ਤਸਵੀਰ ਦੇ ਦੋਵੇਂ ਪਾਸੇ-ਪੰਜਵੀਂ ਤੇ ਆਖਰੀ ਕਿਸ਼ਤ

ਫਰਾਂਸ ਦੇ ਸੰਸਾਰ ਪ੍ਰਸਿੱਧ ਲੇਖਕ ਮੋਪਾਸਾਂ (5 ਅਗਸਤ 1850-6 ਜੁਲਾਈ 1893) ਦੀ ਸ਼ਾਹਕਾਰ ‘ਬੂਲ ਦਿ ਸੂਫ’ ਨਾਂ ਦੀ ਕਹਾਣੀ ਕਈ ਨਾਂਵਾਂ- ‘ਬਾਲ ਆਫ ਫੈਟ’, ‘ਬਟਰਬਾਲ’, ‘ਡੰਪਲਿੰਗ’ ਹੇਠ ਅਨੁਵਾਦ ਹੋਈ ਹੈ। ਮੋਪਾਸਾਂ ਦੀ ਇਹ ਕਹਾਣੀ ਪਹਿਲੀ ਵਾਰ ਅਪਰੈਲ 1880 ਵਿਚ ਛਪੀ ਸੀ। ਪੰਜਾਬੀ ਦੇ ਪ੍ਰਸਿੱਧ ਨਾਵਲਿਸਟ ਸਵਰਗੀ ਨਾਨਕ ਸਿੰਘ ਨੇ ਇਸ ਕਹਾਣੀ ਦਾ ਅਨੁਵਾਦ ‘ਤਸਵੀਰ ਦੇ ਦੋਵੇਂ ਪਾਸੇ’ ਸਿਰਲੇਖ ਤਹਿਤ ਕੀਤਾ ਸੀ। ਕਹਾਣੀ ਕਹਿਣ ਵਿਚ ਮੋਪਾਸਾਂ ਦੀ ਕੋਈ ਰੀਸ ਨਹੀਂ। ਮੁਸੀਬਤ ਵਿਚ ਕਿਵੇਂ ਊਚ-ਨੀਚ, ਅਮੀਰੀ-ਗਰੀਬੀ ਭੁਲਾ ਕੇ ਬੰਦਾ ਸਿਰਫ ਇਨਸਾਨ ਰਹਿ ਜਾਂਦਾ ਹੈ, ਕਹਾਣੀ ਵਿਚ ਇਹ ਬਿਰਤਾਂਤ ਲਾਜਵਾਬ ਹੈ। ਕਹਾਣੀ ਦਸ ਯਾਤਰੂਆਂ ਦੁਆਲੇ ਘੁੰਮਦੀ ਹੈ। ਇਸ ਕਹਾਣੀ ਦਾ ਘੇਰਾ ਅੰਬਰ ਜਿੱਡਾ ਹੈ। ਕੋਈ ਮੋਪਾਸਾਂ ਵਰਗਾ ਲੇਖਕ ਹੀ ਕਹਾਣੀ ਦੀ ਇੰਨੀ ਵੱਡੀ ਹਲਾਈਂ ਵਗਲ ਸਕਦਾ ਸੀ। ਪੇਸ਼ ਹੈ ਕਹਾਣੀ ਦੀ ਆਖਰੀ ਕਿਸ਼ਤ। -ਸੰਪਾਦਕ

ਮੂਲ ਲੇਖਕ: ਮੋਪਾਸਾਂ
ਤਰਜਮਾ: ਨਾਨਕ ਸਿੰਘ
ਸੈਰ ਤੋਂ ਵਾਪਸ ਆ ਕੇ ਮਾਰਗਰੇਟ ਬਿਨਾਂ ਕਿਸੇ ਨਾਲ ਬੋਲਿਆਂ ਸਿੱਧੀ ਆਪਣੇ ਕਮਰੇ ਵਿਚ ਚਲੀ ਗਈ। ਮੁੜ ਕੇ ਉਹ ਦਿਖਾਈ ਨਾ ਦਿੱਤੀ। ਸਾਰੇ ਹੀ ਫ਼ਿਕਰਮੰਦ ਹੋ ਉਠੇ ਕਿ ਉਹ ਕਿਥੇ ਚਲੀ ਗਈ ਹੈ। ਉਹ ਤਾਂ ਅਜੇ ਉਸ ਨੂੰ ਸ਼ਾਇਦ ਹੋਰ ਕੁਝ ਲੈਕਚਰ ਦੇਣੇ ਚਾਹੁੰਦੇ ਸਨ, ਕਿਉਂਕਿ ਉਹ ਜਾਣਦੇ ਸਨ ਕਿ ਜੇ ਮਾਰਗਰੇਟ ਨਾ ਮੰਨੀ ਤਾਂ ਉਨ੍ਹਾਂ ਸਾਰੀਆਂ ਦੀ ਕੀ ਹਾਲਤ ਹੋਵੇਗੀ।
ਰਾਤ ਦੀ ਰੋਟੀ ਵੇਲੇ ਵੀ ਮਾਰਗਰੇਟ ਨਜ਼ਰੀਂ ਨਾ ਆਈ। ਸਾਰੇ ਫਿਕਰ ਤੇ ਬੇਸਬਰੀ ਨਾਲ ਉਸ ਨੂੰ ਉਡੀਕ ਰਹੇ ਸਨ। ਅੰਤ ਫਲੇਮਬੀ ਨੇ ਆ ਕੇ ਦੱਸਿਆ ਕਿ ਕੁਮਾਰੀ ਮਾਰਗਰੇਟ ਦੀ ਤਬੀਅਤ ਕੁਝ ਖਰਾਬ ਹੈ, ਇਸ ਲਈ ਉਹ ਉਸ ਦੀ ਉਡੀਕ ਨਾ ਕਰਨ।
ਸਾਰੇ ਰੋਟੀ ਖਾਣ ਲੱਗੇ। ਕਾਊਂਟ ਨੇ ਪਰ੍ਹਾਂ ਜਾ ਕੇ ਫਲੇਮਬੀ ਨੂੰ ਪੁਛਿਆ, “ਕਿਉਂ, ਸਭ ਠੀਕ ਹੈ ਨਾ?”
