ਇਹ ਸੱਚ ਸੀ ਕਿ ਸੁਪਨਾ?

ਕਾਨਾ ਸਿੰਘ ਦੇ ਇਸ ਲੇਖ ਦਾ ਰੰਗ ਦੋਹਰਾ ਹੈ। ਇਸ ਲੇਖ ਦੀਆਂ ਲੜੀਆਂ 8 ਮਾਰਚ ਨੂੰ ਮਨਾਏ ਜਾਂਦੇ ਔਰਤ ਦਿਵਸ ਨਾਲ ਜੁੜੀਆਂ ਹੋਈਆਂ ਹਨ ਅਤੇ ਇਹੀ ਦਿਨ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦਾ ਜਨਮ ਦਿਨ ਵੀ ਹੈ। ਇਕ ਪਾਸੇ ਸਾਹਿਰ ਵੱਲੋਂ ਕੀਤੀ ਜਾ ਰਹੀ ਸ਼ਬਦ-ਬ-ਸ਼ਬਦ ਚਿਣਾਈ ਹੈ ਅਤੇ ਦੂਜੇ ਬੰਨੇ ਕਾਨਾ ਸਿੰਘ ਵੱਲੋਂ ਕੱਤੀ ਜਾ ਰਹੀ ਤਨ ਦੀ ਪੂਣੀ ਦਾ ਜ਼ਿਕਰ ਹੈ। ਨਾਲ ਆਪਣੇ ਨੰਨ੍ਹੇ ਬਾਲ ਨੂੰ ਸੰਭਾਲਣ ਲਈ ਕੀਤਾ ਤਰੱਦਦ ਹੈ। ਅੰਤਾਂ ਦੇ ਇਸ ਤਰੱਦਦ ਦੇ ਬਾਵਜੂਦ ਕਾਨਾ ਸਿੰਘ ਦੀ ਲਿਖਤ ਬਹੁਤ ਸਹਿਜ ਹੈ। ਇਤਨੀ ਸਹਿਜ ਜਿਵੇਂ ਬਨੇਰੇ ਉਤੇ ਕੋਈ ਕਾਗ ਆਣ ਕੇ ਬੋਲਣ ਲੱਗ ਪੈਂਦਾ ਹੈ; ਜਾਂ ਜਿਵੇਂ ਬਰਸਾਤਾਂ ਦੇ ਦਿਨੀਂ ਕਣੀਆਂ, ਭੂਰ ਬਣ ਕੇ ਉਤਰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਇਸ ਵਿਚ ਪਾਠਕ ਨੂੰ ਆਪਣੇ ਨਾਲ ਲੈ ਤੁਰਨ ਦਾ ਵੇਗ ਵੀ ਸਮਾਇਆ ਹੋਇਆ ਹੈ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944
ਮੁੰਬਈ ਦੇ ਵਰਸੋਵਾ ਤੱਟ ਦੀ ਸਰਬੋਤਮ ਬਸਤੀ Ḕਸਾਤ ਬੰਗਲਾ’ ਦੇ ਮੱਧ ਵਿਚ ਸਥਿਤ ਸੀ-ਗਵਾਲੀਅਰ ਪੈਲੇਸ; ਗਵਾਲੀਅਰ ਦੇ ਰਾਜੇ ਦਾ ਮਹੱਲ ਜੋ ਰਾਜੇ ਨੇ ਸਾਗਰ ਕੰਢੇ ਤਫ਼ਰੀਹ ਕਰਨ ਲਈ ਖ਼ਾਸ ਤੌਰ Ḕਤੇ ਆਪਣੇ ਲਈ ਬਣਵਾਇਆ ਸੀ ਤੇ ਇਸ ਦੇ ਖੱਬੇ ਹੱਥ ਨਾਲ ਲਗਦਾ ਗਵਾਲੀਅਰ ਹਾਊਸ ਆਪਣੇ ਸੇਵਕਾਂ, ਅਹਿਲਕਾਰਾਂ ਲਈ।
ਇਸ ਮਹੱਲ ਜੋ ਹੁਣ ਬੰਗਲਾ ਅਖਵਾਉਂਦਾ ਸੀ, ਦਾ ਮਾਲਕ ਹੁਣ ਇਕ ਗੁਜਰਾਤੀ ਸੇਠ ਸੀ।
ਇਮਾਰਤ ਦੇ ਥਲਵੇਂ, ਸਭ ਤੋਂ ਵੱਡੇ ਤੇ ਮੁੱਖ ਭਾਗ ਵਿਚ ਰਹਿੰਦਾ ਸੀ, ਅਸ਼ਕ। ਓਮ ਪ੍ਰਕਾਸ਼ ਅਸ਼ਕ। ਸਾਹਿਰ ਲੁਧਿਆਣਵੀ ਦਾ ਹਮ-ਉਮਰ ਤੇ ਲੰਗੋਟੀਆ ਯਾਰ। ਉਹਦੇ ਵਾਂਗ ਹੀ ਇਕੱਲਾ ਤੇ ਆਦੀ ਛੜਾ। ਉਹ ਫਿਲਮਾਂ ਦਾ ਸਕਰਿਪਟ ਰਾਈਟਰ ਸੀ ਸ਼ਾਇਦ, ਸੰਵਾਦ-ਲਿਖਾਰੀ।
ਚਾਂਦ ਅਸ਼ਕ ਦਾ ਰਸੋਈਆ ਸੀ, ਨੌਕਰ ਪਰ ਨੌਕਰਾਂ ਵਾਲੀ ਉਸ ਵਿਚ ਕੋਈ ਗੱਲ ਨਹੀਂ ਸੀ। ਸੂਖਮ ਸਰੀਰ। ਗੋਰਾ-ਚਿੱਟਾ, ਕਾਲੇ ਘੁੰਗਰਾਲੇ ਵਾਲ, ਅੱਪ-ਟੂ-ਡੇਟ ਤੇ ਖੂਬਸੂਰਤ ਉਰਦੂ ਲਹਿਜਾ। ਸਗਵਾਂ ਹੀਰੋ ਸੀ ਚਾਂਦ। ਅਸ਼ਕ ਦਾ ਲਾਡਲਾ। ਕਰਤਾ-ਧਰਤਾ ਮੁਖਤਿਆਰ। (ਅਸ਼ਕ ਆਪਣੀ ਵਸੀਅਤ ਦਾ ਕੁਝ ਭਾਗ ਚਾਂਦ ਦੇ ਨਾਂ ਕਰ ਗਿਆ ਸੀ) ਬੰਗਲੇ ਤੇ ਉਸ ਦੇ ਆਊਟ ਹਾਊਸਾਂ ਵਿਚ ਵਸਦੇ ਪਰਿਵਾਰਾਂ ਦਾ ਚਹੇਤਾ, ਭਾਈ ਜਾਨਾਂ ਦਾ ਦੋਸਤ ਅਤੇ ਭਾਬੀ ਜਾਨਾਂ ਦਾ ਦਿਓਰ ਸੀ ਚਾਂਦ।
ਬੰਗਲੇ ਦੀ ਪਹਿਲੀ ਛੱਤ ‘ਤੇ, ਅਸ਼ਕ ਵਾਲੇ ਹਿੱਸੇ ਦੇ ਐਨ ਉਪਰ ਵਾਲੇ ਸੈਟ ਵਿਚ ਰਹਿੰਦੇ ਸਨ ਭਾਟੀਆ ਸਾਹਿਬ, ਤੇ ਅਸੀਂ ਉਨ੍ਹਾਂ ਦੇ ਸਬ ਟੈਂਨੈਂਟ ਸਾਂ, ਕਿਰਾਏਦਾਰਾਂ ਦੇ ਕਿਰਾਏਦਾਰ।
ਅਕਤੂਬਰ 1962 ਵਿਚ, ਸੱਜ-ਵਿਆਹੇ ਜੋੜੇ ਵਜੋਂ ਅਸਾਂ ਏਸੇ ਘਰ ਵਿਚ ਪ੍ਰਵੇਸ਼ ਕੀਤਾ ਸੀ। ਬੈਡ ਰੂਮ ਤੇ ਹਾਲ ਵਿਚਕਾਰਲੇ ਬੂਹੇ ਨੂੰ ਪੱਕੇ ਤੌਰ ‘ਤੇ ਬੰਦ ਕਰ ਕੇ ਅਗਲਾ ਸੌਣ ਕਮਰਾ ਤੇ ਰਸੋਈ ਭਾਟੀਆ ਸਾਹਿਬ ਨੇ ਸਾਨੂੰ ਦੇ ਦਿੱਤੀ ਸੀ ਪਰ ਲੌਬੀ ਦੇ ਆਖ਼ਰੀ ਕੋਨੇ ਵਿਚ ਤੇ ਕਮਰੇ ਤੋਂ ਕਾਫੀ ਦੂਰ ਹੋਣ ਕਾਰਨ, ਬਾਅਦ ਵਿਚ ਮੈਂ ਰਸੋਈ ਨੂੰ ਸਟੋਰ ਵਿਚ ਤਬਦੀਲ ਕਰ ਲਿਆ ਸੀ ਅਤੇ ਉਸ ਵਿਸ਼ਾਲ ਕਮਰੇ ਦੇ ਸਾਹਮਣੇ ਵਾਲੇ ਕੋਨੇ ਨਾਲ ਲਗਦੀ ਖਿੜਕੀ ਮੂਹਰੇ ਹੀ ਰਸੋਈ-ਮੇਜ਼ ਲਗਾ ਲਿਆ ਸੀ।
ਅਜੋਕੇ ਤਿੰਨ ਕਮਰਿਆਂ ਵਾਲੇ ਫਲੈਟਾਂ ਤੋਂ ਵੀ ਵੱਡੇ ਖੇਤਰਫਲ ਵਾਲੇ ਉਸ ਕਮਰੇ ਵਿਚ ਖਾਣ, ਬੈਠਣ, ਸੌਣ ਤੇ ਰਸੋਈ-ਕੋਨਿਆਂ ਦੀ ਵੰਡ ਕਰ ਕੇ ਅਸਾਂ ਆਪਣੀਆਂ ਲੋੜਾਂ ਅਨੁਸਾਰ ਉਸ ਨੂੰ ਕਾਫੀ ਖੂਬਸੂਰਤ ਤੇ ਅਰਾਮਦੇਹ ਬਣਾ ਲਿਆ ਸੀ।
ਸਾਡੇ ਏਸ ਘਰ ਦੇ ਐਨ ਥੱਲੇ ਸੀ ਅਸ਼ਕ ਦੀ ਉਹ ਬੈਠਕ ਜਿਥੇ ਅਕਸਰ ਸ਼ਾਮੀਂ ਤਾਸ਼-ਪੱਤੇ ਖੇਡੇ ਜਾਂਦੇ ਤੇ ਮਹਿਫਲਾਂ ਲਗਦੀਆਂ। ਸੰਗੀਤ, ਪੱਤੇ, ਸਿਗਰਟਾਂ ਦੀ ਬੂ, ਬਹਿਸ-ਮੁਬਾਹਿਸੇ ਤੇ ਫਿਲਮ-ਜਗਤ ਦੇ ਲੋਕਾਂ ਦੀ ਆਵਾਜਾਈ; ਆਪਣੇ ਘਰ ਦੇ ਹੇਠਾਂ ਦੇ ਇਸ ਸਾਹਿਤਕ ਅਰ ਸਿਨੇ ਸੰਸਾਰ ਦੇ ਮਿਲੇ-ਜੁਲੇ ਮਾਹੌਲ ਦਾ ਮੈਨੂੰ ਬੜਾ ਸਹਾਰਾ ਸੀ; ਜਿਸ ਨੂੰ ਅਖਬਾਰਾਂ, ਫ਼ੈਮਿਨਾ ਤੇ ਰੀਡਰਜ਼ ਡਾਇਜੈਸਟ ਆਦਿ ਅੰਗਰੇਜ਼ੀ ਰਿਸਾਲਿਆਂ ਤੋਂ ਸਿਵਾ ਹੋਰ ਕੋਈ ਵੀ ਪੁਸਤਕ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਪੰਜਾਬੀ ਤਾਂ ਅਸਲੋਂ ਹੀ ਵਰਜਿਤ ਸੀ।
Ḕਕਿਤਾਬਾਂ ਵਿਚ ਕੇਵਲ ਇਸ਼ਕ-ਮੁਸ਼ਕ ਦੀਆਂ ਗੱਲਾਂ ਹੁੰਦੀਆਂ ਨੇ ਤੇ ਪੰਜਾਬੀ ਭਾਸ਼ਾ ਵਿਚ ਨਿਰਾ ਲੁੱਚ-ਪੁਣਾ’ ਜੀਤ ਦੇ ਵਿਚਾਰ ਅਨੁਸਾਰ ਹੀਰ ਵਾਰਿਸ ਤਾਂ ਸਭ ਤੋਂ Ḕਫੁਹਸ਼’ ਕਹਾਣੀ ਸੀ। ਰੇਡਿਓ Ḕਤੇ Ḕਵਿਵਿਧ ਭਾਰਤੀ ਦੇ ਸੰਗੀਤ’ ਅਤੇ Ḕਹਵਾ ਮਹਿਲ’ ਆਦਿ ਪ੍ਰੋਗਰਾਮਾਂ ਦੇ ਨਾਟਕ ਹੀ ਮੇਰੀ ਸਾਹਿਤਕ ਭੁੱਖ ਦੀ ਤ੍ਰਿਪਤੀ ਕਰਦੇ ਸਨ। ਸਾਹਮਣੇ ਠਾਠਾਂ ਮਾਰਦਾ ਮਹਾਨ ਅਰਬ ਸਾਗਰ ਸੀ ਜਿਸ ਦੀਆਂ ਛੱਲਾਂ ਉੱਛਲ ਉੱਛਲ ਬੰਗਲੇ ਦੇ ਦਾਲਾਨ ਨੂੰ ਵੀ ਕਈ ਵੇਰਾਂ ਜਲਥਲ ਕਰ ਜਾਂਦੀਆਂ।
ਸਮੁੰਦਰੀ ਹਵਾ ਦੇ ਵੇਗ ਨਾਲ ਅਸਮਾਨ ਛੋਹੰਦੇ ਨਾਰੀਅਲ ਦੇ ਬ੍ਰਿਛਾਂ ਦੀ ਸਾਂ ਸਾਂ, ਖੜ ਖੜ; ਇਕੱਲੀ ਉਦਾਸ ਸਾਗਰ-ਕੰਢੇ ਰਾਜੇ ਦੇ ਮਹੱਲ ਦੇ ਉਸ ਕੋਨੇ ਵਿਚ ਨਜ਼ਰਬੰਦ ਜਿਹੀ ਸਾਂ ਮੈਂ, ਜਿਸ ਦੇ ਠੀਕ ਥੱਲੇ ਸੀ ਉਹ ਜੀਵਨ ਭਰਪੂਰ ਬੈਠਕ; ਉਸ ਸ਼ਾਂਤ ਉਦਾਸ ਤੇ ਬਾਹਲੀ ਵੇਰਾਂ ਤੂਫ਼ਾਨੀ ਖੌਫ਼ਨਾਕ ਵਾਤਾਵਰਨ ਵਿਚ ਇਕ ਮਾਤਰ ਚਹਿਲ-ਪਹਿਲ ਦਾ ਅੱਡਾ, ਮਾਨੋ ਸੁੱਤੇ ਪਏ ਗਵਾਲੀਅਰ ਪੈਲੇਸ ਦਾ ਧੜਕਦਾ ਦਿਲ।
ਚਿੱਟੇ-ਦੁੱਧ ਕੁਰਤੇ ਪਜਾਮੇ ਵਿਚ ਸੰਧੂਰੀ ਭਾਅ ਮਾਰਦਾ ਗੰਦਮੀ ਚਿਹਰਾ, ਤਿੱਖਾ ਨੱਕ, ਰੋਸ਼ਨ ਮੱਥਾ ਤੇ ਲਾਖੇ ਹੋਂਠ। ਇਹ ਉਸ ਦਾ ਅਸਲੀ ਰੂਪ ਸੀ, ਜਾਂ ਮੇਰੀ ਕਲਪਨਾ ਦੀ ਸਿਰਜਣਾ, ਕਹਿ ਨਹੀਂ ਸਕਦੀ। ਉਹਦੇ ਚਿਹਰੇ ਵੱਲ ਸਿੱਧੇ ਤੌਰ ‘ਤੇ ਵੇਖਣ ਦੀ ਹਿੰਮਤ ਮੈਨੂੰ ਕਦੇ ਨਹੀਂ ਸੀ ਹੋਈ। ਬੱਸ ਦੂਰੋਂ, ਉਡਦੀ ਨਜ਼ਰ, ਕੇਵਲ ਚਾਲ-ਢਾਲ ਤੋਂ ਹੀ ਪਛਾਣਦੀ ਸਾਂ ਮੈਂ ਉਸ ਨੂੰ।
ਅਕਸਰ ਦਿਨੇ ਦਸ ਬਾਰਾਂ ਵਜੇ ਦੇ ਕਰੀਬ ਦੂਰੋਂ ਸਾਹਮਣਿਓਂ ਸੜਕ ਤੋਂ ਤੁਰਿਆ ਆਉਂਦਾ ਦਿਸਦਾ ਸੀ ਸਾਹਿਰ। ਸਾਹਿਰ ਲੁਧਿਆਣਵੀ। ਗਵਾਲੀਅਰ ਪੈਲੇਸ ਕੋਲੋਂ ਸਮੁੰਦਰ-ਤੱਟ ਨੂੰ ਜਾਂਦੇ ਮੁੱਖ ਚੌੜੇ ਰਸਤੇ ਨੂੰ ਛੱਡ ਕੇ ਓਸੇ ਹੱਥ ਦੋ ਤਿੰਨ ਬੰਗਲਿਆਂ ਦੀ ਵਿੱਥ ਉਤੇ ਸੀ ਉਸ ਦਾ ਬੰਗਲਾ। ਜਾਂਦਿਆਂ ਕਦੇ ਨਹੀਂ ਸੀ ਡਿੱਠਾ। ਪਤਾ ਨਹੀਂ ਉਹ ਵਾਪਸ ਘਰ ਕਦੋਂ ਪਰਤਦਾ ਸੀ? ਅਸ਼ਕ ਘਰ ਹੋਵੇ ਜਾਂ ਨਾ, ਸਾਹਿਰ ਅਕਸਰ ਏਧਰ ਹੀ ਹੁੰਦਾ ਸੀ।
ਗੇਟੋਂ ਅੰਦਰ ਵੜਦਿਆਂ ਐਨ ਸਾਹਮਣੇ ਹੀ ਤਾਂ ਪੈਂਦਾ ਸੀ ਅਸ਼ਕ ਦਾ ਘਰ। ਖੁੱਲ੍ਹੇ ਬੂਹੇ, ਖੁੱਲ੍ਹੀਆਂ ਬਾਰੀਆਂ। ਛੜਿਆਂ ਦਾ ਕੀ ਓਹਲਾ? ਇਸਤਰੀ ਕਦੇ ਨਹੀਂ ਸੀ ਵੇਖੀ ਕੋਈ। ਬੰਦੇ ਹੀ ਬੰਦੇ। ਛੜੇ ਜਾਂ ਛੜਿਆਂ ਵਰਗੇ ਪਰ ਆਂਢ-ਗੁਆਂਢ ਵਿਚ ਕਿਸੇ ਲਈ ਉਹ ਕੋਈ ਸਮੱਸਿਆ ਨਹੀਂ ਸਨ। ਸਭ ਤੋਂ ਨਿਆਰੇ ਹੀ ਰਹਿੰਦੇ।
ਨਾ ਤਾਂ ਅਸ਼ਕ ਹੀ ਕੂਇਆ ਸੀ ਕਦੇ ਕਿਸੇ ਇਸਤਰੀ ਨਾਲ, ਤੇ ਨਾ ਹੀ ਸਾਹਿਰ। ਅੱਵਲ ਤਾਂ ਅੱਖ ਭਰ ਕੇ ਵੇਖਦੇ ਵੀ ਨਹੀਂ ਸਨ ਕਿਸੇ ਵੱਲ, ਤੇ ਜੇ ਕਿਤੇ ਭੁੱਲੇ ਚੁੱਕੇ ਸਾਹਮਣਾ ਹੋ ਹੀ ਜਾਂਦਾ ਤਾਂ ਠੰਢੀ, ਮਿੱਠੀ, ਸੀਤਲ ਸੁਖਾਵੀਂ ਸਤਿਕਾਰ ਭਰੀ ਨਜ਼ਰ ਨਾਲ।
ਅਸੀਂ ਨਵੇਂ ਵਿਆਹੇ ਸਾਂ। ਲੰਘਦਿਆਂ-ਪਲੰਘਦਿਆਂ ਅਕਸਰ ਸਾਹਿਰ ਨਾਲ ਮੇਲ ਹੋ ਜਾਂਦਾ। Ḕਹਾਇ ਹੈਲੋ’, ਪਰ ਮੇਰੇ ਪਤੀ ਨਾਲ ਹੀ। ਮੇਰੇ ਵੱਲ ਕੇਵਲ ਆਦਰ ਭਰੀ ਪੈਰ ਛੂੰਹਦੀ ਨਜ਼ਰ। ਮੂਕ ਪ੍ਰਸ਼ੰਸਾ ਨੀਵੀਂ ਪਾਈ ਤੇ ਮੇਰਾ ਹੁੰਗਾਰਾ ਗੁੰਗੀ ਨਮਸਕਾਰ!
ਵਿਆਹ ਤੋਂ ਡੇਢ ਕੁ ਸਾਲ ਮਗਰੋਂ ਸੰਨੀ ਜੰਮਿਆ। ਸਾਡਾ ਪਲੇਠਾ ਪੁੱਤਰ। ਇਕ, ਡੇਢ, ਦੋ ਸਾਲਾਂ ਦਾ ਡਾਢਾ, ਅੱਥਰਾ। ਕੱਪ-ਪਲੇਟਾਂ, ਚਮਚੇ-ਕਟੋਰੀਆਂ, ਬਾਲ-ਖਿਡੌਣੇ ਜੋ ਆਉਂਦਾ ਮੂੰਹ ਅੱਗੇ, ਵਗ੍ਹਾ ਮਾਰਦਾ ਖਿੜਕੀ ਤੋਂ ਥੱਲੇ, ਤੇ ਮੈਂ ਭਜਦੀ ਰਹਿੰਦੀ ਬੋਚਣ ਨੂੰ, ਚੁੱਕਣ ਨੂੰ। ਇਕ ਚੀਜ਼ ਚੁੱਕ ਕੇ ਪਰਤਦੀ ਨਾ, ਕਿ ਦੂਜੀ ਥੱਲੇ। ਪਰੇਸ਼ਾਨ। ਹਫ਼ੀ ਹਫ਼ੀ।
ਜੇ ਖਿੜਕੀਆਂ ਬੰਦ ਕਰਾਂ ਤਾਂ ਕਮਰਾ ਘੁੱਪ। ਜੇ ਬੂਹਾ ਬੰਦ ਰੱਖਾਂ ਤਾਂ ਸੰਨੀ ਪਿੱਟੇ। ਚੀਕ-ਚਿਹਾੜਾ, ਕੰਧਾਂ ਨਾਲ ਸਿਰ ਮਾਰੇ। ਕਿਸੇ ਵੀ ਪੱਜ ਬੂਹਾ ਖੁੱਲ੍ਹਿਆ ਨਹੀਂ ਕਿ ਉਹ ਥੱਲੇ ਦੌੜਿਆ ਨਹੀਂ। ਸ਼ੂਟ ਵੱਟ ਕੇ ਗੇਟੋਂ ਬਾਹਰ।
ਸਮੁੰਦਰੀ ਨਜ਼ਾਰੇ ਪੱਖੋਂ ਤਾਂ ਬਹੁਤ ਹੀ ਆਕਰਸ਼ਕ ਸਥਿਤੀ ਸੀ ਗਵਾਲੀਅਰ ਪੈਲੇਸ ਦੀ, ਪਰ ਸੜਕ ਵਾਲੇ ਪਾਸਿਓਂ ਬੜੇ ਖਤਰਨਾਕ ਮੋੜ Ḕਤੇ ਸੀ। ਅੰਧੇਰੀ ਤੋਂ ਵਰਸੋਵੇ ਵੱਲ ਜਾਂਦੀਆਂ ਤੇਜ਼ ਸ਼ੂਕਦੀਆਂ ਬੱਸਾਂ, ਗੱਡੀਆਂ ਦੀ ਆਵਾਜਾਈ। ਦਿਲ ਧੱਕ ਕਰ ਕੇ ਰਹਿ ਜਾਂਦਾ।
ਸਾਹਿਰ ਜੇ ਵੇਖ ਲੈਂਦਾ ਸੰਨੀ ਨੂੰ ਭੱਜਦਿਆਂ, ਤਾਂ ਲਪਕ ਕੇ ਫੜ ਲੈਂਦਾ। ਮੇਰੀ ਘਬਰਾਹਟ ਦਾ ਉਸ ਨੂੰ ਪੂਰਾ ਅਹਿਸਾਸ ਹੁੰਦਾ ਸੀ, ਬਿਨਾਂ ਦੱਸੇ-ਬੋਲੇ। ਕਈ ਵੇਰਾਂ ਸੰਨੀ ਅਸ਼ਕ ਦੀ ਰਸੋਈ ਦੇ ਪਿਛਵਾੜੇ ਦੀਆਂ ਝਾੜੀਆਂ ਵਿਚ ਲੁਕ ਜਾਂਦਾ।
Ḕਸੰਨੀ-ਸੰਨੀ’ ਮੈਂ ਕੋਲੋਂ ਦੀ ਕੂਕਦੀ, ਲੱਭਦੀ ਗੇੜੇ ਮਾਰਦੀ ਰਹਿੰਦੀ। ਉਹ ਨਾ ਬੋਲਦਾ। ਮੈਂ ਘਬਰਾ ਜਾਂਦੀ। ਅਸ਼ਕ ਤੇ ਸਾਹਿਰ ਖੜ੍ਹੇ ਦਿਸਦੇ। ਨਿੰਮਾ ਨਿੰਮਾ ਮੁਸਕ੍ਰਾਂਦੇ। ਉਨ੍ਹਾਂ ਦੀ ਖਾਮੋਸ਼ ਮੁਸਕ੍ਰਾਹਟ ਤੋਂ ਮੈਨੂੰ ਸੰਨੀ ਦਾ ਅਤਾ-ਪਤਾ ਮਿਲ ਜਾਂਦਾ। ਮੈਂ ਉਸ ਨੂੰ ਲੱਭ ਲੈਂਦੀ।
ਨਿੱਕਾ ਜਿਹਾ ਵਜੂਦ, ਸੁਹਲ-ਮਲੂਕ ਜਿੰਦੜੀ, ਅਨੀਮਿਕ ਤੇ ਉਪਰੋਂ ਉੱਚੀ ਅੱਡੀ ਦੀ ਚੱਪਲ। ਛੋਟੇ ਕੱਦ ਦੇ ਅਹਿਸਾਸ ਕਾਰਨ ਉੱਚੀ ਅੱਡੀ ਦੀ ਚੱਪਲ ਬਿਨਾਂ ਮੈਂ ਕਦੇ ਕਿਸੇ ਦੇ ਸਾਹਮਣੇ ਹੀ ਨਹੀਂ ਸੀ ਹੁੰਦੀ। ਘਰ ਵਿਚ ਵੀ ਨਹੀਂ। ਤੇ ਏਸ ਚੱਪਲ ਨਾਲ ਦਰਜਨਾਂ ਵਾਰ ਕਾਹਲੀ ਕਾਹਲੀ ਬੰਗਲੇ ਦੀਆਂ ਉੱਚੀਆਂ ਉੱਚੀਆਂ ਦੂਹਰੀਆਂ ਪੌੜੀਆਂ ਨੂੰ ਦੁਲਾਂਘਣਾਂ ਤੇ ਸੰਨੀ ਪਿੱਛੇ ਭੱਜਣਾ- ਬੁਰੀ ਤਰ੍ਹਾਂ ਹੰਭ ਜਾਂਦੀ ਸਾਂ ਮੈਂ, ਤੇ ਸਾਹਿਰ ਨੂੰ ਇਸ ਦਾ ਪੂਰਾ ਕਿਆਸ ਹੁੰਦਾ ਸੀ। ਮੂਕ ਹਮਦਰਦੀ! ਇਹ ਮੇਰਾ ਯਕੀਨ ਸੀ।
ਢਾਈ ਸਾਲਾ ਸੰਨੀ ਸੰਗ ਭਾਲਦਾ ਸੀ। ਰੌਣਕਾਂ। ਹਾਣ-ਮਿੱਤਰ। ਸੜਕ ਉਤੇ, ਬਗੀਚੇ ਵਿਚ, ਸਾਗਰ-ਕੰਢੇ ਕਦੇ ਕਿਸੇ ਦੇ Ḕਬਾਬੇ’ (ਬੇਟੇ) ਦੇ ਮਗਰ ਭੱਜਦਾ ਤੇ ਕਦੇ ਕਿਸੇ ਦੀ Ḕਬੇਬੀ’ ਨੂੰ ਘਰ ਲਿਜਾਣ ਦੀ ਜ਼ਿਦ ਕਰਦਾ। ਛੱਤ ‘ਤੇ ਟੰਗਿਆ, ਨਿੱਕੇ ਜਿਹੇ ਘਰ ਵਿਚ ਇਕੱਲਾ ਰਹਿਣੋਂ ਉਹ ਅਸਲੋਂ ਹੀ ਬਾਗੀ ਹੁੰਦਾ ਜਾ ਰਿਹਾ ਸੀ। ਉਹਦਾ ਗੁੱਸਾ ਵਧ ਰਿਹਾ ਸੀ। ਜ਼ਿਦਾਂ ਹੀ ਜ਼ਿਦਾਂ।
ਨਵਾਂ ਨਵਾਂ ਹੀ ਚੱਲਿਆ ਸੀ ਉਦੋਂ ਤਿੰਨ-ਪਹੀਆ ਸਕੂਟਰ। ਸਕੂਟਰ ਵੇਖਦਿਆਂ ਹੀ ਸੰਨੀ ਦੀ ਟ੍ਰਾਈਸਿਕਲ ‘ਚੋਂ ਸਾਰੀ ਦਿਲਚਸਪੀ ਖ਼ਤਮ ਹੋ ਗਈ। ਉਹ ਸਕੂਟਰ ਲਈ ਪੁਆੜਾ ਪਾ ਬੈਠਾ।
“ਸਕੂਟਰ ਤੈਨੂੰ ਇਸ ਸ਼ਰਤ Ḕਤੇ ਲੈ ਕੇ ਦਿਆਂਗੇ ਜੇ ਤੂੰ ਵਾਅਦਾ ਕਰੇਂ ਕਿ ਕਦੇ ਵੀ ਕੰਪਾਊਂਡ ਵਿਚ ਇਕੱਲਿਆ ਨਹੀਂ ਲੈ ਕੇ ਜਾਵੇਂਗਾ ਤੇ ਕੇਵਲ ਮੰਮੀ ਪਾਪਾ ਨਾਲ ਹੀ ਗੇਟੋਂ ਬਾਹਰ ਜਾਵੇਂਗਾ।” ਜੀਤ ਦਾ ਕਹਿਣਾ ਸੀ।
“ਮੰਮੀ ਪਰਾਮਿਸ, ਗੌਡ ਪਰਾਮਿਸ।” ਕੰਨ ਫੜ ਕੇ ਆਖ਼ਦਿਆਂ ਸੰਨੀ ਨੇ ਪਾਪਾ ਨੂੰ ਰਾਜ਼ੀ ਕਰ ਲਿਆ।
ਦਰਅਸਲ ਸਾਨੂੰ ਵੀ ਸਾਈਕਲ ਨਾਲੋਂ ਸਕੂਟਰ ਵਧੇਰੇ ਮਾਫ਼ਕ ਸੀ। ਇਕਹਿਰਾ ਤੇ ਲੰਮੇ ਆਕਾਰ ਦਾ ਹੋਣ ਕਾਰਣ ਉਹ ਘੱਟ ਜਗ੍ਹਾ ਘੇਰਦਾ ਸੀ ਤੇ ਹਲਕਾ ਹੋਣ ਕਾਰਨ ਮੈਂ ਵੀ ਚੁੱਕ ਕੇ ਥੱਲੇ ਲਿਜਾ ਸਕਦੀ ਸਾਂ। ਸਕੂਟਰ ਕਾਰਨ ਸੰਨੀ ਨੇ ਘਰ ਵਿਚ ਹੀ ਬਿਜ਼ੀ ਹੋ ਜਾਣਾ ਸੀ ਤੇ ਮੈਨੂੰ ਵਾਰ ਵਾਰ ਉਹਦੇ ਮਗਰ ਥੱਲੇ ਭੱਜਣ ਤੋਂ ਨਜਾਤ ਮਿਲ ਜਾਣੀ ਸੀ।
ਸਕੂਟਰ ਆ ਗਿਆ। ਲੌਬੀ ਵਿਚ, ਕਮਰੇ ਵਿਚ ਦੁੜਾਂਦਾ ਸੰਨੀ ਖੁਸ਼ ਹੋ ਗਿਆ।
ਦਸ ਵਜੇ ਜੀਤ ਦਵਾਖਾਨੇ ਲਈ ਰਵਾਨਾ ਹੋ ਜਾਂਦਾ ਸੀ। ਘਰ ਨੂੰ ਠੀਕ ਠਾਕ ਕਰ, ਭਾਂਡੇ ਸਫ਼ਾਈਆਂ ਕਰਵਾ, ਗਿਆਰਾਂ ਵਜੇ ਦੇ ਕਰੀਬ ਮੈਂ ਰੋਟੀ-ਟੁੱਕ ਲਈ ਜੁਟ ਜਾਂਦੀ। ਇਸ ਦੌਰਾਨ ਸੰਨੀ ਕਦੇ ਫਰਿੱਜ ਦੁਆਲੇ ਤੇ ਕਦੇ ਸੋਫ਼ੇ ਦੁਆਲੇ, ਕਦੇ ਪਲੰਘ ਦੁਆਲੇ ਤੇ ਕਦੇ ਖਾਣੇ ਦੇ ਮੇਜ਼ ਦੁਆਲੇ ਅੱਠ ਦੇ ਹਿੰਦਸੇ ਦੀ ਸ਼ਕਲ ਵਿਚ ਗੇੜੇ ਕੱਟਦਾ ਰਹਿੰਦਾ। ਵਿਵਿਧ ਭਾਰਤੀ ਦੇ ਸੰਗੀਤ ਤੇ ਸਕੂਟਰ ਦੇ ਸ਼ੋਰ ਵਿਚ ਗੁਆਚੇ ਮਾਂ-ਪੁੱਤ ਆਪੋ ਆਪਣੀ ਦੁਨੀਆਂ ਵਿਚ ਰੁੱਝੇ ਰਹਿੰਦੇ। ਇਕ ਵਜੇ ਤਕ ਉਹ ਥੱਕ ਜਾਂਦਾ, ਉਸ ਦੀ ਰੱਜਵੀਂ ਵਰਜਿਸ਼ ਹੋ ਜਾਂਦੀ ਤੇ ਇਸ ਦੌਰਾਨ ਮੈਂ ਦੋਹਾਂ ਵੇਲਿਆਂ ਲਈ ਦਾਲ ਸਬਜ਼ੀ ਬਣਾ ਲੈਂਦੀ। ਫੇਰ ਮੈਂ ਚੰਗੀ ਮਾਲਿਸ਼ ਕਰ ਕੇ, ਨੁਹਾ-ਧੁਆ ਕੇ ਸੰਨੀ ਨੂੰ ਸੁਆ ਦੇਂਦੀ ਤੇ ਉਸ ਤੋਂ ਬਾਅਦ ਮੇਜ਼ ਲਗਾ ਕੇ, ਆਪ ਵੀ ਤਿਆਰ ਹੋ ਜਾਂਦੀ।
ਜੀਤ ਮੁੜ ਢਾਈ ਵਜੇ ਦੇ ਕਰੀਬ ਦੁਪਹਿਰ ਦਾ ਖਾਣਾ ਖਾਣ ਆਉਂਦਾ ਸੀ। ਖਾਰੋਂ, ਦਵਾਖਾਨੇ ਤੋਂ। ਖਾਰ ਤੋਂ ਅੰਧੇਰੀ ਤੱਕ ਦਸ ਮਿੰਟ ਦਾ ਰੇਲ ਦਾ ਸਫ਼ਰ ਤੇ ਅੱਗਿਉਂ ਬੱਸ ਉਤੇ ਸੱਤ ਬੰਗਲੇ, ਘਰ। ਉਸ ਦੇ ਆਉਣ ਤਕ ਘਰ ਟਿੱਚਨ ਹੋਣਾ ਲਾਜ਼ਮੀ ਸੀ ਤੇ ਮੈਂ ਸਾੜ੍ਹੀ ਵਿਚ ਸਜੀ ਸੰਵਰੀ ਪੂਰੀ ਮੇਕ-ਅੱਪ ਵਿਚ ਜਿਵੇਂ ਕਿਸੇ ਪਾਰਟੀ ‘ਤੇ ਜਾਣਾ ਹੋਵੇ।
ਜੀਤ ਨੂੰ ਏਦਾਂ ਹੀ ਪਸੰਦ ਸੀ ਤੇ ਉਹਦੀ ਪਸੰਦ ਨੂੰ ਫੁੱਲ ਚੜ੍ਹਾਉਣੇ ਮੇਰੀ ਰੂਹ ਦੀ ਰੀਝ।
ਹੁਣ ਸਕੂਟਰ ਆ ਜਾਣ ਤੇ ਮੇਰੀਆਂ ਥੱਲੇ ਦੀਆਂ ਦੌੜਾਂ, ਪਰੇਸ਼ਾਨੀਆਂ ਖ਼ਤਮ ਹੋ ਗਈਆਂ ਸਨ। ਸੰਨੀ ਵੀ ਖੁਸ਼ ਸੀ ਤੇ ਮੈਂ ਵੀ।
ਮਸਾਂ ਥੋੜ੍ਹੇ ਦਿਨ ਹੀ ਲੰਘੇ ਹੋਣਗੇ। ਸਾਢੇ ਗਿਆਰਾਂ ਬਾਰਾਂ ਵਜੇ ਦਾ ਵਕਤ।
ਚਾਂਦ ਆਇਆ। ਉਸ ਮੇਰਾ ਬੂਹਾ ਠਕੋਰਿਆ।
“ਦੀਦੀ! ਜਾਨ! ਏਕ ਗੁਜ਼ਾਰਿਸ਼ ਹੈ ਆਪ ਸੇ, ਅਗਰ ਆਪ ਬੁਰਾ ਨਾ ਮਾਨੇ ਤੋ।”
“ਬੋਲੋ ਚਾਂਦ ਭਾਈ।”
“ਅਗਰ ਆਪ ਥੋੜ੍ਹਾ ਸ਼ੋਰ ਕਮ ਕਰ ਸਕੇਂ? ਨੀਚੇ ਸਾਹਿਰ ਸਾਹਿਬ ਲਿਖ ਰਹੇ ਹੈਂ।”
“ਸਾਹਿਰ ਸਾਹਿਬ?”
“ਗੀਤ ਲਿਖ ਰਹੇ ਹੈਂ?”
“ਯਹਾਂ?”
“ਹਾਂ ਦੀਦੀ ਜਾਨ, ਵੇ ਯਹੀਂ ਤੋ ਲਿਖਤੇ ਹੈਂ। ਘਰ ਕਾ ਮਾਹੌਲ ਤੋ – ਅੰਮੀ ਜਾਨ ਕੋ ਤੋ ਆਪ ਜਾਨਤੇ ਹੀ ਹੈਂ।”
ਚਿੱਟੇ ਸੂਟ ਵਿਚ ਤੇ ਸਿਰ Ḕਤੇ ਪੱਲਾ ਲਈ, ਦੁਬਲੀ ਪਤਲੀ ਕਾਹਲੀ ਕਾਹਲੀ, ਗੁੱਸੇ ਗੁੱਸੇ ਦੂਰੋਂ ਸੜਕ ਤੋਂ ਆਉਂਦੀ ਅਕਸਰ ਵੇਖਦੀ ਸਾਂ ਮੈਂ ਸਾਹਿਰ ਦੀ ਮਾਂ! ਪਤਾ ਨਹੀਂ ਇਹ ਕਿੱਥੋਂ ਤੱਕ ਸੱਚ ਸੀ, ਪਰ ਸੁਣਦੀ ਸਾਂ ਕਿ ਉਹ ਉਹਨੂੰ ਏਦਾਂ ਡਾਂਟਦੀ ਸੀ ਜਿਵੇਂ ਉਹ ਪੰਜ-ਸਾਲਾ ਬੱਚਾ ਹੋਵੇ ਤੇ ਸਾਹਿਰ ਅੱਗਿਉਂ ਕਦੇ ਨਹੀਂ ਸੀ ਬੋਲਦਾ। ਬਸ ਮੁਸ ਮੁਸ ਕਰਦਾ ਰਹਿੰਦਾ ਸੀ।
“ਮੁਆਫ਼ ਕਰਨਾ ਚਾਂਦ ਭਾਈ, ਹਮੇਂ ਮਾਲੂਮ ਨਾ ਥਾ। ਆਇੰਦਾ ਸੇ ਸਾਹਿਰ ਸਾਹਿਬ ਕੋ ਕਭੀ ਨਾ ਕਹਲਵਾਨਾ ਪੜੇਗਾ।”
ਚਾਂਦ ਚਲਾ ਗਿਆ ਪਰ ਮੈਂ ਬੇਚੈਨ ਹੋ ਗਈ।
ਕਦੇ ਮੈਂ ਵੀ ਲਿਖਦੀ ਸਾਂ। ਗੀਤ, ਨਜ਼ਮਾਂ, ਕਹਾਣੀਆਂ। ਕੀ ਹਾਲਤ ਹੁੰਦੀ ਸੀ ਉਦੋਂ? ਬਿਲਕੁਲ ਚੁੱਪ ਚਾਹੀਦੀ ਹੁੰਦੀ ਸੀ। ਘੜੀ ਦੀ ਟਿਕ ਟਿਕ ਵੀ ਨਹੀਂ। ਦੂਰ ਕਰ ਦੇਂਦੀ ਸਾਂ ਮੈਂ। ਅਕਸਰ ਰਾਤੀਂ ਲਿਖਣਾ ਸ਼ੁਰੂ ਕਰਦੀ ਸਾਂ। ਬਾਰਾਂ ਵਜੇ, ਜਦੋਂ ਸਾਰੇ ਸੌਂ ਜਾਣ।
ਚਾਹ ਦੇ ਕੱਪ। ਥਰਮਸ ਭਰ ਕੇ ਰੱਖ ਲੈਂਦੀ ਸਾਂ ਕੋਲ।
ਸੁਨਹਿਰੀ ਸੁਪਨੇ, ਖਿਆਲੀ ਦੁਨੀਆਂ ਪਰ ਅਸਲੀਅਤ ਕਿੰਨੀ ਕੌੜੀ ਹੈ। ਅੱਜ ਲਿਖਣਾ ਤਾਂ ਦੂਰ ਰਿਹਾ, ਮੈਂ ਪੜ੍ਹਨ ਲਈ ਵੀ ਸਹਿਕਦੀ ਸਾਂ। ਜੀਤ ਦੀ ਪੈੜ-ਚਾਲ ਸੁਣਦਿਆਂ ਹੀ ਪੁਸਤਕ ਲੁਕੋ ਛੱਡਦੀ ਸਾਂ ਜਿਵੇਂ ਕੋਈ ਬਹੁਤ ਵੱਡਾ ਅਪਰਾਧ ਕਰ ਰਹੀ ਹੋਵਾਂ। ਫੜੀ ਨਾ ਜਾਵਾਂ! ਲਿਖਣ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਾਂ ਸਕਦੀ। ਮਾਨੋ ਸਕਤਾ ਹੀ ਮਾਰ ਗਿਆ ਹੋਵੇ।
ਮੈਂ ਸਾਰਾ ਸਵੈ-ਵਿਸ਼ਵਾਸ ਗੁਆ ਬੈਠੀ ਸਾਂ ਤੇ ਏਥੇ ਠੀਕ ਮੇਰੇ ਹੇਠਾਂ ਗੀਤ ਜਨਮ ਲੈ ਰਿਹਾ ਸੀ, ਸਾਹਿਰ ਦਾ ਗੀਤ!æææḔਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆḔ ਅਤੇ Ḕਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ, ਹਮ ਗਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ’ ਵਰਗੇ ਸ਼ਾਹਕਾਰ ਗੀਤਾਂ ਦੇ ਹਾਣ ਦਾ। ਗੀਤ ਲਿਖਿਆ ਜਾ ਰਿਹਾ ਸੀ ਤੇ ਉਸ ਦੀ ਸਿਰਜਣ ਪ੍ਰਕਿਰਿਆ ਵਿਚ ਮੇਰਾ ਯੋਗਦਾਨ ਮੰਗਿਆ ਸੀ ਸਾਹਿਰ ਨੇ। ਵਾਹ ਵਾਹ! ਮੇਰੇ ਆਵੇਸ਼ ਦੀ ਕੋਈ ਸੀਮਾ ਨਹੀਂ ਸੀ।
ਖਿੜਕੀ ਦੇ ਨਾਲ ਹੀ ਸੀ ਮੇਰਾ ਰਸੋਈ-ਮੇਜ਼। ਕਮਰੇ ਵਿਚ ਹੀ ਹੌਟ-ਪਲੇਟ ਉਤੇ ਖਾਣਾ ਬਣਾਂਦੀ ਸਾਂ ਮੈਂ, ਤੇ ਸਾਹਮਣੇ ਸਾਗਰ ਕੰਢੇ, ਵਿਚੀ ਲੰਮੀ ਸੜਕ ਉਤੇ ਦੂਰੋਂ ਹੀ ਆਉਂਦਾ ਨਜ਼ਰ ਆ ਜਾਂਦਾ ਸੀ ਸਾਹਿਰ। ਉਸ ਲਈ ਏਨੀ ਦੂਰੋਂ ਖਿੜਕੀ ਦੇ ਪਰਦਿਆਂ ਵਿਚਲੀ ਵਿਰਲ ‘ਚੋਂ ਮੈਨੂੰ ਵੇਖਣਾ ਨਾ-ਮੁਮਕਿਨ ਸੀ ਪਰ ਮੈਂ ਉਸ ਨੂੰ ਵੇਖਦਿਆਂ ਸਾਰ ਹੀ ਰੇਡੀਓ ਬੰਦ ਕਰ ਦੇਂਦੀ ਤੇ ਸੰਨੀ ਨੂੰ ਕਹਾਣੀ ਸੁਣਾ, ਲੋਰੀ ਸੁਣਾ, ਹੂਟੇ ਮਾਈਆਂ ਕਰ, ਕਿੱਕਲੀ ਪਾ, ਲੁਕਣ ਮੀਟੀ ਖੇਡ, ਤੇ ਇਸ ਤਰ੍ਹਾਂ ਦੇ ਸੌ ਸੌ ਪਾਪੜ ਵੇਲ ਕੇ ਵਰਚਾਅ ਲੈਂਦੀ। ਕੁਝ ਚਿਰ ਲਈ ਉਹ ਭੁੱਲਦਾ, ਮੁੜ ਜ਼ਿਦ ਕਰਨ ਲੱਗ ਪੈਂਦਾ ਰੇਡੀਓ ਲਈ, ਸਕੂਟਰ ਲਈ। ਕੰਧਾਂ ਨਾਲ ਸਿਰ ਮਾਰਦਾ। ਆਪਣੇ ਵਾਲ ਖੋਂਹਦਾ।
ਏਧਰ ਸੰਨੀ ਦੀ ਅੜੀ ਤੇ ਓਧਰ ਸਾਹਿਰ ਖਾਤਰ ਪਿਨ-ਡਰੋਪ-ਸਾਇਲੈਂਸ ਦੀ ਮਜਬੂਰੀ।æææ ਬੜੀ ਮੁਸ਼ਕਿਲ ਆ ਪਈ ਸੀ ਮੇਰੇ ਲਈ!
