ਦਰਦ ਕਹਾਣੀ

ਬਲਜੀਤ ਬਾਸੀ
ਦਰਦ ਮੁਢਲੇ ਤੌਰ ‘ਤੇ ਇਕ ਸਰੀਰਕ ਅਨੁਭਵ ਹੈ ਜੋ ਕਿਸੇ ਚੋਟ, ਬੀਮਾਰੀ ਜਾਂ ਸਰੀਰ ਦੇ ਕਿਸੇ ਹਿੱਸੇ ਵਿਚ ਅਸੁਖਾਵੇਂਪਣ ਕਾਰਨ ਵਿਆਪਦਾ ਹੈ। ਕੁਝ ਅੰਗਾਂ ਦੇ ਨਾਂ ਨਾਲ ਦਰਦ ਸ਼ਬਦ ਲੱਗ ਕੇ ਸਮਾਸੀ ਸ਼ਬਦ ਵੀ ਬਣ ਗਏ ਹਨ ਜਿਵੇਂ ਸਿਰ ਦਰਦ, ਪੇਟ ਦਰਦ, ਪਿੱਠ ਦਰਦ ਆਦਿ। ਦੁਨੀਆਂ ਭਰ ਵਿਚ ਸਭ ਤੋਂ ਵਧ ਮਰੀਜ਼ ਕਿਸੇ ਨਾ ਕਿਸੇ ਪ੍ਰਕਾਰ ਦੇ ਦਰਦ ਕਾਰਨ ਹੀ ਡਾਕਟਰਾਂ ਕੋਲ ਰਸਾਈ ਕਰਦੇ ਹਨ। ਦਰਦ ਕਿਸੇ ਗੁਪਤ ਰੋਗ ਦਾ ਲਛਣ ਵੀ ਹੁੰਦਾ ਹੈ ਜਿਸ ਦੀ ਡਾਕਟਰ ਲੋਕ ਤਸ਼ਖੀਸ ਕਰਦੇ ਹਨ। ਗੁਰੂ ਨਾਨਕ ਦੇਵ ਕਹਿੰਦੇ ਹਨ, “ਦਰਦ ਹੋਵੈ ਦੁਖੁ ਰਹੈ ਸਰੀਰ॥” ਮਾਨਸਿਕ, ਭਾਵਕ ਅਤੇ ਆਤਮਕ ਚੋਟ ਕਾਰਨ ਪੈਦਾ ਹੋਏ ਅਨੁਭਵ ਲਈ ਵੀ ਦਰਦ ਸ਼ਬਦ ਦੀ ਬਹੁਤ ਵਰਤੋਂ ਹੁੰਦੀ ਹੈ, ਖਾਸ ਤੌਰ ‘ਤੇ ਪਿਆਰ ਦੀ ਸਥਿਤੀ ਵਿਚ। ਜੁਦਾਈ ਵਿਚ ਦਰਦ ਕਈ ਵਾਰ ਏਨਾ ਵਧ ਜਾਂਦਾ ਹੈ ਕਿ ਇਹ ਦਵਾ ਹੀ ਬਣ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਨਿਰੰਤਰ ਦਰਦ ਮਹਿਸੂਸ ਕਰਨ ਦੀ ਇਕ ਅਜਿਹੀ ਆਦਤ ਬਣ ਜਾਂਦੀ ਹੈ ਕਿ ਮਨੁਖ ਇਸ ਦੇ ਸੁਆਦ ਨੂੰ ਮਾਨਣ ਲਗਦਾ ਹੈ। ਕਵੀਆਂ ਨੇ ਦਰਦ ਨੂੰ ਬਹੁਤ ਉਚਾ ਰੁਤਬਾ ਦਿੱਤਾ ਹੈ। ਵਿਛੋੜੇ ਦੇ ਦਰਦ ਦਾ ਇਲਾਜ ਮਿਲਾਪ ਵਿਚ ਹੀ ਹੈ, “ਵਾਰਿਸ ਸ਼ਾਹ ਸਦਾਈਏ ਵੈਦ ਰਾਂਝਾ ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ।” ਹੀਰ ਦੇ ਦਰਦ ਬਿਆਨਣ ਵਾਲੇ ਵਾਰਿਸ ਸ਼ਾਹ ਨੂੰ ਅੰਮ੍ਰਿਤਾ ਨੇ “ਦਰਦਮੰਦਾਂ ਦਾ ਦਰਦੀਆ” ਕਿਹਾ ਹੈ। ਦਰਦ ਦੇ ਪੰਜਾਬੀ ਕਵੀ ਸ਼ਿਵ ਕੁਮਾਰ ਦਾ ਕਹਿਣਾ ਹੈ,