ਕਾਊਂਟ ਫਿਰ ਮੇਜ਼ ਅੱਗੇ ਆ ਬੈਠਾ, ਪਰ ਸ਼੍ਰਿਸ਼ਟਾਚਾਰ ਦੇ ਖਿਆਲ ਨਾਲ ਉਸ ਨੇ ਅਸਲ ਗੱਲ ਦਾ ਕਿਸੇ ਅੱਗੇ ਭੋਗ ਨਾ ਪਾਇਆ; ਕੇਵਲ ਕਾਮਯਾਬੀ ਭਰੀ ਮੁਸਕਣੀ ਨਾਲ ਸਭਨਾਂ ਵੱਲ ਤੱਕਿਆ। ਸਾਰਿਆਂ ਨੇ ਤਸੱਲੀ ਦਾ ਸਾਹ ਲਿਆ। ਸਭ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ।
ਲੋਸ਼ੀਓ ਨੇ ਜ਼ੋਰ ਨਾਲ ਕਿਹਾ, “ਰੱਬ ਦੀ ਸਹੁੰ, ਅੱਜ ਜੇ ਕਿਤੇ ਸ਼ੈਂਮਪੇਨ ਦੀਆਂ ਦੋ-ਚਾਰ ਬੋਤਲਾਂ ਮਿਲ ਜਾਂਦੀਆਂ, ਤਾਂ ਮੈਂ ਇਸ ਖੁਸ਼ੀ ਵਿਚ ਸਭਨਾਂ ਦੀ ਦਾਅਵਤ ਕਰਦਾ।”
ਤੇ ਸ੍ਰੀਮਤੀ ਲੋਸ਼ੀਓ ਨੂੰ ਇਹ ਵੇਖ ਕੇ ਬੜਾ ਅਫ਼ਸੋਸ ਹੋਇਆ ਕਿ ਥੋੜ੍ਹੀ ਦੇਰ ਬਾਅਦ ਹੋਟਲ ਦਾ ਮਾਲਕ ਸ਼ੈਂਮਪੇਨ ਦੀਆਂ ਚਾਰ ਬੋਤਲਾਂ ਕੱਛੇ ਮਾਰੀ ਖੰਘਦਾ ਹੋਇਆ ਆ ਪਹੁੰਚਾ।
ਸਾਰੇ ਅੱਜ ਬੜੀ ਤੇਜ਼ੀ ਨਾਲ ਖਾਣ ਤੇ ਪੀਣ ਵਿਚ ਮਸਤ ਸਨ। ਗੱਲਾਂ ਦੀ ਲੜੀ ਵੀ ਬੜੀ ਸੁਆਦਲੀ ਅਤੇ ਚੜ੍ਹਦੀਆਂ ਕਲਾਂ ‘ਤੇ ਹੁੰਦੀ ਜਾ ਰਹੀ ਸੀ। ਕਾਊਂਟ ਨੂੰ ਅੱਜ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਸ੍ਰੀਮਤੀ ਕੈਰੇ ਕਿੰਨੀ ਖੂਬਸੂਰਤ ਹੈ। ਸ੍ਰੀਮਾਨ ਕੈਰੇ ਹੁਰਾਂ ਕਾਊਂਟੈਸ ਦੀਆਂ ਵਡਿਆਈਆਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਸਭ ਦੀਆਂ ਗੱਲਾਂ ਵਿਚ ਉਮੰਗ ਤੇ ਮਖੌਲ ਝਲਕਦੇ ਸਨ। ਬਹੁਤ ਸਾਰੇ ਮਖੌਲ ਭਾਵੇਂ ਬੜੇ ਹੋਛੇ ਤੇ ਵਾਹਯਾਤ ਸਨ, ਫਿਰ ਵੀ ਸਾਰੇ ਖੁਸ਼ ਸਨ, ਕਿਸੇ ਨੂੰ ਵੀ ਚਿੜ ਨਹੀਂ ਹੋਈ। ਅਖੀਰ ਸਾਰਾ ਵਾਯੂਮੰਡਲ ਮਾਦਕਤਾ ਨਾਲ ਭਰ ਗਿਆ। ਸਭ ਦੀਆਂ ਮਾਨਸਿਕ ਰੁਚੀਆਂ ਗੰਦੇ ਵਿਚਾਰਾਂ ਨਾਲ ਲਿਬੜ ਗਈਆਂ।
ਰੋਟੀ ਤੋਂ ਬਾਅਦ ਫਲ ਖਾਣ ਵੇਲੇ ਤੀਵੀਆਂ ਵੀ ਇਸ਼ਾਰਿਆਂ ਨਾਲ ਗੰਦੇ ਮਖੌਲਾਂ ‘ਤੇ ਉਤਰ ਆਈਆਂ। ਸਾਰਿਆਂ ਨੇ ਲੋੜ ਤੋਂ ਵਧੀਕ ਪੀ ਲਈ ਸੀ। ਲੋਸ਼ੀਓ ਸਭ ਤੋਂ ਬਹੁਤ ਖੁਸ਼ ਮਲੂਮ ਹੁੰਦਾ ਸੀ। ਉਸ ਸ਼ੈਂਮਪੇਨ ਦਾ ਗਲਾਸ ਹੱਥ ਵਿਚ ਲੈ ਕੇ ਉਠ ਖੜੋਤਾ, ਤੇ ਕਹਿਣ ਲੱਗਾ, “ਮੈਂ ਸਾਰੇ ਸਾਥੀਆਂ ਦੀ ਬੰਦਖਲਾਸੀ ਦੀ ਖੁਸ਼ੀ ਵਿਚ ਇਹ ਗਲਾਸ ਪੀਂਦਾ ਹਾਂ।”
ਸਭ ਦੇ ਸਭ ਉਠ ਖਲੋਤੇ, ਤੇ ਸਾਰਿਆਂ ਨੇ ਉਸ ਦੇ ਵਾਕਾਂ ਨੂੰ ਦੁਹਰਾਉਂਦਿਆਂ; ਨਾਲ ਹੀ ‘ਮਿਸ ਮਾਰਗਰੇਟ ਜ਼ਿੰਦਾਬਾਦ’ ਦੇ ਨਾਹਰੇ ਵੀ ਲਾਏ।
ਦੋਹਾਂ ਬ੍ਰਹਮਚਾਰਨੀਆਂ ਜਿਨ੍ਹਾਂ ਦੀ ਕ੍ਰਿਪਾ ਨਾਲ ਸਭਨਾਂ ਦੀ ਮੁਰਾਦ ਪੂਰੀ ਹੋਈ ਸੀ, ਨੇ ਵੀ ਤੀਵੀਆਂ ਦੇ ਮਿੰਨਤਾਂ-ਤਰਲਿਆਂ ‘ਤੇ ਤਰਸ ਖਾ ਕੇ ਸ਼ੈਂਮਪੇਨ ਦੀ ਝੱਗ ਨਾਲ ਹੋਂਠ ਛੁਹਾਏ। ਬ੍ਰਹਮਚਾਰਨੀਆਂ ਨੇ ਭਾਵੇਂ ਸਹੁੰਆਂ ਖਾ-ਖਾ ਕੇ ਕਿਹਾ ਕਿ ਸਾਰੀ ਉਮਰ ਉਨ੍ਹਾਂ ਨੇ ਸ਼ਰਾਬ ਦੀ ਸ਼ਕਲ ਨਹੀਂ ਵੇਖੀ!
