ਤਸਵੀਰ ਦੇ ਦੋਵੇਂ ਪਾਸੇ-ਕਿਸ਼ਤ ਚੌਥੀ

ਫਰਾਂਸ ਦੇ ਸੰਸਾਰ ਪ੍ਰਸਿੱਧ ਲੇਖਕ ਮੋਪਾਸਾਂ (5 ਅਗਸਤ 1850-6 ਜੁਲਾਈ 1893) ਦੀ ਸ਼ਾਹਕਾਰ ‘ਬੂਲ ਦਿ ਸੂਫ’ ਨਾਂ ਦੀ ਕਹਾਣੀ ਕਈ ਨਾਂਵਾਂ- ‘ਬਾਲ ਆਫ ਫੈਟ’, ‘ਬਟਰਬਾਲ’, ‘ਡੰਪਲਿੰਗ’ ਹੇਠ ਅਨੁਵਾਦ ਹੋਈ ਹੈ। ਮੋਪਾਸਾਂ ਦੀ ਇਹ ਕਹਾਣੀ ਪਹਿਲੀ ਵਾਰ ਅਪਰੈਲ 1880 ਵਿਚ ਛਪੀ ਸੀ। ਪੰਜਾਬੀ ਦੇ ਪ੍ਰਸਿੱਧ ਨਾਵਲਿਸਟ ਸਵਰਗੀ ਨਾਨਕ ਸਿੰਘ ਨੇ ਇਸ ਕਹਾਣੀ ਦਾ ਅਨੁਵਾਦ ‘ਤਸਵੀਰ ਦੇ ਦੋਵੇਂ ਪਾਸੇ’ ਸਿਰਲੇਖ ਤਹਿਤ ਕੀਤਾ ਸੀ। ਕਹਾਣੀ ਕਹਿਣ ਵਿਚ ਮੋਪਾਸਾਂ ਦੀ ਕੋਈ ਰੀਸ ਨਹੀਂ। ਮੁਸੀਬਤ ਵਿਚ ਕਿਵੇਂ ਊਚ-ਨੀਚ, ਅਮੀਰੀ-ਗਰੀਬੀ ਭੁਲਾ ਕੇ ਬੰਦਾ ਸਿਰਫ ਇਨਸਾਨ ਰਹਿ ਜਾਂਦਾ ਹੈ, ਕਹਾਣੀ ਵਿਚ ਇਹ ਬਿਰਤਾਂਤ ਲਾਜਵਾਬ ਹੈ। ਕਹਾਣੀ ਦਸ ਯਾਤਰੂਆਂ ਦੁਆਲੇ ਘੁੰਮਦੀ ਹੈ। ਇਸ ਕਹਾਣੀ ਦਾ ਘੇਰਾ ਅੰਬਰ ਜਿੱਡਾ ਹੈ। ਕੋਈ ਮੋਪਾਸਾਂ ਵਰਗਾ ਲੇਖਕ ਹੀ ਕਹਾਣੀ ਦੀ ਇੰਨੀ ਵੱਡੀ ਹਲਾਈਂ ਵਗਲ ਸਕਦਾ ਸੀ। ਪੇਸ਼ ਹੈ ਕਹਾਣੀ ਦੀ ਅਗਲੀ ਕਿਸ਼ਤ। -ਸੰਪਾਦਕ

ਮੂਲ ਲੇਖਕ: ਮੋਪਾਸਾਂ
ਤਰਜਮਾ: ਨਾਨਕ ਸਿੰਘ
ਦੂਜੇ ਦਿਨ ਉਹ ਹੋਰ ਵੀ ਸਵਖਤੇ ਜਾਗੇ। ਯਾਤਰਾ ਕਰਨ ਦੀ ਆਗਿਆ ਕਿਸੇ ਤਰ੍ਹਾਂ ਮਿਲ ਜਾਵੇ, ਉਹ ਫਿਰ ਨਵੇਂ ਸਿਰਿਉਂ ਇਸੇ ਬਾਰੇ ਮਨਸੂਬੇ ਸੋਚਣ ਲੱਗੇ। ਬਹੁਤਾ ਖਤਰਾ ਉਨ੍ਹਾਂ ਨੂੰ ਇਸ ਗੱਲ ਦਾ ਸਤਾ ਰਿਹਾ ਸੀ, ਮਤੇ ਅੱਜ ਦਾ ਦਿਨ ਵੀ ਉਨ੍ਹਾਂ ਨੂੰ ਇਥੇ ਹੀ ਰੁਕਣਾ ਪਵੇ।
ਘੋੜੇ ਤਬੇਲੇ ਵਿਚ ਬੱਧੇ ਹੋਏ ਸਨ। ਗੱਡੀ ਉਥੇ ਦੀ ਉਥੇ ਖੜ੍ਹੀ ਸੀ ਤੇ ਗੱਡੀਵਾਨ ਦਾ ਅੱਜ ਵੀ ਕੋਈ ਪਤਾ ਨਹੀਂ ਸੀ। ਉਹ ਵਿਚਾਰੇ ਗੱਡੀ ਦੇ ਆਸ ਪਾਸ ਫਿਰਦੇ ਹੋਏ ਬੜੀ ਘਬਰਾਹਟ ਨਾਲ ਆਪੋ ਆਪਣੇ ਭਵਿਖ ਬਾਰੇ ਸੋਚ ਰਹੇ ਸਨ। ਕੰਮ ਕੋਈ ਹੈ ਨਹੀਂ ਸੀ, ਵਕਤ ਬੀਤਣ ਵਿਚ ਨਹੀਂ ਸੀ ਆਉਂਦਾ। ਤਾਸ਼ ਖੇਡਣ ਨੂੰ ਵੀ ਹੁਣ ਕਿਸੇ ਦਾ ਦਿਲ ਨਹੀਂ ਸੀ ਕਰਦਾ।
ਅੱਜ ਖਾਣੇ ਦੀ ਮੇਜ਼ Ḕਤੇ ਪੂਰੀ ਉਦਾਸੀ ਛਾਈ ਰਹੀ। ਸਾਰੇ ਜਣੇ ਉਸ ਕਲ੍ਹਾ ਦੀ ਮੂਲ ਮਾਰਗਰੇਟ ਵੱਲ ਕੌੜੀ ਨਜ਼ਰ ਨਾਲ ਤੱਕ ਰਹੇ ਸਨ। ਰਾਤੀਂ ਸੌਣ ਲੱਗਿਆਂ ਕਈਆਂ ਦੇ ਦਿਮਾਗ਼ ਵਿਚੋਂ ਉਹ ਜੋਸ਼ੀਲੀਆਂ ਲਹਿਰਾਂ ਜਿਨ੍ਹਾਂ ਰਾਹੀਂ ਉਹ ਉਸ ਜਰਮਨ ਅਫਸਰ ਨੂੰ ਕੱਚਿਆਂ ਖਾ ਜਾਣ ਲਈ ਤੜਫਦੇ ਸਨ, ਹੌਲੀ-ਹੌਲੀ ਠੰਢੀਆਂ ਹੋਣੀਆਂ ਸ਼ੁਰੂ ਹੋ ਗਈਆਂ। ਉਹ ਸੋਚ ਰਹੇ ਸਨ ਕਿ ਜੇ ਇਹ ਕੁੜੀ ਚੁਪ-ਚੁਪੀਤੀ ਲੁਕ ਕੇ ਉਸ ਅਫਸਰ ਕੋਲ ਚਲੀ ਜਾਵੇ, ਤਾਂ ਇਸ ਵਿਚ ਹਰਜ ਹੀ ਕੀ ਹੈ? ਸਾਡੀਆਂ ਤੀਵੀਆਂ ਵਰਗੀ ਸਤੀ ਸਤਵੰਤੀ ਤਾਂ ਹੈ ਨਹੀਂ, ਕਿ ਉਸ ਦੀ ਇਜ਼ਤ Ḕਤੇ ਹਰਫ ਆ ਜਾਏਗਾ। ਆਖਰ ਤਾਂ ਇਹ ਕੰਜਰੀ ਹੀ ਹੈ ਨਾ। ਸ਼ੁਰੂ ਵਿਚ ਹੀ ਜੇ ਅਲੈੜਪਣਾ ਨਾ ਕਰਦੀ ਤਾਂ ਸਾਡੇ ਭਾ ਦੀ ਇਹ ਮੁਸੀਬਤ ਕਿਉਂ ਆਉਂਦੀ; ਸੱਪ ਵੀ ਮਰ ਜਾਂਦਾ ਤੇ ਲਾਠੀ ਵੀ ਬਚ ਜਾਂਦੀ। ਵੱਧ ਤੋਂ ਵੱਧ ਉਸ ਨੂੰ ਦੇਸ਼ ਭਗਤੀ ਦਾ ਖਿਆਲ ਸੀ, ਤਾਂ ਅਫਸਰ ਨੂੰ ਕਹਿ ਦਿੰਦੀ ਕਿ ਮੈਂ ਸਿਰਫ ਆਪਣੇ ਸਾਥੀ ਮੁਸਾਫਰਾਂ ਦਾ ਸੰਕਟ ਕੱਟਣ ਲਈ ਹੀ ਉਸ ਦੀ ਆਗਿਆ ਦਾ ਪਾਲਣ ਕਰ ਰਹੀ ਹਾਂ। ਕੀ ਇਹ ਵੀ ਦੇਸ਼ ਭਗਤੀ ਦਾ ਇਕ ਫਰਜ਼ ਨਹੀਂ ਸੀ? ਅੱਜ ਕੇਵਲ ਉਸੇ ਛੋਕਰੀ ਦੇ ਕਾਰਨ ਉਸ ਦੇ ਪੌਣੀ ਦਰਜਨ ਸਾਥੀ ਮੁਸੀਬਤ ਵਿਚ ਫਸੇ ਹੋਏ ਸਨ। ਕੀ ਇਹ ਉਸ ਦੀ ਆਪਣੇ ਦੇਸ਼ ਤੇ ਦੇਸ਼ ਵਾਸੀਆਂ ਨਾਲ ਗੱਦਾਰੀ ਨਹੀਂ?
ਪਰ ਇਨ੍ਹਾਂ ਖਿਆਲਾਂ ਨੂੰ ਕੋਈ ਇਕ-ਦੂਜੇ ਅੱਗੇ ਪ੍ਰਗਟ ਕਰਨ ਦਾ ਹੌਸਲਾ ਨਹੀਂ ਸੀ ਸਕਦਾ।
ਫਿਰ ਦੁਪਹਿਰ ਹੋਈ। ਅੱਜ ਤਾਂ ਜਿਵੇਂ ਸਾਰੇ ਹੀ ਅਧਮੋਏ ਜਾਪਦੇ ਸਨ। ਕਿਸੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲਦੀ। ਇਹ ਹਾਲਤ ਵੇਖ ਕੇ ਕਾਊਂਟ ਨੇ ਸੈਰ ਕਰਨ ਦੀ ਇੱਛਾ ਪ੍ਰਗਟ ਕੀਤੀ। ਸਾਰਿਆਂ ਨੇ ਕੱਪੜੇ-ਲੱਤੇ ਪਾ ਲਏ, ਤੇ ਇਹ ਛੋਟਾ ਜਿਹਾ ਜਥਾ ਸੈਰ ਲਈ ਨਿਕਲ ਗਿਆ। ਕੇਵਲ ਕਾਰਨੂਟੇਡ ਬਾਕੀ ਰਹਿ ਗਿਆ। ਉਸ ਨੂੰ ਸੈਰ ਨਾਲੋਂ ਅੱਗ ਸੇਕਣ ਵਿਚ ਵਧੀਕ ਸੁਆਦ ਆਉਂਦਾ ਸੀ। ਦੋਵੇਂ ਬ੍ਰਹਮਚਾਰਨੀਆਂ ਵੀ ਨਹੀਂ ਗਈਆਂ। ਉਹ ਸਾਰਾ ਦਿਨ ਗਿਰਜੇ ਵਿਚ ਹੀ ਬਿਤਾਂਦੀਆਂ ਸਨ।
ਬਾਹਰ ਨਿਕਲਦਿਆਂ ਹੀ ਸਰਦੀ ਕਰ ਕੇ ਸਾਰਿਆਂ ਦੇ ਕੰਨ ਲਾਲ ਹੋ ਗਏ ਤੇ ਪੈਰਾਂ ਨੂੰ ਕੁੜੱਲ ਚੜ੍ਹਨ ਲਗੇ। ਇਕ ਇਕ ਕਦਮ ਚੁੱਕਣਾ ਉਨ੍ਹਾਂ ਨੂੰ ਔਖਾ ਜਾਪ ਰਿਹਾ ਸੀ। ਜਦ ਉਹ ਮੈਦਾਨ ਵਿਚ ਪਹੁੰਚੇ ਤਾਂ ਉਥੋਂ ਦਾ ਦ੍ਰਿਸ਼ ਉਨ੍ਹਾਂ ਨੂੰ ਸਾਰਾ ਹੀ ਮਾਰੂ ਤੇ ਡਰਾਉਣਾ ਜਾਪਣ ਲੱਗਾ। ਚੁਪਾਸੀਂ ਵਿਛੀ ਹੋਈ ਬਰਫ ਦੀ ਮੋਟੀ ਤਹਿ ਨੇ ਉਨ੍ਹਾਂ ਦਾ ਰਹਿੰਦਾ-ਖੂੰਹਦਾ ਉਤਸ਼ਾਹ ਵੀ ਮੁਕਾ ਦਿੱਤਾ। ਉਹ ਛੇਤੀ ਮੁੜ ਪਏ। ਉਨ੍ਹਾਂ ਦੇ ਅੰਗ-ਅੰਗ ਨੂੰ ਸਰਦੀ ਨੇ ਜਕੜਿਆ ਹੋਇਆ ਸੀ। ਸਭ ਦੇ ਦਿਲਾਂ ‘ਤੇ ਨਿਰਾਸ਼ਾ ਦਾ ਭਾਰੀ ਬੋਝ ਲੱਦਿਆ ਹੋਇਆ ਸੀ।
ਚਾਰੇ ਤੀਵੀਆਂ ਕੁਝ ਅੱਗੇ-ਅੱਗੇ ਆ ਰਹੀਆਂ ਸਨ ਤੇ ਤਿੰਨੇ ਆਦਮੀ ਪਿਛੇ-ਪਿਛੇ। ਲੋਸ਼ੀਓ ਨੇ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਦੀਆਂ ਵਿਉਂਤਾਂ ਸੋਚਦਿਆਂ ਦੋਹਾਂ ਸਾਥੀਆਂ ਨੂੰ ਪੁੱਛਿਆ, “ਦੋਸਤੋ! ਕੀ ਉਸ ਰੰਡੀ ਕਰਕੇ ਸਾਨੂੰ ਇਸ ਬੀਆਬਾਨ ਵਿਚ ਹੀ ਉਮਰ ਦਾ ਬਾਕੀ ਹਿੱਸਾ ਬਿਤਾਉਣਾ ਪਵੇਗਾ?”
ਕਾਊਂਟ ਜਿਹੜਾ ਅਕਸਰ ਨਿਮਰਤਾ ਦਾ ਭਾਵ ਹੀ ਦਸਿਆ ਕਰਦਾ ਸੀ ਬੋਲਿਆ, “ਅਸਲ ਵਿਚ ਸਾਨੂੰ ਕਿਸੇ ਵੀ ਤੀਵੀਂ ਪਾਸੋਂ ਏਡੇ ਕਠਨ ਤਿਆਗ ਦੀ ਉਮੀਦ ਨਹੀਂ ਰਖਣੀ ਚਾਹੀਦੀ। ਜੇ ਉਹ ਆਪਣੇ ਆਪ ਇਹ ਕੁਰਬਾਨੀ ਕਰਨ ਲਈ ਅੱਗੇ ਵਧੇ ਤਾਂ ਗੱਲ ਹੋਰ ਹੈ, ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ Ḕਆਪ ਤੇ ਡੁਬਿਉਂ ਬ੍ਰਾਹਮਣਾ, ਜਜਮਾਨ ਵੀ ਨਾਲੇ।Ḕ ਆਖਰ ਅਸੀਂ ਵੀ ਤਾਂ ਕੰਮ ਧੰਦੇ ਵਾਲੇ ਆਦਮੀ ਹਾਂæææ ਕਿੰਨਾ ਕੁ ਚਿਰ ਇਸ ਤਰ੍ਹਾਂ ਉਸ ਦੇ ਪੀਠੇ ਨੂੰ ਛਾਣਦੇ ਫਿਰਾਂਗੇ।”
“ਪਰ ਹੁਣ ਕੀਤਾ ਕੀ ਜਾਵੇ?” ਕੈਰੇ ਨੇ ਪੁੱਛਿਆ, “ਜੇ ਉਹ ਆਪਣੇ ਹਠ Ḕਤੇ ਅੜੀ ਰਹੀ, ਤਾਂ?”
“ਤਾਂ ਸਾਨੂੰ ਇਥੋਂ ਪੈਦਣ ਭੱਜਣਾ ਪਵੇਗਾ।” ਲੋਸ਼ੀਓ ਨੇ ਉਤਰ ਦਿੱਤਾ।
ਕਾਊਂਟ ਚੀਕਿਆ, “ਬਿਲਕੁਲ ਅਸੰਭਵ। ਉਤੋਂ ਬਰਫ ਦਾ ਕਹਿਰ ਵੇਖੋ। ਕੋਈ ਹਾਲਤ ਹੈ ਪੈਦਲ ਸਫਰ ਕਰਨ ਦੀ? ਫਿਰ, ਕੀ ਇਸ ਤਰ੍ਹਾਂ ਅਸੀਂ ਸੁੱਕੇ ਬਚ ਜਾਵਾਂਗੇ? ਜੇ ਫੜੇ ਗਏ ਤਾਂ ਉਮਰ ਭਰ ਲਈ ਕੈਦ ਜਾਂ ਮੌਤ ਦੀ ਸਜ਼ਾ।”
ਕਾਊਂਟ ਦੀ ਗੱਲ ਸਾਰਿਆਂ ਦੇ ਦਿਲ ਲੱਗੀ। ਸੁਣ ਕੇ ਦੋਵੇਂ ਚੁੱਪ ਕਰ ਗਏ। ਅੱਗੇ ਜਾ ਰਹੀਆਂ ਤੀਵੀਂਆਂ ਪੁਸ਼ਾਕ ਬਾਰੇ ਚੁੰਝ-ਚਰਚਾ ਕਰ ਰਹੀਆਂ ਸਨ ਪਰ ਬੜੀ ਸਿੱਥਲ ਜਿਹੀ ਬੋਲ ਚਾਲ ਵਿਚ।
ਅਚਾਨਕ ਸੜਕ ਦੇ ਪਾਰਲੇ ਪਾਸੇ ਉਹੀ ਅਫਸਰ ਦਿਖਾਈ ਦਿੱਤਾ। ਲੰਮਾ ਪਤਲਾ, ਪੂਰੀ ਵਰਦੀ ਵਿਚ ਸਜਿਆ ਹੋਇਆ। ਉਹ ਕੁਝ-ਕੁਝ ਲੱਤਾਂ ਚੌੜੀਆਂ ਕਰ ਕੇ ਤੁਰ ਰਿਹਾ ਸੀ, ਤਾਂ ਜੁ ਉਸ ਦੇ ਸੱਜਰੇ ਪਾਲਸ਼ ਕੀਤੇ ਬੂਟ ਬਰਫ ਨਾਲ ਖਰਾਬ ਨਾ ਹੋ ਜਾਣ।
