ਡਾæ ਗੁਰਨਾਮ ਕੌਰ, ਕੈਨੇਡਾ
ਇਸ ਤੋਂ ਪਹਿਲੇ ਸਲੋਕ ਵਿਚ ਅਸੀਂ ਦੇਖਿਆ ਸੀ ਕਿ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ ਪਰ ਉਸ ਦਾ ਫਲ ਅੰਮ੍ਰਿਤ ਦੇ ਰੂਪ ਵਿਚ ਮੰਗਦਾ ਹੈ। ਕਰਮ ਕੁਝ ਹੋਰ ਕਰਨਾ ਅਤੇ ਉਸ ਦਾ ਫਲ ਬਿਲਕੁਲ ਉਸ ਦੇ ਵਿਪਰੀਤ ਆਸ ਕਰਨੀ, ਇਹ ਸੰਭਵ ਨਹੀਂ ਹੈ। ਮਨੁੱਖ ਜਿਸ ਕਿਸਮ ਦਾ ਬੀ ਬੀਜੇਗਾ ਉਸ ਨੂੰ ਫਲ ਵੀ ਉਸੇ ਕਿਸਮ ਦਾ ਪ੍ਰਾਪਤ ਹੋਵੇਗਾ। ਇਸ ਤੋਂ ਅਗਲਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ, ਜਿਸ ਵਿਚ ਸਿੱਟਾ ਉਨ੍ਹਾਂ ਨੇ ਇਹ ਕੱਢਿਆ ਹੈ ਕਿ ਧੋਖੇ ਦਾ ਕੰਮ ਕੀਤਿਆਂ ਉਸ ਦਾ ਨਤੀਜਾ ਵੀ ਧੋਖੇ ਵਿਚ ਹੀ ਨਿਕਲਦਾ ਹੈ। ਗੁਰੂ ਅੰਗਦ ਦੇਵ ਇਸ ਸਲੋਕ ਵਿਚ ਦੱਸਦੇ ਹਨ ਕਿ ਇਸ ਤੱਥ ਨੂੰ ਪਰਖ ਕੇ ਦੇਖਿਆ ਜਾ ਸਕਦਾ ਹੈ ਕਿ ਕਿਸੇ ਅੰਞਾਣ ਮਨੁੱਖ ਨਾਲ ਕੀਤੀ ਹੋਈ ਮਿੱਤਰਤਾ ਕਦੇ ਵੀ ਸਿਰੇ ਨਹੀਂ ਚੜ੍ਹਦੀ। ਇਸ ਦਾ ਕਾਰਨ ਇਹ ਹੈ ਕਿ ਅੰਞਾਣ ਦਾ ਰਵੱਈਆ ਉਸ ਦੀ ਸਮਝ ਅਨੁਸਾਰ ਹੀ ਰਹਿੰਦਾ ਹੈ। ਕਹਿਣ ਤੋਂ ਭਾਵ ਹੈ ਕਿ ਜਿਸ ਕਿਸਮ ਦੀ ਕਿਸੇ ਮਨੁੱਖ ਦੀ ਸਮਝ ਹੁੰਦੀ ਹੈ ਉਹ ਉਸ ਮੁਤਾਬਕ ਹੀ ਵਰਤਦਾ ਹੈ। ਇਸੇ ਤਰ੍ਹਾਂ ਮੂਰਖ ਮਨ ਦੇ ਆਖੇ ਲੱਗਿਆਂ ਵੀ ਨਤੀਜਾ ਚੰਗਾ ਨਹੀਂ ਨਿਕਲਦਾ ਕਿਉਂਕਿ ਮਨ ਦੀ ਮਤ ਹਮੇਸ਼ਾ ਮਨੁੱਖ ਨੂੰ ਵਿਕਾਰਾਂ ਵੱਲ ਲੈ ਕੇ ਜਾਂਦੀ ਹੈ।
ਕਿਸੇ ਚੀਜ਼ ਵਿਚ ਕੋਈ ਹੋਰ ਚੀਜ਼ ਪਾਉਣ ਲਈ ਉਸ ਵਸਤੂ ਵਿਚੋਂ ਵਸਤੂ ਕੱਢਣੀ ਪੈਂਦੀ ਹੈ ਅਰਥਾਤ ਨਵੀਂ ਵਸਤੂ ਪਾਉਣ ਲਈ ਪਹਿਲੀ ਵਸਤੂ ਕੱਢ ਕੇ ਨਵੀਂ ਲਈ ਥਾਂ ਬਣਾਉਣੀ ਪੈਂਦੀ ਹੈ। ਅਰਥਾਤ ਮਨ ਨੂੰ ਪਰਮਾਤਮਾ ਵਾਲੇ ਪਾਸੇ ਲਾਉਣ ਲਈ ਉਸ ਨੂੰ ਵਿਕਾਰਾਂ ਵੱਲੋਂ ਹਟਾਉਣਾ ਪੈਂਦਾ ਹੈ। ਉਸ ਦਾ ਸੁਭਾ ਬਦਲਨਾ ਪੈਂਦਾ ਹੈ। ਮਾਲਕ ਨਾਲ ਹੁਕਮ ਕੀਤਾ ਹੋਇਆ ਪਾਸ ਨਹੀਂ ਹੋ ਸਕਦਾ ਅਰਥਾਤ ਮਾਲਕ ਤੇ ਹੁਕਮ ਨਹੀਂ ਚਲਾਇਆ ਜਾ ਸਕਦਾ, ਉਸ ਦੇ ਅੱਗੇ ਤਾਂ ਨਿਮਰਤਾ ਹੀ ਕੰਮ ਆ ਸਕਦੀ ਹੈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਧੋਖੇ ਵਾਲਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ। ਅਕਾਲ ਪੁਰਖ ਦੀ ਸਿਹੀ ਮਨ ਖਿੜਾਉ ਵਿਚ ਆਉਂਦਾ ਹੈ,
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ॥
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ॥
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ॥
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ॥
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ॥੩॥ (ਪੰਨਾ ੪੭੪)
ਅਗਲਾ ਸਲੋਕ ਵੀ ਗੁਰੂ ਅੰਗਦ ਦੇਵ ਜੀ ਦਾ ਹੀ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਜਿਸ ਤਰ੍ਹਾਂ ਅਞਾਣ ਮਨੁੱਖ ਦੀ ਮਿੱਤਰਤਾ ਰਾਸ ਨਹੀਂ ਆਉਂਦੀ, ਇਸੇ ਤਰ੍ਹਾਂ ਆਪਣੇ ਤੋਂ ਵੱਡੇ ਮਨੁੱਖ ਨਾਲ ਕੀਤਾ ਹੋਇਆ ਪ੍ਰੇਮ ਵੀ ਰਾਸ ਨਹੀਂ ਆਉਂਦਾ। ਇਹ ਇਸੇ ਤਰ੍ਹਾਂ ਹੈ ਜਿਵੇਂ ਪਾਣੀ ਤੇ ਖਿੱਚੀ ਹੋਈ ਲਕੀਰ ਮਿਟ ਜਾਂਦੀ ਹੈ, ਉਸ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ। ਇਸ ਤੋਂ ਅਗਲਾ ਸਲੋਕ ਵੀ ਦੂਸਰੀ ਨਾਨਕ ਜੋਤਿ ਦਾ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਅਞਾਣ ਮਨੁੱਖ ਦਾ ਕੀਤਾ ਹੋਇਆ ਕੰਮ ਵੀ ਕਦੇ ਰਾਸ ਨਹੀਂ ਆਉਂਦਾ ਅਰਥਾਤ ਅਞਾਣ ਮਨੁੱਖ ਦਾ ਕੀਤਾ ਹੋਇਆ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ। ਜੇ ਕਰ ਉਹ ਕੋਈ ਇੱਕ ਅੱਧਾ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦੇਵੇਗਾ,
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ॥
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ॥੪॥
ਹੋਇ ਇਆਣਾ ਕਰੇ ਕੰਮੁ ਆਣਿਨ ਸਕੈ ਰਾਸਿ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ॥੫॥ (ਪੰਨਾ ੪੭੪)
ਗੁਰੂ ਨਾਨਕ ਦੇਵ ਅਗਲੀ ਪਉੜੀ ਵਿਚ ਨੌਕਰ ਅਤੇ ਮਾਲਕ ਦੀ ਉਦਾਹਰਣ ਰਾਹੀਂ ਦੱਸਦੇ ਹਨ ਕਿ ਜੋ ਨੌਕਰ ਆਪਣੇ ਮਾਲਕ ਦੀ ਆਗਿਆ ਅਨੁਸਾਰ ਚੱਲੇ ਤਾਂ ਇਹ ਸਮਝ ਲਿਆ ਜਾਂਦਾ ਹੈ ਕਿ ਉਹ ਆਪਣੀ ਨੌਕਰੀ ਠੀਕ ਢੰਗ ਨਾਲ ਕਰ ਰਿਹਾ ਹੈ। ਇਸ ਦਾ ਨੌਕਰ ਨੂੰ ਦੋ ਤਰ੍ਹਾਂ ਨਾਲ ਫ਼ਾਇਦਾ ਹੁੰਦਾ ਹੈ ਕਿ ਇੱਕ ਤਾਂ ਉਸ ਨੂੰ ਇੱਜ਼ਤ ਵੀ ਬਹੁਤ ਮਿਲਦੀ ਹੈ ਅਤੇ ਦੂਸਰੇ ਉਸ ਨੂੰ ਆਪਣੇ ਮਾਲਕ ਕੋਲੋਂ ਤਨਖਾਹ ਭੀ ਦੁਗਣੀ ਮਿਲਦੀ ਹੈ। ਪਰ ਜੇ ਉਹ ਨੌਕਰ ਜਾਂ ਸੇਵਕ ਆਪਣੇ ਹੀ ਮਾਲਕ ਦੀ ਬਰਾਬਰੀ ਕਰਨ ਲੱਗ ਪਵੇ, ਉਸ ਦੇ ਬਰਾਬਰ ਹੋਣ ਦਾ ਜਤਨ ਕਰਦਾ ਹੈ, ਉਹ ਮਨ ਵਿਚ ਸ਼ਰਮਿੰਦਗੀ ਵੀ ਉਠਾਉਂਦਾ ਹੈ, ਆਪਣੀ ਤਨਖ਼ਾਹ ਭੀ ਗਵਾ ਬੈਠਦਾ ਹੈ ਅਤੇ ਮਾਲਕ ਕੋਲੋਂ ਹਮੇਸ਼ਾ ਮੂੰਹ ‘ਤੇ ਜੁੱਤੀਆਂ ਵੀ ਖਾਂਦਾ ਹੈ। ਗੁਰੂ ਨਾਨਕ ਅੱਗੇ ਕਹਿੰਦੇ ਹਨ ਕਿ ਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ, ਮਾਲਕ ਉਤੇ ਹੁਕਮ ਨਹੀਂ ਚਲਾਇਆ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਚੰਗੀ ਲੱਗਦੀ ਹੈ,
ਚਾਕੁਰ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ॥
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸ॥
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥੨੨॥ (ਪੰਨਾ ੪੭੪)
ਅਗਲੇ ਸਲੋਕ ਵਿਚ ਗੁਰੂ ਅੰਗਦ ਸਾਹਿਬ ਦੱਸਦੇ ਹਨ ਕਿ ਜੇ ਕੋਈ ਮਨੁੱਖ ਆਪਣੇ ਉਦਮ ਨਾਲ, ਆਪਣੀ ਕੋਸ਼ਿਸ਼ ਨਾਲ ਕੁਝ ਪ੍ਰਾਪਤ ਕਰ ਲਵੇ ਤਾਂ ਇਸ ਨੂੰ ਉਸ ਦੇ ਮਾਲਕ ਦੀ ਬਖ਼ਸ਼ਿਸ਼ ਨਹੀਂ ਕਿਹਾ ਜਾ ਸਕਦਾ, ਇਹ ਬਖ਼ਸ਼ਿਸ਼ ਨਹੀਂ ਅਖਵਾ ਸਕਦੀ। ਬਖ਼ਸ਼ਿਸ਼ ਉਹ ਹੈ ਜਦੋਂ ਮਾਲਕ ਮਿਹਰਬਾਨ ਹੋ ਕੇ ਆਪਣੀ ਖੁਸ਼ੀ ਨਾਲ ਕੁਝ ਦਿੰਦਾ ਹੈ, ਜਿਸ ਦੀ ਪ੍ਰਾਪਤੀ ਮਾਲਕ ਦੀ ਨਦਰਿ ਸਦਕਾ ਹੁੰਦੀ ਹੈ।