ਲੋਸ਼ੀਓ ਨੇ ਕਿਹਾ, “ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਵੇਲੇ ਸਾਡੇ ਕੋਲ ਪਿਆਨੋ ਨਹੀਂ। ਕਾਸ਼! ਜੇ ਕਿਤੇ ਹੁੰਦਾ ਤਾਂ ਅੱਜ ਸਾਡੀਆਂ ਖੁਸ਼ੀਆਂ ਦਾ ਹੱਦ ਬੰਨਾ ਨਾ ਰਹਿੰਦਾ।”
ਕਾਰਨੂਟੇਡ ਹੁਣ ਤੀਕ ਨਾ ਤਾਂ ਬੋਲਿਆ, ਤੇ ਨਾ ਹੀ ਆਪਣੇ ਥਾਂ ਤੋਂ ਹਿੱਲਿਆ-ਜੁੱਲਿਆ। ਜਾਪਦਾ ਸੀ ਉਹ ਜਿਵੇਂ ਡੂੰਘੀ ਚਿੰਤਾ ਵਿਚ ਲੀਨ ਹੈ। ਕਦੀ-ਕਦੀ ਉਹ ਆਪਣੀ ਦਾੜ੍ਹੀ ਨੂੰ ਫੜ ਕੇ ਇਸ ਤਰ੍ਹਾਂ ਖਿੱਚਦਾ ਜਿਵੇਂ ਹੋਰ ਲੰਮੀ ਕਰਨਾ ਚਾਹੁੰਦਾ ਹੈ। ਅੰਤ ਅੱਧੀ ਰਾਤੀਂ ਜਦ ਇਹ ਮਜਲਸ ਖ਼ਤਮ ਹੋਈ ਤਾਂ ਲੋਸ਼ੀਓ ਜਿਹੜਾ ਚੰਗੀ ਤਰ੍ਹਾਂ ਟੁਰ ਵੀ ਨਹੀਂ ਸੀ ਸਕਦਾ, ਕਾਰਨੂਟੇਡ ਦੀ ਪਿੱਠ ਉਤੇ ਧੱਫਾ ਮਾਰ ਕੇ ਗੁੱਰਾਇਆ, “ਕੀ ਗੱਲ ਹੈ ਦਾੜ੍ਹੀ ਮੇਜਰ ਸਾਹਿਬ! ਅੱਜ ਬੜੇ ਉਦਾਸ ਉਦਾਸ ਜਾਪਦੇ ਹੋ?”
ਕਾਰਨੂਟੇਡ ਨੇ ਪਿਛਾਂਹ ਮੁੜ ਕੇ ਇਸ ਮੰਡਲੀ ਨੂੰ ਨਫ਼ਰਤ ਨਾਲ ਵੇਖਦਿਆਂ ਜਵਾਬ ਦਿੱਤਾ, “ਮੈਂ ਇਸ ਕਰ ਕੇ ਉਦਾਸ ਹਾਂ ਕਿ ਅੱਜ ਮੈਂ ਆਦਮੀਆਂ ਨੂੰ ਸ਼ੈਤਾਨ ਦੇ ਰੂਪ ਵਿਚ ਵੇਖ ਰਿਹਾ ਹਾਂ।” ਤੇ ਉਹ ਛੇਤੀ ਨਾਲ ਇਨ੍ਹਾਂ ਵਿਚੋਂ ਨਿਖੜ ਕੇ ਆਪਣੇ ਕਮਰੇ ਵਿਚ ਚਲਾ ਗਿਆ। ਸਾਰੇ ਠੱਠਾ ਮਾਰ ਕੇ ਹੱਸ ਪਏ। ਇਕ ਪਲ ਲਈ ਲੋਸ਼ੀਓ ਉਤੇ ਵੀ ਗੰਭੀਰਤਾ ਛਾ ਗਈ, ਪਰ ਛੇਤੀ ਹੀ ਉਸ ਨੇ ਆਪਣੇ-ਆਪ ਨੂੰ ਸੰਭਾਲਿਆ, ਤੇ ਜ਼ੋਰ ਦੀ ਹੱਸਦਾ ਬੋਲਿਆ, “ਸੱਚਮੁੱਚ ਇਹ ਲੰਮ-ਦਾੜ੍ਹੀਆ ਬੜਾ ਪਖੰਡੀ ਹੈ।”
ਕੈਰੇ ਪੁੱਛਣ ਲੱਗਾ, “ਕਿਉਂ ਕੀ ਗੱਲ ਸੀ?”
ਉਤਰ ਵਿਚ ਲੋਸ਼ੀਓ ਨੇ ਉਸ ਪਹਿਲੀ ਰਾਤ ਬਰਾਂਡੇ ਵਿਚ ਟਹਿਲਦਿਆਂ ਉਸ ਨੇ ਜੋ ਕੁਝ ਵੇਖਿਆ ਸੀ, ਸਭ ਕਹਿ ਸੁਣਾਇਆ। ਸੁਣ ਕੇ ਤੀਵੀਆਂ ਤਾਂ ਇਤਨੀਆਂ ਖੁਸ਼ ਹੋਈਆਂ ਕਿ ਆਪਣੇ-ਆਪ ਨੂੰ ਸੰਭਾਲ ਨਾ ਸਕੀਆਂ। ਕਾਊਂਟ ਤੇ ਕੈਰੇ ਹੱਸਦੇ-ਹੱਸਦੇ ਲੋਟ-ਪੋਟ ਹੋ ਗਏ। ਕੈਰੇ ਪੁੱਛਣ ਲੱਗਾ, “ਸੱਚੀਂ? ਉਹ ਤਾਂ ਚਾਹੁੰਦਾ ਸੀ ਕਿ æææ ।”
“ਮੈਂ ਜੋ ਕਹਿ ਰਿਹਾ ਹਾਂ, ਸਭ ਆਪਣੀ ਅੱਖੀਂ ਡਿੱਠਾ ਹੈ।”
“æææ ਤੇ ਫ਼ਿਰ ਉਸ ਨੇ ਇਨਕਾਰ ਕਰ ਦਿੱਤਾ?”
“ਹਾਂæææ ਕਿਉਂਕਿ ਕੋਈ ਜਰਮਨ, ਨਾਲ ਦੇ ਕਮਰੇ ਵਿਚ ਮੌਜੂਦ ਸੀ।”
“ਮੈਂ ਕਹਿੰਦਾਂ, ਤੁਹਾਨੂੰ ਧੋਖਾ ਹੋਇਆ ਹੈ ਲੋਸ਼ੀਓ।”
“ਮੈਂ ਕਸਮ ਖਾ ਕੇ ਕਹਿੰਦਾਂ ਮੋਸ਼ੀਓ ਕੈਰੇ।”
ਹੱਸਦਿਆਂ-ਹੱਸਦਿਆਂ ਕਾਊਂਟ ਦੀ ਵੱਖੀ ਵਿਚ ਕੁੜੱਲ ਪੈ ਗਿਆ। ਲੋਸ਼ੀਓ ਫ਼ਿਰ ਕਹਿਣ ਲੱਗਾ, “ਇਹੋ ਤੇ ਵਜਾ ਹੈ ਕਿ ਉਹ ਦਾੜ੍ਹੀ ਮੇਜਰ ਅੱਜ ਰੋਟੀ ਦੀ ਮੇਜ਼ ਅੱਗੇ ਇਸ ਤਰ੍ਹਾਂ ਬੈਠਾ ਰਿਹਾ, ਜੀਕਣ ਮੁਹਾਣਾ ਬੇੜੀ ਰੋੜ੍ਹ ਕੇ ਬਹਿੰਦਾ ਹੈ।”
