ਨੀਂਹ ਪੱਥਰ ਤੋਂ ਅੱਗੇ ਨਾ ਵਧੇ ਸੁਖਬੀਰ ਬਾਦਲ ਦੇ ਸੁਪਨਿਆਂ ਦੇ ਪ੍ਰੋਜੈਕਟ

ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੇੜੇ ਵੇਖ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰਾਂ ਦੀ ਝੜੀ ਲਾਈ ਹੋਈ ਹੈ। ਅਕਾਲੀ ਦਲ ਦੇ ਵਿਧਾਇਕ ਤੋਂ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਧੜਾ-ਧੜ ਨੀਂਹ ਪੱਥਰ ਰੱਖਣ ਵਿਚ ਰੁੱਝੇ ਹੋਏ ਹਨ ਪਰ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਦੂਜੀ ਵਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਰੱਖੇ ਗਏ ਨੀਂਹ ਪੱਥਰਾਂ ‘ਤੇ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ।
ਇਨ੍ਹਾਂ ਵਿਚ ਉਹ ਪ੍ਰੋਜੈਕਟ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਪੁਨਿਆਂ ਦਾ ਪ੍ਰੋਜੈਕਟ ਐਲਾਨਿਆ ਹੋਇਆ ਹੈ। ਅਜਿਹੇ ਰੁਲ ਰਹੇ ਪ੍ਰੋਜੈਕਟਾਂ ਵਿਚ ਅੰਮ੍ਰਿਤਸਰ ਦੇ ਪਰਸਨਲ ਰੈਪਿਡ ਟਰਾਂਸਪੋਰਟ ਸਿਸਟਮ (ਪੀæਆਰæਟੀæਐਸ), ਸਪੋਰਟਸ ਕੰਪਲੈਕਸ, ਠੋਸ ਕੂੜਾ ਕਰਕਟ ਪ੍ਰਬੰਧ ਪਲਾਂਟ, ਸੀæਸੀæਟੀæਵੀ ਕੈਮਰਿਆਂ ਦਾ ਪ੍ਰੋਜੈਕਟ ਤੇ ਹੋਰ ਸ਼ਾਮਲ ਹਨ।
ਅੰਮ੍ਰਿਤਸਰ ਵਿਖੇ ਪੀæਆਰæਟੀæਐਸ (ਪੌਡ ਪ੍ਰਣਾਲੀ) ਦਾ ਨੀਂਹ ਪੱਥਰ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2011 ਵਿਚ ਰੱਖਿਆ ਗਿਆ ਸੀ। ਨੀਂਹ ਪੱਥਰ ਰੱਖਣ ਸਮੇਂ ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਸੁਪਨਿਆਂ ਦੀ ਯੋਜਨਾ ਵਿਚੋਂ ਇਕ ਹੈ। ਇਹ ਯੋਜਨਾ ਸ਼ੁਰੂ ਨਾ ਹੋਣ ਕਾਰਨ ਸੁਪਨਾ ਹੀ ਬਣ ਕੇ ਰਹਿ ਗਈ ਹੈ ਤੇ ਇਸ ਨੂੰ ਹੁਣ ਸਰਕਾਰ ਵੱਲੋਂ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਹੈ।
