ਸੰਖੇਪਤਾ ਸੁਰਜੀਤ ਹਾਂਸ ਦੀਆਂ ਰਚਨਾਵਾਂ ਦਾ ਖਾਸ ਗੁਣ ਹੈ। ਉਹ ਥੋੜ੍ਹੇ ਸ਼ਬਦਾਂ ਵਿਚ ਬਹੁਤੀ ਗੱਲ ਕਰਨ ਦਾ ਮਾਹਰ ਹੈ। ਗੱਲਬਾਤ ਅਤੇ ਮਿਲਣੀ ਵਿਚ ਵੀ ਉਸ ਦਾ ਇਹੀ ਹਿਸਾਬ ਹੈ। ਖਬਰੇ ਇਸੇ ਕਰ ਕੇ ਕਈ ਵਾਰ ਪਾਠਕ ਸੋਚਦਾ ਹੀ ਰਹਿ ਜਾਂਦਾ ਹੈ ਅਤੇ ਉਹ ਆਪਣੀ ਗੱਲ ਕਰ ਕੇ ‘ਅਹੁ ਗਿਆ ਅਹੁ ਗਿਆ’ ਹੋ ਜਾਂਦਾ ਹੈ। ਉਹ ਅੰਗਰੇਜ਼ੀ ਦਾ ਪ੍ਰੋਫੈਸਰ ਰਿਟਾਇਰ ਹੋਇਆ ਹੋਇਆ ਹੈ। ਉਸ ਨੇ ਸਾਰੇ ਦਾ ਸਾਰਾ ਸ਼ੇਕਸਪੀਅਰ ਪੰਜਾਬੀ ਵਿਚ ਅਨੁਵਾਦ ਕਰਨ ਦਾ ਕ੍ਰਿਸ਼ਮਾ ਵੀ ਕੀਤਾ ਹੈ। ਉਹਨੇ ਕਵਿਤਾ ਵੀ ਰਚੀ ਹੈ। ‘ਜਾਤੀ-ਵਾਦ ਦੀ ਦੁਵਿਧਾ’ ਨਾਂ ਦੇ ਇਸ ਲੇਖ ਵਿਚ ਵੀ ਉਸ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ ਪਰ ਸੰਖੇਪ ਰੂਪ ਵਿਚ। ਕਈ ਥਾਂ ਤਾਂ ਬੱਸ ਇਸ਼ਾਰੇ-ਮਾਤਰ ਹੀ ਹਨ, ਪਰ ਇਹ ਬੜੀਆਂ ਕੰਮ ਦੀਆਂ ਗੱਲਾਂ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ। -ਸੰਪਾਦਕ
ਸੁਰਜੀਤ ਹਾਂਸ
ਦੋ ਮਾਰਚ 1920 ਨੂੰ ਹਿੰਦੋਸਤਾਨੀ ਸੈਂਟਰਲ ਅਸੰਬਲੀ ਵਿਚ ਅੰਤਰ-ਜਾਤੀ ਵਿਆਹ ਨੂੰ ਕਾਨੂੰਨੀ ਬਣਾਉਣ ਲਈ ਬਿੱਲ ਪੇਸ਼ ਕੀਤਾ ਗਿਆ। ਸੰਨ 1920 ਤੋਂ ਪਹਿਲਾਂ ਅੰਤਰ-ਜਾਤੀ ਸਬੰਧ ਗ਼ੈਰ-ਕਾਨੂੰਨੀ ਸੀ। ਮੋਟੀ ਗੱਲ ਇਹ ਕਹੋ ਕਿ ਅਜਿਹੇ ਸਬੰਧ ਦੀ ਔਲਾਦ ਜਾਇਦਾਦ ਦੀ ਵਾਰਿਸ ਨਹੀਂ ਹੋ ਸਕਦੀ ਸੀ।
ਉਨ੍ਹੀਂ ਦਿਨੀਂ ਕਿਸੇ ਠਾਕਰ ਨੇ ਕਿਸੇ ਚਮਾਰ ‘ਤੇ ਹਮਲਾ ਕਰ ਦਿੱਤਾ, ਕਿਉਂਕਿ ਉਹ ਜਨ-ਸੰਖਿਆ ਵਿਚ ਆਪਣੇ ਆਪ ਨੂੰ ਰਾਜਪੂਤ ਲਿਖਾਉਣਾ ਚਾਹੁੰਦਾ ਸੀ।
ਜੁਲਾਈ 1920 ਵਿਚ ਸੂਰਤ ਵਿਖੇ ਨੀਵੀਂ ਜਾਤ ਦਾ ਬੰਦਾ ਨਾਗਰਿਕ ਕਮੇਟੀ ਦਾ ਮੈਂਬਰ ਚੁਣਿਆ ਗਿਆ। ਮੀਟਿੰਗ ਵਿਚ ਦੂਜੇ ਮੈਂਬਰ ਉਹ ਨੂੰ ਇਕ ਪਾਸੇ ਬੈਠਣ ਨੂੰ ਕਹਿਣ ਲੱਗੇ।
Ḕਵਿਸ਼ਕਰਮਾḔ ਅਖ਼ਬਾਰ ਰਾਮਗੜ੍ਹੀਆ ਸਿੱਖਾਂ ਨੂੰ ਹਿੰਦੂ ਤਰਖਾਣਾਂ ਨਾਲ ਰਲ, ਬਰਾਦਰੀ ਬਣਾਉਣ ਲਈ ਕਹਿੰਦਾ ਹੈ। Ḕਸਿੱਖ ਸਿਪਾਹੀḔ (ਫਿਰੋਜ਼ਪੁਰ) ਦਾ ਕਹਿਣਾ ਹੈ ਕਿ ਰਾਮਗੜ੍ਹੀਆ ਕੋਈ ਜਾਤ ਨਹੀਂ, ਰਾਮਗੜ੍ਹੀਏ ਕੇਵਲ ਸਿੱਖ ਕੌਮ ਦਾ ਅੰਗ ਹਨ। Ḕਵਿਸ਼ਕਰਮਾḔ ਕਹਿੰਦਾ ਹੈ ਕਿ ਅਕਾਲੀ ਤਾਂ ਜੱਟਾਂ ਦੀ ਪਾਰਟੀ ਹੈ ਜਿਸ ਨੂੰ ਸਿੱਖ ਪਾਰਟੀ ਕਹਿ ਕੇ ਹੋਰ ਬਰਾਦਰੀਆਂ ਨਾਲ ਨਾ-ਇਨਸਾਫੀ ਹੁੰਦੀ ਹੈ। ਰਾਮਗੜ੍ਹੀਆਂ ਦੀ ਮਿਸਾਲ ਲੈ ਕੇ ਦਰਜ਼ੀਆਂ ਨੇ ਵੀ ਨਾਮਾਬੰਸੀ ਕਾਨਫਰੰਸ ਕੀਤੀ। Ḕਸਿੱਖ ਸਿਪਾਹੀḔ ਦਾ ਕਹਿਣਾ ਹੈ ਕਿ ਅਜਿਹੀਆਂ ਕਾਨਫਰੰਸਾਂ ਸਿੱਖ ਪੰਥ (ਕੌਮ) ਲਈ ਘਾਤਕ ਹਨ। ਪਾਠਕ ਅਨੁਮਾਨ ਲਾ ਸਕਦਾ ਹੈ ਕਿ ਜਮਹੂਰੀਅਤ ਦੀ ਸੰਸਥਾਈ ਕਾਢ ਹੀ ਜਾਤਾਂ ਨੂੰ ਫਿਰਕੇ ‘ਚ ਸੰਯੁਕਤ ਕਰ ਰਹੀ ਹੈ।