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਿਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ।
ਪਿਆਰ ਦਾ ਮੱਠਾ ਮੱਠਾ ਦਰਦ ਦਿਲ ਵਿਚ ਮਹਿਸੂਸ ਹੁੰਦਾ ਲਗਦਾ ਹੈ ਜਿਸ ਕਰਕੇ ਇਸ ਨੂੰ Ḕਦਰਦੇ ਦਿਲḔ ਵੀ ਕਿਹਾ ਜਾਂਦਾ ਹੈ ਪਰ ਹਰਟ ਅਟੈਕ ਕਾਰਨ ਦਿਲ ਵਿਚ ਉਠੇ ਦਰਦ ਨੂੰ ਦਰਦੇ ਦਿਲ ਨਹੀਂ ਕਿਹਾ ਜਾ ਸਕਦਾ! ਸੂਫੀ ਅਨੁਭਵ ਵਿਚ ਵੀ ਇਸ਼ਕ ਹਕੀਕੀ ਤੇ ਇਸ਼ਕ ਮਿਜ਼ਾਜੀ ਕਾਰਨ ਪੈਦਾ ਹੋਏ ਦਰਦ ਦਾ ਸਥਾਨ ਸਿਰਮੌਰ ਹੈ। ਸ਼ਾਹ ਹੁਸੈਨ ਫਰਮਾਉਂਦੇ ਹਨ, “ਦਰਦ ਵਿਛੋੜੇ ਦਾ ਹਾਲ ਨੀ ਮੈਂ ਕੀਹਨੂੰ ਆਖਾਂ?” ਗੁਰਬਾਣੀ ਵਿਚ Ḕਦੂਖ ਦਰਦḔ ਸਮਾਸ ਵਜੋਂ ਇਹ ਸ਼ਬਦ ਅਨੇਕਾਂ ਵਾਰੀ ਆਇਆ ਹੈ, ਖਾਸ ਤੌਰ ‘ਤੇ ਗੁਰੂ ਅਰਜਨ ਦੇਵ ਦੇ ਪਦਿਆਂ ਵਿਚ। ਪਰਮਾਤਮਾ ਮਨੁਖ ਦੇ ਦਰਦਾਂ ਦਾ ਅਹੁਰ ਹੈ, “ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ॥” ਦਰਦ ਸ਼ਬਦ ਵਿਅਕਤੀਗਤ ਸਰੀਰਕ ਜਾਂ ਮਾਨਸਿਕ ਪੀੜ ਤੋਂ ਅੱਗੇ ਚੱਲ ਕੇ ਆਮ ਲੋਕਾਂ ਦੀਆਂ ਸਮਾਜਕ ਤਕਲੀਫਾਂ ਦੇ ਵਿਆਪਕ ਅਰਥ ਵੀ ਧਾਰਨ ਕਰ ਲੈਂਦਾ ਹੈ। ਕਹਾਵਤ ਹੈ, Ḕਦਰਦਮੰਦਾਂ ਦੀਆਂ ਆਹੀਂ ਸੁਣਕੇ ਆਪ ਖੁਦਾਵੰਦ ਡਰਿਆḔ ਭਾਵ ਦੁਖੀਆਂ ਦੀਆਂ ਆਹਾਂ ਦੇਣ ਵਾਲੇ ਦੀ ਆਤਮਾ ਨੂੰ ਸ਼ਾਂਤੀ ਨਹੀਂ ਲੈਣ ਦਿੰਦੀਆਂ। ਪਰ ਦਰਦ ਸ਼ਬਦ ਦੁਖ, ਪੀੜਾ ਤੋਂ ਅੱਗੇ ਵਧ ਕੇ ਦੂਜੇ ਦੇ ਦਰਦ ਦਾ ਅਹਿਸਾਸ ਕਰਨ ਵਾਲੇ ਵਿਅਕਤੀ ਦੀ ਭਾਵਨਾ ਅਰਥਾਤ ਹਮਦਰਦੀ ਲਈ ਵੀ ਵਰਤਿਆ ਜਾਂਦਾ ਹੈ।