ਇਸ ਯੋਜਨਾ ਤਹਿਤ ਹਾਲ ਗੇਟ ਵਿਖੇ ਨੀਂਹ ਪੱਥਰ ਰੱਖਿਆ ਗਿਆ ਸੀ। ਪੌਡ ਪ੍ਰਣਾਲੀ ਲਈ ਸ਼ਹਿਰ ਵਿਚ ਥੰਮ੍ਹ ਬਣਾਏ ਜਾਣੇ ਸਨ ਜਿਨ੍ਹਾਂ ‘ਤੇ 200 ਚੁੰਬਕੀ ਪੌਡ ਚਲਾਉਣ ਦੀ ਯੋਜਨਾ ਸੀ। ਇਹ ਪੌਡ ਬਿਨਾਂ ਚਾਲਕ ਛੇ ਸਵਾਰੀਆਂ ਬਿਠਾ ਕੇ ਇਕ ਥਾਂ ਤੋਂ ਦੂਜੀ ਥਾਂ ਲੈ ਜਾ ਸਕਦੇ ਸਨ, ਇਸ ਤਹਿਤ ਰੇਲਵੇ ਸਟੇਸ਼ਨ ਤੇ ਬੱਸ ਅੱਡੇ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਪਹੁੰਚਾਉਣ ਦੀ ਯੋਜਨਾ ਸੀ।
ਦੁਕਾਨਦਾਰਾਂ ਅਤੇ ਵਿਰਾਸਤ ਪ੍ਰੇਮੀਆਂ ਦੇਂ ਵਿਰੋਧ ਕਾਰਨ ਇਸ ਦਾ ਰੂਟ ਬਦਲ ਦਿੱਤਾ ਗਿਆ। ਸਭ ਕੁਝ ਤੈਅ ਹੋਣ ਮਗਰੋਂ ਇਸ ਦੇ ਦੋ ਵਾਰ ਟੈਂਡਰ ਜਾਰੀ ਕੀਤੇ ਗਏ ਤੇ ਦੋਵੇਂ ਵਾਰ ਇਕੋ ਹੀ ਕੰਪਨੀ ਨੇ ਟੈਂਡਰ ਲਈ ਬਿਨੈ ਪੱਤਰ ਦਿੱਤਾ ਪਰ ਹੁਣ ਤੱਕ ਇਸ ਕੰਪਨੀ ਨੂੰ ਕੰਮ ਦੀ ਸ਼ੁਰੂਆਤ ਬਾਰੇ ਸਹਿਮਤੀ ਪੱਤਰ ਨਹੀਂ ਮਿਲਿਆ ਹੈ। ਇਸ ਤਰ੍ਹਾਂ ਦੇ ਪੌਡ ਲੰਦਨ ਦੇ ਹੀਥਰੋ ਹਵਾਈ ਅੱਡੇ ‘ਤੇ ਚੱਲ ਰਹੇ ਹਨ ਤੇ ਭਾਰਤ ਵਿਚ ਇਸ ਨੂੰ ਪਹਿਲੀ ਵਾਰ ਅੰਮ੍ਰਿਤਸਰ ਵਿਖੇ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸੇ ਤਰ੍ਹਾਂ ਰਣਜੀਤ ਐਵੇਨਿਊ ਵਿਖੇ ਬਣਨ ਵਾਲੇ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਵੀ ਨਵੰਬਰ 2011 ਵਿਚ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਰੱਖਿਆ ਸੀ। ਮਗਰੋਂ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਵਿਵਾਦ ਕਾਰਨ ਇਹ ਯੋਜਨਾ ਠੰਢੇ ਬਸਤੇ ਵਿਚ ਪੈ ਗਈ ਤੇ ਮੁੜ ਇਕ ਵਾਰ ਨਕਸ਼ਿਆਂ ਵਿਚ ਸੁਧਾਰ ਮਗਰੋਂ ਇਸ ਦਾ ਦੁਬਾਰਾ ਨੀਂਹ ਪੱਥਰ ਰੱਖਿਆ ਗਿਆ। ਹੁਣ ਦੂਜਾ ਨੀਂਹ ਪੱਥਰ ਰੱਖੇ ਨੂੰ ਵੀ ਕਾਫੀ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਸ਼ੁਰੂਆਤ ਨਹੀਂ ਹੋਈ ਹੈ। ਠੋਸ ਕੂੜਾ ਕਰਕਟ ਪ੍ਰਬੰਧ ਪਲਾਂਟ ਲਾਉਣ ਦੀ ਯੋਜਨਾ ਸੱਤ ਸਾਲ ਪਹਿਲਾਂ ਉਲੀਕੀ ਗਈ ਸੀ ਪਰ ਹੁਣ ਤੱਕ ਇਹ ਯੋਜਨਾ ਮੁਕੰਮਲ ਨਹੀਂ ਹੋ ਸਕੀ ਹੈ।

Be the first to comment

Leave a Reply

Your email address will not be published.