ਕਾਂਗਰਸ-ਭਾਜਪਾ: ਤੂੰ ਮੈਨੂੰ ਕਾਜ਼ੀ ਕਹਿ, ਮੈਂ ਤੈਨੂੰ ਮੁੱਲਾਂ ਮੰਨੂੰ

-ਜਤਿੰਦਰ ਪਨੂੰ
ਭਾਰਤ ਦੀ ਪੰਦਰਵੀਂ ਲੋਕ ਸਭਾ ਆਪਣੀ ਉਮਰ ਦੇ ਭਾਵੇਂ ਹਾਲੇ ਕੁਝ ਹਫਤੇ ਹੋਰ ਮਾਣਨ ਦਾ ਹੱਕ ਰੱਖਦੀ ਹੈ, ਪਰ ਹੁਣ ਇਸ ਦਾ ਕੋਈ ਇਜਲਾਸ ਨਹੀਂ ਹੋਣਾ। ਇਸ ਦੀ ਸਰਗਰਮੀ ਦਾ ਲਗਭਗ ਭੋਗ ਪੈ ਗਿਆ ਹੈ। ਬਾਹਲੇ ਖਾਸ ਹਾਲਾਤ ਪੈਦਾ ਹੋ ਜਾਣ Ḕਤੇ ਇਸ ਦਾ ਕੋਈ ਐਮਰਜੈਂਸੀ ਇਜਲਾਸ ਬੁਲਾਉਣਾ ਪੈ ਜਾਵੇ, ਇਹੋ ਜਿਹੀ ਸਥਿਤੀ ਵੀ ਨਜ਼ਰ ਨਹੀਂ ਆ ਰਹੀ। ਇੱਕੀ ਫਰਵਰੀ ਦਾ ਦਿਨ ਇਸ ਦੀ ਵਿਦਾਇਗੀ ਦਾ ਦਿਨ ਬਣ ਗਿਆ ਅਤੇ ਇਸ ਮੌਕੇ ਦੀ ਕਾਰਵਾਈ ਇਸ ਤਰ੍ਹਾਂ ਜਾਪਦੀ ਸੀ, ਜਿਵੇਂ ਫਿਲਮਾਂ ਵਿਚ ਲੰਮੀ ਲੜਾਈ ਮਗਰੋਂ ਦੋ ਧਿਰਾਂ ਦਾ ਸਮਝੌਤਾ ਹੋ ਜਾਣ ਪਿੱਛੋਂ ਇੱਕ ਦੂਸਰੇ ਨਾਲ ਮੋਹ ਦਾ ਪ੍ਰਗਟਾਵਾ ਕਰਨ ਵਿਚ ਇਸ ਹੱਦ ਤੱਕ ਚਲੇ ਜਾਂਦੀਆਂ ਹਨ ਕਿ ਦਰਸ਼ਕਾਂ ਵਿਚੋਂ ਭਾਵੁਕ ਕਿਸਮ ਦੇ ਕੁਝ ਲੋਕ ਅੱਖਾਂ ਪੂੰਝਣ ਲੱਗ ਪੈਂਦੇ ਹਨ। ਉਨ੍ਹਾਂ ਨੂੰ ਸਾਰੀ ਫਿਲਮ ਵਿਚ ਹੁੰਦਾ ਰਿਹਾ ਛਿੱਤਰ-ਪੌਲਾ ਤੇ ਕੱਢੀਆਂ ਗਈਆਂ ਗੰਦੀਆਂ ਗਾਲ੍ਹਾਂ ਵੀ ਯਾਦ ਨਹੀਂ ਰਹਿੰਦੀਆਂ। ਇਹੋ ਕੁਝ ਪਾਰਲੀਮੈਂਟ ਦੇ ਆਖਰੀ ਦਿਨ ਹੋਇਆ ਹੈ।
ਕੀ ਇਹ ਛੋਟੀ ਜਿਹੀ ਗੱਲ ਸੀ ਕਿ ਵਿਰੋਧੀ ਧਿਰ ਦੀ ਜਿਹੜੀ ਲੀਡਰ ਸੁਸ਼ਮਾ ਸਵਰਾਜ ਨੇ ਕਦੀ ਕੋਈ ਮੌਕਾ ਸੁੱਕਾ ਨਹੀਂ ਸੀ ਜਾਣ ਦਿੱਤਾ ਤੇ ਹਰ ਵਕਤ ਸੋਨੀਆ ਗਾਂਧੀ ਤੇ ਡਾæ ਮਨਮੋਹਨ ਸਿੰਘ ਦੇ ਗਿੱਟੇ ਸੇਕਣ ਨੂੰ ਤਿਆਰ ਰਹਿੰਦੀ ਸੀ, ਉਹ ਉਨ੍ਹਾਂ ਦੀਆਂ ਸਿਫਤਾਂ ਕਰਨ ਲੱਗ ਪਈ? ਇੱਕ ਮੌਕਾ ਇਸ ਦੇਸ਼ ਦੇ ਲੋਕਾਂ ਨੇ ਉਹ ਵੀ ਵੇਖਿਆ ਸੀ, ਜਦੋਂ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੇ ਵਿਰੋਧ ਲਈ ਸੁਸ਼ਮਾ ਸਵਰਾਜ ਨੇ ਸਿਰ ਮੁਨਾ ਦੇਣ, ਪਲੰਘ ਛੱਡ ਕੇ ਭੁੰਜੇ ਸੌਣ ਅਤੇ ਰੋਟੀ ਦੀ ਥਾਂ ਭੁੱਜੇ ਛੋਲੇ ਚੱਬਣ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰੀ ਉਹੋ ਬੀਬੀ ਸੁਸ਼ਮਾ ਇਹ ਕਹਿ ਰਹੀ ਸੀ ਕਿ ਸੋਨੀਆ ਗਾਂਧੀ ਇਸ ਦੇਸ਼ ਦੀ ਬੜੀ ਸ਼ਾਨਾਂ-ਮੱਤੀ ਔਰਤ ਹੈ। ਪ੍ਰਧਾਨ ਮੰਤਰੀ ਦੇ ਉਸੇ ਸਾਊ ਸੁਭਾਅ ਦੀਆਂ ਉਹ ਸਿਫਤਾਂ ਕਰਦੀ ਨਹੀਂ ਸੀ ਥੱਕ ਰਹੀ, ਜਿਸ ਸੁਭਾਅ ਦੇ ਕਾਰਨ ਉਹ ਆਪ ਤੇ ਉਸ ਦੀ ਪਾਰਟੀ ਦੇ ਆਗੂ ਇਸੇ ਪ੍ਰਧਾਨ ਮੰਤਰੀ ਨੂੰ ਸੋਨੀਆ ਗਾਂਧੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਖਿਡੌਣਾ ਆਖਦੇ ਸਨ। ਪ੍ਰਧਾਨ ਮੰਤਰੀ ਨੇ ਵੀ ਮਿੱਠਾ ਵਰਤਾਉਣ ਵਾਲੇ ਇਸ ਵਿਹਾਰ ਵਿਚ ਭਾਜੀ ਮੋੜਨ ਤੋਂ ਕਸਰ ਨਹੀਂ ਰੱਖੀ ਤੇ ਬਾਕੀ ਸਾਰੇ ਆਗੂ ਵੀ ਲਗਭਗ ਇਸੇ ਹੀ ਬੋਲੀ ਵਿਚ ਬੋਲੀ ਗਏ। ਹੱਦ ਤਾਂ ਉਦੋਂ ਹੋ ਗਈ, ਜਦੋਂ ਇੱਕ ਖੱਬੇ ਪੱਖੀ ਐਮ ਪੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਸ ਤੋਂ ਪਿਛਲੀ ਪਾਰਲੀਮੈਂਟ ਵਿਚ ਕਾਮਰੇਡ ਇੰਦਰਜੀਤ ਗੁਪਤਾ ‘ਫਾਦਰ ਆਫ ਦ ਹਾਊਸ’ (ਲੋਕ ਸਭਾ ਦਾ ਪਿਤਾ) ਹੁੰਦੇ ਸਨ ਤੇ ਹੁਣ ਮਿਆਦ ਪੁਗਾ ਰਹੀ ਲੋਕ ਸਭਾ ਵਿਚ ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ‘ਫਾਦਰ ਆਫ ਦ ਹਾਊਸ’ ਹਨ। ਕਿਸੇ ਵਕਤ ਇਹੋ ਅਡਵਾਨੀ ਸਾਹਿਬ ਬਾਬਰੀ ਮਸਜਿਦ ਢਾਹੁਣ ਤੋਂ ਲੈ ਕੇ ਗੁਜਰਾਤ ਦੇ ਕਤਲਾਂ ਪਿੱਛੋਂ ਨਰਿੰਦਰ ਮੋਦੀ ਨੂੰ ਬਚਾਉਣ ਤੱਕ ਲਈ ਖੱਬੇ ਪੱਖੀਆਂ ਦੇ ਨਿਸ਼ਾਨੇ ਉਤੇ ਹੁੰਦਾ ਸੀ।
ਇਹ ਕੁਝ ਉਹ ਗੱਲਾਂ ਹਨ, ਜਿਨ੍ਹਾਂ ਨੂੰ ‘ਤੂੰ ਮੈਨੂੰ ਕਾਜ਼ੀ ਕਹਿ, ਮੈਂ ਤੈਨੂੰ ਮੁੱਲਾਂ ਮੰਨੂੰ’ ਵਾਲੇ ਮੁਹਾਵਰੇ ਦਾ ਅਸਲ ਰੰਗ ਕਹਿ ਕੇ ਖੁਸ਼ ਹੋਇਆ ਜਾ ਸਕਦਾ ਹੈ, ਪਰ ਕੀ ਇਸ ਇੱਕ ਦਿਨ ਦੀ ਖੁਸ਼-ਮਿਜਾਜੀ ਨਾਲ ਸੱਠ ਮਹੀਨਿਆਂ ਵਿਚ ਹੋਏ-ਵਾਪਰੇ ਨੂੰ ਅੱਖੋਂ ਪਰੋਖੇ ਕਰ ਦੇਣਾ ਚਾਹੀਦਾ ਹੈ? ਅਸੀਂ ਇਹ ਕਰਨ ਨੂੰ ਤਿਆਰ ਨਹੀਂ। ਪਹਿਲਾਂ ਕੁਚੱਜ ਕਰ ਕੇ ਦੇਸ਼ ਦਾ ਨੱਕ ਵੱਢਣ ਲਈ ਹਾਲਾਤ ਪੈਦਾ ਕਰਨੇ ਤੇ ਫੇਰ ਜੱਫੀਆਂ ਪਾ ਲੈਣੀਆਂ ਲੀਡਰਾਂ ਲਈ ਸੌਖਾ ਹੋਵੇਗਾ, ਜਿਹੜੇ ਕਿਸੇ ਵੱਡੇ ਤੋਂ ਵੱਡੇ ਐਕਟਰ ਨੂੰ ਐਕਟਿੰਗ ਵਿਚ ਮਾਤ ਪਾ ਸਕਦੇ ਹਨ, ਦੇਸ਼ ਦੇ ਲੋਕਾਂ ਨੇ ਪੰਜ ਸਾਲ ਜਿੰਨੀ ਮਾਨਸਿਕ ਤਕਲੀਫ ਭੁਗਤੀ ਹੈ, ਇਤਹਾਸ ਵਿਚੋਂ ਉਸ ਦਾ ਜ਼ਿਕਰ ਨਹੀਂ ਕੱਟਿਆ ਜਾ ਸਕਦਾ। ਆਗੂ ਇੱਕ ਦੂਸਰੇ ਦੀ ਸਿਫਤ ਕਰ ਕੇ ਆਪਣੇ ਕੀਤੇ ਉਤੇ ਕਾਟਾ ਮਾਰਨ ਦਾ ਜੋ ਵੀ ਯਤਨ ਕਰਨ, ਲੋਕਾਂ ਲਈ ਤਾਂ ਆਖਰੀ ਪੰਜ ਦਿਨਾਂ ਦਾ ਹੋਇਆ ਵੀ ਭੁਲਾ ਦੇਣਾ ਔਖਾ ਹੈ। ਵਰਲਡ ਕੱਪ ਦੇ ਆਖਰੀ ਓਵਰ ਦਾ ਚੌਕਾ ਤੇ ਕੈਚ ਦਰਸ਼ਕਾਂ ਨੂੰ ਕਦੇ ਨਹੀਂ ਭੁੱਲਦੇ ਹੁੰਦੇ।
ਪਿਛਲੇ ਪੰਜ ਸਾਲਾਂ ਵਿਚ ਇਸ ਲੋਕ ਸਭਾ ਨੇ ਸਾਨੂੰ ਸਭ ਤੋਂ ਪਹਿਲਾਂ ਟੈਲੀਕਾਮ ਦੇ ਸਪੈਕਟਰਮ ਦਾ ਉਹ ਮੁੱਦਾ ਵਿਖਾਇਆ, ਜਿਸ ਤੋਂ ਪਤਾ ਲੱਗ ਗਿਆ ਕਿ ਨਰਸਿਮਹਾ ਰਾਓ ਸਰਕਾਰ ਦੇ ਵਕਤ ਸੁਖ ਰਾਮ ਦੇ ਸਮੇਂ ਹੋਏ ਘਪਲੇ ਤੋਂ ਲੈ ਕੇ ਅੱਜ ਤੱਕ ਹਰ ਘਪਲਾ ਬਾਂਦਰ-ਵੰਡ ਦੀ ਸਿਖਰ ਬਣਿਆ ਰਿਹਾ ਹੈ। ‘ਬਾਂਦਰ-ਵੰਡ’ ਦੇ ਸ਼ਬਦ ਨੂੰ ਅਸੀਂ ਹੁਣ ਵਰਤਿਆ ਹੈ, ਪਾਰਲੀਮੈਂਟ ਅਤੇ ਮੀਡੀਆ ਚੈਨਲਾਂ ਦੀ ਬਹਿਸ ਵਿਚ ਇਹ ਪਿਛਲੇ ਪੰਜਾਂ ਸਾਲਾਂ ਵਿਚ ਪੰਦਰਾਂ ਸੌ ਵਾਰੀ ਵਰਤਿਆ ਗਿਆ ਹੋਵੇਗਾ। ਫਿਰ ਇਸ ਲੋਕ ਸਭਾ ਨੇ ਸਾਨੂੰ ਕਾਮਨਵੈਲਥ ਵਿਚ ਕਲਮਾਡੀ ਦੀ ਕਾਲਖ ਵਿਖਾਈ। ਦੋਵੇਂ ਮਾਮਲਿਆਂ ਵਿਚ ਬਹੁਤ ਸਾਊ ਪ੍ਰਧਾਨ ਮੰਤਰੀ ਨੇ ਪਹਿਲਾਂ ਲੋਕ ਸਭਾ ਵਿਚ ਖੜੋ ਕੇ ਇਹ ਦਾਅਵਾ ਕੀਤਾ ਕਿ ਸਭ ਕੁਝ ਮੇਰੀ ਜਾਣਕਾਰੀ ਵਿਚ ਹੈ ਤੇ ਪਿੱਛੋਂ ਇਹ ਕਹਿ ਦਿੱਤਾ ਕਿ ਜਿਸ ਨੇ ਕੀਤਾ ਹੈ, ਉਹ ਭਰੇਗਾ ਅਤੇ ਕਾਨੂੰਨ ਆਪਣਾ ਕੰਮ ਆਪ ਕਰੇਗਾ। ਪ੍ਰਧਾਨ ਮੰਤਰੀ ਸਚਮੁੱਚ ਬਹੁਤ ਸਾਊ ਸੀ, ਬਹੁਤ ਹੀ ਸਾਊ ਸੀ। ਆਪਣੇ ਸਿਰ ਉਸ ਨੇ ਕਦੇ ਵੀ ਕੋਈ ਗੁਨਾਹ ਨਹੀਂ ਲਿਆ, ਕਿਸੇ ਘਪਲੇ ਵਿਚ ਆਪ ਨਹੀਂ ਫਸਿਆ, ਪਰ ਭਾਈਬੰਦ ਉਸ ਦੀਆਂ ਅੱਖਾਂ ਮੂਹਰੇ ਸਾਰਾ ਕੁਝ ਕਰੀ ਜਾਣ, ਕਿਸੇ ਨੂੰ ਰੋਕਦਾ ਨਹੀਂ ਸੀ। ਪਿੱਛੋਂ ਕਹਿ ਦਿੰਦਾ ਸੀ ਕਿ ਕਾਨੂੰਨ ਆਪਣਾ ਕੰਮ ਆਪ ਕਰੇਗਾ। ਜਿਸ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ, ਉਹ ਕੋਈ ਆਟੋ ਦੇ ਗੇਅਰ ਵਾਲੀ ਮਸ਼ੀਨ ਨਹੀਂ ਹੁੰਦੀ। ਕਾਨੂੰਨ ਇਹ ਕੰਮ ਉਦੋਂ ਕਰਦਾ ਹੈ, ਜਦੋਂ ਵਿਰੋਧੀ ਧਿਰ ਰੌਲਾ ਪਾਉਂਦੀ ਹੈ ਜਾਂ ਦੇਸ਼ ਦੇ ਲੋਕ ਉਬਲ ਪੈਂਦੇ ਹਨ। ਕਾਨੂੰਨ ਉਦੋਂ ਹੀ ਕੰਮ ਕਰਦਾ ਹੈ।
ਸਾਡੀ ਇਸ ਪਾਰਲੀਮੈਂਟ ਨੇ ਭ੍ਰਿਸ਼ਟਾਚਾਰ ਦੇ ਸਵਾਲ ਉਤੇ ਰਾਜਧਾਨੀ ਦਿੱਲੀ ਵਿਚ ਪੈ ਰਿਹਾ ਧਮੱਚੜ ਰੋਕਣ ਲਈ ਇੱਕ ਵਾਰੀ ਇੱਕ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਸਮਾਜ ਸੇਵੀ ਬਜ਼ੁਰਗ ਅੰਨਾ ਹਜ਼ਾਰੇ ਹੁਣ ਆਪਣਾ ਵਰਤ ਛੱਡ ਦੇਵੇ, ਅਸੀਂ ਲੋਕਪਾਲ ਦਾ ਬਿੱਲ ਪਾਸ ਕਰ ਦੇਵਾਂਗੇ। ਉਹ ਵਰਤ ਛੱਡਣਾ ਮੰਨ ਗਿਆ ਤੇ ਪਾਰਲੀਮੈਂਟ ਇਸ ਤੋਂ ਬਾਅਦ ਕੁਝ ਕਰਨ ਦਾ ਖਿਆਲ ਛੱਡ ਕੇ ਬਹਿ ਗਈ। ਫਿਰ ਉਹ ਬਿੱਲ ਪਾਸ ਹੋ ਗਿਆ। ਜਦੋਂ ਬਿੱਲ ਪਾਸ ਹੋਇਆ ਤਾਂ ਇਸ ਲਈ ਨਹੀਂ ਸੀ ਹੋਇਆ ਕਿ ਸਰਕਾਰ ਅਤੇ ਵਿਰੋਧੀ ਧਿਰ ਦੀ ਨੀਤ ਸਾਫ ਸੀ, ਬਲਕਿ ਉਦੋਂ ਪਾਸ ਕਰਨਾ ਪੈ ਗਿਆ, ਜਦੋਂ ਰਾਜਧਾਨੀ ਦਿੱਲੀ ਦੇ ਲੋਕਾਂ ਨੇ ਸਰਕਾਰ ਤੇ ਵਿਰੋਧੀ ਧਿਰ ਦੋਵਾਂ ਨੂੰ ਸੜਕ ਸਵਾਰ ਕਰ ਕੇ ਤੀਸਰਾ ਬਦਲ ਲੱਭਣ ਦੀ ਖਾਹਿਸ਼ ਪ੍ਰਗਟ ਕਰ ਦਿੱਤੀ ਸੀ। ਹੁਣ ਜਦੋਂ ਦੋਵਾਂ ਪਾਸਿਆਂ ਤੋਂ ਇੱਕ ਦੂਸਰੇ ਦੀਆਂ ਸਿਫਤਾਂ ਹੋ ਰਹੀਆਂ ਹਨ ਤਾਂ ਇਸ ਵਿਚੋਂ ਵੀ ਕਿਸੇ ਤੀਸਰੀ ਧਿਰ ਦੇ ਉਭਾਰ ਦਾ ਡਰ ਸਤਾ ਰਿਹਾ ਨਜ਼ਰ ਆਉਂਦਾ ਹੈ।
