ਰਿਸ਼ਤੇ-ਨਾਤੇ ਹਰਿਆਣਾ ਨਾਲ ਪਰ ਦਿਲ ਹੈ ਪੰਜਾਬੀ

ਮਾਨਸਾ: ਪੁਨਰਗਠਨ ਸਮੇਂ ਪੰਜਾਬ ਦੇ ਹਿੱਸੇ ਆਏ ਹਰਿਆਣੇ ਦੇ ਪਿੰਡ ਕਰੰਡੀ ਦੇ ਬਾਗੜੀ ਲੋਕ ਅੱਜ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਦੇ ਹਨ। ਇਸ ਪਿੰਡ ਵਿਚ ਨਾ ਸਿੱਖ ਵਸੋਂ ਹੈ ਤੇ ਨਾ ਹੀ ਕੋਈ ਗੁਰੂ ਘਰ। ਪਿੰਡ ਦੇ ਬਾਗੜੀ ਲੋਕਾਂ ਦਾ ਸੱਭਿਆਚਾਰ ਵੀ ਹਰਿਆਣਾ ਦਾ ਹੈ ਤੇ ਸਭ ਰਿਸ਼ਤੇ ਨਾਤੇ ਵੀ ਹਰਿਆਣਵੀਆਂ ਨਾਲ ਹਨ। ਫਿਰ ਵੀ ਇਨ੍ਹਾਂ ਲੋਕਾਂ ਦਾ ਦਿਲ ਪੰਜਾਬ ਲਈ ਧੜਕਦਾ ਹੈ।
ਬਾਗੜੀ ਲੋਕਾਂ ਵਾਲਾ ਪਹਿਰਾਵਾ ਤੇ ਤਿੱਥ ਤਿਉਹਾਰ ਵੀ ਉਹੀ ਹਨ। ਪਿੰਡ ਦੀਆਂ ਔਰਤਾਂ ਹਾਲੇ ਵੀ ਲੰਮੇ ਘੁੰਡ ਕੱਢਦੀਆਂ ਹਨ। ਦਿਨ ਲਹਿੰਦੇ-ਚੜ੍ਹਦੇ ਪਿੰਡ ਵਿਚ ਹੁੱਕਾ ਮਹਿਫਲਾਂ ਵੀ ਸਜਦੀਆਂ ਹਨ। ਇਸ ਪਿੰਡ ਦੇ ਲੋਕ ਆਪਣੇ ਧੀਆਂ-ਪੁੱਤਾਂ ਦਾ ਵਿਆਹ ਵੀ ਹਰਿਆਣੇ ਵਿਚ ਹੀ ਕਰਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਰੋਮ-ਰੋਮ ਹੁਣ ਪੰਜਾਬ ਨਾਲ ਬੱਝਾ ਹੈ। ਉਨ੍ਹਾਂ ਬਾਗੜੀ ਭਾਸ਼ਾ ਵਿਚ ਆਖਿਆ, ‘ਦਿਲ ਤੋ ਆਪਨੋ ਪੰਜਾਬੀ ਐ।’ ਪਿੰਡ ਦੇ ਲੋਕ ਹੁਣ ਪੰਜਾਬੀ ਬੋਲ ਲੈਂਦੇ ਹਨ।
ਪਿੰਡ ਦੀ ਆਬਾਦੀ ਤਕਰੀਬਨ ਤਿੰਨ ਹਜ਼ਾਰ ਹੈ ਤੇ ਪੰਜ ਸੌ ਘਰ ਹਨ। ਇਨ੍ਹਾਂ ਘਰਾਂ ਵਿਚ ਹਾਲੇ ਵੀ ਬਾਗੜੀ ਔਰਤਾਂ ਦੇ ਲੰਮੇ-ਲੰਮੇ ਘੁੰਡ ਦੇਖਣ ਨੂੰ ਮਿਲਦੇ ਹਨ। ਪਿੰਡ ਵਿਚ ਤਿੰਨ ਮੰਦਰ ਹਨ ਤੇ ਕੋਈ ਗੁਰਦੁਆਰਾ ਨਹੀਂ ਹੈ। ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਿਜੇ ਕੁਮਾਰ ਮੁਤਾਬਕ ਜਦੋਂ ਸਾਲ 2011 ਦੀ ਜਨਗਣਨਾ ਹੋਈ ਤਾਂ ਸਭਨਾਂ ਘਰਾਂ ਨੇ ਆਪਣੀ ਬੋਲੀ ਪੰਜਾਬੀ ਹੀ ਲਿਖਵਾਈ।
