ਖੇਡਾਂ ਵਾਲਾ ਸਰਵਣ-1
ਸ਼ ਗੁਰਬਚਨ ਸਿੰਘ ਭੁੱਲਰ ਦੀਆਂ ਲਿਖਤਾਂ ਪੰਜਾਬ ਟਾਈਮਜ਼ ਦੇ ਪਾਠਕ ਇਕ ਅਰਸੇ ਤੋਂ ਪੜ੍ਹਦੇ ਆ ਰਹੇ ਹਨ। ਉਹ ਨਾਮੀ ਕਹਾਣੀਕਾਰ ਵੀ ਹਨ ਅਤੇ ਪੱਤਰਕਾਰ ਵੀ। ਉਨ੍ਹਾਂ ਨੂੰ ਕਹਾਣੀ ਵਿਚ ਪੱਤਰਕਾਰੀ ਤੇ ਪੱਤਰਕਾਰੀ ਵਿਚ ਕਹਾਣੀ ਰਲਾਉਣ ਦੀ ਵੀ ਪੂਰੀ ਜਾਚ ਹੈ। ਪੰਜਾਬੀ ਦੇ ਸ਼੍ਰੋਮਣੀ ਨਾਟਕਕਾਰ ਮਰਹੂਮ ਬਲਵੰਤ ਗਾਰਗੀ ਬਾਰੇ ਭੁੱਲਰ ਸਾਹਿਬ ਦਾ ਲੰਮਾ ਰੇਖਾ-ਚਿਤਰ ਨੁਮਾ ਲੇਖ ਪਾਠਕ ਪੜ੍ਹ ਹੀ ਚੁਕੇ ਹਨ। ਰੇਖਾ-ਚਿਤਰ ਲਿਖਦਿਆਂ ਸ਼ਾਇਦ ਆਪਣੇ ਜ਼ਿਲ੍ਹੇ ਦੇ ਹਮਵਾਸੀ ਬਲਵੰਤ ਗਾਰਗੀ ਦੀ ਉਂਗਲ ਫੜਦਿਆਂ ਉਹ ਵਿਅਕਤੀ ਦੀਆਂ ਸਿਫਤਾਂ ਵੀ ਕਰੀ ਜਾਂਦੇ ਹਨ ਤੇ ਉਸ ਨੂੰ ਚੋਭਾਂ ਵੀ ਲਾਈ ਜਾਂਦੇ ਹਨ। ਇਹੋ ਕੁਝ ਉਨ੍ਹਾਂ ਬਲਵੰਤ ਗਾਰਗੀ ਨਾਲ ਕੀਤਾ ਸੀ ਅਤੇ ਹੁਣ ਇਹੋ ਕੁਝ ਪਿੰ੍ਰæ ਸਰਵਣ ਸਿੰਘ ਬਾਰੇ ਲਿਖੇ ਇਸ ਲੜੀਵਾਰ ਲੇਖ ਵਿਚ ਕੀਤਾ ਹੈ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਫੋਨ: 01191-1165736868
ਸਰਵਣ ਸਿੰਘ ਦੀ ਤੇ ਮੇਰੀ ਪਹਿਲੀ ਮੁਲਾਕਾਤ ਉਨ੍ਹਾਂ ਦੋ ਰੇਲ ਗੱਡੀਆਂ ਵਰਗੀ ਸੀ ਜੋ ਦੋ ਸਟੇਸ਼ਨਾਂ ਵਿਚਕਾਰ ਦੂਹਰੀ ਪਟੜੀ ਉਤੇ ਇਕ ਦੂਜੀ ਦੇ ਕੋਲੋਂ ਦੀ ਲੰਘ ਜਾਂਦੀਆਂ ਹਨ। 