ਅਕਾਲੀ-ਭਾਜਪਾ ਸਰਕਾਰ ਤੋਂ ਨਹੀਂ ਟਲਿਆ ‘ਭੋਲਾ ਗ੍ਰਹਿ’

ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਤੋਂ ‘ਭੋਲਾ ਗ੍ਰਹਿ’ ਟਲਦਾ ਨਜ਼ਰ ਨਹੀਂ ਆ ਰਿਹਾ। ਕੌਮਾਂਤਰੀ ਡਰੱਗ ਮਾਫ਼ੀਆ ਦੇ ਸਰਗਨਾ ਜਗਦੀਸ਼ ਸਿੰਘ ਭੋਲਾ ਵੱਲੋਂ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਦੀ 6000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਧੰਦੇ ਵਿਚ ਸ਼ਮੂਲੀਅਤ ਬਾਰੇ ਹੋਰ ਵਿਸਥਾਰ ਨਾਲ ਖ਼ੁਲਾਸੇ ਕੀਤੇ ਗਏ ਹਨ। ਇਸ ਦੇ ਆਧਾਰ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਵੱਲੋਂ ਦਮਨਵੀਰ ਸਿੰਘ ਨੂੰ ਤਲਬ ਕੀਤਾ ਗਿਆ ਹੈ ਤੇ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕਰਨ ਦੀ ਤਿਆਰੀ ਹੈ। ਮਜੀਠੀਆ ਤੋਂ ਪੁੱਛ-ਪੜਤਾਲ ਕੀਤੇ ਜਾਣ ਬਾਰੇ ਹਾਲੇ ਤੱਕ ਕੋਈ ਤਰੀਕ ਤੈਅ ਨਹੀਂ ਕੀਤੀ ਗਈ।
ਭੋਲਾ ਵੱਲੋਂ ਕੀਤੇ ਗਏ ਖ਼ੁਲਾਸੇ ਅਨੁਸਾਰ ਦਮਨਵੀਰ ਨੇ ਦਿੱਲੀ ਵਾਸੀ ਵਰਿੰਦਰ ਰਾਜਾ ਜੋ ਸਿੰਥੈਟਿਕ ਡਰੱਗ ਸਪਲਾਇਰ ਹੈ ਤੇ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹੈ, ਨੂੰ ਚੂਨੀ ਲਾਲ ਗਾਬਾ ਨਾਲ ਮਿਲਾਇਆ ਸੀ। ਚੂਨੀ ਲਾਲ ਗਾਬਾ ਨਾਲ ਗੁਰਾਇਆ ਦਾ ਕਾਰੋਬਾਰੀ ਹੈ ਤੇ ਸਵਰਨ ਸਿੰਘ ਫਿਲੌਰ ਦਾ ਨਜ਼ਦੀਕੀ ਹੈ। ਵਰਿੰਦਰ ਰਾਜਾ ਵੱਲੋਂ ਕੈਨੇਡਾ ਵਿਚ ਸਿੰਥੈਟਿਕ ਡਰੱਗ ਦੀ ਸਪਲਾਈ ਕੀਤੀ ਜਾਂਦੀ ਸੀ ਜਿਸ ਲਈ ‘ਆਈਸ’ ਡਰੱਗ ਦੀ ਸਪਲਾਈ ਉਹ ਚੂਨੀ ਲਾਲ ਗਾਬਾ ਤੋਂ ਲੈਂਦਾ ਸੀ।
ਸੂਤਰਾਂ ਅਨੁਸਾਰ ਈæਡੀæ ਵੱਲੋਂ ਦਮਨਵੀਰ ਸਿੰਘ ਨੂੰ 15 ਦਿਨਾਂ ਬਾਅਦ ਪੁੱਛ ਪੜਤਾਲ ਵਾਸਤੇ ਪੇਸ਼ ਹੋਣ ਲਈ ਬੁਲਾਇਆ ਗਿਆ ਹੈ ਜਦਕਿ ਮਜੀਠੀਆ ਨੂੰ ਇਕ ਮਹੀਨੇ ਦੇ ਅੰਦਰ ਤਲਬ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਭੋਲੇ ਦਾ ਇਹ ਬਿਆਨ ਈæਡੀæ ਵੱਲੋਂ ਰਿਕਾਰਡ ਕੀਤਾ ਗਿਆ ਹੈ। ਡਰੱਗ ਸਪਲਾਈ ਬਾਰੇ ਪੂਰੇ ਵੇਰਵੇ ਦਿੰਦਿਆਂ ਜਗਦੀਸ਼ ਭੋਲਾ ਨੇ ਦੱਸਿਆ ਕਿ ਉਹ ਕਰਨਾਲ (ਹਰਿਆਣਾ) ਵਾਸੀ ਕੁਲਬੀਰ ਸਿੰਘ ਤੋਂ ‘ਆਈਸ’ ਡਰੱਗ ਦੀ ਸਪਲਾਈ ਲੈਂਦਾ ਸੀ ਤੇ ਅੰਮ੍ਰਿਤਸਰ ਵਾਸੀ ਅਮਰਿੰਦਰ ਸਿੰਘ ਲਾਡੀ ਜੋ ਕੈਨੇਡਾ ਰਹਿੰਦਾ ਹੈ, ਨੂੰ ਵੇਚਦਾ ਸੀ।
ਦਿਲਚਸਪ ਗੱਲ ਇਹ ਹੈ ਕਿ ਭੋਲੇ ਨੇ ਜ਼ੀਰਕਪੁਰ ਦੇ ਅਨੂਪ ਸਿੰਘ ਕਾਹਲੋਂ ਨਾਲ ਜਾਣ ਪਛਾਣ ਹੋਣ ਦੀ ਗੱਲ ਤਾਂ ਕਬੂਲੀ ਹੈ ਪਰ ਉਸ ਨੇ ਕਿਹਾ ਹੈ ਕਿ ਉਹ ਕਾਹਲੋਂ ਨਾਲ ਕੋਈ ਕਾਰੋਬਾਰ ਨਹੀਂ ਕਰਦਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿੱਟੂ ਔਲਖ ਉਰਫ਼ ਮਨਜਿੰਦਰ ਸਿੰਘ ਤੇ ਜਗਜੀਤ ਸਿੰਘ ਚਾਹਲ ਵੱਲੋਂ ਵੀ ਅਮਰਿੰਦਰ ਲਾਡੀ ਨੂੰ ‘ਆਈਸ’ ਡਰੱਗ ਦਿੱਤੀ ਜਾਂਦੀ ਸੀ। ਭੋਲਾ ਨੇ ਪੰਜਾਬੀ ਵਿਚ ਲਿਖੇ ਬਿਆਨ ਵਿਚ ਕਿਹਾ ਹੈ ਕਿ ਇਕ ਵਾਰ ਬਿੱਟੂ ਔਲਖ ਤੇ ਜਗਜੀਤ ਸਿੰਘ ਚਾਹਲ ਨੇ ਕੈਨੇਡਾ ਦੇ ਪਰਬਿੰਦਰ ਸਿੰਘ ਪਿੰਦੀ ਨੂੰ ਘਟੀਆ ਮਿਆਰ ਦੀ ਆਈਸ ਡਰੱਗ ਵੇਚ ਦਿੱਤੀ ਸੀ। ਪਿੰਦੀ ਨੇ ਦੋਵਾਂ ਨੂੰ ਆਪਣੀ ਡੇਢ ਕਰੋੜ ਦੀ ਰਕਮ ਵਾਪਸ ਕਰਨ ਲਈ ਆਖਿਆ ਸੀ।
ਭੋਲਾ ਨੇ ਕਿਹਾ ਹੈ ਕਿ ਬਿੱਟੂ ਔਲਖ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਕਹਿਣ ‘ਤੇ ਜਗਜੀਤ ਚਾਹਲ ਨੇ ਪਿੰਦੀ ਤੇ ਕੈਨੇਡਾ ਰਹਿੰਦੇ ਸੱਤੇ ਨੂੰ ਆਈਸ ਡਰੱਗ ਨਹੀਂ ਸੀ ਦਿੱਤੀ ਸਗੋਂ ਉਸ ਨੇ ਬਿਕਰਮ ਸਿੰਘ ਮਜੀਠੀਆ ਦੇ ਕਹਿਣ ‘ਤੇ ਪਿੰਦੀ ਤੇ ਸੱਤੇ ਨੂੰ ਡਰੱਗ ਸਪਲਾਈ ਕੀਤੀ ਸੀ। ਪਿੰਦੀ ਤੇ ਸੱਤਾ ਕੈਨੇਡਾ ਤੋਂ ਭਾਰਤ ਵਿਚ ਬਿਕਰਮ ਸਿੰਘ ਮਜੀਠੀਆ ਦੇ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਲਈ ਵੀ ਆਏ ਸਨ।