ਤਿੰਨੇ ਫਿਰ ਹੱਸਣ ਲੱਗ ਪਏ।
ਥੋੜ੍ਹੀ ਦੇਰ ਬਾਅਦ ਇਹ ਮੰਡਲੀ ਖਿੰਡ-ਪੁੰਡ ਗਈ, ਪਰ ਸ੍ਰੀਮਤੀ ਲੋਸ਼ੀਓ ਜਿਸ ਵਿਚ ਈਰਖਾ ਦਾ ਅੰਸ਼ ਕੁਝ ਵਧੇਰੇ ਸੀ, ਪਤੀ ਨੂੰ ਕਹਿਣ ਲੱਗੀ, “ਇਹ ਮਿਸਿਜ਼ ਕੈਰੇ ਤਾਂ ਬੜੀ ਬਦਤਮੀਜ਼ ਹੈ।”
ਪਤੀ ਬੋਲਿਆ, “ਗੱਲ ਇਹ ਹੈ ਕਿ ਤੀਵੀਆਂ ਜਦੋਂ ਵਰਦੀ ਪਿੱਛੇ ਦੌੜਦੀਆਂ ਨੇ, ਤਾਂ ਇਹ ਉਕਾ ਨਹੀਂ ਸੋਚਦੀਆਂ ਕਿ ਪਹਿਨਣ ਵਾਲਾ ਫ਼ਰਾਂਸੀਸੀ ਹੈ ਕਿ ਜਰਮਨ! ਵਾਕਿਆ ਈ ਉਹ ਬੜੀ ਚੁਲਬੁਲੀ ਹੈ, ਰਾਹ ਜਾਂਦੇ ਪੰਛੀ ਫ਼ਸਾਣ ਵਾਲੀ।”

ਦੂਜੇ ਦਿਨ ਸਵੇਰੇ ਅਕਾਸ਼ ਸਾਫ਼ ਸੀ। ਸੂਰਜ ਦੀਆਂ ਕਿਰਨਾਂ ਨਾਲ ਜੰਮੀ ਹੋਈ ਬਰਫ਼ ਚਮਕ ਰਹੀ ਸੀ। ਅਖੀਰ ਇਨ੍ਹਾਂ ਮੁਸਾਫ਼ਰਾਂ ਦੀ ਘੋੜਾ ਗੱਡੀ ਤਿਆਰ ਹੋ ਕੇ ਹੋਟਲ ਦੇ ਬੂਹੇ ਅੱਗੇ ਆ ਖੜੋਤੀ। ਗੱਡੀਵਾਨ ਪੋਸਤੀਨ ਦਾ ਕੋਟ ਪਹਿਨੀ ਗੱਡੀ ‘ਤੇ ਬੈਠਾ ਪਾਈਪ ਪੀ ਰਿਹਾ ਸੀ। ਸਾਰੇ ਮੁਸਾਫ਼ਰ ਯਾਤਰਾ ਦਾ ਪ੍ਰਬੰਧ ਹੋ ਜਾਣ ਦੀ ਖੁਸ਼ੀ ਵਿਚ ਫੁੱਲੇ ਨਹੀਂ ਸਨ ਸਮਾ ਰਹੇ; ਤੇ ਜਲਦੀ-ਜਲਦੀ ਆਪੋ-ਆਪਣਾ ਸਾਮਾਨ ਗੱਡੀ ਵਿਚ ਲੱਦ ਰਹੇ ਸਨ। ਉਸ ਦਿਨ ਦੀ ਤਕਲੀਫ਼ ਸਭ ਨੂੰ ਯਾਦ ਸੀ ਜਿਸ ਦੇ ਡਰੋਂ ਅੱਜ ਸਭ ਨੇ ਲੋੜ ਨਾਲੋਂ ਕਿਤੇ ਵਧੀਕ ਖਾਣ-ਪੀਣ ਦਾ ਸਾਮਾਨ ਗੱਡੀ ਵਿਚ ਰੱਖ ਲਿਆ ਸੀ।
ਸਭ ਮੁਸਾਫ਼ਰ ਤਿਆਰ ਖੜ੍ਹੇ ਸਨ, ਕੇਵਲ ਇਕ ਸਵਾਰੀ ਅਜੇ ਤੱਕ ਨਹੀਂ ਸੀ ਪਹੁੰਚੀ, ਉਹ ਸੀ ਮਾਰਗਰੇਟ। ਤੇ ਜਦ ਸਾਰਿਆਂ ਨੇ ਦੂਰੋਂ ਉਸ ਨੂੰ ਆਉਂਦੀ ਨੂੰ ਤੱਕਿਆ, ਤਾਂ ਸਭਨਾਂ ਦੇ ਚਿਹਰਿਆਂ ਉਤੇ ਸ਼ਰਮ ਤੇ ਘਬਰਾਹਟ ਦੇ ਚਿੰਨ੍ਹ ਦਿਖਾਈ ਦੇਣ ਲੱਗੇ। ਉਹ ਸੰਗਦੀ-ਸੰਗਦੀ, ਸੁਸਤ ਕਦਮੀਂ ਤੁਰਦੀ ਗੱਡੀ ਵੱਲ ਆ ਰਹੀ ਸੀ। ਤੇ ਜਿਉਂ ਹੀ ਉਹ ਗੱਡੀ ਕੋਲ ਅੱਪੜੀ, ਸਭ ਨੇ ਨਫ਼ਰਤ ਨਾਲ ਮੂੰਹ ਦੂਜੇ ਪਾਸੇ ਕਰ ਲਏ; ਜਿਵੇਂ ਉਨ੍ਹਾਂ ਵਿਚੋਂ ਕਿਸੇ ਨੂੰ ਉਸ ਦੇ ਆਉਣ ਦੀ ਖਬਰ ਨਹੀਂ।
ਮਾਰਗਰੇਟ ਹੈਰਾਨੀ ਨਾਲ ਘਾਬਰੀ ਹੋਈ ਗੁੰਮ-ਸੁੰਮ, ਝਟ ਕੁ ਉਨ੍ਹਾਂ ਦੇ ਲਾਗੇ ਖੜੋਤੀ ਰਹੀ। ਫ਼ਿਰ ਬੜੀ ਹਿੰਮਤ ਕਰ ਕੇ ਸ੍ਰੀਮਤੀ ਕੈਰੇ ਦੇ ਨੇੜੇ ਜਾ ਕੇ ਉਸ ਨੂੰ ਸ਼ੁਭ ਪ੍ਰਭਾਤ ਕਹੀ। ਇਸ ਦੇ ਉਤਰ ਵਿਚ ਉਸ ਨੇ ਐਵੇਂ ਨਾਮ-ਮਾਤਰ ਸਿਰ ਹਿਲਾਇਆ, ਤੇ ਫਿਰ ਜਾਣ-ਬੁਝ ਕੇ ਪਰ੍ਹੇ ਚਲੀ ਗਈ। ਹਰ ਇਕ ਮੁਸਾਫ਼ਰ ਮਾਰਗਰੇਟ ਪਾਸੋਂ ਆਪਣੇ-ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ; ਮਾਨੋ ਉਸ ਨੂੰ ਛੂਤ ਦੀ ਕੋਈ ਬਿਮਾਰੀ ਹੋ ਗਈ ਹੋਵੇ।