Ḕਸਿੱਖ ਸਿਪਾਹੀḔ Ḕਵਿਸ਼ਕਰਮਾḔ ਦੀ ਦਲੀਲ ਨੂੰ ਝੁਠਲਾਉਣ ਲਈ ਸਿੱਖ ਅੰਤਰ-ਜਾਤੀ ਵਿਆਹਾਂ ਦੇ ਪਤੇ ਦਰਜ ਕਰਦਾ ਹੈ।
ਅੰਤਰ-ਜਾਤੀ ਵਿਆਹਾਂ ਦਾ ਵੇਰਵਾ:
ਧਾਰਮਿਕ ਕਰਮਚਾਰੀ-26, ਸਰਕਾਰੀ ਨੌਕਰੀ-21, ਵਿੱਦਿਆ ਦਾ ਮਹਿਕਮਾ-13, ਫੌਜੀ-9, ਵਿਦੇਸ਼ੀ ਵਿਅਕਤੀ-9, ਸ਼ਿਲਪੀ, ਵਪਾਰੀ, ਠੇਕੇਦਾਰ-7, ਭੂਮੀਹਾਰ (ਲੈਂਡ ਲੌਰਡ)-4, ਪਰੈਸ-3, ਪ੍ਰੋਫੈਸ਼ਨਲ-1, ਸਿੰਘ ਸਭਾ ਵਰਕਰ-1, ਅਗਿਆਤ-6; ਕੁੱਲ 100
ਵੇਖਣ ਵਾਲੀ ਗੱਲ ਇਹ ਹੈ ਕਿ ਅੰਤਰ-ਜਾਤੀ ਸਬੰਧ ਸਮਾਜ ਦੇ ਪਰਯੰਤ (ਹਾਸ਼ੀਏ) ‘ਤੇ ਵਸਦੇ ਵਿਅਕਤੀਆਂ ਲਈ ਸੰਭਵ ਹੈ। ਇਹ ਸਮਾਜ ਦੇ ਸਾਮਾਨਯ (ਆਮ) ਕੇਂਦਰ ਦੀ ਉਪਜ ਨਹੀਂ। ਕਹਾਣੀ ਦੇ ਰਚਨਾ ਸ਼ਾਸਤਰ ਲਈ ਇਹ ਮਹੱਤਵਪੂਰਨ ਤੱਥ ਹੈ ਕਿ ਪ੍ਰੇਮ ਕਹਾਣੀ ਪਰਯੰਤਕ ਵਿਅਕਤੀਆਂ ਦਾ ਵਿਹਾਰ ਹੈ, ਇਹ ਸਮਾਜ ਦੇ ਸਾਮਾਨਯ ਕੇਂਦਰ ‘ਚ ਸੰਭਵ ਨਹੀਂ ਜਿਸ ਕਰਕੇ ਪੇਂਡੂ ਪਿਛੋਕੜ ਦੀ ਪ੍ਰੇਮ ਕਹਾਣੀ ਸਿਰੇ ਨਹੀਂ ਚੜ੍ਹਦੀ।
ਯੂਨਾਨੀ ਮਿਥਿਹਾਸ ਹੈ ਕਿ ਪਹਿਲਾਂ ਇੱਕੋ ਰੂਹ ਵਿਚ ਨਰ ਤੇ ਮਦੀਨ ਹੁੰਦੇ ਸੀ। ਦੇਵਤੇ ਨਾਰਾਜ਼ ਹੋ ਗਏ ਜਿਨ੍ਹਾਂ ਨੇ ਬੰਦਿਆਂ ਦੀਆਂ ਰੂਹਾਂ ਭੰਨ ਕੇ ਦੋ ਦੋ ਕਰ ਦਿੱਤੀਆਂ। ਇਕ ਪਾਸੇ ਤ੍ਰੀਮਤਾਂ, ਦੂਜੇ ਪਾਸੇ ਮਰਦ। ਮਨੁੱਖੀ ਸਰਾਪ ਹੈ ਕਿ ਮਰਦ ਤ੍ਰੀਮਤ ਆਪਣੇ ਆਪਣੇ ਪੌਰਾਣਿਕ ਭਾਗ ਲੱਭਦੇ ਰਹਿੰਦੇ ਹਨ। ਇਹੀ ਇਸ਼ਕ ਹੈ। ਇਹੀ ਇਸ਼ਕ ਦਾ ਪ੍ਰਯਾਸ (ਯਤਨ) ਹੈ ਜਿਸ ਵਿਚ ਅਸਫ਼ਲਤਾ ਅਨਵਾਰਸ (ਲਾਜ਼ਮੀ) ਹੈ ਜਿਸ ਵਿਚੋਂ ਦੁਖਾਂਤ ਪੈਦਾ ਹੁੰਦਾ ਹੈ। Ḕਦਿ ਨੈਚੁਰਲ ਹਿਸਟਰੀ ਆਫ ਲਵḔ (ਪਿਆਰ ਦਾ ਕੁਦਰਤੀ ਇਤਿਹਾਸ) ਵਾਲਾ ਲਿਖਦਾ ਹੈ ਕਿ ਪ੍ਰਤੀਕਸ਼ਾ (ਉਡੀਕ) ਤਾਂ ਆਦਿ ਕਾਲੀ ਹੈ ਪਰ ਯਥਾਰਥ ਵਿਚ ਰੂਮਾਨ (ਰੁਮਾਂਸ) ਦੀ ਭਾਲ ਆਂਢ-ਗੁਆਂਢ ਤੱਕ ਹੀ ਸੀਮਤ ਹੁੰਦੀ ਹੈ।
ਫੇਰ ਮਾੜੀ ਹਾਲਤ ਦਾ ਵਿਆਪਕ ਅਸਰ ਹੈ। ਬਹੁਤੇ ਸਬੰਧ ਆਪਣੇ ਆਰਥਿਕ ਵਰਗ ਵਿਚ ਹੀ ਹੁੰਦੇ ਹਨ। ਕਹਾਣੀ ਤਾਂ ਭਾਵੇਂ ਭਿਖਾਰਨ ਅਤੇ ਬਾਦਸ਼ਾਹ ਦੇ ਇਸ਼ਕ ਦੀ ਬਣਾ ਲਈਏ ਪਰ ਸੱਚਾਈ ਹੋਰ ਹੈ। ਸਾਡੇ ਸਿਨਮੇ ਦੀ ਖਿੱਚ ਇਸ ਗੱਲ ਵਿਚ ਹੈ ਕਿ ਨਿਰਧਨ ਨੂੰ ਸਮ੍ਰਿਧ ਸੁੰਦਰੀ ਲੱਭ ਜਾਂਦੀ ਹੈ। ਜੇ ਜਮਾਤ-ਫਰਾਮੋਸ਼ੀ ਨਾਲ ਹੁਸਨ ਵੀ ਮਿਲ ਜਾਵੇ, ਫੇਰ ਕਾਹਦੀ ਕਸਰ ਹੈ?
