ਚੰੜੀਗੜ੍ਹ: ਹਰਿਆਣਾ ਸਰਕਾਰ ਨੇ ਡੇਰਾ ਸਿਰਸਾ ਨਾਲ ਸਬੰਧਤ ਤਕਰੀਬਨ 400 ਵਿਅਕਤੀਆਂ ਨੂੰ ਡੇਰਾ ਮੁਖੀ ਵੱਲੋਂ ਜਬਰਦਸਤੀ ਨਿਪੁੰਸਕ ਬਣਾਉਣ ਦੇ ਦੋਸ਼ਾਂ ਬਾਰੇ ਹਾਈ ਕੋਰਟ ਵਿਚ ਆਪਣੀ ਰਿਪੋਰਟ ਦਾਇਰ ਕਰ ਦਿੱਤੀ ਜਿਸ ਮੁਤਾਬਕ ਵੱਖ-ਵੱਖ ਕਤਲ ਕੇਸਾਂ ਵਿਚ ਫੜੇ ਹੋਏ ਸੱਤ ਡੇਰਾ ਪੈਰੋਕਾਰਾਂ ਦੇ ਬਿਆਨਾਂ ਮੁਤਾਬਕ ਉਹ ਮਰਜ਼ੀ ਨਾਲ ਨਿਪੁੰਸਕ ਬਣੇ ਹਨ।
ਡੇਰੇ ਨਾਲ ਹੀ ਸਬੰਧਤ ਰਹੇ ਸਾਧੂ ਹੰਸ ਰਾਜ ਚੌਹਾਨ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਦੋਸ਼ ਲਾਏ ਗਏ ਹਨ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਆਪਣੇ ਪੈਰੋਕਾਰਾਂ ਵਿਚਲੇ ਮਰਦਾਂ ਨੂੰ ਇਹ ਕਹਿ ਕੇ ਜ਼ਬਰਦਸਤੀ ਨਿਪੁੰਸਕ ਬਣਾ ਦਿੰਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਪਟੀਸ਼ਨਰ ਨੇ ਦੋਸ਼ ਲਾਏ ਹਨ ਕਿ ਡੇਰੇ ਵਿਚਲੇ ਤਕਰੀਬਨ 400 ਮਰਦ ਪੈਰੋਕਾਰ ਸਰੀਰਕ ਤੌਰ ‘ਤੇ ਨਿਪੁੰਸਕ ਬਣਾਏ ਜਾ ਚੁੱਕੇ ਹਨ।
ਹਾਈ ਕੋਰਟ ਵੱਲੋਂ ਇਸ ਬਾਰੇ ਹਰਿਆਣਾ ਸਰਕਾਰ ਸਣੇ ਸਬੰਧਤ ਮਰਦ ਪੈਰੋਕਾਰਾਂ, ਡੇਰਾ ਮੁਖੀ ਆਦਿ ਕੋਲੋਂ ਜਵਾਬ ਮੰਗਿਆ ਗਿਆ ਸੀ। ਇਸ ਬਾਰੇ ਹਰਿਆਣਾ ਸਰਕਾਰ ਵੱਲੋਂ ਹਾਈ ਕੋਰਟ ਕੋਲ ਰਿਪੋਰਟ ਦਾਇਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਸ ਵੇਲੇ ਕੇਂਦਰੀ ਜੇਲ੍ਹ ਅੰਬਾਲਾ ਵਿਚ ਬੰਦ ਫਰੀਦਕੋਟ ਵਾਸੀ ਨਿਰਮਲ ਸਿੰਘ ਤੇ ਕੁਲਦੀਪ ਸਿੰਘ ਦੇ ਨਾਲ-ਨਾਲ ਸਿਰਸਾ ਵਾਸੀ ਜਗਦੇਵ ਸਿੰਘ, ਮੁਕਤਸਰ ਵਾਸੀ ਅਵਿਨਾਸ਼ ਕੁਮਾਰ, ਸ੍ਰੀ ਗੰਗਾਨਗਰ ਵਾਸੀ ਰਾਧੇ ਸ਼ਾਮ, ਹਨੁਮਾਗੜ੍ਹ ਵਾਸੀ ਇਕਬਾਲ ਸਿੰਘ ਤੇ ਇਸ ਸਮੇਂ ਡੇਰਾ ਸਿਰਸਾ ਦੇ ਪੱਕੇ ਵਾਸੀ ਬਣ ਚੁੱਕੇ ਕ੍ਰਿਸ਼ਨ ਕੁਮਾਰ ਨਾਂ ਦੇ ਇਨ੍ਹਾਂ ਸੱਤ ਬੰਦਿਆਂ ਨੇ ਆਪਣੀ ਮਰਜ਼ੀ ਨਾਲ ਹੀ ਖ਼ੁਦ ਨੂੰ ਨਿਪੁੰਸਕ ਕਰਵਾਇਆ ਹੈ ਤੇ ਨਾਲ ਹੀ ਕਿਸੇ ਕਿਸਮ ਦੀ ਡਾਕਟਰੀ ਜਾਂਚ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਕੰਮ ਵਾਸਤੇ ਉਨ੍ਹਾਂ ‘ਤੇ ਕਿਸੇ ਵੱਲੋਂ ਵੀ ਕਦੇ ਵੀ ਕੋਈ ਦਬਾਅ ਨਹੀਂ ਪਾਇਆ ਗਿਆ। ਇਹ ਜਾਣਕਾਰੀ ਸਿਰਸਾ ਦੇ ਅਸਿਸਟੈਂਟ ਐਸ਼ਪੀ ਰਜਿੰਦਰ ਕੁਮਾਰ ਮੀਣਾ ਦੀ ਮਾਰਫ਼ਤ ਦਾਇਰ ਕੀਤੀ ਗਈ ਹੈ। ਹਾਈ ਕੋਰਟ ਵਿਚ ਇਹ ਕੇਸ ਉਜਾਗਰ ਕਰਨ ਵਾਲੇ ਸਾਧੂ ਹੰਸ ਰਾਜ ਚੌਹਾਨ ਦੀ ਵੀ ਅਦਾਲਤੀ ਹੁਕਮਾਂ ਨਾਲ ਹੀ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਦੇ ਇਕ ਬੋਰਡ ਵੱਲੋਂ ਡਾਕਟਰੀ ਜਾਂਚ ਕੀਤੀ ਜਾ ਚੁੱਕੀ ਹੈ।
ਚੌਹਾਨ ਨੇ ਹਾਈ ਕੋਰਟ ਵਿਚ ਇਹ ਵੀ ਦਾਅਵਾ ਕੀਤਾ ਕਿ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿਚ ਫਸੇ ਦੋ ਦੋਸ਼ੀਆਂ ਨੂੰ ਵੀ ਡੇਰੇ ਅੰਦਰ ਨਿਪੁੰਸਕ ਕੀਤਾ ਜਾ ਚੁੱਕਾ ਸੀ। ਇਸ ਬਾਰੇ ਡੇਰਾ ਮੁਖੀ ਵੱਲੋਂ ਵੀ ਹਾਈ ਕੋਰਟ ਵਿਚ ਆਪਣਾ ਜਵਾਬ ਦਾਇਰ ਕਰਦਿਆਂ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਾਕਾਰਦੇ ਹੋਏ ਹੰਸ ਰਾਜ ਚੌਹਾਨ ‘ਤੇ ਬਦਨਾਮ ਕਰਨ ਦੇ ਦੋਸ਼ ਲਾਏ ਹਨ। ਹਾਈ ਕੋਰਟ ਵੱਲੋਂ ਇਸ ਕੇਸ ਦੀ ਅਗਲੀ ਸੁਣਵਾਈ ਲਈ ਹੁਣ ਆਉਂਦੀ 25 ਮਾਰਚ ਦੀ ਤਾਰੀਖ ਤੈਅ ਕੀਤੀ ਗਈ ਹੈ।
_________________________________________________
ਹਾਈ ਕੋਰਟ ਵੱਲੋਂ ਰਾਮ ਰਹੀਮ ਨੂੰ ਰਾਹਤ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਉਨ੍ਹਾਂ ਵਰਗੀ ਪੁਸ਼ਾਕ ਪਹਿਨ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਤੇ ਹੇਠਲੀ ਅਦਾਲਤ ਵੱਲੋਂ ਖੁਦ ਨੋਟਿਸ ਲੈ ਕੇ ਕੇਸ ਚਲਾਉਣ ਦੇ ਹੁਕਮਾਂ ਨੂੰ ਤਕਨੀਕੀ ਆਧਾਰ ‘ਤੇ ਖਾਰਜ ਕਰ ਦਿੱਤਾ ਹੈ। ਡੇਰਾ ਮੁਖੀ ਵੱਲੋਂ ਦਾਖਲ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ। ਡੇਰਾ ਮੁਖੀ ‘ਤੇ ਬਠਿੰਡਾ ਵਿਚ ਮਈ 2007 ਵਿਚ ਇਕ ਸ਼ਿਕਾਇਤ ਦੇ ਆਧਾਰ ‘ਤੇ 295-ਏ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਆਪਣੀ ਜਾਂਚ ਤੋਂ ਬਾਅਦ ਇਸ ਮਾਮਲੇ ਨੂੰ ਰੱਦ ਕਰਨ ਦੀ ਰਿਪੋਰਟ ਦਿੱਤੀ ਸੀ। ਸ਼ਿਕਾਇਤਕਰਤਾ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਪੁਲਿਸ ਜਾਂਚ ‘ਤੇ ਸੁਆਲ ਚੁੱਕੇ ਸਨ। ਹੇਠਲੀ ਅਦਾਲਤ ਨੇ ਇਤਰਾਜ਼ਾਂ ‘ਤੇ ਵਿਚਾਰ ਕਰਦਿਆਂ ਪੁਲਿਸ ਵੱਲੋਂ ਰੱਦ ਕੀਤੀ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਮੁਕੱਦਮਾ ਜਾਰੀ ਰੱਖਿਆ। ਸੈਸ਼ਨ ਅਦਾਲਤ ਨੇ ਵੀ ਇਸ ‘ਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਡੇਰਾ ਮੁਖੀ ਦੇ ਵਕੀਲ ਐਸ਼ਕੇ ਗਰਗ ਨਰਵਾਣਾ ਨੇ ਹਾਈ ਕੋਰਟ ਵਿਚ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਮਿਥੇ ਸਮੇਂ ਤੋਂ ਬਾਅਦ ਖੁਦ ਨੋਟਿਸ ਲੈ ਕੇ ਮਾਮਲਾ ਨਹੀਂ ਚਲਾ ਸਕਦੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਰਜਸ਼ੀਟ ਦਾਖਲ ਕਰਨੀ ਚਾਹੀਦੀ ਸੀ ਜਾਂ ਅਦਾਲਤ ਤਿੰਨ ਸਾਲਾਂ ਦੇ ਅੰਦਰ ਮਾਮਲਾ ਚਲਾਉਂਦੀ। ਸ੍ਰੀ ਨਰਵਾਣਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਰੱਦ ਕਰਨ ਦੀ ਰਿਪੋਰਟ ਚਾਰ ਸਾਲਾਂ ਮਗਰੋਂ ਦਾਖਲ ਕੀਤੀ ਗਈ। ਇਸ ਦੌਰਾਨ ਅਦਾਲਤ ਵੱਲੋਂ ਖੁਦ ਮਾਮਲਾ ਚਲਾਉਣ ਦਾ ਸਮਾਂ ਮੁੱਕ ਚੁੱਕਾ ਸੀ।
Leave a Reply