ਆਖ਼ਿਰ ਮੈਂ ਨਵਾਂ ਰਾਹ ਕੱਢਿਆ। ਸੰਨੀ ਨੂੰ ਘਨਾੜੇ ਚੜ੍ਹਨਾ ਬੜਾ ਪਸੰਦ ਸੀ। ਮੈਂ ਉਹਨੂੰ ਪਿੱਠ Ḕਤੇ ਚੜ੍ਹਾ ਕੇ ਨੰਗੇ ਤੇ ਪੋਲੇ ਪੈਰੀਂ Ḕਆਟੇ ਦੀ ਬੋਰੀ’ ਲੰਮੀ ਹੇਕ ਨਾਲ ਬੋਲਦੀ ਕਮਰੇ ਵਿਚ ਗੇੜੇ ਕੱਢਦੀ ਤੇ ਉਸ ਲਈ ਮਗਰ ਮਗਰ ਬੋਲਣ ਲਈ ਨਵੇਂ ਨਵੇਂ ਸ਼ਬਦ ਘੜਦੀ ਰਹਿੰਦੀ।
Ḕਆਟੇ ਦੀ ਬੋਰੀ।’ ਮੈਂ ਆਖਦੀ
Ḕਪੰਜ ਰੁਪਏ।’ ਸੰਨੀ ਆਖਦਾ।
ਤੇ ਫੇਰ Ḕਆਟੇ ਦੀ ਬੋਰੀ।’
Ḕਬੜੀ ਭਾਰੀæææ।’
Ḕਆਟੇ ਦੀ ਬੋਰੀ।’
Ḕਬੜੀ ਪੋਲੀæææ।’
Ḕਆਟੇ ਦੀ ਬੋਰੀ।’
Ḕਡਿਗ ਜਾਏਗੀæææ।’
Ḕਆਟਾ ਸਾਰਾ।’
Ḕਡੁੱਲ੍ਹ ਜਾਏਗਾæææ।’
ਏਸ ਤਰ੍ਹਾਂ ਕਦੇ ਉਹਨੂੰ ਡੇਗ, ਤੇ ਕਦੇ ਚੁੱਕ; ਏਦਾਂ ਦੀਆਂ ਕਲਾਬਾਜ਼ੀਆਂ ਕਰਦੇ ਖੇਡਦੇ ਮਾਂ-ਪੁੱਤ ਕਦੇ ਸੋਫ਼ੇ ਦੁਆਲੇ ਤੇ ਕਦੇ ਮੰਜੇ ਦੁਆਲੇ ਚੱਕਰ ਕੱਟਦੇ ਰਹਿੰਦੇ।
ਕਦੇ ਮੈਂ ਘੋੜੀ ਬਣ ਜਾਂਦੀ ਤੇ ਸੰਨੀ ਮੇਰੀ ਪਿੱਠ ਉਤੇ Ḕਚੱਲ ਮੇਰੇ ਘੋੜੇ ਟਿਕ ਟਿਕ’ ਕਰਦਾ ਮੇਰੀ ਗੁੱਤ ਦੀ ਚਾਬੁਕ ਬਣਾ ਕੇ ਮੈਨੂੰ ਦੁੜਾਂਦਾ ਰਹਿੰਦਾ। ਕਦੇ ਮੈਂ ਸਲੇਟ ਉਤੇ ਰੰਗ ਬਰੰਗੇ ਚਾਕਾਂ ਨਾਲ ਮੂਰਤਾਂ ਬਣਾਉਣੀਆਂ, ਤੇ ਕਦੇ ਉਸ ਦੇ ਪਲਾਸਟਿਕ ਦੇ ਵਰਗਾਕਾਰ ਟੁਕੜਿਆਂ ਨਾਲ ਉਹਦੇ ਨਾਲ ਬੈਠ ਕੇ ਘਰ ਤੇ ਮੀਨਾਰਾਂ ਬਣਾਉਣੀਆਂ ਤੇ ਢਾਹੁਣੀਆਂ। ਏਦਾਂ ਕਿਸੇ ਵੀ ਤਰ੍ਹਾਂ ਮੈਂ ਸੰਨੀ ਨੂੰ ਦੋ ਘੰਟੇ ਵਰਚਾਈ ਰਖਦੀ ਪਰ ਬੈਠਵੀਆਂ ਖੇਡਾਂ ਕਾਰਨ ਉਹਦੀ ਬਾਲ-ਸ਼ਕਤੀ ਦਾ ਪੂਰਾ ਨਿਕਾਸ ਨਾ ਹੁੰਦਾ ਜਿਸ ਕਰ ਕੇ ਉਹ ਛੇਤੀ ਨਾ ਸੌਂਦਾ, ਅਰ ਮੈਂ ਖਾØਣਾ ਨਾ ਬਣਾ ਸਕਦੀ। ਉਹ ਵੀ ਖਿਝਿਆ ਰਹਿੰਦਾ ਤੇ ਮੈਂ ਵੀ।
ਹੁਣ ਇਕੋ ਹੀ ਹੱਲ ਰਹਿ ਗਿਆ ਸੀ ਸਮੱਸਿਆ ਦਾ।
ਜੀਤ ਦੇ ਕੰਮ ਲਈ ਰਵਾਨਾ ਹੋਣ ਮਗਰੋਂ ਥੋੜ੍ਹਾ ਘਰ ਵਿਚ ਵਰਚਾਣ ਉਪਰੰਤ ਮੈਂ ਘਰ ਨੂੰ ਜੰਦਰਾ ਲਗਾ ਕੇ ਸੰਨੀ ਨੂੰ ਥੱਲੇ ਲੈ ਜਾਂਦੀ ਵਿਹੜੇ ਵਿਚ ਪਰ ਬੰਗਲੇ ਦੇ ਪਿਛਵਾੜੇ ਹੀ, ਤਾਂ ਜੁ ਸਾਹਿਰ ਦੀ ਇਕਾਗਰਤਾ ਵਿਚ ਕੋਈ ਵਿਘਨ ਨਾ ਪਵੇ, ਤੇ ਆਪਣੇ ਬੰਗਲੇ ਦੀ ਥਾਂ ‘ਤੇ ਨਾਲ ਲੱਗਦੇ ਗਵਾਲੀਅਰ ਹਾਊਸ ਦੀਆਂ ਤੱਟ ਵੱਲ ਜਾਂਦੀਆਂ ਪੌੜੀਆਂ ਰਾਹੀਂ ਉਸ ਨੂੰ ਬੀਚ ਉਤੇ ਲੈ ਜਾਂਦੀ, ਸਾਗਰ ਕੰਢੇ, ਤਾਂ ਜੁ ਸਾਹਿਰ ਨੂੰ ਅਸੀਂ ਦਿਸੀਏ ਵੀ ਨਾ।
Ḕਜੇ ਸਾਹਿਰ ਨੂੰ ਮੇਰੇ ਉਚੇਚ ਦੀ ਭਿਣਕ ਪੈ ਗਈ ਤਾਂ ਉਸ ਦੇ ਮਨ ਉਤੇ ਬੋਝ ਪਵੇਗਾ ਤੇ ਫੇਰ ਕੀ ਪਤਾ ਉਹ ਏਥੇ ਵੀ ਲਿਖ ਸਕੇ ਕਿ ਨਾ।’ ਮੇਰਾ ਤੌਖਲਾ ਸੀ।
ਰੇਤ ਦੇ ਘਰ ਬਣਾਂਦੇ, ਸਿੱਪੀਆਂ ਲੱਭਦੇ ਪਾਣੀ ਵਿਚ ਗੇਂਦ ਸੁੱਟਦੇ ਤੇ ਬੋਚਦੇ। ਕਦੇ ਸੰਨੀ ਦੌੜਦਾ ਮੈਂ ਫੜਦੀ, ਤੇ ਕਦੇ ਮੈਂ ਦੌੜਦੀ, ਸੰਨੀ ਫੜਦਾ। ਇਸ ਤਰ੍ਹਾਂ ਭਰਪੂਰ ਦੌੜ-ਭੱਜ ਨਾਲ ਉਸ ਦੀ ਪੂਰੀ ਸ਼ਕਤੀ ਖਰਚ ਕੇ ਉਹਨੂੰ ਦੋ ਦੀ ਥਾਂ ਤੇ ਇਕ ਅੱਧ ਘੰਟੇ ਵਿਚ ਹੀ ਏਨਾ ਥਕਾ ਦੇਂਦੀ ਮੈਂ ਕਿ ਆਪੇ ਹੀ Ḕਬਸ ਬਸ’ ਕਰਦਾ ਉਹ ਘਰ ਪਰਤਣ ਲਈ ਕਾਹਲਾ ਪੈ ਜਾਂਦਾ ਤੇ ਮੈਂ ਉਸ ਨੂੰ ਨੁਹਾ-ਧੁਆ ਤੇ ਸੁਆ ਕੇ ਛੇਤੀ ਛੇਤੀ ਰਸੋਈ ਸਮੇਟ ਲੈਂਦੀ।

ਜੀਤ ਦੂਜੇ ਬੱਚੇ ਲਈ ਉੱਕਾ ਹੀ ਰਾਜ਼ੀ ਨਹੀਂ ਸੀ।
ਅਸੀਂ ਅਜੇ ਆਰਥਿਕ ਤੌਰ Ḕਤੇ ਏਨੇ ਸੁਖਾਲੇ ਨਹੀਂ ਸਾਂ ਹੋਏ। ਫਲੈਟ ਵੀ ਆਪਣਾ ਨਹੀਂ ਸੀ। ਜੀਤ ਕੋਲ ਐਮæਬੀæਬੀæਐਸ਼ ਦੀ ਡਿਗਰੀ ਵੀ ਨਹੀਂ ਸੀ। ਕੇਵਲ ਫਾਰਮੇਸੀ ਦਾ ਡਿਪਲੋਮਾ ਸੀ, ਭਾਵੇਂ ਡਾਕਟਰ ਉਹ ਚੰਗਾ ਸੀ। ਕਾਬਲ ਤੇ ਅਨੁਭਵੀ। ਡਾਕਟਰੀ ਤਾਂ ਉਸ ਨੂੰ ਖਾਨਦਾਨੀ ਗੁੜਤੀ ਵਜੋਂ ਮਿਲੀ ਹੋਈ ਸੀ। ਤਿੰਨ ਪੀੜ੍ਹੀਆਂ ਤੋਂ ਡਾਕਟਰੀ ਪੇਸ਼ਾ ਪਰ ਮੁੰਬਈ ਵਰਗੀ ਮਹਾਂ ਨਗਰੀ ਵਿਚ ਉੱਚ ਵਿਦਿਆ ਦੀ ਅਣਹੋਂਦ ਕਾਰਨ ਕਲਿਨਿਕ ਬੰਦ ਹੋ ਜਾਣ ਦਾ ਧੁੜਕੂ ਲੱਗਿਆ ਰਹਿੰਦਾ ਸੀ। ਸੋ, ਜੀਤ ਨੇ ਹੋਮਿਓਪੈਥੀ ਦਾ ਚਾਰ-ਸਾਲਾ ਕੋਰਸ ਕਰਨ ਦੀ ਠਾਣ ਲਈ ਸੀ, ਤੇ ਦਾਖਲਾ ਵੀ ਲੈ ਲਿਆ ਸੀ ਜਿਸ ਕਾਰਨ ਉਸਨੂੰ ਸਵੇਰ ਦੀ ਪ੍ਰੈਕਟਿਸ ਬੰਦ ਕਰਨੀ ਪੈ ਗਈ ਸੀ। ਕੇਵਲ ਸ਼ਾਮ ਦੀ ਤਿੰਨ ਘੰਟਿਆਂ ਦੀ ਕਮਾਈ ਤੇ ਉਪਰੋਂ ਗ੍ਰਹਿਸਥੀ ਦੇ ਬੋਝ ਦੇ ਨਾਲ ਨਾਲ ਪੜ੍ਹਾਈ ਦਾ ਵੀ ਖਰਚਾ।
ਦੂਜੇ, ਜੀਤ ਨੂੰ Ḕਕੁੜੀ ਦਾ ਪਿਉ’ ਬਣਨਾ ਅਸਲੋਂ ਹੀ ਪਰਵਾਨ ਨਹੀਂ ਸੀ। Ḕਇਕ ਹੋਰ ਮੁੰਡੇ ਦੇ ਲਾਲਚ ਵਿਚ ਕਿਤੇ ਕੁੜੀ ਹੀ ਨਾ ਆ ਜਾਵੇ’, ਉਹਦਾ ਡਰ ਸੀ। ਇਸ ਤੋਂ ਇਲਾਵਾ ਇਕ ਹੋਰ ਅਨੋਖੀ ਹੀ ਦਲੀਲ ਸੀ ਉਸ ਦੀ- Ḕਕੋਈ ਮੇਰੇ ਸੰਨੀ ਲਈ ਮੇਰਾ ਪਿਆਰ ਵੰਡਾ ਲਵੇ, ਭਾਵੇਂ ਮੇਰਾ ਆਪਣਾ ਹੀ ਬੱਚਾ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ।’ ਉਸ ਦਾ ਕਹਿਣਾ ਸੀ।
ਸਾਰੇ ਮਿਲੇ-ਜੁਲੇ ਕਾਰਨਾਂ ਕਾਰਨ ਪੂਰੀ ਇਹਤਿਆਤ ਵਰਤੀ ਜਾਂਦੀ ਸੀ ਪਰ ਭਾਣਾ ਫੇਰ ਵੀ ਵਰਤ ਗਿਆ। ਰੱਬ-ਸਬੱਬੀਂ। ਦਿਲ ਕੱਚਾ ਤੇ ਉਲਟੀਆਂ! ਮੇਰੇ ਅੰਦਰ ਕੁਝ ਨਾ ਠਹਿਰਦਾ। ਮੂੰਹ ਸਿਰ ਲਪੇਟ ਕੇ ਪਏ ਰਹਿਣ ਨੂੰ ਹੀ ਜੀ ਕਰਦਾ ਪਰ ਅੱਥਰਾ ਸੰਨੀ ਤੇ ਸਾਹਿਰ – ਏਸ ਜਦੋਜਹਿਦ ਨਾਲ ਜੂਝਣ ਦਾ ਜਤਨ ਏਨਾ ਪਿਆਰਾ ਸੀ ਕਿ ਪਤਾ ਨਹੀਂ ਕੀਕੂੰ ਤੇ ਕਿਵੇਂ ਉਸ ਪਲ ਮੈਂ ਬਿਲਕੁਲ ਠੀਕ ਹੋ ਜਾਂਦੀ।
ਦਿਨ ਵਧਦੇ ਜਾ ਰਹੇ ਸਨ। ਪੇਟ ਵਧਦਾ ਜਾ ਰਿਹਾ ਸੀ ਤੇ ਕੁੱਖ ਦੇ ਭਾਰ ਦੇ ਨਾਲ ਨਾਲ Ḕਆਟੇ ਦੀ ਬੋਰੀ’ ਦਾ ਵਜ਼ਨ ਵੀ ਵਧਦਾ ਜਾ ਰਿਹਾ ਸੀ।
Ḕਸਾਹਿਰ ਦੀ ਕਾਵਿ-ਸਿਰਜਣਾ ਵਿਚ ਮੈਂ ਵੀ ਸ਼ਾਮਿਲ ਹਾਂ, ਪਰੋਖ ਰੂਪ ਵਿਚ’, ਇਸ ਅਹਿਸਾਸ ਦੀ ਸ਼ਿੱਦਤ ਸਦਕਾ ਸਭ ਕੁਝ ਉਸੇ ਤਰ੍ਹਾਂ ਹੀ ਚਲਦਾ ਰਿਹਾ। Ḕਘੋੜੀ’ ਵੀ Ḕਬੋਰੀ’ ਵੀ, ਤੇ ਸਮੁੰਦਰ-ਤੱਟ ਦੀਆਂ ਦੌੜਾਂ ਵੀ।
ਇਹ ਜ਼ਰੂਰੀ ਤਾਂ ਨਹੀਂ ਸੀ ਕਿ ਸਾਹਿਰ ਜ਼ਰੂਰ ਤੇ ਹਮੇਸ਼ਾਂ ਉਸ ਵੇਲੇ ਹੀ ਲਿਖਦਾ ਹੋਵੇ ਪਰ ਸ਼ਾਇਰ ਦੇ ਮੂਡ ਦਾ ਕੀ ਭਰੋਸਾ? ਏਸ ਲਈ ਕਦੇ ਵੀ, ਕਿਸੇ ਵੀ ਵੇਲੇ ਜੇ ਮੈਂ ਉਸ ਨੂੰ ਆਉਂਦੇ ਨੂੰ ਵੇਖ ਲੈਂਦੀ ਤਾਂ ਵਾਹ ਲਗਦੇ, ਘਰ ਵਿਚ ਕਿਸੇ ਵੀ ਕਿਸਮ ਦੀ ਹਲਚਲ ਜਾਂ ਸ਼ੋਰ ਨਾ ਹੋਣ ਦੇਂਦੀ।
ਸ਼ਾਮੀ ਛੇ ਵਜੇ ਜੀਤ ਨੇ ਮੁੜ ਦਵਾਖਾਨਾ ਖੋਲ੍ਹਣਾ ਹੁੰਦਾ ਸੀ। ਸਾਢੇ ਚਾਰ ਵਜੇ ਦੇ ਕਰੀਬ ਸੰਨੀ ਤੇ ਮੈਂ ਵੀ ਅਕਸਰ ਉਸ ਨਾਲ ਘਰੋਂ ਨਿਕਲ ਜਾਂਦੇ। ਇਕ ਅੱਧ ਘੰਟਾ ਇਕੱਠੇ ਟਹਿਲਦੇ। ਸੰਨੀ ਪਾਪਾ ਨਾਲ ਬਗੀਚੇ ਵਿਚ ਜਾਂ ਬੀਚ ਉਤੇ ਖੇਡਦਾ ਤੇ ਫੇਰ ਉਸ ਨੂੰ ਬਸ ‘ਤੇ ਚੜ੍ਹਾ, ਟਾ ਟਾ ਕਰ ਮੇਰੇ ਨਾਲ ਵਾਪਸ ਘਰ ਪਰਤਦਾ।
ਬੰਗਲੇ ਦੇ ਮੁੱਖ ਦਵਾਰ ‘ਤੇ ਜਾਂ ਦਲਾਨ ਵਿਚ ਹੀ ਕਈ ਵੇਰਾਂ ਸਾਹਿਰ ਨਾਲ ਸਾਹਮਣਾ ਹੋ ਜਾਂਦਾ। ਗਰਭਵਤੀ। ਸੰਨੀ ਨੂੰ ਉਂਗਲੀ ਨਾਲ ਲਾਈ ਜਦੋਂ ਮੈਂ ਉਸ ਕੋਲੋਂ ਲੰਘ ਜਾਂਦੀ ਤਾਂ ਉਸ ਦੀ ਨੀਝ ਦਾ ਮੈਨੂੰ ਪੂਰਾ ਕਿਆਸ ਹੁੰਦਾ – ਮੇਰੀ ਪਿੱਠ ਨੂੰ ਪਲੋਸਦਾ ਕੋਸਾ ਕੋਸਾ, ਨਿੱਘਾ ਨਿੱਘਾ ਸੇਕ।
ਸੰਨੀ ਦੇ ਵੇਲੇ ਵੀ ਪੂਰੇ ਦਿਨਾਂ ਦੀ ਅਵਸਥਾ ਵਿਚ ਖਾਸ ਤੌਰ ‘ਤੇ ਵਿਹੜੇ ਵਿਚ ਟਹਿਲਦੀ ਨੂੰ ਇੰਜ ਲਗਦਾ ਹੁੰਦਾ ਸੀ ਜਿਵੇਂ ਸਾਹਿਰ ਮੇਰੀ ਕੁੱਖ ਨੂੰ ਸਤਿਕਾਰ ਰਿਹਾ ਹੋਵੇ। ਨਮਸਕਾਰ ਰਿਹਾ ਹੋਵੇ।

ਇਕੱਤੀ ਦਸੰਬਰ, ਸੰਨ ਸਤਾਹਠ ਦੀ ਆਖ਼ਰੀ ਸ਼ਾਮ ਤੇ ਨਵੇਂ ਸਾਲ ਦੀ ਪੂਰਵ ਸੰਧਿਆ!
ਮੁੰਬਈ ਵਿਚ ਇਸ ਰਾਤ ਦੀਆਂ ਰੌਣਕਾਂ ਦੇ ਕਿਆ ਕਹਿਣੇ। ਹੋਟਲਾਂ ਤੇ ਸੰਸਥਾਵਾਂ ਦੇ ਸਮਾਗਮਾਂ ਤੋਂ ਇਲਾਵਾ ਮਹੱਲਿਆਂ, ਹਾਊਸਿੰਗ ਸੁਸਾਇਟੀਆਂ ਤੇ ਗਰੀਬ ਤੋਂ ਗਰੀਬ ਬਸਤੀਆਂ ਦੀਆਂ ਝੌਂਪੜੀਆਂ ਵਿਚ ਵੀ Ḕਓਲਡ ਮੈਨ’ (ਪੁਰਾਣੇ ਸਾਲ) ਦੇ ਪੁਤਲੇ ਠੀਕ ਬਾਰਾਂ ਵਜੇ ਸਾੜੇ ਜਾਂਦੇ ਹਨ। ਗੁਬਾਰੇ, ਪਟਾਖ਼ੇ ਤੇ ਆਤਿਸ਼ਬਾਜ਼ੀ। ਗਰਬੇ ਤੇ ਡਾਂਡੀ ਨਾਚਾਂ ਵਿਚ ਪੂਰਬੀ ਤੇ ਪੱਛਮੀ ਧੁਨਾਂ ਦੇ ਪੂਰੇ ਆਰਕੈਸਟਰਾ ਨਾਲ ਸਮੂਹਿਕ ਨਾਚ! ਮਾਨੋਂ ਸਾਰੀ ਮੁੰਬਈ ਹੀ ਹੜ੍ਹ ਬਣ ਕੇ ਸਮੁੰਦਰ ਵੱਲ ਵਹਿ ਤੁਰੀ ਹੋਵੇ।
ਸਭ ਤੋਂ ਮਨਮੋਹਕ ਤੇ ਰਮਣੀਕ ਸਥਿਤੀ ‘ਤੇ ਹੋਣ ਕਾਰਣ ਸਾਡੇ ਬੰਗਲੇ ਦੇ ਉਸ ਵਿਸ਼ਾਲ ਦਲਾਨ ਵਿਚ ਬੀਚ ਉਤੇ ਵਧੀਆ ਕੋਨੇ ਮੱਲਣ ਖਾਤਰ ਦੁਪਹਿਰ ਤੋਂ ਹੀ ਮੌਜ-ਮੇਲਾ ਕਰਨ ਵਾਲਿਆਂ ਦੀਆਂ ਟੋਲੀਆਂ ਆ ਰਹੀਆਂ ਸਨ ਤੇ ਮੇਲੇ ਦੇ ਸਟਾਲ ਵੀ।
ਇਹ ਸਾਡੇ ਵਿਆਹ ਦੀ ਛੇਵੀਂ ਨਵ-ਬਰਸ-ਸ਼ਾਮ ਸੀ ਤੇ ਹਮੇਸ਼ਾਂ ਵਾਂਗ ਐਤਕੀਂ ਵੀ ਮੈਂ ਦੁਲਹਨ ਦੇ ਵੇਸ ਵਿਚ ਸਜਣਾ ਸੀ। ਜੀਤ ਸਾਲ ਦਾ ਅਰੰਭ ਯਾਰਾਂ-ਦੋਸਤਾਂ ਨਾਲ ਕਿਸੇ ਹੋਟਲ ਦੇ ਕੈਬਰੇ ਡਾਂਸ ਨਾਲ ਕਰਦਾ ਸੀ ਪਰ ਸਵੇਰੇ ਇਕ ਦੋ ਵਜੇ ਘਰ ਪਰਤਣ ਉਤੇ ਮੈਂ ਉਸ ਦਾ ਸੁਆਗਤ ਸੁਹਾਗ ਰਾਤ ਵਾਲੇ ਵੇਸ ਵਿਚ, ਲਾਲ ਸੂਹੀ ਸੁੱਚੇ ਜੈਪੁਰੀ ਗੋਟੇ ਅਤੇ ਕਿਨਾਰੀ ਜੜਿਤ ਸਾੜ੍ਹੀ ਨਾਲ ਕਰਾਂ – ਪੂਰੇ ਹਾਰ ਸ਼ਿੰਗਾਰ ਨਾਲ, ਉਸ ਨੂੰ ਇਹੀ ਪਸੰਦ ਸੀ।
ਇਸ ਵੇਰਾਂ ਮੈਂ ਗਰਭ ਦੇ ਅਠਵੇਂ ਮਹੀਨੇ ਵਿਚ ਸੀ। ਪੀਲੀ ਭੂਕ, ਦੂਹਰਾ ਪੇਟ ਤੇ ਪੈਰਾਂ ਵਿਚ ਸੋਜਿਸ਼, ਫੇਰ ਵੀ ਜੀਤ ਦੀ ਇਹੀ ਖਾਹਿਸ਼ ਸੀ, ਤੇ ਜੇ ਨਾ ਵੀ ਹੁੰਦੀ ਤਾਂ ਵੀ ਉਸ ਨੂੰ ਰਿਝਾਉਣ ਤੋਂ ਵੱਧ ਮੇਰੇ ਲਈ ਨਾ ਕੋਈ ਹੋਰ ਖੁਸ਼ੀ ਸੀ ਤੇ ਨਾ ਹੀ ਜਿਊਣ ਦਾ ਮਕਸਦ।
ਪਲ ਦੋ ਪਲ ਦੀ ਰਾਤ ਤਾਂ ਕੀ, ਜਨਮਾਂ ਦੀ ਉਡੀਕ ਨਾਲੋਂ ਵੀ ਮਹਿੰਗੀ ਹੁੰਦੀ ਸੀ ਮੇਰੇ ਲਈ ਉਹ ਘੜੀ ਜਦੋਂ ਉਹ ਨਿਰਾ ਤੇ ਪੂਰਾ ਮੇਰਾ ਹੁੰਦਾ ਸੀ।
Ḕਧਰਤੀ ਰੁਕ ਕਿਉਂ ਨਹੀਂ ਜਾਨੀ? ਸਮਾਂ ਖੜ੍ਹੋ ਕਿਉਂ ਨਹੀਂ ਜਾਨਾ, ਤੇ ਜਾਂ ਫਿਰ ਹਾਇ ਮੈਂ ਸੌਂ ਕਿਉਂ ਨਹੀਂ ਜਾਨੀ ਸਦਾ ਸਦਾ ਨੀ ਨੀਂਦਰ – ਉਸ ਨੇ ਆਗੋਸ਼ ਵਿਚ’ – ਮੇਰੀ ਲੋਚਾ ਹੁੰਦੀ ਸੀ।
ਸਾੜ੍ਹੀ ਤੇ ਸੂਹੀ ਸਾਟਨ ਦਾ ਪੇਟੀਕੋਟ ਮੈਂ ਦਿਨੇ ਲੌਬੀ ਦੀ ਰੱਸੀ ਉਤੇ ਟੰਗੇ ਸਨ।
ਮੁੰਬਈ ਦੀ ਖਾਰੀ ਤੇ ਨਮੀ ਵਾਲੀ ਸਮੁੰਦਰੀ ਹਵਾ ਕਾਰਨ ਅਲਮਾਰੀ ਵਿਚ ਪਏ ਹੀ ਕੱਪੜੇ ਸਿੱਲੇ ਹੋ ਜਾਂਦੇ ਹਨ। ਉਨ੍ਹਾਂ ਉਪਰ ਚਿੱਟੀ ਤੇ ਸਾਵੀ ਜਿਹੀ ਕਾਈ ਜੰਮ ਜਾਂਦੀ ਹੈ ਤੇ ਇਕ ਖਾਸ ਕਿਸਮ ਦੀ ਹੁਮਕ ਜਿਹੀ ਆਉਣ ਲੱਗ ਪੈਂਦੀ ਹੈ। ਥੋੜ੍ਹੀ ਧੁੱਪ ਤੇ ਹਵਾ ਲਗਾਉਣੀ ਜ਼ਰੂਰੀ ਹੁੰਦੀ ਹੈ।
ਸ਼ਾਮ ਦੇ ਚਾਰ ਕੁ ਵਜੇ ਦਾ ਵਕਤ ਸੀ। ਜੀਤ ਅਜੇ ਸੁੱਤਾ ਪਿਆ ਸੀ ਤੇ ਸੰਨੀ ਵੀ। ਮੈਂ ਇਸਤਰੀ ਕਰਨ ਲਈ ਰੱਸੀ ਤੋਂ ਪੇਟੀਕੋਟ ਤੇ ਸਾੜ੍ਹੀ ਲਾਹੁਣ ਹੀ ਲੱਗੀ ਸਾਂ ਕਿ ਪੇਟੀਕੋਟ ਥੱਲੇ ਜਾ ਡਿੱਗਾ, ਅਸ਼ਕ ਦੀ ਲੌਬੀ ਵਿਚ।æææ ਸ਼ਾਇਦ ਚਿਮਟੀ ਢਿੱਲੀ ਪੈ ਗਈ ਸੀ। ਇਹ ਕੋਈ ਨਵੀਂ ਗੱਲ ਨਹੀਂ ਸੀ। ਅਕਸਰ ਕੱਪੜੇ ਡਿੱਗ ਹੀ ਜਾਂਦੇ ਸਨ ਤੇ ਚਾਂਦ ਆਪੇ ਉਪਰ ਦੇ ਜਾਇਆ ਕਰਦਾ ਸੀ ਪਰ ਹੁਣ ਤਾਂ ਸ਼ਾਮ ਹੋ ਗਈ ਸੀ ਤੇ ਉਪਰੋਂ ਰਾਤ ਪੈਣ ਵਾਲੀ। ਪਤਾ ਨਹੀਂ ਕਿਹੜੇ ਵੇਲੇ ਚਾਂਦ ਲੌਬੀ ਵੰਨੇ ਜਾਏ ਤੇ ਕੀ ਪਤਾ ਜਾਏ ਵੀ ਕਿ ਨਾ, ਵੇਖੇ ਵੀ ਜਾਂ ਨਾ।
ਸੂਹਾ ਰੱਤਾ ਸੁਹਾਗ ਦਾ ਪੇਟੀਕੋਟ।æææ ਅਸ਼ਕ ਦੀ ਲੌਬੀ ਵਿਚ!æææ ਤੇ ਉਪਰੋਂ ਨਵ-ਬਰਸ ਦਾ ਆਗਮਨ!
ਲਾਲ ਪਾਰਦਰਸ਼ੀ, ਮਹੀਨ ਸੁੱਚੀ ਜਾਰਜੱਟ ਦੀ ਸਾੜ੍ਹੀ ਹੇਠਾਂ ਕੇਵਲ ਉਹੀ ਪੇਟੀਕੋਟ ਪਾਇਆ ਜਾ ਸਕਦਾ ਸੀ। ਅੱਗੇ-ਪਿੱਛੇ ਕੋਈ ਵੀ ਜਾਣੂ ਨਜ਼ਰ ਨਹੀਂ ਸੀ ਆ ਰਿਹਾ। ਸਭ ਨਵੇਂ ਉਤਸ਼ਾਹ ਨਾਲ ਰੰਗੇ ਆਪੋ ਆਪਣੇ ਪ੍ਰੋਗਰਾਮਾਂ ਵਿਚ ਮਗਨ ਸਨ।
ਹੁਣ ਕੀ ਕਰਾਂ? ਏਸ ਹਾਲਤ ਵਿਚ ਹੇਠਾਂ ਜਾਵਾਂ ਕਿ ਨਾ? ਜੇ ਕੋਈ ਦੂਜੀ ਸਾੜ੍ਹੀ ਪਾਈ ਤਾਂ ਜੀਤ ਵਿਗੜ ਜਾਏਗਾ ਤੇ ਜੇ ਮੈਂ ਥੱਲੇ ਜਾਂਦੀ ਹਾਂ ਤੇ ਮਗਰੋਂ ਜੀਤ ਦੀ ਅੱਖ ਖੁੱਲ੍ਹ ਜਾਂਦੀ ਹੈ ਤੇ ਉਸ ਨੂੰ ਪਤਾ ਲਗਦੈ ਕਿ ਮੈਂ ਅਸ਼ਕ ਦੇ ਘਰ ਗਈ ਸਾਂ, ਉਸ ਨਾਲ ਕੂਈ ਸਾਂ ਤਾਂ ਪਤਾ ਨਹੀਂ ਕੀ ਅਨਰਥ ਹੋ ਜਾਏ! ਉਸ ਦਾ ਕ੍ਰੋਧ ਤੇ ਸ਼ੱਕੀ ਸੁਭਾਅ ਕਿਸੇ ਆਂਢੀ-ਗੁਆਂਢੀ ਤੋਂ ਵੀ ਨਹੀਂ ਸੀ ਗੁੱਝਾ।
Ḕਕੀ ਉਹ ਤੇਰੇ ਯਾਰ ਲੱਗਦੇ ਨੇ ਜੋ ਮਿਲਣ ਗਈ ਸੈਂ’ – ਇਹ ਵੀ ਤੇ ਇਸ ਤੋਂ ਵੀ ਵੱਧ ਬਹੁਤ ਕੁਝ। ਕੁਝ ਵੀ ਕੋਝਾ ਜਿਹਾ ਕਹਿ ਸਕਦਾ ਸੀ ਉਹ।
ਨਵੇਂ ਸਾਲ ਦੇ ਅਜਿਹੇ ਭਿਅੰਕਰ ਆਗਮਨ ਦੇ ਅਨੁਮਾਨ ਨਾਲ ਕੰਬਦੀ ਤ੍ਰਹਿਕਦੀ ਦੋ-ਦਲੀਲੀਆਂ ਵਿਚ ਪਈ ਮੈਂ ਪੋਲੇ ਪੈਰੀਂ ਥੱਲੇ ਜਾਣ ਲੱਗੀ।
Ḕਰੁਕੋ ਤੁਸੀਂ ਨਾ ਉਤਰੋ ਮੈਂ ਆਉਨਾਂ।’
ਅਜੇ ਮੈਂ ਮਸਾਂ ਪਹਿਲੀ ਪੌੜੀ ਹੀ ਟੱਪੀ ਹੋਵੇਗੀ ਕਿ ਸਾਹਮਣਿਓਂ-ਥੱਲਿਓਂ ਮੇਰੇ ਕੰਨੀ ਬੋਲ ਪਏ।
ਅੱਖ-ਪਲਕਾਰੇ ਵਿਚ ਹੀ ਦਗੜ ਦਗੜ ਪੌੜੀਆਂ ਚੜ੍ਹਦਾ ਪਹੁੰਚ ਗਿਆ। ਮੇਰੇ ਕੋਲ। ਸਾਹਿਰ।
ਉਸੇ ਤਰ੍ਹਾਂ ਨੀਵੀਂ ਪਾਈ ਮੇਰੀ ਕੁੱਖ ਨੂੰ ਨਮਸਕਾਰਦਾ।
ਪੇਟੀਕੋਟ ਉਸ ਦੇ ਹੱਥਾਂ ਵਿਚੋਂ ਮੇਰੇ ਹੱਥਾਂ ਵਿਚ!
