ਵਾਸ਼ਿੰਗਟਨ: ਅਮਰੀਕਾ ਨੇ ਆਪਣੀ ਫੌਜ ਦਾ ਆਕਾਰ ਘਟਾ ਕੇ ਦੂਜੀ ਆਲਮੀ ਜੰਗ ਤੋਂ ਪਹਿਲਾਂ ਦੇ ਪੱਧਰ ‘ਤੇ ਲਿਆਉਣ ਦੀ ਵਿਉਂਤ ਬਣਾਈ ਹੈ ਅਤੇ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦਾ ਪੂਰਾ ਦਸਤਾ ਹੀ ਖਤਮ ਕਰਨ ਦਾ ਫੈਸਲਾ ਕੀਤਾ ਹੈ।
‘ਦਿ ਨਿਊ ਯਾਰਕ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ ਰੱਖਿਆ ਮੰਤਰੀ ਚੱਕ ਹੈਜਲ ਦੀ ਇਹ ਤਜਵੀਜ਼ ਸਰਕਾਰ ਵੱਲੋਂ ਬਚਤ ਦੇ ਮੱਦੇਨਜ਼ਰ ਰੱਖਿਆ ਖਰਚ ਵਿਚ ਕਟੌਤੀ ਕਰਨ ਦੇ ਇਰਾਦੇ ਨਾਲ ਕੀਤੀ ਜਾ ਰਹੀ ਹੈ। ਪੈਂਟਾਗਨ ਦੇ ਕਈ ਅਫਸਰ ਇਸ ਦਾ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਹਨ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਰਾਕ ਅਤੇ ਅਫਗਾਨਿਸਤਾਨ ਵਿਚ ਅਮਰੀਕੀ ਜੰਗ ਦੇ ਖਾਤਮੇ ਤੋਂ ਬਾਅਦ ਫੌਜੀ ਨਫ਼ਰੀ ਘਟਾਉਣ ਦਾ ਅਹਿਦ ਪ੍ਰਗਟ ਕਰ ਚੁੱਕੇ ਹਨ। ਪੈਂਟਾਗਨ ਅਧਿਕਾਰੀਆਂ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਕਿ ਇਸ ਵਿਉਂਤ ਦੇ ਅਮਲ ‘ਚ ਆਉਣ ਨਾਲ ਫੌਜ ਕਿਸੇ ਵੀ ਤਰ੍ਹਾਂ ਦੇ ਬਾਹਰੀ ਹਮਲੇ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੋਵੇਗੀ ਪਰ ਲੰਮੇ ਸਮੇਂ ਤੱਕ ਕਿਸੇ ਇਲਾਕੇ ‘ਤੇ ਇਸ ਦਾ ਕਬਜ਼ਾ ਰੱਖਣਾ ਮੁਸ਼ਕਲ ਬਣ ਜਾਵੇਗਾ। ਇਸ ਦੇ ਨਾਲ ਹੀ ਜੇ ਇਸ ਨੂੰ ਇਕੋ ਸਮੇਂ ਦੋ ਥਾਈਂ ਵੱਡੀਆਂ ਫੌਜੀ ਮੁਹਿੰਮਾਂ ਵਿੱਢਣੀਆਂ ਪੈਣ ਤਾਂ ਵੀ ਇਸ ਲਈ ਮੁਸ਼ਕਲ ਪੇਸ਼ ਆਵੇਗੀ।
ਪੈਂਟਾਗਨ ਅਧਿਕਾਰੀ ਨੇ ਕਿਹਾ, “ਸਫਲਤਾ ਲਈ ਲੰਮਾ ਸਮਾਂ ਲੱਗੇਗਾ ਅਤੇ ਜਾਨੀ ਨੁਕਸਾਨ ਦਾ ਜੋਖਮ ਵੀ ਵਧ ਜਾਵੇਗਾ। ਤੁਹਾਨੂੰ ਆਪਣੀ ਸੰਸਥਾ ਹਰ ਸਮੇਂ ਤਿਆਰ ਬਰ ਤਿਆਰ ਰੱਖਣੀ ਪੈਂਦੀ ਹੈ ਪਰ ਤੁਸੀਂ ਇਕ ਵੱਡ-ਆਕਾਰੀ ਰੱਖਿਆ ਢਾਂਚਾ ਕਾਇਮ ਨਹੀਂ ਰੱਖ ਸਕਦੇ ਜਦੋਂ ਕੋਈ ਜ਼ਮੀਨੀ ਲੜਾਈ ਨਾ ਹੋ ਰਹੀ ਹੋਵੇ।” ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਹੈਜਲ ਦੀ ਤਜਵੀਜ਼ ਰਾਸ਼ਟਰਪਤੀ ਓਬਾਮਾ ਦੇ ਕੌਮੀ ਸੁਰੱਖਿਆ ਬਾਰੇ ਦਿਸ਼ਾ ਮਾਰਗਾਂ ਨੂੰ ਪੂਰਾ ਕਰੇਗੀ। ਇਨ੍ਹਾਂ ਦਿਸ਼ਾ ਮਾਰਗਾਂ ਵਿਚ ਅਮਰੀਕੀ ਖੇਤਰ ਅਤੇ ਕੌਮ ਦੇ ਬਾਹਰੀ ਹਿੱਤਾਂ ਦੀ ਸੁਰੱਖਿਆ ਅਤੇ ਬਾਹਰੋਂ ਹਮਲੇ ਦੀ ਧਮਕੀ ਨੂੰ ਪਸਤ ਕਰਨਾ ਅਤੇ ਜੇ ਲੜਾਈ ਦਾ ਹੁਕਮ ਦਿੱਤਾ ਜਾਵੇ ਤਾਂ ਨਿਸ਼ਚਤ ਰੂਪ ਵਿਚ ਜਿੱਤ ਹਾਸਲ ਕਰਨਾ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਅਮਰੀਕੀ ਫੌਜ ਦਾ ਆਕਾਰ ਤਾਂ ਵੀ ਕਾਫੀ ਵੱਡਾ ਰਹੇਗਾ ਪਰ ਹੁਣ ਇਹ ਵਧੇਰੇ ਫੁਰਤੀਲੀ, ਸਮਰੱਥ ਅਤੇ ਆਧੁਨਿਕ ਬਣ ਜਾਵੇਗੀ। ਇਹ ਪੂਰੀ ਤਰ੍ਹਾਂ ਸਿਖਲਾਈ ਯਾਫਤਾ ਹੋਵੇਗੀ। ਹੈਜਲ ਦੀ ਤਜਵੀਜ਼ ਅਮਰੀਕੀ ਥਲ ਸੈਨਾ ਦੀ ਕਾਇਆਕਲਪ ਕਰੇਗੀ ਜਿਸ ਵਿਚ ਡਿਊਟੀ ਦੇ ਰਹੇ ਫੌਜੀ, ਨੈਸ਼ਨਲ ਗਾਰਡ ਅਤੇ ਰਿਜ਼ਰਵ ਫੌਜੀ ਵੀ ਸ਼ਾਮਲ ਹਨ। ਅਫਗਾਨਿਸਤਾਨ ਅਤੇ ਇਰਾਕ ਵਿਚ ਕਾਫੀ ਜਾਨੀ ਨੁਕਸਾਨ ਕਰਵਾਉਣ ਤੋਂ ਬਾਅਦ ਅਮਰੀਕੀ ਫੌਜ ਦੀ ਨਫ਼ਰੀ 490,000 ਹੈ ਜੋ 9/11 ਸਾਕੇ ਵੇਲੇ ਸਭ ਤੋਂ ਵੱਧ 5,70,000 ਸੀ। ਅਖ਼ਬਾਰ ਨੇ ਲਿਖਿਆ ਕਿ ਹੈਜਲ ਦੀ ਤਜਵੀਜ਼ ਮੁਤਾਬਕ ਅਮਰੀਕੀ ਫੌਜ ਦੀ ਨਫ਼ਰੀ 4,40,000 ਤੋਂ 4,50,000 ਵਿਚਕਾਰ ਰਹੇਗੀ।
Leave a Reply