ਇਸ ਤੋਂ ਅਗਲੇ ਸਲੋਕ ਵਿਚ ਗੁਰੂ ਅੰਗਦ ਦੇਵ ਦੱਸਦੇ ਹਨ ਉਹ ਨੌਕਰੀ ਜਾਂ ਸੇਵਾ ਕਿਸ ਕਿਸਮ ਦੀ ਹੈ ਜਿਸ ਨੂੰ ਕਰਦਿਆਂ ਸੇਵਕ ਦੇ ਮਨ ਵਿਚੋਂ ਮਾਲਕ ਦਾ ਡਰ ਦੂਰ ਨਾ ਹੋ ਜਾਵੇ ਅਰਥਾਤ ਜੇ ਸੇਵਾ ਕਰਦਿਆਂ ਵੀ ਮਨ ਵਿਚ ਭੈ ਬਣਿਆ ਰਹੇ ਤਾਂ ਇਹ ਸੇਵਾ ਅਰਥਹੀਣ ਹੋ ਜਾਂਦੀ ਹੈ, ਕਿਸੇ ਲੇਖੇ ਨਹੀਂ ਲੱਗਦੀ। ਸੱਚਾ ਸੇਵਕ ਉਹ ਹੁੰਦਾ ਹੈ ਜੋ ਆਪਣੇ ਮਾਲਕ ਨਾਲ ਇੱਕਸੁਰ ਹੋ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਉਹ ਸੇਵਾ ਹੀ ਅਸਲੀ ਸੇਵਾ ਹੈ ਜੋ ਮਾਲਕ ਅਤੇ ਸੇਵਕ ਨੂੰ ਆਪਸ ਵਿਚ ਮਿਲਾ ਦਿੰਦੀ ਹੈ,
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥੧॥ (ਪੰਨਾ ੪੭੪)
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ॥
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ॥੨॥ (ਪੰਨਾ ੪੭੫)
ਇਸ ਤੋਂ ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਅਕਾਲਪੁਰਖ ਦੀ ਬੇਅੰਤਤਾ ਦਾ ਜ਼ਿਕਰ ਕਰ ਰਹੇ ਹਨ ਕਿ ਉਸ ਕਰਤਾਰ ਦੀ ਅਸੀਮਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਸ ਦੇ ਉਰਲੇ ਜਾਂ ਪਰਲੇ ਪਾਰ ਨੂੰ ਮਾਪਿਆ ਨਹੀਂ ਜਾ ਸਕਦਾ। ਕਰਤਾ ਪੁਰਖ ਆਪ ਹੀ ਸਭ ਨੂੰ ਪੈਦਾ ਕਰਦਾ ਹੈ ਅਤੇ ਫਿਰ ਆਪ ਹੀ ਸਭ ਦਾ ਅੰਤ ਵੀ ਕਰ ਦਿੰਦਾ ਹੈ, ਆਪ ਹੀ ਜਨਮ ਦੇ ਕੇ ਆਪ ਹੀ ਮਾਰ ਵੀ ਦਿੰਦਾ ਹੈ। ਕਰਤਾਰ ਦੇ ਰੰਗ ਹਨ ਕਿ ਕਈਆਂ ਦੇ ਗਲ ਦੁਆਲੇ ਗ਼ੁਲਾਮੀ ਦੀਆਂ ਜ਼ੰਜੀਰਾਂ ਪਈਆਂ ਹਨ ਅਤੇ ਕਈ ਘੋੜਿਆਂ ਤੇ ਸਵਾਰ ਸੰਸਾਰ ਅੰਦਰ ਐਸ਼ੋ-ਇਸ਼ਰਤ ਦਾ ਜੀਵਨ ਗੁਜ਼ਾਰ ਰਹੇ ਹਨ। ਉਹ ਅਕਾਲ ਪੁਰਖ ਸਭ ਕੁਝ ਕਰਨ-ਕਾਰਨ ਸਮਰੱਥ ਹੈ, ਆਪ ਹੀ ਸਭ ਕੁਝ ਕਰ ਰਿਹਾ ਹੈ, ਸਭ ਕੁਝ ਉਸ ਦੇ ਹੁਕਮ ਅੰਦਰ ਵਾਪਰ ਰਿਹਾ ਹੈ, ਫਿਰ ਮਨੁੱਖ ਵਿਚਾਰਾ ਕਿਸ ਅੱਗੇ ਪੁਕਾਰ ਕਰੇ? ਭਾਵ ਉਸ ਤੋਂ ਅੱਗੇ ਕੋਈ ਹੋਰ ਸ਼ਕਤੀ ਹੈ ਹੀ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਪਰਵਰਦਗਾਰ ਨੇ ਇਹ ਸੰਸਾਰ ਪੈਦਾ ਕੀਤਾ ਹੈ, ਜਿਸ ਨੇ ਇਸ ਸ੍ਰਿਸ਼ਟੀ ਰਚਨਾ ਕੀਤੀ ਹੈ ਉਹ ਆਪ ਹੀ ਇਸ ਨੂੰ ਪਾਲਦਾ ਵੀ ਹੈ, ਇਸ ਦੀ ਸੰਭਾਲ ਵੀ ਕਰਦਾ ਹੈ,
ਨਾਨਕ ਅੰਤ ਨ ਜਾਪਨ੍ਹੀ ਹਰਿ ਤਾ ਕੇ ਪਾਰਾਵਾਰ॥
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ॥
ਇਕਨ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ॥
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ॥੨੩॥ (ਪੰਨਾ ੪੭੫)
ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦੀ ਰਚਨਾ ਬਾਰੇ ਦੱਸ ਰਹੇ ਹਨ ਕਿ ਉਹ ਅਕਾਲ ਪੁਰਖ ਆਪ ਮਨੁੱਖੀ ਸਰੀਰ-ਰੂਪੀ ਭਾਂਡਿਆਂ ਦੀ ਰਚਨਾ ਕਰਦਾ ਹੈ ਅਤੇ ਇਨ੍ਹਾਂ ਵਿਚ ਜੋ ਕੁਝ ਪਾਉਂਦਾ ਹੈ ਆਪ ਹੀ ਪਾਉਂਦਾ ਹੈ ਅਰਥਾਤ ਇਨ੍ਹਾਂ ਸਰੀਰਾਂ ਵਿਚ ਦੁੱਖ-ਸੁੱਖ ਵੀ ਆਪ ਹੀ ਪਾਉਂਦਾ ਹੈ। ਭਾਵੇਂ ਸਾਰੇ ਭਾਂਡੇ ਇੱਕ ਹੀ ਕਰਤੇ ਨੇ ਘੜੇ ਹਨ ਪਰ ਕੁਝ ਭਾਂਡਿਆਂ ਵਿਚ ਸਦਾ ਦੁੱਧ ਹੀ ਪਿਆ ਰਹਿੰਦਾ ਹੈ ਅਤੇ ਕੁਝ ਵਿਚਾਰੇ ਸਦਾ ਚੁਲ੍ਹੇ ਉਤੇ ਚੜ੍ਹੇ ਤੱਪਦੇ ਰਹਿੰਦੇ ਹਨ। ਕਹਿਣ ਤੋਂ ਭਾਵ ਹੈ ਕਿ ਕੁਝ ਜੀਵ ਸਦਾ ਸੁੱਖ ਹੀ ਮਾਣਦੇ ਹਨ ਅਤੇ ਕਈ ਹਮੇਸ਼ਾ ਦੁੱਖ ਵਿਚ ਹੀ ਤੱਪਦੇ ਰਹਿੰਦੇ ਹਨ। ਕਈ ਕਿਸਮਤ ਦੇ ਧਨੀ ਨਰਮ ਬਿਸਤਰਿਆਂ ‘ਤੇ ਬੇਫ਼ਿਕਰ ਹੋ ਕੇ ਸੁੱਖ ਦੀ ਨੀਂਦ ਸੌਂਦੇ ਹਨ ਅਤੇ ਕਈ ਵਿਚਾਰੇ ਉਨ੍ਹਾਂ ਦੀ ਸੇਵਾ ਵਿਚ ਉਨ੍ਹਾਂ ਦੀ ਰਾਖੀ ਕਰਦੇ ਖੜ੍ਹੇ ਰਹਿੰਦੇ ਹਨ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਉਤੇ ਉਸ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਜਿਨ੍ਹਾਂ ਉਤੇ ਆਪਣੀ ਕਿਰਪਾ ਕਰਦਾ ਹੈ, ਉਨ੍ਹਾਂ ਦਾ ਜੀਵਨ ਸੁਧਾਰ ਦਿੰਦਾ ਹੈ,
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥
ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨਿ ਚੜੇ॥
ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ॥
ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥੧॥ (ਪੰਨਾ ੪੭੫)
ਇਸ ਤੋਂ ਅਗਲਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ। ਇਸ ਵਿਚ ਵੀ ਗੁਰੂ ਸਾਹਿਬ ਨੇ ਪਰਮਾਤਮਾ ਦੀ ਸਿਰਜਣਾ ਦਾ ਹੀ ਜ਼ਿਕਰ ਕੀਤਾ ਹੈ। ਇਸ ਵਿਚ ਗੁਰੂ ਸਾਹਿਬ ਨੇ ਕਿਹਾ ਹੈ ਕਿ ਉਸ ਅਕਾਲ ਪੁਰਖ ਨੇ ਇਸ ਸੰਸਾਰ ਦੀ ਰਚਨਾ ਆਪ ਹੀ ਕੀਤੀ ਹੈ, ਇਸ ਨੂੰ ਆਪ ਹੀ ਸਜਾਉਂਦਾ ਹੈ, ਇਸ ਸ੍ਰਿਸ਼ਟੀ ਦੀ ਸੰਭਾਲ ਵੀ ਆਪ ਹੀ ਕਰਦਾ ਹੈ। ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰਕੇ ਉਨ੍ਹਾਂ ਦੀ ਸੰਭਾਲ ਵੀ ਆਪ ਹੀ ਕਰਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਦੇਖਦਾ ਹੈ, ਆਪ ਹੀ ਟਿਕਾਉਂਦਾ ਅਤੇ ਆਪ ਹੀ ਢਾਹੁੰਦਾ ਹੈ। ਗੁਰੂ ਅੰਗਦ ਦੇਵ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ, ਉਸ ਤੋਂ ਉਤੇ ਕੋਈ ਹੋਰ ਸ਼ਕਤੀ ਨਹੀਂ ਹੈ। ਇਸ ਲਈ ਉਸ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਫ਼ਰਿਆਦ ਨਹੀਂ ਹੋ ਸਕਦੀ,
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ॥
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ॥
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ॥੨॥ (ਪੰਨਾ ੪੭੫)
