ਬੱਝਿਆ ਰਹੇ ਯਕੀਨ ਵੇ ਬੱਲਿਆ…

ਮੇਜਰ ਕੁਲਾਰ
ਫੋਨ: 916-273-2856
ਡਬਲ ਸਟੋਰੀ ਪੰਜ ਬੈਡਰੂਮ ਘਰ ਵਿਚ ਧੁਰ ਕੀ ਬਾਣੀ ਦੇ ਅਖੰਡ ਜਾਪ ਸੰਪੂਰਨ ਹੋਣ ਤੋਂ ਬਾਅਦ ਖੁਸ਼ੀਆਂ ਦਾ ਮਾਹੌਲ ਸੀ। ਆਏ ਮਹਿਮਾਨ ਬਾਈ ਹਰੀ ਸਿੰਘ ਤੇ ਉਸ ਦੀ ਪਤਨੀ ਦਿਲਜੀਤ ਕੌਰ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਸਨ। ਹਰੀ ਸਿੰਘ ਦੀਆਂ ਚਾਚੀਆਂ, ਤਾਈਆਂ ਤੇ ਭਰਜਾਈਆਂ ਦਿਲਜੀਤ ਕੌਰ ਨਾਲ ਗੱਲਾਂ ਕਰ ਰਹੀਆਂ ਸਨ।
“ਸਾਡੀ ਜੀਤੋ ਤਾਂ ਕਰਮਾਂ ਵਾਲੀ ਐ। ਸਾਡੇ ਪੁੱਤ ਨੇ ਤਾਂ ਏਅਰਪੋਰਟ ਤੋਂ ਆਉਂਦਿਆਂ ਹੀ ਪੰਜ ਬੈਡਰੂਮ ਵਾਲੇ ਘਰ ਦੀ ਮਾਲਕਣ ਬਣਾ ਦਿੱਤਾ।” ਇਕ ਤਾਈ ਬੋਲੀ।
“ਲੈ ਦੇਖ! ਆਉਂਦੀ ਨੂੰ ਨਵੀਆਂ ਕਾਰਾਂ। ਅਸੀਂ ਤਾਂ ਪੰਜ ਸਾਲ ਬੱਸਾਂ ਵਿਚ ਹੀ ਧੱਕੇ ਖਾਂਦੀਆਂ ਰਹੀਆਂ। ਸੱਚੀਂ ਇਹ ਤਾਂ ਨੂੰਹ ਰਾਣੀ ਕਰਮਾਂ ਵਾਲੀ ਐ।” ਦੂਜੀ ਚਾਚੀ ਵੀ ਸੁਣਾ ਗਈ।
“ਹਰੀ ਸਿਆਂ! ਸੁੱਖਾਂ ਨਾਲ ਪੁੱਤ ਤਾਂ ਤੇਰਾ ਗੱਭਰੂ ਐ, ਭਲਾ ਅੱਜ ਹੀ ਵਿਆਹ ਕਰ ਦੇ।” ਇਕ ਪੇਂਡੂ ਚਾਚੇ ਨੇ ਕਿਹਾ।
“ਬਾਈ! ਹਰੀ ਸਿਉਂ ਦੀ ਧੀ ਵੀ ਵਿਆਹੁਣ ਵਾਲੀ ਹੈ। ਅਹੁ ਦੇਖ ਪਤਲੀ ਜਿਹੀ, ਲੰਮੀ ਸੋਹਣੀæææ ਆਪਣੀ ਮਾਂ ਕੋਲ ਖੜ੍ਹੀ ਐ।” ਦੂਜੇ ਚਾਚੇ ਨੇ ਪਹਿਲੇ ਨੂੰ ਕਿਹਾ।
ਪਰਮਾਤਮਾ ਨੇ ਅੱਜ ਹਰੀ ਸਿੰਘ ਤੇ ਦਲਜੀਤ ਕੌਰ ਨੂੰ ਸਭ ਤੋਂ ਅੱਗੇ ਕਰ ਦਿੱਤਾ ਸੀ। ਇਸ ਥਾਂ ਪਹੁੰਚਦਿਆਂ ਦੋਵਾਂ ਦੀ ਸੰਘਰਸ਼ਮਈ ਜ਼ਿੰਦਗੀ ਦੀਆਂ ਪੈੜਾਂ ਜੇ ਗਿਣੀਆਂ ਜਾਣ ਤਾਂ ਮੂੰਹੋਂ ਇਹੋ ਨਿਕਲਦਾ ਕਿ ਇਹ ਇਸ ਮੰਜ਼ਲ ਦੇ ਹੱਕਦਾਰ ਸਨ। ਹਰੀ ਸਿੰਘ ਜਿਥੋਂ ਤੁਰਿਆ ਸੀ, ਮੈਂ ਵੀ ਉਥੋਂ ਹੀ ਸ਼ੁਰੂ ਕਰਦਾ ਹਾਂæææ