ਪਿੰਡ ਵਿਚ ਤਕਰੀਬਨ 457 ਵਿਦਿਆਰਥੀ ਹਨ ਜੋ ਪੜ੍ਹਦੇ ਤਾਂ ਪੰਜਾਬੀ ਮਾਧਿਅਮ ਵਿਚ ਹਨ ਪਰ ਉਹ ਲਾਇਬਰੇਰੀ ਵਿਚੋਂ ਹਿੰਦੀ ਕਿਤਾਬਾਂ ਲੈਣ ਦੀ ਰੁਚੀ ਵੀ ਦਿਖਾਉਂਦੇ ਹਨ। ਸਕੂਲ ਦੇ ਚਾਰ ਅਧਿਆਪਕ ਵੀ ਹਰਿਆਣਾ ਦੇ ਹਨ। ਪਿੰਡ ਦਾ ਵੈਦ ਓਮ ਪ੍ਰਕਾਸ਼ ਦੱਸਦਾ ਹੈ ਕਿ ਸਭ ਘਰਾਂ ਦੇ ਰਿਸ਼ਤੇ-ਨਾਤੇ ਹਰਿਆਣੇ ਨਾਲ ਜੁੜੇ ਹੋਏ ਹਨ ਤੇ ਵਿਆਹ-ਸਾਹੇ ਵੀ ਹਰਿਆਣਾ ਵਿਚ ਹੀ ਹੁੰਦੇ ਹਨ। ਸਰਕਾਰ ਨੇ ਪਿੰਡ ਦੇ ਸ਼ਮਸ਼ਾਨਘਾਟ ਲਈ ਕਾਫ਼ੀ ਗਰਾਂਟਾਂ ਦਿੱਤੀਆਂ ਹਨ।
ਪਿੰਡ ਦਾ ਹਰ ਕੋਈ ਪਿੰਡ ਦੇ ਆਪਸੀ ਭਾਈਚਾਰੇ ਦਾ ਜ਼ਿਕਰ ਜਰੂਰ ਕਰਦਾ ਸੀ। ਲੋਕਾਂ ਨੇ ਦੱਸਿਆ ਕਿ ਸਾਲ 1985 ਤੱਕ ਪਿੰਡ ਵਿਚ ਧੜੇਬੰਦੀ ਰਹੀ ਪਰ ਉਸ ਮਗਰੋਂ ਕਦੇ ਕੋਈ ਪਾਰਟੀਬਾਜ਼ੀ ਨਹੀਂ ਰਹੀ। ਇਸ ਪਿੰਡ ਦੇ ਬਾਗੜੀ ਲੋਕ ਇਕੱਠੇ ਹੋ ਕੇ ਹੁੱਕਾ ਵੀ ਪੀਂਦੇ ਹਨ ਪਰ ਹੋਰ ਕੋਈ ਨਸ਼ਾ ਨਹੀਂ ਕਰਦੇ। ਪਿੰਡ ਵਿਚ ਖੁੱਲ੍ਹੇ ਠੇਕੇ ਨੂੰ ਕੋਈ ਬਹੁਤੀ ਕਮਾਈ ਨਹੀਂ ਹੁੰਦੀ ਹੈ। ਸਾਵਣ ਤੀਜ ਵਿਸ਼ੇਸ਼ ਤਿਉਹਾਰ ਦੇ ਤੌਰ ‘ਤੇ ਪਿੰਡ ਵਿਚ ਮਨਾਇਆ ਜਾਂਦਾ ਹੈ। ਪੰਜਾਬ-ਹਰਿਆਣਾ ਦੀ ਹੱਦ ਲਾਗੇ ਹੀ ਇਹ ਪਿੰਡ ਹੈ ਤੇ ਇਸ ਦੇ ਲਾਗਲੇ ਪਿੰਡ ਖੈਰਾ ਖੁਰਦ, ਕਾਹਨੇਵਾਲਾ ਅਤੇ ਝੰਡਾ ਵਿਚ ਵੀ ਬਹੁਗਿਣਤੀ ਬਾਗੜੀ ਲੋਕਾਂ ਦੀ ਹੈ।