ਆਸਾ ਦੀ ਵਾਰ ਦੀ ਆਖ਼ਰੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖ ਦੇ ਗੁਣਾਂ ਦੇ ਗਾਇਨ ਬਾਰੇ ਦੱਸਿਆ ਹੈ ਕਿ ਉਸ ਦੇ ਗੁਣਾਂ ਦੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ, ਉਸ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਭਾਵੇਂ ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ। ਉਸ ਦੇ ਗੁਣ ਬੇਅੰਤ ਹਨ, ਅਥਾਹ ਹਨ। ਉਹ ਅਕਾਲ ਪੁਰਖ ਆਪ ਹੀ ਇਸ ਸੰਸਾਰ ਦਾ ਸਿਰਜਣਹਾਰ ਹੈ ਅਤੇ ਆਪਣੀ ਇਸ ਕੁਦਰਤਿ ਦਾ, ਰਚਨਾ ਦਾ ਮਾਲਕ ਵੀ ਆਪ ਹੀ ਹੈ ਅਰਥਾਤ ਉਹ ਹੀ ਇਸ ਸ੍ਰਿਸ਼ਟੀ ਦਾ ਕਰਤਾ, ਧਰਤਾ ਅਤੇ ਹਰਤਾ ਹੈ। ਇਸ ਸਾਰੀ ਕਾਇਨਾਤ ਦਾ ਮਾਲਕ ਹੋਣ ਦੇ ਨਾਤੇ ਆਪ ਹੀ ਆਪਣੀ ਰਚਨਾ ਤੇ ਬਖ਼ਸ਼ਿਸ਼ਾਂ ਕਰਨ ਵਾਲਾ ਹੈ। ਉਹ ਸਭ ਦਾ ਫਿਕਰ ਆਪ ਹੀ ਕਰਦਾ ਹੈ ਅਰਥਾਤ ਸਭ ਨੂੰ ਆਪ ਹੀ ਰਿਜ਼ਕ ਪਹੁੰਚਾਉਂਦਾ ਹੈ। ਇਸ ਸਾਰੀ ਰਚਨਾ ਵਿਚ ਉਸ ਦਾ ਹੀ ਹੁਕਮ ਵਾਪਰ ਰਿਹਾ ਹੈ। ਇਸ ਲਈ ਸਾਰੇ ਜੀਵ ਉਹੀ ਕਾਰ ਕਮਾਉਂਦੇ ਹਨ, ਜੋ ਉਸ ਪਰਵਰਦਗਾਰ ਨੇ ਉਨ੍ਹਾਂ ਦੇ ਭਾਗਾਂ ਵਿਚ ਪਾਈ ਹੈ ਅਰਥਾਤ ਕੁਝ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ ਵਾਪਰ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਸ ਕਰਤਾ ਪੁਰਖ ਦੇ ਓਟ ਆਸਰੇ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ ਉਹ ਆਪਣੇ ਭਾਣੇ ਵਿਚ ਹੀ ਸਭ ਕੁਝ ਕਰ ਰਿਹਾ ਹੈ,
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ॥
ਸੋ ਕਰਤਾ ਕਾਦਰੁ ਕਰੀਮੁ ਦੇ ਜੀਆ ਰਿਜਕੁ ਸੰਬਾਹਿ॥
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ॥
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ॥