ਖਾੜਕੂ ਸੰਘਰਸ਼ ਉਸ ਸਮੇਂ ਆਖਰੀ ਪੜਾਅ ‘ਤੇ ਸੀ। ਜ਼ਾਲਮ ਤੇ ਲਾਲਚੀ ਪੁਲਿਸ ਅਫ਼ਸਰ ਇਸ ਮੱਠੀ ਹੁੰਦੀ ਅੱਗ ਵਿਚੋਂ ਵੀ ਕੁਝ ਖੱਟਣ ਦੀ ਲਾਲਸਾ ਨਾਲ ਚੰਗੇ ਘਰਾਂ ਦੇ ਮੁੰਡਿਆਂ ਨੂੰ ਚੁੱਕ ਲੈਂਦੇ। ਤਸ਼ੱਦਦ ਕਰਦੇ ਤੇ ਮੋਟੀਆਂ ਰਕਮਾਂ ਲੈ ਕੇ ਛੱਡ ਦਿੰਦੇ। ਜੇ ਰਕਮ ਨਾ ਮਿਲਦੀ ਤਾਂ ਚੁੱਕੇ ਹੋਏ ਗੱਭਰੂ ਦੀ ਕੋਈ ਉਘ-ਸੁੱਘ ਨਾ ਮਿਲਦੀ।
ਹਰੀ ਸਿੰਘ ਦਾ ਪਿਤਾ ਤਰਸੇਮ ਸਿੰਘ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਿਰਕੱਢ ਆਗੂ ਸੀ। ਤਰਸੇਮ ਸਿੰਘ ਨੂੰ ਕਈ ਵਾਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਫੜਨਾ, ਤਸ਼ੱਦਦ ਕਰਨਾ, ਫਿਰ ਛੱਡ ਦੇਣਾ ਤਾਂ ਆਮ ਸੀ ਪਰ ਇਕ ਵਾਰ ਪੁਲਿਸ ਹਰੀ ਸਿੰਘ ਨੂੰ ਲੈ ਗਈ। ਇਕਲੌਤਾ ਪੁੱਤਰ ਹੋਣ ਕਰ ਕੇ ਪੁਲਿਸ ਵਾਲਿਆਂ ਨੇ ਵਾਹਵਾ ਮੋਟੀ ਰਕਮ ਵਸੂਲ ਕੇ ਛੱਡਿਆ ਸੀ। ਪਰਿਵਾਰ ਖਾਲਿਸਤਾਨ ਪੱਖੀ ਹੋਣ ਕਰ ਕੇ ਕਿਸੇ ਨਾ ਕਿਸੇ ਮੁਸੀਬਤ ਵਿਚ ਘਿਰਿਆ ਰਹਿੰਦਾ। ਗੁਜ਼ਾਰੇ ਵਾਸਤੇ ਜ਼ਮੀਨ ਕਾਫੀ ਸੀ ਪਰ ਕੋਰਟ-ਕਚਹਿਰੀਆਂ ਦੇ ਚੱਕਰਾਂ ਵਿਚ ਜ਼ਮੀਨ ਨੂੰ ਵੀ ਵਾਢ ਲੱਗ ਚੁੱਕੀ ਸੀ। ਦੋਵੇਂ ਪਿਉ ਪੁੱਤ ਕਮਾਊ ਸਨ ਪਰ ਸਮਾਂ ਖੇਤੀ ਵੱਲ ਧਿਆਨ ਨਹੀਂ ਸੀ ਦੇਣ ਦਿੰਦਾ। ਇਸ ਦੌਰਾਨ ਤਰਸੇਮ ਸਿੰਘ ਦੀ ਮੌਤ ਹੋ ਗਈ। ਘਰ ‘ਤੇ ਕਹਿਰ ਟੁੱਟ ਪਿਆ। ਖਾੜਕੂ ਪੱਖੀ ਹੋਣ ਕਰ ਕੇ ਰਿਸ਼ਤੇਦਾਰ ਤਾਂ ਪਹਿਲਾਂ ਹੀ ਘੱਟ ਆਉਂਦੇ-ਜਾਂਦੇ ਸਨ ਪਰ ਹੁਣ ਲੋੜ ਵੇਲੇ ਵੀ ਕੋਈ ਨਾਲ ਨਾ ਖੜ੍ਹਿਆ।
