ਬਲਜੀਤ ਬਾਸੀ
ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਤੇ ਕੁਝ ਹੋਰ ਸਹਿਯੋਗੀ ਪਾਰਟੀਆਂ ਨੇ ਅਗਲੀਆਂ ਪਾਰਲੀਮਾਨੀ ਚੋਣਾਂ ਲਈ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਤਾਰਿਆ ਹੈ। 2002 ਵਿਚ ਗੋਧਰਾ ਰੇਲ ਅਗਨੀ ਕਾਂਡ ਪਿਛੋਂ ਗੁਜਰਾਤ ਵਿਚ ਮੁਸਲਮਾਨਾਂ ਦੇ ਖਿਲਾਫ਼ ਵਿਆਪਕ ਹਿੰਸਾ ਢਾਹੁਣ ਕਾਰਨ ਨਰਿੰਦਰ ਮੋਦੀ ਦੇਸ਼ ਭਰ ਵਿਚ ਬਦਨਾਮ ਹੋਇਆ ਹੈ। ਉਸ ਦਾ ਮੁਸਲਮਾਨ ਵਿਰੋਧੀ ਤੇ ਫਿਰਕੂ ਰਵੱਈਆ ਕਿਸੇ ਤੋਂ ਛੁਪਿਆ ਨਹੀਂ। ਭਾਰਤੀ ਰਾਜਨੀਤੀ ਦਾ ਨਿਘਾਰ ਦੇਖੋ ਜੁ ਅਜਿਹੇ ਹਾਲਾਤ ਬਣ ਰਹੇ ਹਨ ਕਿ ਸ਼ਾਇਦ ਘੋਰ ਫਿਰਕਾਪ੍ਰਸਤੀ ਦੀ ਰਾਜਨੀਤੀ ਕਰਨ ਵਾਲਾ ਇਹ ਹੈਂਕੜਬਾਜ਼ ਮੋਦੀ ਦੇਸ਼ ਦਾ ਸਰਵਉਚ ਅਧਿਕਾਰੀ ਬਣ ਬੈਠੇ। ਸ਼ੁਭ ਸਮਾਚਾਰ ਇਹ ਹੈ ਕਿ ਇਕ ਵਿਆਪਕ ਲਹਿਰ ਬਣ ਚੁੱਕੀ Ḕਆਮ ਆਦਮੀ ਪਾਰਟੀḔ ਦੀ ਤੇਜ਼ੀ ਨਾਲ ਵਧ ਰਹੀ ਲੋਕਪ੍ਰਿਅਤਾ ਕਾਰਨ ਨਰਿੰਦਰ ਮੋਦੀ ਦੀ ਚੜ੍ਹਤ ਵਿਚ ਠੱਲ੍ਹ ਪੈਣ ਦੀਆ ਸੰਭਾਵਨਾਵਾਂ ਨਜ਼ਰ ਆਉਣ ਲੱਗੀਆਂ ਹਨ। ਖੈਰ! ਦੇਸ਼ ਭਰ ਵਿਚ ਮੋਦੀ ਦਾ ਨਾਂ ਗਿਆ ਹੈ ਤਾਂ ਸੋਚਿਆ ਕਿ ਮੋਦੀ ਉਪ ਨਾਂ ਅਤੇ ਸ਼ਬਦ ਬਾਰੇ ਹੀ ਕੁਝ ਲਿਖਿਆ ਜਾਵੇ। ਇਸ ਬਾਰੇ ਮੇਰੇ ਦੋਸਤ ਅਜਿਤ ਵਡਨੇਰਕਰ ਨੇ ਕਾਫੀ ਲਿਖਿਆ ਹੈ ਤੇ ਮੈਂ ਵੀ ਖੋਜ ਕੀਤੀ ਹੈ। ਇਸ ਤਰ੍ਹਾਂ ਇਹ ਲੇਖ ਭਾਵੇਂ ਮੁਖ ਤੌਰ ‘ਤੇ ਵਡਨੇਰਕਰ ਦੀ ਖੋਜ ‘ਤੇ ਹੀ ਆਧਾਰਤ ਹੈ ਪਰ ਇਸ ਵਿਚ ਮੇਰਾ ਵੀ ਚੋਖਾ ਦਖਲ ਹੈ।