ਉਪਰੋਥਲੀ ਸਭ ਨੇ ਗੱਡੀ ਵਿਚ ਚੜ੍ਹਨਾ ਸ਼ੁਰੂ ਕੀਤਾ, ਤੇ ਉਹ ਅਪਵਿੱਤਰ ਵੇਸਵਾ ਸਭ ਤੋਂ ਅਖੀਰ ‘ਤੇ ਚੜ੍ਹੀ। ਉਸ ਨੇ ਚੁੱਪ-ਚਾਪ ਆਪਣੀ ਉਹੀ ਥਾਂ ਮੱਲ ਲਈ ਜਿਥੇ ਓਦਣ ਬੈਠੀ ਆਈ ਸੀ।
ਬਾਕੀ ਸਵਾਰ ਨਾ ਤਾਂ ਉਸ ਵੱਲ ਤੱਕ ਰਹੇ ਸਨ, ਨਾ ਹੀ ਉਸ ਦੇ ਜਾਣੂ-ਪਛਾਣੂ ਮਲੂਮ ਹੁੰਦੇ ਸਨ। ਕੇਵਲ ਸ੍ਰੀਮਤੀ ਲੋਸ਼ੀਓ ਕਿਸੇ-ਕਿਸੇ ਵੇਲੇ ਨਫਰਤ ਭਰੀ ਨਜ਼ਰ ਉਸ ਵੱਲ ਸੁੱਟ ਛੱਡਦੀ ਸੀ। ਉਸ ਨੇ ਆਪਣੇ ਪਤੀ ਨੂੰ ਕਿਹਾ, “ਪਰਮਾਤਮਾ ਦਾ ਸ਼ੁਕਰ ਹੈ ਕਿ ਮੈਨੂੰ ਇਸ ਦੁਰਾਚਾਰਨ ਦੇ ਨਾਲ ਨਹੀਂ ਬੈਠਣਾ ਪਿਆ।”
ਗੱਡੀ ਹੋਟਲ ਦੇ ਅਹਾਤੇ ਵਿਚੋਂ ਨਿਕਲ ਕੇ ਸੜਕ ‘ਤੇ ਆ ਪਹੁੰਚੀ। ਯਾਤਰਾ ਨਵੇਂ ਸਿਰੇ ਸ਼ੁਰੂ ਹੋ ਗਈ। ਕੁਝ ਚਿਰ ਤੱਕ ਸਾਰੇ ਚੁੱਪ-ਚਾਪ ਬੈਠੇ ਰਹੇ। ਮਾਰਗਰੇਟ ਨੇ ਨੀਵੀਂ ਪਾਈ ਹੋਈ ਸੀ। ਉਤਾਂਹ ਤੱਕਣ ਦੀ ਜਿਵੇਂ ਉਸ ਵਿਚ ਹਿੰਮਤ ਹੀ ਬਾਕੀ ਨਹੀਂ ਸੀ, ਤੇ ਨਾਲੋ-ਨਾਲ ਉਸ ਨੂੰ ਆਪਣੇ ਸਾਥੀਆਂ ਉਤੇ ਗੁੱਸਾ ਵੀ ਆ ਰਿਹਾ ਸੀ। ਜਰਮਨ ਅਫ਼ਸਰ ਪਾਸ ਜਾਣ ਦਾ ਉਸ ਨੂੰ ਬੜਾ ਦੁੱਖ ਤੇ ਪਛਤਾਵਾ ਸੀ, ਕਿਉਂਕਿ ਉਸ ਨੂੰ ਹੁਣ ਸਮਝ ਵਿਚ ਆਇਆ ਕਿ ਜਿਸ ਕਪਟ-ਜਾਲ ਵਿਚ ਫਸਾ ਕੇ ਉਸ ਨੂੰ ਭੇਜਿਆ ਗਿਆ ਸੀ, ਇਹ ਸਭ ਇਨ੍ਹਾਂ ਖੁਦਗਰਜ਼ ਤੇ ਨੀਚ ਲੋਕਾਂ ਦੇ, ਆਪਣੇ-ਆਪ ਨੂੰ ਸਿਕੰਜ਼ੇ ਵਿਚੋਂ ਕੱਢਣ ਦੇ ਹੀ ਮਨਸੂਬੇ ਸਨ!
ਹੌਲੀ-ਹੌਲੀ ਗੱਲਾਂ ਸ਼ੁਰੂ ਹੋਈਆਂ। ਕਾਊਂਟੈਂਸ ਨੇ ਸ੍ਰੀਮਤੀ ਕੈਰੇ ਨੂੰ ਪੁੱਛਿਆ, “ਤੁਸੀਂ ਸ੍ਰੀਮਤੀ ‘ਡੀ ਐਟੇਲਸ’ ਨੂੰ ਜਾਣਦੇ ਹੋ?”
“ਜੀ ਹਾਂ, ਉਹ ਮੇਰੀ ਸਹੇਲੀ ਹੈ।”
“ਓਹ! ਕਿਤਨੀ ਖੂਬਸੂਰਤ ਹੈ।”
“ਤੇ ਨਾਲ ਖੁਸ਼-ਮਿਜ਼ਾਜ ਵੀ। ਬੜੀ ਸਿਆਣੀ ਤੀਵੀਂ ਹੈ, ਤੇ ਗਾਉਂਦੀ ਇਤਨਾ ਕਮਾਲ ਦਾ ਹੈ ਕਿ ਪੁੱਛੋ ਈ ਕੁਝ ਨਾ।”
ਕੈਰੇ ਕਾਊਂਟ ਨਾਲ ਗੱਲਾਂ ਕਰ ਰਿਹਾ ਸੀ ਜਿਨ੍ਹਾਂ ਦੀ ਸਮਝ ਹੋਰ ਯਾਤਰੂਆਂ ਨੂੰ ਘੱਟ-ਵੱਧ ਹੀ ਆਉਂਦੀ ਸੀ। ਕੋਈ-ਕੋਈ ਭੱਜਾ-ਟੁੱਟਾ ਸ਼ਬਦ, ‘ਹਿੱਸੇ æææ ਮਿਆਦæææ ਬੀਮੇ ਲਈ ਰੁਪਿਆ’ ਆਦਿ ਸੁਣਾਈ ਦਿੰਦਾ ਸੀ।
ਲੋਸ਼ੀਓ ਹੋਟਲ ਵਿਚੋਂ ਪੁਰਾਣੀ ਤਾਸ਼ ਚੁੱਕ ਲਿਆਇਆ ਸੀ। ਇਸ ਉਤੇ ਕਈ ਸਾਲਾਂ ਦੀ ਮੈਲ ਜੰਮੀ ਹੋਈ ਸੀ ਤੇ ਇਸ ਦੇ ਪੱਤੇ ਮੇਜ਼ ਦੀ ਥੰਦਿਆਈ ਨਾਲ ਕਾਲੇ ਹੋਏ ਪਏ ਸਨ। ਇਸੇ ਤਾਸ਼ ਨਾਲ ਉਹ ਆਪਣੀ ਵਹੁਟੀ ਸਣੇ ਖੇਡ ਕੇ ਵਕਤ ਬਿਤਾਉਣ ਲੱਗਾ।