ਉਧਰ, ਤਰਸੇਮ ਸਿੰਘ ਦੇ ਤੁਰ ਜਾਣ ਬਾਅਦ ਪੁਲਿਸ ਦਾ ਆਉਣਾ ਵੀ ਘਟਣ ਲੱਗਿਆ। ਮਾਂ ਨੇ ਹਰੀ ਸਿੰਘ ਦਾ ਵਿਆਹ ਕਰਨ ਬਾਰੇ ਸੋਚਿਆ। ਕਈ ਵਾਰ ਰਿਸ਼ਤੇਦਾਰਾਂ ਨੂੰ ਸਾਕ ਬਾਰੇ ਕਿਹਾ, ਪਰ ‘ਦੇਖਾਂਗੇ’ ਤੋਂ ਅੱਗੇ ਕੋਈ ਨਾ ਵਧਿਆ। ਹਰੀ ਸਿੰਘ ਦਾ ਇਕ ਮਿੱਤਰ ਕੈਨੇਡਾ ਤੋਂ ਕਈ ਸਾਲਾਂ ਬਾਅਦ ਪਿੰਡ ਗਿਆ ਸੀ। ਉਹਨੇ ਹਰੀ ਸਿੰਘ ਨੂੰ ਰਿਸ਼ਤਾ ਕਰਵਾ ਦਿੱਤਾ। ਦਿਲਜੀਤ ਕੌਰ ਨੇ ਘਰ ਅੰਦਰ ਪੈਰ ਰੱਖਦਿਆਂ ਹੀ ਸਭ ਦੇ ਦਿਲ ਜਿੱਤ ਲਏ। ਹਰੀ ਸਿੰਘ ਦੀ ਮਾਂ ਨੂੰ ਕੰਮ ਤੋਂ ਵਿਹਲਿਆਂ ਕਰ ਦਿੱਤਾ। ਆਪ ਰਸੋਈ ਦੇ ਕੰਮ-ਕਾਜ ਨਾਲ ਪਸ਼ੂਆਂ ਦਾ ਵੀ ਸਾਰਾ ਕੰਮ ਸਾਂਭ ਲਿਆ। ਮਾਂ ਕਹਿੰਦੀ, ਗਏ ਹੋਏ ਮੁੜਦੇ ਤਾਂ ਨਹੀਂ, ਪਰ ਪਰਮਾਤਮਾ ਕਿਸੇ ਨਾ ਕਿਸੇ ਪਾਸਿਉਂ ਆ ਕੇ ਦੁੱਖਾਂ ਦਾ ਪਾਸਾ ਪਲਟ ਦਿੰਦਾ ਹੈ। ਪਰਮਾਤਮਾ ਨੇ ਛੇਤੀ ਹੀ ਹਰੀ ਸਿੰਘ ਨੂੰ ਪੁੱਤਰ ਦੀ ਦਾਤ ਵੀ ਬਖ਼ਸ਼ ਦਿੱਤੀ।
ਥੋੜ੍ਹੀ ਰਹਿ ਗਈ ਜ਼ਮੀਨ ਵਿਚ ਹਰੀ ਸਿੰਘ ਦਾ ਦਿਲ ਨਾ ਲੱਗਦਾ। ਉਹ ਖੇਤ ਜਾਂਦਾ, ਤੇ ਦੁਖੀ ਹੋ ਕੇ ਘਰ ਮੁੜ ਆਉਂਦਾ। ਫਿਰ ਉਹਨੇ ਆਪਣੇ ਮਿੱਤਰ ਨਾਲ ਸਲਾਹ ਕਰ ਕੇ ਵਿਦੇਸ਼ ਵੱਸਣ ਦਾ ਮਨ ਬਣਾ ਲਿਆ ਪਰ ਮਾਂ ਨੇ ਮਮਤਾ ਦੀਆਂ ਬੇੜੀਆਂ ਉਹਦੇ ਪੈਰਾਂ ਨੂੰ ਪਾਉਂਦਿਆਂ ਰੋਕ ਲਿਆ। ਥੋੜ੍ਹਾ ਸਮਾਂ ਲੰਘਿਆ, ਹਰੀ ਸਿੰਘ ਦੇ ਘਰ ਧੀ ਨੇ ਜਨਮ ਲਿਆ। ਹੁਣ ਹਰੀ ਸਿੰਘ ਨੇ ਪੱਕਾ ਧਾਰ ਲਿਆ ਕਿ ਘਰ ਦੀ ਗਰੀਬੀ ਦੂਰ ਕਰਨ ਲਈ ਸੱਤ ਸਮੁੰਦਰ ਪਾਰ ਕਰਨੇ ਪੈਣੇ ਹਨ। ਫਿਰ ਉਹਨੇ ਰਹਿੰਦੀ ਜ਼ਮੀਨ ਵੇਚ ਕੇ ਅਮਰੀਕਾ ਵਾਸਤੇ ਰੁਪਏ ਭਰ ਦਿੱਤੇ। ਤਿੰਨ ਮਹੀਨਿਆਂ ਬਾਅਦ ਉਹ ਅਮਰੀਕਾ ਆ ਗਿਆ। ਹਰੀ ਸਿੰਘ ਦੇ ਮਿੱਤਰ ਨੇ ਹਫ਼ਤਾ ਆਪਣੇ ਕੋਲ ਰੱਖਿਆ। ਆਪਣੇ ਘਰ ਦੀਆਂ ਮਜਬੂਰੀਆਂ ਦੱਸ ਕੇ ਇਸ ਨੂੰ ਅਗਾਂਹ ਮੁੰਡਿਆਂ ਕੋਲ ਭੇਜ ਦਿੱਤਾ। ਮਿੱਤਰ ਨੇ ਹਰੀ ਸਿੰਘ ਨੂੰ ਸੰਘਰਸ਼ ਦੀ ਪਗਡੰਡੀ ਦਿਖਾ ਦਿੱਤੀ। ਹੁਣ ਰਾਹ ਉਸ ਨੇ ਆਪ ਖੁਦ ਬਣਾਉਣਾ ਸੀ।
ਕਿਸੇ ਟਰੱਕ ਵਾਲੇ ਦੇ ਮਨ ਮਿਹਰ ਪਈ। ਉਸ ਨੇ ਹਰੀ ਸਿੰਘ ਨੂੰ ਟਰੱਕ-ਸ਼ਾਪ ‘ਤੇ ਕੰਮ ਦਿਵਾ ਦਿੱਤਾ। ਹਰੀ ਸਿੰਘ ਨੇ ਰਿਫਿਊਜੀ ਕੇਸ ਕਰ ਦਿੱਤਾ। ਪੰਜਾਬੀ ਵਕੀਲ ਨੇ ਹਰੀ ਸਿੰਘ ਦੀ ਕਹਾਣੀ ਸੁਣਦਿਆਂ ਸੌ ਫੀਸਦੀ ਗਾਰੰਟੀ ਦਿੱਤੀ ਕਿ ਕੇਸ ਪਹਿਲੀ ਤਰੀਕੇ ਹੀ ਪਾਸ ਹੋ ਜਾਵੇਗਾ, ਪਰ ਗੱਲ ਨਾ ਬਣੀ। ਰਿਫਿਊਜੀ ਕੇਸ ਹਰੀ ਸਿੰਘ ਨੂੰ ਕੋਰਟਾਂ-ਕਚਹਿਰੀਆਂ ਵਿਚ ਖਿੱਚਦਾ ਰਿਹਾ। ਵਕੀਲ ਨੇ ਉਸ ਨੂੰ ਵਰਕ ਪਰਮਿਟ ਦਿਵਾ ਦਿੱਤਾ। ਹਰੀ ਸਿੰਘ ਨੇ ਟਰੱਕ ਦਾ ਲਾਇਸੰਸ ਲੈ ਲਿਆ ਤੇ ਟਰੱਕ ਚਲਾਉਣ ਲੱਗ ਗਿਆ, ਚੰਗੇ ਡਾਲਰ ਕਮਾਏ। ਸਭ ਤੋਂ ਪਹਿਲਾਂ ਜ਼ਮੀਨ ਖਰੀਦੀ। ਮਾਂ ਦੀ ਜਾਂਦੀ ਹੋਈ ਅੱਖਾਂ ਦੀ ਰੋਸ਼ਨੀ ਵਾਪਸ ਆਉਣ ਲੱਗੀ। ‘ਹੋਵੇ ਏਕ ਹੋਵੇ ਨੇਕ’ ਵਾਲੀ ਗੱਲ ਮਾਂ ਨੂੰ ਭਾਅ ਗਈ ਸੀ। ਉਸ ਦਾ ਇਕ ਹੀ ਕਈਆਂ ਬਰਾਬਰ ਸੀ।