ਇਕਤਸਾਦੀ ਦਰਜਾਬੰਦੀ ਦਾ ਅਸਰ ਕੇਵਲ ਭਾਰਤੀਆਂ ‘ਤੇ ਹੀ ਨਹੀਂ, ਬਾਕੀ ਦੁਨੀਆਂ ਵਿਚ ਹੈ। ਪੂਰਬੀ ਜਰਮਨਾਂ ਦੀ ਮਾਲੀ ਹਾਲਤ ਮਾੜੀ ਹੈ, ਪੱਛਮੀ ਜਰਮਨਾਂ ਨਾਲੋਂ। ਬਰਲਿਨ ਵਿਚ 15,000 ਵਿਆਹ ਹੋਏ ਤਾਂ ਕੇਵਲ 400 ਹੀ ਪੂਰਬੀ ਪੱਛਮੀ ਸੰਜੋਗ ਸਨ; 2æ6 ਫੀਸਦੀ।
ਸੁੰਦਰਤਾ ਰਾਜ ਸ਼੍ਰੇਣੀ ਜਾਂ ਸਮ੍ਰਿਧ (ਰੱਜੇ-ਪੁੱਜੇ) ਵਰਗਾਂ ‘ਚ ਸੁਲਭ ਹੁੰਦੀ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਡੇ ਦੇਸ਼ ਵਿਚ ਕੋਹ ਕਾਫ ਦੀਆਂ ਪਰੀਆਂ ਸੋਹਣੀਆਂ ਹੁੰਦੀਆਂ ਸਨ। ਹੁਣ ਤਾਂ ਕੋਹ ਕਾਫ ਦੀ ਕੋਈ ਗੱਲ ਨਹੀਂ ਹੁੰਦੀ (ਚੈਚਨ?); ਬੱਸ ਮੇਮਾਂ ਹੀ ਸੋਹਣੀਆਂ ਹਨ।
ਬਾਈਬਲ ਵਿਚ ਦਾਊਦ, ਮਿਸਰਨ ਨੂੰ ਵਿਆਹੁਣਾ ਚਾਹੁੰਦਾ ਹੈ, ਜਦੋਂ ਯਹੂਦੀ ਮਿਸਰ ਦੀ ਕੈਦ ਵਿਚ ਸਨ। ਉਹਦਾ ਬਾਪ ਮੂਸਾ ਉਹਨੂੰ ਇਸ ਗੱਲ ਤੋਂ ਵਰਜਦਾ ਹੈ। ਮੀਸ਼ਾ ਜੱਟੀ ਨਾਲ ਵਿਆਹ ਕਰਵਾਉਣਾ ਚਾਹੰਦਾ ਸੀ। ਮਿਲਦੇ ਸਾਰ ਗੁਰਦੇਵ ਸਿੰਘ ਨੇ ਪੁੱਛਣਾ, ਕਿਉਂ, ਜਾਤੀ ਸੁਧਾਰ ਹੋਇਆ ਕਿ ਨਹੀਂ?
ਕੈਥੋਲਿਕ ਪ੍ਰੋਟੈਸਟੈਂਟ ਸੰਜੋਗ ਵਾਲੇ ਵੀ ਸੰਕਟਮਈ ਜੀਵਨ ਪਰਵਾਹ ਵਿਚ ਮੁਸ਼ਕਿਲ ਅਨੁਭਵ ਕਰਨ ਲੱਗਦੇ ਹਨ; ਭਾਵੇਂ ਨਸਲ, ਸ਼੍ਰੇਣੀ, ਭਾਸ਼ਾ ਇੱਕੋ ਹੁੰਦੀ ਹੈ। ਇਹ ਕਹਿ ਲਓ, ਜੇ ਭਿੰਨਤਾ ਆਕਰਸ਼ਣੀ (ਦਿਲ ਲੁਭਾਊ) ਹੈ ਤਾਂ ਇਹਨੂੰ ਦੋਸ਼ ਦੇਣਾ ਵੀ ਸੌਖਾ ਹੋ ਜਾਂਦਾ ਹੈ।
ਸਾਡੇ ਘਰ ਦੀ ਗੱਲ ਹੈ। ਮੇਰੇ ਛੋਟੇ ਭਾਈ ਦੀ ਬੀਵੀ ਬ੍ਰਾਹਮਣ ਹੈ। ਉਹਦਾ ਵੱਡਾ ਮੁੰਡਾ ਜੈਦੀਪ ਬੜਾ ਸੋਹਣਾ ਸੁਨੱਖਾ ਜਵਾਨ ਹੈ ਪਰ ਮੰਦੇ ਭਾਗਾਂ ਨੂੰ ਉਹਦੀ ਮਾਨਸਿਕ ਆਯੂ ਚਾਰ ਸਾਲ ਦੇ ਨਿਆਣੇ ਵਾਲੀ ਹੈ। ਉਹ ਸਵੈਲੀਨ (ਔਟਿਸਟ) ਹੈ। ਛੋਟੇ ਗੌਤਮ ਦਾ ਬੁੱਧ-ਸਤਰ ਪ੍ਰਤਿਭਾ ਵਾਲਾ ਹੈ। ਕੋਲੰਬੀਆ ਯੂਨੀਵਰਸਿਟੀ ‘ਚ ਜਰਨਲਿਜ਼ਮ ਪੜ੍ਹ ਰਿਹਾ ਹੈ। ਰਿਸ਼ਤੇਦਾਰੀ ‘ਚ ਜਦੋਂ ਕਿਸੇ ਨੇ ਬੇਗਾਨੀ ਧੀ ਦੀ ਨਿੰਦਿਆ ਕਰਨੀ ਹੁੰਦੀ ਹੈ, ਤਾਂ ਕਹਿੰਦੀ ਹੈ, ਵੇਖ ਲਓ, ਚੰਗੇ ਭਲੇ ਨੂੰ ਹਿੰਦੂ ਰੱਖ ਲਿਆ, ਕਮਲੇ ਨੂੰ ਸਿੱਖ ਬਣਾ ਦਿੱਤਾ।
ਅੱਜ ਤੋਂ 50 ਕੁ ਸਾਲ ਪਹਿਲਾਂ ਚੁਟਕਲਾ ਹੁੰਦਾ ਸੀ। ਬਜ਼ੁਰਗ ਬਾਪ ਕਾਲਜ ‘ਚ ਪੜ੍ਹਦੇ ਮੁੰਡੇ ਨੂੰ ਘਿਓ ਦੇਣ ਗਿਆ। ਵਿਦਿਆਰਥੀ ਨੂੰ ਹਮ-ਜਮਾਤ ਕਹਿਣ ਲੱਗੇ, ਇਹ ਕੌਣ ਹੈ? ਮੁੰਡਾ ਬਾਪ ਦੇ ਸਾਧਾਰਨ ਕੱਪੜਿਆਂ ਦੀ ਸ਼ਰਮ ਮੰਨ ਗਿਆ, ਕਹਿੰਦਾ, ਇਹ ਸਾਡਾ ਨੌਕਰ ਹੈ। ਅਦ੍ਰਿਸ਼ਟ ਸਬੰਧ ਦੀ ਥਾਉਂ ਦ੍ਰਿਸ਼ਟਮਾਨੀ ਵਰਣਨ ਕਰ ਦਿੱਤਾ। ਜਮਾਤੀਆਂ ਨੇ ਬਜ਼ੁਰਗ ਨੂੰ ਗੱਲ ਸੁਣਾ ਦਿੱਤੀ। ਉਹ ਵੀ ਅ-ਦਿਸ਼ਟ ਸਬੰਧ ਦੀ ਕੀਮਤ ‘ਤੇ ਦ੍ਰਿਸ਼ਟਮਾਨੀ ਵਿਹਾਰ ਦੱਸਦਾ ਕਹਿੰਦਾ, ਮੁੰਡਾ ਠੀਕ ਕਹਿੰਦਾ, ਮੈਂ ਇਹਦੀ ਮਾਂ ਦਾ ਯਾਰ ਹਾਂ।
ਜਾਤ ਦਾ ਲੁਕਾਉ ਸਮਾਜੀ ਉਗਮਨ (ਉਦ+ਗਮਨ-ਸੋਸ਼ਲ ਮੋਬਿਲਿਟੀ) ਦੀ ਸਥਿਤੀ ‘ਚ ਹੁੰਦਾ ਹੈ। ਇਹ ਸ਼ਹਿਰੀ ਵਿਹਾਰ ਹੈ, ਕਿਉਂਕਿ ਸ਼ਹਿਰ ‘ਚ ਉਗਮਨ ਦੀ ਸੰਭਾਵਨਾ ਤਾਂ ਹੁੰਦੀ ਹੈ, ਯਥਾਰਥ ਭਾਵੇਂ ਨਾ ਹੀ ਹੋਵੇ। ਅੱਜ ਤੋਂ 50 ਸਾਲ ਪਹਿਲਾਂ ਪਿੰਡਾਂ ਵਿਚ ਅਜਿਹਾ ਲੁਕਾਉ ਨਹੀਂ ਸੀ, ਕਿਉਂਕਿ ਇਸ ਦੀ ਸੰਭਾਵਨਾ ਨਹੀਂ ਸੀ। ਸ਼ਾਇਦ ਅੱਜ ਵੀ ਗ੍ਰਾਮੀਣ ਵਸੋਂ ਵਿਚ ਜਾਤੀ ਸੁਧਾਰ ਦੀ ਮੌਖਿਕ ਕੋਸ਼ਿਸ਼ ਨਹੀਂ ਹੈ।
ਸਮਾਜੀ ਸਥਿਤੀ ਸਥਿਰ ਤਾਂ ਕਦੇ ਵੀ ਨਹੀਂ ਹੁੰਦੀ, ਪਰ ਕਈ ਵਾਰ ਗਤੀ ਇੰਨੀ ਮੱਧਮ ਹੁੰਦੀ ਹੈ ਕਿ ਸਮਾਜ ਦੇ ਗੋਚਰ ਨਹੀਂ ਹੁੰਦੀ ਅਤੇ ਵਿਅਕਤੀ ਵਿਵਸਥਾ ਨੂੰ ਸਥਿਰ ਸਮਝਣ ਲੱਗ ਜਾਂਦੇ ਹਨ। ਅਜਿਹੀ ਹਾਲਤ ਵਿਚ ਜਾਤਾਂ ਆਪਣੇ ਆਪਣੇ ਸਨਮਾਨ ਪ੍ਰਤਿਮਾਣ ਨੂੰ ਸਵੀਕਾਰ ਕਰ ਲੈਂਦੀਆਂ ਹਨ ਅਤੇ ਨੀਵੀਆਂ ਜਾਤਾਂ ਦੀ ਹੀਣ-ਭਾਵਨਾ ਭਾਸ਼ਾ ਵਿਚ ਬੇ-ਉਜ਼ਰ ਪ੍ਰਵੇਸ਼ ਕਰ ਜਾਂਦੀ ਹੈ। ਬਾਣੀ ਵਿਚ ਭਗਤਾਂ ਦੀ ਸ਼ਲਾਘਾ ਨਾਲ ਅਜਿਹੀ ਸ਼ਬਦਾਵਲੀ ਆ ਵੜੀ ਹੈ।
ਨਾਮਦੇਉ ਤ੍ਰਿਲੋਚਨੁ ਕਬੀਰ (ਦਾਸਰੋ)
ਮੁਕਤਿ ਭਇਓ (ਚਮਿਆਰੋ)
ਮਹਲਾ 5 ਗੂਜਰੀ 10
ਨਾਮਾ ਜੈ ਦੇਉ ਕਬੀਰੁ ਤ੍ਰਿਲੋਚਨੁ (ਅਉਜਾਤਿ)
ਰਵਿਦਾਸੁ (ਚਮਿਆਰੁ ਚਮਈਆ)
ਜੋ ਜੋ ਮਿਲੈ ਸਾਧ ਜਨ ਸੰਗਤਿ
(ਧਨੁ) ਧੰਨਾ ਜਟ ਸੈਣੁ ਮਿਲਿਆ ਹਰਿ ਦਈਆ
ਮਹਲਾ 4 ਬਿਲਾਵਲੁ ਅਸ਼ਟ 4
ਧਨੁ (ਧੰਨ) ਧੰਨਾ ਭਾਸ਼ਾਈ ਵੇਗ ਕਾਰਨ ਆਇਆ ਹੈ। ਬ੍ਰਹਮ ਵਿੱਦਿਆ ਅਨੁਸਾਰ ਆਉ-ਜਾਤ (ਨੀਵੀਂ ਜਾਤ ਵਾਲਾ) ਚਮਿਆਰੁ ਵੀ ਧੰਨੇ ਵਾਂਗੂੰ ਧੰਨ ਹੈ।
ਨਾਮਾ ਜੈ ਦੇਉ ਕਬੀਰੁ ਤ੍ਰਿਲੋਚਨੁ
ਸਭਿ ਦੋਖ ਗਏ ਚਮਰੇ
ਮਹਲਾ 4 ਮਾਰੂ 1
ਭਲੋ ਕਬੀਰੁ (ਦਾਸੁ ਦਾਸਨ) ਕੋ
(ਉਤਮੁ) ਸੈਨੁ ਜਨੁ ਨਾਈ
(ਊਚ ਤੇ ਊਚ) ਨਾਮ ਦੇਉ ਸਮਦਰਸੀ
ਰਵਿਦਾਸੁ ਠਾਕੁਰ ਬਣਿ ਆਈ
ਮਹਲਾ 5 ਸਾਰੰਗ 18
ਸਮਾਜਿਕ ਪਰਿਵਰਤਨ ਕਾਲ ਵਿਚ ਸ਼੍ਰੈਣਿਕ/ਜਾਤੀ ਦਵੈਸ਼ ਵਧੇਰੇ ਉਜਾਗਰ ਹੋਣ ਲੱਗਦਾ ਹੈ। ਸੰਨ 1766 ਵਿਚ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਨੀਵੀਆਂ ਜਾਤਾਂ ਹੁਕਮਰਾਨ ਹੋਣ ਲੱਗੀਆਂ ਸਨ ਜਿਨ੍ਹਾਂ ਵਿਚ ਬਹੁਤਾ ਕਰ ਕੇ ਜੱਟ ਸੀ। ਇਸ ਕਰ ਕੇ ਵਾਰਿਸ ਸ਼ਾਹ ਜੱਟਾਂ ਦੀ ਜਿੰਨੀ ਬਦਖੋਈ ਕਰਦਾ ਹੈ, ਓਨੀ ਸ਼ਾਇਦ ਕਿਸੇ ਹੋਰ ਨੇ ਨਹੀਂ ਕੀਤੀ।
ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ
ਗੋਜ਼ ਸ਼ਤਰ ਹੈ ਕੌਲ ਰੁਸਤਾਈਆਂ ਦਾ।
ਪਤਾਂ ਹੋਣ ਇਕੀਸ ਜਿਸ ਜੱਟ ਤਾਈਂ
ਸੋਈ ਅਸਲ ਭਰਾ ਹੈ ਭਾਈਆਂ ਦਾ।
ਜਦੋਂ ਬਹਿਣ ਅਰੂੜੀ ‘ਤੇ ਅਕਲ ਆਵੇ
ਜਿਵੇਂ ਖੜੋਤਾ ਹੋਵੇ ਗੋਸਾਈਆਂ ਦਾ।
ਸਿਰੋਂ ਲਾਹ ਕੇ ਚਿੱਤੜਾਂ ਹੇਠ ਦਿੰਦੇ
ਮਜ਼ਾ ਆਵਦਾ ਤਦੋਂ ਸਫਾਈਆਂ ਦਾ।
ਜੱਟੀ ਜੱਟ ਦੇ ਸਾਂਗ ‘ਤੇ ਹੋਈ ਰਾਜ਼ੀ
ਫਿਰੇ ਮੁਗਲ ਤੇ ਵੇਸ ਗੀਲਾਈਆਂ ਦਾ।
ਧੀਆਂ ਦੇਣੀਆਂ ਕਰਨ ਮੁਸਾਫ਼ਰਾਂ ਨੂੰ
ਵੇਚਣ ਹੋਰ ਦਰ ਮਾਲ ਜਵਾਈਆਂ ਦਾ।
ਵਾਰਿਸ ਸ਼ਾਹ ਨਾ ਮੁਇਤਬਰ ਜਾਣਨਾ ਜੇ
ਕੌਲ ਜੱਟ ਸੁਨਿਆਰ ਕਸਾਈਆਂ ਦਾ।
-ਹੀਰ ਵਾਰਿਸ (82)
(ਗੋਜ਼-ਪੱਦ, ਸ਼ਤਰ-ਊਠ ਦਾ; ਰੁਸਤਾਈ-ਪੇਂਡੂ; ਗੀਲਾਈ-ਗੀਲਾਨੀ, ਗੀਲਾਨ-ਵਾਸੀ; ਮੁਇਤਬਰ-ਇਤਬਾਰ ਵਾਲਾ)
ਇਹ ਮਿਸਲ ਮਸ਼ਹੂਰ ਜਹਾਨ ਅੰਦਰ
ਜੱਟਂ ਚਾਰੇ ਹੀ ਥੋਕ ਸੰਵਾਰਦੀ ਹੈ।
ਉਨ ਤੁੰਬਦੀ ਮਨ੍ਹੇ ‘ਤੇ ਬਾਲ ਲ੍ਹੇੜੇ
ਚਿੜੀਆਂ ਹਾਕਰੇ ਤੇ ਲੇਲੇ ਚਾਰਦੀ ਹੈ।
ਬੰਨ੍ਹ ਝੇੜੇ ਫਕੀਰਾਂ ਦੇ ਨਾਲ ਲੜਦੀ
ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ। (140)
ਅਸੀਂ ਜੱਟੀਆਂ ਹਾਣ ਪਲੱਟੀਆਂ ਹਾਂ
ਨੱਕ ਪਾੜ ਸੁਟੇ ਜਿਨ੍ਹਾਂ ਝੋਟਿਆਂ ਦੇ। (127)
ਉਪਰੋਕਤ ਜੱਟ ਦੀ ਨੁਹਾਰ ਅਜੋਕੇ ਕਾਲੇ ਅਮਰੀਕੀਆਂ ਨਾਲ ਮਿਲਦੀ ਜੁਲਦੀ ਹੈ ਜਿਹੜੀ ਹਾਕਮ ਜਮਾਤ ਨੇ ਬਣਾਈ ਹੈ।
ਦੂਜੀ ਮਿਸਾਲ ਅੰਗਰੇਜ਼ੀ ਪੱਤਰਕਾਰੀ ਦੀ ਹੈ ਜਿਸ ਨੇ ਵੀæਪੀæ ਸਿੰਘ ਨੂੰ ਬੱਦੂ ਕੀਤਾ ਹੈ ਕਿਉਂਕਿ ਆਰਕਸ਼ਣ ਦੇ ਵਿਸ਼ੇ ਦੀ ਗਰਮਾ ਗਰਮੀ ਅਨੁਸੂਚਿਤ ਜਾਤੀਆਂ ਦੇ ਉਗਮਨ ਕਾਰਨ ਹੈ।
ਵਾਰਿਸ ਸ਼ਾਹ ਦੇ ਜੱਟ ਆਪਣੇ ਵਰਗੇ ਹੋਰਾਂ ਨਾਲ ਰਲ ਕੇ 1798 ਵਿਚ ਹੁਕਮਰਾਨ ਹੋ ਜਾਂਦੇ ਹਨ ਤਾਂ ਜਾਤਿ ਹੀਣਤਾ ਦੀ ਲੋੜ ਨਹੀਂ ਰਹਿੰਦੀ। Ḕਗੁਰਬਿਲਾਸ ਦਸਵੀਂ ਪਾਤਸ਼ਾਹੀḔ ਵਿਚ ਕਲਜੁਗ ਦੇ ਖਤਰੀ ਸਿੱਖ ਹਨ, Ḕਖਤ੍ਰੀ ਹੈ ਵਹ ਸਿੱਖ ਭਣੀਜੇ।’ ਇਹ ਹਨ,
ਜਾਟ ਗਵਾਰ ਸੁ ਤੇਲੀ ਘਨੇ।
ਨਾਈ ਬਾਮਨ ਜਾਤ ਨ ਗਨੇ।
ਰਜਕ ਸੂਦ ਲੁਬਾਨੇ ਜਾਨਹੁ।
ਬਨੀਏ ਰੋੜੇ ਭਾਟ ਪਛਾਨਹੁ।
ਬਾਢੀ ਅਉਰ ਲੁਹਾਰ ਸੁਨਾਰ।
ਝੀਵਰ ਲੋਗ ਘੁਮਾਰ ਕੁਲਾਰ।
ਕਿਤਕ ਬਾਹਤੀ ਔਰ ਚਮਾਰ।
ਕਰ ਰੰਘਰੇਟੇ ਖੌਰ ਹਲਾਲ।
ਬਾਰਾਂ ਜਾਤ ਸੁਨਾਤ ਮਿਲਾਵੇਂ। (148)
(ਰਜਕ-ਧੋਬੀ, ਸੂਦ-ਸ਼ੂਦਰ, ਬਾਢੀ-ਤਰਖਾਣ, ਕੁਲਾਰ-ਕਲਾਲ, ਬਾਹਤੀ-ਚਾਂਗ ਜਤਿ, ਮਜ਼ਦੂਰੀ/ਖੇਤੀ ਦਾ ਕੰਮ। ਵੇਖੋ Ḕਮਹਾਨ ਕੋਸ਼Ḕ ਵਿਚ ਨਵੇਂ ਵਾਧੇ)
ਕਿਸੇ ਅੰਗਰੇਜ਼ ਦਾ ਕਹਿਣਾ ਹੈ ਕਿ ਪੰਜਾਬ ਵਿਚ ਜੱਟ ਆਪਣੇ ਆਪ ਨੂੰ ਸਭ ਤੋਂ ਉਚੇ ਸਮਝਦੇ ਹਨ ਅਤੇ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹੋਰ ਕੋਈ ਜਾਤ ਏਸ ਦਾਅਵੇ ਨੂੰ ਚੈਲੰਜ ਕਰਨ ਲਈ ਤਿਆਰ ਨਹੀਂ।
ਕੇਂਦਰ ਦਾ ਸੂਚਨਾ ਮੰਤਰੀ ਕੇਸਕਰ ਜਲੰਧਰ ਆਇਆ। ਉਹ ਕੁਲਵੰਤ ਸਿੰਘ ਵਿਰਕ ਨੂੰ ਪੁੱਛਦਾ,
“ਰਣਜੀਤ ਸਿੰਘ ਜੱਟ ਸੀ?”
“ਹਾਂ ਜਨਾਬ।”
“ਖ਼ਿਜਰ ਹਿਆਤ ਖਾਂ ਜੱਟ ਸੀ।”
“ਹਾਂ ਜਨਾਬ।”
(ਖ਼ਿਜਰ ਹਿਆਤ ਖਾਂ ਟਿਵਾਣਾ ਦੂਜੀ ਵਿਸ਼ਵ ਲੜਾਈ ਸਮੇਂ ਪੰਜਾਬ ਦਾ ਪ੍ਰੀਮੀਅਰ ਸੀ)
“ਪ੍ਰਤਾਪ ਸਿੰਘ ਕੈਰੋਂ ਜੱਟ ਐ?”
