ਬਾਦਲਾਂ ਦੇ ਬਚਾਅ ਵਿਚ ਨਿੱਤਰ ਪਈ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਉਘੇ ਸਿੱਖ ਵਕੀਲ ਐਚæਐਸ਼ ਫੂਲਕਾ ਵਿਚਾਲੇ ਨਵੰਬਰ 1984 ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਕੇਸ ਲੜਨ ਲਈ ਫੀਸ ਲੈਣ ਸਬੰਧੀ ਚੱਲ ਰਹੀ ਸ਼ਬਦੀ ਜੰਗ ਦੌਰਾਨ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਬਚਾਅ ਵਿਚ ਨਿੱਤਰੀ ਹੈ। ਸ਼੍ਰੋਮਣੀ ਕਮੇਟੀ ਨੇ ਆਖਿਆ ਹੈ ਕਿ ਸ਼ ਫੂਲਕਾ ਵੱਲੋਂ ਸਿਫਾਰਸ਼ ਕੀਤੇ ਗਏ ਵਕੀਲਾਂ ਨੂੰ 42 ਲੱਖ ਰੁਪਏ ਦਿੱਤੇ ਗਏ ਸਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਦਾ ਕੇਸ ਲੜਨ ਲਈ ਐਚæਐਸ਼ ਫੂਲਕਾ ਦੇ ਸਿਫਾਰਸ਼ ਕੀਤੇ ਵਕੀਲਾਂ ਦੇ ਪੈਨਲ ਨੂੰ 42 ਲੱਖ ਰੁਪਏ ਦੀ ਫੀਸ ਦਿੱਤੀ। ਸ਼ ਫੂਲਕਾ ਦੇ ਪ੍ਰਸਤਾਵ ਉਤੇ ਸ਼੍ਰੋਮਣੀ ਕਮੇਟੀ ਨੇ ਅਪਰੈਲ 2010 ਤੇ ਅਗਸਤ 2010 ਵਿਚ ਦੋ ਮਤੇ ਪਾਸ ਕੀਤੇ ਸਨ ਜਿਨ੍ਹਾਂ ਵਿਚ ਉਕਤ 5 ਵਕੀਲਾਂ ਨੂੰ ਫੀਸ ਦੇਣ ਲਈ ਪ੍ਰਵਾਨਗੀ ਦਿੱਤੀ ਗਈ।ਇਨ੍ਹਾਂ ਵਕੀਲਾਂ ਨੂੰ 1984 ਸਿੱਖ ਕਤਲੇਆਮ ਦੇ ਪੀੜਤਾਂ ਦਾ ਕੇਸ ਲੜਨ ਲਈ ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਵਿਚ ਕੇਸ ਲੜਨ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਦੌਰਾਨ ਸ਼ ਫੂਲਕਾ ਨੇ ਜਦੋਂ ਵੀ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਫੀਸ ਦਾ ਬਿੱਲ ਦਿੱਤਾ, ਉਸ ਦੀ ਤੁਰੰਤ ਅਦਾਇਗੀ ਕੀਤੀ ਗਈ। ਇਨ੍ਹਾਂ ਸਾਰੇ ਕੇਸਾਂ ਦੀ ਪੈਰਵੀ ਕਰਨ ਦੀ ਸਾਰੀ ਜ਼ਿੰਮੇਵਾਰੀ ਸ਼ ਫੂਲਕਾ ਨੂੰ ਦਿੱਤੀ ਗਈ ਸੀ ਜਦੋਂਕਿ ਉਨ੍ਹਾਂ ਨੇ ਇਨ੍ਹਾਂ ਕੇਸਾਂ ਦੀ ਕੋਈ ਸਟੇਟਸ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿੱਤੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸਾਂ ਦੀ ਪੂਰੀ ਪੈਰਵੀ ਕੀਤੀ ਹੈ ਤੇ ਇਸ ਬਾਰੇ ਸ਼ ਫੂਲਕਾ ਵੱਲੋਂ ਇਕੱਲੇ ਹੀਰੋ ਬਣਨਾ ਜਾਇਜ਼ ਨਹੀਂ ਹੈ। ਇਸ ਸਬੰਧੀ ਕੇਸ ਦੇ ਅੱਠ ਪੀੜਤ ਅਦਾਲਤਾਂ ਵਿਚ ਕੇਸ ਹਾਰ ਗਏ ਸਨ ਤਾਂ ਸ਼੍ਰੋਮਣੀ ਕਮੇਟੀ ਨੇ ਹਾਈਕੋਰਟ ਵਿਚ ਰੀਵਿਊ ਪਟੀਸ਼ਨਾਂ ਪਾਈਆਂ ਜਿਨ੍ਹਾਂ ਉਤੇ ਸ਼੍ਰੋਮਣੀ ਕਮੇਟੀ ਨੇ ਲੱਖਾਂ ਰੁਪਏ ਦੀ ਅਦਾਇਗੀ ਕੀਤੀ।