ਬਹੁਤ ਕੁਝ ਹੋਇਆ ਇਸ ਲੋਕ ਸਭਾ ਵਿਚ, ਸਚਮੁੱਚ ਬਹੁਤ ਕੁਝ ਹੋਇਆ ਹੈ। ਇਸ ਵਿਚ ਹੋਏ ਜਿਸ ‘ਬਹੁਤ ਕੁਝ’ ਦੀ ਚਰਚਾ ਸਰਕਾਰ ਅਤੇ ਵਿਰੋਧੀ ਧਿਰ ਨੇ ਆਖਰੀ ਦਿਨ ਇੱਕ ਸੁਰ ਵਿਚ ਕੀਤੀ, ਉਸ ਵਿਚ ਭਾਰਤ ਦੇ ਇੱਕ ਹੋਰ ਰਾਜ ਤਿਲੰਗਾਨਾ ਦੇ ਬਣਾਏ ਜਾਣ ਦੀ ਪ੍ਰਵਾਨਗੀ ਵੀ ਸ਼ਾਮਲ ਸੀ। ਸਾਨੂੰ ਇਹ ਸਮਝ ਨਹੀਂ ਆ ਸਕੀ ਕਿ ਏਦਾਂ ਦੀ ਕਿਹੜੀ ਗੱਲ ਸੀ, ਜਿਸ ਨੂੰ ਇਸ ਰਾਜ ਦੇ ਬਣਾਏ ਜਾਣ ਦੀ ਪ੍ਰਵਾਨਗੀ ਨਾਲ ਜੋੜ ਕੇ ਹਾਕਮ ਅਤੇ ਵਿਰੋਧੀ ਧਿਰ ਦੋਵਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ? ਕੀ ਇੱਕ ਰਾਜ ਦਾ ਬਣ ਜਾਣਾ ਹੀ ਖੁਸ਼ੀ ਦੀ ਗੱਲ ਹੈ? ਜੇ ਇਹ ਗੱਲ ਸੀ ਤਾਂ ਫਿਰ ਵਿਰੋਧ ਦੀ ਧਿਰ ਨੇ ਆਖਰੀ ਵਕਤ ਤੱਕ ਇਸ ਦਾ ਬਿੱਲ ਪਾਸ ਹੋਣ ਵਿਚ ਅੜਿੱਕੇ ਕਿਉਂ ਡਾਹੇ ਸਨ? ਆਖਰੀ ਵੇਲੇ ਵੀ ਦੋਵਾਂ ਦੇ ਆਗੂ ਅੰਦਰ ਵੜ ਕੇ ਸਮਝੌਤੇ ਦਾ ਰਾਹ ਕੱਢਦੇ ਅਤੇ ਬਾਹਰ ਲੋਕਾਂ ਸਾਹਮਣੇ ਲੜਦੇ ਕਿਉਂ ਰਹੇ ਸਨ? ਲੋਕ ਅੰਦਰ ਬੈਠ ਕੇ ਕੀਤੀਆਂ ਗੱਲਾਂ ਤੋਂ ਵੱਧ ਉਨ੍ਹਾਂ ਗੱਲਾਂ ਬਾਰੇ ਸੋਚਣਗੇ, ਜਿਹੜੀਆਂ ਉਨ੍ਹਾਂ ਦੇ ਸਾਹਮਣੇ ਵਾਪਰੀਆਂ ਹਨ।
ਸਾਹਮਣੇ ਜੋ ਕੁਝ ਵਾਪਰਿਆ ਹੈ, ਉਹ ਸਾਰੇ ਦੇਸ਼ ਦੇ ਲੋਕਾਂ ਨੂੰ ਸ਼ਰਮਿੰਦੇ ਕਰਨ ਵਾਲਾ ਹੈ। ਇੱਕ ਦਿਨ ਬਹਿਸ ਹਾਲੇ ਸ਼ੁਰੂ ਨਹੀਂ ਸੀ ਹੋਈ ਕਿ ਇੱਕ ਮੈਂਬਰ ਨੇ ਆਣ ਕੇ ਕਾਲੀ ਮਿਰਚ ਦਾ ਪਾਊਡਰ ਛਿੜਕ ਕੇ ਸਾਰੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਖੰਘਣ ਲਾ ਦਿੱਤਾ। ਕਈ ਲੋਕਾਂ ਨੂੰ ਹਸਪਤਾਲ ਲਿਜਾਣਾ ਪੈ ਗਿਆ। ਇੱਕ ਹੋਰ ਮੈਂਬਰ ਨੇ ਇੱਕ ਚਾਕੂ ਨਾਲ ਮਿਲਦੀ ਕੋਈ ਚੀਜ਼ ਲਹਿਰਾਈ, ਜਿਸ ਬਾਰੇ ਬਾਅਦ ਵਿਚ ਕਿਹਾ ਗਿਆ ਕਿ ਚਾਕੂ ਨਹੀਂ ਸੀ, ਸਦਨ ਦੀ ਮੇਜ਼ ਤੋਂ ਉਸ ਨੇ ਮਾਈਕ ਤੋੜ ਕੇ ਚਾਕੂ ਵਾਂਗ ਲਹਿਰਾਇਆ ਸੀ। ਇਸ ਦੇ ਇੱਕ ਦਿਨ ਪਹਿਲਾਂ ਇੱਕ ਮੈਂਬਰ ਨੇ ਇਹ ਕਹਿ ਕੇ ਸਾਰੇ ਦੇਸ਼ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਜੇ ਤਿਲੰਗਾਨਾ ਰਾਜ ਬਣਾਉਣ ਦਾ ਬਿੱਲ ਪੇਸ਼ ਕੀਤਾ ਗਿਆ ਤਾਂ ਉਹ ਲੋਕ ਸਭਾ ਵਿਚ ਸੱਪ ਛੱਡ ਦੇਵੇਗਾ। ਜਿਸ ਲੋਕ ਸਭਾ ਵਿਚ ਇਹੋ ਜਿਹੇ ਖਤਰਨਾਕ ਇਰਾਦੇ ਵਾਲੇ ਮੈਂਬਰ ਆ ਕੇ ਬੈਠੇ ਸਨ, ਉਸ ਵਿਚ ਸੱਪ ਛੱਡਣ ਦੀ ਲੋੜ ਕੀ ਰਹਿ ਗਈ ਸੀ? ਜੇ ਕੋਈ ਕਸਰ ਸੀ ਤਾਂ ਅਗਲੇ ਦੋਂਹ ਦਿਨਾਂ ਵਿਚ ਨਿਕਲ ਗਈ। ਇੱਕ ਪਾਸੇ ਖਜ਼ਾਨਾ ਮੰਤਰੀ ਇਸ ਸਾਲ ਦਾ ਅੱਧ-ਪਚੱਧਾ ਬੱਜਟ ਪੇਸ਼ ਕਰ ਰਿਹਾ ਸੀ ਤੇ ਦੂਸਰੇ ਪਾਸੇ ਉਸ ਨੂੰ ਬੋਲਣ ਤੋਂ ਰੋਕਣ ਲਈ ਜਿਹੜੇ ਲੋਕ ਖੱਪ ਪਾਈ ਜਾਂਦੇ ਸਨ, ਉਨ੍ਹਾਂ ਵਿਚ ਕੈਬਨਿਟ ਦੇ ਮੰਤਰੀ ਵੀ ਸਨ। ਨਾ ਉਨ੍ਹਾਂ ਮੰਤਰੀਆਂ ਨੇ ਇਹ ਸੋਚਿਆ ਕਿ ਸਰਕਾਰ ਨਾਲ ਏਨਾ ਵਿਰੋਧ ਹੈ ਤਾਂ ਵਜ਼ੀਰੀ ਕੁਰਸੀਆਂ ਛੱਡਣ ਦੀ ਹਿੰਮਤ ਕਰ ਵਿਖਾਈਏ ਤੇ ਨਾ ਪ੍ਰਧਾਨ ਮੰਤਰੀ ਨੇ ਏਨੀ ਜੁਰਅੱਤ ਵਿਖਾਈ ਕਿ ਇਹੋ ਜਿਹੇ ਵਜ਼ੀਰਾਂ ਨੂੰ ਕੰਨੋਂ ਪਕੜ ਕੇ ਬਾਹਰ ਕਰ ਦਿੰਦਾ। ਪ੍ਰਧਾਨ ਮੰਤਰੀ ਦੇ ਇਸ ਸਾਊਪੁਣੇ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਮੈਂਬਰ ਨੇ ਸਦਨ ਦੇ ਸਪੀਕਰ ਦੀ ਮੇਜ਼ ਤੋਂ ਕਾਗਜ਼ ਧੂਹ ਕੇ ਖਿਲਾਰ ਦਿੱਤੇ, ਦੂਸਰੇ ਨੇ ਸਪੀਕਰ ਦੀ ਮੇਜ਼ ਦਾ ਸ਼ੀਸ਼ਾ ਤੋੜ ਦਿੱਤਾ ਤੇ ਤੀਸਰਾ ਮੈਂਬਰ ਇੱਕ ਮੰਤਰੀ ਦੇ ਹੱਥੋਂ ਕਾਗਜ਼ ਖੋਹਣ ਤੁਰ ਪਿਆ। ਇਹੋ ਕੁਝ ਅਗਲੇ ਦਿਨ ਰਾਜ ਸਭਾ ਵਿਚ ਵੀ ਵਾਪਰ ਗਿਆ। ਜਦੋਂ ਜਲੂਸ ਨਿਕਲ ਗਿਆ, ਉਦੋਂ ਹਕੂਮਤ ਦੀ ਅਗਵਾਈ ਕਰਦੀ ਪਾਰਟੀ ਅਤੇ ਵਿਰੋਧੀ ਧਿਰ ਦੀ ਮੁੱਖ ਪਾਰਟੀ ਦੇ ਲੀਡਰਾਂ ਨੇ ਆਪੋ ਵਿਚ ਸੈਨਤ ਮਿਲਾ ਲਈ ਤੇ ਵੱਖਰੇ ਤਿਲੰਗਾਨਾ ਰਾਜ ਦੇ ਕਾਇਮ ਕਰਨ ਦਾ ਉਹ ਬਿੱਲ ਪਾਸ ਕਰ ਦਿੱਤਾ, ਜਿਸ ਦੇ ਕਾਰਨ ਦੇਸ਼ ਦੇ ਲੋਕਾਂ ਨੂੰ ਏਨੇ ਦਿਨਾਂ ਤੱਕ ਇਹ ਸਾਰੇ ਸ਼ਰਮਿੰਦਗੀ ਦੇ ਦ੍ਰਿਸ਼ ਵੇਖਣੇ ਪਏ ਸਨ।
