ਜਲੰਧਰ: ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੇ ਬਾਨੀ ਆਸ਼ੂਤੋਸ਼ ਮਹਾਰਾਜ ਦੀ ਮੌਤ ਜਾਂ ਸਮਾਧੀ ਦਾ ਭੇਤ ਪਿਛਲੇ ਇਕ ਮਹੀਨੇ ਤੋਂ ਬਰਕਰਾਰ ਹੈ। ਡੇਰੇ ਦੇ ਪ੍ਰਬੰਧਕਾਂ ਵੱਲੋਂ ਅਜੇ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਸ਼ੂਤੋਸ਼ ਮਹਾਰਾਜ ਨੇ ਫਰੀਜ਼ਰ ਵਿਚ ਸਮਾਧੀ ਲਾਈ ਹੋਈ ਹੈ। ਡੇਰੇ ਦੀ ਵੈੱਬਸਾਈਟ ‘ਤੇ ਉਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਕਿਹਾ ਕਿ ਮਹਾਰਾਜ ਆਸ਼ੂਤੋਸ਼ ਸਮਾਧੀ ਵਿਚ ਹਨ ਤੇ ਉਨ੍ਹਾਂ ਵੱਲੋਂ ਛੱਡੀ ਜਾ ਰਹੀ ਸਕਾਰਾਤਮਕ ਊਰਜਾ ਦਾ ਲਾਹਾ ਲੈਣਾ ਚਾਹੀਦਾ ਹੈ।
ਡੇਰੇ ਦੇ ਪ੍ਰਬੰਧਕ ਅਜੇ ਵੀ ਆਪਣੇ ਇਸ ਦਾਅਵੇ ‘ਤੇ ਅੜੇ ਹੋਏ ਹਨ ਕਿ ਆਸ਼ੂਤੋਸ਼ ਸਮਾਧੀ ਵਿਚ ਹਨ ਤੇ ਇਹ ਸਮਾਧੀ ਉਨ੍ਹਾਂ ਨੇ ਫਰੀਜ਼ਰ ਵਿਚ ਲਾਈ ਹੋਈ ਹੈ। ਡੇਰੇ ਵਾਲੇ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਸਮਾਧੀ ਦਾ ਕੋਈ ਵੀ ਸਮਾਂ ਨਹੀਂ ਦੱਸਿਆ ਜਾ ਸਕਦਾ। ਉਨ੍ਹਾਂ ਇਹ ਕਿਹਾ ਸੀ ਕਿ ਸਮਾਧੀ ਇਕ ਮਹੀਨਾ ਜਾਂ ਤਿੰਨ ਮਹੀਨੇ ਜਾਂ ਫਿਰ ਤਿੰਨ ਸਾਲ ਤੱਕ ਵੀ ਹੋ ਸਕਦੀ ਹੈ। ਪਿਛਲੀ ਵਾਰ ਸਮਾਧੀ ਸਿਰਫ ਤਿੰਨ ਦਿਨ ਦੀ ਹੀ ਦੱਸੀ ਗਈ ਸੀ।
ਪਿਛਲੇ ਇਕ ਮਹੀਨੇ ਤੋਂ ਡੇਰੇ ਵੱਲੋਂ ਆਸ਼ੂਤੋਸ਼ ਨੂੰ ਸਮਾਧੀ ਵਿਚ ਦੱਸੇ ਜਾਣ ਕਾਰਨ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਵਿਚ ਕਮੀ ਆਈ ਹੈ ਹਾਲਾਂਕਿ ਹਰ ਐਤਵਾਰ ਡੇਰੇ ਵਿਚ ਸਤਿਸੰਗ ਕੀਤਾ ਜਾਂਦਾ ਹੈ। ਸੰਗਤਾਂ ਐਤਵਾਰ ਵਾਲੇ ਦਿਨ ਹੀ ਆਉਂਦੀਆਂ ਹਨ। ਜ਼ਿਕਰਯੋਗ ਹੈ ਕਿ 28 ਜਨਵਰੀ ਦੀ ਅੱਧੀ ਰਾਤ ਨੂੰ ਆਸ਼ੂਤੋਸ਼ ਦੀ ਛਾਤੀ ਵਿਚ ਤਿੱਖਾ ਦਰਦ ਉੱਠਿਆ ਸੀ ਜਿਸ ਕਾਰਨ ਲੁਧਿਆਣੇ ਦੇ ਅਪੋਲੋ ਹਸਪਤਾਲ ਵਿਚੋਂ ਡਾਕਟਰਾਂ ਦੀ ਟੀਮ ਆਈ ਸੀ। ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਆਸ਼ੂਤੋਸ਼ ਦੀ ਨਬਜ਼ ਤੇ ਦਿਲ ਦੀ ਧੜਕਣ ਨਹੀਂ ਚੱਲ ਰਹੀ।