ਤੀਵੀਆਂ ਦੇ ਲਾਗਿਉਂ ਲੰਘਦਿਆਂ ਉਸ ਨੇ ਆਦਰ ਪ੍ਰਗਟ ਕਰਨ ਲਈ ਥੋੜ੍ਹਾ ਜਿਹਾ ਸਿਰ ਝੁਕਾਇਆ। ਫਿਰ ਉਸ ਨੇ ਪਿਛੇ ਆ ਰਹੇ ਤਿੰਨਾਂ ਆਦਮੀਆਂ ਵੱਲ ਬੜੀ ਨਫਰਤ ਤੇ ਰੋਹਬ ਭਰੀ ਨਜ਼ਰ ਨਾਲ ਤਕਿਆ। ਉਸ ਦੀ ਇਹ ਹੈਂਕੜ ਭਰੀ ਤੱਕਣੀ ਵੇਖ ਕੇ ਤਿੰਨਾਂ ਦਾ ਆਤਮ ਅਭਿਮਾਨ ਕੁਝ-ਕੁਝ ਜਾਗ ਉਠਿਆ; ਤਾਂ ਵੀ ਉਨ੍ਹਾਂ ਨੇ ਰਤਾ ਝੁਕ ਕੇ ਸਲਾਮ ਕਰ ਹੀ ਦਿੱਤੀ।
ਮਾਰਗਰੇਟ ਦਾ ਚਿਹਰਾ ਸ਼ਰਮ ਤੇ ਗੁੱਸੇ ਨਾਲ ਬਨਾਤ ਵਰਗਾ ਹੋ ਗਿਆ। ਗ੍ਰਹਿਸਥਣਾਂ ਨੂੰ ਅਫਸਰ ਦੇ ਸਾਹਮਣੇ ਕੰਜਰੀ ਦਾ ਸਾਥ ਅਪਮਾਨ ਭਰਿਆ ਜਾਪਿਆ; ਕਿਉਂਕਿ ਇਸੇ ਕੁੜੀ ਨਾਲ ਅਫਸਰ ਦਾ ਵਰਤਾਉ ਬੇਸ਼ਰਮੀ ਭਰਿਆ ਸਾਬਤ ਹੋ ਚੁੱਕਾ ਸੀ।
ਅਫਸਰ ਲੰਘ ਗਿਆ, ਤੇ ਤੀਵੀਆਂ ਉਸ ਦੇ ਰੋਹਬ-ਦਾਬ ਤੇ ਰੰਗ-ਢੰਗ ਬਾਰੇ ਪੜਚੋਲ ਕਰਨ ਲੱਗੀਆਂ। ਸ੍ਰੀਮਤੀ ਕੈਰੇ ਦੀ ਬਹੁਤ ਸਾਰੇ ਅਫਸਰਾਂ ਨਾਲ ਜਾਣ ਪਛਾਣ ਸੀ ਜਿਸ ਕਰ ਕੇ ਉਹ ਅਫਸਰੀ ਗੁਣਾਂ-ਔਗੁਣਾਂ ਨੂੰ ਪਰਖਣ ਵਿਚ ਮਾਹਰ ਮੰਨੀ ਜਾਂਦੀ ਸੀ। ਉਹ ਬੋਲੀ ਉਠੀ, “ਅਫਸਰ ਵੇਖਣ ਵਿਚ ਮਾੜਾ ਤੇ ਨਹੀਂ ਲੱਗਦਾ।” ਨਾਲ ਹੀ ਉਸ ਨੇ ਅਫਸੋਸ ਵੀ ਪ੍ਰਗਟ ਕੀਤਾ ਕਿ ਉਹ ਫਰਾਂਸੀਸੀ ਨਹੀਂ ਸੀ। ਜੇ ਕਿਤੇ ਹੁੰਦਾ, ਤਾਂ ਕੋਈ ਵੀ ਫਰਾਂਸੀਸੀ ਕੁੜੀ ਉਸ ਨੂੰ ਪਿਆਰ ਕਰਨ ਵਿਚ ਫਖਰ ਸਮਝਦੀ।

ਸੈਰ ਤੋਂ ਵਾਪਸ ਆ ਕੇ ਜਦ ਇਹ ਸਾਰੇ ਆਪੋ-ਆਪਣੇ ਕਮਰਿਆਂ ਵਿਚ ਜਾ ਪਹੁੰਚੇ ਤਾਂ ਉਨ੍ਹਾਂ ਦੀ ਸਮਝ ਵਿਚ ਨਹੀਂ ਸੀ ਆਉਂਦਾ ਕਿ ਹੁਣ ਕੀ ਕਰੀਏ। ਜ਼ਰਾ ਜ਼ਰਾ ਗੱਲ ਬਦਲੇ ਉਹ ਇਕ-ਦੂਜੇ ਨਾਲ ਛਿੱਥੇ ਹੋ ਪੈਂਦੇ ਸਨ। ਰੋਟੀ ਚੁੱਪ-ਚਾਪ ਖਾ ਕੇ ਸਾਰੇ ਬਿਸਤਰਿਆਂ Ḕਤੇ ਜਾ ਲੇਟੇ।
ਦੂਜੇ ਪਾਸੇ ਸਵੇਰੇ ਸਾਰੇ ਦੇ ਸਾਰੇ ਥੱਕੇ ਹੋਏ ਤੇ ਗੁੱਸੇ ਦੇ ਭਰੇ ਦਿਖਾਈ ਦਿੱਤੇ। ਮਾਰਗਰੇਟ ਨਾਲ ਕੋਈ ਵੀ ਗੱਲ ਕੱਥ ਨਹੀਂ ਸੀ ਕਰਨੀ ਚਾਹੁੰਦਾ। ਨਾ ਤੀਵੀਆਂ ਤੇ ਨਾ ਹੀ ਮਰਦ।
ਗਿਰਜੇ ਦਾ ਘੜਿਆਲ ਵੱਜਿਆ, ਤੇ ਇਸ ਦੇ ਨਾਲ ਹੀ ਮਾਰਗਰੇਟ ਦੇ ਦਿਲ ਵਿਚ ਵੀ ਪਤਾ ਨਹੀਂ ਕੀ ਸੁੱਝੀ, ਉਹ ਅੱਜ ਬੜੇ ਚਿਰਾਂ ਪਿਛੋਂ ਗਿਰਜੇ ਵੱਲ ਟੁਰ ਪਈ। ਪਤਾ ਨਹੀਂ ਪ੍ਰਾਰਥਨਾ ਕਰਨ ਲਈ, ਜਾਂ ਇਸ ਖਿਆਲ ਤੋਂ ਕਿ ਉਸ ਦੇ ਸਾਥੀ ਇਸ ਵੇਲੇ ਉਸ ਦੀ ਹੋਂਦ ਨੂੰ ਆਪਣੇ ਲਈ ਦੁਖਦਾਈ ਜਿਹਾ ਬੋਝ ਖਿਆਲ ਕਰ ਰਹੇ ਸਨ।
ਜਿਉਂ ਹੀ ਉਹ ਹੋਟਲ ਤੋਂ ਬਾਹਰ ਨਿਕਲੀ, ਸਾਰੇ ਜਣੇ ਇਕ-ਦੂਜੇ ਵੱਲ ਭੇਤਭਰੀ ਨਜ਼ਰ ਨਾਲ ਤੱਕਣ ਲੱਗੇ। ਫਿਰ ਸਾਰਿਆਂ ਨੇ ਆਪੋ-ਆਪਣੀਆਂ ਕੁਰਸੀਆਂ ਸਰਕਾ ਕੇ ਇਕ-ਦੂਜੇ ਦੇ ਨੇੜੇ ਕਰ ਲਈਆਂ। ਉਹ ਚੰਗੀ ਤਰ੍ਹਾਂ ਸਮਝ ਰਹੇ ਸਨ ਕਿ ਉਨ੍ਹਾਂ ਨੂੰ ਹੁਣ ਕੋਈ ਨਾ ਕੋਈ ਹੀਲਾ ਕਰਨਾ ਹੀ ਚਾਹੀਦਾ ਹੈ। ਲੋਸ਼ੀਓ ਨੂੰ ਬੈਠਿਆਂ-ਬੈਠਿਆਂ ਨਵਾਂ ਢੰਗ ਸੁਝਿਆ। ਉਸ ਨੇ ਮਤਾ ਪੇਸ਼ ਕੀਤਾ, “ਅਫਸਰ ਨੂੰ ਬੇਨਤੀ ਕੀਤੀ ਜਾਵੇ ਕਿ ਜੇ ਉਹ ਮਾਰਗਰੇਟ ਨੂੰ ਰੋਕਣਾ ਚਾਹੁੰਦਾ ਹੈ ਤਾਂ ਰੋਕ ਲਵੇ, ਪਰ ਸਾਨੂੰ ਵਿਚਾਰੇ ਬੇਦੋਸ਼ਿਆਂ ਨੂੰ ਤਾਂ ਜਾਣ ਦੇਵੇ।” ਤੇ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਮਤੇ ਦੀ ਪ੍ਰੋੜ੍ਹਤਾ ਕੀਤੀ।
ਛੇਕੜ ਫਲੇਮਬੀ ਨੂੰ ਇਹ ਸੁਨੇਹਾ ਅਫਸਰ ਤੀਕ ਲਿਜਾਣ ਦਾ ਕੰਮ ਸੌਂਪਿਆ ਗਿਆ। ਉਹ ਤੁਰੰਤ ਅਫਸਰ ਪਾਸ ਚਲਾ ਗਿਆ, ਪਰ ਧੋਤੇ ਮੂੰਹ ਚਪੇੜ ਖਾ ਕੇ ਝੱਟ ਹੀ ਮੁੜ ਆਇਆ। ਅਫਸਰ ਸ਼ਾਇਦ ਮਨੁੱਖੀ ਸੁਭਾਅ ਦਾ ਚੰਗੀ ਤਰ੍ਹਾਂ ਜਾਣੂੰ ਸੀ। ਉਸ ਨੇ ਬੂਹੇ ਵਿਚੋਂ ਹੀ ਫਲੇਮਬੀ ਨੂੰ ਮਤੇ ਸਮੇਤ ਮੋੜ ਦਿੱਤਾ। ਉਸ ਦੀ ਮਰਜ਼ੀ ਸਾਰੇ ਮੁਸਾਫਰਾਂ ਨੂੰ ਤਦ ਤੀਕ ਰੋਕੀ ਰੱਖਣ ਦੀ ਸੀ, ਜਦ ਤੱਕ ਉਸ ਦੀ ਸ਼ਰਤ ਪੂਰੀ ਨਾ ਕੀਤੀ ਜਾਵੇ।