ਇੱਕ ਮੁਹਾਵਰਾ ਹੈ ਕਿ ‘ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ।’ ਭਾਰਤ ਵਿਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿਹੋ ਜਿਹੀ ਪਾਰਲੀਮੈਂਟ, ਉਹੋ ਜਿਹੀਆਂ ਵਿਧਾਨ ਸਭਾਵਾਂ ਹੋ ਗਈਆਂ ਹਨ। ਸਗੋਂ ਉਥੇ ਇਸ ਤੋਂ ਵੀ ਕਈ ਗੁਣਾਂ ਵੱਧ ਬਦਤਮੀਜ਼ੀ ਹੋਣ ਲੱਗ ਪਈ ਹੈ। ਇਸ ਹਫਤੇ ਵੀ ਦੋ ਥਾਂ ਅਜਿਹਾ ਹੋ ਗਿਆ ਹੈ। ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਵਿਚ ਇੱਕ ਦਿਨ ਕੁਰਸੀਓ-ਕੁਰਸੀ ਹੋਣ ਕਾਰਨ ਇੱਕ ਵਿਧਾਇਕ ਜ਼ਖਮੀ ਹੋ ਗਿਆ। ਦੋ ਦਿਨ ਗੁਜ਼ਰੇ ਸਨ ਕਿ ਉਸੇ ਵਿਧਾਨ ਸਭਾ ਵਿਚ ਬਦਤਮੀਜ਼ੀ ਕਰਦੇ ਇੱਕ ਮੈਂਬਰ ਨੂੰ ਸਪੀਕਰ ਨੇ ਬਾਹਰ ਕੱਢ ਦੇਣ ਲਈ ਸਦਨ ਵਿਚ ਮੌਜੂਦ ਮਾਰਸ਼ਲਾਂ ਨੂੰ ਕਹਿ ਦਿੱਤਾ। ਉਹ ਮੈਂਬਰ ਹੋਰ ਬਦਤਮੀਜ਼ ਹੋ ਗਿਆ। ਅੱਜ ਤੱਕ ਕਦੇ ਸਦਨ ਦੇ ਮਾਰਸ਼ਲ ਉਤੇ ਹੱਥ ਨਹੀਂ ਸੀ ਚੁੱਕਿਆ ਗਿਆ, ਉਸ ਮੈਂਬਰ ਨੇ ਮਾਰਸ਼ਲਾਂ ਨੂੰ ਵੀ ਥੱਪੜ ਕੱਢ ਮਾਰੇ। ਹੁਣ ਕੁਝ ਲੋਕ ਇਸ ਬਦਤਮੀਜ਼ੀ ਨੂੰ ਵੀ ਰੋਸ ਪ੍ਰਗਟ ਕਰਨ ਦਾ ‘ਲੋਕਤੰਤਰੀ’ ਹੱਕ ਆਖ ਕੇ ਉਸ ਦਾ ਪੱਖ ਲੈ ਰਹੇ ਹਨ। ਇਹ ‘ਲੋਕਤੰਤਰੀ’ ਹੱਕ ਤਾਂ ਇਥੋਂ ਤੱਕ ਵੀ ਸੀਮਤ ਨਹੀਂ ਰਿਹਾ। ਉਤਰ ਪ੍ਰਦੇਸ਼ ਦੀ ਵਿਧਾਨ ਸਭਾ ਦੇ ਮੈਂਬਰਾਂ ਨੇ ਨਵਾਂ ਰੰਗ ਵਿਖਾ ਦਿੱਤਾ ਹੈ। ਦੋ ਮੈਂਬਰ ਚੱਲਦੇ ਸਦਨ ਦੇ ਦੌਰਾਨ ਆਪਣੇ ਕੱਪੜੇ ਉਤਾਰਨ ਲੱਗ ਪਏ। ਦੋਵੇਂ ਜਣੇ ਕਮੀਜ਼ਾਂ ਉਤਾਰ ਕੇ ਨੰਗੇ ਢਿੱਡਾਂ ਨਾਲ ਸਦਨ ਵਿਚ ਬੇਸ਼ਰਮੀ ਨਾਲ ਖੜੇ ਰਹੇ ਤੇ ਉਸ ਰਾਜ ਦਾ ਪਾਰਲੀਮੈਂਟਰੀ ਮਾਮਲਿਆਂ ਦਾ ਮੰਤਰੀ ਆਜ਼ਮ ਖਾਨ ਉਨ੍ਹਾਂ ਤੋਂ ਵੱਧ ਬੇਸ਼ਰਮੀ ਕਰ ਗਿਆ। ਉਸ ਨੇ ਮੀਡੀਆ ਕੈਮਰਿਆਂ ਦੇ ਸਾਹਮਣੇ ਕਹਿ ਦਿੱਤਾ ਕਿ ਸਿਰਫ ਕਮੀਜ਼ ਹੀ ਉਤਾਰੇ ਹਨ, ਜੇ ਥੋੜ੍ਹੀ ਜਿਹੀ ਹੋਰ ਹਿੰਮਤ ਕਰ ਜਾਂਦੇ ਤਾਂ ਸਾਰੀ ਦੁਨੀਆਂ ਵਿਚ ਉਨ੍ਹਾਂ ਨੇ ਪ੍ਰਸਿੱਧ ਹੋ ਜਾਣਾ ਸੀ। ਇਹ ਉਹੋ ਆਜ਼ਮ ਖਾਨ ਹੈ, ਜਿਸ ਦੀਆਂ ਗਵਾਚੀਆਂ ਮੱਝਾਂ ਪੁਲਿਸ ਲੱਭਦੀ ਫਿਰਦੀ ਸੀ ਤੇ ਉਹ ਇਹ ਕਹਿੰਦਾ ਸੀ ਕਿ ਮੇਰੀਆਂ ਮੱਝਾਂ ਕੁਈਨ ਵਿਕਟੋਰੀਆ ਤੋਂ ਜ਼ਿਆਦਾ ਮਹੱਤਵਪੂਰਨ ਹੋ ਗਈਆਂ ਹਨ।