ਗੁਰੂ ਨਾਨਕ ਨੇ ਬਾਬਰਵਾਣੀ ਵਿਚ ਇਨ੍ਹਾਂ ਅਰਥਾਂ ਵਿਚ ਦਰਦ ਸ਼ਬਦ ਦੀ ਸੁੰਦਰ ਵਰਤੋਂ ਕੀਤੀ ਹੈ, “ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦੁ ਨ ਆਇਆ॥” ਭਗਤ ਰਵਿਦਾਸ ਨੇ ਵੀ ਇਹ ਸ਼ਬਦ ਇਸੇ ਆਸ਼ੇ ਲਈ ਇਸਤੇਮਾਲ ਕੀਤਾ ਹੈ, “ਸੋ ਕਤ ਜਾਨੈ ਪੀਰ ਪਰਾਈ॥ ਜਾ ਕੈ ਅੰਤ ਦਰਦੁ ਨਾ ਪਾਈ॥” ਦਰਦ ਜਾਂ ਇਸ ਤੋਂ ਬਣੇ ਸ਼ਬਦਾਂ ਦੀ ਏਨੀ ਮਹਿਮਾ ਕਾਰਨ ਇਸ ਸ਼ਬਦ ਦੀ ਤਖੱਲਸ ਵਜੋਂ ਵਰਤੋਂ ਵੀ ਹੁੰਦੀ ਹੈ ਜਿਵੇਂ ਹੀਰਾ ਸਿੰਘ ਦਰਦ, ਸਾਧੂ ਸਿੰਘ ਹਮਦਰਦ, ਗੁਪਾਲ ਸਿੰਘ ਦਰਦੀ। ਸ਼ਾਇਦ ਕਿਸੇ ਦਾ ਤਖੱਲਸ ਬੇਦਰਦ ਜਾਂ ਬੇਦਰਦੀ ਵੀ ਹੋਵੇ!
ਦਰਦਾਂ ਦੇ ਇਲਾਜ ਲਈ ਹਮਦਰਦ ਦੇ ਸਿੰਕਾਰੇ ਦਾ ਇਹ ਇਸ਼ਤਿਹਾਰ ਸਭ ਨੇ ਪੜ੍ਹਿਆ ਸੁਣਿਆ ਹੋਵੇਗਾ, Ḕਸਿਰ ਦਰਦ ਸੇ ਫਟਾ ਜਾ ਰਹਾ ਹੈ।Ḕ Ḕਕਿਆ ਹਾਲ ਬਨਾ ਰੱਖਾ ਹੈ? ਕੁਛ ਲੇਤੇ ਕਿਉਂ ਨਹੀਂ?Ḕ ਇਸ ਇਸ਼ਤਿਹਾਰ ਤੋਂਂ ਦਰਦ ਬਾਰੇ ਇਕ ਮੁਢਲੀ ਸੱਚਾਈ ਸਾਹਮਣੇ ਆਉਂਦੀ ਹੈ। ਸਰੀਰ ਦੇ ਕਿਸੇ ਹਿੱਸੇ ਜਾਂ ਮਾਸਪੇਸ਼ੀ ਦੇ ਫਟਣ ਨਾਲ ਦਰਦ ਮਹਿਸੂਸ ਹੁੰਦਾ ਹੈ। ਦਰਦ ਵਿਚ ਮਨੁਖ ਦੀ ਮਾਨਸਿਕਤਾ ਵੀ ਫਟੀ ਹੋਈ ਮਲੂਮ ਹੁੰਦੀ ਹੈ, ਉਹ ਤੜਪਦਾ ਹੈ, ਕੁਰਲਾਉਂਦਾ ਹੈ, ਦਰਦ ਵਾਲੀ ਥਾਂ ਨੂੰ ਸਹਿਲਾਉਂਦਾ ਹੈ ਕਿ ਕਿਤੇ ਫਟਿਆ ਥਾਂ ਜੁੜ ਜਾਵੇ।