ਸੋ ਕਰੇ ਜਿ ਤਿਸੈ ਰਜਾਇ॥੨੪॥੧॥ਸੁਧੁ॥ (ਪੰਨਾ ੪੭੫)
ਆਸਾ ਦੀ ਵਾਰ ਦੇ ਅਧਿਐਨ ਤੋਂ ਜੋ ਪਹਿਲੀ ਗੱਲ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਇਹ ਸ੍ਰਿਸ਼ਟੀ ਕਰਤਾ ਪੁਰਖ ਨੇ ਆਪਣੇ ਆਪ ਤੋਂ ਆਪ ਹੀ ਰਚੀ ਹੈ। ਉਹ ਇਸ ਦੀ ਰਚਨਾ ਕਰਕੇ ਇਸ ਤੋਂ ਪਾਸੇ ਹੋ ਕੇ ਨਹੀਂ ਬੈਠ ਗਿਆ, ਬਲਕਿ ਉਹ ਆਪਣੀ ਰਚਨਾ ਵਿਚ ਆਪ ਸਮਾਇਆ ਹੋਇਆ ਹੈ। ਇਸ ਸੰਸਾਰ ਦੀ ਰਚਨਾ ਨੂੰ ਉਸ ਦੇ ਆਪਣੇ ਆਪ ਤੋਂ ਕੀਤੀ ਹੋਣ ਦੇ ਨਾਤੇ ਇਸ ਨੂੰ ਸੱਚੀ ਕਿਹਾ ਹੈ। ਇਸ ਸੰਸਾਰ ਵਿਚ ਮਨੁੱਖ ਨੂੰ ਅਕਾਲ ਪੁਰਖ ਨੇ ਇਸ ਲਈ ਭੇਜਿਆ ਹੈ ਤਾਂ ਕਿ ਉਹ ਆਪ ਉਸ ਸੱਚ ਨੂੰ ਅਨੁਭਵ ਕਰੇ, ਹਾਸਲ ਕਰੇ। ਇਸ ਸੱਚ ਦੀ ਪ੍ਰਾਪਤੀ ਦਾ ਰਸਤਾ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਨਾਲ ਪਤਾ ਲੱਗਦਾ ਹੈ, ਸਿਮਰਨ ਰਾਹੀਂ, ਉਸ ਦੇ ਗੁਣਾਂ ਨੂੰ ਵਾਰ ਵਾਰ ਯਾਦ ਕਰਕੇ ਉਸ ਨੂੰ ਪਾ ਸਕੀਦਾ ਹੈ। ਇਸ ਸੱਚ ਦੇ ਰਸਤੇ ਦਾ, ਨਾਮ ਮਾਰਗ ਦਾ ਗਿਆਨ ਗੁਰੂ ਤੋਂ ਪਤਾ ਲੱਗਦਾ ਹੈ, ਇਸ ਦੀ ਸੋਝੀ ਗੁਰੂ ਦੀ ਸਿੱਖਿਆ ਤੋਂ ਪ੍ਰਾਪਤ ਹੁੰਦੀ ਹੈ। ਗਿਆਨ ਤੋਂ ਬਿਨਾਂ ਧਾਰਮਿਕਤਾ ਨਿਰੀ ਰੋਟੀਆਂ ਕਾਰਨ ਤਾਲ ਪੂਰਨਾ ਹੈ।
ਆਸਾ ਦੀ ਵਾਰ ਵਿਚ ਮਨੁੱਖ ਅੰਦਰ ਧਾਰਮਿਕ, ਸਮਾਜਿਕ, ਰਾਜਨੀਤਕ-ਹਰ ਤਰ੍ਹਾਂ ਦੀ ਚੇਤਨਾ ਦਾ ਸੰਚਾਰ ਕੀਤਾ ਹੈ। ਇਸ ਚੇਤਨਾ ਰਾਹੀਂ ਹੀ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਉਸ ਨੇ ਸੱਚੇ ਮਾਰਗ ‘ਤੇ ਚੱਲਦਿਆਂ ਕਿਹੋ ਜਿਹੇ ਗੁਣਾਂ ਨੂੰ ਆਪਣੇ ਅੰਦਰ ਪੈਦਾ ਕਰਨਾ ਹੈ ਅਤੇ ਕਿਹੋ ਜਿਹਾ ਜੀਵਨ ਬਸਰ ਕਰਨਾ ਹੈ। ਮਨੁੱਖ ਦੇ ਜੀਵਨ ਦਾ ਕੋਈ ਵੀ ਪੱਖ ਇਹੋ ਜਿਹਾ ਨਹੀਂ ਹੈ ਜਿਸ ਨੂੰ ਆਸਾ ਦੀ ਵਾਰ ਵਿਚ ਛੋਹਿਆ ਨਾ ਗਿਆ ਹੋਵੇ। ਇਹ ਰਚਨਾ ਮਨੁੱਖੀ ਜੀਵਨ ਦੇ ਬਹੁ-ਪੱਖੀ ਵਿਕਾਸ ‘ਤੇ ਰੋਸ਼ਨੀ ਪਾਉਂਦੀ ਹੈ।
Leave a Reply