ਕੀਲੀ ਗਈ ਮੈਂ।
ਨਿਸ਼ਬਦ।
ਇਹ ਸੱਚ ਸੀ ਕਿ ਸੁਪਨਾ?
Ḕਹੈਪੀ ਨਿਊ ਯੀਅਰ ਈਵ।’
ਉਸ ਆਖਿਆ ਸੀ ਜਾਂ ਮੇਰਾ ਭਰਮ?
Ḕਗੌਡ ਬਲੈੱਸ ਯੂ।’
ਉਹ ਬੋਲਿਆ ਸੀ, ਜਾਂ ਮੇਰੀ ਆਪ ਸਿਰਜੀ ਖੁਸ਼ਫਹਿਮੀ?
Ḕਧੰਨਵਾਦ!’
ਭਿੱਜੇ ਨੈਣ, ਸੁੱਕਾ ਸੰਘ। ਮੇਰੇ ਹੋਂਠ ਫਰਕੇ ਸਨ, ਜਾਂ ਨਹੀਂ ਸਨ ਫਰਕ ਸਕੇ?
ਨੱਚਣ ਦੀ ਅਵਸਥਾ ਨਹੀਂ ਸੀ ਕੋਈ ਮੇਰੀ, ਪਰ ਸਮੁੱਚੀ ਹੋਂਦ ਜਿਵੇਂ ਥਿਰਕ ਉਠੀ, ਲਰਜ਼ ਉਠੀ। ਸਾਹਿਰ ਵੀ ਸ਼ਾਮਲ ਸੀ। ਮੇਰੀ ਸਿਰਜਣਾ ਵਿਚ। ਪਰੋਖ ਰੂਪ ਵਿਚ!
ਵਜਦ ਵਿਚ ਚੁੰਮ ਲਿਆ ਮੈਂ ਆਪਣਾ ਆਪ ਆਪਣੀਆਂ ਬਾਹਾਂ ਵਿਚ ਘੁਟ ਕੇ ਤੇ ਪਤਾ ਨਹੀਂ ਕਦ ਤਕ ਹੱਥਾਂ ਵਿਚ ਨੱਪੀ, ਹੋਂਠਾਂ ਨਾਲ ਚੁੰਮਦੀ, ਕੁੱਖ ‘ਤੇ ਫੇਰਦੀ ਰਹੀ ਸੂਹਾ ਸੂਹਾ, ਕੂਲਾ ਕੂਲਾ, ਕੋਸਾ ਕੋਸਾ ਪੇਟੀਕੋਟ!
_____________________________
ਸਾਹਿਰ ਲੁਧਿਆਣਵੀ ਦੀ ਸ਼ਾਇਰੀ
ਤਾਜ ਮਹਲ
ਤਾਜ ਤੇਰੇ ਲੀਯੇ ਇਕ ਮਜ਼ਹਰ-ਏ-ਉਲਫ਼ਤ ਹੀ ਸਹੀ
ਤੁਝਕੋ ਇਸ ਵਾਦੀ-ਏ-ਰੰਗੀਂ ਸੇ ਅਕੀਦਤ ਹੀ ਸਹੀ
ਮੇਰੀ ਮਹਬੂਬæææ ਕਹੀਂ ਔਰ ਮਿਲਾ ਕਰ ਮੁਝ ਸੇ!
ਬਜ਼ਮ-ਏ-ਸ਼ਾਹੀ ਮੇਂ ਗ਼ਰੀਬੋਂ ਕਾ ਗੁਜ਼ਰ ਕਯਾ ਮਾਨੀ
ਸਬਤ ਜਿਸ ਰਾਹ ਮੇਂ ਹੋਂ ਸਤਵਤ-ਏ-ਸ਼ਾਹੀ ਕੇ ਨਿਸ਼ਾਂ
ਉਸ ਪੇ ਉਲਫ਼ਤ ਭਰੀ ਰੂਹੋਂ ਕਾ ਸਫ਼ਰ ਕਯਾ ਮਾਨੀ
ਮੇਰੀ ਮਹਬੂਬ! ਪਸ-ਏ-ਪਰਦਾ-ਏ-ਤਸ਼ਹੀਰ-ਏ-ਵਫ਼ਾ
ਤੂ ਨੇ ਸਤਵਤ ਕੇ ਨਿਸ਼ਾਨੋਂ ਕੋ ਤੋ ਦੇਖਾ ਹੋਤਾ
ਮੁਰਦਾ ਸ਼ਾਹੋਂ ਕੇ ਮਕਾਬਿਰ ਸੇ ਬਹਲਨੇ ਵਾਲੀ
ਅਪਨੇ ਤਾਰੀਕ ਮਕਾਨੋਂ ਕੋ ਤੋ ਦੇਖਾ ਹੋਤਾ
ਅਨਗਿਨਤ ਲੋਗੋਂ ਨੇ ਦੁਨੀਯਾ ਮੇਂ ਮੁਹੱਬਤ ਕੀ ਹੈ
ਕੌਨ ਕਹਤਾ ਹੈ ਕਿ ਸਾਦਿਕ ਨ ਥੇ ਜਜ਼ਬੇ ਉਨਕੇ
ਲੇਕਿਨ ਉਨ ਕੇ ਲੀਯੇ ਤਸ਼ਹੀਰ ਕਾ ਸਾਮਾਨ ਨਹੀਂ
ਕਯੋਂਕਿ ਵੋ ਲੋਗ ਭੀ ਅਪਨੀ ਹੀ ਤਰਹ ਮੁਫ਼ਲਿਸ ਥੇ
ਯੇ ਇਮਾਰਾਤ-ਓ-ਮਕਾਬਿਰ, ਯੇ ਫ਼ਸੀਲੇਂ, ਯੇ ਹਿਸਾਰ
ਮੁਤਲ-ਕੁਲਹੁਕਮ ਸ਼ਹੰਸ਼ਾਹੋਂ ਕੀ ਅਜ਼ਮਤ ਕੇ ਸੁਤੂੰ
ਸੀਨਾ-ਏ-ਦਹਰ ਕੇ ਨਾਸੂਰ ਹੈਂ, ਕੁਹਨਾ ਨਾਸੂਰ
ਜਜ਼ਬ ਹੈ ਜਿਸਮੇਂ ਤੇਰੇ ਔਰ ਮੇਰੇ ਅਜਦਾਦ ਕਾ ਖ਼ੂੰ
ਮੇਰੀ ਮਹਬੂਬ! ਉਨ੍ਹੇਂ ਭੀ ਤੋ ਮੁਹੱਬਤ ਹੋਗੀ
ਜਿਨਕੀ ਸੰਨਾਈ ਨੇ ਬਖ਼ਸ਼ੀ ਹੈ ਇਸੇ ਸ਼ਕਲ-ਏ-ਜਮੀਲ
ਉਨ ਕੇ ਪਯਾਰੋਂ ਕੇ ਮਕਾਬਿਰ ਰਹੇ ਬੇਨਾਮ-ਓ-ਨਮੂਦ
ਆਜ ਤਕ ਉਨ ਪੇ ਜਲਾਈ ਨ ਕਿਸੀ ਨੇ ਕੰਦੀਲ
ਯੇ ਚਮਨਜ਼ਾਰ ਯੇ ਜਮੁਨਾ ਕਾ ਕਿਨਾਰਾ ਯੇ ਮਹਲ
ਯੇ ਮੁਨੱਕਸ਼ ਦਰ-ਓ-ਦੀਵਾਰ, ਯੇ ਮਹਰਾਬ ਯੇ ਤਾਕ
ਇਕ ਸ਼ਹੰਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ
ਹਮ ਗ਼ਰੀਬੋਂ ਕੀ ਮੁਹੱਬਤ ਕਾ ਉੜਾਯਾ ਹੈ ਮਜ਼ਾਕ
ਮੇਰੀ ਮਹਬੂਬ ਕਹੀਂ ਔਰ ਮਿਲਾ ਕਰ ਮੁਝ ਸੇ!
(ਮਜ਼ਹਰ-ਏ-ਉਲਫ਼ਤ=ਪਿਆਰ ਦਾ ਪ੍ਰਤੀਕ,
ਅਕੀਦਤ=ਸ਼ਰਧਾ, ਬਜ਼ਮ-ਏ-ਸ਼ਾਹੀ= ਬਾਦਸ਼ਾਹਾਂ
ਦੇ ਦਰਬਾਰ, ਸਬਤ=ਉਕਰਿਆ, ਸਤਵਤ-ਏ-ਸ਼ਾਹੀ=ਰਾਜਸੀ ਸ਼ਾਨ, ਪਸ-ਏ-ਪਰਦਾ-ਏ-ਤਸ਼ਹੀਰ-ਏ-ਵਫ਼ਾ=ਪ੍ਰੇਮ ਦੇ ਵਿਖਾਵੇ ਦੇ ਪਰਦੇ ਪਿੱਛੇ, ਮਕਾਬਿਰ=ਮਕਬਰੇ, ਤਾਰੀਕ=ਹਨੇਰੇ, ਸਾਦਿਕ=ਪਵਿਤਰ, ਤਸ਼ਹੀਰ=ਵਿਖਾਵਾ, ਫ਼ਸੀਲੇਂ=ਕੰਧਾਂ, ਹਿਸਾਰ=ਕਿਲੇ, ਮੁਤਲ-ਕੁਲਹੁਕਮ=ਹੁਕਮ ਦੇਣ ਲਈ ਆਜ਼ਾਦ,ਅਜ਼ਮਤ ਕੇ ਸੁਤੂੰ=ਸ਼ਾਨ ਦੇ ਖੰਭੇ, ਸੀਨਾ-ਏ-ਦਹਰ=ਦੁਨੀਆਂ ਦੀ ਛਾਤੀ, ਕੁਹਨਾ= ਪੁਰਾਣੇ, ਅਜਦਾਦ=ਪੁਰਖੇ, ਸੰਨਾਈ= ਕਾਰੀਗਰੀ, ਸ਼ਕਲ-ਏ-ਜਮੀਲ=ਸੁੰਦਰ ਰੂਪ, ਬੇਨਾਮ-ਓ-ਨਮੂਦ=ਬਿਨਾ ਨਾਂ-ਨਿਸ਼ਾਨ, ਕੰਦੀਲ= ਮੋਮਬੱਤੀ, ਚਮਨਜ਼ਾਰ=ਬਗੀਚੇ, ਮੁਨੱਕਸ਼=ਨੱਕਾਸ਼ੀ)

Be the first to comment

Leave a Reply

Your email address will not be published.