ਨਰਿੰਦਰ ਮੋਦੀ ਨੇ ਸਿੱਖਾਂ ਦਾ ਮਨ ਮੋਹਣ ਲਈ ਲਾਇਆ ਟਿੱਲ

ਜਗਰਾਉਂ: ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਨੇ 23 ਫਰਵਰੀ ਨੂੰ ਫਤਹਿ ਰੈਲੀ ਦੌਰਾਨ ਐਲਾਨ ਕੀਤਾ ਕਿ ਗੁਜਰਾਤ ਦੇ ਕੱਛ ਖੇਤਰ ਵਿਚੋਂ ਕਿਸੇ ਵੀ ਸਿੱਖ ਕਿਸਾਨ ਨੂੰ ਉਜਾੜਿਆ ਨਹੀਂ ਜਾਵੇਗਾ। ਅਕਾਲੀ-ਭਾਜਪਾ ਦਾ ਗਠਜੋੜ ਸਿਆਸੀ ਨਹੀਂ-ਸਮਾਜਕ ਹੈ ਜੋ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਬਣ ਚੁੱਕਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਰੈਲੀ ਦੌਰਾਨ ਉਨ੍ਹਾਂ ਦੇ ਸਿਰ ‘ਤੇ ਜੋ ਪੱਗ ਰੱਖੀ ਗਈ ਹੈ, ਉਹ ਉਸ ਦੇ ਸਨਮਾਨ ਦੀ ਪੂਰੀ ਰੱਖਿਆ ਕਰਨਗੇ। ਉਨ੍ਹਾਂ ਕਿਹਾ ਕਿ ਗੁਜਰਾਤ ‘ਤੇ ਜਿੰਨਾ ਅਧਿਕਾਰ ਉਨ੍ਹਾਂ ਦਾ ਹੈ, ਉਨਾ ਹੀ ਉਥੇ ਵਸੇ ਸਿੱਖਾਂ ਤੇ ਕਿਸਾਨਾਂ ਦਾ ਹੈ। ਕਿਸਾਨਾਂ ਨੂੰ ਉਥੋਂ ਉਜਾੜਨ ਦੀ ਗੱਲ ਕਦੇ ਸੋਚੀ ਵੀ ਨਹੀਂ ਜਾ ਸਕਦੀ। ਕਰੀਬ 40 ਮਿੰਟ ਦੇ ਆਪਣੇ ਭਾਸ਼ਣ ਨੂੰ ਉਨ੍ਹਾਂ ਸਿੱਖਾਂ ਤੇ ਕਿਸਾਨਾਂ ਦੇ ਆਲੇ-ਦੁਆਲੇ ਹੀ ਰੱਖਿਆ ਪਰ 1984 ਦੇ ਸਿੱਖ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਰੇ ਕੋਈ ਗੱਲ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਪੰਜਾਬ ਦਾ ਨਾਤਾ ਬਹੁਤ ਖਾਸ ਹੈ। ਸਿੱਖਾਂ ਦਾ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ ਜਿਸ ਨੂੰ ਕੋਈ ਵੀ ਪਾਰਟੀ ਭੁਲਾ ਨਹੀਂ ਸਕਦੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਜਰਾਤ ਨਾਲ ਨਾਤਾ ਸੀ, ਸਿੰਧ ਜਾਣ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਜਰਾਤ ਦੇ ਕੁਝ ਜ਼ਿਲ੍ਹਿਆਂ ਵਿਚ ਰੁਕੇ ਸਨ, ਜਿਥੇ ਗੁਰਦੁਆਰਾ ਸਾਹਿਬ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਦੇ ਵਿਚੋਂ ਇਕ ਗੁਜਰਾਤ ਦਾ ਹੀ ਸੀ।
ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1982 ਦੇ ਸਿੱਖ ਕਤਲ-ਏ-ਆਮ ਦੇ ਦੋਸ਼ੀਆਂ ਲਈ ਸਜ਼ਾ ਚਾਹੁੰਦਾ ਹੈ ਤੇ ਕੇਸਾਂ ਦੀ ਸੁਣਵਾਈ ਫਾਸਟ ਕੋਰਟਾਂ ਵਿਚ ਹੋਵੇ। ਇਸ ਤੋਂ ਇਲਾਵਾ 1980 ਦੇ ਅਪਰੇਸ਼ਨ ਬਲਿਊ ਸਟਾਰ ਤੇ ਦੰਗਿਆਂ ਵਿਚ ਵਿਦੇਸ਼ੀ ਹੱਥ ਦੀ ਜਾਂਚ ਸੁਪਰੀਮ ਕੋਰਟ ਨੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਬਜਟ ਵੀ ਰੇਲ ਬਜਟ ਵਾਂਗ ਵੱਖਰੇ ਤੌਰ ‘ਤੇ ਪੇਸ਼ ਹੋਵੇ।
ਉਧਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੋਦੀ ਵੱਲੋਂ ਅੱਜ ਜਗਰਾਉਂ ਰੈਲੀ ਦੌਰਾਨ ਦਿੱਤੇ ਭਾਸ਼ਣ ਨੂੰ ਖੋਖਲਾ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਬਾਰੇ ਕੋਈ ਜਾਣਕਾਰੀ ਹੀ ਨਹੀਂ। ਉਹ ਗੁਜਰਾਤ ਦੇ ਸਿੱਖ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਵਿਚ ਵੀ ਨਾਕਾਮ ਰਹੇ ਜਿਨ੍ਹਾਂ ਨੂੰ ਆਪਣੀ ਜ਼ਮੀਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
____________________________________________
ਗੁਜਰਾਤੀ ਸਿੱਖਾਂ ਦੇ ਮਨਾਂ ਵਿਚ ਅਜੇ ਵੀ ਸ਼ੰਕੇ
ਚੰਡੀਗੜ੍ਹ: ਜਗਰਾਓਂ ਰੈਲੀ ਵਿਚ ਨਰਿੰਦਰ ਮੋਦੀ ਵੱਲੋਂ ਗੁਜਰਾਤ ਦੇ ਸਿੱਖ ਕਿਸਾਨਾਂ ਨੂੰ ਨਾ ਉਜਾੜੇ ਜਾਣ ਦੇ ਐਲਾਨ ਤੋਂ ਉਥੋਂ ਦੇ ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਸ੍ਰੀ ਮੋਦੀ ਆਪਣੇ ਵਾਅਦੇ ਨੂੰ ਪੂਰਾ ਕਰਦੇ ਹਨ ਤਾਂ ਹੀ ਉਹ ਸੰਤੁਸ਼ਟ ਹੋਣਗੇ। ਗੁਜਰਾਤ ਦੇ ਕਿਸਾਨ ਸੁਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮੋਦੀ ਵੱਲੋਂ ਜਗਰਾਓਂ ਰੈਲੀ ਵਿਚ ਦਿੱਤੇ ਬਿਆਨ ਦਾ ਸਵਾਗਤ ਕਰਦੇ ਹਨ ਪਰ ਮਨਾਂ ਵਿਚ ਅਜੇ ਵੀ ਕਈ ਸੁਆਲ ਤੇ ਸ਼ੰਕੇ ਹਨ ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਬਾਕੀ ਹੈ। ਸ਼ ਭੁੱਲਰ ਨੇ ਕਿਹਾ ਕਿ ਜੇਕਰ ਗੁਜਰਾਤ ਸਰਕਾਰ ਸੁਪਰੀਮ ਕੋਰਟ ਵਿਚ ਦਾਖ਼ਲ ਕੇਸ ਨੂੰ ਵਾਪਸੀ ਦੇ ਹੁਕਮ ਦਿੰਦੀ ਹੈ ਤਾਂ ਸਿੱਖ ਕਿਸਾਨ ਸ੍ਰੀ ਮੋਦੀ ਦਾ ਨਿੱਘਾ ਸਵਾਗਤ ਕਰਨਗੇ। ਭੁੱਜ ਜ਼ਿਲ੍ਹੇ ਦੇ ਕਿਸਾਨ ਲਛਮਣ ਸਿੰਘ ਬਰਾੜ ਨੇ ਵੀ ਕਿਹਾ ਹੈ ਕਿ ਗੁਜਰਾਤ ਸਰਕਾਰ ਨੂੰ ਹੁਣ ਸੁਪਰੀਮ ਕੋਰਟ ਵਿਚ ਦਾਖ਼ਲ ਅਪੀਲ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾਕਟਰ ਅਜਾਇਬ ਸਿੰਘ ਜੋ ਗੁਜਰਾਤ ਵਿਚ ਸਿੱਖ ਕਿਸਾਨਾਂ ਦੇ ਉਜਾੜੇ ਦੇ ਫ਼ੈਸਲੇ ਤੋਂ ਬਾਅਦ ਉਥੇ ਗਏ ਸਨ, ਨੇ ਕਿਹਾ ਹੈ ਕਿ ਕਿਸਾਨਾਂ ਦਾ ਗੁਜਰਾਤ ਸਰਕਾਰ ‘ਤੇ ਭਰੋਸਾ ਤਾਂ ਹੀ ਕਾਇਮ ਹੋਏਗਾ ਜਦੋਂ ਉਹ ਸੁਪਰੀਮ ਕੋਰਟ ਵਿਚੋਂ ਆਪਣੀ ਅਪੀਲ ਨੂੰ ਵਾਪਸ ਲਏਗੀ।

Be the first to comment

Leave a Reply

Your email address will not be published.