“ਹਾਂ ਜਨਾਬ।”
“ਮੈਂ ਸਮਝ ਗਿਆ।” ਕੇਸਕਰ ਕਹਿੰਦਾ।
ਜਿਹੜੀ ਗੱਲ ਕੇਸਕਰ ਸਮਝ ਗਿਆ ਸੀ, ਉਹ ਪਾਠਕ ਵੀ ਸਮਝ ਗਿਆ ਹੋਣੈ। (ਅੱਜ ਕੱਲ੍ਹ ਰਾਜਸਥਾਨ ‘ਚ ਜੱਟ ਅਨੁਸੂਚਿਤ ਜਾਤੀ ਹੋਣ ਲਈ ਤਰਲੇ ਮਾਰ ਰਹੇ ਹਨ)
ਸੰਨ 1798 ਦੇ ਕਲਜੁਗ ਦੇ ਖਤਰੀ ਆਪਣੀ ਪਹਿਲੀ ਸਮਾਜਿਕ ਦਸ਼ਾ ਦਾ ਵਰਣਨ ਨਿਮਨ ਉਕਤ ‘ਚ ਕਰਦੇ ਹਨ, ਜਦੋਂ ਗੁਰੂ ਗੋਬਿੰਦ ਸਿੰਘ ਉਨ੍ਹਾਂ ਨੂੰ ਖਾਲਸਾ ਸਜਣ ਨੂੰ ਕਹਿੰਦੇ ਹਨ,
ਜਾਤਿ ਕੇ ਕਮੀਨ ਦੀਨ।
ਰੰਕ ਹੈ ਅਧੀਨ ਹੀਨ।
ਕਾਮ ਕ੍ਰੋਧ ਪੀਨ ਮਨ।
ਛੀਨ ਹੈ ਨਾ ਚੈਨ ਕੋ।
ਬਿਸ਼ਈ ਮਲੀਨ ਜੀਵ।
ਸਭ ਤੇ ਸਦੀਵ ਨੀਵ।
ਜੰਤ ਸੋ ਗਰੀਬ ਹਮ।
ਭਲੋ ਗੁਨ ਹੈ ਨ ਕੋ। (ਸੂਰਜ ਪ੍ਰਕਾਸ਼)
(ਦੀਨ-ਗਰੀਬ, ਰੰਕ-ਮੰਗਤੇ, ਅਧੀਨ-ਕਿਸੇ ਦੀ ਹਕੂਮਤ ਵਿਚ; ਹੀਨ-ਛੋਟੇ, ਪੀਨ-ਮੋਟਾ, ਛੀਨ-ਥੋੜ੍ਹਾ, ਕਮਜ਼ੋਰ; ਮਲੀਨ-ਮੈਲੇ, ਸਦੀਵ-ਹਮੇਸ਼ਾ, ਨੀਵ-ਨੀਵੇਂ, ਭਲੋ-ਭਲਾ)
ਬਾਬਾ ਦੁੱਲਾ ਸਿੰਘ ਸਭ ਤੋਂ ਛੋਟੀ ਉਮਰ ਦਾ ਗ਼ਦਰੀ ਸੀ। ਬਾਬੇ ਨਾਲ ਮੇਰੀ ਕੁਝ ਚਿਰ ਬਹਿਣੀ-ਉਠਣੀ ਰਹੀ ਹੈ। ਇਕ ਦਿਨ (ਟੌਇਲਰਜ਼ ਆਫ ਦਿ ਈਸਟ ਯੂਨੀਵਰਸਿਟੀ) ਤਾਸ਼ਕੰਦ ਦੀ ਗੱਲ ਕਰਨ ਲੱਗਾ। ਇਹ ਸੰਸਥਾ ਪੂਰਬ ਦੇ ਦੇਸ਼ਾਂ ਲਈ ਇਨਕਲਾਬੀਆਂ ਦੀ ਸਿਖਲਾਈ ਕਰਦੀ ਸੀ। ਬਾਬਾ ਕਹਿੰਦਾ, ਸਾਥੋਂ ਸਾਰਿਆਂ ਤੋਂ ਜ਼ਮੀਨ ਆਦਿ ਦੀ ਮਾਲਕੀ ਬਾਰੇ ਪੁੱਛ-ਗਿੱਛ ਕੀਤੀ ਗਈ। ਕਹਿੰਦਾ, ਸਾਰਿਆਂ ਨੇ ਆਪਣੀ ਹਾਲਤ ਤੋਂ ਵੱਧ ਸਮ੍ਰਿਧ ਹੋਣ ਦੀ ਕਹੀ। ਫਿਰ ਬਾਬੇ ਦੀ ਵਾਰੀ ਆਈ। ਕਹਿੰਦਾ, ਮੇਰੀ ਕੋਈ ਜ਼ਮੀਨ ਨਹੀਂ। ਅਧਿਆਪਕ ਪੁੱਛੇ, ਕਿਉਂ, ਤੇਰੀ ਜ਼ਮੀਨ ਕਿਉਂ ਨਹੀਂ? ਬਾਬਾ ਕਹਿੰਦਾ, ਮੈਂ ਚਮਾਰ ਹਾਂ। ਉਹ ਪੁੱਛੇ, ਕਿਉਂ ਚਮਾਰਾਂ ਕੋਲ ਜ਼ਮੀਨ ਨਹੀਂ ਹੁੰਦੀ? (ਰੂਸ ਵਿਚ ਪਿੰਡ ਦੇ ਸਾਰੇ ਪੇਸ਼ਿਆਂ ਕੋਲ ਜ਼ਮੀਨ ਹੁੰਦੀ ਸੀ) ਬਾਬਾ ਕਹਿੰਦਾ, ਮੈਨੂੰ ਬੇ-ਜ਼ਮੀਨੇ ਨੂੰ ਮਿਲ ਕੇ ਕ੍ਰਾਂਤੀ ਦੇ ਅਧਿਆਪਕ ਦਾ ਚਿਹਰਾ ਖਿੜ ਗਿਆ; ਬਹੁਤੀ ਮਾਲਕੀ ਵਾਲਿਆਂ ਤੋਂ ਉਹਨੂੰ ਥੋੜ੍ਹੀ ਆਸ ਸੀ।