ਡਾਕਟਰਾਂ ਨੇ ਕਿਹਾ ਸੀ ਆਸ਼ੂਤੋਸ਼ ਦੀ ਕਲੀਨੀਕਲੀ ਡੈੱਥ ਹੋ ਚੁੱਕੀ ਹੈ। ਪੰਜਾਬ ਪੁਲਿਸ ਨੇ ਵੀ 5 ਫਰਵਰੀ ਨੂੰ ਹਾਈ ਕੋਰਟ ਵਿਚ ਇਹ ਰਿਪੋਰਟ ਪੇਸ਼ ਕੀਤੀ ਸੀ ਕਿ ਆਸ਼ੂਤੋਸ਼ ਦੀ ਕਲੀਨੀਕਲੀ ਡੈੱਥ ਹੋ ਚੁੱਕੀ ਹੈ। ਇਸ ਰਿਪੋਰਟ ਨਾਲ ਡਾਕਟਰਾਂ ਵੱਲੋਂ ਜਾਰੀ ਕੀਤੇ ਗਏ ਸਰਟੀਫਿਕੇਟ ਵੀ ਲਾਏ ਗਏ ਸਨ। ਇਸ ਦੇ ਬਾਵਜੂਦ ਡੇਰੇ ਦੇ ਪ੍ਰਬੰਧਕਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਸ਼ੂਤੋਸ਼ ਮਹਾਰਾਜ ਅਜੇ ਵੀ ਸਮਾਧੀ ਵਿਚ ਹਨ।
ਆਸ਼ੂਤੋਸ਼ ਦੇ ਪੁੱਤਰ ਦਲੀਪ ਝਾਅ ਵੱਲੋਂ ਆਪਣੇ ਪਿਤਾ ਦੀ ਦੇਹ ਲੈਣ ਵਾਸਤੇ ਚਾਰਾਜ਼ੋਈ ਕੀਤੀ ਜਾ ਰਹੀ ਹੈ। ਦਲੀਪ ਝਾਅ ਨੇ ਬਿਹਾਰ ਵਿਚ ਆਪਣੇ ਪਿੰਡ ਭੁੱਖ ਹੜਤਾਲ ਵੀ ਕੀਤੀ ਸੀ ਜੋ ਭਾਜਪਾ ਦੇ ਸੀਨੀਅਰ ਆਗੂ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਇਹ ਕਹਿ ਕੇ ਖਤਮ ਕਰਵਾਈ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਨਗੇ।
ਆਸ਼ੂਤੋਸ਼ ਦਾ ਪਰਿਵਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਮਿਲ ਚੁੱਕਾ ਹੈ। ਹੁਣ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਰਿੱਟ ਦਾਖਲ ਕੀਤੀ ਹੋਈ ਹੈ। ਨੂਰਮਹਿਲ ਡੇਰੇ ਦੇ ਪ੍ਰਬੰਧਕਾਂ ਵੱਲੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਆਸ਼ੂਤੋਸ਼ ਮਹਾਰਾਜ ਦਾ ਵਿਆਹ ਨਹੀਂ ਸੀ ਹੋਇਆ ਜਦੋਂ ਪਰਿਵਾਰ ਸਾਹਮਣੇ ਆ ਗਿਆ ਤਾਂ ਡੇਰੇ ਵਾਲਿਆਂ ਨੇ ਵੀ ਆਪਣਾ ਪੈਂਤੜਾ ਬਦਲ ਲਿਆ ਸੀ। ਯਾਦ ਰਹੇ ਕਿ ਡੇਰੇ ਵਾਲਿਆਂ ਨੇ ਇਸ ਮਾਮਲੇ ਵਿਚ ਕਈ ਵਾਰ ਆਪਣਾ ਸਟੈਂਡ ਬਦਲਿਆ ਸੀ ਜਿਸ ਕਾਰਨ ਸ਼ਰਧਾਲੂਆਂ ਵਿਚ ਦੁਬਿਧਾ ਵਾਲੀ ਹਾਲਤ ਬਣੀ ਹੋਈ ਹੈ। ਆਸ਼ੂਤੋਸ਼ ਦੇ ਗੁਰੂ ਸਤਪਾਲ ਮਹਾਰਾਜ ਵੀ ਇਹ ਗੱਲ ਕਹਿ ਚੁੱਕੇ ਹਨ ਕਿ ਆਸ਼ੂਤੋਸ਼ ਦਾ ਹਿੰਦੂ ਰਹੁ-ਰੀਤਾਂ ਨਾਲ ਸਸਕਾਰ ਕਰ ਦੇਣਾ ਚਾਹੀਦਾ ਹੈ।
Leave a Reply