ਸ੍ਰੀਮਤੀ ਲੋਸ਼ੀਓ ਚੀਕ ਉਠੀ, “ਅਸੀਂ ਬੁਢਾਪੇ ਤੀਕ ਇਥੇ ਹੀ ਰਹਿ ਕੇ ਮਰਨ ਲਈ ਤਿਆਰ ਨਹੀਂ ਹਾਂ। ਜਦ ਉਸ ਕੰਜਰੀ ਦਾ ਪੇਸ਼ਾ ਹੀ ਇਹੋ ਹੈ ਤਾਂ ਫਿਰ ਇਹੋ ਜਿਹੇ ਖੇਖਣ ਕਿਉਂ ਕਰਨ ਡਹੀ ਹੈ? Ḕਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀḔ ਵਾਲੀ ਗੱਲ। ਰੋਈਨ ਵਿਚ ਤਾਂ ਉਸ ਨੇ ਕੋਈ ਨਹੀਂ ਛੱਡਿਆ; ਇਥੇ ਆ ਕੇ ਬਣ ਬੈਠੀ ਹੈ ਮਰੀਅਮ ਦੀ ਨਾਨੀ। ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਉਸ ਅਫਸਰ ਨੇ ਸਾਡੇ ਨਾਲ ਬੜਾ ਚੰਗਾ ਵਰਤਾਉ ਕੀਤਾ ਹੈ। ਬ੍ਰਹਮਚਾਰਨੀਆਂ ਨੂੰ ਛੱਡ ਕੇ ਅਸੀਂ ਹੋਰ ਵੀ ਤਿੰਨ ਜਵਾਨ ਕੁੜੀਆਂ ਤੁਹਾਡੇ ਨਾਲ ਸਾਂ। ਰੱਬ ਨਾ ਕਰੇ, ਜੇ ਉਹ ਸਾਡੀ ਇੱਜ਼ਤ ਨੂੰ ਈ ਹੱਥ ਪਾ ਬਹਿੰਦਾ ਤਾਂ ਹਾਕਮਾਂ ਅੱਗੇ ਕਿਸੇ ਦੀ ਕੀ ਵਟੀਂਦੀ ਹੈ? ਭਲਾ ਹੋਵੇ ਵਿਚਾਰੇ ਦਾæææ ਹੁਣ ਤੁਸੀਂ ਹੀ ਦੱਸੋ! ਸਾਨੂੰ ਸਾਰਿਆਂ ਨੂੰ ਛੱਡ ਕੇ ਜੇ ਉਸ ਵਿਚਾਰੇ ਨੇ ਉਸੇ ਚੀਜ਼ ਉਤੇ ਹੱਥ ਰੱਖਿਆ ਹੈ ਜਿਸ ਨੂੰ ਹਰ ਕੋਈ ਖਰੀਦ ਸਕਦਾ ਹੈ, ਤਾਂ ਉਸ ਨੇ ਕਿਹੜੀ ਖੁਨਾਮੀ ਕਰ ਦਿੱਤੀ? ਜ਼ਰਾ ਸੋਚੋ ਤਾਂ ਸਹੀ, ਉਹ ਇਸ ਵੇਲੇ ਬਾਦਸ਼ਾਹ ਦੀ ਪਦਵੀ ‘ਤੇ ਹੈ। ਜੇ ਉਹ ਇਕ ਵਾਰੀ ਵੀ ਅਸਾਂ ਤਿੰਨਾਂ ਸੁਆਣੀਆਂ ਵੱਲ ਉਂਗਲ ਕਰ ਕੇ ਕਹੇ, Ḕਮੈਂ ਇਨ੍ਹਾਂ ਨੂੰ ਚਾਹੁੰਦਾ ਹਾਂ’, ਤਾਂ ਕੌਣ ਜੰਮਿਆ ਹੈ ਉਸ ਨੂੰ ਰੋਕਣ ਵਾਲਾ?”
ਸ੍ਰੀਮਤੀ ਲੋਸ਼ੀਓ ਦਾ ਇਹ ਦਲੀਲ ਭਰਿਆ ਲੈਕਚਰ ਸੁਣ ਕੇ ਦੂਜੀਆਂ ਦੋਵੇਂ ਕੰਬ ਉਠੀਆਂ, ਪਰ ਸ੍ਰੀਮਤੀ ਕੈਰੇ ਦੀਆਂ ਅੱਖਾਂ ਚਮਕ ਪਈਆਂ। ਉਸ ਨੂੰ ਇਹੋ ਜਾਪਣ ਲੱਗਾ, ਜਿਵੇਂ ਸੱਚਮੁੱਚ ਅਫਸਰ ਦੇ ਭੇਜੇ ਹੋਏ ਸਿਪਾਹੀ ਉਸ ਨੂੰ ਚੁੱਕਣ ਲਈ ਦਗੜ-ਦਗੜ ਕਰਦੇ ਭੱਜੇ ਆ ਰਹੇ ਸਨ।
ਕੁਰਸੀਆਂ ਸਰਕਦੀਆਂ-ਸਰਕਦੀਆਂ ਇਕ-ਦੂਜੇ ਦੇ ਨਾਲ ਆ ਲੱਗੀਆਂ। ਲੋਸ਼ੀਓ ਦਾ ਗੁੱਸਾ ਭੜਕ ਉਠਿਆ, ਤੇ ਜੋਸ਼ ਵਿਚ ਉਸ ਨੇ ਇੱਥੋਂ ਤੱਕ ਵੀ ਕਹਿ ਦਿੱਤਾ, “ਜੇ ਉਹ ਖਾਨਗੀ ਸਿੱਧੀ ਤਰ੍ਹਾਂ ਨਾ ਮੰਨੇ ਤਾਂ ਮੇਰੀ ਸਲਾਹ ਹੈ, ਮੁਸ਼ਕਾਂ ਕੱਸ ਕੇ ਉਸ ਨੂੰ ਅਫਸਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ”, ਪਰ ਕਾਊਂਟ ਕਿਉਂਕਿ ਰਾਜਸੀ ਖਿਡਾਰੀ ਸੀ, ਉਸ ਨੂੰ ਲੋਸ਼ੀਓ ਦੀ ਇਹ ਜਲਦਬਾਜ਼ੀ ਪਸੰਦ ਨਾ ਆਈ। ਉਹ ਕਿਸੇ ਨਾ ਕਿਸੇ ਤਰ੍ਹਾਂ ਚਾਪਲੂਸੀ ਤੋਂ ਹੀ ਕੰਮ ਲੈਣਾ ਚਾਹੁੰਦਾ ਹੈ। ਉਹ ਕਹਿਣ ਲੱਗਾ, “ਸਮਝਾ ਬੁਝਾ ਕੇ ਉਸ ਨੂੰ ਰਸਤੇ ‘ਤੇ ਲਿਆਂਦਾ ਜਾਵੇ।”
Ḕਕਿਸ ਤਰ੍ਹਾਂ ਉਸ ਨੂੰ ਰਜ਼ਾਮੰਦ ਕੀਤਾ ਜਾਵੇ?Ḕ ਸਾਰੇ ਇਸ ਇਕੋ ਮਾਮਲੇ ‘ਤੇ ਆਪੋ-ਆਪਣੇ ਦਿਮਾਗ਼ ਲੜਾਉਣ ਲੱਗੇ।
ਤੀਵੀਆਂ ਇਕ-ਦੂਜੀ ਦੇ ਕੰਨਾਂ ਨਾਲ ਮੂੰਹ ਜੋੜੀ ਘੁਸਰ-ਮੁਸਰ ਕਰ ਰਹੀਆਂ ਸਨ। ਮਰਦ ਆਪੋ-ਆਪਣੇ ਖਿਆਲ ਪੇਸ਼ ਕਰ ਰਹੇ ਸਨ। ਤੀਵੀਆਂ ਤਾਂ ਭੈੜੀ ਤੋਂ ਭੈੜੀ ਗੱਲ ਨੂੰ ਵੀ ਬੜੇ ਕੋਮਲ ਤੇ ਸੁਚੱਜੇ ਢੰਗ ਨਾਲ ਬਿਆਨ ਕਰ ਰਹੀਆਂ ਸਨ। ਕੋਲ ਭਾਵੇਂ ਓਪਰਾ ਆਦਮੀ ਕੋਈ ਨਹੀਂ ਸੀ, ਫਿਰ ਵੀ ਗੱਲ ਕੱਥ ਬੜੀ ਚੌਕਸ ਹੋ ਕੇ ਕੀਤੀ ਜਾ ਰਹੀ ਸੀ।
