ਪਰਵਾਸੀ ਪੰਜਾਬੀਆਂ ਨੇ ਨਹੀਂ ਵਿਖਾਈ ਵੋਟ ਬਣਾਉਣ ‘ਚ ਰੁਚੀ

ਚੰਡੀਗੜ੍ਹ: ਪੰਜਾਬ ਵਿਚ ਸਿਰਫ਼ 138 ਪਰਵਾਸੀ ਪੰਜਾਬੀ (ਐਨæਆਰæਆਈæ) ਵੋਟਰ ਬਣੇ ਹਨ ਜਦੋਂਕਿ ਵੱਡੀ ਗਿਣਤੀ ਨੇ ਵੋਟ ਬਣਾਉਣ ਤੋਂ ਪਾਸਾ ਹੀ ਵੱਟਿਆ ਹੈ। ਪਰਵਾਸੀ ਪੰਜਾਬੀ ਆਪੋ ਆਪਣੇ ਉਮੀਦਵਾਰਾਂ ਦੀ ਵੋਟ ਦੀ ਥਾਂ ਨੋਟ ਨਾਲ ਮਦਦ ਤਾਂ ਕਰਦੇ ਹਨ ਪਰ ਵੋਟ ਬਣਾਉਣ ਵਿਚ ਕੋਈ ਰੁਚੀ ਨਹੀਂ ਦਿਖਾਉਂਦੇ। ਚੋਣ ਕਮਿਸ਼ਨ ਨੇ ਪਰਵਾਸੀ ਭਾਰਤੀਆਂ ਨੂੰ ਆਨਲਾਈਨ ਵੋਟਰ ਬਣਨ ਦੀ ਸਹੂਲਤ ਦਿੱਤੀ ਹੋਈ ਹੈ ਪਰ ਇਸ ਦੇ ਬਾਵਜੂਦ ਉਹ ਵੋਟ ਬਣਾਉਣ ਵਿਚ ਰੁਚੀ ਨਹੀਂ ਲੈ ਰਹੇ।
ਚੋਣ ਕਮਿਸ਼ਨ ਦੇ ਵੇਰਵਿਆਂ ਅਨੁਸਾਰ ਦੇਸ਼ ਦੇ 28 ਰਾਜਾਂ ਵਿਚੋਂ ਸਿਰਫ਼ ਕੇਰਲਾ ਹੀ ਅਜਿਹਾ ਰਾਜ ਹੈ ਜਿਥੇ ਸਭ ਤੋਂ ਜਿਆਦਾ 11448 ਐਨæਆਰæਆਈæ ਵੋਟਰ ਹਨ। ਪੰਜਾਬ ਦੂਸਰੇ ਨੰਬਰ ‘ਤੇ ਹੈ ਜਿਸ ਵਿਚ 138 ਐਨæਆਰæਆਈ ਵੋਟਰ ਹਨ। ਇਨ੍ਹਾਂ ਵਿਚੋਂ 89 ਪੁਰਸ਼ ਤੇ 49 ਮਹਿਲਾ ਵੋਟਰ ਹਨ। ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਵਿਦੇਸ਼ਾਂ ਵਿਚ ਕਾਫ਼ੀ ਪ੍ਰਭਾਵ ਹੈ ਤੇ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਉਥੇ ਵੱਡਾ ਹੁੰਗਾਰਾ ਵੀ ਮਿਲਿਆ ਪਰ ਕੋਈ ਐਨæਆਰæਆਈæ ਉਨ੍ਹਾਂ ਦੀ ਵੋਟ ਪਰਚੀ ਨਾਲ ਮਦਦ ਨਹੀਂ ਕਰ ਸਕਿਆ।
ਪਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ ਪਰਵਾਸੀ ਭਾਰਤੀਆਂ ਨੂੰ ਆਨਲਾਈਨ ਵੋਟਿੰਗ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਸੇ ਕਮੀ ਕਰਕੇ ਪਰਵਾਸੀ ਭਾਰਤੀ ਵੋਟਰ ਨਹੀਂ ਬਣਦੇ। ਬਠਿੰਡਾ ਜ਼ਿਲ੍ਹੇ ਦੇ 1700 ਪਰਿਵਾਰ ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚੋਂ ਕਿਸੇ ਨੇ ਆਪਣੀ ਵੋਟ ਇਧਰ ਪੰਜਾਬ ਵਿਚ ਨਹੀਂ ਬਣਵਾਈ। ਪੰਜਾਬ ਦੇ ਦੋਆਬੇ ਖ਼ਿੱਤੇ ਵਿਚੋਂ ਵੱਡੀ ਗਿਣਤੀ ਵਿਚ ਲੋਕ ਵਿਦੇਸ਼ਾਂ ਵਿਚ ਹਨ ਪਰ ਉਨ੍ਹਾਂ ਵੱਲੋਂ ਵੀ ਕੋਈ ਰੁਚੀ ਨਹੀਂ ਲਈ ਜਾਂਦੀ ਹੈ।
ਚੋਣ ਕਮਿਸ਼ਨ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਦੇ 18 ਰਾਜ ਅਜਿਹੇ ਹਨ ਜਿਥੇ ਵੀ ਇਕ ਵੀ ਐਨæਆਰæਆਈæਵੋਟਰ ਨਹੀਂ ਹੈ। ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਵਿੱਚ ਸਿਰਫ਼ ਇਕ-ਇਕ ਐਨæਆਰæਆਈæ ਵੋਟਰ ਹੈ। ਤਾਮਿਲਨਾਡੂ ਵਿਚ 112 ਤੇ ਗੋਆ ਵਿਚ 27 ਪਰਵਾਸੀ ਭਾਰਤੀ ਵੋਟਰ ਹਨ। ਗੁਜਰਾਤ ਵਿਚ ਸਿਰਫ਼ ਸੱਤ ਐਨæਆਰæਆਈ ਵੋਟਰ ਹਨ। ਹਰਿਆਣਾ ਤੇ ਜੰਮੂ ਕਸ਼ਮੀਰ ਵਿਚ ਕੋਈ ਪਰਵਾਸੀ ਭਾਰਤੀ ਵੋਟਰ ਨਹੀਂ ਹੈ। ਪਰਵਾਸੀ ਭਾਰਤੀਆਾਂ ਦਾ ਕਹਿਣਾ ਹੈ ਕਿ ਪਰਵਾਸੀ ਭਾਰਤੀਆਂ ਨੂੰ ਆਨਲਾਈਨ ਵੋਟ ਬਣਾਉਣ ਦਾ ਹੀ ਹੱਕ ਤਾਂ ਦਿੱਤਾ ਗਿਆ ਹੈ ਪਰ ਵੋਟਿੰਗ ਦੀ ਵਿਵਸਥਾ ਵੀ ਆਨਲਾਈਨ ਹੋਣੀ ਚਾਹੀਦੀ ਹੈ। ਜੇਕਰ ਅਜਿਹਾ ਹੋ ਜਾਵੇ ਤਾਂ ਪਰਵਾਸੀ ਵੋਟਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਜਾਵੇਗੀ।

Be the first to comment

Leave a Reply

Your email address will not be published.