ਸ਼ਾਇਰ ਹਰਿੰਦਰ ਸਿੰਘ ਮਹਿਬੂਬ ਦਾ ਇਹ ਲੇਖ ‘ਰਿਗਵੇਦ ਦੀਆਂ ਆਵਾਜ਼ਾਂ’ ਸਾਨੂੰ ਸ਼ ਗੁਰਤਰਨ ਸਿੰਘ ਹੁਰਾਂ ਆਪਣੀ ਚਿੱਠੀ ਨਾਲ ਭੇਜਿਆ ਹੈ ਜਿਹੜੀ ਉਨ੍ਹਾਂ ਸ਼ ਹਰਪਾਲ ਸਿੰਘ ਪੰਨੂ ਵੱਲੋਂ ਸ਼ ਹਰਿੰਦਰ ਸਿੰਘ ਮਹਿਬੂਬ ਬਾਰੇ ਕੀਤੀਆਂ ਟਿੱਪਣੀਆਂ ਦੇ ਪ੍ਰਸੰਗ ਵਿਚ ਭੇਜੀ ਸੀ। ਉਨ੍ਹਾਂ ਨੇ ਆਪਣੀ ਚਿੱਠੀ ਵਿਚ ਸ਼ ਮਹਿਬੂਬ ਵੱਲੋਂ ਇਸ ਲੇਖ ਵਿਚ ਪੇਸ਼ ਕੀਤੀਆਂ ਡੂੰਘੀਆਂ ਰਮਜ਼ਾਂ ਬਾਰੇ ਗੱਲ ਤੋਰੀ ਹੈ। ਸ਼ ਮਹਿਬੂਬ ਬਾਰੇ ਅਚਾਨਕ ਚੱਲੀ ਟੀਕਾ-ਟਿੱਪਣੀ ਦੇ ਮੱਦੇਨਜ਼ਰ ਸਾਨੂੰ ਇਹ ਲੇਖ ਦਿਲਚਸਪ ਲੱਗਿਆ ਹੈ। ਉਂਜ ਵੀ ਇਸ ਲੇਖ ਨਾਲ ਸ਼ ਹਰਿੰਦਰ ਸਿੰਘ ਮਹਿਬੂਬ ਦੀ ਸ਼ਖਸੀਅਤ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਸਮਝਣ-ਸਮਝਾਉਣ ਵਿਚ ਵੀ ਮਦਦ ਮਿਲੇਗੀ। ਇਸੇ ਆਸ ਨਾਲ ਅਸੀਂ ਇਹ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ
ਹਰਿੰਦਰ ਸਿੰਘ ਮਹਿਬੂਬ
ਯੁੱਗਾਂ ਪਹਿਲਾਂ ਪੰਜਾਂ ਪਾਣੀਆਂ ਦੇ ਰਿਸ਼ੀਆਂ ਨੇ ਆਪਣੀ ਹੋਂਦ ਦੇ ਚੰਘਿਆੜਦੇ ਭੀਸ਼ਣ ਰਾਗ ਨਾਲ ਅੰਮ੍ਰਿਤ ਵੇਲੇ ਵਣਾਂ ਦੇ ਵਣ ਜਲਦੇ ਦੇਖੇ। ਸਰਬ ਪ੍ਰਾਣ ਦੀ ਸੂਰੀ ਭੈਰਵੀ ਅੱਖ ਉਸ਼ਾਵਾਂ ਦੇ ਜਲਵੇ ਹੇਠ ਕਹਿਰਵਾਨ ਹੋ ਰਹੀ ਸੀ ਅਤੇ ਉਸੇ ਛਿਣ ਮਿਹਰਬਾਨ ਸੀਤਲ ਆਵਾਜ਼ ਸ਼ਾਂਤੀ ਦੇ ਬਿਰਖ ਉਤੇ ਤਰੇਲ ਵਾਂਗ ਸੌਂ ਰਹੀ ਸੀ। ਮਹਾ ਸ਼ਾਂਤੀ ਦਾ ਬਿਰਖ ਸੂਰਜਾਂ ਦੇ ਘਮਸਾਨਾਂ ਵਿਚ ਆਪਣੀਆਂ ਕਾਂਤ ਕਰੂੰਬਲਾਂ ਦੀ ਮਧੁਰ ਸੁਗੰਧ ਮੂਲਕ ਜਲੌ ਅਤੇ ਸੂਖਮ-ਸਵਰ-ਸੁੱਤਾ ਸੰਗੀਤ ਖਲੇਰ ਰਿਹਾ ਸੀ। ਅਗਮ-ਅਗਾਧ ਸਰਵ ਹੋਂਦ, ਸਰਬ ਪ੍ਰਾਣ ਨੇ ਆਪਣੇ ਆਪ ਨੂੰ ਨਿਰਕਾਲ ਸ਼ੂਨਯ ਦੀ ਬੱਜਰ-ਅਣਹੋਂਦ ਵਿਚ ਵੇਖਿਆ, ਪਰ ਉਸੇ ਛਿਣ ਅਗਮ ਰਮਜ਼ ਦਾ ਸੂਰਜ ਕਿਲਕਾਰੀਆਂ ਮਾਰਦੇ ਦਰਿਆਵਾਂ ਨੂੰ ਵਿਸਮ-ਹੋਂਦੀ ਮਹਾ ਬਾਣਾਂ ਨਾਲ ਵਿੰਨ੍ਹਦਾ-ਵਨ੍ਹੀਂਦਾ ਫਿਰਦਾ ਸੀ, ਹਾਂ ਉਸੇ ਛਿਣ ਦੇ ਜ਼ਖਮਾਂ ਉਤੇ ਤਰਸ ਦੇ ਅਸੀਮ ਨਿਰਲੇਪ ਕੰਵਲ ਦੀ ਛਾਂ ਕਿਸੇ ਅਭੰਗ ਸਮਾਧੀ ਵਿਚ ਪੈ ਰਹੀ ਸੀ।
ਰਿਸ਼ੀ ਨੇ ਸ਼ਿਆਮ-ਨੀਲਮ ਦੇਸ਼ਾਂ ਦੇ ਸਿਤਾਰਿਆਂ ਵੱਲ ਆਗਾਸ ਨੈਣਾਂ ਨਾਲ ਵੇਖਿਆ, ਅੰਬਰਾਂ-ਪਾਤਾਲਾਂ ਦੇ ਛਿਣ ਛਿਣ ਦੇ ਅਨੇਕ ਆਲਿੰਗਨ ਗਿਆਨ-ਕੰਪਨਾਂ ਨਾਲ ਇਕ ਮਹਾ ਆਵਾਜ਼ ਹੋ ਗਏ। ਸਰਬ ਸ਼ਾਂਤੀ ਚੇਤਨ ਗੰਭੀਰ ਸਿਧ ਦੀ ਅਭੰਗ ਸਮਾਧੀ ਵਿਚ ਰਿਹਾ, ਨਿਰ-ਸਵਰ ਕੰਵਲ ਦਾ ਜਲਵਾ ਛਿਣ ਛਿਣ ਦੇ ਵਿਸਮਾਦ ਨੂੰ ਛੂਹਿਆ, ਹਾਂ ਜੀ ਅਭੰਗ ਗੰਭੀਰਤਾ ਅਡੋਲ ਆਸਨ ‘ਤੇ ਰਹੀ। ਪਰ ਮਹਾ ਸੰਗੀਤ ਦੀ ਨੀਰਜ ਸੁੰਦਰਤਾ ਦੇ ਮਧੁਰ ਸਵਪਨ ਵਿਚ ਅਨੇਕਾਂ ਸੂਰਜਾਂ ਅਗਨੀਆਂ ਦੇ ਜਸ਼ਨ ਹੋਣ ਲੱਗੇ। ਪੰਜਾਂ ਪਾਣੀਆਂ ਦੇ ਰਿਸ਼ੀ ਨੇ ਆਖਿਆ, “ਸਰਬ ਸ਼ਾਂਤੀ ਦੇ ਨੀਰਜ ਵਿਚ ਇਸ ਧਰਤੀ ਦੇ ਹੀ ਸੰਘਣੇ ਵਣਾਂ ਦਾ ਰਹੱਸ ਜੁਗਨੂੰਆਂ ਵਾਂਗ ਚਿਲਕ ਰਿਹਾ ਹੈ। ਮੈਂ ਜ਼ਰਾ ਇਸ ਤਰਬਦੇ ਗਗਨ ਦੇ ਅਲਖ ਨਾਦ ਨੂੰ ਤੋੜ ਨਾ ਦੇਵਾਂ! ਮੈਂ ਇਸ ਮਹਾ ਰਾਗ ਦੇ ਅਸਗਾਹ ਦਾ ਸਿਰਜਣਹਾਰ ਅਨੰਤ ਅਗਨੀ ਚੱਕਰਾਂ ਨਾਲ ਇਸ ਸਿਰਜਣਾ ਦਾ ਖੂਨ ਨਾ ਕਰ ਦੇਵਾਂ! ਹੇ ਅਨੰਤ, ਤੇਰੀ ਮਹਾ ਸਮਾਧੀ ਨੂੰ ਪ੍ਰਣਾਮ! ਲੈ, ਮੇਰੀ ਅਹੁੰ ਦੀ ਸ਼ੀਂਹ ਸਵੈ ਸਿਰਜਣਾ ਦੇ ਪ੍ਰਕਾਸ਼ ਵਣਾਂ ਨੂੰ ਗਰਜ ਕੇ ਅਗਨ ਅਗਨ ਕਰਨ ਲੱਗਾ। ਹੈ। ਪੰਜਾਬ ਦੇ ਅੰਨ੍ਹੇ-ਤੂਫ਼ਾਨੀ ਦਰਿਆਵਾਂ ਦੀ ਪ੍ਰਾਣ ਸ਼ਕਤੀ ਆਪਣੀਆਂ ਬਿਜਲੀ-ਛਮਕਾਂ ਨਾਲ ਹਿੰਸਾ ਦੀਆਂ ਨੌਂਹਦਰਾਂ ਵਿਚ ਬਲ ਕੇ ਮਹਾ ਸਮਾਧੀ ਦੀ ਸੁਬਕ ਕਾਇਆ ਨੂੰ ਲਹੂ-ਲੁਹਾਣ ਕਰ ਗਈ। ਹਿੰਸਾ ਲਈ ਗਿਆਨ-ਸਮਾਧੀ ਦੀ ਜੜ੍ਹ ਪਰਬਤ ਹੋ ਗਈ ਅਤੇ ਵੇਖੋ! ਉਹ ਕਹਿਰਵਾਨ ਕੂਕਦੀ ਸ਼ਮਸ਼ੀਰ ਕਰਨ ਕਰਾਵਣਹਾਰ ਸਿਰਜਣਾ ਬਣ ਗਈ। ਹੜ੍ਹਾਂ ਦੇ ਹੜ੍ਹ ਅਗਨੀ ਦੇ ਧਮਕਦੇ ਆਏ, ਰਿਸ਼ੀ ਨੇ ਸਹਿਜ-ਬਚਨ ਕੀਤਾ,