ਦੂਜੇ ਪਾਸੇ ਸ਼ ਫੂਲਕਾ ਨੇ ਆਖਿਆ ਹੈ ਕਿ ਉਹ ਇਕੱਲੇ ਨਹੀਂ ਸਗੋਂ ਹੋਰ ਕਈ ਸੀਨੀਅਰ ਵਕੀਲ ਹਨ ਜਿਨ੍ਹਾਂ ਨੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕੋਈ ਫੀਸ ਨਹੀਂ ਵਸੂਲ ਕੀਤੀ ਸੀ। ਉਨ੍ਹਾਂ ਵਿਚੋਂ ਵਕੀਲ ਦੁਸ਼ਿਅੰਤ ਦਵੇ ਵੀ ਸ਼ਾਮਲ ਸਨ ਜਿਨ੍ਹਾਂ ਦੀ ਆਮ ਫੀਸ ਸੱਤ ਲੱਖ ਰੁਪਏ ਹੈ। ਉਹ ਸੱਜਣ ਕੁਮਾਰ ਕੇਸ ਵਿਚ ਬਿਨਾਂ ਕੋਈ ਫੀਸ ਲਏ ਲੜੇ ਸਨ। ਇਸੇ ਤਰ੍ਹਾਂ ਸੀਨੀਅਰ ਐਡਵੋਕੇਟ ਰਵੀ ਸ਼ੰਕਰ ਪ੍ਰਸਾਦ ਜਿਨ੍ਹਾਂ ਦੀ ਆਮ ਫੀਸ ਚਾਰ ਲੱਖ ਰੁਪਏ ਹੈ, ਨੇ ਵੀ ਬਿਨਾਂ ਫੀਸ ਲਏ ਕੇਸ ਲੜਿਆ। ਨਵੰਬਰ 1984 ਸਿੱਖ ਵਿਰੋਧੀ ਦੰਗਿਆਂ ਦੇ ਕੇਸਾਂ ਵਿਚ ਉਨ੍ਹਾਂ ਕਦੇ ਵੀ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਕੋਲੋਂ ਕੋਈ ਫੀਸ ਨਹੀਂ ਲਈ ਹੈ। ਇਸ ਮਾਮਲੇ ਤੋਂ ਇਲਾਵਾ ਹੋਰ ਕੇਸਾਂ ਵਿਚ ਆਪਣੇ ਕਿੱਤੇ ਦੇ ਆਧਾਰ ‘ਤੇ ਜ਼ਰੂਰ ਫੀਸ ਲਈ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਜੀæਕੇæ ਤੇ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੇ ਤੌਰ ‘ਤੇ ਐਡਵੋਕੇਟ ਐਚæਐਸ਼ ਫੂਲਕਾ ਦੇ ਖਿਲਾਫ ਮੋਰਚਾ ਖੋਲ੍ਹਦਿਆਂ ਪੁੱਛਿਆ ਕਿ ਉਹ ਕਿਸ ਨੈਤਿਕਤਾ ਦੇ ਆਧਾਰ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੇ ਹਨ ਜਦੋਂਕਿ ਉਸ ਪਾਰਟੀ ਨੇ ਦਿੱਲੀ ਵਿਚ ਕਾਂਗਰਸ ਨਾਲ ਮਿਲ ਕੇ ਸਰਕਾਰ ਕਾਇਮ ਕੀਤੀ ਸੀ। ਉਕਤ ਆਗੂਆਂ ਨੇ ਦਾਅਵਾ ਕੀਤਾ ਕਿ ਫੁਲਕਾ ਦੇ ਕਹਿਣ ‘ਤੇ ਕਰੋੜਾਂ ਰੁਪਏ ਕਮੇਟੀ ਵੱਲੋਂ ਫੁਲਕਾ ਵੱਲੋਂ ਨਾਮਜਦ ਵਕੀਲਾਂ ਦੇ ਪੈਨਲ ਨੂੰ ਦਿੱਤੇ ਗਏ ਤੇ ਨਾਲ ਹੀ ਅਫਸੋਸ ਪ੍ਰਗਟਾਇਆ ਕਿ ਬੀਤੇ 29 ਸਾਲਾਂ ਵਿਚ ਫੁਲਕਾ ਪੈਨਲ ਵਲੋਂ ਲੜੇ ਗਏ ਪੀੜਤ ਪਰਿਵਾਰਾਂ ਦੇ ਮੁਕੱਦਮੇ ਕਿਸੇ ਸਨਮਾਨਜਨਕ ਅੰਤ ਤੱਕ ਨਹੀਂ ਪੁੱਜ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਫੁਲਕਾ ਕੌਮ ਨੂੰ ਮੱਝਧਾਰ ਵਿਚ ਹੀ ਛੱਡ ਕੇ ਆਪਣੀ ਸਿਆਸਤ ਵਿਚ ਰੁੱਝ ਗਏ ਹਨ।
