ਮਨੁੱਖ ਹੋਣ ਦਾ ਸਵਾਲ ਅਤੇ ਚਿੰਤਕ-2

ਆਵਾਗਵਣ ਵਿਚਾਰਧਾਰਕ ਸੁਪਨਸਾਜ਼ੀ ਦੇ ਖਤਰੇ-3

ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਦੌਰਾਨ ਅਸੀਂ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਛਾਪੇ ਸਨ। ਆਪਣੇ ਇਸ ਲੇਖ ਵਿਚ ਪ੍ਰਭਸ਼ਰਨਦੀਪ ਸਿੰਘ ਨੇ ਪਹਿਲਾਂ ਛਪੇ ਇਕ ਲੇਖ ਦੇ ਆਧਾਰ ‘ਤੇ ਗੁਰਦਿਆਲ ਸਿੰਘ ਬੱਲ ਉਤੇ ਬੜੇ ਤਿੱਖੇ ਵਿਅੰਗ-ਬਾਣ ਚਲਾਏ ਸਨ। ਜਵਾਬ ਵਿਚ ਗੁਰਦਿਆਲ ਸਿੰਘ ਬੱਲ ਨੇ ਲੰਮਾ ਪ੍ਰਤੀਕਰਮ ਲਿਖ ਭੇਜਿਆ ਹੈ। ਇਸ ਲੇਖ ਵਿਚ ਸੰਸਾਰ ਪੱਧਰ ਉਤੇ ਚੱਲੇ ਵਿਚਾਰਧਾਰਕ ਭੇੜਾਂ ਬਾਰੇ ਵੀ ਭਰਪੂਰ ਚਰਚਾ ਹੈ। ਸੰਸਾਰ ਭਰ ਵਿਚ ਚੱਲੀਆਂ ਅਹਿਮ ਬਹਿਸਾਂ ਵਿਚ ਵੀ ਸਾਰਾ ਜ਼ੋਰ, ਜ਼ਿੰਦਗੀ ਨੂੰ ਸੁਹਾਵਣੀ ਬਣਾਉਣ ਵੱਲ ਸੇਧਤ ਰਿਹਾ ਹੈ। ਪੇਸ਼ ਹੈ, ਲੇਖ ਦਾ ਅਗਲਾ ਤੇ ਆਖਰੀ ਹਿੱਸਾ। ਸਪਸ਼ਟ ਕਰ ਦਈਏ, ਲੇਖਕ ਦੇ ਵਿਚਾਰਾਂ ਨਾਲ ਅਦਾਰਾ ਪੰਜਾਬ ਟਾਈਮਜ਼ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਇਸ ਲੇਖ ਦੇ ਪ੍ਰਤੀਕਰਮ ਵਿਚ ਆਏ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਗੁਰਦਿਆਲ ਬੱਲ (ਕੈਨੇਡਾ)
ਫੋਨ: 647-982-6091
ਹੁੰਦਾ ਇਹ ਹੈ ਕਿ ਪਹਿਲੇ ਵਿਸ਼ਵ ਯੁੱਧ ਵਿਚ ਤੁਰਕੀ ਦੀ ਹਾਰ ਜਾਂ ਕਮਜ਼ੋਰੀ ਤੋਂ ਉਤਸ਼ਾਹਿਤ ਹੋ ਕੇ ਯੂਨਾਨ ਦੇ ਕੁਝ ਸਿਆਸਤਦਾਨਾਂ ਦੇ ਮਨਾਂ ਵਿਚ ਪ੍ਰਾਚੀਨ ਯੂਨਾਨ ਦੀਆਂ ਸ਼ਾਨਾਂ ਮੁੜ ਬਹਾਲ ਕਰਦਿਆਂ ਸਮਿਰਨਾ ਸਮੇਤ ਏਸ਼ੀਅਨ ਮਾਈਨਰ ਦੇ ਇਸਾਈ ਬਹੁਗਿਣਤੀ ਵੱਸੋਂ ਵਾਲੇ ਸਾਰੇ ਖਿੱਤੇ ਨੂੰ ਗਰੇਟਰ ਯੂਨਾਨ ਦੀਆਂ ਹੱਦਾਂ ਵਿਚ ਸੰਮਿਲਿਤ ਕਰ ਲੈਣ ਦਾ ਖੁਆਬ ਅੰਗੜਾਈਆਂ ਲੈਣ ਲੱਗਦਾ ਹੈ। ਇਸਾਈ ਜਗਤ ਦੇ ਫਿਓਦੋਰ ਦਾਸਤੋਵਸਕੀ ਸਮੇਤ ਅਨੇਕ ਚਿੰਤਕ ਲੰਮੇ ਸਮੇਂ ਤੋਂ ਕਸਤੁਨਤੁਨੀਆਂ ਨੂੰ ਤੁਰਕਾਂ ਤੋਂ ਮੁਕਤ ਕਰਵਾਉਣ ਲਈ ਤਰਲੋਮੱਛੀ ਹੁੰਦੇ ਆ ਰਹੇ ਸਨ। ਸਦੀਆਂ ਤੱਕ ਇਸ ਖਤਰਨਾਕ ਸੁਪਨਸਾਜ਼ ਮੁਹਿੰਮ ਦੇ ਮੋਹਰੀ ਰੂਸੀ ਜਾਰ ਬਣੇ ਰਹੇ ਸਨ। ਪ੍ਰੰਤੂ ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਬਚਗਾਨਾ ਸੁਪਨਸਾਜ਼ੀ ਦਾ ਮੋਹਰੀ ਵਾਹਕ ਬਰਤਾਨੀਆਂ ਦਾ ਚਰਚਿਤ ਪ੍ਰਧਾਨ ਮੰਤਰੀ ਲਾਰਡ ਲਾਇਡ ਜਾਰਜ ਬਣ ਜਾਂਦਾ ਹੈ। ਹੋਰ ਵੀ ਮਾੜੀ ਗੱਲ ਉਦੋਂ ਹੁੰਦੀ ਹੈ ਜਦੋਂ ਲਾਇਡ ਜਾਰਜ ਨੂੰ ਅਤਿਅੰਤ ਵਿਨਾਸ਼ਕਾਰੀ ਸਾਬਤ ਹੋਣ ਵਾਲੇ ਇਸ ਖੁਆਬ ਨੂੰ ਅਮਲੀ ਰੂਪ ਦੇਣ ਲਈ ਯੂਨਾਨੀ ਸਿਆਸਤਦਾਨਾਂ ਵਿਚੋਂ ਇਲੈਫਥੇਰੀਓਸ ਵੇਨੀਜੇਲੋਜ ਵਰਗਾ ਕ੍ਰਿਸ਼ਮਈ ਸੰਭਾਵਨਾਵਾਂ ਵਾਲਾ ਸਿਆਸਤਦਾਨ ਵੀ ਮਿਲ ਜਾਂਦਾ ਹੈ।
ਪਹਿਲੇ ਵਿਸ਼ਵ ਯੁੱਧ ਦੇ ਅਖੀਰ ਤੱਕ ਯਾਨਿ ਸਾਲ 1918 ਤੱਕ ਆਟੋਮਾਨ ਤੁਰਕਾਂ ਦੀ ਸਲਤਨਤ ਬਿਖਰ ਚੁੱਕੀ ਹੈ। ਸਰਬੀਆ, ਬਲਗਾਰੀਆ ਅਤੇ ਯੂਰਪੀ ਬਲਕਾਨ ਏਰੀਏ ਦੇ ਕਈ ਖਿੱਤੇ ਪਹਿਲਾਂ ਹੀ ਤੁਰਕਾਂ ਹੱਥੋਂ ਮੁਕਤ ਹੋ ਚੁੱਕੇ ਹੋਏ ਸਨ। ਇਰਾਕ, ਸੀਰੀਆ, ਲਿਬਨਾਨ ਅਤੇ ਫਲਸਤੀਨ ਆਦਿ ਆਟੋਮਾਨ ਸਲਤਨਤ ਦੇ ਪ੍ਰਾਂਤਾਂ ਨੂੰ ਬਰਤਾਨਵੀ ਅਤੇ ਫਰਾਂਸੀਸੀ ਸਾਮਰਾਜੀ ਧਿਰਾਂ ਆਪਣੇ ਪ੍ਰਭਾਵ ਖੇਤਰਾਂ ਵਜੋਂ ਵੰਡ ਕੇ ਬੈਠ ਚੁੱਕੀਆਂ ਹਨ। ਕਮਾਲ ਪਾਸ਼ਾ ਦੀ ਅਗਵਾਈ ਵਿਚ ਤੁਰਕ ਆਪਣੇ ਕੋਰ ਖੇਤਰਾਂ ਨੂੰ ਬਚਾਈ ਰੱਖਣ ਲਈ ਸਿਰ-ਧੜ ਦੀ ਬਾਜੀ ਲਗਾ ਕੇ ਜੂਝ ਰਹੇ ਹਨ। ਐਨ ਇਸ ਮੋੜ ਤੇ, ਯਾਨਿ ਸਾਲ 1919 ‘ਚ ਆ ਕੇ ਲਾਇਡ ਜਾਰਜ ਦੀ ਸਰਗਰਮ ਹੱਲਾਸ਼ੇਰੀ ਨਾਲ ਵੇਨੀਜੇਲੋਸ ਅਤੇ ਉਸ ਦੇ ਹੋਰ ਸਾਥੀ ਤੁਰਕੀ ਦੇ ਇਸਾਈ ਬਹੁਗਿਣਤੀ ਖੇਤਰਾਂ ਏਸ਼ੀਆ ਮਾਈਨਰ, ਖਾਸ ਕਰਕੇ ਸਮਿਰਨਾ ਨੂੰ ਯੂਨਾਨ ਵਿਚ ਸ਼ਾਮਲ ਕਰਨ ਲਈ ਆਪਣੀ ਬਦਨਸੀਬ ਮੁਹਿੰਮ ਵਿੱਢ ਲੈਂਦੇ ਹਨ।
