ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਰਿਆਣਾ ਦੀਆਂ ਸਿੱਖ ਜਥੇਬੰਦੀਆਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਇਕ ਵਾਰ ਮੁੜ ਸਰਗਰਮ ਹੋ ਗਈਆਂ ਹਨ ਤੇ ਇਸ ਮੰਗ ਨੂੰ ਲੈ ਕੇ ਮਰਨ ਵਰਤ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਅਤੇ ਉਸ ਮਗਰੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਖ ਜਥੇਬੰਦੀਆਂ ਇਸ ਨੂੰ ਆਰ-ਪਾਰ ਦੀ ਲੜਾਈ ਬਣਾਉਣ ਦੇ ਰੌਂਅ ਵਿਚ ਹਨ। ਵੱਖਰੀ ਕਮੇਟੀ ਦੀ ਮੰਗ ਦਾ ਮੁੱਦਾ ਲੈ ਕੇ ਹਰਿਆਣਾ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ 2011 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਸਨ ਪਰ ਚੋਣਾਂ ਹਾਰਨ ਕਰ ਕੇ ਇਹ ਮੁੱਦਾ ਠੰਢੇ ਬਸਤੇ ਵਿਚ ਪੈ ਗਿਆ।
ਸੰਘਰਸ਼ ਕਰ ਰਹੀਆਂ ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਲਈ ਤਿਆਰ ਸੀ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਕੋਲ ਪਹੁੰਚ ਕਰ ਕੇ ਇਸ ਮਾਮਲੇ ਵਿਚ ਅੜਿੱਕਾ ਡਾਹ ਦਿੱਤਾ। ਹਰਿਆਣਾ ਦੇ ਸਿੱਖਾਂ ਦਾ ਸ਼ਿਕਵਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਥੋਂ ਦੀ ਸਿੱਖ ਵੱਸੋਂ ਨੂੰ ਕਦੇ ਵੀ ਤਵੱਜੋ ਨਹੀਂ ਦਿੱਤੀ। ਹਰਿਆਣਾ ਦੇ ਸਿੱਖ ਪਿਛਲੇ 10 ਸਾਲਾਂ ਤੋਂ ਹਰਿਆਣਾ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ ਪਰ ਉਨ੍ਹਾਂ ਦਾ ਕਿਸੇ ਨੇ ਪੱਲਾ ਨਹੀਂ ਫੜਿਆ। ਹਰਿਆਣਾ ਕਾਂਗਰਸ ਵੱਲੋਂ ਤਾਂ ਇਸ ਮੁੱਦੇ ਨੂੰ ਚੋਣ ਮਨੋਰਥ ਪੱਤਰ ਵਿਚ ਵੀ ਸ਼ਾਮਲ ਕੀਤਾ ਗਿਆ ਸੀ ਪਰ ਇਹ ਮੰਗ ਪੂਰੀ ਨਹੀਂ ਹੋਈ। ਇਸ ਕਾਰਨ ਹਰਿਆਣਾ ਦੇ ਸਿੱਖ ਕਾਂਗਰਸ ਤੋਂ ਪੂਰੀ ਤਰ੍ਹਾਂ ਨਾਰਾਜ਼ ਤੇ ਨਿਰਾਸ਼ ਹਨ ਤੇ ਹੁਣ ਉਨ੍ਹਾਂ ਆਪਣੇ ਪੱਧਰ ‘ਤੇ ਲੜਾਈ ਸ਼ੁਰੂ ਕੀਤੀ ਹੈ। ਇਸ ਤਹਿਤ ਸਿਰਸਾ ਵਿਚ ਹਰਿਆਣਾ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਸ਼ੋਕ ਤੰਵਰ ਦੇ ਘਰ ਦੇ ਬਾਹਰ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ।