ਅਖੀਰ ਉਹ ਸਾਰੇ ਇਕ ਖਾਸ ਫੈਸਲੇ Ḕਤੇ ਪਹੁੰਚ ਹੀ ਗਏ। ਉਨ੍ਹਾਂ ਦੇ ਚਿਹਰਿਆਂ Ḕਤੇ ਇਕ ਵਾਰੀ ਫਿਰ ਖੇੜਾ ਆ ਗਿਆ। ਕਾਊਂਟ ਜਿਹੜਾ ਹਾਸੇ-ਠੱਠੇ ਵਿਚ ਖਾਸ ਮਾਹਰ ਸੀ, ਪਰ ਇਕ-ਦੋ ਦਿਨ ਤੋਂ ਉਸ ਨੇ ਮੂੰਹ ਵਿਚ ਦਹੀਂ ਜਮਾਈ ਰੱਖਿਆ ਸੀ, ਖੂਬ ਰੱਜ-ਰੱਜ ਕੇ ਜ਼ਬਾਨ ਦੀ ਉਲੀ ਲਾਹੁਣ ਲੱਗਾ। ਨਤੀਜਨ ਕਮਰਾ ਇਕ ਵਾਰੀ ਫਿਰ ਹਾਸੇ ਨਾਲ ਗੂੰਜ ਉਠਿਆ। ਲੋਸ਼ੀਓ ਨੇ ਕੁਝ ਓਦੂੰ ਭੀ ਭੱਦੇ ਤੇ ਨੰਗੇ ਮਖੌਲ ਸ਼ੁਰੂ ਕਰ ਦਿੱਤੇ, ਪਰ ਕਿਸੇ ਨੂੰ ਬੁਰੇ ਨਹੀਂ ਲੱਗੇ, ਤੇ ਉਸ ਦੀ ਸ੍ਰੀਮਤੀ ਨੇ ਜਿਹੜੀ ਗੱਲ ਕਹੀ, ਉਹ ਸਾਰਿਆਂ ਦੇ ਦਿਮਾਗ਼ ਵਿਚ ਸਮਾ ਗਈ, “ਜਦ ਉਸ ਦਾ ਪੇਸ਼ਾ ਹੀ ਇਹੋ ਹੈ ਤਾਂ ਕਿਸੇ ਅੱਗੇ ਵੀ ਇਨਕਾਰ ਕਰਨ ਦਾ ਉਸ ਨੂੰ ਕੋਈ ਹੱਕ ਨਹੀਂ।” ਤੇ ਸੁੰਦਰੀ ਮਿਸਿਜ਼ ਕੈਰੇ ਨੇ ਏਦੂੰ ਵੀ ਵਧ ਕੇ ਉਦਾਰਤਾ ਵਿਖਾਈ, “ਜੇ ਕਿਤੇ ਉਸ ਦੀ ਥਾਂ ਮੈਂ ਹੁੰਦੀ ਤਾਂ ਅਫਸਰ ਦੇ ਇਕੋ ਇਸ਼ਾਰੇ ਨਾਲ ਉਸ ਦੇ ਅੱਗੇ ਹੋ ਤੁਰਦੀ।”
ਫਿਰ ਸਾਰਿਆਂ ਨੇ ਨਾਕਾਬੰਦੀ ਐਸੀ ਹੁਸ਼ਿਆਰੀ ਨਾਲ ਕੀਤੀ ਜਿਵੇਂ ਉਹ ਕਿਸੇ ਕਿਲ੍ਹੇ ਨੂੰ ਘੇਰਾ ਪਾਉਣ ਚੱਲੇ ਹੋਣ। ਸਭ ਨੂੰ ਵੱਖੋ-ਵੱਖ ਕੰਮ ਸੌਂਪਿਆ ਗਿਆ। ਕਿਸ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ ਹੋਣਗੀਆਂ, ਤੇ ਕਿਨ੍ਹਾਂ-ਕਿਨ੍ਹਾਂ ਗੱਲਾਂ ਉਤੇ ਬਹੁਤਾ ਜ਼ੋਰ ਦੇਣਾ ਹੋਵੇਗਾ? ਇਹ ਸਭ ਕੁਝ ਤਿਆਰ ਕਰ ਲਿਆ ਗਿਆ। ਹਰ ਤਰ੍ਹਾਂ ਦੇ ਦਾਓ-ਪੇਚ, ਤੇ ਧੋਖੇ-ਫਰੇਬ ਦਾ ਜਾਲ ਮੁਕੰਮਲ ਤੌਰ ‘ਤੇ ਵਿਛਾ ਦਿੱਤਾ ਗਿਆ।
ਪਰ ਕਾਰਨੂਟੇਡ ਇਸ ਮਾਮਲੇ ਵਿਚ ਵੱਖਰਾ ਹੀ ਰਿਹਾ। ਇਸ ਸਾਜਿਸ਼ ਵਿਚ ਉਸ ਨੇ ਕੋਈ ਹਿੱਸਾ ਨਾ ਲਿਆ।
ਇਸ ਕੰਮ ਵਿਚ ਉਹ ਸਾਰੇ ਇਤਨੇ ਮਸਤ ਸਨ ਕਿ ਮਾਰਗਰੇਟ ਦੇ ਆਉਣ ਦਾ ਵੀ ਉਨ੍ਹਾਂ ਨੂੰ ਪਤਾ ਨਾ ਲੱਗਾ। ਕੇਵਲ ਕਾਊਂਟ ਨੇ ਹੌਲੀ ਜਿਹੇ Ḕਹੁਸ਼’ ਕਹਿ ਕੇ ਸਭ ਨੂੰ ਚੁੱਪ ਕਰ ਜਾਣ ਦਾ ਇਸ਼ਾਰਾ ਕਰ ਦਿੱਤਾ ਜਿਸ ਕਰ ਕੇ ਸਾਰਿਆਂ ਨੇ ਗੱਲ ਦਾ ਸਿਲਸਿਲਾ ਬੰਦ ਕਰ ਕੇ ਹੋਰ-ਹੋਰ ਗੱਲਾਂ ਸ਼ੁਰੂ ਕਰ ਦਿੱਤੀਆਂ, ਪਰ ਇਸ ਤਰ੍ਹਾਂ ਅਚਾਨਕ ਮਾਰਗਰੇਟ ਦੇ ਆ ਜਾਣ ਕਰ ਕੇ ਸਾਰੇ ਕੁਝ ਘਬਰਾ ਜਿਹੇ ਗਏ। ਥੋੜ੍ਹਾ ਚਿਰ ਉਹ ਇਹ ਵੀ ਸੋਚ ਨਾ ਸਕੇ ਕਿ ਉਸ ਨਾਲ ਕਿਵੇਂ ਗੱਲ ਸ਼ੁਰੂ ਕੀਤੀ ਜਾਵੇ। ਕਾਊਂਟ ਇਨ੍ਹਾਂ ਕੰਮਾਂ ਵਿਚ ਪੂਰਾ ਖ਼ਿਡਾਰੀ ਸੀ। ਮਾਰਗਰੇਟ ਨੂੰ ਆਉਂਦੀ ਨੂੰ ਹੀ ਉਸ ਨੇ ਪੁਛਿਆ, “ਸੁਣਾਓæææ ਗਿਰਜੇ ਵਿਚੋਂ ਹੋ ਆਏ ਜੇ?”
ਮਾਰਗਰੇਟ ਇਸ ਵੇਲੇ ਉਤਸ਼ਾਹ ਭਰਪੂਰ ਸੀ। ਪਾਦਰੀ ਦੇ ਸੱਜਰੇ ਉਪਦੇਸ਼ ਦਾ ਅਸਰ ਉਸ ਦੇ ਚਿਹਰੇ ਤੋਂ ਸਪਸ਼ਟ ਦਿਸ ਰਿਹਾ ਸੀ। ਉਸ ਨੇ ਬੜੀ ਸ਼ਰਧਾ ਨਾਲ ਅੱਜ ਦਾ ਸੁਣਿਆ ਉਪਦੇਸ਼ ਸਭ ਅੱਗੇ ਦੁਹਰਾਇਆ, ਤੇ ਅਖੀਰ ਵਿਚ ਬੋਲੀ, “ਕਦੀ-ਕਦੀ ਪ੍ਰਾਰਥਨਾ ਕਰਨ ਨਾਲ ਆਦਮੀ ਨੂੰ ਕੁਝ ਨਾ ਕੁਝ ਲਾਭ ਹੀ ਹੁੰਦਾ ਹੈ।”
ਰੋਟੀ ਵੇਲੇ ਤੱਕ ਦੂਜੀਆਂ ਤੀਵੀਆਂ ਉਸ ਨਾਲ ਬੜੇ ਡੂੰਘੇ ਪਿਆਰ ਵਿਚ ਭਿੱਜੀਆਂ ਗੱਲਾਂ ਕਰਦੀਆਂ ਰਹੀਆਂ। ਸ਼ਾਇਦ ਕਾਰਨ ਇਹ ਸੀ ਕਿ ਜੋ ਕੁਝ ਉਹ ਉਸ ਨੂੰ ਕਹਿਣ ਵਾਲੀਆਂ ਸਨ, ਉਸ ਦੇ ਮੰਨਣ ਲਈ ਪਹਿਲਾਂ ਤੋਂ ਹੀ ਮਾਰਗਰੇਟ ਦੇ ਦਿਲ ਵਿਚ ਉਨ੍ਹਾਂ ਦਾ ਇਤਬਾਰ ਤੇ ਸਤਿਕਾਰ ਪੈਦਾ ਹੋ ਜਾਵੇ।
ਤੇ ਜਿਉਂ ਹੀ ਸਾਰੇ ਖਾਣੇ ਦੀ ਮੇਜ਼ ਦੁਆਲੇ ਬੈਠੇ, ਸਭ ਨੇ ਆਪੋ-ਆਪਣੇ ਹਥਿਆਰ ਸੰਭਾਲ ਲਏ। ਸਭ ਤੋਂ ਪਹਿਲਾਂ ਤਿਆਗ ਤੇ ਕੁਰਬਾਨੀ ਬਾਰੇ ਸੰਖੇਪ ਜਿਹੀ ਗੱਲਬਾਤ ਸ਼ੁਰੂ ਹੋਈ। ਇਸ ਦੀ ਪੁਸ਼ਟੀ ਲਈ ਉਨ੍ਹਾਂ ਨੇ Ḕਜੂਡਿਥ’ ਤੇ Ḕਹੈਲੋ ਫਰਨੀਸ’ ਆਦਿ ਫਰਾਂਸ ਦੇ ਸ਼ਹੀਦਾਂ ਦੇ ਉਦਾਹਰਣ ਪੇਸ਼ ਕੀਤੇ। ਫਿਰ ਇਨ੍ਹਾਂ ਮਹਾਂ ਪੁਰਸ਼ਾਂ ਦੇ ਵਿਰੋਧੀ Ḕਲੁਕ੍ਰੀਸ’ ਤੇ Ḕਸੈਕਸਟਸ’ ਆਦਿ ਦੀ ਨਿੰਦਿਆ ਕੀਤੀ ਗਈ। ਫਿਰ ਇਨ੍ਹਾਂ ਲੋਕਾਂ ਨੇ ਰੋਮ ਦੀਆਂ ਕੁਝਾਂ ਮਨਘੜਤ ਜਿਹੀਆਂ ਕਹਾਣੀਆਂ ਸ਼ੁਰੂ ਕਰ ਦਿੱਤੀਆਂ, ਰੋਮਨ ਤੀਵੀਆਂ ਨੇ ਕਿਸ ਤਰ੍ਹਾਂ Ḕਹਾਨੀਬਾਲ’ ਆਦਿ ਦੇਸ਼ ਦੇ ਦੁਸ਼ਮਣਾਂ ਪਾਸੋਂ ਭੇਤ ਕੱਢਣ ਲਈ ਉਨ੍ਹਾਂ ਦੀਆਂ ਰਖੇਲਾਂ ਤੱਕ ਬਣਨਾ ਕਬੂਲ ਕੀਤਾ, ਤੇ ਫਿਰ ਉਨ੍ਹਾਂ ਦੱਸਿਆ ਕਿ ਇਕ ਵਾਰੀ ਜਦ ਇਟਲੀ ਉਤੇ ਦੁਸ਼ਮਣ ਚੜ੍ਹ ਆਇਆ, ਤਾਂ ਉਥੋਂ ਦੀਆਂ ਕੁਝ ਸੁੰਦਰੀਆਂ ਨੇ ਅਗਾਊਂ ਹੀ ਫੌਜ ਦੇ ਅਫਸਰਾਂ ਪਾਸ ਪਹੁੰਚ ਕੇ ਉਨ੍ਹਾਂ ਨੂੰ ਆਪਣੇ ਸੁਹੱਪਣ ਦੀ ਫਾਹੀ ਵਿਚ ਐਸਾ ਫਸਾਇਆ ਕਿ ਉਹ ਸਾਰੇ ਲੜਾਈ ਵੱਲੋਂ ਬੇ-ਪਰਵਾਹ ਹੋ ਗਏ ਤੇ ਦੁਸ਼ਮਣ ਨੂੰ ਮੂੰਹ ਦੀ ਖਾ ਕੇ ਭੱਜਣਾ ਪਿਆ।
