ਅਗਾਂਹਵਧੂ ਕਿਸਾਨੀ ਦਾ ਸਿਖਰ ਸੰਮੇਲਨ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨੀਂ ਚੰਡੀਗੜ੍ਹ ਨੇੜੇ ਮੁਹਾਲੀ ਦੇ ਚਪੜ ਚਿੜੀ ਸਥਾਨ ਉਤੇ ਪੰਜਾਬ ਸਰਕਾਰ ਨੇ ਅਗਾਂਹਵਧੂ ਕਿਸਾਨੀ ਦਾ ਲਾਸਾਨੀ ਸਿਖਰ ਸੰਮੇਲਨ ਕੀਤਾ ਹੈ। ਇਸ ਵਿਚ ਭਾਰਤ ਦੇ ਉਤਰੀ ਤੇ ਕੇਂਦਰੀ ਰਾਜਾਂ ਦੇ ਕਿਸਾਨ, ਸਿਆਸਤਦਾਨ ਤੇ ਖੇਤੀ ਵਿਗਿਆਨੀਆਂ ਨੇ ਮਾੜੇ ਮੌਸਮ ਦੇ ਬਾਵਜੂਦ ਹੁਮ ਹੁਮਾ ਕੇ ਹਿੱਸਾ ਲਿਆ। ਇਹ ਪਹਿਲੀ ਵਾਰ ਹੈ ਕਿ ਚੰਗੀ ਖੇਤੀ ਦੀ ਮਹੱਤਤਾ ਨੂੰ ਪਛਾਣਨ ਵਾਲੇ ਖੇਤੀ ਵਿਗਿਆਨੀ, ਕਿਸਾਨ ਤੇ ਰਾਜਨੀਤਕ ਇਕ ਮੰਚ ਤੋਂ ਪੰਜਾਬ ਦੇ ਖੇਤੀ ਖੇਤਰ ਵਿਚ ਯੋਗਦਾਨ ਨੂੰ ਸਰਾਹੁਣ ਦੇ ਨਾਲ ਨਾਲ ਇਸ ਦੀ ਧਰਤੀ ਹੇਠਲੇ ਪਾਣੀ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਲੱਗ ਰਹੇ ਖੋਰੇ ਦਾ ਸਿਰ ਜੋੜ ਕੇ ਸਮਾਧਾਨ ਕਰਨ ਵੱਲ ਰੁਚਿਤ ਹੋਏ ਹਨ। ਇਨ੍ਹਾਂ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਧਾਨ ਖੋਜ ਸ਼ਾਸਤਰੀ ਡਾæ ਗੁਰਦੇਵ ਸਿੰਘ ਖੁਸ਼ ਦੇਸ਼ ਭਰ ਦੀ ਕਿਸਾਨੀ ਦੀਆਂ ਸਮੱਸਿਆਵਾਂ ਦਾ ਗਿਆਤਾ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਰਾਜ ਫਾਰਮਰਜ਼ ਕਮਿਸ਼ਨ ਦੀ ਕਮਾਨ ਸਾਂਭਣ ਵਾਲਾ ਡਾæ ਗੁਰਚਰਨ ਸਿੰਘ ਕਾਲਕਟ ਤੋਂ ਪੰਜਾਬ ਖੇਤੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਡਾæ ਬਲਦੇਵ ਸਿੰਘ ਢਿੱਲੋਂ ਹੀ ਨਹੀਂ ਖੇਤੀਬਾੜੀ ਨਾਲ ਸਬੰਧਤ ਖਰਚਿਆਂ ਤੇ ਕੀਮਤਾਂ ਦੀ ਨਬਜ਼ ਪਛਾਨਣ ਦੇ ਵੱਡੇ ਮਾਹਰ ਤੇ ਯੁਵਕਾਂ ਲਈ ਤਕਨੀਕੀ ਵਿਦਿਆ ਦੀ ਘਾਟ ਨੂੰ ਅਨੁਭਵ ਕਰਨ ਵਾਲੇ ਚਿੰਤਕ ਵੀ ਸ਼ਾਮਲ ਸਨ। ਜਦੋਂ ਡਾæ ਖੁਸ਼ ਵਰਗਾ ਧਾਨ ਦੀ ਖੇਤੀ ਦਾ ਮਾਹਰ ਪੰਜਾਬ ਦੀ ਕਿਸਾਨੀ ਨੂੰ ਬਾਗਬਾਨੀ ਵਾਲੇ ਪਾਸੇ ਤੁਰਨ ਲਈ ਪ੍ਰੇਰਦਾ ਹੈ ਤੇ ਡਾæ ਕਾਲਕਟ ਵਰਗਾ ਸੁਘੜ ਵਿਗਿਆਨੀ ਕਣਕ-ਧਾਨ ਦੀ ਖੇਤੀ ਵਿਚੋਂ ਬਾਹਰ ਕੱਢਣ ਲਈ ਸੋਇਆਬੀਨ ਤੇ ਮੱਕੀ ਦੀ ਕਾਸ਼ਤ ਵਲ ਧਿਆਨ ਦੇਣ ਲਈ ਕਹਿੰਦਾ ਹੈ ਤਾਂ ਉਸ ਦੇ ਅਰਥ ਦੂਣ ਸਵਾਏ ਹੋ ਜਾਂਦੇ ਹਨ। ਖਾਸ ਕਰਕੇ ਭੂਮੀ ਹੇਠਲੇ ਪਾਣੀ ਦੀ ਪੱਧਰ ਨੀਵੀਂ ਹੋਣ ਦੇ ਮਸਲੇ ਨੂੰ ਆਉਣ ਵਾਲੀਆਂ ਨਸਲਾਂ ਤੋਂ ਮਿਲਣ ਵਾਲੀਆਂ ਸੰਭਾਵੀ ਦੁਰਅਸੀਸਾਂ ਨਾਲ ਜੋੜਨ ਵਾਲੀ ਚੇਤੰਨਤਾ।
ਖੇਤੀਬਾੜੀ ਚਿੰਤਕਾਂ ਤੇ ਵਿਗਿਆਨੀਆਂ ਨੇ ਇਕ ਪਾਸੇ ਸਰਕਾਰ ਦਾ ਫਲਾਂ ਤੇ ਸਬਜ਼ੀਆਂ ਦੀ ਸਾਂਭ-ਸੰਭਾਲ ਤੇ ਯੋਗ ਵਿਕਰੀ ਵੱਲ ਧਿਆਨ ਦਿਲਵਾਇਆ ਤੇ ਦੂਜੇ ਪਾਸੇ ਕਿਸਾਨਾਂ ਨੂੰ ਤੁਰੰਤ ਲਾਭ ਦੇ ਕੇ ਨਿੱਜੀ ਖਰਚੇ ਵਧਾਉਣ ਵਾਲੀਆਂ ਫਸਲਾਂ ਵਲੋਂ ਮੂੰਹ ਮੋੜ ਕੇ ਧਰਤੀ ਮਾਤਾ ਦੀ ਕੁੱਖ ਦਾ ਆਦਰ ਕਰਨ ਲਈ ਪ੍ਰੇਰਿਆ। ਜੇ ਸਾਡੀ ਸਰਕਾਰ ਕਿਸਾਨਾਂ ਨੂੰ ਆੜ੍ਹਤੀਆਂ ਦੇ ਚੁੰਗਲ ਵਿਚੋਂ ਕੱਢਣ ਲਈ ਯੋਗ ਕਰਜ਼ਿਆਂ ਦਾ ਪ੍ਰਬੰਧ ਕਰਦੀ ਹੈ ਤੇ ਕਿਸਾਨ ਉਨ੍ਹਾਂ ਕਰਜ਼ਿਆਂ ਦੀ ਦੁਰਵਰਤੋਂ ਕਰਨ ਦੀ ਥਾਂ ਆਪਣੇ ਧੀਆਂ ਪੁੱਤਰਾਂ ਨੂੰ ਉਨਤ ਖੇਤੀ ਦੀਆਂ ਨਵੀਆਂ ਤਕਨੀਕਾਂ ਦਾ ਗਿਆਨ ਦਿਵਾਉਣ ਵਾਲੇ ਪਾਸੇ ਜਾਂ ਉਸ ਪਾਸੇ ਲਾਉਂਦੇ ਹਨ ਜਿਸ ਲਈ ਲੈਂਦੇ ਹਨ ਤਾਂ ਬਹੁਤ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਂਦੇ ਹਨ। ਭੂਮੀ ਉਤੇ ਬੋਝ ਬਣਨ ਵਾਲੀਆਂ ਫਸਲਾਂ ਦੀ ਥਾਂ ਪਸ਼ੂ ਪਾਲਣ, ਘੋੜਾ ਪਾਲਣ ਤੇ ਮੁਰਗੀ ਪਾਲਣ ਵਲ ਧਿਆਨ ਦੇਣ ਦੀ ਲੋੜ ਹੈ ਜਿਸ ਨਾਲ ਮਹਿੰਗੇ ਟਰੈਕਟਰ ਟ੍ਰਾਲੀਆਂ ਤੇ ਟਿਊਬਵੈਲਾਂ ਉਤੇ ਹੋਣ ਵਾਲੇ ਖਰਚੇ ਬਚੇ ਰਹਿੰਦੇ ਹਨ ਤੇ ਆਮਦਨ ਫਸਲਾਂ ਜਿੰਨੀ ਹੀ ਮਿਲਣ ਲਗਦੀ ਹੈ। ਇਨ੍ਹਾਂ ਤੇ ਇਹੋ ਜਿਹੇ ਹੋਰ ਉਪਜਾਊ ਧੰਦਿਆਂ ਦੀ ਸਿਖਲਾਈ ਯੁਵਕਾਂ ਦੇ ਘੇਰੇ ਵਿਚ ਲਿਆਉਣਾ ਸਰਕਾਰ ਦਾ ਕੰਮ ਹੈ। ਇਸ ਤੱਥ ਵੱਲ ਉਚੇਚਾ ਧਿਆਨ ਦਿਵਾਇਆ ਗਿਆ ਕਿ ਜੇ ਭਾਰਤ ਵਿਚ ਅਜਿਹੀ ਸਿਖਲਾਈ ਕੇਵਲ ਇਕ ਸੌ ਜਾਂ ਇਸ ਤੋਂ ਵੀ ਘੱਟ ਧੰਦਿਆਂ ਵਿਚ ਦਿੱਤੀ ਜਾਂਦੀ ਹੈ ਤਾਂ ਕਾਇਆ ਪਲਟ ਸਕਦੀ ਹੈ। ਚੀਨ ਦੀ ਸਰਕਾਰ ਨੇ ਆਪਣੇ ਯੁਵਕਾਂ ਲਈ ਇੰਨੇ ਧੰਦੇ ਲਭ ਰੱਖੇ ਹਨ ਕਿ ਉਨ੍ਹਾਂ ਦੀ ਗਿਣਤੀ ਕਰਦਿਆਂ ਆਪਣੀ ਨਿਗੂਣੀ ਸੋਚ ਉਤੇ ਸ਼ਰਮ ਆਉਂਦੀ ਹੈ। ਇਹ ਗੱਲ ਕੌਣ ਨਹੀਂ ਜਾਣਦਾ ਕਿ ਕਿੱਤਾ ਮੁਖੀ ਧੰਦੇ ਤੇ ਉਨ੍ਹਾਂ ਦੀ ਸਿਖਲਾਈ ਬੇਰੁਜ਼ਗਾਰੀ ਨੂੰ ਨੱਥ ਪਾਉਂਦੀ ਹੈ। ਜੇ ਹੋਰ ਕੁਝ ਨਹੀਂ ਤਾਂ ਸਾਡੇ ਕਿਸਾਨਾਂ ਨੂੰ ਆਪਣੀ ਉਪਜ ਆਪ ਵੇਚਣ ਲਈ ਪ੍ਰੇਰਨਾ ਤੇ ਤਿਆਰ ਕਰਨਾ ਤਾਂ ਅਤਿਅੰਤ ਲਾਭਦਾਇਕ ਹੈ। ਉਹ ਚੰਡੀਗੜ੍ਹ ਦੀ ਆਪਣੀ ਮੰਡੀ ਵਾਲੀ ਪ੍ਰਥਾ ਤੋਂ ਸਬਕ ਲੈ ਸਕਦੇ ਹਨ।
ਮੈਂ ਮੰਨਦਾ ਹਾਂ ਕਿ ਅਜਿਹੇ ਸਿਖਰ ਸੰਮੇਲਨ ਦਾ ਪ੍ਰਭਾਵ ਤੁਰੰਤ ਨਹੀਂ ਪਿਆ ਕਰਦਾ ਪਰ ਇਸ ਨਾਲ ਲੋੜੀਂਦੀ ਜਾਗ੍ਰਤੀ ਪੈਦਾ ਹੁੰਦੀ ਹੈ ਜਿਹੜੀ ਸਮਾਂ ਪਾ ਕੇ ਲਾਭ ਦਿੰਦੀ ਹੈ। ਸਾਡੀਆਂ ਖੇਤੀ ਯੂਨੀਵਰਸਿਟੀਆਂ ਨੂੰ ਇਸ ਸੰਮੇਲਨ ਦਾ ਸੰਦੇਸ਼ ਅੱਗੇ ਲਿਜਾਣਾ ਚਾਹੀਦਾ ਹੈ। ਅੱਜ ਕੱਲ੍ਹ ਪੰਜਾਬ ਸਰਕਾਰ ਆਪਣੇ ਪਿੰਡਾਂ ਵਿਚ ਸੁਵਿਧਾ ਕੇਂਦਰ ਖੋਲ੍ਹ ਰਹੀ ਹੈ। ਉਨ੍ਹਾਂ ਵਿਚ ਵੀ ਖੇਤੀ ਖੇਤਰ ਵਿਚ ਦਿੱਤੀਆਂ ਜਾ ਰਹੀਆਂ ਆਰਥਿਕ ਸੁਵਿਧਾਵਾਂ ਦਾ ਪ੍ਰਚਾਰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ। ਜਾਗ੍ਰਤੀ ਦੀਪ ਨਾਲ ਦੀਪ ਜਲਾਇਆਂ ਹੀ ਆਉਂਦੀ ਹੈ।
ਅੰਤਿਕਾ: (ਮੋਹਨ ਸਿੰਘ)
ਸ਼ੋਖ ਦਿਲ ਨੂੰ ਨਾ ਵਲੀ
ਤੇ ਨਾ ਪੈਗੰਬਰ ਫੜ ਸਕੇ,
ਆ ਕਿ ਤੈਨੂੰ ਅੱਜ ਇਹ
ਉਡਦਾ ਟਟਹਿਣਾ ਫੜ ਦਿਆਂ।

Be the first to comment

Leave a Reply

Your email address will not be published.