ਲੋਕ ਸਭਾ ਭਾਰਤ ਦੇ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਗਿਣੀ ਜਾਂਦੀ ਹੈ। ਇਸ ਨੂੰ ਬਾਕੀ ਸਾਰੇ ਦੇਸ਼ ਦੀਆਂ ਚੁਣੀਆਂ ਹੋਈਆਂ ਸੰਸਥਾਵਾਂ ਲਈ ਇੱਕ ਮਿਆਰ ਕਾਇਮ ਕਰਨ ਦੀ ਝਲਕ ਦੇਣੀ ਚਾਹੀਦੀ ਹੈ। ਕਿਸੇ ਥਾਂ ਕੋਈ ਮਾੜਾ ਵਾਪਰਦਾ ਹੈ ਤਾਂ ਉਸ ਨੂੰ ਬਹਿਸ ਹੇਠ ਲਿਆ ਕੇ ਅੱਗੋਂ ਲਈ ਅਕਲ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੀ ਥਾਂ ਇਹ ਆਪ ਹੀ ਕੋਈ ਚੰਗੀ ਛਾਪ ਛੱਡਣ ਜੋਗੀ ਸਾਬਤ ਨਹੀਂ ਹੋ ਸਕੀ। ਜੇ ਪਾਰਲੀਮੈਂਟ ਵਿਚ ਮਿਰਚਾਂ ਦਾ ਪਾਊਡਰ ਛਿੜਕਣ ਵਾਲੇ ਮੈਂਬਰ ਮੌਜੂਦ ਹੋ ਸਕਦੇ ਹਨ ਤਾਂ ਵਿਧਾਨ ਸਭਾ ਵਿਚ ਨੰਗੇ ਢਿੱਡ ਵਿਖਾਉਣ ਵਾਲੇ ਕਿਵੇਂ ਨਾ ਹੋਣਗੇ? ਇਹੋ ਜਿਹੇ ਪੰਜ ਸਾਲ ਗੁਜ਼ਾਰ ਕੇ ਆਪਣੇ ਆਪ ਉਤੇ ਤਸੱਲੀ ਕਰਨ ਵਾਲੀ ਪਾਰਲੀਮੈਂਟ ਵਿਚ ਹਾਕਮ ਅਤੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਇੱਕ ਦੂਸਰੇ ਦੀ ਪਿੱਠ ਪਤਾ ਨਹੀਂ ਕਿਉਂ ਥਾਪੜੀ ਗਈ ਹੈ? ਇਸ ਅੱਤ ਦੇ ਮਾੜੇ ਰਿਕਾਰਡ ਦੇ ਪਿੱਛੋਂ ਵੀ ਉਹ ਇੱਕ ਦੂਸਰੇ ਦੀ ਪਿੱਠ ਥਾਪੜ ਕੇ ਸ਼ਾਬਾਸ਼ ਦੇਣ ਦੀ ਹਿੰਮਤ ਕਰ ਸਕਦੇ ਹਨ ਤਾਂ ਆਜ਼ਮ ਖਾਨ ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਹੋਰ ਕੀ ਕਰਨਾ ਬਾਕੀ ਰਹਿ ਗਿਆ ਹੈ, ਜਿਸ ਨਾਲ ਦੇਸ਼ ਦੇ ਲੋਕਤੰਤਰ ਤੇ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਮੰਦਰ ਦਾ ਇਕਬਾਲ ਹੋਰ ਬੁਲੰਦ ਕੀਤਾ ਜਾ ਸਕਦਾ ਹੈ? ਹੁਣ ਤੱਕ ਦੀ ਸਭ ਤੋਂ ਮਾੜੀ ਚੋਣ ਸਾਬਤ ਹੋਈ ਹੈ ਭਾਰਤ ਦੇ ਲੋਕਾਂ ਵੱਲੋਂ ਚੁਣ ਕੇ ਭੇਜੀ ਗਈ ਇਹ ਪੰਦਰਵੀਂ ਲੋਕ ਸਭਾ।

Be the first to comment

Leave a Reply

Your email address will not be published.