ਦੋਹਾਂ ਬ੍ਰਹਮਚਾਰਨੀਆਂ ਨੇ ਲੱਕ ਨਾਲੋਂ ਆਪਣੀਆਂ ਲੰਮੀਆਂ ਮਾਲਾਵਾਂ ਖੋਲ੍ਹੀਆਂ, ਛਾਤੀ ‘ਤੇ ਉਂਗਲ ਨਾਲ ਸੂਲੀ ਦਾ ਨਿਸ਼ਾਨ ਬਣਾਇਆ ਤੇ ਧਿਆਨ ਵਿਚ ਜੁੜ ਗਈਆਂ। ਉਨ੍ਹਾਂ ਦੇ ਹੋਂਠ ਇਸ ਤਰ੍ਹਾਂ ਹਿਲ ਰਹੇ ਸਨ, ਜਿਵੇਂ ਪ੍ਰਾਰਥਨਾ ਕਰਨ ਵਿਚ ਦੋਹਾਂ ਨੇ ਆਪੋ ਵਿਚ ਸ਼ਰਤ ਲਾਈ ਹੋਵੇ।
ਕਾਰਨੂਟੇਡ ਚੁੱਪ-ਚਾਪ ਆਪਣੇ ਖਿਆਲਾਂ ਵਿਚ ਲੀਨ ਸੀ। ਤਿੰਨਾਂ ਘੰਟਿਆਂ ਬਾਅਦ ਤਾਸ਼ ਸਮੇਟਦਾ ਉਹ ਲੋਸ਼ੀਓ ਨੂੰ ਕਹਿਣ ਲੱਗਾ, “ਬਈ ਮੈਨੂੰ ਭੁੱਖ ਲੱਗ ਪਈ ਹੈ।” ਤੇ ਸੇਬੇ ਨਾਲ ਬੰਨ੍ਹੀ ਪੋਟਲੀ ਵਿਚੋਂ ਭੁੰਨਿਆ ਹੋਇਆ ਮਾਸ ਕੱਢ ਕੇ ਦੋਵੇਂ ਪਤੀ ਪਤਨੀ ਖਾਣ ਲੱਗੇ।
ਕਾਊਂਟੈਸ ਉਨ੍ਹਾਂ ਵੱਲ ਤੱਕ ਕੇ ਕਹਿਣ ਲੱਗੀ, “ਸਾਨੂੰ ਵੀ ਥੋੜ੍ਹਾ-ਬਹੁਤਾ ਖਾ ਲੈਣਾ ਚਾਹੀਦਾ ਹੈ।” ਸਾਰਿਆਂ ਨੇ ‘ਹਾਂ’ ਵਿਚ ਸਿਰ ਹਿਲਾਇਆ ਤੇ ਉਸ ਨੇ ਵੀ ਆਪਣੀ ਪੋਟਲੀ ਖੋਲ੍ਹ ਲਈ ਜਿਸ ਵਿਚ ਕੈਰੇ ਤੇ ਉਸ ਦੀ ਵਹੁਟੀ ਦਾ ਖਾਣਾ ਵੀ ਸ਼ਾਮਲ ਸੀ। ਫਿਰ ਉਸ ਨੇ ਚੀਨੀ ਦੀ ਚੌੜੀ ਪਲੇਟ ਕੱਢੀ ਜਿਸ ਦੇ ਕੰਢਿਆਂ ਉਤੇ ਹਿਰਨਾਂ ਤੇ ਖਰਗੋਸ਼ਾਂ ਦੀਆਂ ਤਸਵੀਰਾਂ ਸ਼ਾਇਦ ਇਸ ਲਈ ਬਣਾਈਆਂ ਗਈਆਂ ਸਨ ਕਿ ਇਹ ਲੱਗੇ ਕਿ ਇਹ ਭਾਂਡਾ ਖਾਸ ਤੌਰ ‘ਤੇ ਮਾਸ ਦੀਆਂ ਚੀਜ਼ਾਂ ਰੱਖਣ ਲਈ ਹੈ। ਇਸ ਤੋਂ ਛੁਟ ਉਨ੍ਹਾਂ ਪਾਸ ਚੂਚੇ ਦਾ ਸ਼ੋਰਬਾ ਤੇ ਸੂਰ ਦੀ ਭੁੰਨੀ ਹੋਈ ਰਾਂਦ ਵੀ ਸੀ। ਕਾਊਂਟੈਸ ਨੇ ਆਪਣੇ ਨਾਜ਼ੁਕ ਹੱਥਾਂ ਨਾਲ ਵਾਰੋ-ਵਾਰੀ ਸਭ ਚੀਜ਼ਾਂ ਕੱਢ ਕੇ ਪਲੇਟ ਵਿਚ ਸਜਾ ਦਿੱਤੀਆਂ। ਅਖਬਾਰ ਦੇ ਵਰਕੇ ਵਿਚ ਪਨੀਰ ਦਾ ਵੱਡਾ ਸਾਰਾ ਟੁਕੜਾ ਸੀ, ਉਹ ਵੀ ਤੀਜਾ ਕੁ ਹਿੱਸਾ ਕੱਟ ਕੇ ਵਿਚ ਰੱਖ ਲਿਆ।
ਬ੍ਰਹਮਚਾਰਨੀਆਂ ਦੀਆਂ ਸ਼ਾਇਦ ਇਨ੍ਹਾਂ ਚੀਜ਼ਾਂ ਦੀ ਤਾਜ਼ੀ ਖੁਸ਼ਬੋ ਨੇ ਅੱਖਾਂ ਖੋਲ੍ਹ ਦਿੱਤੀਆਂ। ਉਨ੍ਹਾਂ ਵੀ ਆਪਣਾ ਡੱਬਾ ਖੋਲ੍ਹ ਲਿਆ। ਇਨ੍ਹਾਂ ਪਾਸ ਮਾਸ ਕੁਝ ਘਟੀਆ ਕਿਸਮ ਦਾ ਸੀ ਜਿਸ ਵਿਚੋਂ ਥੋਮ ਦੀ ਖੁਸ਼ਬੋ ਆ ਰਹੀ ਸੀ।
ਕਾਰਨੂਟੇਡ ਨੇ ਆਪਣੇ ਢਿੱਲੇ ਓਵਰਕੋਟ ਦੀਆਂ ਜੇਬਾਂ ਵਿਚ ਹੱਥ ਪਾ ਕੇ ਇਕ ਜੇਬ ਵਿਚੋਂ ਉਬਲੇ ਹੋਏ ਚਾਰ ਆਂਡੇ, ਤੇ ਦੂਜੀ ਵਿਚੋਂ ਡਬਲ ਰੋਟੀ ਦਾ ਇਕ ਲੰਮਾ ਟੁਕੜਾ ਕੱਢਿਆ। ਆਂਡਿਆਂ ਦੇ ਛਿਲਕੇ ਉਸ ਨੇ ਪੈਰਾਂ ਹੇਠ ਪਏ ਘਾਹ ਵਿਚ ਸੁਟ ਦਿੱਤੇ ਤੇ ਖਾਣਾ ਸ਼ੁਰੂ ਹੋ ਗਿਆ।
ਆਂਡਿਆਂ ਵਿਚਲਾ ਪੀਲਾ ਹਿੱਸਾ ਹਵਾ ਦੇ ਬੁੱਲਿਆਂ ਨਾਲ ਹੱਥਾਂ ਵਿਚੋਂ ਭੁਰ-ਭੁਰ ਕੇ ਉਸ ਦੀ ਦਾੜ੍ਹੀ ‘ਤੇ ਖਿੱਲਰ ਰਿਹਾ ਸੀ।
ਮਾਰਗਰੇਟ ਪਾਸ ਖਾਣ ਨੂੰ ਕੁਝ ਨਹੀਂ ਸੀ। ਉਸ ਨੂੰ ਵਿਹਲ ਹੀ ਨਹੀਂ ਸੀ ਮਿਲੀ ਕਿ ਖਾਣ-ਪੀਣ ਦਾ ਸਾਮਾਨ ਲੈ ਸਕਦੀ! ਉਹ ਤਾਂ ਮਸਾਂ ਗੱਡੀ ਤੱਕ ਪਹੁੰਚ ਸਕੀ ਸੀ!
