਾਜਪਾ ਵੀ ਉਸੇ ਦੀ ਦੁਕਾਨ ਹੈ। ਲੋਕ ਆਪਣਾ ਭਲਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਨ੍ਹਾਂ ਦੋ ਸਿਆਸੀ ਦੁਕਾਨਾਂ ਤੋਂ ਪਾਸੇ ਹਟ ਕੇ ਸੋਚਣਾ ਪਵੇਗਾ। ਉਨ੍ਹਾਂ ਨੂੰ ਆਪਣੇ ਸਿਰ ਨਾਲ ਸੋਚਣ ਲਈ ਉਨ੍ਹਾਂ ਚੋਣ ਸਰਵੇਖਣਾਂ ਤੋਂ ਅੱਖ ਪਾਸੇ ਹਟਾਉਣੀ ਪਵੇਗੀ, ਜਿਹੜੇ ਨਜ਼ਰ ਦਾ ਧੋਖਾ ਦੇਣ ਲਈ ਇੱਕ ਜਾਂ ਦੂਸਰੀ ਧਿਰ ਵਾਲਿਆਂ ਨੇ ਸੁੱਬੀ ਨੂੰ ਸੱਪ ਅਤੇ ਸੱਪ ਨੂੰ ਸੁੱਬੀ ਬਣਾਉਣ ਲਈ ਆਪ ਹੀ ਛੱਡੇ ਹੋਏ ਹਨ।

Be the first to comment

Leave a Reply

Your email address will not be published.