ਹਰੀ ਸਿੰਘ ਤੇ ਉਸ ਦੇ ਪਰਿਵਾਰ ਨੂੰ ਬੱਸ ਇਕ ਹੀ ਦੁੱਖ ਸੀ ਕਿ ਹਰੀ ਸਿੰਘ ਪੱਕਾ ਨਹੀਂ ਹੋਇਆ। ਉਹ ਬੇਸ਼ਕ ਕੱਚਾ ਸੀ ਪਰ ਕਮਾਈ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਰਿਸ਼ਤੇਦਾਰ ਵੀ ਆਉਣ-ਜਾਣ ਲੱਗ ਗਏ ਸਨ। ਹਰੀ ਸਿੰਘ ਦਾ ਆਪਣੀ ਬਿਰਧ ਮਾਤਾ, ਘਰਵਾਲੀ ਤੇ ਬੱਚਿਆਂ ਨੂੰ ਮਿਲਣ ਲਈ ਦਿਲ ਕਾਹਲਾ ਪੈਂਦਾ ਪਰ ਕੋਈ ਪੇਸ਼ ਨਾ ਜਾਂਦੀ। ਉਸ ਨੂੰ ਇਥੇ ਆਇਆਂ ਪੰਦਰਾਂ ਸਾਲ ਤੋਂ ਉਪਰ ਹੋ ਗਏ ਸਨ। ਉਸ ਨੇ ਕਈਆਂ ਨੂੰ ਕਿਹਾ ਸੀ ਕਿ ਉਸ ਦੇ ਗੱਭਰੂ ਪੁੱਤ ਨੂੰ ਇਥੋਂ ਦਾ ਰਿਸ਼ਤਾ ਕਰਵਾ ਦੇਵੋ! ਅੱਗਿਉਂ ਹਰ ਕੋਈ ਟਿੱਚਰ ਕਰਦਾ।
ਮਾਂ ਨੇ ਕਈ ਵਾਰ ਕਿਹਾ, ‘ਪੁੱਤ ਆ ਜਾ। ਦੋਵੇਂ ਬੱਚੇ ਵੱਡੇ ਹੋ ਗਏ। ਵਿਹੜੇ ਵਿਚ ਲੱਗੀ ਬੇਰੀ ਨੂੰ ਲੋਕ ਰੋੜੇ ਮਾਰਨ ਲੱਗ ਜਾਂਦੇ ਹਨ। ਤੇਰੀ ਵਹੁਟੀ ਦੀਆਂ ਕਾਲੀਆਂ ਜ਼ੁਲਫ਼ਾਂ, ਬੱਗੀਆਂ ਹੋ ਗਈਆਂ। ਮੈਨੂੰ ਵੀ ਹੁਣ ਮੌਤ ਨਜ਼ਦੀਕ ਹੁੰਦੀ ਜਾਪਦੀ ਹੈ।’ ਮਾਂ ਦੀਆਂ ਇਹ ਗੱਲਾਂ ਹਰੀ ਸਿੰਘ ਨੂੰ ਵਤਨਾਂ ਵੱਲ ਪਰਵਾਜ਼ ਭਰਨ ਲਈ ਤਿਆਰ ਕਰ ਦਿੰਦੀਆਂ। ਜਦ ਉਹ ਵਕੀਲ ਨਾਲ ਗੱਲ ਕਰਦਾ ਤਾਂ ਉਹ ਆਸ ਦੀ ਕਿਰਨ ਜਗ੍ਹਾ ਕੇ ਹਨੇਰੇ ਮਨ ਵਿਚ ਚਾਨਣ ਕਰ ਦਿੰਦਾ। ਅਠਾਰਾਂ ਸਾਲ ਹਰੀ ਸਿੰਘ ਨੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਕੱਟ ਲਏ ਸਨ।
ਹਰੀ ਸਿੰਘ ਦੇ ਦੋਵੇਂ ਬੱਚੇ ਕਾਲਜ ਪੜ੍ਹਨ ਲੱਗ ਪਏ ਸਨ। ਫਿਰ ਇਕ ਦਿਨ ਮਨ ਦੇ ਅਕਾਸ਼ ‘ਤੇ ਉਦਾਸੀ ਦੀ ਬੱਦਲੀ ਛਾ ਗਈ। ਬੰਜਰ ਪਈ ਜ਼ਮੀਨ ਨੂੰ ਚਾਰ ਬੂੰਦਾਂ ਮਿਲਣ ਦੀ ਆਸ ਮੁੱਕ ਚੁੱਕੀ ਸੀ। ਉਹ ਸੋਚਦਾ ਕਿ ਟਰੱਕ-ਟਰਾਲਾ ਵੇਚ ਕੇ ਮੈਂ ਵਤਨ ਮੁੜ ਜਾਵਾਂ। ਉਹ ਮਨ ਵਿਚ ਹੀ ਅਜਿਹੀ ਭੰਨ-ਤੋੜ ਕਰ ਰਿਹਾ ਸੀ ਕਿ ਫੋਨ ਦੀ ਘੰਟੀ ਨੇ ਉਸ ਨੂੰ ਸੋਚਾਂ ਦੇ ਬਿਸਤਰੇ ਵਿਚੋਂ ਉਠਾ ਦਿੱਤਾ। “ਹਰੀ ਸਿਆਂ! ਪੁੱਤ ਤੇਰੀ ਬੁਰਜ ਵਾਲੀ ਮਾਸੀ, ਸਿਆਟਲ ਤੋਂ ਬੋਲਦੀ ਆਂ। ਵੇ ਪੁੱਤਾ! ਮੁੜ ਜਾਹ ਵਤਨਾਂ ਨੂੰ। ਜਾ ਕੇ ਮਿਲ ਲੈ ਆਪਣੀ ਬੁੱਢੀ ਮਾਂ ਨੂੰ। ਆਪਣੀ ਘਰਵਾਲੀ ਨੂੰ ਮਿਲ ਲੈ ਜਾ ਕੇ। ਉਸ ਬੇਗਾਨੀ ਧੀ ਦਾ ਕੀ ਕਸੂਰ? ਐਨੇ ਲੰਮੇ ਵਿਛੋੜੇ ਦੀ ਸਜ਼ਾ ਕਿਉਂ? ਧੀ ਤੇਰੀ ਮੁਟਿਆਰ ਹੋ ਗਈ ਐ। ਪੁੱਤ ਤੇਰਾ ਗੱਭਰੂ ਹੋ ਗਿਐ। ਜੇ ਕੋਈ ਉੱਨੀ-ਇਕੀ ਹੋ ਗਈ, ਫਿਰ ਮੱਥੇ ‘ਤੇ ਹੱਥ ਮਾਰੇਗਾ।” ਮਾਸੀ ਬੋਲਦੀ ਗਈ।
“ਮਾਸੀ, ਮੈਂ ਚਲਿਆ ਜਾਂਦਾ ਹਾਂæææ ਜੇ ਤੈਨੂੰ ਮੇਰੇ ਕਰ ਕੇ ਇਥੇ ਭੀੜ ਲੱਗੀ ਐ। ਤੂੰ ਕਦੇ ਇਹ ਕਿਉਂ ਨਹੀਂ ਕਹਿੰਦੀ ਕਿ ਮੈਂ ਤੇਰੀ ਕੁੜੀ ਦਾ ਰਿਸ਼ਤਾ ਇਥੇ ਕਰਵਾ ਦਿੰਨੀ ਆਂ, ਜਾਂ ਤੇਰੇ ਮੁੰਡੇ ਦਾ ਰਿਸ਼ਤਾ ਅਮਰੀਕਾ ਕਰਵਾ ਦਿੰਨੀ ਆਂ।” ਹਰੀ ਸਿੰਘ ਜਿਵੇਂ ਅੱਕਿਆ ਪਿਆ ਸੀ। ਮਾਸੀ ਨੇ ਹਰੀ ਸਿੰਘ ਦਾ ਪਾਰਾ ਚੜ੍ਹਿਆ ਦੇਖ ਫੋਨ ਕੱਟ ਦਿੱਤਾ। ਹਰੀ ਸਿੰਘ ਫਿਰ ਟਰੱਕ ਦਾ ਕੁਝ ਦੇਖਣ ਲਈ ਥੱਲੇ ਵੜ ਗਿਆ। ਫੋਨ ਦੀ ਘੰਟੀ ਫਿਰ ਵੱਜੀ। “ਮਾਸੀ, ਹੁਣ ਕੀ ਸੱਪ ਸੁੰਘ ਗਿਆ?” ਹਰੀ ਸਿੰਘ ਦੇ ਮੂੰਹੋਂ ਅਚਾਨਕ ਨਿਕਲ ਗਿਆ। ਜਦੋਂ ਫੋਨ ਦੀ ਸਕਰੀਨ ‘ਤੇ ਦੇਖਿਆ ਤਾਂ ਨੰਬਰ ਵਕੀਲ ਦੇ ਦਫਤਰ ਦਾ ਸੀ। “ਹੈਲੋ ਮਿਸਟਰ ਸਿੰਘ, ਆਪ ਕੋ ਮੁਬਾਰਕ ਹੋ। ਆਪ ਕਾ ਕੇਸ ਨਾਈਨ ਸਰਕਟ ਨੇ ਪਾਸ ਕਰ ਦੀਆ ਹੈ।” ਗੁਜਰਾਤਣ ਕੁੜੀ ਦੇ ਬੋਲ ਖੰਡ ਨਾਲੋਂ ਮਿੱਠੇ ਸਨ।