ਸਾਰਿਆਂ ਨੂੰ ਖਾਂਦਿਆਂ ਵੇਖ ਕੇ ਉਸ ਨੂੰ ਬੜਾ ਗੁੱਸਾ ਆ ਰਿਹਾ ਸੀ। ਪਹਿਲਾਂ ਤਾਂ ਦੱਬੇ ਹੋਏ ਗੁੱਸੇ ਨੇ ਉਸ ਦੇ ਸਾਰੇ ਸਰੀਰ ਨੂੰ ਹਲੂਣਿਆ। ਉਸ ਨੇ ਕੋਈ ਸੱਚੀ ਗੱਲ ਕਹਿ ਦੇਣ ਲਈ ਇਕ ਵਾਰੀ ਮੂੰਹ ਉਤਾਂਹ ਕੀਤਾ। ਉਹ ਉਨ੍ਹਾਂ ਸਾਰੇ ਮੁਸਾਫ਼ਰਾਂ ਨੂੰ ਅਪਮਾਨ ਦੀ ਵਾਛੜ ਨਾਲ ਭਿਉਂ ਦੇਣਾ ਚਾਹੁੰਦੀ ਸੀ, ਪਰ ਉਹ ਕੁਝ ਵੀ ਬੋਲ ਨਾ ਸਕੀ। ਗੁੱਸੇ ਨਾਲ ਉਸ ਦੀ ਆਵਾਜ਼ ਹੀ ਜਿਵੇਂ ਖੁਸ਼ਕ ਹੋ ਗਈ ਸੀ!
ਉਸ ਵੱਲ ਨਾ ਤਾਂ ਕੋਈ ਤੱਕ ਰਿਹਾ ਸੀ, ਨਾ ਉਸ ਬਾਰੇ ਕਿਸੇ ਨੂੰ ਖਿਆਲ ਸੀ। ਉਹ ਮਹਿਸੂਸ ਕਰ ਰਹੀ ਸੀ, ਜਿਵੇਂ ਇਨ੍ਹਾਂ ਧਰਮਾਤਮਾ ਲੋਕਾਂ ਦਾ ਨਿਰਾਦਰ ਉਹਨੂੰ ਸਮੁੱਚੀ ਨੂੰ ਹੀ ਨਿਗਲੀ ਜਾ ਰਿਹਾ ਹੈ। ਪਹਿਲਾਂ ਤਾਂ ਪਸ਼ੂਆਂ ਵਾਂਗੂੰ ਉਸ ਦਾ ਬਲੀਦਾਨ ਦਿੱਤਾ ਗਿਆ, ਤੇ ਮਗਰੋਂ ਉਸ ਨੂੰ ਪਤਿਤ ਤੇ ਬੇਕਾਰ ਸਮਝ ਕੇ ਠੁਕਰਾ ਦਿੱਤਾ ਗਿਆ।
ਇਸ ਤੋਂ ਬਾਅਦ ਉਸ ਨੂੰ ਆਪਣੀ ਉਦਣ ਵਾਲੀ ਪਟਾਰੀ ਦਾ ਖਿਆਲ ਆਇਆ ਜਿਸ ਦਾ ਸਾਰਾ ਸਾਮਾਨ ਉਸ ਨੇ ਬੜੀ ਖੁਸ਼ੀ ਤੇ ਪਿਆਰ ਨਾਲ ਇਨ੍ਹਾਂ ਲੋਕਾਂ ਦੇ ਢਿੱਡਾਂ ਵਿਚ ਪਾ ਦਿੱਤਾ ਸੀ!
ਬਹੁਤ ਜ਼ਿਆਦਾ ਕੱਸਣ ਨਾਲ ਜਿਸ ਤਰ੍ਹਾਂ ਸਾਜ਼ ਦੀ ਤਾਰ ਟੁੱਟ ਜਾਂਦੀ ਹੈ, ਇਸੇ ਤਰ੍ਹਾਂ ਮਾਰਗਰੇਟ ਦੇ ਗੁੱਸੇ ਦਾ ਬੰਨ੍ਹ ਟੁੱਟ ਗਿਆ। ਆਤਮ-ਸੰਜਮ ਦੀ ਉਸ ਨੇ ਲਗਦੀ ਵਾਹ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਸੰਭਾਲਿਆ। ਰੁਕੇ ਹੋਏ ਹਟਕੋਰਿਆਂ ਨੂੰ ਉਹ ਅੰਦਰੇ-ਅੰਦਰ ਪੀ ਗਈ ਜਿਨ੍ਹਾਂ ਨੇ ਉਸ ਦਾ ਗਲਾ ਦਬਾਇਆ ਹੋਇਆ ਸੀ, ਪਰ ਇਤਨੀ ਕੋਸ਼ਿਸ਼ ਕਰਦਿਆਂ ਵੀ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਟਪਕ ਹੀ ਪਏ। ਪਹਿਲਾਂ ਤਾਂ ਇਹ ਅੱਥਰੂ ਉਸ ਦੀਆਂ ਪਲਕਾਂ ਪਿੱਛੇ ਲੁਕੇ ਰਹੇ, ਪਰ ਛੇਤੀ ਹੀ ਇਹ ਮੋਟੀਆਂ-ਮੋਟੀਆਂ ਬੂੰਦਾਂ ਬਣ ਕੇ ਉਸ ਦੀਆਂ ਗੱਲ੍ਹਾਂ ‘ਤੇ ਵਗਣੇ ਸ਼ੁਰੂ ਹੋ ਗਏ। ਤੇ ਫਿਰ ਹੌਲੀ-ਹੌਲੀ ਬੇਕਾਬੂ ਹੋ ਕੇ ਵਹਿਣ ਲੱਗੇ। ਮਾਰਗਰੇਟ ਨੇ ਹੁਣ ਇਨ੍ਹਾਂ ਨੂੰ ਰੋਕੀ ਰੱਖਣ ਦਾ ਇਰਾਦਾ ਛੱਡ ਦਿੱਤਾ। ਇਹ ਅੱਥਰੂ ਹੁਣ ਚੱਟਾਨ ਦੇ ਉਸ ਪਾਣੀ ਵਾਂਗ ਦਿਖਾਈ ਦੇ ਰਹੇ ਸਨ ਜਿਹੜਾ ਛਣ-ਛਣ ਕੇ ਹੇਠਾਂ ਡਿੱਗਦਾ ਹੈ।
ਅੱਥਰੂ ਬਰਾਬਰ ਉਸ ਦੀ ਉਭਰੀ ਹੋਈ ਛਾਤੀ ‘ਤੇ ਡਿਗਦੇ ਰਹੇ, ਤੇ ਉਹ ਉਸੇ ਤਰ੍ਹਾਂ ਆਕੜ ਕੇ ਬੈਠੀ ਰਹੀ। ਇਸ ਵੇਲੇ ਉਸ ਦਾ ਚਿਹਰਾ ਕੁਝ ਪੀਲਾ ਤੇ ਕਰੜਾ ਦਿਖਾਈ ਦਿੰਦਾ ਸੀ। ਉਹ ਦਿਲ ਹੀ ਦਿਲ ਵਿਚ ਖਿਆਲ ਕਰ ਰਹੀ ਕਿ ਉਸ ਦੇ ਅੱਥਰੂਆਂ ਨੂੰ ਕਿਸੇ ਨਹੀਂ ਵੇਖਿਆ।
ਪਰ ਕਾਊਂਟੈਸ ਨੇ ਉਸ ਨੂੰ ਰੋਂਦਿਆਂ ਵੇਖ ਲਿਆ, ਤੇ ਉਸ ਨੇ ਇਸ਼ਾਰੇ ਨਾਲ ਆਪਣੇ ਪਤੀ ਨੂੰ ਵੀ ਉਸ ਵੱਲ ਤਕਾਇਆ। ਪਤੀ ਨੇ ਬੇਪਰਵਾਹੀ ਨਾਲ ਮੋਢੇ ਹਿਲਾ ਦਿੱਤੇ, ਜਿਵੇਂ ਕਹਿ ਰਿਹਾ ਹੋਵੇ, “ਚਲੋ ਸਾਨੂੰ ਕੀ!”