ਸਾਡੀਆਂ ਭਾਸ਼ਾਵਾਂ ਵਿਚ ਵਣਜ ਦੇ ਕਿੱਤੇ ਨਾਲ ਸਬੰਧਤ ਕਈ ਸ਼ਬਦ ਹਨ ਜਿਨ੍ਹਾਂ ਵਿਚੋਂ ਇੱਕ ਹੈ ਮੋਦੀ। ਪ੍ਰਸਿਧ ਵਣਜ ਘਰਾਣੇ, ਮੋਦੀ ਦੇ ਸੰਸਥਾਪਕ ਦਾ ਨਾਂ ਰਾਏ ਬਹਾਦਰ ਗੁੱਜਰ ਮੱਲ ਮੋਦੀ ਹੈ। ਇਹ ਹਰਿਆਣੇ ਦਾ ਰਹਿਣ ਵਾਲਾ ਸੀ ਤੇ ਪਟਿਆਲੇ ਵਿਚ ਪੜ੍ਹਿਆ ਸੀ। ਇਸ ਨੇ ਉਤਰ ਪ੍ਰਦੇਸ਼ ਵਿਚ ਮੋਦੀਨਗਰ ਨਾਂ ਦਾ ਸ਼ਹਿਰ ਵੀ ਵਸਾਇਆ ਹੈ। ਪਾਰਸੀਆਂ ਵਿਚ ਵੀ ਮੋਦੀ ਉਪ ਨਾਂ ਹੈ ਜਿਵੇਂ ਇਨ੍ਹਾਂ ਦੇ ਧਾਰਮਿਕ ਮੁਖੀ ਅਤੇ ਵਿਦਵਾਨ ਸਰ ਐਰਵਦ ਜੀਵਨਜੀ ਜਮਸ਼ਾਦ ਜੀ ਮੋਦੀ। ਬਹੁਤ ਸਾਰੇ ਉਪਨਾਮ ਪੇਸ਼ੇ ਜਾਂ ਸਥਾਨ ਦੇ ਸੂਚਕ ਹੁੰਦੇ ਹਨ ਜਿਵੇਂ ਦਾਰੂਵਾਲਾ (ਦਾਰੂ ਬਣਾਉਣ ਦਾ ਧੰਦਾ ਕਰਨ ਵਾਲਾ), ਬੌਕਸਵਾਲਾ। ਮੋਦੀ ਭਾਵੇਂ ਬਾਣੀਆ ਜਾਤੀ ਦਾ ਗੋਤ ਹੈ ਪਰ ਇਸ ਦੋ ਅੱਖਰੀ ਸ਼ਬਦ ਤੋਂ ਇਸ ਦੇ ਅਰਥਾਂ ਦਾ ਸਿਧੇ ਤੌਰ ‘ਤੇ ਕੋਈ ਕੋਈ ਥਹੁ ਨਹੀਂ ਲਭਦਾ।
ਬਹੁਤ ਸਾਰੇ ਪ੍ਰਸਿਧ ਸ਼ਬਦਕੋਸ਼ਾਂ ਤੋਂ ਮੋਦੀ ਸ਼ਬਦ ਬਾਰੇ ਤਸੱਲੀਬਖਸ਼ ਜਾਣਕਾਰੀ ਨਹੀਂ ਮਿਲਦੀ। ਕਈ ਇਸ ਦਾ ਸਬੰਧ ਸੰਸਕ੍ਰਿਤ ਦੇ ਮੋਦ (ਅਨੰਦ) ਜਾਂ ਮੋਦਕ (ਲੱਡੂ) ਨਾਲ ਜੋੜਦੇ ਹਨ। ਹਾਂ, ਕੋਸ਼ਾਂ ਵਿਚ ਇਸ ਦਾ ਸਬੰਧ ਬਾਣੀਆ ਜਾਤੀ, ਲੂਣ, ਤੇਲ, ਮਿਰਚ ਵੇਚਣ ਵਾਲਾ, ਆਟਾ ਦਾਲ ਚਾਵਲ ਵੇਚਣ ਵਾਲਾ, ਆੜਤੀਆ, ਪਰਚੂਨੀਆ ਆਦਿ ਜ਼ਰੂਰ ਦੱਸਿਆ ਗਿਆ ਹੈ। ਅਜਿਹੇ ਕਿੱਤੇ ਮੋਦ ਸ਼ਬਦ ਦੇ ਅਨੰਦ ਵਾਲੇ ਅਰਥਾਂ ਨਾਲ ਮੇਲ ਨਹੀਂ ਖਾਂਦੇ। ਪਲੈਟਸ ਤੇ ਕੁਝ ਹੋਰ ਕੋਸ਼ਕਾਰ ਇਸ ਦਾ ਸਬੰਧ ਹਲਵਾਈ ਨਾਲ ਦੱਸਦੇ ਹਨ ਜਿਸ ਤੋਂ ਲਗਦਾ ਹੈ ਕਿ ਉਹ ਮੋਦੀ ਦੇ ਲੱਡੂ ਵਾਲੇ ਅਰਥ ਤੋਂ ਪ੍ਰਭਾਵਤ ਹਨ। ਹਿੰਦੀ ਸ਼ਬਦਸਾਗਰ ਵਿਚ ਇਸ ਦਾ ਸਬੰਧ ਸੰਸਕ੍ਰਿਤ ਮੋਦਕ ਦੇ ਨਾਲ ਜੋੜਦੇ ਹੋਏ ਇਸ ਦਾ ਅਰਬੀ ਨਾਲ ਵੀ ਸਬੰਧ ਦੱਸਿਆ ਗਿਆ ਹੈ।
ਕਬੀਰ ਨੇ ਇਕ ਥਾਂ ਮੋਦੀ ਸ਼ਬਦ ਵਰਤਿਆ ਹੈ, “ਮਾਇਆ ਮੇਰੇ ਰਾਮ ਕੀ, ਮੋਦੀ ਸਭ ਸੰਸਾਰ, ਜਾਕੀ ਚਿੱਠੀ ਉਤਰੀ ਸੋਈ ਖਰਚਣਹਾਰ।” ਇਹ ਦੋਹਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ। ਦਿਲਚਸਪ ਗੱਲ ਹੈ ਕਿ ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਵਿਚ ਵੀ ਇਸ ਦੇ ਪਹਿਲੇ ਅਤੇ ਦੂਜੇ ਅਰਥ ਯਾਨਿ ਅਨੰਦ ਦੇਣ ਵਾਲਾ, ਖੁਸ਼, ਪ੍ਰਸੰਨ ਨੂੰ ਸੰਸਕ੍ਰਿਤ ਮੋਦਿਨ ਨਾਲ ਜੋੜਿਆ ਗਿਆ ਹੈ। ਪਰ ਮਹਾਨ ਕੋਸ਼ ਨੇ ਇਸ ਦਾ ਤੀਜਾ ਅਰਥ ਅਰਬੀ ਤੋਂ ਆਇਆ ਦੱਸ ਕੇ ਕਿਹਾ ਹੈ, “ਅਦਾ ਕਰਨ ਵਾਲਾ, ਪਹੁੰਚਾਉਣ ਵਾਲਾ, ਜੋ ਰਸਦ ਆਦਿ ਸਾਮਾਨ ਪਹੁੰਚਾਉਂਦਾ ਹੈ।” ਸਪਸ਼ਟ ਹੈ ਕਿ ਉਹ ਇਸ ਨੂੰ ਅਰਬੀ “ਅਦਾ” ਨਾਲ ਜੋੜਦੇ ਹਨ। ਇਸ ਦਾ ਚੌਥਾ ਅਰਥ ḔਮਿਹਰਬਾਨḔ ਦੱਸਿਆ ਹੈ ਜੋ ਅਰਬੀ ਮੂਦੀ ਦਾ ਬਦਲਿਆ ਰੂਪ ਹੈ ਤੇ ਨਾਲ ਹੀ ਨਾਮਦੇਵ ਨੂੰ ਉਧਰਿਤ ਕੀਤਾ ਹੈ, “ਮੋਦੀ ਕੇ ਘਰਿ ਖਾਣਾ ਪਾਕਾ, ਵਾਕ੍ਰਾ ਲੜਕਾ ਮਾਰਿਆ ਥਾ।” ਇਥੇ ਏਨਾ ਕੁ ਸੰਕੇਤ ਦੇ ਦੇਈਏ ਕਿ ਗਿਆਨੀ ਸਾਹਿਬ ਸਿੰਘ ਨੇ ਇਸ ਦਾ ਅਰਥ ਭੰਡਾਰੀ ਕੀਤਾ ਹੈ ਕਿਉਂਕਿ ਇਸ ਤੁਕ ਵਿਚੋਂ ਸ਼ਿਵ ਜੀ ਦੇ ਭੰਡਾਰੀ ਹੋਣ ਦੇ ਗੁਣ ਨਿਰੂਪਤ ਹੁੰਦੇ ਹਨ। ਖੈਰ! ਮਹਾਨ ਕੋਸ਼ ਵਿਚ ਆਖਰੀ ਦੋਨੋਂ ਪ੍ਰਸੰਗਾਂ ਵਿਚ ਇਸ ਨੂੰ ਅਰਬੀ ਨਾਲ ਜੋੜਿਆ ਗਿਆ ਹੈ ਜੋ ਦਰੁਸਤ ਹੈ ਪਰ ਕੀ ਉਸ ਵਜੋਂ ਦਰਸਾਏ ਅਰਬੀ ਦੇ ਮੂਲ ਸਹੀ ਹਨ? ਅਸੀਂ ਇਸ ਗੱਲ ‘ਤੇ ਵਿਚਾਰ ਕਰਾਂਗੇ ਕਿ ਮੋਦੀ ਉਪ ਨਾਂ ਵਜੋਂ ਇਸ ਦਾ ਸਬੰਧ ਲੱਡੂ/ਅਨੰਦ ਨਾਲ ਜਾਂ ਮਿਹਰਬਾਨ ਜਿਹੇ ਅਰਥ ਨਾਲ ਹੈ ਜਾਂ ਨਹੀਂ।
ਮੋਦੀ ਸ਼ਬਦ ਮੁਸਲਮਾਨੀ ਹਕੂਮਤ ਦੌਰਾਨ ਭਾਰਤੀ ਭਾਸ਼ਾਵਾਂ ਵਿਚ ਰਚ ਗਏ ਬੇਸ਼ੁਮਾਰ ਅਰਬੀ-ਫਾਰਸੀ ਲਫ਼ਜ਼ਾਂ ਵਿਚੋਂ ਇਕ ਮਾਲੂਮ ਹੁੰਦਾ ਹੈ। ਇਸ ਸਮੇਂ ਵਿਚ ਬਹੁਤ ਸਾਰੇ ਸ਼ਬਦ ਅਜਿਹੇ ਹਨ ਜਿਨ੍ਹਾਂ ਦਾ ਸਬੰਧ ਫੌਜ ਨਾਲ ਹੈ ਜਿਵੇਂ ਬਹਾਦਰ, ਫੌਜਦਾਰ, ਨਾਇਬ, ਅਹਿਦੀ ਆਦਿ। ਇਸ ਤਰ੍ਹਾਂ ਮੋਦੀ ਸ਼ਬਦ ਅਰਬੀ ਤੋਂ ਪੰਜਾਬੀ ਸਮੇਤ ਹੋਰ ਭਾਰਤੀ ਭਾਸ਼ਾਵਾਂ ਵਿਚ ਦਾਖਿਲ ਹੋਇਆ ਪਰ ਬੜੇ ਟੇਢੇ ਜਿਹੇ ਢੰਗ ਨਾਲ। ਬਰਤਾਨਵੀ ਸਾਮਰਾਜ ਸਮੇਂ ਅੰਗਰੇਜ਼ੀ ਵਿਚ ਵੜ ਗਏ ਭਾਰਤੀ ਸ਼ਬਦਾਂ ਬਾਰੇ ਇਕ ਕੋਸ਼ ਵਿਚ ਮੋਦੀ ਸ਼ਬਦ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਰਿਆਸਤੀ ਦੌਰ ਵਿਚ ਲਗਾਨ ਦੀ ਵਸੂਲੀ ਅਨਾਜ ਦੇ ਰੂਪ ਵਿਚ ਇਕੱਠੀ ਹੁੰਦੀ ਸੀ ਤੇ ਜਿਸ ਗੁਦਾਮ ਵਿਚ ਇਹ ਇਕੱਠੀ ਹੁੰਦੀ ਸੀ ਉਸ ਨੂੰ ਮੋਦੀਖਾਨਾ ਕਿਹਾ ਜਾਂਦਾ ਸੀ। ਭਾਰਤੀ ਭਾਸ਼ਾਵਾਂ ਵਿਚ ਪੰਸਾਰੀ ਦੇ ਅਰਥ ਵਿਚ ਮੋਦੀ ਸ਼ਬਦ ਪ੍ਰਚਲਿਤ ਹੈ। ਦੇਸ਼ ਦੇ ਕਈ ਸ਼ਹਿਰਾਂ ਵਿਚ ਅਜੇ ਵੀ ਮੋਦੀਖਾਨੇ ਦੇਖੇ ਜਾ ਸਕਦੇ ਹਨ ਜਿਵੇਂ ਜੈਪੁਰ ਦਾ ਚੌਕੜੀ ਮੋਦੀਖਾਨਾ ਤੇ ਪੂਨੇ ਦਾ ਨਿਊ ਮੋਦੀਖਾਨਾ। ਗੁਰੂ ਨਾਨਕ ਵਾਲੇ ਮੋਦੀਖਾਨੇ ਤੋਂ ਪੰਜਾਬੀ ਭਲੀ ਪ੍ਰਕਾਰ ਪਰਿਚਿਤ ਹਨ।
ਗੁਜਰਾਤੀ, ਮਰਾਠੀ, ਪੰਜਾਬੀ ਤੇ ਹੋਰ ਕਈ ਸ੍ਰੋਤਾਂ ਤੋਂ ਮੋਦੀ ਸ਼ਬਦ ਦੇ ਜੋ ਅਰਥ ਉਭਰਦੇ ਹਨ ਉਹ ਹਨ, ਲਗਾਨ ਅਧਿਕਾਰੀ, ਕਾਰਿੰਦਾ, ਗੁਮਾਸ਼ਤਾ, ਦੀਵਾਨ, ਪਿੰਡ ਦਾ ਮੁਖੀਆ, ਵਪਾਰੀ, ਚੌਧਰੀ, ਭੰਡਾਰੀ, ਆੜ੍ਹਤੀਆ, ਪੰਸਾਰੀ, ਦੁਕਾਨਦਾਰ ਆਦਿ। ਜਨਮ ਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਭਣੋਈਏ ਸ਼੍ਰੀ ਜੈ ਚੰਦ ਦੇ ਨਗਰ ਸੁਲਤਾਨਪੁਰ ਵਿਚ ਇਕ ਮੋਦੀਖਾਨੇ ਵਿਚ ਨੌਕਰੀ ਕੀਤੀ ਸੀ। ਸਿੱਖ ਵਿਦਵਾਨ ਵੀ ਮੋਦੀਖਾਨੇ ਨੂੰ ਇਕ ਰਸਦ ਭੰਡਾਰ ਹੀ ਦਸਦੇ ਹਨ। ਭਾਵੇਂ ਕਈ ਭਾਰਤੀ ਭਾਸ਼ਾਵਾਂ ਦੇ ਕੋਸ਼ਾਂ ਵਿਚ ਇਸ ਸ਼ਬਦ ਦਾ ਸ੍ਰੋਤ ਅਰਬੀ ਮਦਈ ਜਿਹਾ ਸ਼ਬਦ ਦੱਸਿਆ ਗਿਆ ਹੈ ਪਰ ਅਰਬੀ, ਫਾਰਸੀ ਕੋਸ਼ਾਂ ਵਿਚ ਇਹ ਸ਼ਬਦ ਸੁਤੰਤਰ ਤੌਰ ‘ਤੇ ਨਹੀਂ ਲਭਦਾ। ਇਕ ਮੁਆਦੀ ਸ਼ਬਦ ਹੈ ਜੋ ḔਅਦਾḔ ਤੋਂ ਬਣਿਆ ਹੈ ਪਰ ਇਸ ਤੋਂ ਵੀ ਮੋਦੀ ਦੇ ਭਾਵ ਵਿਕਸਿਤ ਹੋਣ ਦੀ ਸੰਭਾਵਨਾ ਨਹੀਂ। ਹਾਂ, ਇਸ ਨਾਲ ਰਲਦੇ ਮਿਲਦੇ ਕੁਝ ਹੋਰ ਸ਼ਬਦ ਅਰਬੀ ਵਿਚ ਜ਼ਰੂਰ ਮੌਜੂਦ ਹਨ ਜਿਵੇਂ ਵਿਸ਼ੇ-ਵਸਤੂਆਂ ਵਿਚ ਰੁਚੀ ਰੱਖਣ ਵਾਲਾ=ਮੱਦੀ; ਭੇਜਣ ਵਾਲਾ= ਮੁਆਦੀ; ਵਿਸ਼ਾ ਵਸਤੂ=ਮੁੱਦਾ। ਅਨੁਮਾਨ ਹੈ ਕਿ ਇਨ੍ਹਾਂ ਭਾਵਾਂ ਤੋਂ ਹੀ ਮੋਦੀ ਜਿਹਾ ਸ਼ਬਦ ਭਾਰਤ ਵਿਚ ਵਿਕਸਿਤ ਹੋਇਆ।
ਮੋਦੀ ਦੇ ਅਰਥ ਵਜੋਂ ਗਿਣਾਏ ਗਏ ਸਾਰੇ ਸ਼ਬਦਾਂ ਦਾ ਸਬੰਧ ਸਾਮੀ ਮੂਲ “ਮੱਦ (ਮ-ਦ-ਦ)” ਨਾਲ ਜਾ ਜੁੜਦਾ ਹੈ। ਇਸ ਮੂਲ ਵਿਚ ਮੁਖ ਭਾਵ ਫੈਲਾਅ, ਵਿਸਤਾਰ ਦਾ ਉਜਾਗਰ ਹੁੰਦਾ ਹੈ। ਇਸ ਨਜ਼ਰੀਏ ਤੋਂ ਦੇਖਿਆਂ ਰਸਦ ਪਹੁੰਚਾਉਣਾ, ਪੂਰਤੀ ਕਰਨਾ, ਮਾਲ ਭੇਜਣਾ, ਸਭ ਕਾਸੇ ਵੱਲ ਰਸਾਈ ਕਰਨ, ਲਮਕਣ ਅਰਥਾਤ ਫੈਲਣ ਦਾ ਹੀ ਆਸ਼ਾ ਹੈ। ਰਸਦ ਭੇਜਣ ਤੋਂ ਸਹਾਇਤਾ ਦਾ ਭਾਵ ਸਾਹਮਣੇ ਆਉਂਦਾ ਹੈ, ਇਸ ਲਈ ਮੱਦ ਤੋਂ ਹੀ ਮਦਦ ਜਿਹਾ ਸ਼ਬਦ ਬਣਦਾ ਹੈ ਤੇ ਇਸ ਤੋਂ ਅੱਗੇ ਮਦਦਗਾਰ। ਸਹਾਇਤਾ ਦੇ ਅਰਥਾਂ ਵਾਲਾ ਇਮਦਾਦ ਵੀ ਇਸੇ ਤੋਂ ਬਣਿਆ। ਅਰਬੀ ਵਿਚ ਖੁਦ ਇਕ ਮੱਦ ਸ਼ਬਦ ਹੈ ਜਿਸ ਦਾ ਪੰਜਾਬੀ ਰੂਪ ḔਮਦḔ ਹੈ। ਅਰਬੀ ਵਿਚ ਮੱਦ/ਮਦ ਦਾ ਅਰਥ ਅਲਫ਼ ਅੱਖਰ ਤੇ ਲਾਈ ਉਹ ਲਕੀਰਨੁਮਾ ਲੱਗ ਹੈ ਜਿਸ ਨਾਲ ਇਸ ਦੀ ਧੁਨੀ ਲੰਮੀ (ਦੀਰਘ) ਹੋ ਜਾਂਦੀ ਹੈ ਅਰਥਾਤ ḔਅḔ ਦਾ ḔਆḔ ਬਣ ਜਾਂਦਾ ਹੈ। ਅਸੀਂ ਮੱਦ ਮੂਲ ਵਿਚ ਫੈਲਾਅ ਦਾ ਭਾਵ ਦੱਸਿਆ ਹੈ, ਇਹ ਫੈਲਾਅ ਜਾਂ ਲਮਕਾਅ ਦਾ ਭਾਵ ਅਸੀਂ ਧੁਨੀ ਦੇ ਦੀਰਘ ਹੋਣ ਵਿਚ ਦੇਖਦੇ ਹਾਂ। ਵਹੀ ਖਾਤਿਆਂ ਵਿਚ ਹਿਸਾਬ ਦੀ ਰਕਮ ਦਰਸਾਉਣ ਲਈ ਵੀ ਅਰੰਭ ਵਿਚ ਲਕੀਰ ਖਿੱਚੀ ਜਾਂਦੀ ਹੈ ਜਿਸ ਨੂੰ ਮੱਦ ਕਿਹਾ ਜਾਂਦਾ ਹੈ। ਇਸ ਮੱਦ ਦੇ ਲਗਾਉਣ ਨਾਲ ਇਸ ਦੇ ਹੇਠਾਂ ਲਿਖਿਆ ਸਾਰਾ ਹਿਸਾਬ ਅਲੱਗ ਹੀ ਦਿਖਾਈ ਦਿੰਦਾ ਹੈ, ਇਸ ਲਈ ਮੱਦ ਦਾ ਅਰਥ ਕਾਲਮ ਜਾਂ ਪੈਰਾ ਵੀ ਹੋ ਗਿਆ ਤੇ ਲੇਖੇ ਦਾ ਸਿਰਲੇਖ ਵੀ। ਇਸ ਦਾ ਅਰਥ ਆਈਟਮ ਜਾਂ ਲੇਖਾ ਜਿਹਾ ਵੀ ਹੋ ਗਿਆ ਜਿਵੇਂ “ਮੁਰੰਮਤ ਦੀ ਮਦ।” ਮੱਦ ਤੋਂ ਹੀ ਫਾਰਸੀ ਮਦ-ਏ-ਨਜ਼ਰ ਸ਼ਬਦ ਬਣਿਆ ਜਿਸ ਦਾ ਅਰਥ ਨਜ਼ਰ ਦੇ ਸਾਹਮਣੇ ਹੁੰਦਾ ਹੈ। ਮਦ-ਏ ਸੁਰਮਾ ਦਾ ਮਤਲਬ ਸੁਰਮੇ ਦੀ ਧਾਰੀ (ਲਕੀਰ) ਹੁੰਦਾ ਹੈ।
ਮੱਦ ਦਾ ਇਕ ਅਰਥ ਸਮੁੰਦਰ ਦਾ ਚੜ੍ਹਾਅ ਵੀ ਹੈ ਜਿਸ ਵਿਚ ਇਸ ਸ਼ਬਦ ਵਿਚ ਨਿਹਿਤ ਫੈਲਾਅ, ਵਿਸਤਾਰ ਦੇ ਭਾਵ ਸਪਸ਼ਟ ਹਨ। ਫੋੜੇ ਆਦਿ ਤੋਂ ਨਿਕਲੇ ਰਿਸਾਅ ਨੂੰ ਮਵਾਦ ਕਿਹਾ ਜਾਂਦਾ ਹੈ ਜੋ ਅੰਦਰਲੇ ਗੰਦ ਦਾ ਬਾਹਰ ਨੂੰ ਫੈਲਾਅ ਹੀ ਹੈ। ਲੰਬੇ ਅਰਸੇ ਦੇ ਅਰਥਾਂ ਵਿਚ ਇਕ ਸ਼ਬਦ ਮੁੱਦਤ ਹੈ ਜੋ ਇਸੇ ਮੂਲ ਤੋਂ ਆਇਆ ਹੈ। ਇਸ ਵਿਚ ਸਮੇਂ ਦੇ ਫੈਲਾਅ ਦਾ ਭਾਵ ਪ੍ਰਤੱਖ ਹੈ। ਇਸ ਤਰਾਂ ਅਸੀਂ ਦਖਦੇ ਹਾਂ ਕਿ ਇਸ ਮੂਲ ਤੋਂ ਵਿਕਸਿਤ ਸਾਰੇ ਸ਼ਬਦਾਂ ਵਿਚ ਫੈਲਾਅ, ਵਿਸਤਾਰ ਹੀ ਵਿਦਮਾਨ ਹੈ।
ਨਰਿੰਦਰ ਮੋਦੀ ਸਾਹਿਬ ਜਿਥੇ ਜਾਂਦੇ ਹਨ ਇਤਿਹਾਸ-ਮਿਥਹਾਸ ਬਾਰੇ ਆਪਣੇ ਗਿਆਨ ਦਾ ਖੂਬ ਜਲੂਸ ਕਢਦੇ ਹਨ। ਅਰੁਣਾਚਲ ਪ੍ਰਦੇਸ਼ ਦੇ ਕਿਸੇ ਛੋਟੇ ਜਿਹੇ ਕਬੀਲੇ ਵਿਚ ਵੀ ਮੋਦੀ ਨਾਂ ਪ੍ਰਚਲਤ ਹੈ ਜੋ ਕਿ ਇਕ ਇਤਫਾਕ ਹੈ। ਪਰ ਸਾਡੇ ਬਣ ਸਕਣ ਵਾਲੇ ਪ੍ਰਧਾਨ ਮੰਤਰੀ ਨੇ ਉਥੇ ਇਕ ਰੈਲੀ ਵਿਚ ਫਰਮਾਇਆ ਕਿ ਗੁਜਰਾਤ ਅਤੇ ਅਰੁਣਾਚਲ ਵਿਚ ਮੋਦੀ ਨਾਂ ਦੀ ਬਰਾਬਰ ਵਰਤੋਂ ਕਾਰਨ ਇਤਿਹਾਸਕ ਸਾਂਝ ਹੈ। ਇਹ ਗੱਲ ਏਥੋਂ ਵੀ ਪ੍ਰਗਟ ਹੁੰਦੀ ਹੈ ਕਿ ਦਵਾਰਕਾ ਦੇ ਕ੍ਰਿਸ਼ਨ ਨੇ ਅਰੁਣਾਚਲ ਦੀ ਰੁਕਮਣੀ ਨਾਲ ਵਿਆਹ ਰਚਾਇਆ ਸੀ। ਅਸੀਂ ਦੱਸਿਆ ਹੈ ਕਿ ਮੋਦਨ ਦਾ ਅਰਥ ਅਨੰਦ ਦੇਣਾ ਵੀ ਹੁੰਦਾ ਹੈ ਤੇ ਇਸ ਤਰ੍ਹਾਂ ਮੋਦੀ ਉਹ ਹੈ ਜੋ ਅਨੰਦ ਦਿੰਦਾ ਹੈ। ਨਰਿੰਦਰ ਮੋਦੀ ਅੱਜ ਕਲ੍ਹ ਬੇਥਵੀਆਂ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਅਨੰਦ ਹੀ ਤਾਂ ਦੇ ਰਿਹਾ ਹੈ ਤੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈ ਕੇ ਆਪਣੇ ਆਪ ਨੂੰ ਵੀ ਅਨੰਦਿਤ ਕਰ ਰਿਹਾ ਹੈ!
Leave a Reply