_________________
ਵਕੀਲਾਂ ਨੂੰ ਸਿਰਫ ਸੱਤ ਲੱਖ ਰੁਪਏ ਦਿੱਤੇ: ਫੂਲਕਾ
ਲੁਧਿਆਣਾ: ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਐਡਵੋਕੇਟ ਐਚæਐਸ਼ ਫੂਲਕਾ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਉਪਰ ਪੈਸੇ ਲੈ ਕੇ ਕੇਸ ਲੜਨ ਦੇ ਲਾਏ ਦੋਸ਼ਾਂ ਦੇ ਖੰਡਨ ਤੋਂ ਬਾਅਦ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਦੋਸ਼ਾਂ ਦਾ ਵੀ ਖੰਡਨ ਕੀਤਾ ਹੈ।
ਜਥੇਦਾਰ ਮੱਕੜ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਸ਼ ਫੂਲਕਾ ਵੱਲੋਂ ਸੁਝਾਏ ਵਕੀਲਾਂ ਦੇ ਪੈਨਲ ਨੂੰ 42 ਲੱਖ ਰੁਪਏ ਅਦਾ ਕੀਤੇ ਹਨ। ਸ਼ ਫੂਲਕਾ ਨੇ ਇਸ ਦੇ ਜੁਆਬ ਵਿਚ ਕਿਹਾ ਹੈ ਕਿ ਵਕੀਲਾਂ ਨੂੰ ਹਾਲੇ ਤੱਕ ਸੱਤ ਲੱਖ ਰੁਪਏ ਹੀ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿੱਧੇ ਤੌਰ ‘ਤੇ ਪੰਜ ਵਕੀਲਾਂ ਨੂੰ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਕੇਸਾਂ ਵਿਚ 42 ਲੱਖ ਰੁਪਏ ਦੇਣੇ ਤੈਅ ਕੀਤੇ ਸਨ। ਉਨ੍ਹਾਂ ਨੇ ਇਨ੍ਹਾਂ ਵਕੀਲਾਂ ਤੋਂ ਪਤਾ ਕੀਤਾ ਹੈ ਇਨ੍ਹਾਂ ਨੂੰ ਸੱਤ ਲੱਖ ਰੁਪਏ ਹੀ ਦਿੱਤੇ ਗਏ ਹਨ। 42 ਲੱਖ ਰੁਪਏ ਦੀ ਰਕਮ ਅਦਾ ਕਰਨ ਦਾ ਬਿਆਨ ਦੇ ਕੇ ਜਥੇਦਾਰ ਨੇ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਕੀਲਾਂ ਵਿਚ ਕਾਮਨਾ ਵੋਹਰਾ ਨੂੰ 20 ਕੇਸ ਲੜਨ ਲਈ 5 ਲੱਖ, ਗੁਰਬਖਸ਼ ਸਿੰਘ ਨੂੰ ਚਾਰ ਕੇਸਾਂ ਲਈ ਇਕ ਲੱਖ, ਜਗਜੀਤ ਸਿੰਘ ਨੂੰ ਪੰਜ ਕੇਸ ਲੜਨ ਲਈ ਇਕ ਲੱਖ ਦਿੱਤੇ ਹਨ, ਜਦਕਿ ਜਸਮੀਤ ਸਿੰਘ ਨੂੰ 5 ਕੇਸ ਲੜਨ ਬਦਲੇ ਹਾਲੇ ਤੱਕ ਫੁੱਟੀ ਕੌਡੀ ਵੀ ਨਹੀਂ ਦਿੱਤੀ ਗਈ। 42 ਲੱਖ ਦੀ ਅਦਾਇਗੀ ਦੱਸ ਕੇ ਇਨ੍ਹਾਂ ਵਕੀਲਾਂ ਦੀ ਤੌਹੀਨ ਕੀਤੀ ਹੈ। ਜਦਕਿ ਇੰਨੀ ਘੱਟ ਫੀਸ ‘ਤੇ ਲੜਨ ਬਦਲੇ ਵਕੀਲਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਦੇ ਦੇਣ-ਲੈਣ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ।

Be the first to comment

Leave a Reply

Your email address will not be published.