ਪਿਛਲੇ ਅੰਕ ਵਿਚ ਅਸੀਂ ਪੁਸਤਕ ‘ਪੈਰਾਡਾਈਜ ਲੌਸਟ: ਸਮਿਰਨਾ 1922’ ਦਾ ਜ਼ਿਕਰ ਕੀਤਾ ਸੀ ਜਿਸ ਦੇ ਪੰਨਾ 36 ਉਪਰ ਗਾਈਲਜ਼ ਮਿਲਟਨ ਨੇ ਉਘੇ ਦਾਰਸ਼ਨਿਕ ਇਤਿਹਾਸਕਾਰ ਆਰਨੋਲਡ ਟਾਇਨਬੀ ਦੇ ਸ਼ਬਦਾਂ ਵਿਚ ਇਤਿਹਾਸ ਦੇ ਇਸ ਮੋੜ ਉਪਰ ਲਾਇਡ ਜਾਰਜ ਦੀ ਸੁਪਨਸਾਜ਼ੀ ਨੂੰ ਇਨ੍ਹਾਂ ਸ਼ਬਦਾਂ ਵਿਚ ਰਿਕਾਰਡ ਕਰਦਾ ਹੈ,
ḔḔਅਜੋਕੇ ਯੂਨਾਨੀਆਂ ਨੂੰ ਪ੍ਰਾਚੀਨ ਯੂਨਾਨ ਦੇ ਯੋਧਿਆਂ ਅਤੇ ਚਿੰਤਕਾਂ ਦੇ ਵਾਰਸ ਮੰਨ ਕੇ ਮੁਸਲਮਾਨਾਂ ਨਾਲ ਝਗੜੇ ਵਿਚ ਉਨ੍ਹਾਂ ਦੀ ਬੇਲੋੜੀ ਹਮਾਇਤ ਕਰਨਾ ਲਾਇਡ ਜਾਰਜ ਦੀ ਸ਼ੇਖਚਿਲੀ ਵਾਲੀ ਬਚਗਾਨਾ ਇੱਲਤ ਸੀ ਜਿਸ ਨੇ ਦੇਰ ਸਵੇਰ ਅੰਤਿਮ ਨਤੀਜੇ ਦੇ ਤੌਰ ‘ਤੇ ਇਸ ਅੰਗਰੇਜ਼ ਆਗੂ ਦਾ ਬੇੜਾ ਤਾਂ ਗਰਕ ਕਰਨਾ ਹੀ ਕਰਨਾ ਸੀ, ਸਮਿਰਨਾ ਵਰਗੇ ਸਵਰਗੀ ਟਾਪੂ ਤੇ ਸਦੀਆਂ ਤੋਂ ਅਨੰਦ ਭੋਗ ਰਹੇ ਲੱਖਾਂ ਇਸਾਈਆਂ, ਯਹੂਦੀਆਂ, ਯੂਨਾਨੀਆਂ ਤੇ ਆਰਮੀਨੀਅਨਾਂ ਲਈ ਵੀ ਕਹਿਰ ਬਰਸਾ ਦੇਣਾ ਸੀ।”
ਇਲੈਫਥੇਰੀਓਸ ਵੇਨੀਜੇਲੋਸ ਯੂਨਾਨੀ ਟਾਪੂ ਕਰੀਟ ਦਾ ਜੰਮਪਲ ਸੀ। ਉਹ ਖੁਦ ਕਰੀਟ ਦੇ ਅਮੀਰ ਅਤੇ ਮਾਣਮੱਤੇ ਜਗੀਰਦਾਰਾਂ ਦਾ ਪੁੱਤਰ ਸੀ। ਕਰੀਟ ਦੀ ਮੁਕਤੀ ਦੇ ਸੰਗਰਾਮ ਵਿਚ ਉਸ ਦੇ ਪਰਿਵਾਰ ਨੇ ਮੋਹਰੀ ਭੂਮਿਕਾ ਨਿਭਾਈ ਸੀ। ਉਸ ਦਾ ਪਿਤਾ ਮੁਕਤੀ ਸੰਗਰਾਮ ਵਿਚ ਜ਼ਖਮੀ ਹੋਇਆ ਸੀ ਅਤੇ ਉਸ ਦੇ ਤਿੰਨ ਸਕੇ ਚਾਚੇ ਮਾਰੇ ਗਏ ਸਨ। ਵੇਨੀਜੇਲੋਸ ਖੁਦ ਸੋਲਾਂ ਕਲਾਂ ਸੰਪੂਰਨ ਸਖਸ਼ੀਅਤ ਦਾ ਮਾਲਕ ਸੀ ਅਤੇ ਲਾਇਡ ਜਾਰਜ ਨੂੰ ਉਸ ਦੀ ਹਸਤੀ ਵਿਚ Ḕਪੁਰਾਣੀ ਅੰਜੀਲ ਦੇ ਪੈਗੰਬਰਾਂ’ ਦੀ ਪ੍ਰਛਾਈਂ ਦਿਸੀ ਜਾ ਰਹੀ ਸੀ। ਦੁਖਾਂਤ ਕੇਵਲ ਇਤਨਾ ਸੀ ਕਿ ਲਾਇਡ ਜਾਰਜ ਅਤੇ ਵੇਨੀਜੇਲੋਸ-ਦੋਵਾਂ ਨੂੰ ਇਸ ਗੱਲ ਦਾ ਜ਼ਰਾ ਭਰ ਵੀ ਅਹਿਸਾਸ ਨਹੀਂ ਸੀ ਕਿ ਸਮੇਂ ਬਦਲ ਗਏ ਸਨ, ਤਾਕਤਾਂ ਦਾ ਤਵਾਜਨ ਬਦਲ ਚੁੱਕਾ ਸੀ, ਸਾਲ 1920-22 ਤੱਕ ਤੁਰਕ ਕਮਾਲ ਪਾਸ਼ਾ ਦੀ ਕ੍ਰਿਸ਼ਮਈ ਰਹਿਨੁਮਾਈ ਵਿਚ ਨਵੇਂ ਸਿਰੇ ਤੋਂ ਸੰਭਲ ਚੁਕੇ ਸਨ। ਹੁਣ ਉਨ੍ਹਾਂ ਤੋਂ ਏਸ਼ੀਆ ਮਾਈਨਰ ਦਾ ਖਿੱਤਾ ਖੋਹ ਸਕਣਾ ਕਿਵੇਂ ਵੀ ਅਸਾਨ ਨਹੀਂ ਸੀ।
ਗਾਈਲਜ ਮਿਲਟਨ ਨੇ ਸਮਿਰਨਾ ਦੀ ਬਰਬਾਦੀ ਦੀ ਐਪਿਕ ਇਸ ਤਰੀਕੇ ਨਾਲ ਸੁਣਾਈ ਹੈ ਕਿ ਪੁਸਤਕ ਨੂੰ ਪੜ੍ਹ ਕੇ ਆਦਮੀ ਦੀ ਰੂਹ ਧੁਰ ਅੰਦਰ ਤੱਕ ਕੰਡਿਆ ਕੇ ਰਹਿ ਜਾਂਦੀ ਹੈ। ਸਮਿਰਨਾ ਦੀ ਤਬਾਹੀ ਤੋਂ ਅਗਲੇ ਹਫਤੇ ਹੀ ਲਾਇਡ ਜਾਰਜ ਦੀ ਬਰਤਾਨੀਆ ਦੇ ਪ੍ਰਧਾਨ ਮਤਰੀ ਵਜੋਂ ਗੱਦੀ ਜਾਂਦੀ ਰਹੀ ਸੀ। ਇਤਿਹਾਸ ਨੇ ਯੂਨਾਨ ਬਾਰੇ ਉਸ ਦੀ ਨੀਤੀ ਬੁਰੀ ਤਰ੍ਹਾਂ ਦੀਵਾਲੀਆ ਸਾਬਤ ਕਰ ਦਿੱਤੀ ਸੀ। ਦੋ ਕੁ ਮਹੀਨੇ ਪਹਿਲਾਂ ਆਪਣੇ ਸਮੇਂ ਦੇ ਉਘੇ ਖਾੜਕੂ ਅਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਬਹੁਤ ਕਰੀਬ ਰਹੇ ਅਮਰੀਕ ਸਿੰਘ ਦੇ ਘਰ ਬੈਠਿਆਂ ਮੈਂ ਸਮਿਰਨਾ ਬਾਰੇ ਲਾਇਡ ਜਾਰਜ ਅਤੇ ਕਮਾਲ ਪਾਸ਼ਾ ਦੀਆਂ ਕਰਤੂਤਾਂ ਦੀ ਕਹਾਣੀ ਸੁਣਾਈ ਤਾਂ ਉਸ ਦਾ ਪੈਂਦਿਆਂ ਹੀ ਤੱਤ ਭੜੱਤਾ ਪ੍ਰਤੀਕਰਮ ਇਹ ਸੀ ਕਿ ਇਹ ਕਿਤਾਬ ਕਰਮਜੀਤ ਸਿੰਘ ਅਤੇ ਕਾਮਰੇਡ ਅਜਮੇਰ ਸਿੰਘ ਵਰਗੇ ਸੱਜਣਾਂ ਨੂੰ ਵੀ ਪੜ੍ਹਾਈ ਜਾਣੀ ਚਾਹੀਦੀ ਹੈ।
ਲਾਇਡ ਜਾਰਜ ਅਤੇ ਵੇਨੀਜੇਲੋਸ ਦੀ ਸ਼ੇਲਚਿਲੀਅਨ ਸ਼ੇਖੀਖੋਰ ਸੁਪਨਸਾਜ਼ ਰਾਜਨੀਤੀ ਦਾ ਖੋਖਲਾਪਣ ਬੜੇ ਹੀ ਪੁਰਸੋਜ ਅੰਦਾਜ਼ ਵਿਚ ਬਿਆਨ ਕੀਤਾ ਹੈ। ਸਮਿਰਨਾ ਦੇ ਸਵਰਗ ਨੂੰ ਨਰਕ ਵਿਚ ਬਦਲਵਾ ਦੇਣ ਲਈ ਇਨ੍ਹਾਂ ਦੋਵਾਂ ਯੁੱਗ ਪੁਰਸ਼ਾਂ ਦੀ ਮਾਅਰਕੇਬਾਜ ਸਿਆਸਤ ਨਿਸ਼ਚੇ ਹੀ ਜ਼ਿੰਮੇਵਾਰ ਸੀ ਪ੍ਰੰਤੂ ਇਸ ਸਾਰੇ ਕਾਸੇ ਦੇ ਬਾਵਜੂਦ ਯੂਨਾਨੀਆਂ ਨੂੰ ਅੰਤਿਮ ਸਿਕਸ਼ਤ ਦੇ ਦੇਣ ਤੋਂ ਬਾਅਦ ਸਮਿਰਨਾ ਦੀ ਬੇਕਸੂਰ ਨਿਹੱਥੀ ਵਸੋਂ ਦਾ ਅੰਨੇਵਾਹ ਸਫਾਇਆ ਕਰਕੇ ਜੋ ਲਾਅਨਤ ਭਰੀ ਕਰਤੂਤ ਕਮਾਲੀ ਪਾਸ਼ਾ ਨੇ ਕੀਤੀ, ਉਹ ਕਿਵੇਂ ਵੀ ਜਾਇਜ ਨਹੀਂ ਸੀ। ਇਹ ਕਥਾ ਪੜ੍ਹ ਕੇ ਡਰ ਆਉਣ ਲਗ ਜਾਂਦਾ ਹੈ ਕਿ ਅਤਾਤੁਰਕ ਕਮਾਲ ਪਾਸ਼ਾ ਸੈਕੁਲਰ ਮੁਸਲਿਮ ਸੀ ਜਾਂ ਕਿ ਨਿਰਲੱਜ ਰਾਖਸ਼!
ਇਹ ਕਿਤਾਬ ਬਹੁਤ ਹੀ ਜ਼ਰੂਰੀ ਹੈ, ਖਾਸ ਕਰਕੇ 21ਵੀਂ ਸਦੀ ਵਿਚ 18ਵੀਂ ਸਦੀ ਦੇ ਯੋਧਿਆਂ ਵਾਲੀ ਸਪਿਰਟ ਦੀ ਬਹਾਲੀ ਵਰਗੇ ਖੁਆਬ ਲੈਣ ਵਾਲੇ ਸੁਪਨਸਾਜ਼ਾਂ ਨੂੰ ਇਹ ਤ੍ਰਾਸਦਿਕ ਕਥਾ ਸਚਮੁੱਚ ਹਰ ਹਾਲਤ ਵਿਚ ਪੜ੍ਹਨੀ ਚਾਹੀਦੀ ਹੈ।
ਰਾਬਰਟ ਫਿਸਕ ਦੀ Ḕਗਰੇਟ ਵਾਰ ਫਾਰ ਸਿਵਿਲਾਈਜੇਸ਼ਨ’ ਸਿਰਲੇਖ ਹੇਠਲੀ ਪੁਸਤਕ ਮੈਂ ਭਾਅ ਜੀ ਕਰਮਜੀਤ ਸਮੇਤ ਜਿਸ ਕਿਸੇ ਨੂੰ ਵੀ ਭੇਜੀ, ਉਸ ਨੂੰ ਕਿਤਾਬ ਦਾ 10ਵਾਂ ਅਤੇ 14ਵਾਂ ਚੈਪਟਰ ਉਚੇਚੇ ਤੌਰ ‘ਤੇ ਪੜ੍ਹਨ ਲਈ ਕਹਿੰਦਾ ਰਿਹਾ ਹਾਂ। ਫਿਸਕ ਨੇ 10ਵੇਂ ਕਾਂਡ ਵਿਚ ਜੇਕਰ ਆਰਮੀਨੀਅਨਾਂ ਦੀ ਨਸਲਕੁਸ਼ੀ ਬਾਰੇ ਲਿਖਿਆ ਹੈ ਤਾਂ 14ਵੇਂ ਕਾਂਡ ਵਿਚ ਉਸੇ ਹੀ ਸ਼ਿੱਦਤ ਨਾਲ ਅਲਜੀਰੀਅਨ ਲੋਕਾਂ ਦੀ ਬਰਬਾਦੀ ਦਾ ਬਿਰਤਾਂਤ ਸੁਣਾਇਆ ਹੈ। ਅਲਜੀਰੀਆ ਉਪਰ 19ਵੀਂ ਸਦੀ ‘ਚ ਫਰਾਂਸੀਸੀ ਬਸਤੀਵਾਦੀਆਂ ਨੇ ਕਬਜਾ ਕਰ ਲਿਆ ਸੀ। ਸਾਲ 1954 ਵਿਚ ਅਲਜੀਰੀਅਨ ਕੌਮਪ੍ਰਸਤਾਂ ਨੇ ਫਰਾਂਸ ਵਿਰੁਧ ਲਹੂ ਵੀਟਵਾਂ ਮੁਕਤੀ ਸੰਗਰਾਮ ਸ਼ੁਰੂ ਕਰ ਦਿੱਤਾ। 8 ਵਰ੍ਹਿਆਂ ਦੀ ਖੂਨੀ ਜਦੋਜਹਿਦ ਪਿਛੋਂ ਅਲਜੀਰੀਆ ਨੂੰ ਮੁਕਤੀ ਮਿਲਣ ਤੱਕ 10 ਲੱਖ ਦੇ ਕਰੀਬ ਲੋਕ ਮਾਰੇ ਗਏ। ਇਸੇ ਸੰਗਰਾਮ ਬਾਰੇ ਸਾਲ 1961 ਵਿਚ ਫਰਾਂਜ ਫੈਨਨ ਨੇ Ḕਰੈਚਿਡ ਆਫ ਦਾ ਅਰਥ’ ਨਾਂ ਦੀ ਕਿਤਾਬ ਲਿਖ ਕੇ ਗੁਲਾਮੀ ਦਾ ਸ਼ਿਕਾਰ ਮਿੱਧੀ ਹੋਈ ਅਤੇ ਸਦੀਆਂ ਤੋਂ ਦੱਬੀ ਕੁਚਲੀ ਚਲੀ ਆ ਰਹੀ ਲੋਕਾਈ ਦੀਆਂ ਸਿਰਜਣਾਤਮਕ ਸ਼ਕਤੀਆਂ ਦਾ ਕਾਇਆ ਕਲਪ ਕਰ ਦੇਣ ਲਈ ਇਨਕਲਾਬੀ ਹਿੰਸਾ ਦੀ ਭੂਮਿਕਾ ਨੂੰ ਕਿਸੇ ਸੰਜੀਵਨੀ ਬੂਟੀ ਦੇ ਹਾਰ ਕਾਰਗਰ ਸਾਬਤ ਹੋਣ ਵਾਲੇ ਮਾਧਿਅਮ ਵਜੋਂ ਸਾਬਤ ਕੀਤਾ ਸੀ।
ਫੈਨਨ ਕਿੱਤੇ ਵਜੋਂ ਖੁਦ ਮਨੋਵਿਗਿਆਨੀ ਡਾਕਟਰ ਸੀ ਅਤੇ ਉਸ ਦੀ ਲਿਖਤ ਅੰਦਰ ਗੋਰੀ ਸਭਿਅਤਾ ਦੇ ਦਾਬੇ ਵਿਰੁਧ ਰੋਹ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਪੱਛਮੀ ਦਾਬੇ ਵਿਰੁਧ ਇਸੇ ਤਰ੍ਹਾਂ ਦਾ ਰੋਹ ਕਿਸੇ ਹੱਦ ਤੱਕ ਸਾਨੂੰ ਬਾਅਦ ਵਿਚ ਆ ਕੇ Ḕਓਰੀਐਂਟਲਿਜ਼ਮ’ ਵਰਗੀ ਕਲਾਸਿਕ ਪ੍ਰੰਤੂ ਇਕਪਾਸੜ ਪੁਸਤਕ ਦੇ ਸਿਰਜਕ ਐਡਵਰਡ ਸਾਈਦ ਦੀ ਲਿਖਤ ਵਿਚੋਂ ਉਪਲਬਧ ਹੋਣ ਲੱਗਦਾ ਹੈ। ਜ਼ਾਹਰ ਹੈ ਕਿ ਉਤਰ ਬਸਤੀਵਾਦੀ ਚਿੰਤਨ ਦਾ ਮੁੱਢ ਜੇਕਰ ਫਰਾਂਜ ਫੈਨਨ ਨੇ ਬੰਨ੍ਹਿਆ ਤਾਂ ਐਡਵਰਡ ਸਾਈਦ ਨੇ ਇਸ ਚਿੰਤਨਧਾਰਾ ਨੂੰ ਆਪਣੀ ਤਾਰਕਿਕ ਸਿਖਰ ‘ਤੇ ਪਹੁੰਚਾਇਆ। ਫਰਾਂਜ ਫੈਨਨ ਦਬੀ ਕੁਚਲੀ ਲੋਕਾਈ ਦੀ ਆਪਮੁਹਾਰੀ ਹਿੰਸਾ ਦੀਆਂ ਸਿਰਜਣਾਤਮਕ ਸੰਭਾਵਨਾਵਾਂ ਨੂੰ ਆਪਣੀ ਕਲਮ ਦੀ ਪੂਰੀ ਤਾਕਤ ਨਾਲ ਰੁਮਾਂਟਿਸਾਈਜ਼ ਕਰਦਾ ਹੈ ਤਾਂ ਰਹਿੰਦੀ ਕਸਰ ਯਾਂ ਪਾਲ ਸਾਰਤਰ ਦੋ ਢਾਈ ਸੌ ਪੰਨਿਆਂ ਦੀ ਇਸ ਪੁਸਤਕ ਦੀ 50 ਸਫਿਆਂ ‘ਤੇ ਫੈਲੀ ਹੋਈ ਲੰਮੀ ਭੂਮਿਕਾ ਲਿਖ ਕੇ ਪੂਰੀ ਕਰ ਦਿੰਦਾ ਹੈ। ਫਰਾਂਜ ਫੈਨਨ ਹੋਵੇ ਜਾਂ ਸਾਰਤਰ-ਇਸ ਕਿਸਮ ਦੀ ਇਕਪਾਸੜ ਸਿਧਾਂਤਸਾਜੀ ਤਾਂ ਮਾੜੀ ਹੀ ਮਾੜੀ ਹੈ।
ਅਲਜੀਰੀਅਨ ਮੁਕਤੀ ਸੰਗਰਾਮ ਬਾਰੇ ਮੁਕੰਮਲ ਜਾਣਕਾਰੀ ਅਲਿਸਟੇਅਰ ਹੋਰਨੇ ਦੁਆਰਾ ਲਿਖਤ Ḕੰਅਵਅਗe ੱਅਰ ਾ ਫeਅਚe’ ਨਾਂ ਦੀ ਹੁਣ ਤੱਕ ਕਲਾਸਿਕ ਦਾ ਰੁਤਬਾ ਹਾਸਲ ਕਰ ਚੁੱਕੀ ਪੁਸਤਕ ਦੀ ਪੜ੍ਹਤ ਤੋਂ ਬਗੈਰ ਅਧੂਰੀ ਰਹਿੰਦੀ ਹੈ। ਅਲਜੀਰੀਅਨ ਮੁਕਤੀ ਸੰਗਰਾਮੀਆਂ ਦੀ ਸ਼ਾਨਦਾਰ ਜਿੱਤ ਹੋ ਜਾਂਦੀ ਹੈ। ਫਰਾਂਸੀਸੀ ਬਸਤੀਵਾਦੀ ਹਾਕਮ ਗੁਰੀਲਿਆਂ ਦੀ ਇੱਛਾ ਸ਼ਕਤੀ ਮੂਹਰੇ ਅੱਬਾ ਅੱਬਾ ਕਰਕੇ ਗੋਡੇ ਟੇਕ ਜਾਂਦੇ ਹਨ। ਪ੍ਰੰਤੂ ਮੁਕਤੀ ਸੰਗਰਾਮ ਦੀ ਫਤਿਹ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਉਂਦੀ ਹੈ, ਉਸ ਨੂੰ ਪੜ੍ਹ ਕੇ ਮਨ ‘ਤੇ ਘੋਰ ਉਦਾਸੀ ਦਾ ਆਲਮ ਤਾਰੀ ਹੋ ਜਾਂਦੀ ਹੈ ਤੇ ਮੁਕਤੀ ਫਰੰਟ ਦੇ ਤਾਕਤ ਤੇ ਕਾਬਜ਼ ਹੋਣ ਵਾਲੇ ਧੜੇ ਹੱਥੋਂ ਐਤ ਮੁਹੰਮਦ, ਖਿਦਰ ਅਬਾਸ, ਰਬਾਹ ਬਿਟਾਟ, ਕਰੀਮ ਬਿਲਕਾਸਮ ਆਦਿ ਸੰਗਰਾਮ ਦੇ ਸਾਰੇ ਮੋਢੀ ਆਗੂ ਹੀ ਮਾਰੇ ਜਾਂਦੇ ਹਨ। ਫਰਾਂਸੀਸੀਆਂ ਨੂੰ ਕੱਢ ਕੇ ਅਲਜੀਰੀਆ ਅੰਦਰ ਲੋਕਾਂ ਦੀ ਸਖਸ਼ੀਅਤ ਦਾ ਅਜਿਹਾ ਕੋਈ ਕੜਾ ਕਾਇਆ ਕਲਪ ਨਹੀਂ ਹੁੰਦਾ ਜਿਸ ਕਿਸਮ ਦੇ ਕਾਇਆ ਕਲਪ ਬਾਰੇ ਦਾਅਵੇ ਫਰਾਂਜ ਫੈਨਨ ਜਾਂ ਯਾਂ ਪਾਲ ਸਾਰਤਰ ਵਰਗੇ ਦਾਰਸ਼ਨਿਕਾਂ ਵੱਲੋਂ ਅਕਸਰ ਮੌਜ ਮੌਜ ਵਿਚ ਹੀ ਕੀਤੇ ਗਏ ਹੁੰਦੇ ਹਨ।