________________________________________
ਅਕਾਲੀਆਂ ਦੀ ਮਿਲੀਭੁਗਤ ਜੱਗ ਜ਼ਾਹਰ: ਕਾਂਗਰਸ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਵੱਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਡਰੱਗ ਮਾਫੀਆ ਮਾਮਲੇ ਵਿਚ ਪੁੱਛ ਪੜਤਾਲ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਸ਼ ਬਾਜਵਾ ਨੇ ਦੋਸ਼ ਲਾਇਆ ਕਿ ਈæਡੀæ ਵੱਲੋਂ ਅਕਾਲੀ ਆਗੂਆਂ ਤੋਂ ਪੁੱਛ ਪੜਤਾਲ ਕਰਨ ਦਾ ਫ਼ੈਸਲਾ ਲੈਣ ਤੋਂ ਸਪਸ਼ਟ ਹੋ ਗਿਆ ਹੈ ਕਿ ਕੌਮਾਂਤਰੀ ਡਰੱਗ ਮਾਫੀਆ ਦੇ ਸਰਗਨੇ ਡੀæਐਸ਼ਪੀæ ਜਗਦੀਸ਼ ਸਿੰਘ ਭੋਲਾ ਨਾਲ ਕੁਝ ਅਕਾਲੀ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਹੁਣ ਤੁਰੰਤ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਕੇ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਹਵਾਲੇ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਈæਡੀæ ਨੂੰ ਦਿੱਤੇ ਬਿਆਨ ਵਿਚ ਭੋਲਾ ਨੇ ਸ਼ ਮਜੀਠੀਆ ਤੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਜੀਤ ਸਿੰਘ ਦਾ ਨਾਂ ਲਿਆ ਹੈ। ਭੋਲਾ ਪਹਿਲਾਂ ਹੀ ਇਸ ਮਾਮਲੇ ਵਿਚ ਮਜੀਠੀਆ ਦੀ ਮਿਲੀਭੁਗਤ ਦਾ ਖ਼ੁਲਾਸਾ ਕਰ ਚੁੱਕਿਆ ਹੈ। ਉਸ ਨੇ ਨਸ਼ਿਆਂ ਦੇ ਮਾਮਲੇ ਵਿਚ ਦੋ ਹੋਰ ਸੀਨੀਅਰ ਮੰਤਰੀਆਂ ਦੇ ਸ਼ਾਮਲ ਹੋਣ ਦੇ ਸੰਕੇਤ ਵੀ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭੋਲਾ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਮਜੀਠੀਆ ਨੂੰ ਬਿਨਾਂ ਕਿਸੇ ਜਾਂਚ ਤੋਂ ਹੀ ਕਲੀਨ ਚਿੱਟ ਦੇ ਦਿੱਤੀ ਸੀ।

Be the first to comment

Leave a Reply

Your email address will not be published.