ਸਾਡੇ ਪੰਜਾਬ ਵਿਚ ਬਾਦਲਾਂ ਦਾ ਮੋਦੀ

ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਦੀ ਪੰਜਾਬ ਰੈਲੀ ਆਖਰਕਾਰ ਸਿਰੇ ਚੜ੍ਹ ਗਈ। ਇਹ ਰੈਲੀ ਪਹਿਲਾਂ ਕਿਸੇ ਨਾ ਕਿਸੇ ਕਾਰਨ ਵਾਰ-ਵਾਰ ਮੁਲਤਵੀ ਹੁੰਦੀ ਰਹੀ ਹੈ। ਕੁਝ ਧਿਰਾਂ ਵੱਲੋਂ ਉਸ ਦੀ ਪੰਜਾਬ ਆਮਦ ਦਾ ਬਹੁਤ ਤਿੱਖਾ ਵਿਰੋਧ ਕੀਤਾ ਗਿਆ। ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕੁਝ ਸਮਾਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਰਨਾ ਪਿਆ ਸੀ। ਉਦੋਂ ਅਡਵਾਨੀ ਦੀ ਸਵੈ-ਜੀਵਨੀ ‘ਮਾਈ ਕੰਟਰੀ ਮਾਈ ਲਵ’ ਅਜੇ ਨਵੀਂ-ਨਵੀਂ ਛਪੀ ਸੀ ਅਤੇ ਇਸ ਕਿਤਾਬ ਵਿਚ ਸ੍ਰੀ ਹਰਿਮੰਦਰ ਸਾਹਿਬ ਉਤੇ ਫੌਜੀ ਚੜ੍ਹਾਈ ਬਾਰੇ ਟਿੱਪਣੀਆਂ ਕੀਤੀਆਂ ਹੋਈਆਂ ਸਨ। ਇਨ੍ਹਾਂ ਟਿੱਪਣੀਆਂ ਤੋਂ ਨਾਰਾਜ਼ ਸਿੱਖਾਂ ਨੇ ਉਸ ਦਾ ਰਾਹ ਡੱਕਣ ਦਾ ਯਤਨ ਕੀਤਾ ਸੀ ਪਰ ਉਸ ਸਮੇਂ ਵੀ ਅੱਜ ਵਾਂਗ ਹੀ ਪੰਜਾਬ ਵਿਚ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਦੋਂ ਪੰਜਾਬ ਪੁੱਜਣ Ḕਤੇ ਅਡਵਾਨੀ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ। ਅੱਜ ਵੀ ਸ਼ ਬਾਦਲ ਨੇ ਮੋਦੀ ਦੀ ਰੈਲੀ ਲਈ ਜੀਅ-ਤੋੜ ਕੋਸ਼ਿਸ਼ ਕੀਤੀ। ਇਸ ਦਾ ਇਕ ਅਤੇ ਦਿਸਦਾ ਕਾਰਨ ਤਾਂ ਲੋਕ ਸਭਾ ਚੋਣਾਂ ਵੀ ਹਨ ਪਰ ਅਸਲ ਕਾਰਨ ਹੋਰ ਵੀ ਕਈ ਹਨ। ਪਿਛਲੇ ਸਾਲਾਂ ਦੌਰਾਨ ਬਾਦਲ ਪਿਉ-ਪੁੱਤ ਗਾਹੇ-ਬਗਾਹੇ ਨਰੇਂਦਰ ਮੋਦੀ ਨਾਲ ਨਿੱਜੀ ਅਪਣੱਤ ਵੀ ਦਿਖਾਉਂਦੇ ਰਹੇ ਹਨ ਅਤੇ ਉਸ ਵੱਲੋਂ ਪ੍ਰਚਾਰੀ ਜਾ ਰਹੀ ‘ਵਿਕਾਸ ਸਿਆਸਤ’ ਦੀ ਚਰਚਾ ਕਰਦੇ ਰਹੇ ਹਨ। ਮੋਦੀ ਵੀ ਪੰਜਾਬ ਪੁੱਜ ਕੇ ਸਿੱਖਾਂ ਨਾਲ ਸਾਂਝ ਦੀ ਚਰਚਾ ਛੇੜਦਾ ਹੈ ਅਤੇ ਆਪਣੀ ਇਸ ਚਰਚਾ ਵਿਚ ਗੁਰੂ ਨਾਨਕ ਦੀ ਗੁਜਰਾਤ ਯਾਤਰਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਵਿਚ ਗੁਜਰਾਤੀ ਪਿਆਰਾ ਸ਼ਾਮਲ ਹੋਣ ਦਾ ਚੇਤਾ ਕਰਵਾਉਂਦਾ ਹੈ। ਆਪਣੀ ਅਤੇ ਬਾਦਲ ਜਾਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਾਂਝ ਨੂੰ ਉਹ ਹਿੰਦੂ-ਸਿੱਖ ਏਕਤਾ ਦੇ ਰੰਗ ਵਿਚ ਭਿਉਂ ਕੇ ਪੇਸ਼ ਕਰਦਾ ਹੈ। ਉਹ ਭੁੱਲ ਜਾਂਦਾ ਹੈ ਕਿ ਅਜੇ ਇਕ ਦਿਨ ਪਹਿਲਾਂ ਹੀ ਉਹ ਅਰੁਣਾਚਲ ਪ੍ਰਦੇਸ਼ ਵਿਚ ਕੀ ਭਾਸ਼ਣ ਦੇ ਕੇ ਆਇਆ ਹੈ। ਇਹ ਭਾਸ਼ਣ ਉਸ ਨੇ ਮੁਸਲਮਾਨ ਬੰਗਲਾਦੇਸ਼ੀਆਂ ਦੀ ਭਾਰਤ ਵਿਚ ਆਮਦ ਦੇ ਵਿਰੁਧ ਅਤੇ ਬੰਗਲਾਦੇਸ਼ੀ ਹਿੰਦੂਆਂ ਦੇ ਹੱਕ ਵਿਚ ਦਿੱਤਾ ਸੀ। ਸਿੱਖੀ ਵਿਚ ਤਾਂ ਇਸ ਤਰ੍ਹਾਂ ਦੀ ਦਵੈਤ ਲਈ ਕੋਈ ਥਾਂ ਨਹੀਂ ਹੈ ਪਰ ਮੋਦੀ ਦੇ ਰਾਜ ਵਿਚ ਤਾਂ ਇਸੇ ਦਵੈਤ ਤਹਿਤ 2002 ‘ਚ ਗੁਜਰਾਤ ਵਿਚ ਰਾਤੋ-ਰਾਤ 1000 ਤੋਂ ਵੱਧ ਮੁਸਲਮਾਨ ਮਾਰ ਦਿੱਤੇ ਗਏ ਸਨ। ਇਸੇ ਕਰ ਕੇ ਦਿੱਲੀ ਦੇ ਸਿੱਖ ਕਤਲੇਆਮ ਬਾਰੇ ਉਸ ਨੇ ਇਕ ਸ਼ਬਦ ਵੀ ਨਹੀਂ ਬੋਲਿਆ ਹੈ; ਹਾਲਾਂਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿਚ ਕਾਂਗਰਸ ਇਸ ਮਾਮਲੇ ਬੜੀ ਕਸੂਤੀ ਫਸੀ ਹੋਈ ਸੀ। ਹਾਂ, ਉਸ ਨੇ ਗੁਜਰਾਤ ਦੇ ਉਜਾੜੇ ਜਾ ਰਹੇ ਪੰਜਾਬੀ/ਸਿੱਖ ਕਿਸਾਨਾਂ ਦਾ ਜ਼ਿਕਰ ਜ਼ਰੂਰ ਕੀਤਾ, ਪਰ ਭਾਸ਼ਣ ਦੀਆਂ ਇਹ ਚੰਦ ਸਤਰਾਂ ਵੋਟ ਸਿਆਸਤ ਦੇ ਨਖੂਣੇ ਤੋਂ ਵੱਧ ਕੁਝ ਵੀ ਨਹੀਂ ਸਨ।