ਸਾਲ 1962 ਵਿਚ ਬਿਨ ਬੇਲਾ ਦੀ ਅਗਵਾਈ ਹੇਠ ਸਰਕਾਰ ਕਾਇਮ ਹੋ ਜਾਂਦੀ ਹੈ। ਉਸ ਵਿਰੁਧ ਮਹਿਜ ਦੋ ਕੁ ਵਰ੍ਹਿਆਂ ਪਿਛੋਂ ਹੀ ਕਰਨਲ ਚਾਲਾਨੀ ਦੀ ਅਗਵਾਈ ਹੇਠ ਇਕ ਧੜਾ ਬਾਗੀ ਹੋ ਜਾਂਦਾ ਹੈ। ਐਤ ਮੁਹੰਮਦ ਅਤੇ ਖਿਦਰ ਨਾਂ ਦੇ ਮੁਕਤੀ ਸੰਗਰਾਮ ਦੇ ਮੋਢੀ ਆਗੂ ਬਗਾਵਤ ਦਾ ਸਮਰਥਨ ਕਰ ਦਿੰਦੇ ਹਨ। ਹੁਣ ਬੋਮਦੀਨ ਨਾਂ ਦੇ ਦੂਸਰੇ ਦਰਜੇ ਦੇ ਇਕ ਹੋਰ ਆਗੂ ਦੇ ਸਮਰਥਕ ਫੌਜੀ ਦਸਤੇ ਚਾਲਾਨੀ ਨੂੰ ਘੇਰ ਕੇ ਅਸਾਨੀ ਨਾਲ ਹੀ ਮਾਰ ਦਿੰਦੇ ਹਨ ਅਤੇ ਐਤ ਮੁਹੰਮਦ ਨੂੰ ਕੈਦ ਵਿਚ ਸੁੱਟ ਦਿੱਤਾ ਜਾਂਦਾ ਹੈ। ਸਾਥੀ ਖਿਦਰ ਕਿਵੇਂ ਨਾ ਕਿਵੇਂ ਜਾਨ ਬਚਾ ਕੇ ਸਵਿਟਜਰਲੈਂਡ ਅੰਦਰ ਜਾ ਪਨਾਹ ਲੈਂਦਾ ਹੈ। ਉਸ ਦੇ ਮਗਰੇ ਅਬਾਸ ਅਤੇ ਬਿਟਾਟ ਵੀ ਦੇਸ਼ ਵਿਚੋਂ ਭੱਜ ਜਾਂਦੇ ਹਨ। ਕਰੀਮ ਬਿਲਕਾਸਮ ਨਾਂ ਦਾ ਮੁਕਤੀ ਸੰਗਰਾਮ ਦਾ ਇਕ ਹੋਰ ਦੰਤਕਥਾਈ ਅਕਾਰ ਦਾ ਆਗੂ ਵੀ ਭੱਜ ਜਾਂਦਾ ਹੈ ਪ੍ਰੰਤੂ ਉਸ ਨੂੰ ਛੁਪੇ ਫਿਰਦੇ ਨੂੰ ਸਰਕਾਰੀ ਤੰਤਰ ਦੇ ਬੰਦੇ ਭਾਲ ਕੇ ਗਲਾ ਘੁੱਟ ਕੇ ਮਾਰ ਦਿੰਦੇ ਹਨ। ਅਸਲ ਵਿਚ ਤੁਰੰਤ ਬਾਅਦ ਹੀ ਤੰਤਰ ਪ੍ਰਣਾਲੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਜਾਂਦੀ ਹੈ।
ਸਾਲ 1978-79 ‘ਚ ਇਰਾਨੀ ਇਨਕਲਾਬ ਵਾਪਰ ਜਾਂਦਾ ਹੈ। ਰੈਡੀਕਲ ਇਸਲਾਮਿਸਟਾਂ ਦੀ ਪੂਰੀ ਤਰ੍ਹਾਂ ਚੜ੍ਹ ਮੱਚ ਜਾਂਦੀ ਹੈ। ਸਾਲ 1984 ਆਉਂਦਿਆਂ ਆਉਂਦਿਆਂ ਇਸਲਾਮੀ ਗੁਰੀਲੇ ਅਲਜੀਰੀਆ ਦੀ ਸੈਕੂਲਰ ਸਰਕਾਰ ਵਿਰੁਧ ਸਰਬਪੱਖੀ ਬਗਾਵਤ ਦਾ ਬਿਗਲ ਵਜਾ ਦਿੰਦੇ ਹਨ। ਸਾਲ 1991 ਤੋਂ 1998 ਤੱਕ ਅਲਜੀਰੀਆ ਅੰਦਰ ਸਿਰੇ ਦੀ ਭਿਆਨਕ ਖਾਨਾਜੰਗੀ ਸ਼ੁਰੂ ਹੋ ਜਾਂਦੀ ਹੈ। ਕੁਝ ਰਾਜਨੀਤਕ ਦਰਸ਼ਕਾਂ ਦਾ ਵਿਸ਼ਵਾਸ ਹੈ ਕਿ ਅਲਜੀਰੀਅਨ ਮੁਕਤੀ ਸੰਗਰਾਮ ਬੇਹੱਦ ਭਿਆਨਕ ਸੀ, ਪ੍ਰੰਤੂ 90ਵਿਆਂ ਦੀ ਖਾਨਾਜੰਗੀ ਉਸ ਨਾਲੋਂ ਵੀ ਕਈ ਗੁਣਾ ਵੱਧ ਭਿਆਨਕ ਸੀ। ਹੁਣ ਅਲਜੀਰੀਆ ਦੀ ਵਸੋਂ ਵਿਚ ਨਾ ਕੋਈ ਹਿੰਦੂ, ਮੁਸਲਮਾਨ ਜਾਂ ਸਿੱਖਾਂ ਵਰਗਾ ਧਾਰਮਿਕ ਵਖਰੇਵਾਂ ਹੈ ਅਤੇ ਨਾ ਉਥੇ ਕੋਈ ਸ਼ੀਆ-ਸੁੰਨੀ ਵਾਲੀ ਵੰਡ ਹੀ ਮੌਜੂਦ ਹੈ। ਅਲਜੀਰੀਆ ਅੰਦਰ ਕਿਹੜੀ ਉਤਰ ਬਸਤੀਵਾਦੀ ਅਨੁਵਾਦ ਦੀ ਰਾਜਨੀਤੀ ਸੀ ਅਤੇ ਉਥੇ ਖਾਨਾਜੰਗੀ ਦੌਰਾਨ ਹੋਈ ਹਿੰਸਾ ਮਾਨਵੀ ਸ਼ਖਸੀਅਤ ਦਾ ਕਿਸ ਤਰ੍ਹਾਂ ਦਾ ਕਾਇਆ ਕਲਪ ਕਰ ਰਹੀ ਸੀ!
ਅਲਜੀਰੀਅਨ ਖਾਨਾਜੰਗੀ ਦੇ ਇਸ ਭਿਆਨਕ ਦੌਰ ਬਾਰੇ ਜੌਹਨ ਫਿਲਪਸ ਅਤੇ ਮਾਰਟਿਨ ਇਵਾਨਸ ਨੇ Aਲਗeਰਅਿ: Aਨਗeਰ ਾ ਟਹe ਧਸਿਪੋਸਸeਸਸeਦ ਨਾਂ ਦੀ ਕਲਾਸਿਕ ਕਿਤਾਬ ਲਿਖੀ ਹੈ। ਇਹ ਕਿਤਾਬ ਵੀ ਤਿੰਨ ਕੁ ਵਰ੍ਹੇ ਪਹਿਲਾਂ ਮੈਨੂੰ ਮੇਰੇ ਮਿੱਤਰ ਰਛਪਾਲ ਗਿੱਲ ਨੇ ਕੈਨੇਡਾ ਤੋਂ Ḕਏ ਸ਼ੇਮਫੁਲ ਐਕਟ’ ਨਾਂ ਦੀ ਕਿਤਾਬ ਦੇ ਨਾਲ ਹੀ ਲਿਆ ਕੇ ਦਿੱਤੀ ਸੀ। ਇਸ ਕਿਤਾਬ ਦੀਆਂ ਵੀ ਉਸ ਸਮੇਂ ਅੱਧੀ ਦਰਜਨ ਫੋਟੋ ਕਾਪੀਆਂ ਕਰਵਾ ਕੇ ਆਪਣੇ ਮਿੱਤਰਾਂ ਤੇਗਿੰਦਰ, ਭਾਅ ਜੀ ਕਰਮਜੀਤ ਅਤੇ ਜਸਪਾਲ ਸਿੰਘ ਸਿੱਧੂ ਨੂੰ ਦਿੱਤੀਆਂ ਸਨ। ਜਸਪਾਲ ਸਿੱਧੂ ਨੂੰ ਘੱਟੋ ਘੱਟ 20 ਕੁ ਵਾਰੀਂ ਫੋਨ ਕੀਤਾ ਕਿ ਉਹ ਬੇਸ਼ੱਕ ਜੋ ਜੀਅ ਆਵੇ ਲਿਖੀ ਜਾਵੇ, ਪਰ ਘੱਟੋ ਘੱਟ ਇਸ ਇਕ ਕਿਤਾਬ ਨੂੰ ਜ਼ਰੂਰ ਹੀ ਨਜ਼ਰਾਂ ਹੇਠੋਂ ਕੱਢ ਛੱਡੇ!