ਹਵਾ ਦਾ ਰੁਖ ਐਸੇ ਪਾਸੇ ਮੋੜ ਦਿੱਤਾ ਗਿਆ ਕਿ ਕਿਸੇ ਸਿਆਣੀ ਤੋਂ ਸਿਆਣੀ ਕੁੜੀ ਉਤੇ ਵੀ ਇਹ ਅਸਰ ਪੈ ਸਕੇ ਕਿ ਇਸਤਰੀ ਦਾ ਧਰਮ ਇਹੋ ਹੈ ਕਿ ਉਹ ਵਕਤ ਪੈਣ Ḕਤੇ ਆਪਣੇ ਇਸਤਰੀਪਣੇ ਨੂੰ ਵੀ ਬੇਸ਼ੱਕ ਕੁਰਬਾਨ ਕਰ ਦੇਵੇ। ਉਥੇ ਦੋਵੇਂ ਬ੍ਰਹਮਚਾਰਨੀਆਂ ਵੀ ਮੌਜੂਦ ਸਨ, ਪਰ ਜਾਪਦਾ ਸੀ ਜਿਵੇਂ ਉਹ ਕੁਝ ਵੀ ਸੁਣ ਨਹੀਂ ਸਨ ਰਹੀਆਂ।
ਅਖੀਰ ਮਾਰਗਰੇਟ ਨੂੰ ਸਪਸ਼ਟ ਸ਼ਬਦਾਂ ਵਿਚ ਉਸ ਦਾ ਫਰਜ਼ ਚਿਤਾਰਿਆ ਗਿਆ, ਤੇ ਸਭ ਨੇ ਇਕ ਜ਼ਬਾਨ ਹੋ ਕੇ ਉਸ ਨੂੰ ਤਸੱਲੀ ਕਰਾ ਦਿੱਤੀ ਕਿ ਜੇ ਜਰਮਨ ਅਫਸਰ ਦੀ ਕਾਮਨਾ ਪੂਰਤੀ ਕਰ ਕੇ ਉਹ ਆਪਣੇ ਸਾਥੀਆਂ ਦੀ ਬੰਦ-ਖਲਾਸੀ ਕਰਾ ਸਕਦੀ ਹੈ, ਤਾਂ ਇਸ ਵਿਚ ਨਾ ਕੇਵਲ ਪਾਪ ਕੋਈ ਨਹੀਂ, ਸਗੋਂ ਉਸ ਦੀ ਪ੍ਰਸ਼ੰਸਾ-ਜੋਗ ਕੁਰਬਾਨੀ ਵੀ ਸਮਝੀ ਜਾਵੇਗੀ।
ਨਿੰਮੋਝੂਣੀ ਜਿਹੀ ਹੋ ਕੇ ਮਾਰਗਰੇਟ ਸਭ ਕੁਝ ਸੁਣਦੀ ਰਹੀ। ਕਿਸੇ ਗੱਲ ਦੇ ਵਿਰੋਧ ਵਿਚ ਜੇ ਉਹ ਕੁਝ ਕਹਿਣ ਲਗਦੀ ਤਾਂ ਉਸ ਦੇ ਬੋਲਣ ਤੋਂ ਪਹਿਲਾਂ ਹੀ ਕੋਈ ਹੋਰ ਬੋਲ ਪੈਂਦਾ, ਤੇ ਪਹਿਲੇ ਆਦਮੀ ਦੀ ਪੁਸ਼ਟੀ ਵਿਚ ਨਵੀਆਂ ਤੋਂ ਨਵੀਆਂ ਦਲੀਲਾਂ ਦੀ ਵਾਛੜ ਸ਼ੁਰੂ ਕਰ ਦਿੰਦਾ। ਮੁੱਕਦੀ ਗੱਲ, ਮਾਰਗਰੇਟ ਨੂੰ ਇਕ ਵਾਰੀ ਵੀ ਬੋਲਣ ਦਾ ਮੌਕਾ ਨਾ ਦਿੱਤਾ ਗਿਆ।
ਅਖੀਰ ਮਾਰਗਰੇਟ ਦੀ ਮੰਗ Ḕਤੇ ਉਸ ਨੂੰ ਅੱਜ ਦੀ ਦੁਪਹਿਰ ਸੋਚਣ ਲਈ ਵਕਤ ਦਿੱਤਾ ਗਿਆ। ਸਾਰੀਆਂ ਤੀਵੀਆਂ ਜੋ ਪਹਿਲਾਂ ਉਸ ਨਾਲ ਸਿੱਧੇ ਮੂੰਹ ਬੋਲਦੀਆਂ ਵੀ ਨਹੀਂ ਸਨ, ਅੱਜ ਉਸ ਦੇ ਨਾਂ ਨਾਲ Ḕਮਿਸ’ ਵਿਸ਼ੇਸ਼ਣ ਲਾ ਕੇ ਬੁਲਾਉਂਦੀਆਂ ਸਨ।
ਸ਼ਾਮ ਨੂੰ ਫਿਰ ਫਲੇਮਬੀ ਦੀ ਬਲਗਮੀ ਖੰਘ ਛਣਕਦੀ ਸੁਣਾਈ ਦਿੱਤੀ। ਉਸ ਨੇ ਆਉਂਦਿਆਂ ਹੀ ਕੱਲ੍ਹ ਵਾਲੇ ਵਾਕ ਦੁਹਰਾਉਣੇ ਸ਼ੁਰੂ ਕੀਤੇ, “ਜਰਮਨ ਅਫਸਰ ਨੇ ਪੁੱਛ ਘੱਲਿਆ ਹੈ ਕਿ ਮਾਰਗਰੇਟ ਨੇ ਆਪਣਾ ਖਿਆਲ ਅਜੇ ਬਦਲਿਆ ਹੈ ਕਿ ਨਹੀਂ?”
ਮਾਰਗਰੇਟ ਨੇ ਬੜੀ ਸ਼ਾਂਤ ਤੇ ਇਕਾਗਰ ਆਵਾਜ਼ ਵਿਚ ਉਤਰ ਦਿੱਤਾ, “ਜੀ ਨਹੀਂ, ਬਿਲਕੁਲ ਨਹੀਂ।”
ਉਤਰ ਸੁਣ ਕੇ ਫਲੇਮਬੀ ਮੁੜ ਗਿਆ, ਤੇ ਇਧਰ ਇਹ ਸਾਜ਼ਿਸ਼ੀ ਜਥਾ ਵੀ ਕੁਝ ਛਿੱਥਾ ਪੈ ਗਿਆ। ਫਿਰ ਵੀ ਅਜੇ ਉਨ੍ਹਾਂ ਨੂੰ ਨਿਰਾਸ਼ਾ ਨਹੀਂ ਸੀ ਹੋਈ ਜਾਪਦੀ। ਸ਼ਾਮ ਦੀ ਰੋਟੀ ਵੇਲੇ ਫਿਰ ਦੁਪਹਿਰ ਵਾਂਗ ਤਿਆਗ ਉਤੇ ਲੈਕਚਰ ਸ਼ੁਰੂ ਹੋਏ, ਪਰ ਐਤਕੀਂ ਇਸ ਦੀ ਪੁਸ਼ਟੀ ਲਈ ਕੋਈ ਵੀ ਨਵੀਂ ਦਲੀਲ ਜਾਂ ਉਦਾਹਰਣ ਉਨ੍ਹਾਂ ਨੂੰ ਨਹੀਂ ਸੀ ਲੱਭ ਰਹੀ। ਤਦ ਕਾਊਂਟੈਸ ਸ਼ਾਇਦ ਬਿਨਾਂ ਕਿਸੇ ਹੋਰ ਉਦੇਸ਼ ਦੇ, ਕੇਵਲ ਧਰਮ ਲਈ ਆਪਣੀ ਸ਼ਰਧਾ ਪ੍ਰਗਟ ਕਰਨ ਦੇ ਇਰਾਦੇ ਨਾਲ ਵੱਡੀ ਬ੍ਰਹਮਚਾਰਨੀ ਤੋਂ ਪੁੱਛਣ ਲੱਗੀ, “ਮਾਤਾ ਜੀ, ਤੁਸੀਂ ਸਾਡੇ ਆਗੂ ਹੋ, ਜੇ ਇਸ ਮਾਮਲੇ ਵਿਚ ਸਾਨੂੰ ਤੁਹਾਡੀ ਰਾਇ ਦਾ ਵੀ ਪਤਾ ਲੱਗ ਜਾਵੇ ਤਾਂ ਬੜਾ ਲਾਭ ਹੋਵੇਗਾ।”
ਬ੍ਰਹਮਚਾਰਨੀ ਅਜੇ ਵੀ ਚੁੱਪ ਸੀ, ਪਰ ਜਦ ਸਾਰਿਆਂ ਨੇ ਕੁਝ ਕਹਿਣ ਲਈ ਜ਼ੋਰ ਦਿੱਤਾ ਤਾਂ ਉਸ ਨੇ ਬੜੀ ਗੰਭੀਰਤਾ ਨਾਲ ਰੂਹਾਨੀਅਤ ਦਾ ਸਾਂਗ ਭਰਦਿਆਂ ਉਤਾਂਹ ਤੱਕਿਆ, ਤੇ ਫਿਰ ਇਸ ਤਰ੍ਹਾਂ ਜਿਵੇਂ ਕੋਈ ਅਰਸ਼ਾਂ ਤੋਂ ਬੋਲ ਰਿਹਾ ਹੁੰਦਾ ਹੈ, ਸਭ ਵੱਲ ਤੱਕ ਕੇ ਬੋਲੀ, “ਵੱਡੇ ਤੋਂ ਵੱਡਾ ਪਾਪ ਵੀ ਪੁੰਨ ਹੈæææ ਜੇ ਉਸ ਦੇ ਕਰਨ ਵਾਲੇ ਦੀ ਨੀਤ ਸ਼ੁੱਧ ਤੇ ਪਵਿੱਤਰ ਹੋਵੇ।”