1967 ਵਿਚ ਜਦੋਂ ਉਹ ਖਾਲਸਾ ਕਾਲਜ ਦਿੱਲੀ ਦੀ ਪ੍ਰੋਫੈਸਰੀ ਛੱਡ ਕੇ ਢੁੱਡੀਕੇ ਕਾਲਜ ਵਿਚ ਪ੍ਰੋਫੈਸਰ ਲੱਗਣ ਲਈ ਪੰਜਾਬ ਵੱਲ ਚਾਲੇ ਪਾ ਰਿਹਾ ਸੀ, ਮੈਂ ਪੰਜਾਬ ਵਿਚੋਂ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੀ ਪ੍ਰੋਫੈਸਰੀ ਛੱਡ ਕੇ ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਵਿਚ ਕੰਮ ਕਰਨ ਲਈ ਦਿੱਲੀ ਵੱਲ ਕੂਚ ਕਰ ਰਿਹਾ ਸੀ।
ਸਰਵਣ ਸਿੰਘ ਆਪ ਤਾਂ ਦਿੱਲੀ ਤੋਂ ਆ ਗਿਆ ਪਰ ਪਿੱਛੇ ਦਿਲਚਸਪ ਗੱਲਾਂ ਛੱਡ ਆਇਆ। ਜਿਵੇਂ ਅਤਰ-ਫੁਲੇਲ ਲਾਈ ਬੰਦਾ ਬੈਠਕ ਵਿਚੋਂ ਉਠ ਕੇ ਚਲਿਆ ਗਿਆ ਹੋਵੇ ਤੇ ਮਹਿਕ ਪਿੱਛੇ ਛੱਡ ਗਿਆ ਹੋਵੇ। ਅਣਜਾਣੇ ਸਰਵਣ ਸਿੰਘ ਨਾਲ ਮੇਰੀ ਕੜੀ ਗੁਰਦੇਵ ਸਿੰਘ ਰੁਪਾਣਾ ਸੀ। ਉਹ ਉਹਦੇ ਵੇਲੇ ਤੋਂ ਦਿੱਲੀ ਸੀ ਅਤੇ ਹੁਣ ਮੇਰਾ ਦੋਸਤ ਬਣ ਗਿਆ ਸੀ। ਮੇਰੇ ਦਿੱਲੀ ਪਹੁੰਚਣ ਵੇਲੇ ਹੀ ਅਜਿਹੇ ਯਾਰਾਂ ਦੇ ਯਾਰ ਤੇ ਮੌਜੀ ਬੰਦੇ ਦਾ ਉਥੋਂ ਚਲੇ ਜਾਣਾ, ਅਣਜਾਣਿਆ ਹੋਣ ਦੇ ਬਾਵਜੂਦ, ਕਿਸੇ ਮਿੱਤਰ-ਪਿਆਰੇ ਦੇ ਚਲੇ ਜਾਣ ਵਾਂਗ ਲਗਦਾ। ਰੁਪਾਣੇ ਦੀ ਇਸ ਹੈਰਾਨੀ ਵਿਚ ਮੇਰੀ ਹੈਰਾਨੀ ਵੀ ਰਲ ਜਾਂਦੀ ਕਿ ਉਹ ਦਿੱਲੀ ਦਾ ਖਾਲਸਾ ਕਾਲਜ ਛੱਡ ਕੇ ਢੁੱਡੀਕੇ ਦੇ ਪੇਂਡੂ ਕਾਲਜ ਵਿਚ ਕਿਉਂ ਚਲਿਆ ਗਿਆ!
ਮਗਰੋਂ ਸਰਵਣ ਸਿੰਘ ਤੇ ਮੈਂ ਕਦੋਂ ਮਿਲੇ, ਕਿਵੇਂ ਮਿਲੇ, ਕਿਥੇ ਮਿਲੇ, ਉਕਾ ਹੀ ਯਾਦ ਨਹੀਂ। ਹਾਂ, ਇਹ ਯਾਦ ਹੈ ਕਿ ਅਸੀਂ ਮੁੱਢ-ਕਦੀਮੋਂ ਇਕ ਦੂਜੇ ਨੂੰ ਜਾਣਦੇ ਹਾਂ। ਵਾਹ ਪਿਆ ਤਾਂ ਇਹਦੇ ਦਿੱਲੀ ਤੋਂ ਢੁੱਡੀਕੇ ਚਲੇ ਜਾਣ ਦੀ ਉਲਝਣ ਵੀ ਛੇਤੀ ਹੀ ਹੱਲ ਹੋ ਗਈ। ਸਗੋਂ ਇਹ ਸਾਫ ਹੋ ਗਿਆ ਕਿ ਇਹ ਬੰਦਾ ਦਿੱਲੀ ਰਹਿ ਹੀ ਨਹੀਂ ਸੀ ਸਕਦਾ। ਜਿਹੜਾ ਭਲਾਮਾਣਸ ਸਾਰੀ ਉਮਰ ਪ੍ਰੋਫੈਸਰੀ-ਪ੍ਰਿੰਸੀਪਲੀ ਕਰ ਕੇ ਅਤੇ ਅਮਰੀਕਾ, ਕੈਨੇਡਾ ਤੇ ਯੂਰਪ ਗਾਹ ਕੇ ਕਹਿੰਦਾ ਹੈ, ਪੈਂਟਾਂ-ਪਜਾਮੇ ਆਪਣੇ ਚਾਦਰੇ ਦੀ ਰੀਸ ਨਹੀਂ ਕਰ ਸਕਦੇ, ਉਹਦਾ ਤੰਗ ਪਤਲੂਨਾਂ ਤੇ ਘੁੱਟਵੀਆਂ ਪਜਾਮੀਆਂ ਵਾਲੀ ਦਿੱਲੀ ਵਿਚ ਗੁਜ਼ਾਰਾ ਕਿਥੋਂ ਹੋਣਾ ਸੀ! ਮਹਾਂਨਗਰ ਆਖਦਾ ਹੈ, ਇਥੇ ਰਹਿਣਾ ਹੈ ਤਾਂ ਮੇਰੇ ਅਨੁਸਾਰ ਢਲ ਪਰ ਇਹ ਦਿੱਲੀ ਨੂੰ ਆਪਣਾ ਪਿੰਡ ਚਕਰ ਬਣਾਈਂ ਬੈਠਾ ਸੀ।
ਕਾਲਜ ਦੇ ਨੇੜੇ ਕੋਈ ਢਾਬਾ ਨਾ ਹੋਣ ਕਰਕੇ ਇਹ ਕੰਧ ਉਤੇ ਬੈਠ ਮੌਜ ਨਾਲ ਲੱਤਾਂ ਹਿਲਾ ਹਿਲਾ ਕੇ ‘ਲੰਚ’ ਕਰਦਾ। ਹਵਾ ਦੇ ਬੁੱਲੇ ਮਾਣਦਿਆਂ ਤੇ ਲੰਘਣ-ਟੱਪਣ ਵਾਲੀਆਂ ਸ਼ਹਿਰਨਾਂ ਦੇ ਨਜ਼ਾਰੇ ਲੈਂਦਿਆਂ ਕੀਤਾ ਜਾਂਦਾ ਇਹ ‘ਲੰਚ’ ਨਿੰਬੂ ਘਸਾ ਕੇ ਲੂਣ ਭੁੱਕੇ ਵਾਲੀਆਂ ਮੱਕੀ ਦੀਆਂ ਤਿੰਨ-ਚਾਰ ਛੱਲੀਆਂ ਦਾ ਹੁੰਦਾ। ਪੇਂਡੂ ਜੀਵਨ ਜਾਨਦਾਰ, ਤਕੜੀਆਂ, ਸਖ਼ਤ ਚੀਜ਼ਾਂ ਦੁਆਲੇ ਘੁੰਮਦਾ ਹੈ ਜਿਨ੍ਹਾਂ ਦੇ ਸੌਖੇ ਕੀਤਿਆਂ ਟੁੱਟਣ ਦਾ ਡਰ ਨਹੀਂ ਹੁੰਦਾ। ਸ਼ਹਿਰ ਨਰਮ-ਨਾਜ਼ਕ ਚੀਜ਼ਾਂ ਦਾ ਭਰਿਆ ਹੁੰਦਾ ਹੈ ਜਿਨ੍ਹਾਂ ਨੂੰ ਹੱਥ ਲਾਉਂਦਿਆਂ ਪੇਂਡੂ ਬੰਦਾ ਟੁੱਟਣ ਤੋਂ ਡਰਦਾ ਹੈ। ਇਸੇ ਕਰਕੇ ਜਦੋਂ ਸ਼ਹਿਰ ਵਿਚ ਪੂਰੀਆਂ-ਛੋਲੇ ਖਾਂਦੇ ਪੇਂਡੂ ਨੂੰ ਕੰਚ ਦੇ ਗਲਾਸ ਵਿਚ ਪਾਣੀ ਰੱਖਿਆ ਜਾਂਦਾ ਹੈ, ਉਹ ਉਹਨੂੰ ਡਿੱਗ ਕੇ ਟੁਟਣੋਂ ਬਚਾਉਣ ਲਈ ਝੱਟ ਕਿਨਾਰਿਉਂ ਦੂਰ ਮੇਜ਼ ਦੇ ਅੰਦਰ ਨੂੰ ਖਿਸਕਾ ਦਿੰਦਾ ਹੈ। ਸ਼ਹਿਰ ਨਰਮ-ਨਾਜ਼ਕ ਚੀਜ਼ਾਂ ਨਾਲ ਰਹਿਣਾ ਸਿੱਖਣ ਦੀ ਤੇ ਖੱਦਰ ਦੇ ਗਲਾਸ ਦੀ ਥਾਂ ਕੰਚ ਦੇ ਗਲਾਸ ਵਿਚ ਪਾਣੀ ਪੀਣ ਲੱਗਣ ਦੀ ਮੰਗ ਕਰਦਾ ਹੈ।
ਐਮæ ਏæ ਪੰਜਾਬੀ ਦੀ ਜਮਾਤ ਵਿਚ ਇਹ ਇਕੱਲਾ ਮੁੰਡਾ ਤੇ ਪੰਜ ਸ਼ਹਿਰੀ ਕੁੜੀਆਂ। ਇਹਨੂੰ ਛੱਲੀਆਂ ਚਬਦਾ ਦੇਖ ਚੁੱਕੀਆਂ ਕੁੜੀਆਂ ਦੁਪਹਿਰ ਦੀ ਰੋਟੀ ਬਾਰੇ ਪੁਛਦੀਆਂ ਹਨ ਤੇ ਫੇਰ ਟਿੱਚਰ ਕਰਦੀਆਂ ਹਨ, “ਕਿਤੇ ਛੱਲੀਆਂ-ਛੁੱਲੀਆਂ ਚੱਬ ਕੇ ਈ ਤਾਂ ਨਹੀਂ ਡੰਗ ਸਾਰੀਂ ਜਾਂਦੇ?” ਇਹਨੂੰ ਕੱਚਾ ਹੋਇਆ ਦੇਖ ਉਹ ਇਕ ਇਕ ਫੁਲਕਾ ਵੱਧ ਲਿਆ ਕੇ ਨਾਲ ਰੋਟੀ ਖੁਆਉਣ ਦੀ ਪੇਸ਼ਕਸ਼ ਕਰਦੀਆਂ ਹਨ। ਤਾਂ ਵੀ ਇਹ ‘ਰੱਬ ਨੇ ਦਿੱਤੀਆਂ ਗਾਜਰਾਂ, ਵਿਚੇ ਰੰਬਾ ਰੱਖ’ ਦੀ ਪੁਰਖਿਆਂ ਦੀ ਦਿੱਤੀ ਮੱਤ ਚੇਤੇ ਨਹੀਂ ਕਰਦਾ ਸਗੋਂ ਡੇਰੇ ਵਾਲੇ ਸਾਧ ਵਾਂਗ ਕਿਸੇ ਤਿੱਥ-ਤਿਹਾਰ ਨੂੰ ਖਾਣਾ ਤਾਂ ਪਰਵਾਨ ਕਰਦਾ ਹੈ, ਰੋਜ਼ ਰੋਜ਼ ਨਹੀਂ। ਮੰਨਦਾ ਹੈ, “ਕੁੜੀਆਂ ਬੜੀਆਂ ਪਿਆਰੀਆਂ ਸਨ। æææਉਨ੍ਹਾਂ ਕੋਲੋਂ ਅਤਰ-ਫੁਲੇਲ ਦੀਆਂ ਮਹਿਕਾਂ ਆਉਂਦੀਆਂ ਸਨ। ਹਸਦੀਆਂ ਤਾਂ ਉਨ੍ਹਾਂ ਦੇ ਚਿੱਟੇ ਦੰਦ ਚਮਕਦੇ। ਗੋਰੀਆਂ ਗੱਲ੍ਹਾਂ ‘ਚ ਟੋਏ ਪੈਂਦੇ।”