ਰਾਬਰਟ ਫਿਸਕ ਨੇ ਅਲਜੀਰੀਆ ਦੀ ਇਸ ਭਿਆਨਕ ਖਾਨਾਜੰਗੀ ਬਾਰੇ ਜਿਸ ਤਰ੍ਹਾਂ ਦੀ ਹਮਦਰਦੀ ਨਾਲ ਲਿਖਿਆ ਹੈ, ਉਸ ਨੂੰ ਪੜ੍ਹਦਿਆਂ ਆਦਮੀ ਦਾ ਦਿਲ ਅਸੀਮ ਦਰਦ ਨਾਲ ਭਰ ਜਾਂਦਾ ਹੈ। ਇਸ ਭਿਆਨਕ ਅਤੇ ਸਿਰੇ ਦੀ ਬੇਸਿਰਪੈਰ ਖਾਨਾਜੰਗੀ ਵਿਚ ਦੋ ਲੱਖ ਤੋਂ ਵੀ ਵੱਧ ਅਲਜੀਰੀਅਨ ਲੋਕ ਮਾਰੇ ਜਾਂਦੇ ਹਨ।
ਇਹ ਸਾਰਾ ਕੁਝ ਵੇਖ ਸੁਣ ਕੇ ਜਿਸ ਇਕੋ ਇਕ ਚਿੰਤਕ ਦੀ ਯਾਦ ਆਉਂਦੀ ਹੈ, ਉਹ ਅਲਬੇਅਰ ਕਾਮੂ ਹੈ, ਜੋ ਸਦਾ ਸਾਡੇ ਮਨ ਨੂੰ ਮੋਂਹਦਾ ਰਿਹਾ ਹੈ। ਉਹ ਸਾਰੀ ਉਮਰ ਮਾਡਰੇਸ਼ਨ ਦਾ ਮੁੱਦਈ ਰਿਹਾ। ਯਾਂ ਪਾਲ ਸਾਰਤਰ ਨਾਲ ਉਸ ਦੇ ਝਗੜੇ ਦੀ ਵੀ ਇਹੋ ਵਜ੍ਹਾ ਸੀ। ਉਹ ਅਲਜੀਰੀਆ ਵਿਚ ਪੈਦਾ ਹੋਇਆ ਫਰਾਂਸੀਸੀ ਨਾਗਰਿਕ ਸੀ ਅਤੇ ਸਾਰੀ ਉਮਰ ਅਲਜੀਰੀਆ ਦੇ ਸੰਤਾਪ ਨਾਲ ਜੁੜਿਆ ਰਿਹਾ। ਉਸ ਨੇ ਮੁਕਤੀ ਸੰਗਰਾਮੀਆਂ ਨੂੰ ਅੰਨ੍ਹੇਵਾਹ ਬੇਮੁਹਾਰੀ ਹਿੰਸਾ ਦੇ ਰਾਹ ਤੋਂ ਵਰਜਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪ੍ਰੰਤੂ ਕੋਈ ਧਿਰ ਵੀ ਉਸ ਦੀ ਗੱਲ ਸੁਣਨ ਨੂੰ ਰਾਜ਼ੀ ਨਾ ਹੋਈ। ਅਲਜੀਰੀਆ ਬਾਰੇ ਉਸ ਦੇ ਲੇਖ ਦੀ ਕਿਤਾਬ ਪਿਛਲੇ ਵਰ੍ਹੇ ਨਵੇਂ ਸਿਰਿਓਂ ਪ੍ਰਕਾਸ਼ਿਤ ਕੀਤੀ ਗਈ ਹੈ। ਹੁਣ ਸਭਨਾਂ ਨੂੰ ਪਤਾ ਹੈ ਕਿ ਫਰਾਂਜ ਫੈਨਨ ਜਾਂ ਯਾਂ ਪਾਲ ਸਾਰਤਰ ਨਹੀਂ ਬਲਕਿ ਅਲਜੀਰੀਆ ਅੰਦਰ ਭਿਆਨਕ ਹਿੰਸਾ ਦੇ ਸਵਾਲ ਤੇ ਉਸ ਦੀ ਅਤੇ ਕੇਵਲ ਉਸ ਦੀ ਪੁਜ਼ੀਸ਼ਨ ਹੀ ਸੇਨ ਅਤੇ ਵਧੇਰੇ ਸਹੀ ਸੀ।
Ḕਅਲਜੀਰੀਅਨ ਕਰਾਨੀਕਲਜ਼’ ਨਾਂ ਦੀ ਛੋਟੇ ਛੋਟੇ ਖੂਬਸੂਰਤ ਲੇਖਾਂ ਦੀ ਮੁਢਲੀ ਭੂਮਿਕਾ ਅਲਾਈਜ਼ ਕਪਲਾਨ ਨੇ ਲਿਖੀ ਹੈ ਅਤੇ ਇਹ ਹਾਵਰਡ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀ ਹੈ। ਉਤਰਬਸਤੀਵਾਦੀ ਚਿੰਤਨ ਦੇ ਪਿਤਾਮਾ ਫਰਾਂਸ ਫੈਨਨ ਦੀ Ḕਦੁਨੀਆਂ ਭਰ ਦੇ ਦੁਖਿਆਰੇ’ ਸਿਰਲੇਖ ਹੇਠਲੀ ਕਿਤਾਬ ਵਿਚ ਇਨਕਲਾਬੀ ਹਿੰਸਾ ਕਿਤਨੀ ਕੁ ਸਿਰਜਣਾਤਮਕ ਹੋ ਸਕਦੀ ਹੈ, ਇਸ ਦੇ ਭਿਆਨਕ ਨਜ਼ਾਰੇ ਅਲਜੀਰੀਆ ਦੀ ਭੁੱਖੀ ਤੇ ਦੁਖੀ ਲੋਕਾਈ ਨੇ ਸਾਲ 1991 ਤੋਂ 1998 ਦੇ ਸਮੇਂ ਦੌਰਾਨ ਬਥੇਰੇ ਵੇਖ ਲਏ ਹਨ। ਅਲਜੀਰੀਅਨ ਮੁਕਤੀ ਸੰਗਰਾਮੀਆਂ ਨੂੰ ਅੰਨ੍ਹੀ ਬੇਮੁਹਾਰ ਹਿੰਸਾ ਤੋਂ ਵਰਜਣ ਵਿਚ ਅਲਬੇਅਰ ਕਾਮੂ ਦੀ ਨਾਕਾਮੀ ਦੀ ਗੱਲ ਕਰਦਿਆਂ ਮਨ ਵਿਚ ਵਾਰ ਵਾਰ ਅੰਥੋਨੀ ਏਵਰਿਟ ਲਿਖਤ Ḕਸਿਸਰੋ’ ਨਾਂ ਦੀ ਪੁਸਤਕ ਦੇ ਅਨੇਕਾਂ ਹਵਾਲੇ ਮਨ ਵਿਚ ਵਾਰ ਵਾਰ ਉਭਰ ਰਹੇ ਹਨ। ਕਾਮੂ ਤੋਂ ਪੂਰੇ 2000 ਸਾਲ ਪਹਿਲਾਂ ਸਿਸਰੋ ਨੇ ਜੂਲੀਅਸ ਸੀਜ਼ਰ ਅਤੇ ਜਨਰਲ ਪੰਪੋਈ ਨੂੰ ਅਮਨ ਅਮਾਨ ਨਾਲ ਰਹਿਣ ਲਈ ਅਤੇ ਬੇਲੋੜੀ/ਬੇਸਿਰਪੈਰ ਦੀ ਭਿਆਨਕ ਖਾਨਾਜੰਗੀ ਲਈ ਇਕ ਦੂਸਰੇ ਵਿਰੁਧ ਮੈਦਾਨ ਵਿਚ ਉਤਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ, ਪਰ ਉਹ ਮੰਨੇ ਨਹੀਂ ਸਨ।æææਤੇ ਬਾਅਦ ਵਿਚ ਜਿਸ ਕਿਸਮ ਦੇ Ḕਰਚਨਾਤਮਿਕ’ ਸਿੱਟੇ ਉਸ ਨਿਹਾਇਤ ਦੀ ਬੇਲੋੜੀ ਲੜਾਈ ਨੇ ਕੱਢੇ, ਉਸ ਬਾਰੇ ਅਸੀਂ ਗੱਲ ਕਰ ਹੀ ਚੁੱਕੇ ਹਾਂ।
ਅਖੀਰ ਅਸੀਂ ਇਹ ਕਹਿਣਾ ਚਾਹਾਂਗੇ ਕਿ ਅੱਜ ਸਾਨੂੰ ਪ੍ਰੇਰਨਾ ਕਾਰਲ ਮਾਰਕਸ ਦੇ ਸਮਾਜਿਕ ਇਨਸਾਫ ਦੀ ਜਾਮਨੀ ਪ੍ਰਤੀ ਸੇਧ ਮੁੱਹਈਆ ਕਰਦੇ ਸਿਧਾਂਤ ਦੀ ਸਪਿਰਟ ਵਿਚੋਂ ਲੈਣੀ ਪਵੇਗੀ। ਲਿਓਨ ਤਰਾਤਸਕੀ ਦੀ ਸਟਾਲਿਨ ਦੇ ਏਜੰਟਾਂ ਹੱਥੋਂ ਮੁਜ਼ਰਮਾਨਾ ਹੱਤਿਆ ਬਾਰੇ ਜਾਣਨ ਤੋਂ ਪਹਿਲਾਂ Ḕਸਾਡੀਆਂ ਕਦਰਾਂ ਤੇ ਉਨ੍ਹਾਂ ਦੀਆਂ ਕਦਰਾਂ’ ਵਾਲਾ ਕਲਾਸਿਕ ਕਿਤਾਬਚਾ ਵਾਰ ਵਾਰ ਪੜ੍ਹਨਾ ਹੋਵੇਗਾ; ਕਾਮਰੇਡ ਲੈਨਿਨ ਜਾਂ ਫਰਾਂਜ ਫੈਨਨ ਟਕਬੀ ਦੀ ਇੰਤਹਾ ਦੇ ਰੋਹ ਵਾਲੀ ਪਹੁੰਚ ਛੱਡਣੀ ਪਵੇਗੀ।
ਮੁਆਫ ਕਰਨਾ, ਮੇਰਾ ਤਾਂ ਇਹ ਕਹਿਣ ਨੂੰ ਵੀ ਜੀਅ ਕਰਦਾ ਹੈ ਕਿ ਧਰਤੀ ਉਪਰ ਮਨੁੱਖੀ ਹਸਤੀ ਦੇ ਬਚੇ ਰਹਿਣ ਜਾਂ ਸ਼ਾਨਾਂਮੱਤੇ ਅੰਦਾਜ਼ ਵਿਚ ਜਿਊਣ ਦੀ ਸੰਭਾਵਨਾ ਦੇ ਜਾਮਨ ਜੇਕਰ ਬਣਨਾ ਹੈ ਤਾਂ ਭਵਿੱਖ ਦੇ ਭਾਰਤ ਦੇਸ਼ ਅੰਦਰ ਸਮਾਜਵਾਦੀ ਜਮਹੂਰੀ ਨਿਜ਼ਾਮ ਦੀ ਸਿਰਜਣਾ ਦੇ ਪ੍ਰਾਜੈਕਟ ਨਾਲ ਜੁੜੇ ਹੋਏ ਲੋਕ ਪ੍ਰੋæ ਰਣਧੀਰ ਸਿੰਘ ਨੂੰ ਪੜ੍ਹ ਸਕਦੇ ਹਨ ਪ੍ਰੰਤੂ ਰਾਜਨੀਤਕ ਪ੍ਰੋਗਰਾਮ ਦਾ ਏਜੰਡਾ ਤੈਅ ਕਰਨ ਲਈ ਉਨ੍ਹਾਂ ਨੂੰ ਭਾਂਤ ਭਾਂਤ ਦੇ ਆਤਮਿਕ ਤੌਰ ‘ਤੇ ਉਲਾਰ ਤੇ ਗੈਰ ਜ਼ਿੰਮੇਵਾਰ ਮਾਅਰਕੇਬਾਜ਼ਾਂ ਨੂੰ ਅੰਤਿਮ ਟਾਟਾ ਆਖ ਕੇ ਪ੍ਰੇਰਨਾ ਪੰਜਾਬ ਦੀ ਧਰਤੀ ਦੇ ਬਹੁਤ ਹੀ ਅਹਿਮ ਪਰ ਅਣਗੌਲੇ ਚਿੰਤਕ ਭਗਵਾਨ ਸਿੰਘ ਜੋਸ਼ ਦੁਆਰਾ ਲਿਖਤ Ḕਹੈਜਮਨੀ ਇਨ ਇੰਡੀਆ’ ਨਾਂ ਦੀ ਅਹਿਮ ਪੁਸਤਕ ਦੇ ਕੇਂਦਰੀ ਥੀਸਿਜ਼ ਤੋਂ ਲੈਣੀ ਹੋਵੇਗੀ। ਅੱਜ ਲੋੜ ਇਸ ਗੱਲ ਦੀ ਵੀ ਹੈ ਕਿ ਸਿਸਰੋ ਅਤੇ ਅਲਬੇਅਰ ਕਾਮੂ ਦੇ ਸੰਦੇਸ਼ ਵੱਲ ਸੰਜੀਦਗੀ ਨਾਲ ਪਰਤਿਆ ਜਾਵੇ। ਅਜਿਹਾ ਕਰਨ ਤੋਂ ਛੁੱਟ ਕੋਈ ਚਾਰਾ ਨਹੀਂ ਹੈ।
ਹਾਲ ਦੀ ਘੜੀ Ḕਪੰਜਾਬ ਟਾਈਮਜ਼’ ਦੇ ਪਾਠਕ ਇਸ ਅਕਾਊ ਬਿਰਤਾਂਤ ਤੋਂ ਜੇਕਰ ਬੋਰ ਵੀ ਹੋਣ ਤਾਂ ਮੁਆਫ ਕਰਨ। ਪ੍ਰੰਤੂ ਮੈਨੂੰ ਅਜਿਹੀਆਂ ਦੋ ਚਾਰ ਫੋਨ ਕਾਲਾਂ ਦੀ ਉਡੀਕ ਲਾਜ਼ਮੀ ਰਹੇਗੀ ਜੋ ਇਹ ਪੁੱਛਣ ਕਿ ਏਸ਼ੀਆ ਮਾਈਨਰ ਖੇਤਰ ‘ਚ ਸਮਿਰਨਾ ਸ਼ਹਿਰ ਕਿੱਥੇ ਹੈ ਅਤੇ ਉਸ ਦੇ ਵਸਨੀਕਾਂ ਦਾ ਪਿਛੋਂ ਕੀ ਬਣਿਆ। ਮੈਨੂੰ ਤਾਂ ਅਜਿਹੇ ਪਾਠਕਾਂ ਦੀਆਂ ਕਾਲਾਂ ਦੀ ਉਡੀਕ ਵੀ ਨਿਰੰਤਰ ਰਹੇਗੀ ਜੋ ਪੁੱਛਣ ਕਿ ਕਾਮਰੇਡ ਲੈਨਿਨ ਵਰਗਾ ਤਿੱਖੀ ਸੋਝੀ ਵਾਲਾ ਸ਼ਖਸ ਸਟਾਲਿਨ ਦੇ ਕਿਰਦਾਰ ਨੂੰ ਸਮਝਣ ਵਿਚ ਇਨਕਲਾਬ ਤੋਂ ਬਾਅਦ ਉਸ ਦੇ ਖੁਆਬਾਂ ਦੇ ਅਨੁਸਾਰੀ ਸਮਾਜਵਾਦੀ ਨਿਜ਼ਾਮ ਸਿਰਜਣਾ ਦੇ ਪ੍ਰਾਜੈਕਟ ਲਈ ਅਤਿਅੰਤ ਘਾਤਕ ਸਾਬਤ ਹੋਣ ਵਾਲੀ ਬੱਜ਼ਰ ਕੁਤਾਹੀ ਕਿਉਂ ਤੇ ਕਿਵੇਂ ਖਾ ਗਿਆ?
ਕਾਲਜ ਦੇ ਮੁਢਲੇ ਦਿਨਾਂ ਦੌਰਾਨ ਮੇਰੀ ਬਹੁਤ ਥੋੜ੍ਹੇ ਅਰਸੇ ਲਈ ਕਮਿਊਨਿਸਟ ਪਾਰਟੀ ਨਾਲ ਨੇੜਤਾ ਰਹੀ। ਕਮਿਊਨਿਸਟ ਪ੍ਰੈਕਟਿਸ ਦੀ ਸਭ ਤੋਂ ਇਤਰਾਜ਼ਯੋਗ ਗੱਲ ਮੈਨੂੰ ਉਸ ਥੋੜ੍ਹੇ ਜਿਹੇ ਅਰਸੇ ਦੌਰਾਨ ਵੀ ਪਾਰਟੀ ਕੇਡਰ ਤਿਆਰ ਕਰਨ ਲਈ ਉਨ੍ਹਾਂ ਦੇ ਪਾਰਟੀ ਸਕੂਲਿੰਗ ਦੇ ਤਰੀਕਾਕਾਰ ਦੀ ਲੱਗੀ ਸੀ। ਬੱਚਿਆਂ ਜਾਂ ਨੌਜਵਾਨਾਂ ਦੇ ਮਨ ਦੀ ਕਿਸੇ ਕਿਸਮ ਦੀ ਵਿਚਾਰਧਾਰਾ ਲਈ ਵੀ ਕੰਡੀਸ਼ਨਿੰਗ ਦੀ ਕੋਈ ਵੀ ਕੋਸ਼ਿਸ਼ ਮੈਨੂੰ ਠੀਕ ਨਹੀਂ ਲੱਗਦੀ। ਮੈਂ ਸਾਰੀ ਜ਼ਿੰਦਗੀ ਆਪਣੇ ਮਿੱਤਰਾਂ, ਯਾਰਾਂ ਅਤੇ ਸੰਪਰਕ ਵਿਚ ਆਉਣ ਵਾਲੇ ਮੁੰਡਿਆਂ-ਕੁੜੀਆਂ ਨੂੰ ਹਮੇਸ਼ਾਂ ਜ਼ਿੰਦਗੀ ਨੂੰ ਵਧੇਰੇ ਸ਼ਿੱਦਤ ਨਾਲ ਅਤੇ ਵੱਧ ਸੁਜੱਗ ਰੂਪ ਵਿਚ ਜਿਉਣ ਲਈ ਲਗਾਤਾਰ ਪੜ੍ਹਨ ਲਈ ਪ੍ਰੇਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੋਡ ਹਮੇਸ਼ਾ ਇਹ ਹੀ ਰਿਹਾ ਹੈ ਕਿ ਇਹ ਵੀ, ਆਹ ਵੀ ਅਤੇ ਔਹ ਵੀ ਪੜ੍ਹ ਕੇ ਵੇਖਿਆ ਜਾਵੇ।
ਪ੍ਰਭਸ਼ਰਨਦੀਪ ਸਿੰਘ ਵੱਲੋਂ ਮੇਰੇ ਖਿੱਲੀ ਉਡਾਏ ਜਾਣ ਤੋਂ ਬਾਅਦ ਪਾਠਕਾਂ ਦੀ ਕਚਹਿਰੀ ਵਿਚ ਆਪਣਾ ਸਪਸ਼ਟੀਕਰਨ ਦੇਣ ਦੇ ਬਹਾਨੇ ਇਹ ਜੋ ਕੁਝ ਮੈਂ ਲਿਖਿਆ ਹੈ, ਇਹ ਮੇਰੇ ਮਿਸ਼ਨ ਜਾਂ ਪ੍ਰਾਜੈਕਟ ਦਾ ਹਿੱਸਾ ਮਾਤਰ ਹੈ। ਮੈਂ ਲੇਖਕ ਨਹੀਂ ਹਾਂ, ਮੈਂ ਕਦੀ ਕੋਈ ਲੇਖ ਨਹੀਂ ਲਿਖਿਆ, ਮੈਂ ਸਦਾ ਆਪਣੇ ਮਿੱਤਰਾਂ ਨਾਲ ਗੱਲਾਂ ਕੀਤੀਆਂ ਹਨ ਅਤੇ ਐਹ ਜੋ ਲਿਖਿਆ ਹੈ ਇਸ ਨੂੰ ਗੱਲਬਾਤ ਦੀ ਨਿਰੰਤਰ ਉਸੇ ਲੜੀ ਦੇ ਹਿੱਸੇ ਵਜੋਂ ਸਵੀਕਾਰ ਕੀਤਾ ਜਾਵੇ।
ਸਾਡੇ ਅਤਿਅੰਤ ਸਤਿਕਾਰਤ ਲਾਲੀ ਬਾਬਾ ਜੀ ਆਪਣੇ ਸਰੋਤਿਆਂ ਨੂੰ ਸਦਾ ਦਿਨ ‘ਚ ਘੱਟੋ ਘੱਟ ਇਕ ਵਾਰ ਲਾਇਬਰੇਰੀ ਦਾ ਗੇੜਾ ਮਾਰਨ ਲਈ ਇਹ ਦੱਸਦਿਆਂ ਕਿਹਾ ਕਰਦੇ ਸਨ ਕਿ ਕਿਤਾਬਾਂ ਦੇ ਸ਼ੈਲਫ ‘ਚ ਹੱਥ ਮਾਰੋਗੇ, ਕਿਤਾਬਾਂ ਤੋਂ ਘੱਟਾ ਝਾੜੋਗੇ, ਹਰ ਵਾਰ ਕੁਝ ਨਾ ਕੁਝ ਜ਼ਰੂਰ ਮਿਲੇਗਾ, ਜੋ ਕਿ ਮੁੱਲਵਾਨ ਹੋਵੇਗਾ। ਲਾਲੀ ਬਾਬਾ ਜੀ ਅਨੁਸਾਰ ਲਾਇਬਰੇਰੀ ਤੋਂ ਵੱਧ ਪਵਿੱਤਰ ਕੋਈ ਮੰਦਰ ਜਾਂ ਮਸਜਿਦ ਵੀ ਨਹੀਂ। ਕੀ ਕੋਈ ਵੀ ਵਧੀਆ ਕਿਤਾਬ ਪੜਨ ਪਿੱਛੋਂ ਮਾਨ ਸਰੋਵਰ ਝੀਲ਼ ਵਰਗੇ ਕਿਸੇ ਰਹੱਸਮਈ ਸਥਾਨ ਦੀ ਯਾਤਰਾ ਕਰ ਲੈਣ ਜਿਹਾ ਰੱਜ ਨਹੀਂ ਆ ਜਾਂਦਾ? ਸਾਲ 1971 ਦੀਆਂ ਸਰਦੀਆਂ ਦੀ ਰੁੱਤੇ ਸਟਾਲਿਨ ਦੇ ਤਸੀਹਾ ਕੈਂਪ ਵਿਚਲੇ ਜੀਵਨ ਵਿਚਲੇ ਸੋਲਜ਼ੇਨਿਸਤਨ ਦੇ Ḕਦਾ ਫਾਸਟ ਸਰਕਲ’ ਨਾਂ ਦਾ ਵੱਡ ਅਕਾਰੀ ਨਾਵਲ ਪੜ੍ਹ ਕੇ ਮੈਨੂੰ ਕੁਝ ਇਸੇ ਤਰ੍ਹਾਂ ਦਾ ਅਹਿਸਾਸ ਹੀ ਤਾਂ ਹੋਇਆ ਸੀ। ਅਖੀਰ ਵਿਚ ਸਟਾਲਿਨ-ਤਰਾਤਸਕੀ ਵਿਚਾਲੇ ਭਿਆਨਕ ਸਿੱਟਿਆਂ ਵਾਲੇ ਬਖਾਧ ਬਾਰੇ ਪੜ੍ਹਨ ਅਤੇ ਜਾਨਣ ਲਈ ਅਸੀਂ ਆਪਣੇ ਮਿੱਤਰਾਂ ਅਤੇ ਸਨੇਹੀਆਂ ਨੂੰ ਵਾਰ ਵਾਰ ਕਹਿੰਦੇ ਰਹਾਂਗੇ। ਆਖਰ ਉਹ ਮਾਨਵਤਾ ਦਾ ਸਭ ਤੋਂ ਹੁਸੀਨ ਖੁਆਬ ਸੀ ਜਿਸ ਨੂੰ ਸਾਕਾਰ ਕਰਨ ਲਈ ਸੋਵੀਅਤ ਖੁਫੀਆ ਪੁਲਿਸ Ḕਚੇਕਾ’ ਦੇ ਬਾਨੀ ਫੈਲਿਕਸ ਜ਼ਰਜਿੰਕਸਕੀ ਸਮੇਤ ਹੀਰਿਆਂ ਵਰਗੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਦੀਆਂ ਆਹੁਤੀਆਂ ਦਿੱਤੀਆਂ।