ਹਰੀ ਸਿੰਘ ਟਰੱਕ ਥੱਲਿਉਂ ਬਾਹਰ ਨਿਕਲਿਆ। ਦੋਵੇਂ ਹੱਥ ਅਰਦਾਸ ਲਈ ਜੋੜੇ। ਬੱਸ, ਹੰਝੂਆਂ ਦੀ ਝੜੀ ਹੀ ਲੱਗ ਗਈ। ਹਰੀ ਸਿੰਘ ਗੁਰਦੁਆਰੇ ਪਹੁੰਚਿਆ, ਅਰਦਾਸ ਕੀਤੀ ਤੇ ਵਕੀਲ ਦੇ ਦਫਤਰ ਵੱਲ ਹੋ ਤੁਰਿਆ। ਵਕੀਲ ਨੇ ਜਾਂਦਿਆਂ ਹੀ ਖੁਸ਼ੀਆਂ ਦਾ ਹਾਰ ਹਰੀ ਸਿਉਂ ਦੇ ਗਲ ਪਾਉਂਦਿਆਂ ਕਿਹਾ, “ਲੈ ਬਈ ਹਰੀ ਸਿਆਂ! ਤੇਰੀ ਕੀਤੀ ਤਪੱਸਿਆ ਸਫ਼ਲ ਹੋ ਗਈ। ਆਪਣੇ ਬੱਚਿਆਂ ਦੇ ਪੇਪਰ ਭਰ ਦੇ ਹੁਣ।” ਵਕੀਲ ਦੇ ਕਹਿਣ ਮੁਤਾਬਕ ਇਕ ਸਾਲ ਦੇ ਅੰਦਰ-ਅੰਦਰ ਸਾਰੇ ਆ ਜਾਣੇ ਸਨ।
ਹਰੀ ਸਿੰਘ ਨੇ ਪਹਿਲਾਂ ਤਾਂ ਪੰਜ ਬੈਡਰੂਮ ਘਰ ਖਰੀਦ ਲਿਆ। ਫਿਰ ਇਕ ਨਵੀਂ ਕਾਰ ਖਰੀਦ ਲਿਆਇਆ। ਉਹਨੂੰ ਪੇਪਰ ਮਿਲਣ ਦੀ ਦੇਰ ਸੀ ਕਿ ਪੇਂਡੂਆਂ ਅਤੇ ਹੋਰ ਯਾਰਾਂ-ਦੋਸਤਾਂ ਦੇ ਫੋਨ ਵੀ ਆਉਣ ਲੱਗੇæææ “ਬਾਈ! ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਜ਼ਰੂਰ ਦੱਸੀਂ।” ਇਕ ਚਾਚੀ ਨੇ ਕਿਹਾ ਸੀ, “ਵੇ ਹਰੀ ਸਿਆਂ! ਮੁੰਡਾ ਵਿਆਹੁਣ ਲੱਗਿਆ ਤੇਜ਼ੀ ਨਾ ਕਰੀ। ਮੇਰੀ ਭਤੀਜੀ ਕਾਲਜ ਪੜ੍ਹਦੀ ਐ। ਮੈਂ ਉਹਦਾ ਰਿਸ਼ਤਾ ਤੇਰੇ ਮੁੰਡੇ ਨੂੰ ਕਰਵਾਉਣੈ। ਦਾਜ ਵੀ ਬਥੇਰਾ ਦਿਵਾ ਦਿਆਂਗੀ।” ਫਿਰ ਇਕ ਦਿਨ ਇਕ ਪੇਂਡੂ ਤਾਏ ਦਾ ਫੋਨ ਆਇਆ, “ਹਰੀ ਸਿਆਂ! ਪੁੱਤਰਾ ਤੂੰ ਤਾਂ ਫੋਨ ਨਹੀਂ ਕਰਦਾ, ਕੀ ਗੱਲ ਹੋ ਗਈ ਐ?” ਹਰੀ ਸਿੰਘ ਨੇ ਰਤਾ ਕੁ ਤਲਖੀ ਨਾਲ ਕਿਹਾ, “ਤਾਇਆ ਜੀ! ਤੁਹਾਡਾ ਫੋਨ ਜੋ ਰੋਜ਼ ਆਉਂਦਾ ਰਿਹਾ ਸੀ।”