ਤੈਨੂੰ ਅਗਨੀ, ਕੰਵਲ-ਮਨਾਂ ‘ਚੋਂ
ਰਾਗ-ਗਿਆਨ ਦੇ ਰਿਸ਼ੀ ਸੁਮਨ ‘ਚੋਂ,
ਲਿਆਂਦਾ ਸੋਹਣੀਏ ਨਾਦ-ਭਵਨ ‘ਚੋਂæææ
ਪ੍ਰਾਣ-ਸ਼ਕਤੀ ਦੇ ਅਗਨ-ਅਸ਼ਵਿਨ ਦੌੜੇ, ਛਾਤੀਆਂ ਵਿਚ ਸੂਰਜਾਂ ਦੇ ਸੁਦਰਸ਼ਨ ਚੱਕਰ ਅਰੁਕ ਘੁੰਮਦੇ ਜਾ ਰਹੇ ਹਨ। ਟੁੱਟਦੇ ਤਿੜਕਦੇ ਵਣਾਂ ਦੇ ਖਰੂਦ ਇੰਦਰ ਦੀ ਪਰਬਤ ਤੋੜਦੀ ਚੰਘਿਆੜ ਨਾਲ ਵਰੁਣ ਦੇ ਵਿਸ਼ਾਲ ਲਿਲਾਟ ਉਤੇ ਚਮਕ ਬਾਣ ਮਾਰ ਰਹੇ ਸਨ। ਇਹ ਚਮਕ ਗਿਆਨ ਬੋਧਨ ਦੀ ਕਾਲ ਛਲ ਤੋੜ ਕੇ ਅਕਾਲ ਹੋ ਕੇ ਨੱਸਦੀ ਸੀ; ਦੂਸਰੀ ਸਿੰਧ ਦਾ ਬੇਰਾਥ, ਦੀਰਘ ਹਨੇਰਾ ਉਜਾਲ ਦੀ ਹਿਰਨ ‘ਤੇ ਟੁੰਗਦੀ ਸੀ, ਤੀਸਰੀæææਦੀ ਅਸੀਮਾ ਇਕ ਛਿਣ ਦੀ ਉਂਗਲ ਨਾਲ ਬੰਨ੍ਹਦੀ ਸੀ! ਇਹ ਸ਼ਕਤੀ ਚੇਤਨ ਗਿਆਨ ਦੇ ਭੜਕਦੇ, ਦੌੜਦੇ, ਉਛਲਦੇ ਲੂੰਬੇ! ਸਤ-ਚਿਤ ਕਿੱਥੇ? ਇਕ ਨਾਲ ਅਨੰਤ ਦੇ ਟੁਕੜੇ ਹੋ ਜਾਂਦੇ ਹਨ, ਟੁਕੜਿਆਂ ਦੇ ਦਰਿਆਵਾਂ ਵਿਚ ਅਨੰਤ ਬਹਿ ਜਾਂਦੇ ਹਨ, ਆਗਾਸ ਬਲ ਜਾਂਦੇ ਹਨ। ਇਸ ਉਮ੍ਹਲਦੀ,æææਦਾ ਬੰਜਰ-ਧਾਤ ਇੰਦਰ ਦੇ ਹਿਲੋਰਦੇ ਹੱਥ ਵਿਚ ਚਮਕਿਆ ਨਹੀਂ, ਕੀæææਦੀ ਅਕਾਲ ਪਤਸ਼ਾਹੀ ਯੁੱਗਾਂ ਦੇ ਪੈਰਾਂ ਵਿਚ ਚੀਨ-ਨਿਰਬਲ ਮੂਰਛਾ ਬਣ ਕੇæææਸਤ-ਚਿੱਤ ਦਾ ਦੋਸ਼ ਤਾਂ ਮਾਇਆ ਦਾ ਅਤਿ ਪ੍ਰਾਚੀਨ ਛਲੀ ਸੀ! ਨਿਰੰਕੁਸ਼ ਅਨੰਦ ਦੀ ਅਗਨ-ਜੀਭਾ, ਵਿਜੇ-ਕਰ ਦੀ ਖੂਨੀ ਖੰਜਰ, ਸੂਰਜਾਂ ਵਿਚæææਵੇਗਵਾਨ ਜਵਾਲਾ ਅਤੇ ਪਰਮ ਜੇਤੂ ਦੇ ਜਮਾਲ ਸ੍ਰਿਸ਼ਟੀਆਂ ਦੇ ਸੀਸ ਉਤੇ ਕਿਸੇ ਚੰਘਿਆੜਦੇ ਵਾਰ ਨਾਲ ਅਚਾਨਕ ਹੀ ਡਿਗਦੇ, ਕੜਕਦੇ ਅਤੇ ਲਰਜ਼ਦੇ ਹਨ, ਪਰਮ ਅਹੁੰ ਦੇ ਪੈਰਾਂ ਵਿਚ ਸ੍ਰਿਸ਼ਟੀਆਂ ਦੇ ਲਰੇਜ਼ ਪਏ ਰੁਲਦੇ ਹਨ। ਮੁਕਤੀ ਦੇ ਮਧਮਾਤੇ, ਝਲਕਦੇ ਅਤੇ ਰੌਂਦ੍ਰ-ਭੁਚਾਲਾਂ ਵਿਚ ਘੁੰਮਦੇ ਮਹਾ ਛਿਣ, ਵਿਚ ਕਦੀ ਵਿਜੈ ਅਤੇ ਕਦੀ ਚੱਖਣ-ਤ੍ਰਿਪਤੀ ਦੇ ਨਸ਼ੇ ਨਵੀਂ ਚੇਤਨਾ, ਨਵੇਂ ਅਰਾਧਨਾਂ ਪੜਾ, ਅਨੰਤ-ਅਤ ਦੇ ਨਵੇਂ ਸੰਘਰਸ਼ਾਂ ਅਤੇ ਆਲਿੰਗਨਾਂ ਨਾਲ ਪ੍ਰਗਟ ਹੁੰਦੇ ਹਨ। ਨਵਿਆਂ ਆਗਾਸਾਂ ਦੇ ਪੱਖ ਲੈ ਕੇ ਭੂਤ-ਭਵਿੱਖ-ਭਵਾਨ ਦੀ ਚਮਕੀਲੀ ਅੱਖ ਨਾਲ ਤੱਕਦੀਆਂ, ਸ੍ਰਿਸ਼ਟੀਆਂ ਦੇ ਦਰਾਂ ਨੂੰ ਭੰਨ ਕੇ ਪ੍ਰਾਣ ਦੇ ਅਨਿਕ ਖੰਡਾਂ ਵਿਚ ਸਿਰਜਣਾ ਦੇ ਨੂਰਾਂ ਦੇ ਨੂਰ ਲੈ ਕੇ ਧਮਕਦੀਆਂ, ਹੋਰ ਹੋਰ ਨਵੀਆਂ ਆਵਾਜ਼ਾਂ ਉਡਦੀਆਂ ਹਨ।
ਸੱਤ-ਚਿੱਤ ਅਨੰਦ ਦੇ ਅੰਗਾਂ ਵਿਚ ਸੁਤੰਤਰ ਚਮਕਾਂ ਮਾਰਦਾ ਸੀ। ਉਸ ਦੇ ਸੂਰਜਾਂ ਸਿਤਾਰਿਆਂ ਦੇ ਤਾਜਾਂ ਨੂੰ ਚੰਘਿਆੜਦੇ ਅੰਨ੍ਹੇ ਸ਼ਹਿਨਸ਼ਾਹੀ ਗੁਮਾਨ ਨੇ ਚਕਨਾਚੂਰ ਕਰ ਕੇ ਹਿੰਸਾ ਦੀ ਇਕ ਖੂਨੀ ਚਮਕ ਮਾਰੀ। ਸੋ, ਇਕ ਛਿਣ ਸੱਤ-ਚਿੱਤ ਦੀ ਸੀਮਾ ਵਿਚ ਬੰਨ੍ਹੇ ਪ੍ਰਾਣ-ਸ੍ਰਿਸ਼ਟੀ ਦੇ ਅਨੰਤਾਂ ਮਹੀਪਾਂ ਦੀ ਪ੍ਰਾਧੀਨਤਾ ਦਾ ਰਾਜ ਫਾਸ਼ ਹੋ ਗਿਆ ਅਤੇ ਗਰਬੀਲੇ ਸੂਰਜਾਂ ਦੇ ਸੂਹੇ ਜਲਾਲ ਜੇਤੂ ਦੇ ਪਰਬਤੀ ਖੁਰਾਂ ਨਾਲ ਕੱਚ ਵਾਂਗ ਤਿੜਕ ਗਏ। ਇੰਦਰ ਦਾ ਬੱਜਰ-ਧਾਤ ਜਨੂੰਨ ਦਾ ਪ੍ਰਚੰਡ ਖੂਨੀ ਬਾਜ ਸੀ ਜਿਸ ਨੇ ਨੜਿਨਵੇਂ ਅਭੀਚ ਨਦੀਆਂ ਦੇ ਵਹਿਣਾਂ ਵਿਚ ਹਿੰਸਾ ਮਚਾਉਂਦੇ ਅਹੀ ਦਾ ਘਾਤ ਕੀਤਾ। ਹਿੰਸਾਤਮਕ ਧਾਰ ਉਤੋਂ ਦੀ ਸੀਨਾ-ਜ਼ਰ ਵਗਦੇ ਸ੍ਰਿਸ਼ਟੀ ਦੇ ਅਲਬੇਲੇ ਵਹਿਣਾਂ ਦਾ ਪੂਰਨ ਸਵੈ ਨਹੀਂ ਪਾਇਆ। ਇੱਥੋਂ ਵਰੁਣ, ਸਾਵਿਤ੍ਰੀ, ਸੂਰਯ, ਸਿੰਧ, ਉਸ਼ਾਵਾਂ ਦੇ ਦਿਸਦੇ ਵੀ ਕਿਉਂ ਨਜ਼ਰ ਆਉਣ? ਕੋਈ ਬਾਣ ਅਣਸਾਧੀਆਂ ਸ਼ਕਤੀਆਂ ਦੇ ਇਨ੍ਹਾਂ ਸ਼ਮਨ-ਅਸਗਾਹਾਂ ਨੂੰ ਸਵੈ ਆਤਮਹੀਣ ਅਤੇ ਪਰ-ਆਤਮ ਜੇਤੂ ਘਮਸਾਨੀ ਜਨੂੰਨ ਦਾ ਵਰਦਾਨ ਦੇਵੇ-ਪਰਮ ਜੇਤੂ ਆਪਣਾ ਜਲੌ ਨਾ ਪਛਾਣੇ, ਪਰ ਜਲੌ ਵਲ ਚੱਲੇ! ਉਦੋਂ ਪੌਰਾਣਿਕ ਕਲਪਨਾ ਦੇ ਸ਼ਿਵਜੀ, ਤਾਂਡਵ ਨਾਚ, ਤ੍ਰਿਸ਼ੂਲ, ਕਲਕੀ ਅਵਤਾਰ, ਸੁਦਰਸ਼ਨ ਚੱਕਰ ਅਤੇ ਗੀਤਾ ਦੇ ਵਿਰਾਟ ਦਰਸ਼ਨ ਜਿਹੇ ਭੀਸ਼ਣ ਦ੍ਰਿਸ਼ ਸ਼ਕਤੀ-ਚਰਨਾਂ ਵਿਚ ਧਮਕਦੀ-ਚਮਕਦੀ ਅਨੰਦ ਕਾਂਗ ਦੇ ਦੇਸ਼ਾਂ ਵਿਚ ਨੱਸਦੀਆਂ ਬਉਰਾਣੀਆਂ ਰੂਹਾਂ ਸਨ। ਜਦ ਹਿੰਸਾਤਮਕ ਸ਼ਕਤੀ ਦਾ ਕਹਿਰ ਟੁੱਟਦਾ ਸੀ, ਤਾਂ ਇਹ ਰੂਹਾਂ ਚਿਹਨ-ਚੱਕਰਾਂ ਦੀਆਂ ਅਨੇਕਾਂ ਜੰਜ਼ੀਰਾਂ ਤੋੜ ਕੇ ਪਰਸ ਚੇਤਨਾ ਦੀ ਕਪਾਟ ਵਿਚ ਲੁਕ-ਛਿਪ ਜਾਂਦੀਆਂ ਸਨ। ਜ਼ਰਾ ਸੋਚੋ, ਫਿਰ ਉਨ੍ਹਾਂ ਨੂੰ ਕੌਣ ਲੱਭਦਾ ਸੀ?
ਠੀਕ! ਉਦੋਂ ਭਾਰਤੀ ਪੌਰਾਣਿਕ ਕਲਪਨਾ ਦੀ ਵਚਿੱਤ੍ਰ ਲੀਲਾ ਨੱਟ-ਖੱਟ ਛੋਕਰੀਆਂ ਵਾਂਗ ਅਨੰਤ ਦੇ ਆਕਾਸ਼ ਗੂੰਜਵੇਂ ਹਾਸੇ ਨਾਲ ਮਾਸੂਮ ਚੰਚਲ ਸ਼ੋਖਾਂ ਕਰ ਰਹੀ ਸੀ ਅਤੇ ਪੰਜ ਪਾਣੀਆਂ ਦੀਆਂ ਜੂਹਾਂ ਵਿਚ ਹਿੰਸਾ ਦੀ ਅਗਨ ਲਾਸ਼ਾਂ ਪਾਉਂਦੇ ਪ੍ਰਾਣ-ਸ਼ਕਤੀ ਦੇ ਸੀਂਹ ਅਨੰਤ ਦੇ ਪਰਬਤਾਂ ਵੱਲ ਛੁੱਟਦੇ ਸਨ। ਇਹ ਅੰਤਮ-ਅਸੀਮ ਸ਼ਕਤੀ ਨੂੰ ਛੂੰਹਦੀਆਂ ਫਿਰਦੀਆਂ ਪੈਗੰਬਰੀ ਆਵਾਜ਼ਾਂ ਦੇ ਛਿਣ, ਇਹ ਸਾਰ ਦੇ ਅਜਿਤ ਪੰਖਾਂ ਨਾਲ ਮੌਤ ਦੇ ਬੰਧਨ ਤੋੜ ਕੇ ਪ੍ਰਥਮ ਸੱਚ ਦੀ ਕੂਟ ਵੱਲ ਉਡਦੇ ਸਿਦਕ ਦੇ ਬਾਜੂ, ਇਹ ਪਰਬਤਾਂ ਦਾ ਸੀਸ ਭੰਨਦੇ ਇੰਦ੍ਰ ਦੇ ਗਰਜਦੇ ਹਥੌੜੇ, ਇਹ ਵਣਾਂ ਨੂੰ ਧੁਸ ਮਾਰਦੇ ਮਰੁਤ, ਇਹ ਸੂਰਜਾਂ ਵੱਲ ਉਡਦੀਆਂ ਅਗਨੀਆਂ ਕਿਤੇ ‘ਅਕਾਲ ਉਸਤਤਿ’ ਦੇ ਮਹਾ ਕਵੀ ਦੇ ਅਰੂਪ ਬਾਣ ਨੂੰ ਨਮਸਕਾਰ ਤਾਂ ਨਹੀਂ ਕਰ ਰਹੇ ਸਨ? ਇਹ ਕੋਈ ਰੋਮਾਂਸ ਨਹੀਂ ਕਿ ਪਰਮ ਚੇਤਨਾ ਨੇ ਕਿਸੇ ਛਿਣ ਸਰਬ ਚਿਹਨ-ਚੱਕਰ ਦੀ ਪਾਤਸ਼ਾਹੀ ਦੀ ਸ਼ਕਤੀ ਦੀ ਇਕ ਨੋਕ ‘ਤੇ ਚਮਕਾ ਦਿੱਤੀ ਸੀ ਅਤੇ ਜਦ ਮੁੜ ਚਿਹਨ-ਚੱਕਰਾਂ ਦਾ ਭੂਚਾਲ ਆਇਆ ਤਾਂ ਅਗਨੀਆਂ ਦੇ ਹੜ੍ਹ ਪੰਜਾਂ ਪਾਣੀਆਂ ਵੱਲ ਵੀ ਉਡ ਆਏ। ਅਨੇਕ ਸ੍ਰਿਸ਼ਟੀਆਂ ਦੇ ਪ੍ਰਾਣ-ਜਲਵੇ ਪੰਜ ਭੂਤੀ ਮਨੁੱਖੀ ਸਰੀਰ ਵਿਚ ਸਦੀਆਂ ਜਲਦੇ ਰਹੇ-ਇਸੇ ਲਈ ਸੂਫੀ ਫਕੀਰ ਸਿਪਾਹੀਆਂ ਦੀਆਂ ਕੂਕਾਂ ਇਹ ਲੰਮੀਆਂ ਜੂਹਾਂ ਦੇ ਦੇਸ ਵਿਚ ਯੁੱਗਾਂ ਤੱਕ ਉਠਦੀਆਂ ਰਹੀਆਂ। ਪੰਜ ਪਾਣੀਆਂ ਦੇ ਰਿਸ਼ੀ ਦਾ ਲਿਲਾਟ ਸੂਰਜ ਹਿੰਸਾ ਦੀਆਂ ਚਮਕਾਂ ਜੜ੍ਹ-ਪ੍ਰਕ੍ਰਿਤੀ ਤੇ ਮਾਰਦਾ ਸੀ, ਤਾਂ ਭੂਤ-ਭਵਿੱਖ-ਭਵਾਨ ਵਿਚ ਪੈਗੰਬਰਾਂ ਦੀਆਂ ਆਵਾਜ਼ਾਂ ਚਸ਼ਮਿਆਂ ਵਾਂਗ ਫੁਟ ਪੈਂਦੀਆਂ ਸਨ।