ਮੰਨ ਲਓ ਕਿ ਬਾਬਾ ਸੀæਪੀæਆਈæ ‘ਚ ਹੋਣ ਕਰ ਕੇ ਲਾਲ ਪਾਰਟੀ ‘ਤੇ ਅਸਿੱਧਾ ਵਾਰ ਕਰ ਰਿਹਾ ਸੀ ਪਰ ਇਹ ਗੱਲ ਤਾਂ ਨਿੱਖਰ ਆਉਂਦੀ ਹੈ ਕਿ ਵਿਚਾਰਧਾਰਕ ਤੌਰ ‘ਤੇ ਕ੍ਰਾਂਤੀਕਾਰੀ, ਮਨੋਵਿਗਿਆਨਕ ਤੌਰ ‘ਤੇ ਪ੍ਰਤਿਗਾਮੀ ਹੋ ਸਕਦਾ ਹੈ। ਜੇ ਇਸ ਦ੍ਰਿਸ਼ਟੀ ਨਾਲ ਵੇਖੀਏ ਤਾਂ ਸਾਡੇ ਬਹੁਤੇ ਪ੍ਰਗਤੀਵਾਦੀ ਲਿਖਾਰੀ ਆਪਣੀ ਜਾਤ ਲੁਕਾਉਣ ਦੇ ਆਹਰ ‘ਚ ਲੱਗੇ ਰਹਿੰਦੇ ਹਨ। ਇਹਦਾ ਮਤਲਬ ਹੈ ਕਿ ਉਨ੍ਹਾਂ ਦਾ ਪ੍ਰਗਤੀਵਾਦ ਕਿਸਾਨ ਮਜ਼ਦੂਰ ਦੇ ਹਿੱਤ ਲਈ ਥੋੜ੍ਹਾ, ਪਰ ਆਪਣੇ ਮੱਧ ਵਰਗੀ ਉਗਮਨ ਲਈ ਬਹੁਤਾ ਹੈ। ਮਤਲਬ, ਰਤਾ ਗਾਲਿਬ ਨੂੰ ਬਦਲ ਕੇ ਕਹੀਏ, Ḕਸ਼ਾਇਰੀ ਕੁਝ ਜ਼ਰੀਆ-ਇ-ਇੱਜ਼ਤ ਰਹੀ ਮੁਝੇ।’
ਮੈਂ ਏਜ਼ਾਜ਼ੀ ਸ਼ੂਦਰ (ਆਨਰੇਰੀ ਐਸ਼ਸੀæ) ਹੋਣ ਦੇ ਨਾਤੇ ਕਹਿੰਦਾ ਹਾਂ ਕਿ ਸਾਨੂੰ ਨੀਵੀਆਂ ਜਾਤਾਂ ਨੂੰ ਸਿਰ ਲੁਕੋਣ ਦੀ ਲੋੜ ਨਹੀਂ, ਸਗੋਂ ਜਾਤ ਵੰਡ ਦੀ ਮਨੂ ਸਥਿਤ ਜੜ੍ਹ ਪੁੱਟਣੀ ਚਾਹੀਦੀ ਹੈ। Ḕਅਵਿਅਕਤ ਨੇ ਵਿਅਕਤ ਹੋ ਕੇ ਵੇਦਾਂ ਅਨੁਸਾਰ ਸ੍ਰਿਸ਼ਟੀ ਰਚੀ। ਮੂੰਹ ‘ਚੋਂ ਬ੍ਰਾਹਮਣ, ਬਾਂਹਾਂ ‘ਚੋਂ ਕਸ਼ੱਤਰੀ, ਪੱਟਾਂ ‘ਚੋਂ ਵੈਸ਼, ਪੈਰਾਂ ‘ਚੋਂ ਸ਼ੂਦਰ ਪੈਦਾ ਕੀਤੇ।’ ਸਾਡੇ ਸਾਹਮਣੇ ਦੋ ਸਵਾਲ ਹਨ, ਵੇਦ ਵਿਅਕਤ ਹਨ ਜਾਂ ਅਵਿਅਕਤ? (ਮੈਨੀਫੈਸਟ ਕਿ ਅਨ-ਮੈਨੀਫੈਸਟ) ਜਦੋਂ ਅਵਿਅਕਤ, ਵਿਅਕਤ ਹੋਇਆ, ਤਾਂ ਵੇਦ ਤਾਂ ਉਸ ਤੋਂ ਪਹਿਲਾਂ ਹੀ ਵਿਅਕਤ ਹੋ ਚੁੱਕੇ ਸਨ। ਦੂਜੇ, ਦੱਖਣ ਵਿਚ ਅਵਿਅਕਤ ਦੇ ਕੇਵਲ ਮੂੰਹ ਅਤੇ ਪੈਰ ਹੀ ਰਹਿ ਗਏ, ਪੱਟ ਅਤੇ ਬਾਂਹਾਂ ਨੇ ਕੰਮ ਨਹੀਂ ਕੀਤਾ ਕਿਉਂਕਿ ਉਥੇ ਕੇਵਲ ਬ੍ਰਾਹਮਣ ਅਤੇ ਸ਼ੂਦਰ ਹੀ ਹਨ।
ਵੇਦ ਇਸਤਰੀ ਨੂੰ ਵੀ ਸ਼ੂਦਰ ਕਹਿੰਦੇ ਹਨ, ਕਿਉਂਕਿ ਔਰਤ ਵਿਚ ਵੀਰਜ ਸ਼ਕਤੀ ਨਹੀਂ ਅਤੇ ਇਹਦੇ ਬਾਰੇ ਵੇਦਾਂ ‘ਚ ਛੰਦ ਨਹੀਂ।
ਮੈਂ ਉਚ ਜਾਤੀਆਂ ਨੂੰ ਵੀ ਚਿਤਾਵਨੀ ਦਿੰਦਾ ਹਾਂ ਕਿ ਜਾਤੀ ਵੰਡ ਨੂੰ ਖ਼ਤਮ ਕਰਨਾ ਉਨ੍ਹਾਂ ਦੇ ਹਿੱਤ ਵਿਚ ਹੈ। ਜਾਤੀ ਸੰਸਕਾਰ ਕਾਇਮ ਰੱਖਦਿਆਂ ਕੋਈ ਅੰਤਹ-ਕਰਨ ਜਾਂ ਜ਼ਮੀਰ ਦੀ ਸੰਭਾਵਨਾ ਨਹੀਂ, ਕਿਉਂਕਿ ਜ਼ਮੀਰ ਸਾਰਵ (ਯੂਨੀਵਰਸਲ) ਹੁੰਦੀ ਹੈ, ਵਿਸ਼ੇਸ਼ ਨਹੀਂ। ਅਧੂਰੀ ਜ਼ਮੀਰ ਵਾਲਾ ਦੇਸ਼ ਆਰਥਿਕ ਤੌਰ ‘ਤੇ ਦੁਨੀਆਂ ‘ਚ ਪੱਛੜਿਆ ਰਹੇਗਾ। ਸਾਰਵ ਜ਼ਮੀਰ ਤੋਂ ਬਿਨਾਂ ਅਸੀਂ ਲੋਕਵਾਦੀ/ਲੋਕਤੰਤਰੀ ਰੁਚੀ ਨੂੰ ਬਰਕਰਾਰ ਨਹੀਂ ਰੱਖ ਸਕਾਂਗੇ। ਲੋਕਵਾਦ/ਲੋਕਤੰਤਰ ਤੋਂ ਪਿੱਛੇ ਹਟਦੇ ਅਸੀਂ ਕਿਹੜੀ ਦੁਨੀਆਂ ‘ਚ ਅੱਗੇ ਨਿਕਲ ਜਾਣਾ ਹੈ।
ਪ੍ਰਤਿ-ਸੰਸਕ੍ਰਿਤੀ (ਕਾਊਂਟਰ ਕਲਚਰ) ਵਿਚ ਜਾਤੀ ਵੰਡ ਦੋਸ਼ ਦੀ ਥਾਉਂ ਗੁਣ ਹੋ ਜਾਂਦੀ ਹੈ। ਵੈਲੀਆਂ ਦੀ ਅੰਤਰ-ਜਾਤੀ ਢਾਣੀ ਹੁੰਦੀ ਹੈ।
Leave a Reply