ਇਕ ਕੁੜੀ ਜੋ “ਕੁਝ ਵਧੇਰੇ ਹੀ ਮੋਹ ਕਰਦੀ ਸੀ”, ਫੁਲਕਿਆਂ ਦੀ ਗਿਣਤੀ ਪੁਛਦੀ ਹੈ। ਇਹ ਆਖਣਾ ਚਾਹੁੰਦਾ ਹੈ, “ਜੇ ਕਿਤੇ ਤੂੰ ਫੁਲਕੇ ਲਾਹ ਕੇ ਦੇਈ ਚੱਲੇਂ, ਤਾਂ ਮੈਂ ਰੱਜਾਂ ਈ ਨਾ!” ਪਰ ਹਿੰਮਤ ਨਹੀਂ ਹੁੰਦੀ, ਆਖ ਨਹੀਂ ਸਕਦਾ। ਮਗਰੋਂ ਜਦੋਂ ਇਹ ‘ਨਚਾਰ’ ਕਹਾਣੀ ਵਿਚ ਇਕ ਕੁੜੀ ਦੀਆਂ ਅੱਖਾਂ ਬਾਰੇ ‘ਉਹਦੀਆਂ ਅੱਖਾਂ ਤਾਂ ਨਸ਼ਿਆਂ ਦੇ ਬਾਗ਼ ਹਨ ਬਾਗ਼’ ਕਹਾਉਂਦਾ ਹੈ, ਇਸੇ ਕੁੜੀ ਦੀਆਂ ਅੱਖਾਂ ਚੇਤੇ ਕਰ ਕੇ ਕਹਾਉਂਦਾ ਹੈ। ਪਰ ਇਹ ਇਕਬਾਲ ਕਰਦਾ ਹੈ ਕਿ ਉਨ੍ਹੀਂ ਦਿਨੀਂ ਵੀ ਬਣਦਾ-ਫ਼ਬਦਾ ਹੋਣ ਤੇ ਚਿੱਤ ਕੁੜੀਆਂ ਦੀ ਸੰਗਤ ਮਾਣ ਕੇ ਖ਼ੁਸ਼ ਹੁੰਦਾ ਹੋਣ ਦੇ ਬਾਵਜੂਦ “ਮੇਰਾ ਪੇਂਡੂ ਪਿਛੋਕੜ ਮੈਨੂੰ ਸ਼ਹਿਰ ਦੀਆਂ ਕੁੜੀਆਂ ਨਾਲ ਬਹੁਤਾ ਘੁਲਣ-ਮਿਲਣ ਨਹੀਂ ਸੀ ਦੇ ਰਿਹਾ!” ਮਨ ਵਿਚੋਂ ਕੰਚ ਦਾ ਗਲਾਸ ਟੁੱਟ ਜਾਣ ਦਾ ਡਰ ਨਹੀਂ ਹੀ ਨਿਕਲਦਾ! ਅਜਿਹੇ ਬੰਦੇ ਲਈ ਦਿੱਲੀ ਨਾਲੋਂ ਢੁੱਡੀਕੇ ਹੀ ਠੀਕ ਸੀ।
ਸਰਵਣ ਇਸ ਮੱਤ ਦੀ ਇਕ ਵਧੀਆ ਮਿਸਾਲ ਹੈ ਕਿ ਲੇਖਕ ਤਾਂ ਲੇਖਕ ਹੁੰਦਾ ਹੈ। ਕਿਸੇ ਇਕ ਵਿਧਾ ਵਿਚ ਬਹੁਤਾ ਲਿਖਣ ਦਾ ਭਾਵ ਇਹ ਨਹੀਂ ਹੁੰਦਾ ਕਿ ਉਹ ਹੋਰ ਵਿਧਾਵਾਂ ਵਿਚ ਵਧੀਆ ਨਹੀਂ ਲਿਖ ਸਕਦਾ ਜਾਂ ਨਹੀਂ ਲਿਖਦਾ। ਖੇਡ-ਸਾਹਿਤ ਤੋਂ ਇਲਾਵਾ ਵੀ ਇਹਨੇ ਕਈ ਵਿਧਾਵਾਂ ਵਿਚ ਬਹੁਤ ਕੁਛ ਲਿਖਿਆ ਹੈ ਤੇ ਵਧੀਆ ਲਿਖਿਆ ਹੈ। ਪਹਿਲੀ ਹੀ ਕਹਾਣੀ ‘ਨਚਾਰ’ 1965 ਵਿਚ ਚੋਟੀ ਦੇ ਮਾਸਕ ‘ਆਰਸੀ’ ਵਿਚ ਛਪੀ। ਨਚਾਰਾਂ ਦੇ ਜਲਸਿਆਂ ਦੀ ਆਪਣੀ ਹੀ ਖਿੱਚ ਹੁੰਦੀ ਸੀ। ਜਿਨ੍ਹਾਂ ਨੇ ਇਹ ਜਲਸੇ ਦੇਖੇ ਹੋਏ ਸਨ, ਉਹ ਕਹਾਣੀ ਦਾ ਨਾਂ ਦੇਖ ਕੇ ਇਹਨੂੰ ਪੜ੍ਹੇ ਬਿਨਾਂ ਰਹਿ ਹੀ ਨਹੀਂ ਸਨ ਸਕਦੇ। ਇਉਂ ਇਹ ਪਹਿਲੀ ਕਹਾਣੀ ਹੀ ਚਰਚਿਤ ਹੋ ਗਈ।