ਪੈਗੰਬਰੀ ਆਵਾਜ਼ਾਂ। ਚੇਤਨ ਤੇ ਅਮੁਕ ਪੈਂਡਿਆਂ ਦੀ ਅਮਰ ਰਵਾਨੀ ਦੇ ਨਾਲੋ-ਨਾਲ ਮੰਜ਼ਿਲਾਂ ਦਾ ਅਸਗਾਹ ਚੱਲ ਰਿਹਾ ਹੈ। ਅਮਰ ਰਵਾਨੀ ਭੂਤ-ਭਵਿੱਖ ਦੇ ਦਿਸਹੱਦਿਆਂ ਨੂੰ ਚਮਕਾਉਂਦੀ ਵੀ ਹੈ ਅਤੇ ਉਨ੍ਹਾਂ ਦੇ ਨੂਰ ਵਿਚ ਨੂਰ ਵੀ ਹੈ। ਜਦ ਅਮਰ ਰਵਾਨੀ ਨੂੰ ਮੰਜ਼ਿਲ ਦੇ ਅਸਗਾਹ ਹੋਣ ਦਾ ਆਵੇਸ਼ ਹੁੰਦਾ ਹੈ ਤਾਂ ਭੂਤ-ਭਵਿੱਖ-ਭਵਾਨ ਪੈਗੰਬਰੀ ਆਵਾਜ਼ਾਂ ਦਾ ਸੰਗੀਤ ਹੋ ਜਾਂਦੇ ਹਨ। ਰਿਸ਼ੀਆਂ ਦਾ ਫਰਮਾਨ ਹੈ, “ਸੋਮ ਦੇ ਵਰਦਾਨ ਨਾਲ ਚੱਲ ਪਾਣੀਆਂ ਵਿਚ ਅਚੱਲ ਸੂਰਜ ਚਮਕਦੇ ਹਨ। ਦੇਖੋ! ਸਾਗਰਾਂ ਵੱਲ ਪਾਣੀਆਂ ਦੇ ਵਹਿਣ ਇਉਂ ਚੱਲੇ ਹਨ, ਜਿਉਂ ਪੰਛੀ ਆਹਲਣਿਆਂ ਨੂੰ।” ਕਿਤੇ ਵਗਦੇ ਪਾਣੀ ਆਵੇਸ਼-ਕੂਟਾਂ ਵੱਲ ਤਾਂ ਨਹੀਂ ਉੱਡ ਚੱਲੇ? ਕਿਤੇ ਰਵਾਨੀ, ਮੰਜ਼ਿਲ, ਪਾਂਧੀ ਅਤੇ ਪਾਂਧੀ ਦੇ ਅਨੰਦ ਨੂੰ ਇਕੋ ਜਲਵੇ ਨੇ ਛੂਹ ਕੇ ਜਲਵਾ ਤਾਂ ਨਹੀਂ ਕਰ ਲਇਆ? ਮਹਾ ਚੇਤਨ ‘ਚੋਂ ਕਿਸ ਨੂਰੀ ਰਮਜ਼ ਦਾ ਕਟਕ ਚਲ-ਚੇਤਨ ਦੀ ਸੀਮਾ ਉਤੇ ਟੁੱਟਿਆ ਹੈ? ਯਾਰੋ! ਚਾਨਣ ਦੇ ਥਰਥਰਾਉਂਦੇ ਅੰਬਰੀ ਆਸਨਾਂ ਤੋਂ ਵਗਦੇ ਪਾਣੀਆਂ (ਚਲ-ਚੇਤਨ) ਦਾ ਵਿਸਮਾਦ-ਮੂਰਛਿਤ ਕਪਾਟ ਖੁੱਲ੍ਹਿਆ ਹੈ, “ਉਹ ਸਾਗਰ ਦਲ, ਨਹੀਂ ਨਹੀਂ, ਉਹ ਤਾਂ ਸੂਰਜ ਹਨ।”
ਨਿਰ-ਪੂਰਨ ਚੇਤਨਾ ਦੇ ਅਨੇਕਾਂ ਛਿਦ੍ਰ ਆਪਣੀ ਅਲਪ ਹੋਂਦ ਦੀ ‘ਅਣਹੋਂਦ’ ਵੱਲ ਦ੍ਰਵਦਿਆਂ ਚੇਤਨਾ ਦਾ ਕੋਈ ਵੱਡਾ ਚਾਨਣ ਹੋ ਜਾਂਦੇ ਹਨ ਅਤੇ ਬਿਜਲੀ ਵਾਂਗ ਚਮਕਾਰ ਪਾ ਕੇ ਪੂਰਨ ਆਵੇਸ਼ ਨੂੰ ਆਪਣੀ ਅਲਪ ਹੋਂਦ ਵਿਚ ਖਿੱਚ ਲੈਂਦੇ ਹਨ। ਇਹ ਛਿਦ੍ਰ ਆਪਣੀ ਚੀਮਾ ਨਾਲ ਐਨੀ ਵਾਰ ਟਕਰਾਉਂਦੇ ਹਨ, ਕਿ ਸੂਖਮ ਦੀ ਤਰਬ ਦੇ ਸੰਗੀਤ ਨੂੰ ਅਚਾਨਕ ਛੋਹ ਲੈਂਦੇ ਹਨ, ਜਿਹੜਾ ਸਦਾ ਤੋਂ ਉਨ੍ਹਾਂ ਦੇ ਸਾਹਮਣੇ ਖਲੋਤਾ ਉਨ੍ਹਾਂ ਦਾ ਹੋ ਰਿਹਾ ਹੈ ਪਰ ਸੁਣਦੇ ਹਾਂ, ਬ੍ਰਹਮ ਦਾ ਇਹ ਅਸਗਾਹ ਚਾਨਣ ਅਲਪ ਚੇਤਨ ਦਿਆਂ ਛਿਦ੍ਰਾਂ ਦੀ ਸੂਲੀ ਉਤੇ ਮੁਸਕਰਾਉਂਦਾ ਹੈ। ਅਲਪ ਚੇਤਨ ਦੀ ਹਿੰਸਾ ਦੀ ਜੈ ਜੈ ਕਾਰ ਹੀ ਹੋ ਰਹੀ ਹੁੰਦੀ ਹੈ ਕਿ ਬ੍ਰਹਮ ਮੁਸਕਾਣ ਅਹਿੰਸਾ ਦਾ ਪ੍ਰਕਾਸ਼ ਚਾੜ੍ਹ ਦਿੰਦੀ ਹੈ। ਦੂਜੇ ਸ਼ਬਦਾਂ ਵਿਚ, ਪਰਮ ਹਿੰਸਾ ਦੀ ਅਲਪਤਾ ਨੂੰ ਕਿਸੇ ਅ-ਛਿਣ ਆਪਣੇ ਨੂਰ ਨਾਲ ਛੋਹਣ ਦੀ ਹੋਂਦ ਬਖ਼ਸ਼ਦੀ ਹੈ, ਜਾਂ ਕਹੋ ਅਨੰਤ ਅੰਤ ਤੇ ਵਿਚਕਾਰ ਕੋਈ ਅ-ਛਿਣ ਆਪਣੀ ਸੀਮਾ ਖਿੱਚਦਾ ਹੈ। ਅਸਾਂ ਬਹੁੰ ਵਾਰ ਰਿਗ-ਬਾਣੀ ‘ਚੋਂ ਇਉਂ ਸੁਣਿਆ। ਸੂਰਜ ਊਸ਼ਾ ਦੀ ਚਮਕਾਰ ਪਈ ਤਾਂ ਵਰੁਣ ਮਿਤ੍ਰ ਲੋਹ-ਥੰਮਾਂ ਵਾਲੇ ਸਵਰਨ ਘਰ ਨੂੰ ਚੱਲੇ ਅਤੇ ਅਨੰਤ-ਅੰਤ ਦੀ ਲੀਲ੍ਹਾ ਵੇਖਣ ਲੱਗੇ ।
ਚਾਨਣ ਹੋ ਸ੍ਰਿਸ਼ਟੀ ਦੇ ਗਗਨੀ
ਹੌਂਕੀ ਗਰਜੀ, ਮਾਤੀ ਅਗਨੀ॥ (ਮੰਡਲ ਪਹਿਲਾ)
(ਅਗਨੀ ਸ਼ਾਂਤੀ ਅਤੇ ਚੇਤਨਾ ਦਾ ਵਰਦਾਨ ਸੀ ਪਰ ਵਰਦਾਨ ਦੀ ਕਲਿਆਣ-ਸ਼ਕਤੀ ਆਪਣੇ ਅਭਿਸ਼ਾਪ ਦੀ ਹਿੰਸਾ ਦਾ ਹੀ ਰੂਪ ਧਾਰ ਗਈ, ਪਰ ਵਰਦਾਨ ਫਿਰ ਵੀ ਵਰਦਾਨ ਹੀ ਰਿਹਾ।)
ਰਿਸ਼ੀ ਦਾ ਇਲਹਾਮ ਹੈ ਕਿ ਦਰਿਆਵਾਂ ਦੇ ਕਿਨਾਰਿਆਂ ਨੂੰ ਤੋੜਦੇ, ਵਣਾਂ ਨੂੰ ਚੀਖ ਕੇ ਭੰਨ੍ਹਦੇ, ਅਗਨੀਆਂ, ਸੂਰਜਾਂ, ਪਾਣੀਆਂ ਅਤੇ ਅਸ਼ਵਿਨਾਂ ਦੇ ਜਨੂੰਨ ਕਿਸੇ ਸ਼ਮਨ-ਅਸਗਾਹ ਵਿਚ ਸਮਾਉਣਗੇ। ਸ਼ਕਤੀ ਦੀ ਤੀਬਰ ਲਾਲਸਾ ਦੇ ਸ਼ਰਾਬੀ ਪਹੀਆਂ ਹੇਠ ਕਿਸ ਨਿਰਮਲ ਸ਼ਾਂਤ ਅਗਨ ਦਾ ਜਾਪ ਹੋ ਰਿਹਾ ਹੈ? ਸੋਮ ਦਾ ਸੂਖਮ ਧਿਆਨ ਨੰਨ੍ਹੀ ਕਲੀ ਤੋਂ ਵੱਡ ਸੂਰਜਾਂ ਤੱਕ ਛਾਇਆ ਹੋਇਆ ਹੈ। ਬ੍ਰਹਿਮੰਡਾਂ ਦੇ ਬ੍ਰਹਿਮੰਡ ਰਵਾਨ ਹਨ, ਪਰ ਕੋਈ ਮਹਾ ਧਿਆਨੀ ਨਜ਼ਰ ਸੁਪਨਿਆਂ, ਨਸ਼ੀਲੀਆਂ ਤਰਬਾਂ, ਡੂੰਘੀਆਂ ਨੀਂਦਰਾਂ-ਗੱਲ ਕੀ, ਸ਼ਾਂਤ ਤੋਂ ਦੇਸ਼ਾਂ ਵਿਚ ਉਤਰਦੀ ਉਤਰਦੀ ਉਤਰ ਰਹੀ ਹੈ। ਰਿਸ਼ੀ ਦਾ ਬਚਨ ਹੈ ਕਿ ਬੂਟੀਆਂ, ਪਾਣੀਆਂ ਕਿਰਨਾਂ ਅਤੇ ਹਿਰਦਿਆਂ ਵਿਚ ਸੋਮ ਹੈ ਅਤੇ ਸੋਮ ਦੀ ਚਮਕਾਰ ਸ੍ਰਿਸ਼ਟੀਆਂ ਦੀ ਸਿਰਜਣਹਾਰ ਹੈ (1-91)। ਠੀਕ। ਅਗਨ-ਤੀਰ-ਤਰੰਗਾਂ ਦੇ ਭੋਜਲ ਵਿਚ ਕਿਸੇ ਅਸਗਾਹ ਦਾ ਵਡ-ਰੰਗ ਨਿਰਾਲਮ, ਅਡੋਲ ਅਤੇ ਅਭੰਗ ਸਰੂਪ ਹੈ। ਛਿਣਾਂ, ਤਰਬਾਂ, ਚਮਕਾਂ ਅਤੇ ਰੰਗਾਂ ਵਿਚ ਚੇਤਨਾ ਦਾ ਜ਼ੋਰ ਅਵਤਾਰ ਧਾਰਦਾ ਚਲਿਆ ਜਾਂਦਾ ਹੈ। ਸੋ, ਜਨੂੰਨ ਦੇ ਆਲਮ ਵਿਚ ਕੋਈ ਨਿਰਾਲਮ ਰੂਮਕ ਹੈ ਜੋ ਸ੍ਰਿਸ਼ਟੀਆਂ ਦਾ ਸ਼ਮਨ-ਅਸਗਾਹ ਹੈ। ਸਿਰਜਣਾ ਦੀ ਕਰਮ ਗਤੀ ਇਸ ਵਿਚ ਸਮਾਉਂਦੀ ਚਲੀ ਜਾਂਦੀ ਹੈ। ਮੁਕਤੀ ਅਤੇ ਨਿਰ-ਮੁਕਤੀ ਦੇ ਛਿਣ-ਸੰਗਮਾਂ ਉਤੇ ਜਨੂੰਨ ਦੀ ਚਮਕਾਰ ਪੈਂਦੀ ਹੈ ਅਤੇ ਸਿਰਜਣਾ ਦੇ ਸੰਸਾਰਾਂ ਵਿਚ ਜੈ ਜੈ ਕਾਰ ਹੁੰਦੀ ਹੈ।
ਜਦੋਂ ਨਿਰ-ਹੋਂਦ ਗੋਚਰ ਚੇਤਨ ਵਿਚ ਦ੍ਰਿਸ਼ਟਮਾਨ ਸੀ ਤਾਂ ਹੋਂਦ ਅਗੋਚਰ ਚੇਤਨ ਨਾਲ ਅਭੇਦ ਸੀ। ਜਦੋਂ ਨਿਰ-ਹੋਂਦ ਦ੍ਰਿਸ਼ਮਾਨ ਗਤੀ ਹੋ ਕੇ ਗੋਚਰ ਹੋਂਦ ਹੋ ਰਹੀ ਸੀ, ਤਾਂ ਅਗੋਚਰ ਹੋਂਦ (ਜਾਂ ਚੇਤਨ) ਵਿਚ ਗੋਚਰ ਹੋਂਦ ਦੀ ਅਭੇਦ-ਗਤੀ ਅਦ੍ਰਿਸ਼ਟ ਸੀ, ਪਰ ਅਮਰ ਸੀ! ਸੋ, ਅਮਰ ਦ੍ਰਿਸ਼ਟਤਾ ਦੇ ਛਿਣ (ਜਾਂ ਅ-ਛਿਣ) ਵਿਚ ਸਰਬ ਵਿਆਪਕ ਹੈ ਜਿਸ ਦੀ ਅਮਰ ਸ਼ਾਂਤੀ ਰਿਗਵੇਦ ਦੇ ਰਿਸ਼ੀ ਨੂੰ ਅਨਿਕ ਰੂਪਾਂ ਵਿਚ ਸੰਗੀਤਵਾਨ ਜਾਪੀ। ਸੋ, ਸਰਬ ਵਿਆਪਕ ਦੀਆਂ ਗੂੰਜਾਂ ਦੇ ਸ਼ਬਦ-ਪ੍ਰਤੀਕ (ਵਰੁਣ, ਇੰਦ੍ਰ, ਅਗਨੀ ਆਦਿ) ਮੁਕਤ ਗਿਆਨ ਦੀ ਤਰਬ ਵਿਚ ਵਾਰੋ-ਵਾਰੀ ਸਰਬ ਵਿਆਪਕ ਹੋਏ। ਕਦੇ ਇੰਦ੍ਰ ਅਗੋਚਰ ਚੇਤਨਾ ਦੇ ਦੇਸ ਵਿਚ ਉੱਗ ਕੇ ਨੂਰੋ-ਨੂਰ ਹੋਇਆ, ਕਦੇ ਮਰੁਤ-ਓਮ-ਧੁਨ ਵਿਚ ਸਮਾਏ ਅਤੇ ਕਦੇ ਓਮ, ਸੋਮ ਅਤੇ ਇੰਦ੍ਰ-ਗਰਜ ਪ੍ਰਕਿਰਤੀ ਦੇ ਚਿਹਨ-ਚੱਕਰਾਂ ਵਿਚ ਕਰੂੰਬਲਾਂ ਹੋਏ। ਸ਼ਕਤੀ ਦੇ ਭੂਚਾਲਾਂ ਵਿਚ ਅਭੇਦ ਹੋਇਆ ਇਹ ਨਿਰਲੇਪ ਕੰਵਲ! ਇਹ ਕਰਮ ਵਿਮੁਕਤ ਸ਼ਮਨ-ਅਸਗਾਹ! ਇਹ ਪਰਮ ਵਿਜੈ ਦੀ ਅਰੂਪ ਸ਼ੈਲ-ਸ੍ਰਿੰਗ! ਇਹ ਅਨੰਤ ਸੋਮ-ਅਨੰਦ ‘ਜਾਪੁ ਸਾਹਿਬ’ ਦੇ ਅਕਾਲ ਦੀ ਹੀ ‘ਨਮੋ ਨਮੋ’ ਹਨ।æææਸੰਗੀਤਵਾਨ ਬ੍ਰਹਮ ਤੋਂ ਹੇਠ ਮੂਕ ਅਨੰਤਤਾ ਦਾ ਅਮਰ ਆਵੇਸ਼ ਹੈ ਜਿਸ ਦੀ ਅਨਿਕ ਖੰਡਾਂ ਵਿਚ ਸ੍ਰਿਸ਼ਟੀ ਦੀ ਕਰਮ-ਲੀਲ੍ਹਾ ਹੋ ਰਹੀ ਹੈ। ਰਿਸ਼ੀ ਕਹਿੰਦੇ ਹਨ, “ਹੇ ਅਗਨੀ! ਤੇਰਾ ਇਕ ਪਹੀਆ, ਅਮਰ ਪਰਬਤਾਂ ਉਤੇ ਗਤੀਸ਼ੀਲ ਹੈ, ਦੂਜਾ ਅਸਮਾਨਾਂ ਵਿਚ ਘੁੰਮਦਾ ਘੁਮਾਂਦਾ ਲਿਸ਼ਕਾਂ ਮਾਰਦਾ ਹੈ (1-30) ਅਮਰ ਪਰਬਤ ਸ਼ਮਨ-ਅਸਗਾਹ ਦਾ ਇਕ ਨਿਮਾਣਾ ਜਿਹਾ ਦ੍ਰਿਸ਼ਟਾਂਤ ਹੈ। ਸ਼ਮਨ-ਅਸਗਾਹ ਦੀ ਨਿਰਲੇਪ ਅਗੋਚਰਤਾ ਵਿਚ ਗੋਚਰ ਹੋਂਦ ਦੇ ਸਜਦੇ ਹੋ ਰਹੇ ਹਨ, ਜਦੋਂਕਿ ਉਸ ਦੀ ਅਨਿਕ ਮੂੰਹੀਂ ਗਤੀ ਨਾਲ ਵਿੱਥ ਕਾਲ ਅਤੇ ਸਥਾਨ ਦੇ ਸਾਖੇਪ ਵਿਚ ਸਜੀ ਸ੍ਰਿਸ਼ਟੀ ਦਾ ਨਿਰੰਤਰ ਨਿਰਮਾਣ ਹੋ ਰਿਹਾ ਹੈ, ਏਕ ਅਨੇਕ ਸ਼ਮਨ-ਅਸਗਾਹ ਦੀਆਂ ਅਨੇਕ ਤਰਬ ਉਂਗਲਾਂ ਅਨਿਕ ਮੂੰਹੀਂ ਗਤੀ ‘ਚੋਂ ਜਨਮਦੀ ਸਿਰਜਣਾ ਦੇ ਭਖਵੇਂ ਰੂਪਾਂ ਉਤੇ ਥਿਰਕ ਰਹੀਆਂ ਹਨ, ਸੀਮਾ ਦੇਸ ਵਿਚ ਅਮਰ ਦਾ ਵਰਦਾਨ ਅਮਰ ਹੈ। ਰਿਸ਼ੀਆਂ ਨੇ ਆਖਿਆ ਹੈ-ਸਭ ਸੰਸਾਰੀ ਅਤੇ ਦੈਵੀ ਜਨਮਾਂ ਵਿਚ ਅਗਨ ਗਿਆਨ ਪ੍ਰਕਾਸ਼ਦੀ ਲੰਮੇ ਸਫਰਾਂ ਉਤੇ ਪੈਂਦੀ ਹੈ। ਇਥੋਂ ਗਿਆਨ ਸੁੱਤੇ-ਜਾਗੇ ਕਰਮ ਵਿਮੁਕਤ ਬ੍ਰਹਮ ਜਾਂ ਸ਼ਮਨ-ਅਸਗਾਹ, ਅਮਰ, ਮਹਾ ਚੇਤਨ, ਸਰਬ ਵਿਆਪਕ ਆਦਿæææਦੀ ਅਗ੍ਰਦੂਤ ਹੈ।
ਅਗੋਚਰ ਬ੍ਰਹਮ ਦੀ ਆਵੇਸ਼-ਨਿਰਲੇਪਤਾ ਵਿਚੋਂ ਸ੍ਰਿਸ਼ਟੀ ਦਾ ਅਵਤਾਰ ਹੋਇਆ। ਆਵੇਸ਼ ਪਰਮ ਅਨੰਦ ਦਾ ਇਕ ਚੋਜ ਹੈ ਅਤੇ ਚੋਜ ਦੀਆਂ ਚੇਤਨਾ-ਸੀਮਾਵਾਂ ਸ੍ਰਿਸ਼ਟੀ ਖੇਡ ਰਹੀ ਹੈ, ਭਾਵੇਂ ਇਹ ਖੇਡ ਮੁੜ ਉਸ ਨੂੰ ਸਿਰਜਣਹਾਰ ਦੇ ਦਰ ‘ਤੇ ਲੈ ਜਾਂਦੀ ਹੈ। ਰਿਸ਼ੀ ਨੂੰ ਇਕ ਥਾਂ ਵਿਸ਼ਨੂੰ ਦੇ ਸ਼ਕਤੀ ਚਰਨ ਨੂੰ ਛੋਹ ਕੇ ਸ੍ਰਿਸ਼ਟੀ ਰੂਪ ਦਾ ਅਹਿਸਾਸ ਹੋਇਆ,
ਤਿੰਨ ਵਾਰ ਸੰਸਾਰਾਂ ਉਤੇ
ਵਿਸ਼ਨੂੰ ਪੈਰ ਟਿਕਾਇਆ,
ਖਾਕਾਂ ਚਰਨ ਤੇਜ ਨੂੰ ਛੂਹ ਕੇ
ਮਹਾ ਵਿਸ਼ਵ ਚਮਕਾਇਆ। (1-22)
ਸ੍ਰੀ ਕਰਮ ਵਿਮੁਕਤ ਜੀ ਕਰਮ ਦੀ ਕਲਪਨਾ ਵਿਚ ਆਏ ਹਨ ਅਤੇ ਉਨ੍ਹਾਂ ਵਿਸ਼ਨੂੰ ਦੇ ਸ਼ਕਤੀ ਚਰਨ ਦੀ ਸ਼ੀਮ ਪਰਵਾਨ ਕਰ ਲਈ ਹੈ। ਉਨ੍ਹਾਂ ਦਾ ਮਹਾ ਹੁਕਮ ਸ਼ੂਨਯ ਅਛਿਣ ਵਿਚ ਚੁਭਿਆ, ਤਾਂ ਅਨੇਕ ਛਿਣਾਂ ਦਾ ਨੂਰ ਤਰੰਗਤ ਹੋਇਆ। ਇਹ ਛਿਣ ਪਰਮਾਣੂਆਂ ਦੇ ਪਰਮਾਣੂ ਸਨ। ਸ਼ਾਇਦ ਸ੍ਰੀ ਅਨੰਤ ਦਾ ਰੂਪ ਖਾਕ ਦੇ ਜੱਰਿਆਂ ਦੇ ਬੰਧਨ ਵਿਚ ਬੈਠ ਕੇ ਅਜਿਹੀ ਨਿਰਲੇਪ ਅਰੰਗਤਾ ਧਾਰਨ ਕਰ ਗਿਆ ਜਿਸ ਦੀ ਕਲਪਨਾ ਇਸ ਸ੍ਰਿਸ਼ਟੀ ਦੇ ਪੈਗੰਬਰ ਵੀ ਨਹੀਂ ਕਰ ਸਕਦੇ। ਇਸ ਅੰਤ ਅਨੰਤ ਦੇ ਕ੍ਰਿਸ਼ਮੇ ਨੂੰ ਸ੍ਰਿਸ਼ਟੀ ਦਾ ਸਰਬ ਰਹੱਸ ਵੀ ਸੰਗੀਤਵਾਨ ਨਹੀਂ ਕਰ ਸਕਦਾ, ਬੇਸ਼ਕ ਰਿਸ਼ੀ ਇਕ ਅਕੱਥ ਦੇਸ਼ ਦੀ ਰਮਜ਼ ਵੀ ਬਣੇ,
ਹੇ ਸਾਵਿਤ੍ਰੀ!
ਸੂਰਜ!æææਤੁਸੀਂ ਕਿਥੇ?
ਅੰਤ-ਅਨੰਤ ਨੇ ਜਲਵੇ,
ਹਾਂ!æææਤੁਸੀਂ ਜਿੱਥੇ?
ਬੇਸ਼ਕ ਚੇਤਨ ਸੀਮਾਵਾਂ ਵਿਚ ਰਾਜ ਰਚਾ ਰਿਹਾ ਵਿਸ਼ਵ ਇਕ ਦਿਨ ਬਿਨਸ ਜਾਵੇਗਾ ਅਤੇ ਬਿਨਸ ਜਾਣ ਦੇ ਬੰਧਨ ਵਿਚ ਹੋਣ ਕਰ ਕੇ ਕਾਲ ਅਕਾਲ ਨਹੀਂ ਹੋਵੇਗਾ, ਫਿਰ ਵੀ ਅਮਰ ਦਾ ਅਨੂਪ ਪ੍ਰਕਾਸ਼ ਜਨਮ ਚੱਕਰਾਂ ਦੇ ਸੀਮਾ ਪ੍ਰਾਂਤ ਵਿਚ ਗੁਪਤ ਵਾਸ ਕਰੇਗਾ। ਅਭਿਸ਼ਾਪ ਕਿੱਥੇ? ਵਰਦਾਨ ਤਾਂ ਨਾਲ ਹੈ!! ਵਣ-ਤ੍ਰਿਣ ਦਾ ਵੈਰਾਗ, ਸੰਗੀਤ ਆਵੇਸ਼, ਰਸਾਂ ਕਸਾਂ ਦਾ ਰਸੀਲਾ ਨਸ਼ਾ, ਪੂਰਨ ਸਿੰਘ ਦੀਆਂ ਅਣਬੋਲੀਆਂ ਕੂਕਾਂ, ਮੰਨਿਆ ਸਦਾ ਨਹੀਂ ਰਹਿਣੀਆਂ, ਪਰ ਅਗੋਚਰ ਦੀ ਬਖ਼ਸ਼ਿਸ਼ ਦਾ ਬੰਨ੍ਹਿਆ, ਬਹੁ ਰੂਪਾਂ ਵਿਚ ਵਿਚਰਦਾ, ਮੌਤ ਭੈਅ ਜਦ ਅਲਬੇਲਿਆਂ ਦੇ ਨਾਜ਼ ਤੋੜ ਘੱਤਣ, ਤਾਂ ਸਾਡੇ ਸਦੀਵੀ ਸ਼ਹਿਨਸ਼ਾਹ ਨੂੰ ਵੀ ਸੂਫੀਆਨਾ ਰੰਗ ਚੜ੍ਹਦਾ ਹੈ। ਮੌਤ-ਭੈਅ ਨੂੰ ਸ਼ਮਨ ਅਸਗਾਹ ਦੇ ਅਚੇਤ ਅਚਾਨਕ ਆਲਿੰਗਨ ਦੇ ਵਿਸਮਾਦ ਪਲ ਪਲ ਤੋੜਦੇ ਹਨ। ਇਹ ਵਿਸਮਾਦ ਇਸ ਬਿਨਸਨਹਾਰ ਸੰਸਾਰ ਦੀ ਅਕਾਲ ਚੇਤਨਾ ਹੈ, ਇਸ ਦੇ ਜੀਵਨ ਪਰਵਾਸ ਦਾ ਅਸਗਾਹ ਹੈ, ਇਸ ਦੀ ਅਮਰਤਾ ਹੈ। ਰਿਸ਼ੀ ਦੇ ਮਨ ਵਿਚ ਊਸ਼ਾ ਦੇ ਰੰਗ ਵਿਚ ਵਿਸਮਾਦ ਪ੍ਰਗਟ ਹੁੰਦਾ ਹੈ,
ਦੈਵੀ ਖੰਡ ਦੀ ਪੁਤਰੀ ਊਸ਼ਾ
ਸਹਿਜ ਅਨੰਦ ਵੇਦ ਵਿਚ ਗਮਕੇ,
ਚਮਕਾਂ ਮਾਰੇ ਯੁਗ ਯੁਗ ਅੰਦਰ
ਮਹਾ ਸਦੀਵੀ ਰੰਗ ਵਿਚ ਚਮਕੇ।
ਆਵਣ ਵਾਲੇ ਯੁਗ ਦੀਆਂ ਰਿਸ਼ਮਾਂ,
ਲੰਘਿਆਂ ਯੁਗਾਂ ਦੀਆਂ ਪ੍ਰਭਾਤਾਂ,
ਇਸ ਸੁੰਦਰੀ ਦੇ ਉਚ ਮੰਦਰ
ਸਰਵ ਸੁੰਦਰਤਾ ਰਮਕੇ। (1-124)
ਪੰਜਾਂ ਪਾਣੀਆਂ ਦੀ ਮਿੱਟੀ ਨੂੰ ਲੱਖ ਸੂਰਜਾਂ ਦੀ ਖੁਮਾਰੀ ਚੜ੍ਹੀ ਹੋਈ ਹੈ। ਪੰਜ ਭੂਤਕ ਸਰੀਰ ਦੇ ਇੰਦ੍ਰਿਆਵੀ ਸਪਰਸ਼ ਪ੍ਰਕ੍ਰਿਤੀ ਦੀਆਂ ਕੁਆਰ ਕੰਜਕਾਂ ਨੱਸ ਨੱਸ ਛੂੰਹਦੇ ਹਨ। ਰਿਸ਼ੀਆਂ ਦੇ ਕੰਠ ਵਿਚ ਮਿੱਟੀ ਦੇ ਸਵਾਦ ਡਿੱਗ ਡਿੱਗ ਮਦਹੋਸ਼ ਹੁੰਦੇ ਹਨ। ਨਾੜੀ ਨਾੜੀ ਵਿਚ ਗੁਆਚੀਆਂ ਹੋਸ਼ਾਂ ਦਾ ਤੰਦ੍ਰਾਲਸ ਧੁਪਾਂ ਸੇਕ ਰਿਹਾ ਹੈ। ਦੇਖੋ! ਮਾਸ ਦੀ ਸੁਗੰਧ ਹਨੇਰੀਆਂ ਵਾਂਗ ਹੁਲੀ ਅਤੇ ਅਨੰਤ ਦੇ ਫੁਲ ਦੀ ਸ਼ੋਖ ਜਵਾਨੀ ਬਣ ਗਈ। ਮਾਸ-ਸਪਰਸ਼ ਦੀ ਅਗਨ ਐਨੀ ਮੂੰਹ ਜ਼ੋਰ ਸੀ ਕਿ ਪੰਜਾਬੀ ਰਿਸ਼ੀ ਅਨੰਤ ਦੀ ਕਥਾ ਲਿਖਦਿਆਂ ਵੀ ਕਾਮੀ ਸਾਹਨਾਂ, ਦੁਧੈਲੀਆਂ ਗਾਵਾਂ, ਬਾਗੀ ਘੋੜਿਆਂ ਅਤੇ ਸਲੂਣੇ ਮਾਸ-ਸੁਆਦਾਂ ਦੇ ਜ਼ਿਕਰ ਤੋਂ ਬਾਜ ਨਾ ਆਏ। ਬੰਗਾਲ ਦੇ ਸ੍ਰੀ ਅਰਵਿੰਦੂ ‘ਆਨ ਦਿ ਵੇਦ’ ਵਿਚ ਪਦਾਰਥਕ ਲਾਲਸਾਵਾਂ ਨੂੰ ਦੈਵੀ ਚੇਤਨਾ ਦੇ ਪ੍ਰਤੀਕ ਸਿੱਧ ਕਰਦੇ ਰਹੇ, ਜਦੋਂ ਕਿ ਰਾਧਾ ਕ੍ਰਿਸ਼ਨਨ ‘ਦਿ ਇੰਡੀਅਨ ਫਿਲਾਸਫੀ’ ਵਿਚ ਰਿਗ ਦੇ ਸੋਮ-ਮੰਡਲ (ਨੌਵਾਂ ਮੰਡਲ) ਦੇ ਹੋਂਦ-ਨਿਰਹੋਂਦ ਦੇ ਸੰਗਮਾਂ ਉਤੇ ਹੁੰਦੇ ਅਸਗਾਹ, ਅਨੰਦ ਨੂੰ ਖਾਕੀ, ਪਿਆਲੇ ਦਾ ਚਮਤਕਾਰ ਦੱਸਦੇ ਰਹੇ। ਪਰæææਆਓ! ਅਸੀਂ ਰਿਸ਼ੀ ਦੇ ਇਸ ਚੁਹਲ ਤੋਂ ਬਲਿਹਾਰ ਹੋਈਏ ਜਿਸ ਅਨੁਸਾਰ ਇੰਦ੍ਰਿਆਵੀ ਰਸਾਂ ਦੀ ਅਹੁੰ ਸੂਰਜਾਂ ਤੱਕ ਬਲ ਉਠਦੀ ਹੈ। ਦੈਵੀ ਚੇਤਨਾ ਅੰਗ ਰਸ ਲੈ ਕੇ ਜਦ ਪ੍ਰਕ੍ਰਿਤੀਆਂ ਨਾਲ ਰਗੜ ਖਾਂਦੀ ਹੈ, ਤਾਂ ਨਿਰੋਲ ਦੈਵੀ ਥਿਰਕਣਾਂ ਵਿਚ ਸ੍ਰਿਸ਼ਟੀ ਦੇ ਸਦੀਵੀ ਨਿਯਮ ਦਰਿਆਵਾਂ ਵਾਂਗ ਨਮ ਪੈਂਦੇ ਹਨ-ਕਾਮ ਨੇ ਆਪਣੀਆਂ ਸੁਨਹਿਰੀ ਉਂਗਲਾਂ ਮਹਾ ਦੇਵੀ ਸਾਜ਼ ਉਤੇ ਥਿਰਕਾ ਦਿੱਤੀਆਂ ਹਨ-ਮਾਇਆ ਦੇ ਚਿੱਤ੍ਰ-ਮਿਤਰੇ ਅਨੇਕ ਰੰਗਾਂ ਦੀਆਂ ਸੁਰਾਹੀਆਂ ਭਰ ਕੇ ਰਿਸ਼ੀ, ਅਨੰਤ ਨਾਲ ਹੋਲੀਆਂ ਖੇਡਣ ਲੱਗੇ।
“ਮੈਂ” ਨੂੰ ਅਨੰਤ ਨਾਲ ਡਾਢੀ ਅਪਣੱਤ ਹੋ ਗਈ। ਸਰੀਰ-ਸੀਮਾ ਤੋਂ ਮੁਕਤ ਹੋ ਕੇ ਨਜ਼ਾਰੇ ਚੱਖਣ ਦੀ ਲਾਲਸਾ, ਗਿਆਨੀ ਦੀ ਤ੍ਰਿਖਾ ਅਤੇ ਲਹੂ ਦਾ ਅਭਿਮਾਨ, ਵੱਡਿਆਂ ਸਫਰਾਂ ‘ਤੇ ਚੱਲ ਪਿਆ। ਸਰੀਰ ਗੂੰਜਾਂ ਤੇ ਉਡ ਪਏ, ਫਿਰ ਡੂੰਘਾਣਾਂ ਵਿਚ ਯੁੱਗਾਂ ਸਮਾਧੀਆਂ ਲਾਉਂਦੇ ਰਹੇ। ਮੀਰੇ-ਕਾਰਵਾਨ ਗੁਆਚ ਗਿਆ, ਉਸ ਦੀ ਆਪਣੀ ਹੀ ਸੱਦ ਉਸ ਨੂੰ ਲੱਭਦੀ ਰਹੀ। “ਮੈਂ” ਨੇ ਹੁਕਮ ਦਿੱਤਾ ਕਿ ਕਾਫਲੇ “ਮੈਂ” ਨੂੰ ਖੋਜਣ ਲਈ ਅਣਜਾਣੇ ਰਾਹਾਂ ਉਤੇ ਰਵਾਨਾ ਹੋ ਜਾਣ ਅਤੇ ਸੁਤੰਤਰ ਫਕੀਰ-ਜੋਬਨ ਨੂੰ ਬੰਨ੍ਹ ਲਿਆ ਜਾਵੇ। ਫਿਰ ਰੂਹਾਂ ਝੱਲ ਖਲਾਰਿਆ ਕਿ ਇਨ੍ਹਾਂ ਬੰਦੀਵਾਨ ਫਕੀਰਾਂ ਨੂੰ ਸ਼ਹਿਨਸ਼ਾਹ ਸਜਦੇ ਕਰਨ। ਹੁਕਮ ਹੋਇਆ-ਸਿਸ਼੍ਰਟੀ ਨੂੰ ਜਿੱਤ ਕੇ ਸ਼ਕਤੀ ਜ਼ਿੰਦਗੀ ਦੀਆਂ ਸ਼ਾਨਾਂ ਰੌਸ਼ਨ ਕਰੇ।
ਜੋਬਨਵੰਤ ਸਿਫਤ ਆਗਾਸੀ
ਜੋ ਵਿਸਮਾਦ, ਧੁਨੀ ਅਬਿਨਾਸੀ
ਏਸ ਧਰਾ ਦੇ ਜੀਵਾਂ ਤਾਈਂ
ਯੁਗ-ਯੁਗ ਬਖ਼ਸ਼ ਦਿਉ ਰੰਗ-ਰਾਸੀ। (ਮਰੁਤ ਨੰæ 1-139)
ਜ਼ਿੰਦਗੀ ਦਾ ਸੂਫੀਆਨਾ ਨਜ਼ਾਰਾ ਲੱਗਿਆ ਰਿਹਾæææਸੋਮ ਦੇ ਮਧੁਰ ਚਸ਼ਕ ਟੁੱਟਦੇ ਰਹੇ। ਅਨੇਕ ਸੁੰਦਰਤਾ ਦੇ ਚਰਨਾਂ ਕੋਲ ਖਾਕ ਦੈਵੀ ਅਨੰਦ ਨੂੰ ਚੁੰਮਦੀ ਰਹੀ। ਦੇਖੋ ਸਿਰਜਣਾ ਸਿਰਜਣਹਾਰ ਹੋ ਕੇ ਖੇਲਦੀ ਸੀ! ਖ਼ਾਕੀ ਪਿਆਲੇ ਦੇ ਨਾਲ ਲੱਗ ਕੇ ਅਨੇਕ ਜਾਮੇ-ਜਮ ਖਾਮੋਸ਼ ਬੈਠੇ ਰਹੇ ਸਨ। ਹੋਂਦ ਅਸਗਾਹ ਨਿਰਹੋਂਦ ਨੂੰ ਤੀਬਰ ਅਨੰਦ ਨਾਲ ਛਲ ਲੈਣ ਲੱਗੇ। ਕਾਲ ਅਕਾਲ ਦੀ ਨਿਮਸਕਾਰ ਤੱਕ ਬਲਦਾ ਗਿਆ, ਅਨੰਤ ਅੰਤ ਤਕ ਖਿੱਚਿਆ ਗਿਆ। ਸਾਰੇ ਜਹਾਨ ਦਾ ਗਰੀਬ ਨਿਵਾਜ ਸੂਰਜ ਦੀਨ-ਨਿਰਬਲ ਪਲ-ਛਿਣਾਂ ਦੇ ਲਿਲਾਟ ਨੂੰ ਚੁੰਮ ਕੇ ਫਕੀਰੀ ਦਾ ਰੰਗ ਬਖ਼ਸ਼ ਗਿਆ। ਅਗੋਚਰ ਨੂੰ ਛੂਹਣ ਦਾ ਕਾਰਜ ਮੁੱਕਿਆ, ਸਿਦਕਵਾਨ ਚੇਤਨਾ ਸਿਮਰਨ ਦੇ ਅਨੰਤ ਸਜਦੇ ਵਿਚ ਵਗ ਤੁਰੀ। ਸ਼ਕਤੀ ਦੇ ਸੂਰਜ ਕੂਕੇ, “ਸਾਨੂੰ ਸਿਦਕ ਨੇ ਬੰਨ੍ਹ ਲਿਆ ਹੈ, ਅਸੀਂ ਕਿਸ ਨੂੰ ਬੰਨ੍ਹੀਏ?” ਸਜਦਾ ਕਰਦਿਆਂ ਬ੍ਰਹਮ ਨੂੰ ਸ਼ਰਧਾ ਦੇ ਸੀਸ ਨੇ ਚੁੰਮ ਲਿਆ। ਯਾਰੋ! ਇਨਕਾਰ ਦੀ ਹੋਂਦ ਮੁੱਕੀ, ਬਾਂਵਰਾ ਮਾਹੀ ਸਾਡੇ ਪਿਆਰ ਦੇ ਬੇਲਿਆਂ ਵਿਚ ਸਾਨੂੰ ਹੀ ਕੂਕਾਂ ਮਾਰ ਰਿਹਾ ਹੈ। ਕਮਾਲ ਹੈ, ਉਸ ਦੀਆਂ ਕੂਕਾਂ ਅਸੀਂ ਹਾਂ। ਇਉਂ ਜਦ ਸੋਮ ਅਨੰਦ ਖੰਡ, ਮਰੁਤ-ਨਾਦ ਦੇਸ, ਸਰਬ ਅਗਨ-ਪ੍ਰਕਾਸ਼ ਦਿਯੂਸ ਜਾਂ ਬ੍ਰਹਮ ਦੇ ਦੇਸ ਵਿਚੋਂ ਆਵੰਸ਼ ਦੀ ਕੋਈ ਚਮਕਾਰ ਸਫਰਾਂ ‘ਤੇ ਤੁਰੀ ਅਲਪ ਚੇਤਨ ਵਿਚ ਖਾ ਕੇ ਪੂਰਬ ਸਾਧਨਾ ਦੇ ਪੜਾਵਾਂ ਨੂੰ ਕਲਪ ਉਠਦੀ ਸੀ,