ਕਿਸੇ ਦਿਲਰੁਬਾ ਤੋਂ ਜੁਦਾਈ ਹੋ ਜਾਵੇ, ਕੋਈ ਕਰੀਬੀ ਸਦਾ ਸਦਾ ਲਈ ਵਿਛੜ ਜਾਵੇ ਤਾਂ ਮਾਨਸਿਕ ਦਰਦ ਹੁੰਦਾ ਹੈ। ਵਿਛੋੜੇ ਵਿਚ ਵੀ ਕਿਸੇ ਤੋਂ ਅਲੱਗ ਹੋਣ, ਫਟਣ ਦਾ ਭਾਵ ਹੀ ਹੈ। ਗੱਲ ਏਥੇ ਲਿਆਉਣੀ ਹੈ ਕਿ ਜੇ ਦਰਦ ਵਿਚ ਫਟੇ ਜਾਣ ਦਾ ਅਨੁਭਵ ਹੈ ਤਾਂ ਸ਼ਬਦ ਦਰਦ ਵਿਚੋਂ ਵੀ ਏਹੀ ਭਾਵ ਉਜਾਗਰ ਹੁੰਦਾ ਹੈ। ਦਰਦ ਫਾਰਸੀ ਵਲੋਂ ਆਇਆ ਸ਼ਬਦ ਹੈ ਜਿਸ ਲਈ ਪੰਜਾਬੀ ਦੇ ਪੀੜ ਜਾਂ ਦੁਖ ਜਿਹੇ ਸ਼ਬਦ ਵਧੇਰੇ ਪ੍ਰਚਲਿਤ ਹਨ। ਉਤਰ ਪਛਮੀ ਹਿੰਦ ਉਪਦੀਪ ਦੇ ਇਕ ਹਿੱਸੇ ਯਾਨਿ ਹਿੰਦੂਕੁਸ਼ ਲਾਗਲੇ ਖੇਤਰ ਨੂੰ ਦਰਦ ਜਾਂ ਦਰਦਿਸਤਾਨ ਕਿਹਾ ਜਾਂਦਾ ਹੈ। ਇਸ ਇਲਾਕੇ ਦੀਆਂ ਭਾਸ਼ਾਵਾਂ ਨੂੰ ਵੀ ਦਰਦ ਭਾਸ਼ਾਵਾਂ ਕਿਹਾ ਜਾਂਦਾ ਹੈ। ਭਾਵੇਂ ਕੁਝ ਵਿਦਵਾਨ ਇਸ ਨੂੰ ਹਥਲੇ ਸ਼ਬਦ ਨਾਲ ਹੀ ਜੋੜਦੇ ਹਨ ਪਰ ਇਹ ਦਰੁਸਤ ਨਹੀਂ ਜਾਪਦਾ। ਦਰਦ ਇਕ ਭਾਰੋਪੀ ਖਾਸੇ ਵਾਲਾ ਸ਼ਬਦ ਹੈ। ਦਰਜ਼ੀ ਵਾਲੇ ਲੇਖ ਵਿਚ ਅਸੀਂ ਦੱਸ ਆਏ ਹਾਂ ਕਿ ਸ਼ਬਦ ਦਰਜ਼ ਵਿਚ ਫਟਣ ਦਾ ਭਾਵ ਹੈ। ਦਰਦ ਸ਼ਬਦ ਦਾ ਮੁਢਲਾ ਰੂਪ ḔਦਰḔ ਹੈ ਤੇ ਅੱਗੋਂ ਇਸ ਦਾ ਧਾਤੂ Ḕਦ੍ਰੀḔ ਹੈ ਜਿਸ ਵਿਚ ਫਟਣ ਦਾ ਭਾਵ ਹੈ। ਫਾਰਸੀ ਦਰਦ ਦਾ ਪਹਿਲਵੀ ਰੂਪ ਦਰਿਤਾ ਸੀ। ਦਰਦ ਤੋਂ ਦਰਦਨਾਕ, ਦਰਦਮੰਦ, ਦਰਦੀਲਾ ਆਦਿ ਸ਼ਬਦ ਵੀ ਬਣੇ ਹਨ। ਇਸੇ ਤੋਂ ਇਕ ਸ਼ਬਦ ਬਣਿਆ ਹੈ ਬਿਦਾਰਨਾ ਜਿਸ ਦਾ ਸੰਸਕ੍ਰਿਤ ਰੂਪ ਵਿਦਾਰ (ਵਿ+ਦਾਰ) ਹੈ ਜਿਸ ਦਾ ਅਰਥ (ਪਾੜ ਕੇ) ਨਸ਼ਟ ਕਰਨਾ, ਖਤਮ ਕਰਨਾ ਹੁੰਦਾ ਹੈ। ਇਥੇ ḔਵਿḔ ਅਗੇਤਰ ਦਰ ਦੇ ਅਰਥਾਂ ਨੂੰ ਤੀਖਣਤਾ ਬਖਸ਼ਦਾ ਹੈ। ਸਾਡੀ ਖੁਸ਼ਕਿਸਮਤੀ ਨੂੰ ḔਦਰਦḔ ਤੇ ḔਬਿਦੀਰਨḔ ਦੋਵੇਂ ਸ਼ਬਦ ਪੰਜਵੇਂ ਗੁਰੂ ਨੇ ਇਕੋ ਤੁਕ ਵਿਚ ਵਰਤੇ ਹਨ, “ਦੂਖ ਦਰਦ ਰੋਗ ਸਗਲ ਬਿਦਾਰਿਆ॥” ਇਸ ਨਾਲ ਜੁੜੇ ਬਿਦਾਰ ਸ਼ਬਦ ਵਿਚ ਵੀ ਪਾੜ ਕੇ ਖਤਮ ਕਰਨ ਦਾ ਭਾਵ ਹੈ, “ਹਰਨਾਖਸ ਛੇਦਿਓ ਨਖ ਬਿਦਾਰ॥” (ਭਗਤ ਕਬੀਰ) ਅਰਥਾਤ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ।
ਸੰਸਕ੍ਰਿਤ ਵਿਚ ਦਰਦ ਵਿਚਲੇ ਸ਼ਬਦ ਦੇ ਦਰ ਦੇ ਅਰਥ ਫਟਣ ਤੋਂ ਬਿਨਾਂ ਸ਼ੰਖ, ਪ੍ਰਵਾਹ, ਵਹਾਅ ਆਦਿ ਵੀ ਹਨ। ਸੰਖ ਵਿਚ ਵੀ ਪਾੜ ਹੁੰਦਾ ਹੈ ਤੇ ਪਾਣੀ ਦਾ ਪਰਵਾਹ ਵੀ ਜਲ ਦਾ ਪਾਟ ਹੀ ਹੁੰਦਾ ਹੈ। ਪਾਟ ਦਾ ਅਰਥ ਵੀ ਪਾਣੀ ਦਾ ਵੱਖਰਾ ਹੋਇਆ ਪਰਵਾਹ ਹੈ। ਪਰ ਇਸ ਦਾ ਸਭ ਤੋਂ ਮਹੱਤਵਪੂਰਨ ਅਰਥ ḔਡਰḔ ਹੈ। ਇਕ ਮਿਸਾਲ ਦੇਖੋ, “ਕਾ ਦਰ ਹੈ ਜਮ ਕੋ ਤਿਨ ਜੀਵਨ ਅੰਤ ਭਜੇ ਗੁਰੁ ਤੇਗ ਬਹਾਦਰ?” (ਗੁਪ੍ਰਸੂ)
ਸੰਸਕ੍ਰਿਤ ਵਿਚ Ḕਦਰ ਤਿਮਿਰḔ ਦਾ ਅਰਥ ਡਰ ਦਾ ਹਨੇਰਾ ਹੁੰਦਾ ਹੈ। ਸੰਸਕ੍ਰਿਤ ਵਿਚ ਹੀ ਦਰਦ ਦਾ ਅਰਥ ਡਰ, ਭੈਅ ਵੀ ਹੈ। ਸੱਚਾਈ ਇਹ ਹੈ ਕਿ ਭੈਅ ਦੇ ਅਰਥਾਂ ਵਾਲਾ ਡਰ ਸ਼ਬਦ ਵੀ ਇਸੇ ਦਾ ਇਕ ਭੇਦ ਹੈ। ਦਰਅਸਲ ਦਰ ਜਾਂ ਡਰ ਵਿਚ ਵੀ ਮਨ ਦੇ ਫਟਣ ਦਾ ਭਾਵ ਹੈ। ਕਬੀਰ ਦਾ ਕਥਨ ਹੈ, “ਡਡਾ ਡਰ ਉਪਜੇ ਡਰ ਜਾਈ॥” ਗੁਰੂ ਨਾਨਕ ਨੇ ਕਿਹਾ, “ਭੈਅ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ॥” ਡਰ ਤੋਂ ਬਣੇ ਕੁਝ ਹੋਰ ਸ਼ਬਦਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੋਂ ਦੇਖੋ, “ਸੁਨੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ॥” -ਗੁਰੂ ਨਾਨਕ ਦੇਵ। “ਨਿਡਰਿਆ ਡਰੁ ਜਾਣੀਐ ਬਾਝੂ ਗੁਰੂ ਗੁਬਾਰੁ॥” -ਗੁਰੂ ਨਾਨਕ; “ਜਿਉ ਡਰਨਾ ਖੇਤ ਮਾਹਿ ਡਰਾਇਆ॥” -ਗੁਰੂ ਅੰਗਦ। ਡਰ ਦਾ ਇਕ ਲੋਕ-ਪ੍ਰਚਲਿਤ ਰੂਪ ਡਰੀ ਵੀ ਹੈ, “ਮੈਨੂੰ ਤੇਰੀ ਡਰੀ ਮਾਰੀ ਹੋਈ ਹੈ?” ਡਰ ਦਾ ਇਕ ਹੋਰ ਰੂਪ ਡਰਪਣਾ ਹੈ ਜਿਸ ਤੋਂ ਅੱਗੇ ਡਰਪੋਕ ਸ਼ਬਦ ਬਣਿਆ, “ਸੁਰੂ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ॥” (ਭਗਤ ਕਬੀਰ) ਭਾਵ ਸੂਰਮਾ ਕਾਹਦਾ ਜਿਹੜਾ ਰਣਭੂਮੀ ਤੋਂ ਡਰ ਜਾਵੇ ਤੇ ਸਤੀ ਕਾਹਦੀ ਜਿਹੜੀ (ਮਰਨ ਵੇਲੇ) ਭਾਂਡੇ ਸਾਂਭਣ ਲੱਗ ਪਵੇ।
ਦਰ ਦੇ ਫਟਣ ਵਾਲੇ ਭਾਵ ਤੋਂ ਹੋਰ ਵੀ ਬਣੇ ਕਈ ਸ਼ਬਦ ਮਿਲਦੇ ਹਨ ਜਿਵੇਂ ਦਰੜ, ਦਰਦਰਾ, ਦਰਿੰਦਾ। ਇਥੇ ਇਹ ਵੀ ਦੱਸਣਯੋਗ ਹੈ ਕਿ ਦਲ ਸ਼ਬਦ ਵੀ ḔਦਰḔ ਦਾ ਹੀ ਇਕ ਰੂਪ ਹੈ ਜਿਸ ਤੋਂ ਹੋਰ ਬਹੁਤ ਸਾਰੇ ਸ਼ਬਦਾਂ ਦੀ ਲੜੀ ਤੁਰਦੀ ਹੈ ਜਿਨ੍ਹਾਂ ਵਿਚ ਫਟਣ, ਪਾਟਣ ਦੇ ਭਾਵ ਹਨ ਜਿਵੇਂ ਦਲ (ਟਿੱਡੀ ਦਲ)। ਇਹ ਸ਼ਬਦ (ਰਾਜਸੀ) ਪਾਰਟੀ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ ਤੇ ਸੈਨਾ ਦੀ ਟੁਕੜੀ ਦੇ ਅਰਥਾਂ ਵਿਚ ਵੀ। ਧਿਆਨ ਦਿਓ ਅੰਗਰੇਜ਼ੀ ਪਾਰਟੀ (ਅੰਗਰੇਜ਼ੀ ਪਾਰਟ ਤੋਂ) ਵਿਚ ਵੀ ਫਟਣ ਦਾ ਭਾਗ ਹੈ ਅਤੇ ਪੰਜਾਬੀ ਟੁਕੜੀ ਵਿਚ ਵੀ। ਦਲ ਤੋਂ ਅੱਗੇ ਦਲਪਤੀ ਸ਼ਬਦ ਬਣਿਆ। ḔਦਾਲḔ ਮਤਲਬ ਦਲ ਕੇ ਖਾਧੀ ਜਾਣ ਵਾਲੀ ਜਿਣਸ (ਮੂੰਗੀ, ਮਸਰ, ਛੋਲੇ ਆਦਿ) ਵਿਚ ਵੀ ਫਟਣ ਦਾ ਭਾਵ ਹੈ। ਦਿਲਚਸਪ ਗੱਲ ਹੈ ਕਿ ਸਬੂਤੀ ਜਿਣਸ ਲਈ ਵੀ ਦਾਲ ਸ਼ਬਦ ਹੀ ਵਰਤਦੇ ਹਾਂ। ਇਹ ਸਾਰੇ ਸ਼ਬਦ ਭਾਰੋਪੀ ਅਸਲੇ ਦੇ ਹਨ ਤੇ ਇਨ੍ਹਾਂ ਦਾ ਮੂਲ ਧeਰ ਹੈ। ਅੰਗਰੇਜ਼ੀ ਵਿਚ ਇਸ ਦਾ ਸੁਜਾਤੀ ਸ਼ਬਦ ਪਾੜਨ ਦੇ ਅਰਥਾਂ ਵਾਲਾ ਠeਅਰ ਹੈ। ਖੱਟਾ ਦੇ ਅਰਥਾਂ ਵਾਲਾ ਅੰਗਰੇਜ਼ੀ ਠਅਰਟ ਸ਼ਬਦ ਵੀ ਇਸੇ ਮੂਲ ਨਾਲ ਜੁੜਦਾ ਹੈ। ਇਸ ਵਿਚ ਮੂਲ ਭਾਵ ਜੀਭ ਨੂੰ ਪਾੜਨ ਦਾ ਹੈ।
ਅਸਲ ਵਿਚ ਕੁਝ ਭਾਸ਼ਾਵਾਂ ਜਿਵੇਂ ਆਰਮੀਮੀਨੀਅਨ ਵਿਚ ਇਸ ਨਾਲ ਸਬੰਧਤ ਸ਼ਬਦ ਦਾ ਅਰਥ ਛਿੱਲਣਾ ਖਾਸ ਤੌਰ ‘ਤੇ ਚਮੜੀ, ਵੀ ਹੈ। ਸਾਡੀਆਂ ਭਾਸ਼ਾਵਾਂ ਦੀ ਤਰ੍ਹਾਂ ਹੀ ਗਰੀਕ ਵਿਚ ਵੀ ਇਸ ਮੂਲ ਦੀ ḔਰḔ ਧੁਨੀ Ḕਲ Ḕਵਿਚ ਵੀ ਬਦਲ ਗਈ ਹੈ। ਗਰੀਕ ਵਿਚ ਧੋਲe ਸ਼ਬਦ ਮਿਲਦਾ ਹੈ ਜਿਸ ਦਾ ਅਰਥ ਗਮ, ਦੁਖ, ਦਰਦ ਹੈ। ਦੁਖ ਦਰਦ ਸਾਂਝਾ ਕਰਨ ਦੇ ਅਰਥਾਂ ਵਿਚ ਅੰਗਰੇਜ਼ੀ ਸ਼ਬਦ ਛੋਨਦੋਲe ਵੀ ਇਸੇ ਤੋਂ ਵਿਕਸਿਤ ਹੋਇਆ। ਕਰੋਸ਼ੀਅਨ ਭਾਸ਼ਾ ਵਿਚ ਦਰਤ ਦਾ ਮਤਲਬ ਫਿਕਰ, ਚਿੰਤਾ ਹੁੰਦਾ ਹੈ ਭਾਵ ਜਿਸ ਗੱਲ ਦੀ ਕਲਪਨਾ ਮਨ ਨੂੰ ਚੀਰਦੀ ਰਹਿੰਦੀ ਹੈ। ਦਰਦ ਕਹਾਣੀ ਜਿੰਨੀ ਹਿਰਦੇਵੇਧਕ ਹੈ, ਮੈਂ ਓਨੀ ਪੇਸ਼ ਨਹੀਂ ਕਰ ਸਕਿਆ।

Be the first to comment

Leave a Reply

Your email address will not be published.