ਰਸਾਲੇ ਵਿਚ ਉਹਦੇ ਛਪ ਗਈ ਹੋਣ ਦਾ ਇਹਨੂੰ ਅਜੇ ਪਤਾ ਵੀ ਨਹੀਂ ਸੀ। ਇਹ ਡਾæ ਹਰਿਭਜਨ ਸਿੰਘ ਕੋਲ ਬੈਠਾ ਸੀ ਜਦੋਂ ‘ਆਰਸੀ’ ਦਾ ਨਵਾਂ ਅੰਕ ਅੱਗੇ ਕਰਦਿਆਂ ਤਾਰਾ ਸਿੰਘ ਬੋਲਿਆ, “ਡਾਕਟਰ ਸਾਹਿਬ, ਐਤਕੀਂ ਦੀ ‘ਆਰਸੀ’ ਵਿਚ ਇਕ ਕਹਾਣੀ ਪੜ੍ਹਨ ਵਾਲੀ ਐ। ਕਿਸੇ ਨਵੇਂ ਲੇਖਕ ਦੀ ਐ।” ਇਹਦੇ ਦੱਸਣ ਮਗਰੋਂ ਇਹਦੇ ਹੀ ਮੂੰਹੋਂ ਸੁਣ ਕੇ ਉਨ੍ਹਾਂ ਨੇ ਵੀ ਤਾਰੀਫ਼ ਕੀਤੀ। ਜਿਸ ਨਵੇਂ ਲੇਖਕ ਦੀ ਪਹਿਲੀ ਹੀ ਕਹਾਣੀ ਦੀ ਸਿਫ਼ਤ ਡਾæ ਹਰਿਭਜਨ ਸਿੰਘ ਤੇ ਤਾਰਾ ਸਿੰਘ ਵਰਗੇ ਮਹਾਂਰਥੀ ਕਰਨ, ਉਹਦੀ ਕਲਮ ਦੇ ਦਮ ਬਾਰੇ ਸ਼ੱਕ ਦੀ ਗੁੰਜਾਇਸ਼ ਕਿਥੇ ਰਹਿ ਜਾਂਦੀ ਹੈ। ਰੁਪਾਣਾ ‘ਨਚਾਰ’ ਤੇ ਇਹਦੇ ਮੂੰਹੋਂ ਸੁਣੀਆਂ ਹੋਰ ਰਚਨਾਵਾਂ ਦੀ ਵਡਿਆਈ ਕਰਦਾ।
ਫੇਰ ਇਹ ਪਟਿਆਲੇ ਕੁਛ ਖਿਡਾਰੀਆਂ ਨਾਲ ਹੋਏ ਸਬੱਬੀਂ ਮੇਲ ਮਗਰੋਂ ਉਨ੍ਹਾਂ ਦੇ ਕਲਮੀ ਚਿਤਰ ਲਿਖਣ ਲੱਗਿਆ। ਆਪਣੀ ਇਕ ਕਹਾਵਤ ਹੈ; ਹੈ ਤਾਂ ਕਠੋਰ ਤੇ ਰੁੱਖੀ ਪਰ ਹੈ ਸੱਚੀ। ਅਖੇ, ਸਰੀਕ ਉਜੜਿਆ, ਵਿਹੜਾ ਮੋਕਲਾ! ਖੇਡ-ਲੇਖਕ ਬਣਨ ਮਗਰੋਂ ਵੀ ਜਦੋਂ ਕਦੀ-ਕਦਾਈਂ ਇਹਦੀ ਕਹਾਣੀ ਛਪਦੀ, ਮੈਂ ਕਹਿੰਦਾ, ਚੰਗਾ ਹੋਇਆ, ਸਰਵਣ ਦੀ ਕਲਮ ਖੇਡਾਂ ਵਾਲੇ ਪਾਸੇ ਪੈ ਗਈ! ਇਹਦੀ ਕਹਾਣੀ ਵਿਚ ਏਨੀਂ ਕੁ ਜਾਨ ਹੈ ਸੀ ਕਿ ਇਹਨੇ ਸਾਡੇ, ਆਪਣੇ ਹਾਣੀ ਕਹਾਣੀਕਾਰਾਂ ਦੇ ਸਾਹਮਣੇ ਜਰੀਬ ਸੁੱਟ ਕੇ ਕਹਿਣਾ ਸੀ, ਲਉ ਭਰਾਵੋ, ਮੇਰੇ ਹਿੱਸੇ ਦਾ ਅਸਮਾਨ ਵੰਡ ਕੇ ਮੇਰੇ ਹਵਾਲੇ ਕਰੋ। ਇਹਦੀਆਂ ਲਿਖਤਾਂ ਵਿਚੋਂ ਚਿਉਂਦਾ ਕਥਾ-ਰਸ ਤੇ ਭਾਸ਼ਾ ਉਤੇ ਇਹਦਾ ਕਾਬੂ ਇਹਦੇ ਚੰਗਾ ਕਹਾਣੀਕਾਰ ਹੋਣ ਦੇ ਪ੍ਰਮਾਣ ਹਨ। ਇਹਨੂੰ ਗੱਲ ਤੋਂ ਗਲਪ ਤੇ ਸੁਣੀ-ਦੇਖੀ ਤੋਂ ਕਹਾਣੀ ਬਣਾਉਣ ਦੀ ਕਲਾ ਆਉਂਦੀ ਹੈ। ‘ਨਚਾਰ’ ਕਹਾਣੀ ਦਾ ਪਿਛੋਕੜ ਬਿਆਨਦਿਆਂ ਇਹ ਬਿਲਕੁਲ ਵੱਖਰੇ ਥਾਂਵਾਂ ਉਤੇ, ਬਿਲਕੁਲ ਵੱਖਰੇ ਪ੍ਰਸੰਗਾਂ ਵਿਚ ਵਾਪਰੀਆਂ ਘਟਨਾਵਾਂ ਅਤੇ ਵੱਖ ਵੱਖ ਦੇਖੇ ਹੋਏ ਦ੍ਰਿਸ਼ਾਂ ਬਾਰੇ ਦਸਦਾ ਹੈ ਕਿਵੇਂ ਇਹਨੇ ਇਹ ਸਭ ਕੁਛ ਇਸ ਕਹਾਣੀ ਦੀ ਇਕ ਲੜੀ ਵਿਚ ਲਿਆ ਪਰੋਇਆ। ਕਹਾਣੀ ਤਾਂ ਹੈ ਹੀ ਅਸਬੰਧਤ ਘਟਨਾਵਾਂ ਨੂੰ ਇਕੋ ਲੜੀ ਵਿਚ ਪਰੋਣ ਅਤੇ ਕਈ ਬੰਦਿਆਂ ਦੇ ਸੁਭਾਵਾਂ ਦੇ ਟੋਟੇ ਲੈ ਕੇ ਇਕ ਪੂਰਾ ਪਾਤਰ ਸਿਰਜਣ ਦੀ ਕਲਾ।
ਸੱਤ-ਅੱਠ ਸਾਲ ਮਗਰੋਂ ‘ਆਰਸੀ’ ਵਿਚ ਹੀ ਇਹਦੀ ਕਹਾਣੀ ‘ਬੁੱਢਾ ਤੇ ਬੀਜ’ ਛਪੀ। ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵਿਕਸਿਤ ਕੀਤੇ ਕਣਕ ਦੇ ਬੀ ਦੀ ਪ੍ਰਤੀ ਕਿਸਾਨ ਚਾਰ ਕਿਲੋ ਦੀ ਥੈਲੀ ਕਿਵੇਂ ਨਾ ਕਿਵੇਂ ਹਾਸਲ ਕਰਨ ਲਈ ਲੋੜਵੰਦਾਂ ਦੀਆਂ ਭੀੜਾਂ ਜੁੜੀਆਂ ਹੋਈਆਂ ਹਨ। ਖਿੱਚ-ਧੂਹ ਤੇ ਧੱਕਮਧੱਕੇ ਵਾਲੀ ਇਸ ਜੱਦੋਜਹਿਦ ਵਿਚ ਇਕ ਬਜ਼ੁਰਗ ਵੀ ਸ਼ਾਮਲ ਹੈ। ਸੱਤਰ-ਅੱਸੀ ਸਾਲ ਦੀ ਸਿਵਿਆਂ ਨੂੰ ਜਾਣ ਵਾਲੀ ਬਿਰਧ ਉਮਰ, ਘਸਮੈਲੇ ਕੱਪੜੇ, ਬੱਗੀ ਦਾੜ੍ਹੀ, ਜਟੂਰੀਆਂ ਪੱਗ ਦੇ ਪੇਚਾਂ ਵਿਚੋਂ ਬਾਹਰ ਨਿਕਲੀਆਂ ਹੋਈਆਂ, ਮੋਢੇ ਝੋਲਾ ਤੇ ਲੋਕਾਂ ਦੀਆਂ ਟਿੱਚਰਾਂ ਦਾ ਨਿਸ਼ਾਨਾ। ਧੱਕੇ ਨਾਲ ਡਿਗਦਾ ਹੈ ਪਰ ਫੇਰ ਕਤਾਰ ਵਿਚ ਫਸ ਜਾਂਦਾ ਹੈ। ਜ਼ੋਰ ਦਾ ਇਕ ਹੋਰ ਧੱਕਾ ਪੈਂਦਾ ਹੈ ਤਾਂ ਉਹ ਕਤਾਰ ਵਿਚੋਂ ਬਾਹਰ ਗੋਡਣੀਏਂ ਜਾ ਡਿਗਦਾ ਹੈ। ਉਹਦੀ ਐਨਕ ਡਿੱਗ ਪੈਂਦੀ ਹੈ ਜਿਸ ਨੂੰ ਉਹ ਭੋਇੰ ਉਤੇ ਹੱਥ ਮਾਰ ਕੇ ਭਾਲਦਾ ਹੈ।
ਮੈਂ-ਪਾਤਰ ਉਹਨੂੰ ਖੜ੍ਹਾ ਹੋਣ ਵਿਚ ਮਦਦ ਕਰ ਕੇ ਡਰ ਸਾਂਝਾ ਕਰਦਾ ਹੈ ਕਿ ਮੈਨੂੰ ਨਹੀਂ ਲਗਦਾ, ਤੁਸੀਂ ਸਿਰੇ ਲੱਗ ਸਕੋਂਗੇ ਕਿਉਂਕਿ ਧੱਕੇ ਅਜੇ ਹੋਰ ਵੀ ਪੈਣਗੇ। ਪਰ ਉਹ ਅਡੋਲ ਆਖਦਾ ਹੈ, “ਇਹ ਗੱਲ ਤੂੰ ਮੇਰੇ ‘ਤੇ ਛੱਡ ਦੇ, ਬੀ ਤਾਂ ਮੈਂ ਲੈ ਕੇ ਹੀ ਮੁੜੂੰ!” ਕਹਾਣੀ ਪੜ੍ਹ ਕੇ ਉਹ ਬਜ਼ੁਰਗ ਮੈਨੂੰ ਅਰਨੈਸਟ ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਦੇ ਨਾਇਕ ਸਾਂਤਿਆਗੋ ਦਾ ਜੌੜਾ ਭਰਾ ਲਗਦਾ ਹੈ। ਕਹਾਣੀ ਦਾ ਹੈਮਿੰਗਵੇ ਦੇ ਨਾਵਲ ਵਰਗਾ ਨਾਂ ‘ਬੁੱਢਾ ਤੇ ਬੀਜ’ ਦਸਦਾ ਹੈ ਕਿ ਸਰਵਣ ਨੂੰ ਵੀ ਅਜਿਹਾ ਹੀ ਲੱਗਿਆ ਸੀ। ਇਹ ਗੱਲ ਮਗਰੋਂ ਇਹਨੇ ਵੀ ਦੱਸੀ ਕਿ ਕਿੰਨੇ ਹੀ ਦਿਨ ਉਹ ਬਾਬਾ ਇਹਦੇ ਮਨ ਉਤੇ ਸਾਂਤਿਆਗੋ ਵਾਂਗ ਛਾਇਆ ਰਿਹਾ।
Leave a Reply