ਡਾæ ਗੁਰਨਾਮ ਕੌਰ, ਕੈਨੇਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਰਹਮਾਹਾ ਕਾਵਿ ਰੂਪ ਦੋ ਥਾਂਵਾਂ ‘ਤੇ ਦਰਜ ਹੈ। ਗੁਰੂ ਅਰਜਨ ਦੇਵ ਨੇ ਰਾਗ ਮਾਝ ਵਿਚ ਬਾਰਹਮਾਹਾ ਦੀ ਰਚਨਾ ਕੀਤੀ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਰਾਗ ਤੁਖਾਰੀ ਵਿਚ। ਬਾਰਹਮਾਹਾ ਪੁਰਾਣੇ ਕਵੀਆਂ ਵਿਚ ਪ੍ਰਚਲਿਤ ਕਾਵਿ-ਰੂਪਾਂ ਵਿਚੋਂ ਇੱਕ ਹੈ। ਗੁਰੂ ਨਾਨਕ ਸਾਹਿਬ ਨੇ ਆਮ ਲੋਕ-ਗੀਤਾਂ ਵਿਚੋਂ ਪ੍ਰਚਲਿਤ ਬਹੁਤ ਸਾਰੇ ਕਾਵਿ-ਰੂਪਾਂ ਦੀ ਵਰਤੋਂ ਕੀਤੀ ਹੈ ਜਿਵੇਂ ਘੋੜੀਆਂ, ਸੁਹਾਗ, ਕਰਹਲੇ, ਕਾਮਣ, ਅਲਾਹੁਣੀਆਂ ਆਦਿ। ਇਸੇ ਤਰ੍ਹਾਂ ਬਾਰਹਮਾਹਾ ਵੀ ਆਮ ਪ੍ਰਚਲਿਤ ਕਾਵਿ-ਰੂਪ ਰਿਹਾ ਹੈ ਜਿਸ ਦੀ ਪੁਰਾਣੇ ਕਵੀ ਵਰਤੋਂ ਕਰਦੇ ਰਹੇ ਹਨ। ਇਸ ਲੇਖ ਵਿਚ ਗੁਰੂ ਨਾਨਕ ਸਾਹਿਬ ਦੇ ਰਚੇ ਰਾਗ ਤੁਖਾਰੀ ਵਿਚ ਬਾਰਹਮਾਹਾ ਦਾ ਜ਼ਿਕਰ ਕਰਨ ਦੇ ਦੋ ਕਾਰਨ ਹਨ, ਪਹਿਲਾ ਮਾਰਚ ਮਹੀਨੇ ਵਿਚ ਹੀ ਦੇਸੀ ਸੂਰਜੀ ਵਰ੍ਹਾ ਦੇਸੀ ਮਹੀਨੇ ਚੇਤਰ ਤੋਂ ਸ਼ੁਰੂ ਹੁੰਦਾ ਹੈ। ਦੂਸਰਾ ਕਾਰਨ ਸਤਵੀਂ ਨਾਨਕ ਜੋਤਿ ਗੁਰੂ ਹਰਰਾਇ ਦਾ ਗੁਰਗੱਦੀ ਦਿਵਸ ਵੀ ਮਾਰਚ ਮਹੀਨੇ ਵਿਚ ਹੀ ਆਉਂਦਾ ਹੈ। ਗੁਰੂ ਨਾਨਕ ਸਹਿਬ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਕਾਵਿ-ਰੂਪ ਰਾਹੀਂ ਮਨੁੱਖ ਨੂੰ ਰੱਬ ਦਾ ਜੋ ਸੁਨੇਹਾ ਦਿੱਤਾ ਹੈ, ਉਸ ਨੂੰ ਹਰ ਮਹੀਨੇ ਉਸ ਸਮੇਂ ਚੱਲ ਰਹੀ ਰੁੱਤ ਨਾਲ ਵੀ ਜੋੜਿਆ ਹੈ। ਗੁਰੂ ਨਾਨਕ ਸਾਹਿਬ ਨੇ ਜੋ ਵਿਚਾਰ ਰਾਗ ਤੁਖਾਰੀ ਵਿਚ ਪ੍ਰਗਟ ਕੀਤੇ ਹਨ, ਉਨ੍ਹਾਂ ਨੂੰ ਹੀ ਸਰਲ ਰੂਪ ਵਿਚ ਗੁਰੂ ਅਰਜਨ ਦੇਵ ਨੇ ਰਾਗ ਮਾਝ ਵਿਚ ਪ੍ਰਗਟ ਕੀਤਾ ਹੈ।
ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਨੁਸਾਰ ਸਾਰੇ ਦਿਨ ਅਤੇ ਮਹੀਨੇ ਇੱਕੋ ਜਿਹੇ ਅਹਿਮ ਹਨ ਜੇ ਉਨ੍ਹਾਂ ਨੂੰ ਅਕਾਲ ਪੁਰਖ ਦੀ ਬੰਦਗੀ ਵਿਚ, ਉਸ ਨੂੰ ਯਾਦ ਕਰਦਿਆਂ ਬਤੀਤ ਕੀਤਾ ਜਾਵੇ। ਕੋਈ ਵੀ ਦਿਨ ਜਾਂ ਮਹੀਨਾ ਸ਼ੁਭ ਜਾਂ ਅਸ਼ੁਭ ਨਹੀਂ ਹੁੰਦਾ। ਜੋ ਲੇਖੇ ਲੱਗ ਗਿਆ ਉਹ ਸ਼ੁਭ ਹੈ ਅਤੇ ਜੋ ਅਜਾਈਂ ਚਲਾ ਗਿਆ ਉਹ ਅਸ਼ੁਭ ਹੈ। ਬਾਰਹਮਾਹਾ ਵਿਚ ਗੁਰੂ ਸਾਹਿਬਾਨ ਨੇ ਕੁਦਰਤਿ ਅਤੇ ਉਸ ਦੇ ਰਚਨਹਾਰੇ ਦਾ ਬਿਆਨ ਕੀਤਾ ਹੈ। ਗੁਰੂ ਹਰਰਾਇ ਜੀ ਦਾ ਗੁਰਗੱਦੀ ਦਿਵਸ ਵਾਤਾਵਰਣ-ਚੇਤਨਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਗੁਰੂ ਹਰਰਾਇ ਜੀ ਨੂੰ ਕੁਦਰਤਿ ਅਤੇ ਇਸ ਦੇ ਜੀਵ-ਜੰਤੂਆਂ, ਬਨਸਪਤੀ ਨਾਲ ਬੇਹੱਦ ਪ੍ਰੇਮ ਸੀ।
ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਰਜ਼ਾ ਨੂੰ ਨਤਮਸਤਕ ਹੁੰਦੇ ਹੋਏ ਅਰਦਾਸ ਕਰਦੇ ਹਨ ਕਿ ਪਹਿਲਾਂ ਕੀਤੇ ਹੋਏ ਕਰਮਾਂ ਅਨੁਸਾਰ ਹੇ ਅਕਾਲ ਪੁਰਖ! ਜੀਵ ਨੂੰ ਤੂੰ ਜੋ ਦੁੱਖ-ਸੁੱਖ ਦਿੰਦਾ ਹੈਂ, ਉਹੀ ਸਹੀ ਹੈ। ਉਹ ਕਹਿੰਦੇ ਹਨ, ਹੇ ਅਕਾਲ ਪੁਰਖ ਮੈਂ ਤੇਰੀ ਰਚੀ ਹੋਈ ਇਸ ਰਚਨਾ ਵਿਚ ਰੁੱਝਾ ਹੋਇਆ ਹਾਂ। ਉਸ ਅਕਾਲ ਪੁਰਖ ਦੀ ਯਾਦ ਤੋਂ ਬਿਨਾ ਇੱਕ ਘੜੀ ਲਈ ਵੀ ਜਿਉਣਾ ਕਿਹੋ ਜਿਹਾ ਜੀਵਨ ਹੈ? ਉਸ ਅਕਾਲ ਪੁਰਖ ਤੋਂ ਵਿਛੜ ਕੇ ਜੀਵ ਦੁਖੀ ਹੁੰਦਾ ਹੈ, ਜਿਸ ਦੁੱਖ ਵਿਚੋਂ ਕੱਢਣ ਲਈ ਕੋਈ ਵੀ ਸਹਾਇਤਾ ਨਹੀਂ ਕਰਦਾ। ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਮੈਂ ਤੇਰੇ ਨਾਮ ਦਾ ਅੰਮ੍ਰਿਤ ਪੀਂਦਾ ਰਹਾਂ ਜਿਸ ਤੋਂ ਮੈਨੂੰ ਆਤਮਕ ਜੀਵਨ ਮਿਲੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਅਸੀਂ ਜੀਵ ਉਸ ਨਿਰੰਕਾਰ ਦੀ ਰਚੀ ਹੋਈ ਇਸ ਸੰਸਾਰ-ਰੂਪੀ ਮਾਇਆ ਵਿਚ ਹੀ ਫਸੇ ਹੋਏ ਹਾਂ। ਉਸ ਅਕਾਲ ਪੁਰਖ ਨੂੰ ਆਪਣੇ ਮਨ ਵਿਚ ਹਰ ਸਮਂੇ ਵਸਾਈ ਰੱਖਣਾ ਹੀ ਸਭ ਕਰਮਾਂ ਤੋਂ ਸ਼ੁਭ ਕਰਮ ਹੈ। ਇਹ ਜੀਵ-ਰੂਪੀ ਇਸਤਰੀ ਉਸ ਅਕਾਲ ਪੁਰਖ ਪਤੀ ਦਾ ਰਸਤਾ ਤੱਕ ਰਹੀ ਹੈ ਅਤੇ ਉਸ ਦੇ ਦਰਸ਼ਨ ਲਈ ਅਰਦਾਸ ਕਰਦੀ ਹੈ,
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ॥
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ॥
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ
ਹਰਿ ਬਿਨੁ ਘੜੀ ਨ ਜੀਵਾ॥
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ
ਗੁਰਮੁਖਿ ਅੰਮ੍ਰਿਤੁ ਪੀਵਾਂ॥
ਰਚਨਾ ਰਾਚਿ ਰਹੇ ਨਿਰੰਕਾਰੀ
ਪ੍ਰਭ ਮਨਿ ਕਰਮ ਸੁਕਰਮਾ॥
ਨਾਨਕ ਪੰਥੁ ਨਿਹਾਲੇ ਸਾਧਨ
ਤੂ ਸੁਣਿ ਆਤਮ ਰਾਮਾ॥੧॥ (ਪੰਨਾ ੧੧੦੭)
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਕਾਲ ਪੁਰਖ ਲਈ ਜੀਵ ਦਾ ਪ੍ਰੇਮ ਪਰਮਾਤਮਾ-ਪਤੀ ਅਤੇ ਜੀਵ-ਇਸਤਰੀ ਦੇ ਦ੍ਰਿਸ਼ਟਾਂਤ ਰਾਹੀਂ ਦੱਸਿਆ ਗਿਆ ਹੈ। ਪਪੀਹਾ ਅਤੇ ਕੋਇਲ-ਦੋਵੇਂ ਪ੍ਰੇਮ ਦੇ ਪ੍ਰਤੀਕ ਹਨ। ਪਪੀਹਾ ਆਪਣੇ ਪਿਆਰੇ ਨੂੰ ਯਾਦ ਕਰਦਿਆਂ Ḕਪੀਹੁ ਪੀਹੁḔ ਪੁਕਾਰਦਾ ਹੈ ਅਤੇ ਕੋਇਲ Ḕਕੂ ਕੂḔ ਕਰਕੇ ਗਾਉਂਦੀ ਹੈ। ਇਸੇ ਦਾ ਵਰਣਨ ਕਰਦਿਆਂ ਗੁਰੂ ਨਾਨਕ ਕਹਿੰਦੇ ਹਨ ਕਿ ਜਿਵੇਂ ਪਪੀਹਾ Ḕਪ੍ਰਿਉ ਪ੍ਰਿਉḔ ਬੋਲਦਾ ਹੈ ਅਤੇ ਕੋਇਲ Ḕਕੂ ਕੂḔ ਦੀ ਮਿੱਠੀ ਆਵਾਜ਼ ਵਿਚ ਬੋਲਦੀ ਹੈ, ਇਸੇ ਤਰ੍ਹਾਂ ਜੀਵ ਇਸਤਰੀ ਅਕਾਲ ਪੁਰਖ ਦੇ ਪ੍ਰੇਮ ਦੇ ਵੈਰਾਗ ਵਿਚ ਆ ਕੇ ਆਪਣੇ ਪ੍ਰਭੂ ਨੂੰ ਯਾਦ ਕਰਦੀ ਹੈ ਅਤੇ ਅਕਾਲ ਪੁਰਖ ਨਾਲ ਮਿਲਾਪ ਦਾ ਅਨੰਦ ਮਾਣਦੀ ਹੈ। ਉਸ ਦੀ ਸੁਰਤਿ ਅਕਾਲ ਪੁਰਖ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ। ਜਿਸ ਜੀਵ-ਇਸਤਰੀ ਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਉਹ ਜੀਵ-ਇਸਤਰੀ ਪਰਮਾਤਮਾ ਨੂੰ ਭਾ ਜਾਂਦੀ ਹੈ ਅਰਥਾਤ ਚੰਗੀ ਲੱਗਣ ਲੱਗ ਪੈਂਦੀ ਹੈ, ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ ਅਤੇ ਅਜਿਹੀ ਇਸਤਰੀ ਭਾਗਾਂ ਵਾਲੀ ਹੈ।
ਕਹਿਣ ਤੋਂ ਭਾਵ ਹੈ ਕਿ ਅਕਾਲ ਪੁਰਖ ਦਾ ਮਿਲਾਪ ਉਸ ਦੀ ਮਿਹਰ ਸਦਕਾ ਹੁੰਦਾ ਹੈ ਅਤੇ ਇਹ ਚੰਗੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਅਜਿਹੀ ਇਸਤਰੀ ਆਪਣੇ ਆਪ ਨੂੰ ਸੰਜਮ ਵਿਚ ਰੱਖ ਕੇ ਆਪਣੇ ਆਤਮਕ-ਸਰੂਪ ਵਿਚ ਟਿਕ ਜਾਂਦੀ ਹੈ ਅਤੇ ਪਰਮਾਤਮਾ ਦਾ ਉਚਾ ਟਿਕਾਣਾ ਮੱਲ ਲੈਂਦੀ ਹੈ, ਉਹ ਆਪਣੇ ਨਿਜ ਨੂੰ ਤਿਆਗ ਕੇ ਦਿਨ ਰਾਤ ਪਰਮਾਤਮ-ਰੰਗ ਵਿਚ ਰੰਗੀ ਰਹਿੰਦੀ ਹੈ,
ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ॥
ਸਾਧਨ ਸਭਿ ਰਸ ਚੋਲੇ ਅੰਕਿ ਸਮਾਣੀਆ॥
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ
ਸਾ ਸੋਹਾਗਣਿ ਨਾਰੇ॥
ਨਵ ਘਰ ਥਾਪਿ ਮਹਲ ਘਰੁ ਊਚਉ
ਨਿਜ ਘਰਿ ਵਾਸੁ ਮੁਰਾਰੇ॥
ਸਭ ਤੇਰੀ ਤੂ ਮੇਰਾ ਪ੍ਰੀਤਮੁ
ਨਿਸਿ ਬਾਸੁਰ ਰੰਗਿ ਰਾਵੈ॥
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ
ਕੋਕਿਲ ਸਬਦਿ ਸੁਹਾਵੈ॥੨॥ (ਪੰਨਾ ੧੧੦੭)
ਗੁਰੂ ਸਾਹਿਬ ਫਿਰ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਜੋ ਰਸ-ਭਿੰਨਾ ਅਤੇ ਮਨ ਤਨ ਵਿਚ ਰਮਿਆ ਹੋਇਆ ਹੈ ਕਿ ਉਹ ਉਸ ਨੂੰ ਇੱਕ ਘੜੀ ਵਾਸਤੇ ਵੀ ਭੁਲਾ ਨਹੀਂ ਸਕਦੇ। ਉਹ ਅਕਾਲ ਪੁਰਖ ਅਜਿਹਾ ਹੈ ਜਿਸ ਨੂੰ ਇੱਕ ਘੜੀ ਲਈ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਜਿਸ ਤੋਂ ਸਦਕੇ ਹੀ ਜਾਇਆ ਜਾ ਸਕਦਾ ਹੈ। ਉਸ ਦੀ ਸਿਫ਼ਤਿ-ਸਾਲਾਹ ਕਰਨ ਨਾਲ ਆਤਮਕ ਅਨੰਦ ਮਿਲਦਾ ਹੈ, ਆਤਮਕ-ਜੀਵਨ ਮਿਲਦਾ ਹੈ। ਉਸ ਪਰਵਰਦਗਾਰ ਤੋਂ ਬਿਨਾ ਜੀਵ ਦਾ ਕੋਈ ਸੰਗੀ ਜਾਂ ਸਾਥੀ ਨਹੀਂ ਹੈ (ਜੋ ਧੁਰ ਤੱਕ ਅਤੇ ਸਦੀਵੀ ਨਾਲ ਨਿਭੇ ਕਿਉਂਕਿ ਬਾਕੀ ਸਭ ਸਾਥੀ ਇਥੇ ਹੀ ਰਹਿ ਜਾਣ ਵਾਲੇ ਹਨ)। ਉਸ ਅਕਾਲ ਪੁਰਖ ਦੀ ਯਾਦ ਤੋਂ ਬਿਨਾ ਜੀਵ ਦਾ ਮਨ ਧੀਰਜ ਨਹੀਂ ਧਰਦਾ। ਜਿਹੜਾ ਮਨੁੱਖ ਪਰਮਾਤਮਾ ਦਾ ਓਟ-ਆਸਰਾ ਤੱਕਦਾ ਹੈ, ਜਿਸ ਨੇ ਉਸ ਪਰਮਾਤਮਾ ਦੇ ਚਰਨ-ਕੰਵਲਾਂ ਨੂੰ ਆਪਣੇ ਅੰਦਰ ਵਸਾ ਲਿਆ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਅਜਿਹੇ ਮਨੁੱਖ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਅਤੇ ਉਸ ਨੂੰ ਆਤਮਕ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਦੇ ਸ਼ਬਦ ਰਾਹੀਂ ਉਸ ਅੰਦਰ ਸਹਿਜ ਆ ਜਾਂਦਾ ਹੈ ਅਤੇ ਉਸ ਦਾ ਮਨ ਧੀਰਜ ਵਾਲਾ ਹੋ ਜਾਂਦਾ ਹੈ,
ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ॥
ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ॥ (ਪੰਨਾ ੧੧੦੭)
ਗੁਰੂ ਨਾਨਕ ਸਾਹਿਬ ਕਾਦਰ ਤੇ ਉਸ ਦੀ ਕੁਦਰਤਿ ਦੇ ਨਜ਼ਾਰਿਆਂ ਵਿਚੋਂ ਦ੍ਰਿਸ਼ਟਾਂਤ ਲੈ ਕੇ ਜੀਵ ਦੀ ਅਕਾਲ ਪੁਰਖ ਲਈ ਸਿੱਕ ਅਤੇ ਮਿਲਾਪ ਹੋਣ ‘ਤੇ ਮਿਲਣ ਵਾਲੇ ਅਨੰਦ ਦਾ ਜ਼ਿਕਰ ਕਰਦੇ ਹਨ, ਜਿਸ ਜੀਵ-ਇਸਤਰੀ ਦੇ ਹਿਰਦੇ-ਰੂਪੀ ਘਰ ਵਿਚ ਪਰਮਾਤਮਾ ਦੇ ਨਾਮ-ਸਿਮਰਨ ਦੀਆਂ, ਉਸ ਦੀ ਸਿਫ਼ਤਿ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਵਰਖਾ ਹੁੰਦੀ ਹੈ, ਉਸ ਜੀਵ ਅੰਦਰ ਸਹਿਜ ਆ ਜਾਂਦਾ ਹੈ। ਇਹ ਅਵਸਥਾ ਅਕਾਲ ਪੁਰਖ ਦੇ ਪ੍ਰੇਮ ਵਿਚ ਰੱਤੇ ਹੋਣ ਦੀ ਅਵਸਥਾ ਹੈ, ਜਿਸ ਪ੍ਰੇਮ ਸਦਕਾ ਇਹ ਟਿਕਾਉ ਆਉਂਦਾ ਹੈ। ਇਸ ਸਹਿਜ ਅਵਸਥਾ ਵਿਚ ਹੀ ਉਸ ਦਾ ਅਕਾਲ ਪੁਰਖ ਨਾਲ ਮਿਲਾਪ ਹੋ ਜਾਂਦਾ ਹੈ, ਉਸ ਦੀ ਪ੍ਰੀਤ ਸਦੀਵੀ ਬਣ ਜਾਂਦੀ ਹੈ। ਇਸ ਹਿਰਦੇ-ਰੂਪੀ ਮੰਦਰ ਵਿਚ ਅਕਾਲ ਪੁਰਖ ਉਦੋਂ ਆਉਂਦਾ ਹੈ ਜਦੋਂ ਉਸ ਨੂੰ ਚੰਗਾ ਲੱਗਦਾ ਹੈ ਭਾਵ ਉਹ ਆਪਣੇ ਭਾਣੇ ਵਿਚ ਹੀ ਹਿਰਦੇ-ਮੰਦਰ ਵਿਚ ਨਿਵਾਸ ਕਰਦਾ ਹੈ। ਅਜਿਹੀ ਅਵਸਥਾ ਵਿਚ ਜੀਵ-ਇਸਤਰੀ ਉਤਾਵਲੀ ਹੋ ਹੋ ਕੇ ਅਕਾਲ ਪੁਰਖ ਦੇ ਗੁਣ-ਗਾਨ ਕਰਦੀ ਹੈ ਅਤੇ ਆਖਦੀ ਹੈ ਕਿ ਹਰ ਇੱਕ ਭਾਗਾਂ ਵਾਲੇ ਜੀਵ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੈ। ਅੱਗੇ ਗੁਰੂ ਨਾਨਕ ਸਾਹਿਬ ਇਸ ਅਵਸਥਾ ਨੂੰ ਫਿਰ ਬੱਦਲਾਂ ਅਤੇ ਵਰਖਾ ਦੇ ਦ੍ਰਿਸ਼ਟਾਂਤ ਰਾਹੀਂ ਹੀ ਬਿਆਨ ਕਰਦੇ ਹੋਏ ਅਰਦਾਸ ਕਰਦੇ ਹਨ ਕਿ ਹੇ ਘਟਾਵਾਂ ਦੇ ਰੂਪ ਵਿਚ ਨਿਵ ਨਿਵ ਕੇ ਆਏ ਬੱਦਲ ਪ੍ਰੇਮ ਨਾਲ ਵਰ੍ਹ। ਪਰਮਾਤਮਾ ਦਾ ਪਿਆਰ ਮਨ ਅਤੇ ਤਨ ਵਿਚ ਅਨੰਦ ਪੈਦਾ ਕਰਦਾ ਹੈ। ਜਿਵੇਂ ਮੀਂਹ ਵਰਨ੍ਹ ਨਾਲ ਧਰਤੀ ਦੀ ਪਿਆਸ ਬੁੱਝ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮ-ਪ੍ਰੇਮ ਮਿਲਣ ਨਾਲ ਮਨੁੱਖ ਦਾ ਹਿਰਦਾ ਸ਼ਾਂਤ ਅਤੇ ਅਨੰਦਮਈ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਹਿਰਦੇ ਘਰ ਵਿਚ ਨਾਮ-ਬਾਣੀ ਦੀ ਵਰਖਾ ਹੁੰਦੀ ਹੈ, ਜਿਸ ਹਿਰਦੇ-ਘਰ ਵਿਚ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਦਾ ਪਰਵਾਹ ਚੱਲਦਾ ਹੈ, ਉਥੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਅਤੇ ਉਹ ਆਪ ਨਿਵਾਸ ਕਰਦਾ ਹੈ, ਟਿਕਾਣਾ ਬਣਾ ਲੈਂਦਾ ਹੈ,
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ॥
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ॥
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ॥
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ॥੪॥ (ਪੰਨਾ ੧੧੦੭)
ਦੇਸੀ ਵਰ੍ਹੇ ਦਾ ਅਰੰਭ ਚੇਤ ਮਹੀਨੇ ਤੋਂ ਮੰਨਿਆ ਜਾਂਦਾ ਹੈ। ਇਹ ਬਹਾਰ ਦਾ ਮਹੀਨਾ ਵੀ ਹੈ, ਬਸੰਤ ਰੁੱਤ ਦਾ ਆਗਮਨ ਹੁੰਦਾ ਹੈ ਜਦੋਂ ਕੁਦਰਤਿ ਪੂਰੇ ਜੋਬਨ ਅਤੇ ਖਿੜਾਉ ਵਿਚ ਹੁੰਦੀ ਹੈ। ਗੁਰੂ ਸਾਹਿਬ ਇਸੇ ਸੁਹਾਵਣੀ ਰੁੱਤ ਦੇ ਆਗਮਨ ਦਾ ਜ਼ਿਕਰ ਕਰਦੇ ਹਨ ਕਿ ਚੇਤ ਦਾ ਮਹੀਨਾ ਮਨ ਨੂੰ ਬਹੁਤ ਚੰਗਾ ਲੱਗਦਾ ਹੈ। ਚਾਰ-ਚੁਫੇਰੇ ਇਸ ਬਸੰਤ ਦੇ ਮਹੀਨੇ ਬਨਸਪਤੀ ਖਿੜਦੀ ਹੈ ਅਤੇ ਫੁੱਲਾਂ ਦੇ ਉਤੇ ਭੰਵਰੇ ਬੈਠੇ ਸੁਹਣੇ ਲੱਗਦੇ ਹਨ। ਜੇ ਉਸ ਵਿਚ ਅਕਾਲ ਪੁਰਖ ਆ ਵੱਸੇ ਤਾਂ ਮਨੁੱਖੀ ਹਿਰਦਾ-ਰੂਪੀ ਫੁੱਲ ਵੀ ਖਿੜ ਜਾਂਦਾ ਹੈ। ਜਿਸ ਜੀਵ-ਇਸਤਰੀ ਦਾ ਪਰਮਾਤਮਾ-ਰੂਪੀ ਪਤੀ ਉਸ ਦੇ ਹਿਰਦੇ ਵਿਚ ਨਿਵਾਸ ਨਾ ਕਰੇ, ਉਸ ਦਾ ਹਿਰਦਾ ਖਿੜਾਉ ਵਿਚ ਨਹੀਂ ਆਉਂਦਾ। ਅਜਿਹੇ ਸੱਖਣੇ ਹਿਰਦੇ ਨੂੰ ਵਿਛੜੇ ਹੋਣ ਦੀ ਅਵਸਥਾ ਵਿਚ ਫਿਰ ਵਿਕਾਰ ਘੇਰ ਲੈਂਦੇ ਹਨ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਚੇਤ ਦੇ ਇਸ ਬਸੰਤ ਦੇ ਖਿੜਾਉ ਵਾਲੇ ਮਹੀਨੇ ਵਿਚ ਅੰਬਾਂ ਤੇ ਕੋਇਲ ਬੋਲਣੀ ਸ਼ੁਰੂ ਹੋ ਜਾਂਦੀ ਹੈ। ਪਰ ਆਪਣੇ ਪ੍ਰੀਤਮ ਤੋਂ ਵਿਛੜੀ ਹੋਈ ਜੀਵ-ਇਸਤਰੀ ਨੂੰ ਕੋਇਲ ਦੇ ਇਹ ਬੋਲ ਵੀ ਸੁਹਾਵਣੇ ਨਹੀਂ ਲੱਗਦੇ ਬਲਕਿ ਉਸ ਦੇ ਹਿਰਦੇ ਵਿਚ ਵੇਦਨਾ ਪੈਦਾ ਕਰਦੇ ਹਨ, ਵਿਛੜੇ ਹੋਣ ਦੀ ਪੀੜ ਨੂੰ ਵਧਾਉਂਦੇ ਹਨ। ਅਜਿਹੀ ਜੀਵ-ਇਸਤਰੀ ਆਪਣੀ ਮਾਂ ਨੂੰ ਪੁਕਾਰਦੀ ਹੈ (ਦੁੱਖ ਵੇਲੇ ਮਨੁੱਖ ਸਿਰਫ ਆਪਣੀ ਮਾਂ ਨੂੰ ਪੁਕਾਰਦਾ ਹੈ, ਕਿਉਂਕਿ ਮਾਂ ਨਾਲ ਹੀ ਹਿਰਦੇ ਦਾ ਦੁੱਖ ਸਾਂਝਾ ਕੀਤਾ ਜਾ ਸਕਦਾ ਹੈ) ਕਿ ਹੇ ਮਾਂ ਮੇਰਾ ਮਨ ਰੂਪੀ ਭੌਰਾ ਦੁਨਿਆਵੀ ਫੁੱਲਾਂ ਅਤੇ ਡਾਲੀਆਂ ‘ਤੇ ਭਟਕਦਾ ਫਿਰਦਾ ਹੈ। ਇਹ ਆਤਮਕ ਜੀਵਨ ਨਹੀਂ ਹੈ, ਇਹ ਆਤਮਕ ਮੌਤ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਚੇਤ ਦੇ ਮਹੀਨੇ ਦੀ ਬਸੰਤ ਰੁੱਤ ਦੇ ਖਿੜਾਉ ਵਿਚ ਉਹ ਜੀਵ ਹੀ ਅਡੋਲ ਅਵਸਥਾ ਵਿਚ ਟਿਕ ਕੇ ਅਨੰਦ ਮਾਣਦਾ ਹੈ ਜਿਸ ਨੇ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਅਨੁਭਵ ਕਰ ਲਿਆ ਹੈ, ਜਿਸ ਨੇ ਉਸ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ, ਲੱਭ ਲਿਆ ਹੈ,
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ
ਮੈ ਪਿਰੁ ਘਰਿ ਬਾਹੁੜੈ॥
ਪਿਰੁ ਘਰਿ ਨਹੀ ਆਵੈ
ਧਨ ਕਿਉ ਸੁਖੁ ਪਾਵੈ
ਬਿਰਹਿ ਬਿਰੋਧ ਤਨੁ ਛੀਜੈ॥
ਕੋਕਿਲ ਅੰਬਿ ਸੁਹਾਵੀ ਬੋਲੈ
ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਡਾਲੀ
ਕਿਉ ਜੀਵਾ ਮਰੁ ਜਾਇ॥
ਨਾਨਕ ਚੇਤਿ ਸਹਜਿ ਸੁਖੁ ਪਾਵੈ
ਜੇ ਹਰਿ ਵਰੁ ਘਰਿ ਧਨ ਪਾਏ॥੫॥ (ਪੰਨਾ ੧੧੦੮)
ਚੇਤ ਤੋਂ ਅਗਲਾ ਮਹੀਨਾ ਵੈਸਾਖ ਦਾ ਹੈ। ਵੈਸਾਖ ਦਾ ਮਹੀਨਾ ਸਿੱਖ ਧਰਮ ਦੇ ਇਤਿਹਾਸ ਵਿਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ੧੬੯੯ ਦੀ ਵੈਸਾਖੀ ਨੂੰ ਦਸਮ ਪਾਤਿਸ਼ਾਹ ਹਜ਼ੂਰ ਨੇ ਖ਼ਾਲਸਾ ਸਾਜਿਆ ਸੀ ਜੋ ਗੁਰੂ ਨਾਨਕ ਵੱਲੋਂ ਅਰੰਭ ਕੀਤੇ ਮਿਸ਼ਨ ਦੀ ਪੂਰਤੀ ਸੀ। ਵੈਸਾਖ ਦੇ ਮਹੀਨੇ ਵਿਚ ਬ੍ਰਿਛ ਬੂਟਿਆਂ ਨੂੰ ਨਵੇਂ ਪੱਤਰ ਆਉਂਦੇ ਹਨ ਅਤੇ ਨਵੀਆਂ ਲਗਰਾਂ ਫੁੱਟਦੀਆਂ ਹਨ। ਗੁਰੂ ਨਾਨਕ ਸਾਹਿਬ ਇਸੇ ਦਾ ਜ਼ਿਕਰ ਕਰਦੇ ਕਹਿੰਦੇ ਹਨ ਕਿ ਵੈਸਾਖ ਦਾ ਮਹੀਨਾ ਚੰਗਾ ਲੱਗਦਾ ਹੈ, ਰੁੱਖਾਂ ‘ਤੇ ਲਗਰਾਂ ਫੁੱਟਦੀਆਂ ਹਨ ਜੋ ਸੱਜਰੇ ਆਏ ਪੱਤਰਾਂ ਦਾ ਸ਼ਿੰਗਾਰ ਕਰਦੀਆਂ ਹਨ। ਇਨ੍ਹਾਂ ਰੁੱਖਾਂ-ਟਾਹਣੀਆਂ ਦਾ ਹਾਰ-ਸ਼ਿੰਗਾਰ ਦੇਖ ਕੇ ਆਪਣੇ ਪਤੀ ਤੋਂ ਵਿਛੜੀ ਹੋਈ ਇਸਤਰੀ ਦੇ ਮਨ ਵਿਚ ਪਤੀ ਨੂੰ ਮਿਲਣ ਦੀ ਖਾਹਿਸ਼ ਜਾਗਦੀ ਹੈ ਅਤੇ ਉਹ ਘਰ ਦੇ ਦਰਵਾਜ਼ੇ ਵਿਚ ਖੜ੍ਹੀ ਪਤੀ ਦਾ ਰਸਤਾ ਦੇਖਦੀ ਹੈ। ਕੁਦਰਤਿ ਦਾ ਹਾਰ-ਸ਼ਿੰਗਾਰ ਦੇਖ ਕੇ ਉਹ ਆਪਣੇ ਹਿਰਦੇ ਵਿਚ ਪ੍ਰਭੂ-ਪਤੀ ਅੱਗੇ ਅਰਦਾਸ ਕਰਦੀ ਹੈ ਕਿ ਉਸ ਉਤੇ ਮਿਹਰ ਦੀ ਨਜ਼ਰ ਕਰੇ ਅਤੇ ਉਸ ਦੇ ਹਿਰਦੇ-ਘਰ ਵਿਚ ਨਿਵਾਸ ਕਰੇ। ਉਹ ਪਰਮਾਤਮਾ-ਪਤੀ ਅੱਗੇ ਅਰਦਾਸ ਕਰਦੀ ਹੈ ਕਿ ਆ ਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਵੇ। ਉਸ ਦੇ ਅਨੁਭਵ ਤੋਂ ਬਿਨਾ ਮਨੁੱਖ-ਇਸਤਰੀ ਦਾ ਮੁੱਲ ਕੌਡੀ ਜਿੰਨਾ ਵੀ ਨਹੀਂ ਹੈ। ਪਰ ਜੇ ਅਕਾਲ ਪੁਰਖ ਦੀ ਮਿਹਰ ਹੋ ਜਾਵੇ ਤਾਂ ਗੁਰੂ ਅਕਾਲ ਪੁਰਖ ਦਾ ਆਪ ਦਰਸ਼ਨ ਕਰਕੇ ਫਿਰ ਉਸ ਨੂੰ ਵੀ ਦਰਸ਼ਨ ਕਰਾ ਦੇਵੇ। ਦੁਨੀਆਂ ਦੀਆਂ ਨਜ਼ਰਾਂ ਵਿਚ ਉਸ ਦੀ ਕੀਮਤ ਅਨਮੋਲ ਹੋ ਜਾਵੇ। ਜੀਵ ਨੂੰ ਅਨੁਭਵ ਹੋ ਜਾਵੇਗਾ ਕਿ ਉਹ ਉਸ ਦੇ ਅੰਦਰ ਵੱਸ ਰਿਹਾ ਹੈ ਅਤੇ ਉਸ ਦੇ ਟਿਕਾਣੇ ਦੀ ਉਸ ਨੂੰ ਪਛਾਣ ਹੋ ਗਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਵੈਸਾਖ ਦੇ ਮਹੀਨੇ ਵਿਚ ਕੁਦਰਤਿ ਦੇ ਹਾਰ-ਸ਼ਿੰਗਾਰ ਤੋਂ ਪ੍ਰੇਰਨਾ ਲੈ ਕੇ ਉਹ ਜੀਵ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ਜਿਸ ਦੀ ਸੁਰਤਿ ਗੁਰੂ ਦੇ ਸ਼ਬਦ ਵਿਚ ਟਿਕੀ ਹੋਈ ਹੈ। ਸ਼ਬਦ ਰਾਹੀਂ ਉਸ ਦੇ ਮਨ ਨੂੰ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਦੀ ਆਦਤ ਪੈ ਜਾਂਦੀ ਹੈ, ਉਸ ਦਾ ਮਨ ਉਸ ਵਿਚ ਜੁੜਿਆ ਰਹਿੰਦਾ ਹੈ,
ਵੈਸਾਖੁ ਭਲਾ ਸਾਖਾ ਵੇਸ ਕਰੇ॥
ਧਨ ਦੇਖੈ ਹਰਿ ਦੁਆਰਿ
ਆਵਹੁ ਦਇਆ ਕਰੇ॥
ਘਰਿ ਆਉ ਪਿਆਰੇ ਦੁਤਰ ਤਾਰੇ
ਤੁਧੁ ਬਿਨੁ ਅਢੁ ਨ ਮੋਲੋ॥
ਕੀਮਤਿ ਕਉਣ ਕਰੇ ਤੁਧੁ ਭਵਾ
ਦੇਖਿ ਦਿਖਾਵੈ ਢੋਲੋ॥
ਦੂਰਿ ਨ ਜਾਨਾ ਅੰਤਰਿ ਮਾਨਾ
ਹਰਿ ਕ ਮਹਲੁ ਪਛਾਨਾ॥
ਨਾਨਕ ਵੈਸਾਖੀਂ ਪ੍ਰਭੁ ਭਾਵੈ
ਸੁਰਤਿ ਸਬਦਿ ਮਨੁ ਮਾਨਾ॥੬॥
Leave a Reply