ਅਣਥੱਕ ਗਿਆਨੀ ਉਂਗਲਾਂ ਸੂਖਮ
ਪ੍ਰਾਚੀਨ ਕਾਲਾਂ ਤੋਂ ਪੂਰਬ,
ਪਰਸਨ ਸਿਮਰਨ ਦੇ ਰੰਗ ਨੇਤਾ
ਬਾਲ ਬਾਲ ਸ਼ਕਤੀ ਦੇ ਸੂਰਜ। (1-162)
ਰਿਸ਼ੀ ਨੇ ਆਪਣੇ ਅਲਪ ਚੇਤਨ ਦੀ ਸੀਮਾ ਵੱਲ ਨਜ਼ਰ ਮਾਰੀ ਤਾਂ ਅਸੀਸ ਦੀਆਂ ਉਚੀਆਂ ਸ਼ਾਨਾਂ ਦੇ ਸਿਤਾਰੇ ਚਮਕੇ ਜਿਨ੍ਹਾਂ ਦੀ ਅਸੀਸ ਨੇ ਨਿਰਪੂਰਨ ਮਨ ਨੂੰ ਜਾ ਚੁੰਮਿਆ। ਅਸੀਸ ਤਾਂ ਚੇਤਨ ਦੀ ਕਾਲ ਦ੍ਰਿਸ਼ਟੀ ਵਿਚ ਅਮਰ ਸੀ, ਪਰ ਅਕਾਲ ਦ੍ਰਿਸ਼ਟੀ ਖੁੱਲ੍ਹਣ ਨਾਲ ਹੀ ਉਸ ਦਾ ਆਵੇਸ਼ ਹੋਇਆ। ਅਲਪ ਚੇਤਨ ਅਤੇ ਅਸੀਮ ਦੇ ਅੰਤਰਿਕਸ਼ ਵਿਚ ਨਿਰਹੋਂਦ ਦਾ ਅੰਧ ਵਿਸ਼ਾਦ ਛਾ ਜਾਂਦਾ ਹੈ ਜੋ ਹੋਂਦ ਲਈ ਵਿਸ਼ ਹੈ। ਚੇਤਨ ਆਪਣਾ ਅਖੰਡ ਰੂਪ ਭਾਲਦਾ ਹੈ ਅਤੇ ਗੁਪਤ ਸ਼ੂਨਯ ਦੀ ਚੋਭ ਨਾਲ ਵਿਲਕ ਉਠਦਾ ਹੈ। ਖੰਡਿਤ ਚੇਤਨ ਦਾ ਜਨਮ ਦਾਤਾ ਗੁਪਤ ਸ਼ੂਨਯ ਸਿਦਕ ਦੀ ਆਮਦ ਤੱਕ ਸਥਾਪਿਤ ਰਹਿੰਦਾ ਹੈ। ਸਿਦਕ ਅਲਪ ਚੇਤਨ ਨੂੰ ਵਰਦਾਨ ਹੈ-ਤੇਰੇ ਵਿਚ ਅਸੀਮ ਹੈ। ਸਿਦਕ ਦੀ ਆਮਦ ਸਿਰਜਣਾ ਦੀ ਖੁਮਾਰੀ ਨਾਲ ਅਲਪ ਚੇਤਨ ਵਿਚੋਂ ਨਿਰਹੋਂਦ ਦੇ ਅੰਧ ਵਿਸ਼ਾਦ ਨੂੰ ਛੱਲਾਂ ਮਾਰ ਕੇ ਰੋੜ੍ਹ ਲਿਜਾਂਦੀ ਹੈ। ਰਿਸ਼ੀ ਦੇ ਸਿਦਕ ਦੀ ਆਮਦ ਨੂੰ ਅਮਰ ਰਵਾਨੀ, ਰੰਗੀਨ ਉਡਾਦ ਅਤੇ ਸ਼ਮਨ ਅਸਗਾਹ ਦਾ ਬਜਦ ਨ੍ਰਿਤ ਕਲਪਿਆ, “ਸੱਤ ਲੰਮੀਆਂ ਛੱਨਾ ਨਦੀਆਂ ਸੱਤ-ਸੱਤ ਮੋਰਨੀਆਂ ਦੀਆਂ ਤਿੰਨ ਡਾਰਾਂ ਕਾਂਟਿਆਂ ਦੀ ਵਿਸ਼ ਇਉਂ ਰੋੜ੍ਹ ਕੇ ਲੈ ਜਾਣ, ਜਿਉਂ ਪਾਣੀ ਨੂੰ ਕੁਆਰੀਆਂ ਘੜਿਆਂ ਵਿਚ ਭਰ ਕੇ ਲੈ ਜਾਂਦੀਆਂ ਹਨ।” (1-191) ਸੋ, ਨਿਰ ਚੇਤਨ ਦੀਆਂ ਕੰਦ੍ਰਾਵਾਂ ਜਿਨ੍ਹਾਂ ਵੱਲ ਉਡਦਿਆਂ ਅਭਿਸ਼ਾਪ ਦਾ ਆਕਰਮਣ ਵੀ ਹਿੰਸਾ ਚਮਕ ਨਹੀਂ ਬਣਿਆ ਅਤੇ ਰੌਦ੍ਰ ਰਾਣੀ ਪੱਥਰਾ ਗਈ, ਉਹ ਇਕਲਾਪੀਆਂ ਕੰਦ੍ਰਾਵਾਂ ਵੀ ਸਦੀਵੀ ਰੂਪ ਵਿਚ ਵਣ ਤ੍ਰਿਣ ਦੀ ਸੁੰਦਰਤਾ ਤੋਂ ਬਾਂਝ ਕਾਲੇ ਹਨੇਰ ਦੇ ਤ੍ਰਿਸਕਾਰ ਵਿਚ ਨਹੀਂ ਡੁੱਬੀਆਂ ਹੋਈਆਂ। ਮਹਾ ਕਵੀ ਸਿਰਜਣਹਾਰ ਦਾ ਵਰਦਾਨ ਤਾਂ ਅਮਰ ਹੈ, ਉਹ ਅਮਰ ਤਾਂ ਬਿਨਸਨਹਾਰ ਵਿਚ ਬਿਨਸ ਗਿਆ ਹੈ-ਫਿਰ ਕੌਣ, ਮੋਇਆæææਜ਼ਰਾ ਧਿਆਨ ਧਰੋ, ਕਣੀਆਂ ਵਿਚ ਵਰੁਣ ਤੇ ਮਿਤ੍ਰ ਹਿਮਰਨ/ਜਾਂ ਸਿਮਰਨ ਰੂਪ ਹੋ ਕੇ ਉਤਰ ਆਏ ਹਨ; ਧਰਤੀ ਉਤੇ ਪੌਣ, ਪਾਣੀ, ਅਗਨੀ ਆਪਣੀਆਂ ਸੁਹਣੀਆਂ ਅਲਕਾਂ ਲਮਕਾ ਕੇ ਉਸ ਦੇ ਹਰ ਰੂਪ ਨੂੰ ਅਨੂਪ ਪਾਵਨਤਾ ਛੁਹਾ ਰਹੇ ਹਨ। (1-164)। ਵਿਸਮਾਦ ਹੋ ਕੇ ਨਿਰਪੂਰਨ ਮਨ ਆਖਦਾ ਹੈ-ਨਿਰਪੂਰਨ ਲਈ ਪੂਰਨ ਤਪੱਸਿਆ ਕਰ ਰਿਹਾ ਹੈ। ਸਿਦਕ ਨੂੰ ਗੁਮਾਨ ਹੋਇਆ, “ਅਲਪ ਚੇਤਨ ਦੀ ਸੀਮਾ ਵਿਚ ਅਸੀਮ ਹੈ। “ਮੈਂ” ਦੂਰ ਸਫਰ ਕਰ ਰਹੀ ਹੈ-ਉਸ ਦੀ ਗਿਆਨ ਗਤੀ ਵਿਚ ਪੂਰਨ ਸਿਦਕ ਦੇ ਸੂਰਜਾਂ ਦਾ ਸਜਦਾ “ਮੈਂ” ਦੇ ਚਰਨਾਂ ਵਿਚ ਚਮਕ ਰਿਹਾ ਹੈ। ਜਾਗ! ਮੇਰੀ ਸ਼ਕਤੀ! ਜਾਗ!æææਮੈਂ ਉਸ ਮਾਂ-ਮੈਂ ਕੋਲ ਜਾ ਕੇ ਅਮਰ ਹੋ ਜਾਵਾਂ।
ਜਿਸ ਪਾਂਧੀ ਅਕਾਲ ਸਿਤਾਰੇ
ਮੈਂ ਲਈ ਚਾਨਣ ਚੁੱਕੇ ਭਾਰੇ,
ਉਸ ਮਹਾ ਸੂਰ ਦੇ ਗਗਨੀ,
ਲੈ ਚੱਲ ਲੈ ਚੱਲ ਮੈਨੂੰ ਅਗਨੀ। (ਦਸਵਾਂ ਮੰਡਲ)
Leave a Reply