ਹੁਣ ਮਜੀਠੀਆ ਦੇ ਨਾਲ ਜੇਲ੍ਹ ਮੰਤਰੀ ਦੇ ਪੁੱਤ ਦਾ ਨਾਂ ਗੂੰਜਿਆ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਡਰੱਗ ਤਸਕਰੀ ਦੇ ਮਾਮਲੇ ਵਿਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ ਦਾ ਨਾਂ ਗੂੰਜਣ ਕਰ ਕੇ ਅਕਾਲੀ-ਭਾਜਪਾ ਸਰਕਾਰ ਇਕ ਵਾਰ ਫਿਰ ਕਸੂਤੀ ਘਿਰ ਗਈ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਦੇ ਧਰਨੇ-ਮੁਜਾਹਰਿਆਂ ਨਾਲ ਤਾਂ ਸੱਤਾ ਧਿਰ ਦੇ ਕੰਨ ‘ਤੇ ਜੂੰ ਵੀ ਨਹੀਂ ਸੀ ਸਰਕੀ ਪਰ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਦੀ ਜਾਂਚ ਵਿਚ ਪੰਜਾਬ ਸਰਕਾਰ ਦਾ ਤਾਣਾ-ਬਾਣਾ ਉਲਝਦਾ ਨਜ਼ਰ ਆ ਰਿਹਾ ਹੈ।
ਚੇਤੇ ਰਹੇ ਕਿ ਡਰੱਗ ਤਸਕਰੀ ਦੇ ਕੇਸ ਵਿਚ ਘਿਰੇ ਸਾਬਕਾ ਡੀæਐਸ਼ਪੀæ ਜਗਦੀਸ਼ ਭੋਲਾ ਨੇ ਮੀਡੀਆ ਸਾਹਮਣੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਪੰਜਾਬ ਦੀ ਸਿਆਸਤ ਵਿਚ ਭੁਚਾਲ ਲਿਆ ਦਿੱਤਾ ਸੀ। ਬਾਦਲ ਪਰਿਵਾਰ ਦਾ ਰਿਸ਼ਤੇਦਾਰ ਹੋਣ ਕਾਰਨ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਉਣ ਲਈ ਪੂਰਾ ਟਿੱਲ ਲਾ ਦਿੱਤਾ ਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਦੌਰਾਨ ਨਸ਼ਾ ਤਸਕਰੀ ਲਈ ਵਿਦੇਸ਼ਾਂ ਵਿਚੋਂ ਆਈ 6000 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਦੀ ਜਾਂਚ ਈæਡੀæ ਨੇ ਵਿੱਢ ਦਿੱਤੀ। ਈæਡੀæ ਨੇ ਜਦੋਂ ਭੋਲਾ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਸਰਕਾਰ ਨੇ ਇਸ ਵਿਚ ਕਈ ਅੜਿੱਕੇ ਡਾਹੇ ਅਤੇ ਉਸ ਨੂੰ ਕਾਫੀ ਸਮਾਂ ਈæਡੀæ ਤੇ ਮੀਡੀਆ ਤੋਂ ਦੂਰ ਹੀ ਰੱਖਿਆ। ਜਦੋਂ ਭੋਲਾ ਮੀਡੀਆ ਸਾਹਮਣੇ ਆਇਆ ਤਾਂ ਉਸ ਦੀ ਜ਼ੁਬਾਨ ਨੂੰ ਜਿੰਦਰੇ ਲੱਗ ਚੁੱਕੇ ਸਨ ਤੇ ਉਸ ਅੰਦਰਲੀ ਗੜ੍ਹਕ ਵੀ ਲੋਪ ਹੋ ਚੁੱਕੀ ਸੀ। ਇਸ ਮਗਰੋਂ ਸਰਕਾਰ ਨੇ ਕੁਝ ਤਸੱਲੀ ਮਹਿਸੂਸ ਕੀਤੀ ਤੇ ਭੋਲੇ ਦਾ ਰਿਮਾਂਡ ਈæਡੀæ ਨੂੰ ਮਿਲ ਗਿਆ। ਹੁਣ ਭੋਲੇ ਨੇ ਜੋ ਬਿਆਨ ਈæਡੀæ ਸਾਹਮਣੇ ਦਿੱਤੇ, ਉਸ ਨਾਲ ਪੰਜਾਬ ਸਰਕਾਰ ਮੁੜ ਕਸੂਤੀ ਘਿਰ ਗਈ ਹੈ। ਭੋਲੇ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ ਦਾ ਨਾਂ ਲਿਆ ਹੈ।
ਡਰੱਗ ਗਰੋਹ ਦੇ ਸਰਗਨੇ ਜਗਦੀਸ਼ ਭੋਲਾ ਨੇ ਪਿਛਲੇ ਹਫਤੇ ਈæਡੀæ ਦੀ ਪੁੱਛ-ਪੜਤਾਲ ਦੌਰਾਨ ਖੁਲਾਸਾ ਕੀਤਾ ਸੀ ਕਿ ਦਮਨਵੀਰ ਨੇ ਦਿੱਲੀ ਦੇ ਸਿੰਥੈਟਿਕ ਡਰੱਗ ਸਪਲਾਇਰ ਵਰਿੰਦਰ ਰਾਜ ਜੋ ਇਸ ਵੇਲੇ ਪਟਿਆਲਾ ਜੇਲ੍ਹ ਵਿਚ ਬੰਦ ਹੈ, ਨੂੰ ਚੂੰਨੀ ਲਾਲ ਗਾਬਾ ਨਾਲ ਮਿਲਾਇਆ ਸੀ। ਚੂੰਨੀ ਲਾਲ ਗਾਬਾ ਸਰਵਣ ਸਿੰਘ ਫਿਲੌਰ ਦਾ ਕਰੀਬੀ ਹੈ। ਈæਡੀæ ਦੇ ਅਫਸਰਾਂ ਨੇ ਦੱਸਿਆ ਕਿ ਗਾਬਾ ਜਿਸ ਦੀ ਬੱਦੀ (ਹਿਮਾਚਲ) ਵਿਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਹੈ, ਵੱਲੋਂ ਰਾਜਾ ਨੂੰ ਸੂਡੋਐਫਡ੍ਰੀਨ (ਆਈਸ ਡਰੱਗ ਬਣਾਉਣ ਵਾਲੀ ਸਮੱਗਰੀ) ਸਪਲਾਈ ਕੀਤੀ ਜਾਂਦੀ ਸੀ ਤੇ ਬਦਲੇ ਵਿਚ ਰਾਜਾ ਕੈਨੇਡਾ ਵਿਚ ਉਨ੍ਹਾਂ ਦੇ ਭਿਆਲਾਂ ਨੂੰ ਸਿੰਥੈਟਿਕ ਡਰੱਗ ਸਪਲਾਈ ਕਰਾਉਂਦਾ ਸੀ।
ਈæਡੀæ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਗਾਬਾ ਦੇ ਕਾਰੋਬਾਰੀ ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਵੱਲੋਂ ਮਾਰੇ ਗਏ ਛਾਪੇ ਦੌਰਾਨ ਮਿਲੇ ਦਸਤਾਵੇਜ਼ ਤੱਕ ਰਸਾਈ ਵੀ ਮੰਗੀ ਹੈ। ਇਸੇ ਦੌਰਾਨ ਸ਼ ਸਰਵਣ ਸਿੰਘ ਫਿਲੌਰ ਨੇ ਮੰਨਿਆ ਕਿ ਗਾਬਾ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ ਪਰ ਨਾਲ ਹੀ ਕਿਹਾ ਕਿ ਉਸ ਦੇ ਕਾਰੋਬਾਰ ਵਿਚ ਕੋਈ ਭਿਆਲੀ ਨਹੀਂ ਹੈ।
ਉਂਜ, ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਸਰਵਣ ਸਿੰਘ ਫਿਲੌਰ ਦਾ ਪੁੱਤਰ ਦਮਨਵੀਰ ਸਿੰਘ ਦੁਬਈ ਖਿਸਕ ਗਿਆ। ਈæਡੀæ ਦੇ ਸੂਤਰਾਂ ਅਨੁਸਾਰ ਦਮਨਵੀਰ ਅਤੇ ਗੋਰਾਇਆ ਦੇ ਕਾਰੋਬਾਰੀ ਚੂੰਨੀ ਲਾਲ ਗਾਬਾ ਨੂੰ ਪੁੱਛ-ਪੜਤਾਲ ਲਈ ਸੰਮਨ ਭੇਜੇ ਗਏ ਹਨ ਪਰ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੇ ਆਪਣੇ ਪੁੱਤਰ ਨੂੰ ਈæਡੀæ ਤੋਂ ਕਿਸੇ ਤਰ੍ਹਾਂ ਦੇ ਸੰਮਨ ਜਾਰੀ ਹੋਣ ਦਾ ਖੰਡਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੁਬਈ ਜਾਣ ਦੀ ਯੋਜਨਾ ਪਹਿਲਾਂ ਤੋਂ ਹੀ ਬਣੀ ਹੋਈ ਸੀ ਤੇ ਇਸ ਦਾ ਦਮਨਵੀਰ ਖ਼ਿਲਾਫ਼ ਦੋਸ਼ਾਂ ਨਾਲ ਕੋਈ ਸਬੰਧ ਨਹੀਂ। ਉਧਰ, ਦਮਨਵੀਰ ਸਿੰਘ ਦਾ ਨਾਂ ਤਸਕਰੀ ਦੇ ਮਾਮਲੇ ਨਾਲ ਜੁੜਨ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੰਭੀਰ ਮਾਮਲੇ ‘ਤੇ ਸ਼ ਸਰਵਣ ਸਿੰਘ ਫਿਲੌਰ ਦੀ ਜਵਾਬ ਤਲਬੀ ਕੀਤੀ ਹੈ। ਸੂਤਰਾਂ ਅਨੁਸਾਰ ਸ਼ ਬਾਦਲ ਨੇ ਜੇਲ੍ਹ ਮੰਤਰੀ ਨੂੰ ਇਸ ਮਾਮਲੇ ‘ਤੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਧਿਕਾਰਤ ਤੌਰ ‘ਤੇ ਇਹੀ ਆਖ਼ ਰਹੇ ਹਨ ਕਿ ਦਮਨਬੀਰ ਸਿੰਘ ਦੇ ਮਾਮਲੇ ਵਿਚ ਕਾਨੂੰਨ ਆਪਣੇ ਮੁਤਾਬਕ ਕਾਰਵਾਈ ਕਰੇਗਾ।
ਉਂਜ ਉਹ ਇਸ ਮਾਮਲੇ ਤੋਂ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਡਰ ਹੈ ਕਿ ਇਹ ਮਸਲਾ ਕਿਤੇ ਲੋਕ ਸਭਾ ਚੋਣਾਂ ਉਤੇ ਅਸਰ ਨਾ ਪਾ ਜਾਵੇ। ਇਸ ਮਾਮਲੇ ਨੂੰ ਪਾਰਟੀ ਅਤੇ ਸਰਕਾਰ, ਦੋਹਾਂ ਪੱਧਰਾਂ ‘ਤੇ ਹੀ ਵਿਚਾਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀ ਇਸ ਗੱਲ ਤੋਂ ਵੀ ਜ਼ਾਹਿਰ ਹੁੰਦੀ ਹੈ ਕਿ ਤਸਕਰੀ ਦੇ ਮਾਮਲੇ ਵਿਚ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮਾਝੇ ਨਾਲ ਸਬੰਧਤ ਦੋ ਵਿਅਕਤੀਆਂ ਦੀ ਅਕਾਲੀ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਦੀ ਨੇੜਤਾ ਬਾਰੇ ਖੁਲਾਸਾ ਹੋ ਗਿਆ ਸੀ। ਇਸੇ ਕਰ ਕੇ ਹੁਣ ਪਾਰਟੀ ਨੇ ਸ਼ ਅਜਨਾਲਾ ਦਾ ਆਗਾਮੀ ਲੋਕ ਸਭਾ ਚੋਣਾਂ ਵਿਚ ਉਮੀਦਵਾਰੀ ਤੋਂ ਪੱਤਾ ਸਾਫ਼ ਕਰ ਦਿੱਤਾ ਹੈ। ਯਾਦ ਰਹੇ ਕਿ ਡਰੱਗ ਮਾਮਲੇ ਵਿਚ ਦੋ ਸਾਲਾਂ ਦੇ ਬਹੁਤ ਥੋੜ੍ਹੇ ਅਰਸੇ ਦੌਰਾਨ ਦੋ ਮੰਤਰੀ ਕੁਰਸੀ ਤੋਂ ਹੱਥ ਧੋ ਬੈਠੇ ਹਨ ਤੇ ਤਿੰਨ ਮੰਤਰੀਆਂ ‘ਤੇ ਗੰਭੀਰ ਕਿਸਮ ਦੇ ਦੋਸ਼ ਲੱਗੇ ਹਨ।
Leave a Reply