ਸ੍ਰੀਮਤੀ ਲੋਸ਼ੀਓ ਨੇ ਵੀ ਉਸ ਵੱਲ ਤਕਿਆ, ਤੇ ਤੱਕ ਕੇ ਮੁਸਕਰਾਈ, “ਸ਼ਰਮ ਦੀ ਮਾਰੀ ਰੋ ਰਹੀ ਹੈ।”
ਬਚੇ ਹੋਏ ਮਾਸ ਨੂੰ ਮੁੜ ਡੱਬੇ ਵਿਚ ਬੰਦ ਕਰ ਕੇ ਦੋਵੇਂ ਬ੍ਰਹਮਚਾਰਨੀਆਂ ਫਿਰ ਭਜਨ ਬੰਦਗੀ ਵਿਚ ਜੁੜ ਗਈਆਂ।
ਕਾਰਨੂਟੇਡ ਜਿਹੜਾ ਡਕਾਰ ਮਾਰ-ਮਾਰ ਕੇ ਆਂਡਿਆਂ ਨੂੰ ਪਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਨੇ ਆਪਣੇ ਸਾਹਮਣੇ ਵਾਲੇ ਖਾਲੀ ਥਾਂਵੇਂ ਲੱਤਾਂ ਪਸਾਰ ਲਈਆਂ ਤੇ ਪਿਛਾਂਹ ਝੁਕ ਕੇ ਬਾਂਹਾਂ ਸਿੱਧੀਆਂ ਕਰ ਲਈਆਂ। ਉਹ ਉਸ ਆਦਮੀ ਵਾਂਗ ਮੁਸਕਰਾਇਆ ਜਿਸ ਨੂੰ ਕੋਈ ਵਧੀਆ ਮਖੌਲ ਸੁਝਿਆ ਹੋਵੇ। ਉਹ ਹੌਲੀ-ਹੌਲੀ ਮਾਰਸੇਲਜ਼ ਦੇ ਇਕ ਗੀਤ (ਫਰਾਂਸੀਸੀਆਂ ਦਾ ਕੌਮੀ ਗੀਤ) ਦੀ ਤੁਕ ਗੁਣ-ਗੁਣਾਉਣ ਲੱਗਾ।
ਉਸ ਦੇ ਸਾਥੀ ਖਿਝ ਗਏ ਜਿਸ ਤੋਂ ਸਾਫ਼ ਪ੍ਰਗਟ ਸੀ ਕਿ ਉਨ੍ਹਾਂ ਨੂੰ ਇਹ ਬਾਗੀਆਨਾ ਗੀਤ ਪਸੰਦ ਨਹੀਂ। ਜਿਸ ਤਰ੍ਹਾਂ ਪੀਪੇ ਦੇ ਖੜਾਕ ਤੋਂ ਚਿੜ ਕੇ ਕੁੱਤਾ ਭੌਂਕਣ ਲਗਦਾ ਹੈ, ਇਸੇ ਤਰ੍ਹਾਂ ਉਹ ਸਾਰੇ ਕੁਝ ਨਾ ਕੁਝ ਬੋਲਣ ਲਈ ਤਿਆਰ ਹੋ ਬੈਠੇ। ਕਾਰਨੂਟੇਡ ਨੂੰ ਪਤਾ ਲੱਗ ਗਿਆ ਕਿ ਉਹ ਉਸ ਦੇ ਗੀਤ ਨਾਲ ਚਿੜ ਰਹੇ ਹਨ। ਉਹ ਹੋਰ ਉਚੀ-ਉਚੀ ਗਾਉਣ ਲੱਗ ਪਿਆ।
ਗੱਡੀ ਦੀ ਚਾਲ ਹੁਣ ਕੁਝ ਤੇਜ਼ ਹੁੰਦੀ ਜਾਂਦੀ ਸੀ, ਕਿਉਂਕਿ ਸੜਕ ‘ਤੇ ਪਈ ਹੋਈ ਬਰਫ਼ ਸਖਤ ਹੋ ਚੁੱਕੀ ਸੀ ਅਤੇ ਪਹੀਏ ਹੁਣ ਉਸ ਵਿਚ ਖੁੱਭਦੇ ਨਹੀਂ ਸਨ। ‘ਡੀਪੋ’ ਤਕ ਦੀ ਸਮੁੱਚੀ ਯਾਤਰਾ ਤੱਕ ਕਾਰਨੂਟੇਡ ਬਰਾਬਰ ਉਚੀ ਤੋਂ ਉਚੀ ਸੁਰ ਵਿਚ ਆਪਣਾ ਗੀਤ ਗਾਈ ਗਿਆ। ਉਸ ਨੇ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਸੀ ਕਿ ਇਨ੍ਹਾਂ ਰਾਜ-ਭਗਤਾਂ ਨੂੰ ਖੂਬ ਸਤਾਇਆ ਜਾਵੇ। ਨਾਲੋ-ਨਾਲ ਉਹ ਸੋਚੀ ਜਾਂਦਾ ਸੀ, “ਇਕ ਦੇਸ਼ ਭਗਤ ਦਾ ਫਰਜ਼ ਹੈ ਕਿ ਉਹ ਜਿਸ ਤਰੀਕੇ ਨਾਲ ਵੀ ਹੋ ਸਕੇ, ਦੇਸ਼ ਭਗਤੀ ਦੀ ਆਵਾਜ਼ ਟੋਡੀਆਂ ਦੇ ਕੰਨਾਂ ਤੀਕ ਪਹੁੰਚਾਵੇæææ ਖੁਸ਼ੀ ਨਾਲ ਭਾਵੇਂ ਧਿੰਗੋ-ਜ਼ੋਰੀ।”
ਇਧਰ ਮਾਰਗਰੇਟ ਦੇ ਅੱਥਰੂ ਅਜੇ ਤੱਕ ਜਾਰੀ ਸਨ। ਕਦੀ-ਕਦੀ ਤਾਂ ਉਸ ਦੀਆਂ ਸਿਸਕੀਆਂ ਦੀ ਆਵਾਜ਼, ਕਾਰਨੂਟੇਡ ਦੇ ਕੌਮੀ ਗੀਤ ਵਿਚ ਇਸ ਤਰ੍ਹਾਂ ਰਲ ਮਿਲ ਜਾਂਦੀ ਸੀ ਕਿ ਨਿਖੇੜਾ ਕਰਨਾ ਮੁਸ਼ਕਲ ਹੋ ਜਾਂਦਾ ਸੀ ਕਿ ਕੌਣ ਗਾ ਰਿਹਾ ਤੇ ਕੌਣ ਰੋ ਰਿਹਾ ਹੈ।
(ਸਮਾਪਤ)

Be the first to comment

Leave a Reply

Your email address will not be published.