ਪੰਜਾਬੀ ਸੱਥ ਵਾਲੇ ਡਾæ ਨਿਰਮਲ ਸਿੰਘ ਲਾਂਬੜਾ ਪਿਛਲੇ 45 ਕੁ ਵਰ੍ਹਿਆਂ ਤੋਂ ਸਾਡੇ ਕਰੀਬੀ ਮਿੱਤਰ ਹਨ। ਮੇਰੇ ਤਰਾਤਸਕੀ ਵਾਲੇ ਲੇਖ ਬਾਰੇ ਫੋਨ ਤੇ ਗੱਲ ਕਰਦਿਆਂ ਉਹ ਦੱਸ ਰਹੇ ਸਨ ਕਿ ਪੰਜਾਬ ਦਾ ਵਾਤਾਵਰਨ ਇਨ੍ਹਾਂ ਸਮਿਆਂ ਵਿਚ ਇੰਨਾ ਪ੍ਰਦੂਸ਼ਤ ਹੈ ਕਿ ਘਰਾਂ Ḕਚ ਮਿਲਣ ਵਾਲੀਆਂ ਚਿੜੀਆਂ ਬਿਲਕੁਲ ਹੀ ਲੋਪ ਹੋ ਗਈਆਂ ਹਨ। ਪੰਜਾਬ ਦਾ ਪਾਣੀ ਅੱਜਕੱਲ਼੍ਹ ਸਭਨਾਂ ਥਾਂਵਾਂ ‘ਤੇ ਢਾਈ ਤਿੰਨ ਸੌ ਫੁੱਟ ਹੇਠਾਂ ਚਲਿਆ ਗਿਆ ਹੈ। ਪਾਣੀ ਵੈਸੇ ਵੀ ਪੀਣ ਯੋਗ ਨਹੀਂ ਰਿਹਾ। ਪਹਿਲਾਂ ਧਰਤੀ ਹੇਠਲਾ ਪਾਣੀ ਖਰਾਬ ਹੁੰਦਿਆਂ-ਹੁੰਦਿਆਂ 25-30 ਸਾਲ ਦਾ ਸਮਾਂ ਲੱਗਦਾ ਸੀ ਪਰ ਅੱਜਕੱਲ੍ਹ ਹਰ ਵਰ੍ਹੇ ਛਿਮਾਹੀ ਪਿਛੋਂ ਖਰਾਬ ਹੋਣ ਦੇ ਰਾਹ ਪੈ ਗਿਆ ਹੈ। ਵਿਕਾਸ ਦੇ ਨਾਂ ‘ਤੇ ਅੰਨ੍ਹੇ ਉਪਭੋਗੀ ਤੰਤਰ ਦੀ ਸਥਿਤੀ ਦੇ ਨਤੀਜੇ ਵਜੋਂ ਖੁਰਾਕੀ ਵਸਤਾਂ ਅੰਦਰ ਹਾਨੀਕਾਰਕ ਰਸਾਇਣਕ ਇਉਂ ਆ ਗਏ ਹਨ ਕਿ ਆਉਣ ਵਾਲੀਆਂ ਨਸਲਾਂ ਦੀ ਦਿਮਾਗੀ ਦਸ਼ਾ ‘ਤੇ ਦੁਰਪ੍ਰਭਾਵ ਪੈਣ ਲੱਗਾ ਹੈ। ਗਲੋਬਲ ਵਾਰਮਿੰਗ ਦਾ ਖਤਰਾ ਵਿਕਰਾਲ ਰੂਪ ਧਾਰਨ ਕਰੀ ਖੜਾ ਹੈ। ਧਰਤੀ ਉਪਰ ਪੂਰੀ ਇਨਸਾਨੀ ਨਸਲ ਲਈ ਸਮੂਹਿਕ ਵਿਨਾਸ਼ ਦਾ ਜਿਸ ਕਿਸਮ ਦਾ ਖ਼ਤਰਾ ਅੱਜ ਹੈ ਉਹ ਪਹਿਲਾਂ ਇਤਿਹਾਸ ਦੇ ਕਿਸੇ ਮੋੜ ‘ਤੇ ਵੀ ਨਹੀਂ ਸੀ। ਇਸ ਕਰਕੇ ਪਹਿਚਾਣ ਦੇ ਨਾਂ ‘ਤੇ ਜਾਂ ਕਿਸੇ ਹੋਰ ਸਰੋਕਾਰ ਦੇ ਤਹਿਤ ਰਾਜਨੀਤੀ ਕਰਨ ਵਾਲੇ ਮਾਅਰਕੇਬਾਜ ਸਿਆਸਤਦਾਨਾਂ ਤੋਂ ਸਾਵਧਾਨ ਰਹਿਣ ਦੀ ਜਿਤਨੀ ਲੋੜ ਅੱਜ ਹੈ ਉਹ ਪਹਿਲਾਂ ਕਦੇ ਵੀ ਨਹੀਂ ਸੀ: ਪਹਿਚਾਣ ਦੀ ਰਾਜਨੀਤੀ ਕਰੋ-ਪਰ ਜ਼ਰਾ ਬੋਚ ਕੇ। ਇਸ ਨੂੰ ਨਿਰੰਤਰ ਤੂਲ਼ ਦੇ ਕੇ ਕੀ ਕਰੋਗੇ ਜੇ ਕਿਤੇ ਵੱਖਰੀ ਪਹਿਚਾਣ ਦੀ ਜਿੱਦ ਕਰਨ ਵਾਲਾ ਇਨਸਾਨ ਹੀ ਨਾ ਰਿਹਾ!
ਮੇਰੇ ਇਸ ਪ੍ਰਤੀਕਰਮ ਤੋਂ ਪਹਿਲਾਂ ਪ੍ਰਭਸ਼ਰਨਦੀਪ ਸਿੰਘ ਦਾ ਅਰਵਿੰਦਪਾਲ ਸਿੰਘ ਮੰਡੇਰ ਦੀ ਪੁਸਤਕ ਬਾਰੇ ਇਕ ਲੰਮਾ ਲੇਖ ਪੰਜਾਬ ਟਾਈਮਜ਼ ਦੇ ਪੰਨਿਆਂ Ḕਤੇ ਛਪ ਚੁਕਾ ਹੈ, ਦੋ ਸ਼ਬਦ ਉਸ ਬਾਰੇ ਵੀ ਕਹਿਣਾ ਚਾਹਾਂਗਾ। ਨਿੱਜੀ ਤੌਰ ‘ਤੇ ਮੈਨੂੰ ਪ੍ਰੋæ ਭੁਪਿੰਦਰ ਸਿੰਘ ਦੀ ਪਹੁੰਚ ਇਸ ਕਰਕੇ ਵੀ ਸਹੀ ਲੱਗਦੀ ਹੈ ਕਿ ਉਨ੍ਹਾਂ ਸਿੱਖ ਧਰਮ ਦੀ ਆਮਦ ਦਾ ਰੈਸ਼ਨੇਲ ਅਤੇ ਇਸ ਦੀ ਅਜੋਕੀ ਪ੍ਰਸੰਗਿਕਤਾ ਲਿਖਦਿਆਂ ਇਸ ਵਿਚ ਅੰਗਰੇਜ਼ਾਂ ਜਾਂ ਹਿੰਦੂਆਂ ਦੀ ਸਾਜਿਸ਼ ਜਾਂ ਕਿਸੇ Ḕਅਨੁਵਾਦ ਦੀ ਰਾਜਨੀਤੀ’ ਦੇ ਸਿਰ ਦੋਸ਼ ਅਰੋਪਣ ਨਹੀਂ ਕੀਤਾ ਹੈ। ਹੀਗਲ ਹੀਗਲ ਦਾ ਬੇਲੋੜਾ ਰੌਲਾ ਨਹੀਂ ਹੈ ਅਤੇ ਜਰਮਨ ਫਲਾਸਫਰਾਂ ਵਾਲਾ ਸ਼ਬਦ ਜਾਲ ਤੇ Ḕਦਰਸ਼ਨ ਦਿੱਗ ਦਰਸ਼ਨ’ ਵਾਲਾ ਅਡੰਬਰ ਵੀ ਕਿੱਧਰੇ ਨਹੀਂ ਹੈ। ਨਾਲ ਹੀ ਯਾਦ ਰਹੇ ਕਿ ਸਾਡਾ ਪ੍ਰਤੀਕਰਮ ਪ੍ਰੋæ ਅਰਵਿੰਦਪਾਲ ਸਿੰਘ ਮੰਡੇਰ ਦੀ ਕਲਾਸਿਕ ਪੁਸਤਕ ‘ਰਿਲੀਜਨ ਐਂਡ ਦਿ ਸਪੈਕਟਰ ਆਫ ਦਿ ਵੈਸਟ’ ਉਪਰ ਨਹੀਂ ਬਲਕਿ ਪ੍ਰਭਸ਼ਰਨਦੀਪ ਸਿੰਘ ਵੱਲੋਂ ਕੀਤੇ ਜਾ ਰਹੇ ਇਸ ਪੁਸਤਕ ਦੇ ‘ਅਨੁਵਾਦ’ ਉਪਰ ਹੈ।
ਸਾਡੀ ਇਹ ਵੀ ਸਮਝ ਹੈ ਕਿ ਹੀਗਲ ਦਾ ਚਿੰਤਨ ਕੋਈ ਅਚਾਨਕ ਵਾਪਰਿਆ ਵਰਤਾਰਾ ਨਹੀਂ ਸੀ। ਉਸ ਦੇ ਪਿੱਛੇ ਡੇਕਾਰਟ, ਰੂਸੋ ਅਤੇ ਕਾਂਤ ਵਰਗੇ ਮਹਾਨ ਚਿੰਤਕ ਆਪਣੀਆਂ ਸਭ ਸੰਭਾਵਨਾਵਾਂ ਅਤੇ ਸੀਮਾਵਾਂ ਦੇ ਨਾਲ-ਨਾਲ ਤਾਂ ਖੜੇ ਹੀ ਸਨ, ਯੂਰਪ ਦਾ ਧਰਮ ਦੀ ਹਿੰਸਕ ਭੂਮਿਕਾ ਨਾਲ ਓਤ-ਪੋਤ ਪੂਰਾ ਇਤਿਹਾਸ ਅਤੇ ਬੁਰੀ ਤਰ੍ਹਾਂ ਉਲਝਿਆ ਹੋਇਆ ਤੇ ਸਮਾਂ ਵਿਹਾ ਚੁੱਕਾ ਸਮਾਜਕ ਤਾਣਾ-ਬਾਣਾ ਵੀ ਖੜਾ ਸੀ। ਫਿਰ ਹੀਗਲ ਦੀਆਂ ਸੰਭਾਵਨਾਵਾਂ ਨੂੰ ਕਾਰਲ ਮਾਰਕਸ ਨੇ ਕਿਵੇਂ ਬੇਪਰਦ ਕੀਤਾ, ਉਸ ਦਾ ਵੀ ਸਭ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ। ਧਰਮ ਦੀ ਸਦਾ ਹੀ ਦੂਹਰੀ ਭੂਮਿਕਾ ਰਹੀ ਹੈ। ਕਿਸੇ ਵੀ ਪਗ਼ੰਬਰ ਤੋਂ ਬਾਅਦ ਇਕ ਧਿਰ ਸਦਾ ਹੀ ਭਜਨ ਬੰਦਗੀ ਤੇ ਰੱਬੀ ਰਜਾ Ḕਚ ਰਹਿ ਕੇ ਰੱਬ ਸੱਚੇ ਦਾ ਭਾਣਾ ਮੰਨਣ ਵਾਲਾ ਪਾਸਾ ਉਭਾਰਦੀ ਰਹੀ ਹੈ, ਜਦੋਂ ਕਿ ਦੂਸਰੀ ਧਿਰ ਸਮੇਂ-ਸਮੇਂ ਤੇ ਹੱਕ ਸੱਚ ਤੇ ਇਨਸਾਫ ਖਾਤਰ ਖੰਡਾ ਖੜਕਾਉਣ ਵਾਲੇ ਪਾਸੇ ਜ਼ੋਰ ਦਿੰਦੀ ਰਹੀ ਹੈ। ਸਾਨੂੰ ਇਹ ਵੀ ਪਤਾ ਹੈ ਕਿ ਧਰਮ ਦੇ ਇਸੇ ਦੂਸਰੇ ਪੱਖ ਨੂੰ ਉਭਾਰਨ ਵਾਲੇ ਲਾਤੀਨੀ, ਅਮਰੀਕੀ ਦੇਸ਼ਾਂ ਅੰਦਰ ਮੁਕਤੀ ਸੰਗਰਾਮੀਆਂ ਦੇ ਪੱਖ ਵਿਚ ਖੜਨ ਵਾਲੇ ਚਿੰਤਕਾਂ ਵੱਲੋਂ Ḕਥਿਊਲੋਜੀ ਆਫ਼ ਲਿਬਰੇਸ਼ਨ’ ਦੇ ਉਨਵਾਨ ਹੇਠ ਗੱਡਿਆਂ ਦੇ ਗੱਡੇ ਪੁਸਤਕਾਂ ਲਿਖੀਆਂ ਗਈਆਂ ਸਨ। ਇਨਸਾਫ ਆਧਾਰਤ ਸਮਾਜ ਦੀ ਸਿਰਜਣਾ ਖਾਤਰ ਧਰਮ ਤੋਂ ਪ੍ਰੇਰਣਾ ਲਈ ਜਾ ਸਕਦੀ ਹੈ। ਕੋਈ ਜੰਮ ਜੰਮ ਕੇ ਲਵੇ, ਕੋਈ ਰੌਲਾ ਨਹੀਂ ਪਰ ਜਿਸ ਮਾਨਵ ਦੋਖੀ ਨਿਜ਼ਾਮ ਵਿਰੁਧ ਲੜਨਾ ਹੈ-ਉਸ ਦਾ ਅਧਿਐਨ ਕਰਕੇ ਨਵੇਂ ਸਮਾਜ ਦੀ ਉਸਾਰੀ ਲਈ ਕੋਈ ਨਾ ਕੋਈ Ḕਠੋਸ ਖਾਕਾ’ ਤਾਂ ਬਣਾਉਣਾ ਹੀ ਪਵੇਗਾ।
ਇਸ ਨੁਕਤੇ ‘ਤੇ ਸਾਡਾ ਵਿਸਵਾਸ਼ ਹੈ ਕਿ ਕਾਰਲ ਮਾਰਕਸ ਦੇ ਚਿੰਤਨ ਦੀ ਇਤਿਹਾਸ ਦੇ ਹਾਲੀਆ ਤਕਾਜ਼ਿਆਂ ਅਨੁਸਾਰ ਕੋਈ ਨਾ ਕੋਈ ਨਵੀਂ ਅਤੇ ਢੁੱਕਵੀਂ ਪੜਤ ਬਣਾਉਣੀ ਦਰਕਾਰ ਹੋਵੇਗੀ। ਸੋ, ਭਾਰਤ ਵਿਚ ਅੰਗਰੇਜ਼ ਜਾਂ ਅਲਜ਼ੀਰੀਆ ਵਿਚ ਫਰਾਂਸੀਸੀ ਕਿਸ ਦੇ ਪਾਣੀਹਾਰ ਸਨ? ਭਾਰਤ ਵਿਚ ਅੰਗਰੇਜ਼ਾਂ ਨੇ ਸਿੱਖ ਭਾਈਚਾਰੇ ਉਪਰ ਸਿੱਖ ਧਰਮ ਦੀ ਭਜਨ ਬੰਦਗੀ ਵਾਲੀ ਸੋਚ ਕਿਸੇ ਸਾਜਿਸ਼ ਦੇ ਤਹਿਤ ਕੀ ਅਰੋਪਤ ਕਰ ਦੇਣੀ ਸੀ। ਇਹ ਸਭ ਵਾਧੂ ਦੀਆਂ ਖੁਰਾਫਾਤਾਂਸ ਹਨ। ਸਧਾਰਣੀਕਰਨ ਦੀ ਆਖਿਰ ਕੋਈ ਸੀਮਾ ਵੀ ਤਾਂ ਹੋਣੀ ਚਾਹੀਦੀ ਹੈ। ਪੂਰਵੀ ਜਾਂ ਅਫਰੀਕੀ ਦੇਸ਼ਾਂ ਅੰਦਰ ਉਨੀਵੀਂ ਸਦੀ ਤੋਂ ਪੱਛਮ ਦਾ ਸਾਰਥਕ ਤੇ ਰਾਜਨੀਤਕ ਗਲਬਾ ਕਿਉਂ Ḕਤੇ ਕਿਵੇਂ ਸਥਾਪਿਤ ਹੋਇਆ, ਉਹ ਹੋਰ ਗੱਲ ਸੀ, ਉਸ ਦਾ ਸਭ ਨੂੰ ਪਤਾ ਹੀ ਹੈ। ਸਿੱਖ ਧਰਮ, ਇਸਲਾਮ, ਹਿੰਦੂ ਧਰਮ ਜਾਂ ਬੁੱਧ ਧਰਮ ਉਪਰ ਪੱਛਮ ਦਾ ਪ੍ਰੇਤ ਸਾਇਆ ਨਹੀਂ ਹੈ। ਜਾਂ ਇਉਂ ਕਹਿ ਲਵੋ ਸਿੱਖ, ਹਿੰਦੂ, ਮੁਸਲਿਮ ਅਤੇ ਸ਼੍ਰੀਲੰਕਾ ਦੇ ਬੋਧੀ ਕਿਸੇ ਨੂੰ ਕੀ ਸਿਆਣਦੇ ਹਨ!
ਅਖੀਰ ਵਿਚ ਸਾਡੀ ਤਾਂ ਇੰਨੀ ਗੁਜਾਰਿਸ਼ ਹੈ ਕਿ ਕਿਸੇ ਵੀ ਧਰਮ ਦੇ ਕੇਂਦਰੀ ਸਰੋਕਾਰਾਂ ਨਾਲ ਕਿਸੇ ਦਾ ਵੀ ਕੀ ਰੌਲਾ ਹੋ ਸਕਦਾ ਹੈ। ਗੱਲ ਧਾਰਮਿਕਤਾ ਜਾਂ ਧਰਮ-ਨਿਰਪੇਖਤਾ ਦੀ ਨਹੀਂ ਹੈ, ਸਵਾਲ ਤਾਂ ਇਹ ਹੈ ਕਿ ਅਜੋਕੇ ਸੰਸਾਰ ਲਈ ਧਰਮ ਦੀ ਸਾਰਥਿਕਤਾ ਨੂੰ ਉਸ ਤਰ੍ਹਾਂ ਸਥਾਪਿਤ ਕੀਤਾ ਜਾਵੇ ਜਿਵੇਂ ਇਰਾਨੀ ਚਿੰਤਕ ਅਲੀ ਸ਼ਰਾਅਤੀ ਕਰਦਾ ਹੈ ਜਾਂ ਜਿਆਉਦੀਨ ਸਰਦਾਰ ਕਰ ਰਿਹਾ ਹੈ, ਜਾਂ ਜਿਸ ਤਰ੍ਹਾਂ ਦਾ ਯਤਨ ਪ੍ਰੋæ ਭੁਪਿੰਦਰ ਨੇ ਕੀਤਾ ਹੈ। ਇਸ ਤਰ੍ਹਾਂ ਬਿਲਕੁਲ ਨਹੀਂ ਜਿਸ ਤਰ੍ਹਾਂ ਦਾ ਆਇਤੁਲਾ ਖੁਮੀਨੀ ਨੇ ਕੀਤਾ ਹੈ ਜਾਂ ਜਿਸ ਤਰ੍ਹਾਂ ਦਾ ਅਫਗਾਨਿਸਤਾਨ ਵਿਚ ਤਾਲਿਬਾਨ ਲੜਾਕੇ ਅਜੇ ਵੀ ਕਰਨ ਦਾ ਯਤਨ ਕਰ ਰਹੇ ਹਨ। ਇਸ ਤਰ੍ਹਾਂ ਕਰਕੇ ਜ਼ਿੰਦਗੀ ਦਾ ਕੱਖ ਵੀ ਨਹੀਂ ਸੰਵਰੇਗਾ।
ਅੰਤਿਕਾ: ਅਖੀਰ Ḕਪੰਜਾਬ ਟਾਈਮਜ਼’ ਦੇ ਮਾਧਿਅਮ ਰਾਹੀਂ ਆਪਣੇ ਮਿੱਤਰਾਂ ਲਈ ਸਾਡੀ ਗੁਜ਼ਾਰਿਸ਼ ਇਹ ਹੈ ਕਿ ਅਸੀਂ ਵੀ ਸੁਪਨਸਾਜ਼ ਹਾਂ ਅਤੇ ਸਾਡੀ ਵੀ ਚਾਹਤ ਹੈ ਕਿ ਕਦੀ ਨਾ ਕਦੀ ਸੰਸਾਰ ਅਜਿਹਾ ਸੋਹਣਾ ਬਣ ਜਾਵੇ ਜਿੱਥੇ ਹਰੇਕ ਨੌਜਵਾਨ ਕੁੜੀਆਂ ਮੁੰਡੇ ਆਪੋ-ਆਪਣੀ ਦਾਦੀ ਮਾਂ ਤੇ ਮਾਂ ਦੀਆਂ ਅਸੀਸਾਂ ਦੀ ਲੋਅ ਵਿਚ ਆਪਣੀ ਜ਼ਿੰਦਗੀ ਨੂੰ ਰਚਨਾਤਮਕ ਢੰਗ ਨਾਲ ਵਿਉਂਤਦਿਆਂ ਟੁੱਟ ਕੇ ਮੁਹੱਬਤ ਕਰਨ ਤੇ ਮਨ ਹੀ ਮਨ ਅੰਦਰ ਅਸਮਾਨ ਦੇ ਸਫ਼ੇ ‘ਤੇ ਸਾਰੀ ਉਮਰ ਨਿਰੰਤਰ ਖ਼ਤ ਲਿਖਦੇ ਰਹਿਣ। ਕੀ ਇਹੋ ਕਾਰਲ ਮਾਰਕਸ ਤੇ ਉਸ ਦੇ ਸਭ ਤੋਂ ਵੱਧ ਹੋਣਹਾਰ ਸ਼ਾਗਿਰਦ ਲਿਉਨ ਤਰਾਤਸਕੀ ਦਾ ਸੁਪਨਾ ਤੇ ਸਰੋਕਾਰ ਨਹੀ ਸੀ!
(ਸਮਾਪਤ)

Be the first to comment

Leave a Reply

Your email address will not be published.