ਪਿੰਡ ਦੇ ਨੰਬਰਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਫਸਲ ਹਰਿਆਣਾ ਦੇ ਫਤਿਆਬਾਦ ਵਿਚ ਵੇਚੀ ਜਾਂਦੀ ਹੈ। ਉਸ ਦਾ ਕਹਿਣਾ ਸੀ ਕਿ ਕਦੇ ਓਪਰਾ ਲੱਗਿਆ ਹੀ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਹਿਸਾਰ ਯੂਨੀਵਰਸਿਟੀ ਦਾ ਸਾਬਕਾ ਵਾਈਸ ਚਾਂਸਲਰ ਵਿਨੇ ਕੁਮਾਰ ਇਸੇ ਪਿੰਡ ਦਾ ਜੰਮਪਲ ਹੈ। ਪਿੰਡ ਦੀ ਗਊ ਚਰਾਂਦ ਵੀ ਕਾਫ਼ੀ ਮਸ਼ਹੂਰ ਹੈ ਜਿਥੇ ਸਾਰੇ ਪਿੰਡ ਦੇ ਪਸ਼ੂ ਇਕ ਥਾਂ ‘ਤੇ ਬੈਠਦੇ ਹਨ। ਪਿੰਡ ਦੇ 60 ਤੋਂ ਉਪਰ ਨੌਜਵਾਨ ਫੌਜ ਵਿਚ ਹਨ।
ਬਹੁਤੇ ਨੌਜਵਾਨ ਹਰਿਆਣਾ ਵਿਚ ਨੌਕਰੀ ਕਰਦੇ ਹਨ। ਲੋਕਾਂ ਨੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਦੀਆਂ ਔਰਤਾਂ ਖੇਤਾਂ ਵਿਚ ਬਰਾਬਰ ਕੰਮ ਕਰਦੀਆਂ ਹਨ। ਪਿੰਡ ਵਿਚ ਤਕਰੀਬਨ ਦੋ ਹਜ਼ਾਰ ਵੋਟ ਹੈ ਜਿਸ ਕਰਕੇ ਹਰ ਸਿਆਸੀ ਪਾਰਟੀ ਦਾ ਇਨ੍ਹਾਂ ਲੋਕਾਂ ਨਾਲ ਸਿਆਸੀ ਮੋਹ ਵੀ ਜੁੜਿਆ ਹੀ ਰਹਿੰਦਾ ਹੈ। ਪੰਜਾਬ ਸਰਕਾਰ ਨੇ ਲੜਕੀਆਂ ਦੇ ਹੋਸਟਲ ਦੀ ਸਹੂਲਤ ਦਿੱਤੀ ਹੈ ਤੇ ਲੱਖਾਂ ਰੁਪਏ ਦੇ ਫੰਡ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਦਾ ਗੇੜਾ ਵੀ ਇਸ ਪਿੰਡ ਵਿਚ ਰਹਿੰਦਾ ਹੈ ਤੇ ਉਨ੍ਹਾਂ ਨਾਲ ਬਾਗੜੀ ਲੋਕ ਨੇੜਿਓਂ ਜੁੜੇ ਹੋਏ ਹਨ।

Be the first to comment

Leave a Reply

Your email address will not be published.