ਇਹ ਵਾਕ ਸੁਣਨ ਦੀ ਦੇਰ ਸੀ, ਖੁਸ਼ੀ ਨਾਲ ਸਭ ਦੀਆਂ ਵਾਛਾਂ ਖਿੜ ਗਈਆਂ। ਸਭ ਨੇ ਸਾਂਝੀ ਨਜ਼ਰ ਨਾਲ ਮਾਰਗਰੇਟ ਵੱਲ ਤੱਕਿਆ। ਸਭ ਨੂੰ ਯਕੀਨ ਹੋ ਗਿਆ ਕਿ ਮਾਰਗਰੇਟ ਦੀ ਆਤਮਾ ਵਿਚ ਭਾਵੇਂ ਡੂੰਘੀ ਕਸ਼ਮਕਸ਼ ਅਜੇ ਤੱਕ ਜਾਰੀ ਹੈ, ਪਰ ਬ੍ਰਹਮਚਾਰਨੀ ਦੇ ਵਾਕਾਂ ਦਾ ਉਸ ‘ਤੇ ਅਸਰ ਜ਼ਰੂਰ ਹੋਇਆ ਹੈ।
ਕਾਊਂਟੈਸ ਬਰਾਬਰ ਬੋਲ ਰਹੀ ਸੀ ਜੋ ਉਹ ਬੋਲ ਸਕਦੀ ਸੀ। ਇਸ ਤੋਂ ਜਾਪਿਆ ਜਿਵੇਂ ਮਾਰਗਰੇਟ ਦੇ ਦਿਲ ਨੇ ਆਪਣੇ ਆਪ ਨਾਲ ਕੋਈ ਸਮਝੌਤਾ ਕਰ ਲਿਆ ਹੈ।
ਕਾਊਂਟੈਸ ਨੇ ਮਾਰਗਰੇਟ ਨੂੰ ਸੰਬੋਧਨ ਕੀਤਾ, “ਬੱਸ ਹੁਣ ਤਾਂ ਫੈਸਲਾ ਹੀ ਹੋ ਗਿਆ। ਪਰਮਾਤਮਾ ਕਿਉਂ ਨਾ ਉਸ ਸੁਭਾਗਵਤੀ ਦੇ ਤਿਆਗ ਨੂੰ ਕਬੂਲ ਕਰੇਗਾ ਜਿਸ ਦੇ ਸਦਕਾ ਉਸ ਦੇ ਕਈ ਦੇਸ਼ ਵਾਸੀਆਂ ਦਾ ਛੁਟਕਾਰਾ ਯਕੀਨੀ ਹੋਵੇਗਾ। ਕੋਈ ਕੰਮ ਕਿੰਨਾ ਹੀ ਭੈੜਾ ਹੈ, ਪਰ ਜੇ ਉਹੀ ਕੰਮ ਪਰਉਪਕਾਰ ਦੀ ਖਾਤਰ ਕੀਤਾ ਜਾਵੇ ਤਾਂ æææ।”
ਵਿਚੋਂ ਹੀ ਬ੍ਰਹਮਚਾਰਨੀ ਬੋਲੀ, ਸ਼ਾਇਦ ਆਪਣੀ ਰਾਇ ਦੇ ਹੱਕ ਵਿਚ ਉਸ ਨੂੰ ਕੋਈ ਦਲੀਲ ਬੜੀ ਕਾਹਲੀ ਆਈ ਹੋਈ ਸੀ, “ਮਿੱਟੀ ਸਭ ਤੋਂ ਨੀਵੀਂ ਤੇ ਘਟੀਆ ਚੀਜ਼ ਹੈ, ਪਰ ਉਹੀ ਮਿੱਟੀ ਉਡ ਕੇ ਜਦ ਕਿਸੇ ਸੰਤ ਮਹਾਤਮਾ ਦੇ ਚਰਨਾਂ Ḕਤੇ ਜਾ ਲਿਪਟਦੀ ਹੈ ਤਾਂ ਲੋਕੀ ਉਸ ਨੂੰ ਲੈ-ਲੈ ਕੇ ਮੱਥੇ ‘ਤੇ ਲਾਉਂਦੇ ਨੇ।”
“ਬੇਸ਼ੱਕ, ਕਿਤਨੀ ਜ਼ਬਰਦਸਤ ਦਲੀਲ ਹੈ! ਦਿਲ ਨੂੰ ਠੰਢ ਪੈ ਗਈ ਹੈ ਸੁਣ ਕੇ।” ਇਕ ਵਾਰਗੀ ਕਈ ਜ਼ਬਾਨਾਂ ਬੋਲ ਉਠੀਆਂ।
ਸਾਰੀ ਗੱਲ ਬੜੀ ਸਾਵਧਾਨੀ ਤੇ ਚਲਾਕੀ ਨਾਲ ਹੋ ਰਹੀ ਸੀ ਪਰ ਮਾਰਗਰੇਟ ਦੇ ਦਿਲ Ḕਤੇ ਜਿਵੇਂ ਕਿਸੇ ਦੀ ਕੋਈ ਗੱਲ ਪੋਂਹਦੀ ਹੀ ਨਹੀਂ ਸੀ। ਹਾਂ! ਉਸ ਬ੍ਰਹਮਚਾਰਨੀ ਦੇ ਮੂੰਹੋਂ ਨਿਕਲੀ ਕੋਈ ਵੀ ਗੱਲ, ਬਾਦਲੀਲ ਭਾਵੇਂ ਬੇਦਲੀਲ, ਉਹ ਪੂਰੀ ਸ਼ਰਧਾ ਨਾਲ ਸੁਣਦੀ ਸੀ।
ਗੱਲ ਦਾ ਰੁਖ ਬਦਲ ਗਿਆ, ਤੇ ਬ੍ਰਹਮਚਾਰਨੀ ਆਪਣੇ ਧਰਮ ਮੰਦਰ ਦੀ ਚਰਚਾ ਕਰਨ ਲੱਗੀ। ਉਹ ਆਪਣੀ ਇਕ ਗੁਆਂਢਣ ਸਿਸਟਰ ਨਾਈਸੈਫੋਰ ਦੀਆਂ ਗੱਲਾਂ ਸੁਣਾਉਣ ਲੱਗੀ। ਫਿਰ ਉਸ ਨੇ ਦੱਸਿਆ ਕਿ ਸਾਨੂੰ ਹਾਵਰੇ ਵਿਚ ਇਸ ਲਈ ਸੱਦਿਆ ਗਿਆ ਹੈ ਕਿ ਉਥੇ ਦੀ ਫੌਜ ਵਿਚ ਅੱਜ ਕੱਲ੍ਹ ਚੇਚਕ ਦਾ ਜ਼ੋਰ ਹੈ, ਤੇ ਬਹੁਤ ਸਾਰੇ ਫੌਜੀ ਹਸਪਤਾਲਾਂ ਵਿਚ ਪਏ ਨੇ ਜਿਨ੍ਹਾਂ ਦੇ ਨੇੜੇ ਡਾਕਟਰ ਵੀ ਨਹੀਂ ਫਟਕ ਸਕਦੇ।
ਫਿਰ ਉਸ ਨੇ ਰੋਗੀਆਂ ਦੀ ਤਰਸਯੋਗ ਹਾਲਤ ਦਾ ਨਕਸ਼ਾ ਖਿਚਿਆ। ਨਾਲ ਹੀ ਮਾਰਗਰੇਟ ਨੂੰ ਸਮਝਾਉਣ ਲੱਗੀ, “ਮਿਸ! ਤੁਸੀਂ ਹੀ ਦੱਸੋ, ਜਦਕਿ ਸਾਨੂੰ ਦੋਹਾਂ ਸੇਵਾਦਾਰਨੀਆਂ ਨੂੰ ਇੱਥੇ ਰਸਤੇ ਵਿਚ ਹੀ ਰੋਕ ਰੱਖਿਆ ਗਿਆ ਹੈ, ਤਾਂ ਉਧਰ ਵਿਚਾਰੇ ਚੇਚਕ ਦੇ ਮਰੀਜ਼ਾਂ ਦਾ ਕੀ ਹਾਲ ਹੋ ਰਿਹਾ ਹੋਵੇਗਾ? ਖਬਰੇ ਇਨ੍ਹਾਂ ਦੋ-ਤਿੰਨ ਦਿਨਾਂ ਦੀ ਦੇਰੀ ਦਾ ਕਿਤਨਾ ਭਿਆਨਕ ਸਿੱਟਾ ਨਿਕਲੇ! ਜੇ ਅਸੀਂ ਵੇਲੇ ਸਿਰ ਪਹੁੰਚ ਜਾਂਦੀਆਂ ਤਾਂ ਪ੍ਰਭੂ ਈਸਾ ਮਸੀਹ ਦੀ ਕ੍ਰਿਪਾ ਨਾਲ ਕਈ ਰੋਗੀਆਂ ਨੇ ਮੌਤ ਦੇ ਮੂੰਹ ਵਿਚੋਂ ਨਿਕਲ ਆਉਣਾ ਸੀ, ਪਰ ਹੁਣ ਉਹ ਵਿਚਾਰੇ ਦੁਆ-ਦਾਰੂ ਤੇ ਸੇਵਾ ਟਹਿਲ ਖੁਣੋਂ ਦਬਾਦਬ ਮੌਤ ਦਾ ਖਾਜਾ ਬਣ ਰਹੇ ਹੋਣਗੇ। ਜਾਣਦੀ ਹੈਂ ਬੇਟੀ, ਇਹ ਸਭ ਕੁਝ ਕਿਉਂ ਹੋਇਆ? ਇਕ ਜਰਮਨ ਅਫਸਰ ਦੀ ਜ਼ਿਦ ਪਿਛੇ! ਫਿਰ ਉਸ ਹਾਲਤ ਵਿਚ, ਜਦ ਪ੍ਰਭੂ ਈਸਾ ਮਸੀਹ ਦੀ ਕ੍ਰਿਪਾ ਨਾਲ ਮੈਨੂੰ ਚੇਚਕ ਦੀ ਬਿਮਾਰੀ ਬਾਰੇ ਬਹੁਤ ਵੱਡਾ ਤਜਰਬਾ ਹੈ। ਇਸ ਤੋਂ ਪਹਿਲਾਂ ਮੈਂ ਦਰਜਨਾਂ ਵਾਰੀ ਇਟਲੀ, ਆਸਟਰੀਆ ਤੇ ਦੁਨੀਆਂ ਦੇ ਹੋਰ ਹੋਰ ਹਿੱਸਿਆਂ ਵਿਚ ਜਾ-ਜਾ ਕੇ ਇਸ ਬਿਮਾਰੀ ਦੇ ਰੋਗੀਆਂ ਦਾ ਇਲਾਜ ਕਰ ਚੁੱਕੀ ਹਾਂ।”