ਉਂਜ, ਇਕ ਗੱਲ ਨੋਟ ਕਰਨ ਵਾਲੀ ਹੈ ਕਿ ਮੋਦੀ ਜਿੱਥੇ ਵੀ ਜਾਂਦਾ ਹੈ, ਇਕੱਠ ਵਾਹਵਾ ਭਰਵਾਂ ਹੁੰਦਾ ਹੈ। ਉਸ ਦੀ ਪਾਰਟੀ ਵਾਲੇ ਇਕੱਠਾਂ ਲਈ ਤਰੱਦਦ ਵੀ ਬੜਾ ਕਰਦੇ ਹਨ, ਪਰ ਸਿਆਸੀ ਵਿਸ਼ਲੇਸ਼ਕਾਂ ਨੇ ਵੀ ਮਲਵੀਂ ਜੀਭੇ ਮੋਦੀ ਦੀ ਚੜ੍ਹਾਈ ਵਾਲਾ ਤੱਥ ਸਵੀਕਾਰ ਕਰ ਲਿਆ ਜਾਪਦਾ ਹੈ। ਇਨ੍ਹਾਂ ਵਿਸ਼ਲੇਸ਼ਕਾਂ ਨੇ ਭਾਰਤ ਵਿਚ ਅਮਰੀਕੀ ਸਫੀਰ ਨੈਨਸੀ ਪਾਵੈਲ ਦੀ ਮੋਦੀ ਨਾਲ ਮੁਲਾਕਾਤ ਨੂੰ ਇਸੇ ਚੜ੍ਹਾਈ ਦਾ ਹਿੱਸਾ ਸਵੀਕਾਰ ਕੀਤਾ ਹੈ। ਗੁਜਰਾਤ ਕਤਲੇਆਮ ਦੇ ਮਾਮਲੇ ਵਿਚ ਅਮਰੀਕਾ ਦਾ ਹੁਣ ਤੱਕ ਮੋਦੀ ਪ੍ਰਤੀ ਰਵੱਈਆ ਬੜਾ ਸਖਤ ਰਿਹਾ ਹੈ, ਪਰ ਹੁਣ ਇਹ ਸਖਤੀ, ਨਰਮੀ ਵਿਚ ਬਦਲਦੀ ਜਾਪਦੀ ਹੈ। ਸਿਆਸੀ ਵਿਸ਼ਲੇਸ਼ਕ ਇਸ ਚੜ੍ਹਾਈ ਬਾਰੇ ਆਪੋ-ਆਪਣੀਆਂ ਟੀਕਾ-ਟਿੱਪਣੀਆਂ ਕਰ ਰਹੇ ਹਨ। ਉਂਜ ਇਕ ਤੱਥ ਤਾਂ ਹੁਣ ਚਿੱਟੇ ਦਿਨ ਵਾਂਗ ਸਾਫ ਹੈ ਕਿ ਮੋਦੀ ਦੀ ਇਸ ਅਸਲੀ ਜਾਂ ਨਕਲੀ ਚੜ੍ਹਾਈ ਵਿਚ ਕਾਂਗਰਸ ਦਾ ਚੋਖਾ ਯੋਗਦਾਨ ਹੈ। ਕਾਂਗਰਸ ਦੇ ਦਸ ਸਾਲਾਂ ਦੇ ਰਾਜ ਤੋਂ ਬਾਅਦ ਆਮ ਲੋਕਾਂ ਦਾ ਇਸ ਪਾਰਟੀ ਤੋਂ ਬੁਰੀ ਤਰ੍ਹਾਂ ਮੋਹ-ਭੰਗ ਹੋ ਚੁੱਕਾ ਹੈ। ਤੀਜੇ ਮੋਰਚੇ ਦਾ ਮੂੰਹ-ਮੱਥਾ ਫਿਲਹਾਲ ਬਣ ਨਹੀਂ ਰਿਹਾ, ਇਸ ਦੀ ਸਾਰਥਿਕਤਾ ਬਾਰੇ ਤਾਂ ਸਦਾ ਸਵਾਲ ਉਠਦੇ ਰਹੇ ਹਨ। ਸੋ, ਲੈ-ਦੇ ਕੇ ਸਿਰਫ ਮੋਦੀ ਹੀ ਬਚਦਾ ਹੈ। ਜ਼ਾਹਿਰ ਹੈ ਕਿ ਮੋਦੀ ਆਮ ਲੋਕਾਂ ਦੀ ਪਸੰਦ ਨਹੀਂ, ਪਰ ਲੋਕਾਂ ਕੋਲ ਹੋਰ ਕੋਈ ਤੋੜ ਵੀ ਕਿੱਥੇ ਹੈ? ਇਹੀ ਕਾਰਨ ਹੈ ਕਿ ਮੌਜੂਦਾ ਹਾਲਾਤ ਚੁੱਪ-ਚੁਪੀਤੇ ਮੋਦੀ ਦੇ ਹੱਕ ਵਿਚ ਚਲੇ ਗਏ ਹਨ ਅਤੇ ਮੀਡੀਆ ਜਿਸ ਦੇ ਵੱਡੇ ਹਿੱਸੇ ਉਤੇ ਹੁਣ ਧਨਾਢ ਕਾਰੋਬਾਰੀਆਂ ਦਾ ਕਬਜ਼ ਹੈ, ਤਾਂ ਪਹਿਲਾਂ ਹੀ ਮੋਦੀ-ਮੋਦੀ ਦਾ ਰਾਗ ਅਲਾਪ ਰਿਹਾ ਹੈ। ਇਨ੍ਹਾਂ ਹਾਲਾਤ ਵਿਚ ਮੋਦੀ ਦੀ ਪੰਜਾਬ ਫੇਰੀ ਦੇ ਵਿਸ਼ੇਸ਼ ਅਰਥ ਬਣ ਜਾਂਦੇ ਹਨ। ਮੋਦੀ ਵਾਲੀ ਸਟੇਜ ਉਤੋਂ ਹੀ ਸ਼ ਪ੍ਰਕਾਸ਼ ਸਿੰਘ ਬਾਦਲ ਕੇਂਦਰ ਸਰਕਾਰ ਉਤੇ ਦੋਸ਼ ਲਾਉਂਦਾ ਹੈ ਕਿ ਇਹ ਸਿੱਖਾਂ ਨੂੰ ਵੱਖਵਾਦੀ ਅਤੇ ਅਤਿਵਾਦੀ ਗਰਦਾਨਦੀ ਰਹੀ ਹੈ। ਇਹ ਅਸਲ ਵਿਚ ‘ਵੋਟਾਂ ਦੀ ਫਿਰਕਾਪ੍ਰਸਤ ਸਿਆਸਤ’ ਹੈ ਜਿਹੜੀ ਅਕਾਲੀ ਦਲ ਅਤੇ ਭਾਜਪਾ ਹੀ ਨਹੀਂ, ਕਾਂਗਰਸ ਵੀ ਅਕਸਰ ਅਜਿਹੇ ਮੌਕਿਆਂ ਉਤੇ ਕਰਦੀ ਰਹੀ ਹੈ। ਇਕ ਲਿਹਾਜ਼ ਨਾਲ ਤੱਤੀਆਂ ਸਿੱਖ ਜਥੇਬੰਦੀਆਂ ਵੀ ਸਿੱਧੇ-ਅਸਿੱਧੇ ਢੰਗ ਨਾਲ ਇਸੇ ਸਿਆਸਤ ਨਾਲ ਜਾ ਜੁੜਦੀਆਂ ਹਨ। ਸਮਝਣ ਵਾਲਾ ਨੁਕਤਾ ਹੈ ਕਿ ਇਸ ਫਿਰਕਾਪ੍ਰਸਤ ਸਿਆਸਤ ਦਾ ਰਾਹ ਆਖਰਕਾਰ ਹਿੰਸਾ ਵੱਲ ਜਾ ਖੁੱਲ੍ਹਦਾ ਹੈ। ਨਾਲੇ ਇਕ ਹੋਰ ਗੱਲ ਸਾਫ ਹੋ ਜਾਣੀ ਚਾਹੀਦੀ ਹੈ ਕਿ ਹਿੰਦੂ ਫਿਰਕਾਪ੍ਰਸਤੀ ਦਾ ਤੋੜ ਸਿੱਖ ਜਾਂ ਮੁਸਲਿਮ ਫਿਰਕਾਪ੍ਰਸਤੀ ਨਹੀਂ ਹੈ। ਇਹ ਤਿੰਨੇ ਤਾਂ ਸਗੋਂ ਇਕ-ਦੂਜੇ ਦੀਆਂ ਪੂਰਕ ਹਨ ਅਤੇ ਇਨ੍ਹਾਂ ਤਿੰਨਾਂ (ਹਿੰਦੂ-ਮੁਸਲਿਮ-ਸਿੱਖ ਫਿਰਕਾਪ੍ਰਸਤੀ) ਦੀ ਵਿਚਾਰਧਾਰਕ ਸਾਂਝ ਵੀ ਹੈ। ਤਿੰਨੇ ਹੀ ਆਪਣੀਆਂ ਲੜੀਆਂ ਇਤਿਹਾਸਕ ਮਹਾਨਤਾ ਨਾਲ ਜੋੜਦੀਆਂ ਹਨ। ਇਸ ਇਤਿਹਾਸਕ ਮਹਾਨਤਾ ਵਿਚ ਫਿਰ ਅਗਾਂਹ ਵਿਸ਼ੇਸ਼ ਗੁਣ ਜੋੜ ਲਈ ਜਾਂਦੇ ਹਨ। ਇਸ ਤੋਂ ਬਾਅਦ ਵੱਖਰੇਪਣ ਦੀ ਚਰਚਾ ਚੱਲ ਪੈਂਦੀ ਹੈ। ਹਿੰਦੂ ਫਿਰਕਾਪ੍ਰਸਤ ਹੁਣ ਤੱਕ ਇਹੀ ਕਰਦੇ ਆਏ ਹਨ। ਇਸ ਜਾਲ ਨੂੰ ਤੋੜਨ ਦੀ ਲੋੜ ਹੈ। ਮੋਦੀ ਦੀ ਪੰਜਾਬ ਫੇਰੀ ਨੂੰ ਇਸ ਨਜ਼ਰ ਤੋਂ ਵੀ ਦੇਖਣਾ ਚਾਹੀਦਾ ਹੈ।

Be the first to comment

Leave a Reply

Your email address will not be published.