ਨਵੀਂ ਦਿੱਲੀ: ਪ੍ਰਧਾਨ ਮੰਤਰੀ ਦੇ ਮਾਮਲੇ ਨੂੰ ਪਿੱਛੇ ਛੱਡਦਿਆਂ ਗਿਆਰਾਂ ਧਰਮਨਿਰਪੱਖ ਅਤੇ ਖੱਬੀਆਂ ਪਾਰਟੀਆਂ ਨੇ ਸਾਂਝਾ ਮੁਹਾਜ਼ ਉਸਾਰਦਿਆਂ ਕਾਂਗਰਸ ਤੇ ਭਾਜਪਾ ਨੂੰ ਹਰਾਉਣ ਲਈ ਕਮਰਕੱਸ ਲਈ ਹੈ। ਇਸ ਸਬੰਧੀ ਐਲਾਨ ਇੱਥੇ ਜਨਤਾ ਦਲ (ਯੂ), ਸਮਾਜਵਾਦੀ ਪਾਰਟੀ, ਅੰਨਾ ਡੀæਐਮæਕੇæ, ਜਨਤਾ ਦਲ (ਸੈਕੂਲਰ), ਝਾਰਖੰਡ ਵਿਕਾਸ ਮੋਰਚਾ ਅਤੇ ਚਾਰ ਖੱਬੀਆਂ ਪਾਰਟੀਆਂ ਨੇ ਆਗੂਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਹੈ। ਇਹ ਮੀਟਿੰਗ ਕੋਈ ਇਕ ਘੰਟਾ ਚੱਲੀ। ਇਨ੍ਹਾਂ ਗਿਆਰਾਂ ਪਾਰਟੀਆਂ ਨੇ ਮੀਟਿੰਗ ਤੋਂ ਬਾਅਦ ਸਾਂਝਾ ਐਲਾਨਨਾਮਾ ਵੀ ਜਾਰੀ ਕੀਤਾ ਜਿਸ ਵਿਚ ਕਿਹਾ ਗਿਆ ਹੈ, “ਇਹ ਸਮਾਂ ਤਬਦੀਲੀ ਦਾ ਹੈ ਅਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੀਦਾ ਹੈ। ਭਾਜਪਾ ਤੇ ਹੋਰ ਫਿਰਕਾਪ੍ਰਸਤ ਸ਼ਕਤੀਆਂ ਨੂੰ ਵੀ ਹਰਾਇਆ ਜਾਣਾ ਚਾਹੀਦਾ ਹੈ।”
ਕਾਂਗਰਸ ਉੱਤੇ ਸੱਤਾ ਦੀ ਦੁਰਵਰਤੋਂ ਕਰਨ, ਵਿਆਪਕ ਭ੍ਰਿਸ਼ਟਾਚਾਰ, ਕੀਮਤਾਂ ਵਿਚ ਅਥਾਹ ਵਾਧੇ ਤੇ ਸਮਾਜ ਵਿਚ ਨਾ-ਬਰਾਬਰੀ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਸੀæਪੀæਐਮæ ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਨੇ ਕਿਹਾ ਕਿ ਉਹ ਸਾਰੇ ਕਾਂਗਰਸ ਨੂੰ ਹਰਾਉਣ ਲਈ ਕੰਮ ਕਰਨਗੇ। ਭਾਜਪਾ ਵਿਚ ਵੀ ਕਾਂਗਰਸ ਨਾਲੋਂ ਕੋਈ ਬਹੁਤਾ ਫਰਕ ਨਹੀਂ ਹੈ। ਪਿਛਲੇ ਸਮੇਂ ਦੌਰਾਨ ਕੇਂਦਰ ਵਿਚ ਭਾਜਪਾ ਦੇ ਰਾਜ ਵਿਚ ਕਾਂਗਰਸ ਤੋਂ ਵੀ ਵੱਧ ਭ੍ਰਿਸ਼ਟਾਚਾਰ ਹੋਇਆ। ਭਾਜਪਾ ਦੇ ਰਾਜ ਵਾਲੇ ਸੂਬਿਆਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਭਾਜਪਾ ਅਤੇ ਕਾਂਗਰਸ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ।
ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਦਆਵਾ ਕੀਤਾ ਛੇਤੀ ਹੀ ਇਹ ਗਿਆਰਾਂ ਪਾਰਟੀਆਂ ਪੰਦਰਾਂ ਹੋ ਜਾਣਗੀਆਂ। ਉਨ੍ਹਾਂ ਇਸ਼ਾਰਾ ਕੀਤਾ ਕਿ ਗੱਠਜੋੜ ਨੂੰ ਕਾਂਗਰਸ ਦੀ ਹਮਾਇਤ ਦੀ ਲੋੜ ਨਹੀਂ ਪਵੇਗੀ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਾਰੇ ਸ੍ਰੀ ਯਾਦਵ ਤੇ ਕਾਮਰੇਡ ਕਰਤ ਨੇ ਕਿਹਾ ਕਿ ਇਹ ਮਾਮਲਾ ਚੋਣਾਂ ਤੋਂ ਬਾਅਦ ਵਿਚਾਰਿਆ ਜਾਵੇਗਾ। ਇਤਿਹਾਸ ਵਿਚ ਮੁਰਾਰਜੀ ਦੇਸਾਈ, ਵੀæਪੀæ ਸਿੰਘ, ਐਚæਡੀæ ਦੇਵਗੌੜਾ ਤੇ ਇੰਦਰ ਕੁਮਾਰ ਗੁਜਰਾਲ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੀ ਹੋਇਆ ਸੀ।
Leave a Reply