“ਮੈਂ ਕਹਿੰਦਾ ਸੀæææ ਜਦੋਂ ਬੱਚੇ ਆ ਗਏ, ਸਾਡੇ ਵੱਲ ਜ਼ਰੂਰ ਗੇੜਾ ਮਾਰਿਉ। ਨਾਲੇ ਆਪਣੀ ਤਾਈ ਦੀ ਭਤੀਜੀ ਵੱਲ ਨਿਗ੍ਹਾ ਕੱਢ ਜਾਇਉ। ਇਨ੍ਹਾਂ ਨੇ ਐਤਕੀਂ ਪਿੰਡ ਜਾਣਾ ਸੀ ਵਿਆਹ ਕਰਨ। ਮੈਂ ਕਿਹਾ, ਕੋਈ ਨਾ ਸਾਡਾ ਮੁੰਡਾ ਆਉਣ ਵਾਲੈ।” ਤਾਇਆ ਆਪਣੀ ਵਿਉਂਤ ਸੁਣਾ ਗਿਆ। ਹਰੀ ਸਿੰਘ ਨੇ ਸਭ ਦੇ ਸੱਦੇ ਮਨਜ਼ੂਰ ਕਰਦਿਆਂ ‘ਹਾਂ’ ਕਰ ਦਿੱਤੀ। ਫਿਰ ਉਹ ਦਿਨ ਆ ਗਿਆ ਜਦੋਂ ਉਹ ਆਪਣੇ ਪਰਿਵਾਰ ਨੂੰ ਏਅਰਪੋਰਟ ਤੋਂ ਲੈਣ ਗਿਆ। ਆਪ ਤੋਂ ਉਚੇ ਹੋਏ ਪੁੱਤ ਧੀ ਨੂੰ ਮਿਲ ਕੇ ਦੁਬਾਰਾ ਗੱਭਰੂ ਹੋ ਗਿਆ। ਉਹਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਖੰਡ ਪਾਠ ਕਰਵਾਇਆ। ਜਿਹੜੇ ਉਹਨੂੰ ਅਮਰੀਕਾ ਤੋਂ ਤੋਰਦੇ ਸੀ, ਉਨ੍ਹਾਂ ਸਭ ਨੂੰ ਸੱਦਿਆ ਪਰ ਸਿਆਟਲ ਵਾਲੀ ਮਾਸੀ ਨਾ ਆ ਸਕੀ। ਉਸ ਨੇ ਫੋਨ ‘ਤੇ ਹੀ ਵਧਾਈਆਂ ਦਿੰਦਿਆਂ ਬੱਸ ਐਨਾ ਹੀ ਆਖਿਆ, “ਭਾਈ ਤੂੰ ਤਾਂ ਬਾਹਲਾ ਜ਼ਿੱਦੀ ਐਂ। ਪੇਪਰ ਬਣਾ ਕੇ ਈ ਹਟਿਆ।”
“ਮਾਸੀ ਮੈਂ ਜ਼ਿੱਦੀ ਨਹੀਂ ਆਂ। ਮੈਨੂੰ ਕਲਗੀ ਵਾਲੇ ਉਤੇ ਭਰੋਸਾ ਸੀ। ਉਹਨੇ ਮੇਰਾ ਭਰੋਸਾ ਟੁੱਟਣ ਨਹੀਂ ਦਿੱਤਾ। ਹੁਣ ਤੂੰ ਆਈਂ ਗਰੀਬ ਦੇ ਘਰ ਚਰਨ ਪਾ ਜਾਈਂ।” ਹਰੀ ਸਿੰਘ ਨੇ ਹੱਸਦਿਆਂ ਕਿਹਾ।
ਵੀਹ ਸਾਲ ਬਾਅਦ ਅੱਜ ਹਰੀ ਸਿਉਂ ਦੇ ਮੁੱਖ ‘ਤੇ ਖੁਸ਼ੀਆਂ ਦਾ ਖੇੜਾ ਠਾਠਾਂ ਮਾਰਦਾ ਹੈ। ਰੱਬ ਰਾਖਾ!

Be the first to comment

Leave a Reply

Your email address will not be published.