ਚੰਡੀਗੜ੍ਹ: ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨਾਲ ਰਲੇਵੇਂ ਦੀਆਂ ਕਿਆਸ ਅਰਾਈਆਂ ਨੂੰ ਨਕਾਰਦਿਆਂ, ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅਜਿਹੇ ਕਿਸੇ ਵੀ ਚੋਣ ਸਮਝੌਤੇ ਦੀ ਸੰਭਾਵਨਾ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਂਝਾ ਮੋਰਚਾ ਇਕੱਲਿਆਂ ਹੀ ਸਾਰੀਆਂ 13 ਸੀਟਾਂ ‘ਤੇ ਚੋਣ ਲੜੇਗਾ। ਸਾਂਝਾ ਮੋਰਚਾ ਪੀæਪੀæਪੀæ, ਸੀæਪੀæਆਈæ, ਸੀæਪੀæਐਮæ ਤੇ ਅਕਾਲੀ ਦਲ (ਲੌਂਗੋਵਾਲ) ‘ਤੇ ਆਧਾਰਤ ਹੈ।
ਪੰਜਾਬ ਵਿਚ ਲੋਕ ਸਭਾ ਦੀਆਂ ਹੋਣ ਵਾਲੀਆਂ ਸਾਰੀਆਂ 13 ਸੀਟਾਂ ‘ਤੇ ਸਾਂਝਾ ਮੋਰਚਾ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਇਸ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ‘ਤੇ ਵੀ ਸਾਂਝਾ ਮੋਰਚਾ ਚੋਣ ਲੜੇਗਾ। ਸ਼ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮੀਟਿੰਗ ਵਿਚ ਇਹ ਤੈਅ ਹੋ ਗਿਆ ਕਿ ਪੀæਪੀæਪੀæ 8 ਸੀਟਾਂ ‘ਤੇ, ਖੱਬੀਆਂ ਪਾਰਟੀਆਂ 5 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਸੰਭਵ ਹੈ ਕਿ ਚੰਡੀਗੜ੍ਹ ਦੀ ਇਕ ਸੀਟ ‘ਤੇ ਵੀ ਸਾਂਝਾ ਮੋਰਚਾ ਤਾਕਤ ਅਜ਼ਮਾਈ ਕਰੇਗਾ।
ਸ਼ ਬਾਦਲ ਨੇ ਕਿਹਾ ਕਿ ਸਾਂਝਾ ਮੋਰਚਾ ਇਸ ਵਾਰ ਅਕਾਲੀ ਦਲ ਦੀ ਵੱਕਾਰੀ ਸੀਟ ਬਠਿੰਡਾ ਨੂੰ ਹਰ ਹਾਲ ਵਿਚ ਖੋਹ ਲਵੇਗਾ। ਆਮ ਆਦਮੀ ਪਾਰਟੀ (ਆਪ) ਨਾਲ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਮਹੀਨਾ ਕੁ ਪਹਿਲਾਂ ਗੱਲਬਾਤ ਚੱਲੀ ਸੀ ਪਰ ਉਨ੍ਹਾਂ ਪੀæਪੀæਪੀæ ਨੂੰ ‘ਆਪ’ ਵਿਚ ਰਲਣ ਲਈ ਕਿਹਾ ਸੀ ਜੋ ਮਨਜ਼ੂਰ ਨਹੀਂ ਸੀ। ਸ਼ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵੱਲੋਂ ਸ਼ੁਰੂ ਕੀਤੀ ਪੁੱਤ ਬਚਾਓ ਮੁਹਿੰੰਮ ਦੌਰਾਨ ਰਾਜ ਵਿਚ ਵੰਡੇ ਗਏ ਫਾਰਮਾਂ ‘ਤੇ ਅਧਾਰਤ ਰਿਪੋਰਟ ਮਾਰਚ ਦੇ ਪਹਿਲੇ ਹਫ਼ਤੇ ਨਸ਼ਰ ਕੀਤੀ ਜਾਵੇਗੀ।
ਕਿਹਾ ਕਿ ਪੰਜਾਬ ਵਿਚ ਇਸ ਵੇਲੇ ਆਰਥਿਕਤਾ ਨਾਲੋਂ ਨਸਲਕੁਸ਼ੀ ਦਾ ਮੁੱਦਾ ਵੱਡਾ ਬਣਿਆ ਹੋਇਆ ਹੈ ਕਿਉਂਕਿ ਸੂਬੇ ਦੀ ਨੌਜਵਾਨੀ ਨਸ਼ਿਆਂ ਵਿਚ ਗਰਕ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨਸ਼ੇ ਬਾਹਰੋਂ ਨਹੀਂ, ਬਲਕਿ ਪੰਜਾਬ ਵਿਚ ਹੀ ਬਣਦੇ ਹਨ। ਉਨ੍ਹਾਂ ਦਾ ਕਹਿਣਾਂ ਸੀ ਕਿ ਜੇਕਰ ਨਸ਼ੇ ਸਰਹੱਦ ਪਾਰੋਂ ਆਉਂਦੇ ਹਨ ਤਾਂ ਜੰਮੂ-ਕਸ਼ਮੀਰ, ਗੁਜਰਾਤ ਤੇ ਰਾਜਸਥਾਨ ਸੂਬਿਆਂ ਵਿਚ ਨਸ਼ਿਆਂ ਦਾ ਪਸਾਰ ਕਿਉਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਮਾਮਲੇ ‘ਤੇ ਕਾਂਗਰਸ ਤੇ ਅਕਾਲੀ ਦਲ ਰਾਜਨੀਤੀ ਕਰ ਰਹੀਆਂ ਹਨ।
Leave a Reply