ਐਲਨਾਬਾਦ ਵਾਸੀ ਜਰਨੈਲ ਸਿੰਘ ਬਰਾੜ 21 ਫਰਵਰੀ ਤੋਂ ਮਰਨ ਵਰਤ ‘ਤੇ ਬੈਠੇ ਹਨ। ਸ਼ ਬਰਾੜ (41 ਸਾਲ) ਵਕੀਲ ਹਨ ਪਰ ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਹਰਿਆਣਾ ਸਿੱਖ ਗੁਰਦੁਆਰਾ ਐਡਹਾਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਹੁਣ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹੈ। ਸ਼ ਝੀਂਡਾ ਨੇ ਦੱਸਿਆ ਕਿ ਮਰਨ ਵਰਤ ‘ਤੇ ਬੈਠੇ ਸ਼ ਬਰਾੜ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨ ਦੀ ਮੰਗ ਨੂੰ ਲੈ ਕੇ ਦ੍ਰਿੜ ਹਨ। ਵੱਖਰੀ ਕਮੇਟੀ ਦੇ ਸਮਰਥਕ ਦੀਦਾਰ ਸਿੰਘ ਨਲਵੀ ਦਾ ਕਹਿਣਾ ਹੈ ਕਿ ਉਹ ਭਾਵੇਂ ਸ਼ ਝੀਂਡਾ ਤੋਂ ਵੱਖ ਹਨ, ਪਰ ਵੱਖਰੀ ਕਮੇਟੀ ਦੀ ਮੰਗ ਦਾ ਸਮਰਥਨ ਕਰ ਰਹੇ ਹਨ। ਸ਼ ਨਲਵੀ ਨੇ ਪਿਛਲੇ ਵਰ੍ਹੇ ਦਸੰਬਰ ਵਿਚ ਆਪਣੀ ਸਿਆਸੀ ਜਥੇਬੰਦੀ ਹਰਿਆਣਾ ਜਨ ਸ਼ਕਤੀ ਪਾਰਟੀ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਜਰਨੈਲ ਸਿੰਘ ਬਰਾੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਅਤੇ ਉਹ ਮਰਨ ਵਰਤ ਦੇ ਧਰਨੇ ਵਿਚ ਵੀ ਸ਼ਾਮਲ ਹੋਏ ਹਨ। ਵੱਖਰੀ ਕਮੇਟੀ ਦੀ ਮੰਗ ਲਈ ਹਰ ਸੰਭਵ ਯਤਨ ਕੀਤਾ ਜਾ ਚੁੱਕਾ ਹੈ ਪਰ ਉਹ ਸਫਲ ਨਹੀਂ ਹੋਏ। ਉਹ ਦੋ ਵਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਦੋ ਵਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਇਕ ਵਾਰ ਰਾਹੁਲ ਗਾਂਧੀ ਅਤੇ ਹੁਣ ਹਾਲ ਹੀ ਵਿਚ ਸ੍ਰੀ ਸ਼ਕੀਲ ਅਹਿਮਦ ਨੂੰ ਮਿਲੇ ਹਨ। ਹੁਣ ਹਰਿਆਣਾ ਦੇ ਸਿੱਖਾਂ ਨੂੰ ਕਾਂਗਰਸ ਤੋਂ ਕੋਈ ਉਮੀਦ ਬਾਕੀ ਨਹੀਂ ਰਹਿ ਗਈ। ਇਸੇ ਲਈ ਹੁਣ ਹਰਿਆਣਾ ਦੇ ਸਿੱਖਾਂ ਦੀ ਸਿਆਸੀ ਹੋਂਦ ਸਥਾਪਤ ਕਰਨ ਵਾਸਤੇ ਹਰਿਆਣਾ ਜਨ ਸ਼ਕਤੀ ਪਾਰਟੀ ਬਣਾਈ ਗਈ ਹੈ। ਇਸ ਪਾਰਟੀ ਵੱਲੋਂ ਸਿਰਸਾ ਤੇ ਕੁਰੂਕਸ਼ੇਤਰ ਦੋ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ।
Leave a Reply