ਬ੍ਰਹਮਚਾਰਨੀ ਨੇ ਇਹ ਵੀ ਪ੍ਰਗਟ ਕਰ ਦਿੱਤਾ ਕਿ ਉਹ ਉਨ੍ਹਾਂ ਪਵਿੱਤਰ ਆਤਮਾਵਾਂ ਵਿਚੋਂ ਹੈ ਜਿਨ੍ਹਾਂ ਨੂੰ ਰੱਬ ਨੇ ਫੌਜੀਆਂ ਦੇ ਨਾਲ-ਨਾਲ ਜਾਣ, ਤੇ ਲੜਾਈ ਵਿਚ ਫੱਟੜਾਂ ਨੂੰ ਚੁੱਕ ਕੇ ਉਨ੍ਹਾਂ ਦੀ ਮਲ੍ਹਮ-ਪੱਟੀ ਕਰਨ ਲਈ ਹੀ ਪੈਦਾ ਕੀਤਾ ਹੈ। ਅਸਲ ਵਿਚ ਉਹ ਸੀ ਵੀ ਰੋਹਬ-ਦਾਬ ਵਾਲੀ ਤੀਵੀਂ। ਉਸ ਦੇ ਮੂੰਹ Ḕਤੇ ਦਾਗ ਸਨ। ਜਦ ਉਸ ਨੇ ਬੋਲਣਾ ਖ਼ਤਮ ਕੀਤਾ, ਤਾਂ ਕਿੰਨਾ ਹੀ ਚਿਰ ਚੁੱਪ-ਚਾਂ ਛਾਈ ਰਹੀ। ਸਾਰਿਆਂ ਨੇ ਵੇਖਿਆ ਕਿ ਮਾਰਗਰੇਟ ਦੇ ਦਿਲ ਉਤੇ ਇਸ ਬੁੱਢੀ ਨੇ ਚੰਗਾ ਅਸਰ ਪਾਇਆ ਹੈ। ਸਾਰੇ ਚਾਹੁੰਦੇ ਸਨ ਕਿ ਇਹ ਅਸਰ ਬਣਿਆ ਹੀ ਰਹੇ।
ਰੋਟੀ ਖ਼ਤਮ ਹੁੰਦਿਆਂ ਹੀ ਸਭ ਆਪੋ-ਆਪਣੇ ਕਮਰਿਆਂ ਵਿਚ ਚਲੇ ਗਏ। ਦੂਜੇ ਦਿਨ ਸਾਰੇ ਹੀ ਜ਼ਰਾ ਚਿਰਾਕੇ ਉਠੇ। ਸਵੇਰ ਦਾ ਨਾਸ਼ਤਾ ਬੜੀ ਸ਼ਾਂਤੀ ਨਾਲ ਹੋਇਆ। ਪਿਛਲੀ ਸ਼ਾਮ ਜਿਹੜੇ ਬੀ ਬੀਜੇ ਗਏ ਸਨ, ਉਨ੍ਹਾਂ ਦੇ ਪੁੰਗਰਨ ਦੀ ਉਡੀਕ ਕੀਤੀ ਜਾ ਰਹੀ ਸੀ।
ਦੁਪਹਿਰੇ ਕਾਊਂਟੈਸ ਨੇ ਸੈਰ ਕਰਨ ਦੀ ਖਾਹਿਸ਼ ਪ੍ਰਗਟ ਕੀਤੀ। ਕੀਤੀ ਹੋਈ ਸਾਜ਼ਿਸ਼ ਅਨੁਸਾਰ ਅੱਜ ਸੈਰ ਵੇਲੇ ਕਾਊਂਟ ਨੇ ਮਾਰਗਰੇਟ ਦਾ ਹੱਥ ਫੜ ਲਿਆ, ਤੇ ਉਸ ਨੂੰ ਨਾਲ ਲਈ ਉਹ ਦੋਵੇਂ ਬਾਕੀ ਸਾਥੀਆਂ ਤੋਂ ਕੁਝ ਪਿਛੇ-ਪਿਛੇ ਟੁਰਨ ਲੱਗੇ। ਉਹ ਰਸਤੇ ਵਿਚ ਮਾਰਗਰੇਟ ਨਾਲ ਕੁਝ ਬਜ਼ੁਰਗਾਨਾ ਤੇ ਬੜੀ ਪਿਆਰ ਭਰੀ ਬੋਲੀ ਵਿਚ ਗੱਲਾਂ ਕਰਨ ਲੱਗਾ। ਉਹ ਘੜੀ-ਮੁੜੀ ਉਸ ਨੂੰ Ḕਮੇਰੀ ਪਿਆਰੀ ਬੱਚੀ’ ਕਹਿ ਕੇ ਸੰਬੋਧਨ ਕਰਦਾ, “ਤਾਂ ਕੀ ਤੇਰੀ ਇਹੋ ਸਲਾਹ ਹੈ ਕਿ ਅਸੀਂ ਸਾਰੇ ਇੱਥੇ ਪਰਦੇਸ ਵਿਚ ਜਰਮਨਾਂ ਦੇ ਕੈਦੀ ਬਣੇ ਰਹੀਏ?”
ਮਾਰਗਰੇਟ ਨੇ ਕੋਈ ਉਤਰ ਨਾ ਦਿੱਤਾ। ਇਸ ਤੋਂ ਬਾਅਦ ਹੌਲੀ-ਹੌਲੀ ਕਾਊਂਟ ਨੇ ਉਸ ‘ਤੇ ਦਇਆ, ਦਲੀਲ ਤੇ ਜਜ਼ਬਿਆਂ ਦੇ ਕਈ ਹਥਿਆਰ ਵਰਤੇ। ਕਦੀ ਤਾਂ ਉਹ ਨੇੜਲੇ ਸਬੰਧੀਆਂ ਵਾਂਗ ਗੱਲਾਂ ਕਰਨ ਲੱਗ ਪੈਂਦਾ, ਕਦੀ ਵੱਡੇ ਲੋਕਾਂ ਵਾਂਗ ਰੋਹਬ ਛਾਂਟਣ ਲੱਗਦਾ, ਤੇ ਕਦੀ ਪਾਦਰੀਆਂ ਵਾਂਗ ਉਪਦੇਸ਼ ਦਿੰਦਾ। ਉਹ ਉਸ ਨੂੰ ਸਮਝਾ ਰਿਹਾ ਸੀ ਕਿ ਉਹ ਕਿਤਨਾ ਵੱਡਾ ਉਪਕਾਰ ਕਰੇਗੀ, ਜੇ ਜ਼ਰਾ ਕੁ ਅਫਸਰ ਨੂੰ ਪ੍ਰਸੰਨ ਕਰ ਕੇ ਸਾਰਿਆਂ ਨੂੰ ਇਸ ਮੁਸੀਬਤ ਤੋਂ ਛੁਡਾ ਦੇਵੇਗੀ। ਤੇ ਮਾਰਗਰੇਟ ਨੂੰ ਫਿਰ ਵੀ ਟੱਸ ਤੋਂ ਮੱਸ ਨਾ ਹੁੰਦੀ ਵੇਖ ਕੇ ਕਹਿਣ ਲੱਗਾ, “ਮੇਰੀ ਪਿਆਰੀ ਬੱਚੀ! ਜੇ ਤੂੰ ਇਹ ਛੋਟੀ ਜਿਹੀ ਗੱਲ ਮੰਨ ਜਾਵੇਂਗੀ, ਤਾਂ ਸਾਡੇ ਤੋਂ ਛੁੱਟ ਆਪਣੇ-ਆਪ ਉਤੇ ਵੀ ਅਹਿਸਾਨ ਕਰੇਂਗੀ, ਤੇ ਉਸ ਅਫਸਰ ਉਤੇ ਵੀ ਜਿਹੜਾ ਪਹਿਲੀ ਨਜ਼ਰੇ ਹੀ ਤੇਰੀ ਸੋਹਣੀ ਸੂਰਤ ਵੇਖ ਕੇ ਫੜਕ ਉਠਿਆ ਹੈ। ਕੀ ਤੇਰੇ ਲਈ ਇਹ ਫਖਰ ਵਾਲੀ ਗੱਲ ਨਹੀਂ ਹੋਵੇਗੀ ਕਿ ਕੋਈ ਘੁਮੰਡੀ ਅਫਸਰ ਵੀ ਤੇਰੇ ਮਗਰ ਤਰਲੇ ਕਰਦਾ ਫਿਰਦਾ ਹੈ? ਤੇ ਇਸ ਵਿਚ ਸਮਝੋ, ਤਾਂ ਉਸ ਵਿਚਾਰੇ ਦਾ ਵੀ ਕੀ ਕਸੂਰ ਹੈ, ਜਦ ਤੇਰੇ ਵਰਗੀ ਸੁੰਦਰੀ ਉਸ ਨੇ ਆਪਣੇ ਸਾਰੇ ਮੁਲਕ ਵਿਚ ਨਹੀਂ ਵੇਖੀ ਹੋਣੀ।
ਮਾਰਗਰੇਟ ਨੇ ਫਿਰ ਕੋਈ ਉਤਰ ਨਾ ਦਿੱਤਾ। ਉਹ ਕਦਮ ਤੇਜ਼ ਕਰ ਗਈ, ਤੇ ਆਖਰ ਅਗਲੇ ਸਾਥੀਆਂ ਦੀ ਕਤਾਰ ਵਿਚ ਜਾ ਮਿਲੀ।
(ਚਲਦਾ)

Be the first to comment

Leave a Reply

Your email address will not be published.