ਅਕਾਲੀ ਦਲ ਵਿਰੁਧ ਜਾਰੀ ਚਿੱਠੀਆਂ ਤੋਂ ਕਾਂਗਰਸ ਵਿਚ ਕਲੇਸ਼

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਾਜਨਬੀਰ ਸਿੰਘ ਨੇ ਆਪਣੀ ਹੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ‘ਤੇ ਝੂਠੀ ਬਿਆਨਬਾਜ਼ੀ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਠੋਕਣ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਦੇ ਤਿੰਨ ਵਾਰ ਵਿੱਤ ਮੰਤਰੀ ਰਹਿ ਮਰਹੂਮ ਬਲਵੰਤ ਸਿੰਘ ਦੇ ਪੁੱਤਰ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਾਜਨਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਸ਼ ਖਹਿਰਾ ਨੇ ਉਨ੍ਹਾਂ ਦੇ ਪਿਤਾ ਦੀ ਫਰਜ਼ੀ ਚਿੱਠੀ ਜਾਰੀ ਕਰਕੇ ਝੂਠੇ ਦੋਸ਼ ਮੜੇ ਹਨ।
ਉਨ੍ਹਾਂ ਸ਼ ਖਹਿਰਾ ਨੂੰ ਕਿਹਾ ਕਿ ਉਹ ਤੁਰੰਤ ਉਨ੍ਹਾਂ ਦੇ ਪਿਤਾ ਦੇ ਨਾਂ ਨਾਲ ਜੋੜ ਕੇ ਜਾਰੀ ਕੀਤੀ ਗਈ ਝੂਠੀ ਚਿੱਠੀ ਬਾਬਤ ਮੁਆਫ਼ੀ ਮੰਗਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਆਫ਼ੀ ਨਾ ਮੰਗੀ ਗਈ ਤਾਂ ਉਹ ਮਾਣਹਾਨੀ ਦਾ ਕੇਸ ਦਾਇਰ ਕਰੇਗਾ। ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਬੁਲਾਰੇ ਸ਼ ਖਹਿਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਸ਼ ਬਲਵੰਤ ਸਿੰਘ ਵੱਲੋਂ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲਿਖਿਆ ਪੱਤਰ ਜਾਰੀ ਕਰਕੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਦਾ ਸਮਰਥਨ ਕੀਤਾ ਸੀ। ਰਾਜਨਬੀਰ ਨੇ ਆਪਣੇ ਪਿਤਾ ਬਲਵੰਤ ਸਿੰਘ ਦੇ ਪੁਰਾਣੇ ਪਾਸਪੋਰਟ ਦਿਖਾਉਂਦਿਆਂ ਵੇਰਵਿਆਂ ਸਹਿਤ ਦੱਸਿਆ ਕਿ 9 ਜੂਨ, 1984 ਨੂੰ ਉਨ੍ਹਾਂ ਦੇ ਪਿਤਾ ਦੇਸ਼ ਵਿਚ ਹੀ ਨਹੀਂ ਸਨ। ਸ਼ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਸ਼ ਬਲਵੰਤ ਸਿੰਘ ਨੇ 9 ਜੂਨ, 1984 ਨੂੰ ਸ੍ਰੀਮਤੀ ਇੰਦਰਾ ਗਾਂਧੀ ਨੂੰ ਪੱਤਰ ਲਿਖਿਆ ਸੀ। ਰਾਜਨਬੀਰ ਨੇ ਕਿਹਾ ਕਿ ਇਹ ਮੁੱਦਾ ਉਹ ਪਾਰਟੀ ਪਲੇਟਫਾਰਮ ‘ਤੇ ਉਠਾ ਕੇ ਸ਼ ਖਹਿਰਾ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਨਗੇ।
ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਅਮਰੀਕਾ ਵਿਚ ਪੜ੍ਹਾਈ ਕਰ ਰਿਹਾ ਸੀ ਤੇ ਉਸਦੇ ਪਿਤਾ ਉਸ ਦੀ ਕਾਨਵੋਕੇਸ਼ਨ ਵਿਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ। ਉਸ ਸਮੇਂ ਸਾਕਾ ਨੀਲਾ ਤਾਰਾ ਕਾਰਨ ਚੰਡੀਗੜ੍ਹ ਵਿਚ ਕਰਫਿਊ ਲੱਗਿਆ ਸੀ। ਉਨ੍ਹਾਂ ਦੇ ਪਿਤਾ 10 ਜੂਨ, 1984 ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਰੇ ਸਨ ਜਿਸ ਤੋਂ ਸਪਸ਼ਟ ਹੈ ਕਿ 9 ਜੂਨ ਨੂੰ ਉਨ੍ਹਾਂ ਦੇ ਪਿਤਾ ਭਾਰਤ ਵਿਚ ਹੀ ਨਹੀਂ ਸਨ ਤੇ ਇਸ ਦਿਨ ਉਨ੍ਹਾਂ ਦੇ ਨਾਂ ਹੇਠ ਇੰਦਰਾ ਗਾਂਧੀ ਨੂੰ ਲਿਖੀ ਗਈ ਚਿੱਠੀ ਫਰਜ਼ੀ ਹੈ। ਰਾਜਨਬੀਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮਾੜੇ ਦੌਰ ਦੌਰਾਨ ਸੰਤ ਹਰਚਰਨ ਸਿੰਘ ਲੌਂਗੋਵਾਲ ਤੇ ਉਨ੍ਹਾਂ ਦੇ ਪਿਤਾ ਪੰਜਾਬ ਵਿਚ ਸ਼ਾਂਤੀ ਲਿਆਉਣ ਲਈ ਪੰਜਾਬ ਸਮਝੌਤੇ ਲਈ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਸਨ। ਉਨ੍ਹਾਂ ਦੇ ਪਿਤਾ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਜੂਝਦੇ ਰਹੇ ਸਨ ਤੇ ਉਨ੍ਹਾਂ ਨੇ ਕਦੇ ਵੀ ਸਾਕਾ ਨੀਲਾ ਤਾਰਾ ਦਾ ਸਮਰਥਨ ਨਹੀਂ ਕੀਤਾ ਸੀ।
__________________________________________
ਰਾਜਨਬੀਰ ਅਕਾਲੀ ਦਲ ਦੇ ਹੱਥਾਂ ਵਿਚ ਖੇਡ ਰਿਹਾ: ਖਹਿਰਾ
ਚੰਡੀਗੜ੍ਹ: ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹੈ ਤੇ ਰਾਜਨਬੀਰ ਨੂੰ ਪੁਸਤਕ ‘ਚੱਕਰਵਿਊ’ ਦੇ ਲੇਖਕ ਗੁਰਤੇਜ ਸਿੰਘ (ਸਾਬਕਾ ਆਈæਏæਐਸ਼) ਤੇ ਪ੍ਰਕਾਸ਼ਕ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਕਰਨ ਦੀ ਜ਼ੁਰਅਤ ਦਿਖਾਉਣੀ ਚਾਹੀਦੀ ਹੈ। ਸ਼ ਖਹਿਰਾ ਨੇ ਦੋਸ਼ ਲਾਇਆ ਕਿ ਅਜਿਹਾ ਕਰਕੇ ਰਾਜਨਬੀਰ ਅਕਾਲੀ ਦਲ ਦੇ ਹੱਥਾਂ ਵਿਚ ਖੇਡ ਰਹੇ ਹਨ। ਉਨ੍ਹਾਂ ਵੱਲੋਂ ਗੁਰਤੇਜ ਸਿੰਘ ਦੀ ਕਿਤਾਬ ਵਿਚ ਦਰਜ ਪੱਤਰ ਹੀ ਜੱਗ ਜ਼ਾਹਰ ਕੀਤਾ ਗਿਆ ਹੈ।
ਸ਼ ਖਹਿਰਾ ਨੇ ਹੋਰ ਦੋਸ਼ ਲਾਇਆ ਕਿ 1986 ਦੇ ਅਪਰੇਸ਼ਨ ਬਲੈਕ ਥੰਡਰ ਮੌਕੇ ਮਰਹੂਮ ਬਲਵੰਤ ਸਿੰਘ ਦਾ ਰੋਲ ਉਸ ਦੇ ਭਾਰਤ ਸਰਕਾਰ ਦੇ ਏਜੰਟ ਵਜੋਂ ਕੰਮ ਕਰਨ ਨੂੰ ਹੋਰ ਪੁਖ਼ਤਾ ਕਰਦਾ ਹੈ। ਸਾਲ 1986 ਵਿੱਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਅਪਰੇਸ਼ਨ ਬਲੈਕ ਥੰਡਰ ਤਹਿਤ ਪੁਲਿਸ ਨੂੰ ਦਰਬਾਰ ਸਾਹਿਬ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਸੀ ਤੇ ਵਿੱਤ ਵਿਭਾਗ ਨਾਲ ਕੈਬਨਿਟ ਦੇ ਦੂਸਰੇ ਨੰਬਰ ਦੇ ਮੰਤਰੀ ਹੋਣ ਕਾਰਨ ਬਲਵੰਤ ਸਿੰਘ ਪੁਲਿਸ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਦਾਖ਼ਲੇ ਦੇ ਮੁੱਖ ਘੜਤਾ ਵੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਰਾਜਨਬੀਰ ਦਲਬਦਲੂ ਹੈ। ਇਸ ਬਾਰੇ ਪੁਸਤਕ ਦੇ ਲੇਖਕ ਗੁਰਤੇਜ ਸਿੰਘ ਨੇ ਕਿਹਾ ਕਿ ਬਲਵੰਤ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਲਿਖਿਆ ਪੱਤਰ 1984 ਵਿਚ ਹੀ ਜੱਗ ਜ਼ਾਹਰ ਹੋ ਗਿਆ ਸੀ। ਉਨ੍ਹਾਂ ਨੇ ਤਾਂ 15 ਸਾਲ ਬਾਅਦ 1999 ਵਿਚ ਪੁਸਤਕ ਲਿਖੀ ਸੀ। ਉਨ੍ਹਾਂ ਕਿਹਾ ਕਿ ਇਸ ਪੱਤਰ ਵਿਚ ਕੋਈ ਕੱਚ ਨਹੀਂ ਹੈ ਪਰ ਉਹ ਬਲਵੰਤ ਸਿੰਘ ਦੇ ਪੁੱਤਰ ਦੇ ਦੁਖ ਨੂੰ ਸਮਝਦੇ ਹਨ।

Be the first to comment

Leave a Reply

Your email address will not be published.